. |
|
ਜਸਬੀਰ ਸਿੰਘ ਵੈਨਕੂਵਰ
ਜੈਸਾ ਅੰਨ
ਤੈਸਾ ਮਨ (ਭਾਗ 6)
ਘਰ, ਮਨੁੱਖੀ ਮਨ ਦੇ ਭੋਜਨ ਦਾ
ਪਹਿਲਾ ਮੁੱਖ ਸਰੋਤ ਹੈ। ਇਹ ਸਰੋਤ ਸਦੀਆਂ ਪੁਰਾਣਾ ਹੈ। ਮਨੁੱਖ ਦੇ ਜੀਵਨ ਵਿੱਚ, ਇਸ ਸਰੋਤ ਦਾ ਆਪਣਾ
ਇੱਕ ਨਵੇਕਲਾ ਅਤੇ ਮਹੱਤਵ ਪੂਰਨ ਸਥਾਨ ਹੈ। ਸਭ ਤੋਂ ਪਹਿਲਾਂ, ਇਸ ਸਰੋਤ ਤੋਂ ਮਿਲ ਰਹੇ ਭੋਜਨ ਨਾਲ
ਹੀ ਮਨੁੱਖ ਦੀ ਮਨ ਰੂਪੀ ਕੋਰੀ ਸਲੇਟ ਉੱਤੇ ਰੰਗ ਚੜ੍ਹਣ ਦੀ ਪ੍ਰਕ੍ਰਿਆ ਸ਼ੁਰੂ ਹੁੰਦੀ ਹੈ। ਜਿਵੇਂ
ਮਾਤਾ-ਪਿਤਾ ਦੀ ਚੋਣ ਮਨੁੱਖ ਦੇ ਆਪਣੇ ਹੱਥ-ਵੱਸ ਨਹੀਂ ਹੈ, ਤਿਵੇਂ ਹੀ ਇਸ ਸਰੋਤ ਤੋਂ ਮਿਲਣ ਵਾਲੇ
ਭੋਜਨ ਦੀ ਚੋਣ ਪ੍ਰਕ੍ਰਿਆ ਵੀ ਮਨੁੱਖ ਦੇ ਵੱਸ `ਚ ਨਹੀਂ ਹੈ। ਨਵ ਜਨਮੇ ਬੱਚੇ ਅੱਗੇ ਜੋ ਕੁੱਝ
ਮਾਤਾ-ਪਿਤਾ ਜਾਂ ਪਾਲਕਾਂ ਵਲੋਂ ਪਰੋਸਿਆ ਜਾਂਦਾ ਹੈ, ਬੱਚੇ ਨੂੰ ਉਹੀ ਖਾਣਾ ਪੈਂਦਾ ਹੈ। ਨਵ ਜਨਮੇ
ਬੱਚੇ ਨੂੰ ਤਾਂ ਚੰਗੇ ਜਾਂ ਮਾੜੇ ਦਾ ਬੋਧ ਵੀ ਨਹੀਂ ਹੁੰਦਾ ਹੈ।
ਬੱਚਾ ਕੁੱਝ ਕੁ ਤਾਂ ਮਾਤਾ-ਪਿਤਾ ਦੀ ਪ੍ਰੇਰਿਨਾ ਨਾਲ ਅਤੇ ਕੁੱਝ ਕੁ ਉਹਨਾਂ ਵਲ ਦੇਖ ਕੇ ਸਿੱਖਦਾ
ਹੈ। ਮਾਤਾ-ਪਿਤਾ ਤੋਂ ਇਲਾਵਾ ਬੱਚਾ ਰਿਸ਼ਤੇਦਾਰਾਂ, ਆਂਢ-ਗੁਆਂਢ ਅਤੇ ਆਪਣੇ ਮਿੱਤਰਾਂ ਆਦਿ ਪਾਸੋਂ ਵੀ
ਸਿੱਖਦਾ ਹੈ। ਇਸ ਭੋਜਨ ਦੀ ਬਦੌਲਤ ਹੀ ਮਨੁੱਖ ਆਪਣੀ ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੁੰਦਾ
ਹੈ। ਜੇਕਰ ਇਹ ਪਹਿਚਾਣ ਦੂਜੀਆਂ ਜੂਨਾਂ ਨਾਲੋਂ ਵੱਖਰੀ ਪਹਿਚਾਣ ਦੇ ਰੂਪ ਵਿੱਚ ਹੁੰਦੀ ਤਾਂ
ਨਿਰਸੰਦੇਹ ਇਸ ਨਾਲ ਮਨੁੱਖ ਨੂੰ ਇਨਸਾਨੀਅਤ ਦੀਆ ਬੁਲੰਦੀਆਂ ਛੁਹਿਣ ਵਿੱਚ ਮਦਦ ਮਿਲਦੀ, ਪਰੰਤੂ ਇਸ
ਪਹਿਚਾਣ ਦਾ ਆਧਾਰ ਜਾਤ-ਪਾਤ, ਕੁੱਲ, ਇਲਾਕੇ, ਦੇਸ਼, ਰੰਗ, ਨਸਲ, ਧਰਮ, ਕੌਮੀਅਤ ਆਦਿ ਹੈ। ਇਸ
ਤਰ੍ਹਾਂ ਦੀ ਪਹਿਚਾਣ ਨਾਲ ਮਨੁੱਖ ਨੂੰ ਲਾਭ ਦੀ ਥਾਂ ਨੁਕਸਾਨ ਹੀ ਹੋਇਆ ਹੈ। ਇਸ ਤਰ੍ਹਾਂ ਦੀ ਮਨੌਤ
ਕਾਰਨ, ਮਨੁੱਖ ਇੱਕ ਦੂਜੇ ਦੇ ਨੇੜੇ ਨਹੀਂ ਸਗੋਂ ਦੂਰ ਹੋਇਆ ਹੈ। ਆਪਣੀ ਜਾਤ, ਕੁਲ, ਇਲਾਕਾ, ਕੌਮੀਅਤ
ਜਾਂ ਧਰਮ ਆਦਿ ਉੱਤੇ ਮਾਣ ਕਰਨਾ ਮਾੜੀ ਗੱਲ ਨਹੀਂ, ਜੇਕਰ ਇਹ ਮਾਣ ਸਾਨੂੰ ਇਨਸਾਨੀਅਤ ਭਰਪੂਰ ਜੀਵਨ
ਜਿਊਂਣ ਵਿੱਚ ਸਹਾਇਤਾ ਕਰਦਾ ਹੋਵੇ, ਪਰ ਆਮ ਤੌਰ `ਤੇ ਅਜਿਹੇ ਮਾਣ ਨਾਲ ਮਨੁੱਖ ਇਨਸਾਨੀਅਤ ਤੋਂ ਦੂਰ
ਹੀ ਹੋਇਆ ਹੈ।
ਇਸ ਸਰੋਤ `ਚੋਂ ਬੱਚਾ ਕੇਵਲ ਜਾਤ-ਪਾਤ, ਕੌਮੀਅਤ ਅਤੇ ਧਰਮ ਆਦਿ ਬਾਰੇ ਹੀ ਨਹੀਂ ਸਗੋਂ ਦੋਹਰੇ
ਮਾਪਦੰਡ, ਈਰਖ਼ਾ, ਚਾਪਲੂਸੀ, ਮਤਲਬ ਪ੍ਰਸਤੀ ਆਦਿ ਦ੍ਰਿੜ ਕਰਾਉਣ ਵਾਲਾ ਭੋਜਨ ਵੀ ਗ੍ਰਹਿਣ ਕਰਦਾ ਹੈ।
ਇਹ ਭੋਜਨ ਬੱਚਾ (ਜ਼ਿਆਦਾਤਰ) ਮਾਤਾ-ਪਿਤਾ ਦੇ ਜੀਵਨ ਢੰਗ ਤੋਂ ਸਿਖਦਾ ਹੈ। ਜਦੋਂ ਕਿਸੇ ਅਮੀਰ
ਰਿਸ਼ਤੇਦਾਰ ਜਾਂ ਸੱਜਣ ਦੇ ਆਉਣ `ਤੇ, ਉਸ ਦਾ ਤਾਂ ਖਿੜੇ ਮੱਥੇ ਸਵਾਗਤ ਕਰਨਾ, ਪਰੰਤੂ ਗ਼ਰੀਬ ਦੇ ਆਉਣ
`ਤੇ ਮੱਥੇ ਵੱਟ ਪਾ ਲੈਣਾ, ਕਿਸੇ ਵਿਅਕਤੀ ਨੂੰ ਮਿਲਣ ਸਮੇਂ ਖ਼ੁਸ਼ੀ ਜ਼ਾਹਿਰ ਕਰਨੀ ਪਰ ਉਸੇ ਦੇ ਜਾਣ
ਮਗਰੋਂ ਉਸ ਨੂੰ ਬੁਰਾ-ਭਲਾ ਕਹਿਣ ਲੱਗ ਪੈਣਾ, ਲੋੜ ਵੇਲੇ ਦੂਜੇ ਦੀ ਚਾਪਲੂਸੀ ਕਰਨਾ, ਕੰਮ ਪੂਰਾ ਹੋਣ
ਮਗਰੋਂ ਉਸ ਨੂੰ ਬੁਲਾਉਣ ਤੋਂ ਵੀ ਸੰਕੋਚ ਕਰਨਾ ਆਦਿ, ਮਾਪਿਆਂ ਦੇ ਵਿਹਾਰ ਦੇ ਕੁੱਝ ਅਜਿਹੇ ਰੂਪ ਹਨ,
ਜਿਹਨਾਂ ਨੂੰ ਦੇਖ ਕੇ ਬੱਚਾ ਇਸ ਜੀਵਨ ਢੰਗ ਨੂੰ ਸੁਚੇਤ-ਅਚੇਤ ਰੂਪ ਵਿੱਚ ਅਪਣਾ ਲੈਂਦਾ ਹੈ। ਗੁਰੂ
ਗ੍ਰੰਥ ਸਾਹਿਬ ਵਿੱਚ ਇਸ ਵਰਤਾਰੇ ਦਾ ਵਰਣਨ ਇਉਂ ਕੀਤਾ ਹੋਇਆ ਹੈ:-
(ੳ) ਨਿਰਧਨ ਆਦਰੁ ਕੋਈ ਨ ਦੇਇ॥ ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ॥ ੧॥
ਰਹਾਉ॥ ਜਉ ਨਿਰਧਨੁ ਸਰਧਨ ਕੈ ਜਾਇ॥ ਆਗੇ ਬੈਠਾ ਪੀਠਿ ਫਿਰਾਇ॥ ੧॥ ਜਉ ਸਰਧਨੁ ਨਿਰਧਨ ਕੈ ਜਾਇ॥ ਦੀਆ
ਆਦਰੁ ਲੀਆ ਬੁਲਾਇ॥ ੨॥ (ਪੰਨਾ ੧੧੫੯) ਅਰਥ:-ਕੋਈ (ਧਨੀ) ਮਨੁੱਖ ਕਿਸੇ ਕੰਗਾਲ ਮਨੁੱਖ ਦਾ
ਸਤਿਕਾਰ ਨਹੀਂ ਕਰਦਾ। ਕੰਗਾਲ ਮਨੁੱਖ ਭਾਵੇਂ ਲੱਖਾਂ ਜਤਨ (ਧਨੀ ਨੂੰ ਖ਼ੁਸ਼ ਕਰਨ ਦੇ) ਕਰੇ, ਉਹ ਧਨੀ
ਮਨੁੱਖ (ਉਸ ਦੇ ਜਤਨਾਂ ਦੀ) ਪਰਵਾਹ ਨਹੀਂ ਰੱਖਦਾ। ੧। ਰਹਾਉ।
ਜੇ ਕਦੇ ਕੋਈ ਗ਼ਰੀਬ ਬੰਦਾ ਕਿਸੇ ਧਨਵਾਨ ਦੇ ਘਰ ਚਲਾ ਜਾਏ, ਅੱਗੋਂ ਉਹ ਧਨੀ ਬੈਠਾ (ਉਸ ਗ਼ਰੀਬ ਵਲੋਂ)
ਪਿੱਠ ਮੋੜ ਲੈਂਦਾ ਹੈ। ੧। ਪਰ ਜੇ ਧਨੀ ਮਨੁੱਖ ਗ਼ਰੀਬ ਦੇ ਘਰ ਜਾਏ, ਉਹ ਆਦਰ ਦੇਂਦਾ ਹੈ, ਜੀ-ਆਇਆਂ
ਆਖਦਾ ਹੈ। ੨।
(ਅ) ਆਥਿ ਸੈਲ ਨੀਚ ਘਰਿ ਹੋਇ॥ ਆਥਿ ਦੇਖਿ ਨਿਵੈ ਜਿਸੁ ਦੋਇ॥ ਆਥਿ ਹੋਇ
ਤਾ ਮੁਗਧੁ ਸਿਆਨਾ॥ (ਪੰਨਾ ੯੩੧) ਅਰਥ:- (ਜਗਤ ਦਾ ਝੱਲ-ਪੁਣਾ ਵੇਖੋ ਕਿ) ਜੇ ਬਹੁਤੀ ਮਾਇਆ
ਕਿਸੇ ਚੰਦਰੇ ਮਨੁੱਖ ਦੇ ਘਰ ਵਿੱਚ ਹੋਵੇ ਤਾਂ ਉਸ ਦੀ ਮਾਇਆ ਨੂੰ ਵੇਖ ਕੇ (ਗਰੀਬ ਅਮੀਰ) ਦੋਵੇਂ (ਉਸ
ਚੰਦਰੇ ਅੱਗੇ ਭੀ) ਲਿਫ਼ਦੇ ਹਨ; ਜੇ ਮਾਇਆ (ਪੱਲੇ) ਹੋਵੇ ਤਾਂ ਮੂਰਖ ਬੰਦਾ ਭੀ ਸਿਆਣਾ (ਮੰਨਿਆ
ਜਾਂਦਾ) ਹੈ।
ਇਸ ਭੋਜਨ ਦੇ ਕਾਰਨ ਹੀ ਬੱਚੇ ਦੇ ਮਨ ਵਿੱਚ ਸੁਚੇਤ-ਅਚੇਤ ਰੂਪ ਵਿੱਚ ਇਹ ਗੱਲ ਘਰ ਕਰ ਜਾਂਦੀ ਹੈ ਕਿ
ਧਨ ਦੇ ਮੁਕਾਬਲੇ `ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਅਹਿਮੀਅਤ ਤੁਛ ਹੈ। ਇਸ ਦਾ ਅਸਰ ਮਨੁੱਖ ਦੇ
ਦਿਲ-ਦਿਮਾਗ਼ `ਚ ਉਮਰ ਭਰ ਪਿਆ ਰਹਿੰਦਾ ਹੈ। ਇਸ ਲਈ ਹੀ ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਆਮ ਇਨਸਾਨ
ਮਨੁੱਖੀ ਕਦਰਾਂ-ਕੀਮਤਾਂ ਨੂੰ ਅਹਿਮੀਅਤ ਦੇਣ ਦੀ ਥਾਂ ਧਨ ਨੂੰ ਹੀ ਅਹਿਮੀਅਤ ਦਿੰਦਾ ਹੈ।
ਇਹ ਠੀਕ ਹੈ ਕਿ ਇਨਸਾਨੀ ਜ਼ਿੰਦਗੀ `ਚ ਧਨ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ;
ਚੂੰਕਿ ਸਾਂਵੀ ਪੱਧਰੀ ਅਤੇ ਸੰਤੁਲਿਤ ਜ਼ਿੰਦਗੀ ਜਿਊਂਣ ਲਈ ਇਸ ਦੀ ਲੋੜ ਹੈ। ਗੁਰਬਾਣੀ ਵਿੱਚ ਇਸ ਪੱਖ
ਨੂੰ ਇਉਂ ਦਰਸਾਇਆ ਹੈ:-
ਗ੍ਰਿਹਿ ਸੋਭਾ ਜਾ ਕੈ ਰੇ ਨਾਹਿ॥ ਆਵਤ ਪਹੀਆ ਖੂਧੇ ਜਾਹਿ॥ ਵਾ ਕੈ ਅੰਤਰਿ
ਨਹੀ ਸੰਤੋਖੁ॥ ਬਿਨੁ ਸੋਹਾਗਨਿ ਲਾਗੈ ਦੋਖੁ॥ (ਪੰਨਾ ੮੭੨) ਅਰਥ:- ਹੇ ਭਾਈ! ਜਿਸ ਮਨੁੱਖ ਦੇ
ਘਰ ਵਿੱਚ (ਘਰ ਦੀ ਸੁਹੱਪਣ) ਮਾਇਆ ਨਹੀਂ ਹੈ, ਉਸ ਦੇ ਘਰ ਆਏ ਪਾਂਧੀ ਭੁੱਖੇ ਚਲੇ ਜਾਂਦੇ ਹਨ, ਉਸ ਘਰ
ਦੇ ਮਾਲਕ ਦੇ ਹਿਰਦੇ ਵਿੱਚ ਭੀ ਧਰਵਾਸ ਨਹੀਂ ਬਣਦਾ। ਸੋ, ਮਾਇਆ ਤੋਂ ਬਿਨਾ ਗ੍ਰਿਹਸਤ ਉੱਤੇ ਗਿਲਾ
ਆਉਂਦਾ ਹੈ।
ਪਰ ਜਦੋਂ ਮਨੁੱਖ ਆਪਣੇ ਜੀਵਨ ਦਾ ਅਦਰਸ਼ ਹੀ ਮਾਇਆ ਕਮਾਉਣਾ ਬਣਾ ਲੈਂਦਾ ਹੈ ਤਾਂ ਇਸ ਅੰਦਰੋਂ
ਇਨਸਾਨੀਅਤ ਖੰਭ ਲਾ ਕੇ ਉੱਡ-ਪੁੱਡ ਜਾਂਦੀ ਹੈ। ਇਸ ਨੂੰ ਧਨ ਤੋਂ ਸਿਵਾਏ ਨਾ ਤਾਂ ਕੁੱਝ ਦਿਖਾਈ
ਦਿੰਦਾ ਹੈ ਅਤੇ ਨਾ ਹੀ ਕੁੱਝ ਹੋਰ ਸੁੱਝਦਾ ਹੈ। ਮਨੁੱਖ ਉਠਦਿਆਂ ਬੈਠਦਿਆਂ ਧਨ ਬਾਰੇ ਹੀ ਸੋਚਦਾ
ਵਿਚਾਰਦਾ ਰਹਿੰਦਾ ਹੈ। ਮਨੁੱਖ ਦੀ ਇਸ ਸਥਿਤੀ ਬਾਰੇ ਗੁਰਬਾਣੀ ਦਾ ਫ਼ਰਮਾਨ ਹੈ:-
(੧) ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥ ਦੇਖੈ ਦੇਖੈ ਸੁਨੈ ਬੋਲੈ ਦਉਰਿਓ
ਫਿਰਤੁ ਹੈ॥ ੧॥ ਰਹਾਉ॥ ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ॥ ਮਾਇਆ ਗਈ ਤਬ ਰੋਵਨੁ ਲਗਤੁ ਹੈ॥ (ਪੰਨਾ
੪੮੭) ਅਰਥ:- (ਮਾਇਆ ਦੇ ਮੋਹ ਵਿੱਚ ਫਸ ਕੇ) ਇਹ ਮਿੱਟੀ ਦਾ ਪੁਤਲਾ ਕੇਹਾ ਹਾਸੋ-ਹੀਣਾ ਹੋ
ਕੇ ਨੱਚ ਰਿਹਾ ਹੈ (ਭਟਕ ਰਿਹਾ ਹੈ); (ਮਾਇਆ ਨੂੰ ਹੀ) ਚਾਰ-ਚੁਫੇਰੇ ਢੂੰਢਦਾ ਹੈ; (ਮਾਇਆ ਦੀਆਂ ਹੀ
ਗੱਲਾਂ) ਸੁਣਦਾ ਹੈ (ਭਾਵ, ਮਾਇਆ ਦੀਆਂ ਗੱਲਾਂ ਹੀ ਸੁਣਨੀਆਂ ਇਸ ਨੂੰ ਚੰਗੀਆਂ ਲੱਗਦੀਆਂ ਹਨ),
(ਮਾਇਆ ਕਮਾਣ ਦੀਆਂ ਹੀ) ਗੱਲਾਂ ਕਰਦਾ ਹੈ, (ਹਰ ਵੇਲੇ ਮਾਇਆ ਦੀ ਖ਼ਾਤਰ ਹੀ) ਦੌੜਿਆ ਫਿਰਦਾ ਹੈ।
(੨) ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ॥ (ਪੰਨਾ ੧੪੨੬)
ਅਰਥ:-ਹੇ ਭਾਈ! (ਮਾਇਆ-ਵੇੜ੍ਹੇ ਮਨੁੱਖ ਦੇ) ਮਨ ਤੋਂ ਮਾਇਆਂ ਕਦੇ ਨਹੀਂ ਭੁੱਲਦੀ, (ਉਹ ਹਰ ਵੇਲੇ)
ਧਨ ਹੀ ਧਨ ਭਾਲਦਾ ਰਹਿੰਦਾ ਹੈ।
ਧਨ ਨੂੰ ਹੀ ਜੀਵਨ ਦਾ ਮਨੋਰਥ ਸਮਝਣ ਕਾਰਨ, ਮਨੁੱਖ ਧਨ ਲਈ ਹਰ ਤਰ੍ਹਾਂ ਦੇ ਪਾਪੜ ਵੇਲਣ ਲਈ ਹਮੇਸ਼ਾਂ
ਹੀ ਤਤਪਰ ਰਹਿੰਦਾ ਹੈ। ਧਨ ਲਈ ਦੂਜਿਆਂ ਦੇ ਜੀਵਨ ਨੂੰ ਨਰਕ ਬਣਾਉਣ ਜਾਂ ਜੀਵਨ ਲੀਲਾ ਸਮਾਪਤ ਕਰਨ
ਤੋਂ ਵੀ ਰੰਚ-ਮਾਤਰ ਵੀ ਸੰਕੋਚ ਨਹੀਂ ਕਰਦਾ ਹੈ। ਖ਼ੈਰ!
ਇੰਝ ਮਾਤਾ-ਪਿਤਾ ਜਾਣੇ-ਅਣਜਾਣੇ ਆਪਣੀ ਸੰਤਾਨ ਦੇ ਅੱਗੇ ਅਜਿਹਾ ਭੋਜਨ ਪਰੋਸ ਕੇ ਰੱਖ ਦਿੰਦੇ ਹਨ ਜਿਸ
ਦਾ ਬੱਚੇ ਦੇ ਦਿਲ-ਦਿਮਾਗ਼ `ਚ ਉਮਰ ਭਰ ਅਸਰ ਰਹਿੰਦਾ ਹੈ।
ਮਾਤਾ-ਪਿਤਾ ਆਪਣੀ ਸੰਤਾਨ ਅੱਗੇ ਉਹੀ ਭੋਜਨ ਪਰੋਸਦੇ ਹਨ ਜੋ ਉਹਨਾਂ ਦੇ ਮਾਤਾ-ਪਿਤਾ ਨੇ ਉਹਨਾਂ ਅੱਗੇ
ਰੱਖਿਆ ਸੀ। ਇਹ ਪਰੰਪਰਾ ਦੇ ਰੂਪ ਵਿੱਚ ਅੱਗੇ ਤੋਂ ਅੱਗੇ ਤੁਰਿਆ ਜਾਂਦਾ ਹੈ। ਇਹ ਪਰੰਪਰਾ ਭਾਵੇਂ
ਮਨੁੱਖ ਅੰਦਰੋਂ ਇਨਸਾਨੀਅਤ ਦੇ ਮਾਦੇ ਨੂੰ ਮਾਰ ਮੁਕਾਉਣ ਵਾਲੀ ਹੀ ਕਿਉਂ ਨਾ ਹੋਵੇ, ਮਨੁੱਖ ਫਿਰ ਵੀ
ਆਪਣੀ ਸੰਤਾਨ ਨੂੰ ਇਸ ਦਾ ਧਾਰਨੀ ਦੇਖਣ ਦਾ ਚਾਹਵਾਨ ਰਹਿੰਦਾ ਹੈ। ਇਸ ਧਾਰਨਾ ਕਾਰਨ ਹੀ ਮਾਤਾ-ਪਿਤਾ
ਨੂੰ ਆਪਣੇ ਬੱਚਿਆਂ ਵਲੋਂ ਮਨੁੱਖੀ ਕਦਰਾਂ-ਕੀਮਤਾਂ ਤੋਂ ਮੂੰਹ ਮੋੜਨ `ਤੇ ਵੀ ਉਤਨਾ ਦੁੱਖ ਨਹੀਂ
ਹੁੰਦਾ ਜਿਤਨਾ ਆਪਣੇ ਵਡੇਰਿਆਂ ਵਲੋਂ ਸਥਾਪਤ ਕੀਤੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜਨ ਦਾ ਹੁੰਦਾ
ਹੈ।
ਇਸ ਮੁੱਢਲੇ ਸਰੋਤ ਤੋਂ ਮਨੁੱਖ ਨੂੰ ਜ਼ਿਆਦਤਰ ਜਿਹੋ-ਜਿਹਾ ਭੋਜਨ ਮਿਲ ਰਿਹਾ ਹੈ, ਇਸ ਨਾਲ ਮਨੁੱਖਤਾ
ਦਾ ਆਤਮਕ ਪੱਖੋਂ ਵਿਕਾਸ ਘਟ ਪਰ ਪਤਨ ਜ਼ਿਆਦਾ ਹੋਇਆ ਹੈ। ਇਸ ਭੋਜਨ ਨਾਲ ਮਨੁੱਖੀ ਮਨ ਵਿੱਚ ਵਿਸ਼ਾਲਤਾ
ਵਾਲੇ ਭਾਵ ਦੀ ਥਾਂ ਅਤਿ ਸੰਕੀਰਨਤਾ ਵਾਲਾ ਭਾਵ ਹੀ ਵਧੇਰੇ ਉਜਾਗਰ ਹੋਇਆ ਹੈ। ਮਨੁੱਖ ਦੇ ਅੰਦਰ
ਭੇਦ-ਭਾਵ, ਊਚ-ਨੀਚ, ਜਾਤ-ਪਾਤ, ਮੇਰ-ਤੇਰ ਆਦਿ ਦਾ ਭਾਵ ਹੀ ਨਹੀਂ ਸਗੋਂ ਇਨਸਾਨੀ ਕਦਰਾਂ-ਕੀਮਤਾਂ
ਤੋਂ ਮੂੰਹ ਮੋੜਨ ਵਾਲਾ ਭਾਵ ਵੀ ਦ੍ਰਿੜ ਹੋਇਆ ਹੈ।
ਘਰ, ਆਂਢ-ਗੁਆਂਢ ਅਤੇ ਸੱਜਣਾਂ-ਮਿੱਤਰਾਂ ਤੋਂ ਇਲਾਵਾ ਮਨੁੱਖੀ ਮਨ ਦੇ ਭੋਜਨ ਦਾ ਸਰੋਤ ਵਿਦਿਆ ਦੇ
ਮੰਦਰ ਹਨ। ਵਿਦਿਅਕ ਅਦਾਰਿਆਂ ਵਿੱਚੋਂ ਵੀ ਮਨੁੱਖ ਨੂੰ ਜਿਹੋ-ਜਿਹਾ ਭੋਜਨ ਮਿਲ ਰਿਹਾ ਹੈ, ਉਹ ਵੀ
ਇਨਸਾਨੀਅਤ ਨੂੰ ਰਿਸ਼ਟ-ਪੁਸ਼ਟ ਬਣਾਉਣ ਵਾਲਾ ਨਹੀਂ ਹੈ। ਇਹ ਠੀਕ ਹੈ ਕਿ ਘਰ ਨਾਲੋਂ ਵਿਦਿਅਕ ਅਦਾਰਿਆਂ
ਵਿੱਚ ਮਿਲ ਰਹੇ ਭੋਜਨ ਵਿੱਚ ਇਨਸਾਨੀਅਤ ਭਰਪੂਰ ਤੱਤ ਵਧੇਰੀ ਮਾਤਰਾ ਵਿੱਚ ਹਨ। ਇਸ ਵਿੱਚ ਕੋਈ ਸੰਦੇਹ
ਨਹੀਂ ਹੈ ਕਿ ਵਿਦਿਅਕ ਅਦਾਰਿਆਂ ਵਿੱਚੋਂ ਮਿਲੇ ਭੋਜਨ ਨਾਲ ਮਨੁੱਖੀ ਦਿਮਾਗ਼ ਰੋਸ਼ਨ ਹੋਇਆ ਹੈ। ਇਸ
ਤੀਜੇ ਨੇਤਰ (ਵਿਦਿਆ) ਦੀ ਬਦੌਲਤ ਹੀ, ਮਨੁੱਖ ਬਹੁਤ ਸਾਰੀਆਂ ਗ਼ਲਤ ਧਾਰਨਾਵਾਂ ਅਤੇ ਅੰਧ-ਵਿਸ਼ਵਾਸ ਆਦਿ
ਤੋਂ ਛੁਟਕਾਰਾ ਪਾਉਣ `ਚ ਕਾਮਯਾਬ ਹੋਇਆ ਹੈ। ਇਤਨਾ ਹੀ ਨਹੀਂ, ਇੱਥੋਂ ਮਿਲੇ ਭੋਜਨ ਦੀ ਬਰਕਤ ਨਾਲ ਹੀ
ਮਨੁੱਖ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਹੋਇਆ। ਇਸ ਦੀ ਬਦੌਲਤ ਹੀ ਕਰਤੇ ਦੀ ਕੁਦਰਤ ਦੀਆਂ ਸ਼ਕਤੀਆਂ ਨੂੰ
ਸਮਝ ਕੇ, ਇਹਨਾਂ ਤੋਂ ਡਰਨ ਦੀ ਥਾਂ, ਇਹਨਾਂ ਤੋਂ ਸਾਰਥਕ ਕੰਮ ਲੈਣ ਦੇ ਸਮਰੱਥ ਹੋਇਆ ਹੈ। ਇਸ
ਅਹਿਸਾਸ ਸਦਕਾ ਹੀ ਮਨੁੱਖ ਇਸ ਗੱਲ ਨੂੰ ਸਮਝਣ ਵਿੱਚ ਕਾਮਯਾਬ ਹੋਇਆ ਕਿ ਇਸ ਦੀ ਕਿਸਮਤ ਬਿਧਾਤੇ ਨੇ
ਨਹੀਂ ਸਗੋਂ ਇਸ ਨੇ ਖ਼ੁਦ ਹੀ ਲਿਖੀ ਹੈ। ਵਿਦਿਅਕ ਅਦਾਰਿਆਂ ਵਿੱਚੋਂ ਵਿਦਿਆ ਦੇ ਰੂਪ ਵਿੱਚ ਮਿਲ ਰਹੇ
ਭੋਜਨ ਨਾਲ ਹੀ ਊਚ-ਨੀਚ, ਜਾਤ-ਪਾਤ, ਇਲਾਕਾ-ਪ੍ਰਸਤੀ ਅਤੇ (ਅਗਿਆਨ ਭਰਪੂਰ) ਧਾਰਮਿਕ ਕਟੜਤਾ ਵਿੱਚ
ਕਮੀ ਆਈ ਹੈ। ਮਨੁੱਖ ਦੇ ਮਨ ਵਿੱਚੋਂ ਦੂਜੇ ਧਰਮਾਂ ਅਤੇ ਦੇਸਾਂ ਦੇ ਵਸਨੀਕਾਂ ਬਾਰੇ ਬਹੁਤ ਸਾਰੀਆਂ
ਗ਼ਲਤ ਫ਼ਹਿਮੀਆਂ ਦੂਰ ਹੋਈਆਂ ਹਨ। ਵਿਦਿਅਕ ਅਦਾਰਿਆਂ ਵਿੱਚ ਪੜ੍ਹ ਕੇ ਮਨੁੱਖ ਨੇ ਹਰੇਕ ਖੇਤਰ ਵਿੱਚ
ਬਹੁਤ ਮੱਲਾਂ ਮਾਰੀਆਂ ਹਨ। ਇਹਨਾਂ ਵਿਦਿਅਕ ਅਦਾਰਿਆਂ ਵਿੱਚੋਂ ਵਿਦਿਆ ਪਾ ਕੇ ਮਨੁੱਖ ਨੇ ਹੈਰਾਨੀਜਨਕ
ਉੱਨਤੀ ਕੀਤੀ ਹੈ। ਪਰ ਇਹ ਉੱਨਤੀ ਜ਼ਿਆਦਾਤਰ ਭੌਤਿਕ ਹੀ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ
ਇਸ ਭੌਤਿਕ ਉੱਨਤੀ ਦਾ ਵੀ ਮਨੁੱਖ ਦੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ। ਪਰ ਜੇਕਰ ਮਨੁੱਖ ਨੇ
ਇਨਸਾਨੀਅਤ ਦੇ ਬੁਨਿਆਦੀ ਤੱਤ ਤੋਂ ਹੀ ਮੂੰਹ ਮੋੜ ਲਿਆ ਤਾਂ ਇਸ ਤਰੱਕੀ ਦਾ ਕੀ ਅਰਥ? ਕੀ ਇਹ ਤਰੱਕੀ
ਹੀ ਮਨੁੱਖਤਾ ਦੀ ਤਬਾਹੀ ਦਾ ਕਾਰਨ ਨਹੀਂ ਬਣ ਰਹੀ?
ਗੱਲ ਕੀ, ਇਹਨਾਂ ਅਦਾਰਿਆਂ ਵਿੱਚੋਂ ਮਨੁੱਖ ਬਹੁ-ਪੱਖੀ ਗਿਆਨ ਹਾਸਲ ਤਾਂ ਕਰਦਾ ਹੈ ਪਰ ਇਨਸਾਨੀਅਤ
ਭਰਪੂਰ ਜ਼ਿੰਦਗੀ ਜਿਊਂਣ ਦਾ ਚੱਜ-ਅਚਾਰ ਬਹੁਤ ਘਟ ਮਾਤਰਾ ਵਿੱਚ ਗ੍ਰਹਿਣ ਕਰਦਾ ਹੈ। ਇਸ ਦਾ ਇੱਕ ਕਾਰਨ
ਇਹ ਹੈ ਕਿ ਵਿਦਿਅਕ ਅਦਾਰੇ ਵੀ ਵਪਾਰਕ ਅਦਾਰੇ ਬਣ ਗਏ ਹਨ। ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਦਾ
ਵੀ ਵਪਾਰੀਕਰਣ ਹੋਣ ਕਾਰਨ ਵਿਦਿਆ ਦੇ ਮੰਦਰਾਂ ਵਿੱਚੋਂ ਵੀ, ਮਨੁੱਖੀ ਮਨ ਨੂੰ ਰਿਸ਼ਟ-ਪੁਸ਼ਟ ਕਰਨ ਵਾਲਾ
ਭੋਜਨ ਬਹੁਤ ਘਟ ਮਿਲ ਰਿਹਾ ਹੈ। ਪਰ ਜਿੱਥੋਂ ਤੀਕ ਇਨਸਾਨੀਅਤ ਦਾ ਸਵਾਲ ਹੈ, ਇਹ ਵਿਰਲਿਆਂ ਦੇ ਹੀ
ਹਿੱਸੇ ਆਈ ਹੈ। ਇਨਸਾਨੀ ਕਦਰਾਂ-ਕੀਮਤਾਂ ਦਾ ਘਾਣ ਕਰਨ ਵਾਲੇ, ਵੱਢੀਖ਼ੋਰ, ਦੂਜਿਆਂ ਦਾ ਹੱਕ ਮਾਰਨ
ਵਾਲੇ, ਬੇਗੁਨਾਹਾਂ ਨੂੰ ਸਜ਼ਾ ਅਤੇ ਗੁਨਾਹਾਂਗਾਰਾਂ ਨੂੰ ਕਲੀਨ ਚਿੱਟ ਦੇਣ ਵਾਲਿਆਂ ਵਿੱਚ ਜ਼ਿਆਦਾਤਰ
ਅਣਪੜ੍ਹ ਨਹੀਂ ਸਗੋਂ ਵਿਦਿਆ ਦੇ ਮੰਦਰ ਵਿੱਚੋਂ ਉੱਚ ਵਿਦਿਆ ਪਾਉਣ ਵਾਲੇ ਹਨ। ਧਾਰਮਿਕ ਖੇਤਰ ਵਿੱਚ
ਧਾਰਮਿਕਤਾ ਦਾ ਮੁਖੌਟਾ ਪਹਿਣ ਕੇ ਮਨੁੱਖਤਾ ਦੀ ਲੁੱਟ-ਖਸੁੱਟ ਕਰਨ ਵਾਲਿਆਂ ਵਿੱਚ ਵੀ ਇਸ ਵਰਗ ਦਾ
ਵਿਸ਼ੇਸ਼ ਯੋਗਦਾਨ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ (ਜ਼ਿਆਦਾਤਰ) ਮਨੁੱਖ ਵਿਦਿਆ
ਦੇ ਇਸ ਦੀਵੇ ਨੂੰ ਹੱਥ ਵਿੱਚ ਲੈ ਕੇ ਮਨੁੱਖਤਾ ਦਾ ਬੜੀ ਬੇਰਹਿਮੀ ਨਾਲ ਸ਼ੋਸਣ ਕਰਨ ਵਿੱਚ ਕਾਮਯਾਬ ਹੋ
ਰਿਹਾ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਵਿੱਚ ਵਿਦਿਆ ਦੇ ਮੰਦਰ `ਚੋਂ ਭੋਜਨ ਪਾਉਣ ਵਾਲਿਆਂ ਦੇ
ਇਹੋ-ਜਿਹੇ ਕਿਰਦਾਰ ਉੱਤੇ ਹੀ ਰੋਸ਼ਨੀ ਪਾਈ ਗਈ ਹੈ:-
ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾੑ ਪੜਿੑਆ ਨਾਉ॥ ਫਾਂਧੀ ਲਗੀ ਜਾਤਿ
ਫਹਾਇਨਿ ਅਗੈ ਨਾਹੀ ਥਾਉ॥ (ਪੰਨਾ ੧੨੮੮) ਅਰਥ:-ਹਰਨ, ਬਾਜ਼ ਤੇ ਅਹਲਕਾਰ—ਇਹਨਾਂ ਦਾ ਨਾਮ ਲੋਕ
“ਪੜ੍ਹੇ ਹੋਏ” ਰੱਖਦੇ ਹਨ (ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿੱਚ
ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿੱਚ ਐਸੇ ਪੜ੍ਹੇ ਹੋਏ ਕਬੂਲ ਨਹੀਂ
ਹਨ।
ਵਿਦਿਆ ਦਾ ਮਨੋਰਥ ਭਿੰਨ ਭਿੰਨ ਵਿਸ਼ਿਆਂ, ਹੁਨਰਾਂ ਆਦਿ ਵਿੱਚ ਨਿਪੁੰਨਤਾ ਹਾਸਲ ਕਰਨਾ ਹੀ ਨਹੀਂ ਸਗੋਂ
ਇਨਸਾਨੀਅਤ ਦਾ ਸਬਕ ਸਿੱਖਣਾ ਵੀ ਹੈ। ਮਨੁੱਖਤਾ ਦਾ ਪਾਠ ਪੜ੍ਹ ਕੇ ਇਸ ਦਾ ਅਭਿਆਸ ਕਰਨ ਵਾਲਾ ਹੀ ਸਹੀ
ਅਰਥਾਂ ਵਿੱਚ ਪੜ੍ਹਿਆ ਹੋਇਆ ਮਨੁੱਖ ਹੈ। ਗੁਰਬਾਣੀ ਦਾ ਇਸ ਸੰਬੰਧ ਵਿੱਚ ਫ਼ਰਮਾਨ ਹੈ:-
ਵਿਦਿਆ ਵੀਚਾਰੀ ਤਾਂ ਪਰਉਪਕਾਰੀ॥ (ਪੰਨਾ ੩੫੬) ਅਰਥ:- (ਵਿਦਿਆ
ਪ੍ਰਾਪਤ ਕਰ ਕੇ) ਜੋ ਮਨੁੱਖ ਦੂਜਿਆਂ ਨਾਲ ਭਲਾਈ ਕਰਨ ਵਾਲਾ ਹੋ ਗਿਆ ਹੈ ਤਾਂ ਹੀ ਸਮਝੋ ਕਿ ਉਹ
ਵਿੱਦਿਆ ਪਾ ਕੇ ਵਿਚਾਰਵਾਨ ਬਣਿਆ ਹੈ।
ਮਨੁੱਖ ਵਿਦਿਆਂ ਦੇ ਮੰਦਰਾਂ ਵਿੱਚੋਂ ਇਹੋ-ਜਿਹੀ ਸਿਖਿਆ ਘੱਟ ਹੀ ਗ੍ਰਹਿਣ ਕਰਦਾ ਹੈ। ਇਸ ਲਈ ਹੀ
ਵਿਦਿਅਕ ਅਦਾਰਿਆਂ ਵਿੱਚੋਂ ਉੱਚ ਸਿੱਖਿਆ ਹਾਸਲ ਕਰਕੇ ਵੀ ਮਨੁੱਖ, (ਜ਼ਿਆਦਾਤਰ) ਮਨੁੱਖੀ
ਕਦਰਾਂ-ਕੀਮਤਾਂ ਦਾ ਧਾਰਨੀ ਬਣਨ ਦੀ ਥਾਂ, ਪਸ਼ੂ ਬਿਰਤੀ ਦਾ ਹੀ ਧਾਰਨੀ ਬਣਿਆ ਰਹਿੰਦਾ ਹੈ। ਇਹੋ-ਜਿਹੇ
ਪਸ਼ੂ ਬਿਰਤੀ ਦੇ ਧਾਰਨੀਆਂ ਨੂੰ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਖੇਤਰ ਵਿੱਚ ਹੀ ਨਹੀਂ
ਸਗੋਂ ਹਰ ਇੱਕ ਵਿਭਾਗ ਅਤੇ ਹਰੇਕ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਅਜਿਹਾ ਕਹਿਣ ਵਿੱਚ ਅਤਿਕਥਨੀ
ਨਹੀਂ ਹੈ ਕਿ ਇਸ ਤਰ੍ਹਾਂ ਦੇ ਪਸ਼ੂਆਂ ਦੀ ਹਰੇਕ ਥਾਂ ਭਰਮਾਰ ਹੈ।
ਮਨੁੱਖ ਦੇ ਮਨ ਨੂੰ ਘਰ, ਆਂਢ-ਗੁਆਂਢ, ਅਤੇ ਵਿਦਿਆ ਦੇ ਮੰਦਰਾਂ ਤੋਂ ਇਲਾਵਾ ਜੋ ਆਲੇ-ਦੁਆਲੇ ਦੇ
ਵਾਤਾਵਰਨ (ਭਾਵ, ਸਮਾਜਿਕ ਅਤੇ ਰਾਜਨੀਤਕ ਆਦਿ ਵਾਤਾਵਰਨ) ਤੋਂ ਵੀ ਜੋ ਭੋਜਨ ਮਿਲ ਰਿਹਾ ਹੈ, ਉਹ ਵੀ
ਮਨੁੱਖਤਾ ਦ੍ਰਿੜ ਕਰਾਉਣ ਵਿੱਚ ਸਹਾਈ ਨਹੀਂ ਹੈ। ਇਸ ਖੇਤਰ ਦੇ ਮਹਾਰਥੀਆਂ ਨੂੰ ਜਿਤਨਾ ਆਪਣਾ, ਆਪਣੀ
ਸੰਸਥਾਂ, ਆਪਣੀ ਨੀਤੀ ਆਦਿ ਦਾ ਫ਼ਿਕਰ ਹੈ ਉਤਨਾ ਮਨੁੱਖਤਾ ਦਾ ਨਹੀਂ। ਇਸ ਲਈ ਇਹ ਵਰਗ ਵੀ ਜਨ-ਸਾਧਾਰਨ
ਅੱਗੇ ਇਹੋ-ਜਿਹਾ ਭੋਜਨ ਪਰੋਸ ਰਿਹਾ ਹੈ, ਜਿਸ ਨਾਲ ਮਨੁੱਖ, ਆਪਣੀ ਪਹਿਚਾਣ ਭੁੱਲ ਕੇ, ਇਸ ਵਰਗ ਵਲੋਂ
ਦਿੱਤੀ ਪਹਿਚਾਣ ਨੂੰ ਹੀ ਆਪਣੀ ਪਹਿਚਾਣ ਬਣਾ ਰਿਹਾ ਹੈ। ਇਸ ਵਸੀਲੇ ਤੋਂ ਵੀ ਮਿਲਣ ਵਾਲੇ ਭੋਜਨ ਨਾਲ
ਮਨੁੱਖ ਦਾ ਮਨ ਵਿਹੁਲਾ (ਜ਼ਹਿਰੀਲਾ) ਹੀ ਹੋ ਰਿਹਾ ਹੈ। ਤਾਂਹੀਓਂ! ਮਨੁੱਖ ਆਪਣੇ ਬਚਨ, ਕਰਮ ਅਤੇ
ਬਚਨਾਂ ਦੁਆਰਾ ਜ਼ਹਿਰ ਹੀ ਉਗਲਦਾ ਹੈ। ਇਸ ਲਈ ਸਿਰਜਣਹਾਰ ਦੀ ਇਹ ਸ਼੍ਰੋਮਣੀ ਕ੍ਰਿਤ ਖ਼ੁਦ ਹੀ ਆਪਣੀ
ਦੁਸ਼ਮਣ ਬਣ ਕੇ ਆਪਣੇ ਵਿਨਾਸ਼ ਲਈ ਕਮਰਕੱਸਾ ਕਰੀ ਬੈਠੀ ਹੈ।
ਅਜੋਕੇ ਯੁੱਗ ਵਿੱਚ ਮੀਡੀਆ ਮਨੁੱਖੀ ਮਨ ਲਈ ਵੰਨ-ਸੁਵੰਨਾ ਭੋਜਨ ਪਰੋਸਣ ਦਾ ਮੁੱਖ ਸਰੋਤ ਬਣ ਗਿਆ ਹੈ।
ਮੀਡੀਆ ਕੇਵਲ ਮਨੋਰੰਜਨ, ਇਸ਼ਤਿਆਰਬਾਜ਼ੀ ਦਾ ਹੀ ਸਾਧਨ ਨਹੀਂ ਸਗੋਂ ਵਿਦਿਆ, ਹਰੇਕ ਤਰ੍ਹਾਂ ਦੀ
ਜਾਣਕਾਰੀ ਅਤੇ ਸਮਾਜ ਦੇ ਭਿੰਨ ਭਿੰਨ ਭਾਗਾਂ ਨਾਲ ਪਰਸਪਰ ਸੰਬੰਧਾਂ ਨੂੰ ਵੀ ਕਾਇਮ ਕਰਨ ਵਾਲਾ
ਪ੍ਰਮੁੱਖ ਸਾਧਨ ਵੀ ਹੈ। ਇਸ ਲਈ ਅਜੋਕੇ ਸਮੇਂ ਵਿੱਚ ਸਮਾਜ ਦੇ ਹਰ ਵਰਗ ਦੀ ਮਾਨਸਿਕ ਘਾੜਤ ਨੂੰ ਘੜਨ
ਵਿੱਚ ਇਸ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੀਡੀਏ ਦੁਆਰਾ ਮਨੁੱਖ ਨੂੰ
ਬਹੁ-ਰੰਗੀ ਅਤੇ ਬਹੁ-ਭਾਂਤੀ ਜਾਣਕਾਰੀ ਮਿਲ ਰਹੀ ਹੈ। ਪਰ ਇਸ ਸਾਧਨ ਦੁਆਰਾ ਜਿੱਥੇ ਬਹੁਤ ਕੁੱਝ ਚੰਗਾ
ਪੜ੍ਹਣ, ਸੁਣਨ ਅਤੇ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਮਾੜੇ ਤੋਂ ਮਾੜਾ ਵੀ ਪੜ੍ਹਣ, ਸੁਣਨ ਅਤੇ ਦੇਖਣ
ਨੂੰ ਮਿਲ ਰਿਹਾ ਹੈ। ਇਸ ਦੁਆਰਾ ਜਿੱਥੇ ਵਹਿਮਾਂ-ਭਰਮਾਂ ਤੋਂ ਮਨੁੱਖ ਨੂੰ ਸੁਚੇਤ ਕੀਤਾ ਜਾ ਰਿਹਾ
ਹੈ, ਉੱਥੇ ਨਾਲ ਹੀ ਇਸ ਦੁਆਰਾ ਵਹਿਮਾਂ-ਭਰਮਾਂ ਨੂੰ ਪ੍ਰਫੁੱਲਿਤ ਵੀ ਕੀਤਾ ਜਾ ਰਿਹਾ ਹੈ। ਮੀਡੀਏ
ਦੁਆਰਾ ਜੋ ਜਨ ਸਾਧਾਰਨ ਲਈ ਭੋਜਨ ਪਰੋਸਿਆ ਜਾ ਰਿਹਾ ਹੈ, ਇਸ ਦੀ ਵੀ ਜ਼ਿਆਦਾਤਰ ਮਾਤਰਾ ਅਤਿ ਜ਼ਹਿਰੀਲੀ
ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਵੀ ਇੱਕ ਵਪਾਰਕ ਅਦਾਰਾ ਬਣ ਕੇ ਰਹਿ ਗਿਆ ਹੈ। ਇਸ ਮਾਧਿਅਮ
ਉੱਤੇ ਵੀ ਪੈਸੇ ਨੂੰ ਹੀ ਮਾਈ-ਬਾਪ ਸਮਝਣ ਵਾਲੇ ਵਰਗ ਦਾ ਹੀ ਜ਼ਿਆਦਾਤਰ ਕਬਜ਼ਾ ਹੈ। ਸਿੱਧੇ ਜਾਂ
ਅਸਿੱਧੇ ਰੂਪ ਵਿੱਚ ਇਸ ਵਰਗ ਦੀਆਂ ਨੀਤੀਆਂ ਦਾ ਹੀ ਇਹ ਸਾਧਨ ਪਰਚਾਰ ਕਰ ਰਿਹਾ ਹੈ। ਇਸ ਮਾਧਿਆਮ
ਦੁਆਰਾ ਵੀ ਜਿਹੋ-ਜਿਹਾ ਭੋਜਨ ਮਨੁੱਖ ਦੇ ਮਨ ਅੱਗੇ ਪਰੋਸਿਆ ਜਾ ਰਿਹਾ ਹੈ, ਇਸ ਨਾਲ ਮਨੁੱਖਤਾ
ਰਿਸ਼ਟ-ਪੁਸ਼ਟ ਹੋਣ ਦੀ ਥਾਂ, ਬੁਰੀ ਤਰ੍ਹਾਂ ਕਮਜ਼ੋਰੀ ਦਾ ਸ਼ਿਕਾਰ ਹੋ ਰਹੀ ਹੈ। ਮੂਵੀਆਂ ਅਤੇ ਨਾਟਕਾਂ
ਆਦਿ ਦੁਆਰਾ ਵੀ ਜੋ ਕੁ ਪੇਸ਼ ਕੀਤਾ ਜਾ ਰਿਹਾ ਹੈ, ਇਸ ਨਾਲ ਇਨਸਾਨੀਅਤ ਫਲੀਭੂਤ ਹੋਣ ਦੀ ਥਾਂ ਹੋਰ
ਗਿਰਾਵਟ ਵਲ ਜਾ ਰਹੀ ਹੈ। ਇਨਸਾਨੀਅਤ ਤੋਂ ਮੂੰਹ ਮੋੜਨ ਵਾਲਿਆਂ ਲਈ ਬਲਾਤਕਾਰੀ, ਲੁੱਟਾਂ-ਖੋਹਾਂ ਅਤੇ
ਦੂਜਿਆਂ ਦੇ ਸ਼ੋਸਣ ਆਦਿ ਕਰਨ ਦੀਆਂ ਤਰਕੀਬਾਂ ਦਾ ਇਹ ਮੁੱਖ ਸਰੋਤ ਬਣ ਰਹੇ ਹਨ।
ਇਸ ਸਰੋਤ ਉੱਤੇ ਜ਼ਿਆਦਾਤਰ ਰਾਜਨੀਤਕ ਪਾਰਟੀਆਂ, ਸਰਮਾਏਦਾਰਾਂ ਜਾਂ ਬਹੁ-ਗਿਣਤੀ ਭਾਈਚਾਰੇ ਦਾ ਕੰਟਰੋਲ
ਹੈ। ਇਸ ਲਈ ਇਸ ਦੁਆਰਾ ਉਹੀ ਕੁੱਝ ਪਰਚਾਰਿਆ ਜਾਂਦਾ ਹੈ, ਜੋ ਇਹ ਲੋਕ ਆਮ ਲੋਕਾਂ ਤੀਕ ਪਹੁੰਚਾਉਣਾ
ਚਾਹੁੰਦੇ ਹਨ। ਜੇਕਰ ਆਜ਼ਾਦ ਰੂਪ ਵਿੱਚ ਕੋਈ ਵਿਅਕਤੀ ਜਾਂ ਸੰਸਥਾਂ ਇਸ ਸਾਧਨ ਦੁਆਰਾ ਭੋਜਨ ਪਰੋਸ ਰਹੀ
ਹੈ ਤਾਂ ਉਸ ਦਾ ਵੀ ਮੁੱਖ ਮਨੋਰਥ ਪੈਸਾ ਕਮਾਉਣਾ ਹੀ ਹੈ। ਇਸ ਲਈ ਹੀ ਇਸ ਸਾਧਨ ਦੁਆਰਾ ਵੀ
(ਜ਼ਿਆਦਾਤਰ) ਜ਼ਹਿਰੀਲੇ ਤੋਂ ਜ਼ਹਿਰੀਲਾ ਭੋਜਨ ਪਰੋਸਿਆ ਜਾ ਰਿਹਾ ਹੈ। ਇਹ ਠੀਕ ਹੈ ਕਿ ਇਸ ਸਾਧਨ ਦੁਆਰਾ
ਕੁੱਝ ਅਜਿਹਾ ਭੋਜਨ ਵੀ ਪਰੋਸਿਆ ਗਿਆ ਹੈ ਜਿਸ ਨਾਲ ਮਨੁੱਖੀ ਮਨ ਰਿਸ਼ਟ-ਪੁਸ਼ਟ ਹੋਇਆ ਹੈ। ਇਸ
ਰਿਸ਼ਟ-ਪੁਸ਼ਟ ਭੋਜਨ ਦੀ ਬਦੌਲਤ ਹੀ ਮਨੁੱਖ ਆਪਣੇ ਪੈਰਾਂ `ਚ ਪਈਆਂ ਉਹਨਾਂ ਜੰਜੀਰਾਂ ਨੂੰ ਤੋੜਨ ਵਿੱਚ
ਕਾਮਯਾਬ ਹੋਇਆ ਹੈ ਜਿਹੜੀਆਂ ਸਦੀਆਂ ਤੋਂ ਇਸ ਦੇ ਪੈਰਾਂ ਵਿੱਚ ਪਈਆਂ ਹੋਈਆਂ ਸਨ। ਇਸ ਸਰੋਤ ਤੋਂ
ਮਿਲੇ ਭੋਜਨ ਨੇ ਮਨੁੱਖ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਵਿੱਚ ਵੀ ਸ਼ਲਾਘਾਯੋਗ ਯੋਗਦਾਨ ਪਾਇਆ ਹੈ।
ਮਨੁੱਖਤਾ ਦੇ ਸੱਚੇ ਸੁਹਿਰਦਾਂ ਨੇ ਇਸ ਸਾਧਨ ਦੁਆਰਾ ਅਜਿਹਾ ਭੋਜਨ ਵੀ ਪਰੋਸਿਆ ਹੈ ਜਿਸ ਨਾਲ ਮਨੁੱਖ
ਨੂੰ ਵਹਿਮਾਂ-ਭਰਮਾਂ, ਜਾਤ-ਪਾਤ, ਊਚ-ਨੀਚ, (ਅਗਿਆਨਤਾ ਭਰਪੂਰ) ਧਾਰਮਿਕ ਕਟੜਤਾ, ਪਾਖੰਡ ਆਦਿ ਤੋਂ
ਉਪਰ ਉਠਣ ਦਾ ਮੌਕਾ ਮਿਲਿਆ ਹੈ। ਇਤਨਾ ਹੀ ਨਹੀਂ ਮਨੁੱਖਤਾ ਦੇ ਸ਼ੁੱਭ ਚਿੰਤਕਾ ਨੇ ਇਸ ਸਰੋਤ ਦੁਆਰਾ
ਕਈ ਖੇਤਰਾਂ `ਚ ਵਿਚਰ ਰਹੇ ਅਜਿਹੇ ਬਘਿਆੜਾਂ ਨੂੰ ਬੇਨਕਾਬ ਕੀਤਾ ਹੈ ਜਿਹਨਾਂ ਨੇ ਸ਼ਰਾਫਤ ਦਾ ਬੁਰਕਾ
ਓੜਿਆ ਹੋਇਆ ਸੀ। ਇਸ ਨੇ ਕਥਿਤ ਸਮਾਜ ਸੇਵੀ ਸੰਸਥਾਵਾਂ, ਉੱਚ ਅਹੁਦਿਆਂ `ਤੇ ਬੈਠੇ ਹੋਏ ਵੱਢੀਖ਼ੋਰ
ਅਤੇ ਬੇਈਮਾਨ ਪਦ-ਅਧਿਕਾਰੀਆਂ ਅਤੇ ਕਰਮਚਾਰੀਆਂ, ਭ੍ਰਿਸ਼ਟ ਰਾਜਨੀਤਕਾਂ ਅਤੇ ਕਥਿਤ ਧਾਰਮਿਕ ਆਗੂਆਂ ਦੀ
ਅਸਲੀਅਤ ਵੀ ਜੱਗ ਜ਼ਾਹਰ ਕੀਤੀ ਹੈ।
ਜਨ-ਸਾਧਾਰਨ ਇਨਸਾਨੀਅਤ ਦਾ ਘਾਣ ਕਰਨ ਵਾਲੇ ਜ਼ਹਿਰੀਲੇ ਭੋਜਨ ਦਾ ਇਤਨਾ ਆਦੀ ਹੋ ਚੁਕਾ ਹੈ ਕਿ ਉਹ
ਰਿਸ਼ਟ-ਪੁਸ਼ਟ ਭੋਜਨ ਖਾਣ ਲਈ ਤਿਆਰ ਹੀ ਨਹੀਂ ਹੈ। ਮਨੁੱਖ ਆਪਣੀਆਂ ਪੂਰਵ ਮਨੌਤਾਂ (ਭਾਵੇਂ ਉਹ
ਕਿੰਨੀਆਂ ਵੀ ਇਨਸਾਨੀਅਤ ਨੂੰ ਕਲੰਕਿਤ ਕਰਨ ਵਾਲੀਆਂ ਹਨ) ਨੂੰ ਛੱਡਣ ਲਈ ਤਿਆਰ ਨਹੀਂ ਹੈ। ਇਸ ਲਈ
ਜੇਕਰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਕਿਸੇ ਵਿਅਕਤੀ ਜਾਂ ਸੰਸਥਾਂ ਵਲੋਂ ਮੀਡੀਆ ਦੁਆਰਾ ਮਨੁੱਖੀ ਮਨ
ਲਈ ਅਤਿ ਰਿਸ਼ਟ-ਪੁਸ਼ਟ ਭੋਜਨ ਪਰੋਸਿਆ ਵੀ ਜਾ ਰਿਹਾ ਹੈ ਤਾਂ ਆਮ ਮਨੁੱਖ ਇਸ ਭੋਜਨ ਪ੍ਰਤਿ ਕਿਸੇ
ਤਰ੍ਹਾਂ ਕੋਈ ਦਿਲਚਸਪੀ ਨਹੀਂ ਲੈ ਰਿਹਾ ਹੈ।
ਸਭਿਆਚਾਰ ਦੇ ਨਾਂ ਹੇਠਾਂ ਜੋ ਕੁੱਝ ਪਰੋਸਿਆ ਜਾ ਰਿਹਾ ਹੈ, ਇਸ ਨਾਲ ਮਨੁੱਖਤਾ ਦਾ ਬੜੀ ਤੇਜ਼ੀ ਨਾਲ
ਪਤਨ ਹੋ ਰਿਹਾ ਹੈ। ਉਦਾਹਰਣ ਵਜੋਂ ਪੰਜਾਬੀ ਸਭਿਆਚਾਰ ਦੇ ਬੈਨਰ ਹੇਠਾਂ ਜੋ ਕੁੱਝ ਪਰੋਸਿਆ ਜਾ ਰਿਹਾ
ਹੈ, ਇਸ ਨਾਲ ਇਨਸਾਨੀਅਤ ਦ੍ਰਿੜ ਹੋਣ ਦੀ ਥਾਂ, ਇਸ ਦਾ ਬੁਰੀ ਤਰ੍ਹਾਂ ਘਾਣ ਹੋ ਰਿਹਾ ਹੈ। ਸਮਾਜਿਕ
ਬੁਰਾਈਆਂ ਉੱਤੇ ਕਟਾਖ਼ਸ਼ ਕਰਨ ਦੀ ਥਾਂ, ਇਹਨਾਂ ਨੂੰ ਉਭਾਰਿਆ ਜਾ ਰਿਹਾ ਹੈ। ਨਸ਼ਿਆਂ ਦੀ ਵਰਤੋਂ,
ਜਾਤ-ਪਾਤ, ਊਚ-ਨੀਚ ਅਤੇ ਇਲਾਕਾ-ਪ੍ਰਸਤੀ ਨੂੰ ਬੜ੍ਹਾਵਾ ਮਿਲ ਰਿਹਾ ਹੈ। ਇਨਸਾਨੀਅਤ ਕਦਰਾਂ-ਕੀਮਤਾਂ
ਦਾ ਘਾਣ ਹੋ ਰਿਹਾ ਹੈ। ਇਸ ਖੇਤਰ ਵਿੱਚ ਵਿਚਰਨ ਵਾਲੇ ਉਂਗਲਾਂ `ਤੇ ਗਿਣੇ ਜਾਣ ਵਾਲੇ ਹੀ ਕਲਾਕਾਰ ਹਨ
ਜਿਹੜੇ ਇਨਸਾਨੀਅਤ ਪ੍ਰਤੀ ਫ਼ਿਕਰਮੰਦ ਹਨ। ਜ਼ਿਆਦਾਤਰ ਕਲਾਕਾਰ ਆਪਣੀ ਕਲਾ ਦਾ ਵਾਪਾਰੀਕਰਨ ਕਰਕੇ,
ਆਲੇ-ਦੁਆਲੇ ਨੂੰ ਗੰਦਲਾ ਕਰ ਰਹੇ ਹਨ। ਇਸ ਭੋਜਨ ਦਾ ਹੀ ਪ੍ਰਤੱਖ ਅਸਰ ਹੈ ਕਿ ਅਜੋਕੇ ਸਮੇਂ ਵਿੱਚ ਵੀ
ਥਾਂ ਪੁਰ ਥਾਂ ਕਥਿਤ ਅਣਖ ਦੀ ਖ਼ਾਤਰ ਕਤਲੋ-ਗ਼ਾਰਤ, ਛੋਟੀਆਂ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਵਰਗੀਆਂ
ਇਨਸਾਨੀਅਤ ਨੂੰ ਕਲੰਕਿਤ ਕਰਨ ਵਾਲੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆ ਹਨ। ਇਸ ਸਰੋਤ ਤੋਂ ਵੀ
ਮਨੁੱਖੀ ਮਨ ਨੂੰ ਮਿਲਣ ਵਾਲੇ ਭੋਜਨ ਨਾਲ ਵੀ ਮਨੁੱਖ ਦਾ ਪਤਨ ਹੋ ਰਿਹਾ ਹੈ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਸ ਖੇਤਰ ਵਿੱਚ ਵਿਚਰਨ ਵਾਲਿਆਂ ਵਿੱਚ ਵੀ ਅਜਿਹੇ ਪ੍ਰਾਣੀ
ਮੌਜੂਦ ਹਨ ਜਿਹੜੇ ਆਪਣੀ ਜ਼ਿੰਮੇਵਾਰੀ ਨੂੰ ਈਮਾਨਦਾਰੀ ਨਾਲ ਨਿਭਾਉਣ ਵਿੱਚ ਵਿਸ਼ਵਾਸ ਰਖਦੇ ਹਨ। ਇਹੋ
ਜਿਹੇ ਇਨਸਾਨੀਅਤ ਦੇ ਪੂਜਾਰੀਆਂ ਦੀ ਬਦੌਲਤ ਹੀ ਇਸ ਸਾਧਨ ਦੁਆਰਾ ਮਨੁੱਖੀ ਮਨ ਨੂੰ ਰਿਸ਼ਟ-ਪੁਸ਼ਟ ਭੋਜਨ
ਮਿਲ ਰਿਹਾ ਹੈ।
ਧਰਮ ਮੰਦਰਾਂ ਵਿੱਚੋ ਮਿਲ ਰਹੇ ਭੋਜਨ ਵਿੱਚ ਵੀ ਜ਼ਹਿਰ ਦੀ ਮਾਤਰਾ ਵਧੇਰੇ
ਹੋਣ ਕਾਰਨ, ਮਨੁੱਖ ਰਸਮੀ ਧਰਮ ਕਰਮਾਂ ਵਿੱਚ ਨਿਪੁੰਨਤਾ ਤਾਂ ਹਾਸਲ ਕਰ ਰਿਹਾ ਹੈ ਪਰ ਇਨਸਾਨੀਅਤ ਤੋਂ
ਦੂਰ ਹੁੰਦਾ ਜਾ ਰਿਹਾ ਹੈ। ਧਰਮ ਮੰਦਰਾਂ ਵਿੱਚ ਮਨੁੱਖ ਇਨਸਾਨੀਅਤ ਦਾ ਪਾਠ ਪੜ੍ਹਾਉਣ ਦੀ ਥਾਂ ਵਿਸ਼ੇਸ਼
ਤਰ੍ਹਾਂ ਦੇ ਕਰਮ ਕਾਂਡਾਂ ਲਈ ਹੀ ਉਤਸ਼ਾਹਤ ਕੀਤਾ ਜਾ ਰਿਹਾ ਹੈ। ਧਰਮ ਦਾ ਮਨੋਰਥ ਵਿਸ਼ੇਸ਼ ਵਿਧੀ ਨਾਲ
ਰੱਬ ਦੀ ਪੂਜਾ ਕਰਕੇ ਉਸ ਨੂੰ ਰੀਝਾਉਣ ਦਾ ਨਹੀਂ ਬਲਕਿ ਜੀਵਨ ਜਿਊਂਣ ਦੀ ਸ਼ੈਲੀ ਹੈ। ਇਹ ਜੀਵਨ ਸ਼ੈਲੀ
ਇਹ ਦਰਸਾਉਂਦੀ ਹੈ ਕਿ ਅਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਆਪਣੇ ਅਤੇ ਦੂਜਿਆਂ ਲਈ ਕਿਵੇਂ ਸੁਖਮਈ
ਬਣਾ ਕੇ, ਸਹਿਜ ਅਤੇ ਪ੍ਰਸੰਨਤਾ ਦਾ ਜੀਵਨ ਬਤੀਤ ਕਰ ਸਕਦੇ ਹਾਂ। ਇਹ ਪਰਲੋਕ ਨਹੀਂ ਸਗੋਂ ਇਹ ਲੋਕ
ਸੰਵਾਰਨ ਦੀ ਜੁਗਤੀ ਦ੍ਰਿੜ ਕਰਾਉਂਦਾ ਹੈ। ਪਰ ਧਰਮ ਮੰਦਰਾਂ ਵਿੱਚ ਧਰਮ ਦੇ ਨਾਮ `ਤੇ ਜਿਹੋ-ਜਿਹਾ
ਭੋਜਨ ਪਰੋਸਿਆ ਜਾ ਰਿਹਾ ਹੈ, ਇਸ ਨਾਲ ਮਨੁੱਖਤਾ ਦਾ ਸੰਵਰਿਆ ਕੁੱਝ ਨਹੀਂ, ਵਿਗੜਿਆ ਜ਼ਰੂਰ ਹੈ। ਇਸ
ਭੋਜਨ ਦੇ ਕਾਰਨ ਹੀ ਇੱਕ ਧਰਮ ਦੇ ਪੈਰੋਕਾਰ ਦੂਜੇ ਧਰਮਾਂ ਦੇ ਪੈਰੋਕਾਰਾਂ ਨਾਲ ਘਿਰਣਾ ਕਰਦੇ ਹਨ। ਇਹ
ਬੜੀ ਹੈਰਾਨਗੀ ਦੀ ਗੱਲ ਹੈ ਕਿ ਵੱਖ ਵੱਖ ਧਰਮ ਨਾਲ ਸੰਬੰਧ ਰੱਖਣ ਵਾਲਿਆਂ ਦੀ ਗੱਲ ਤਾਂ ਇੱਕ ਪਾਸੇ
ਰਹੀ, ਇਕੋ ਧਰਮ ਦੇ ਪੈਰੋਕਾਰ ਇੱਕ ਧਰਮ ਮੰਦਰ ਵਿੱਚ ਬੈਠਣ ਲਈ ਤਿਆਰ ਨਹੀਂ ਹਨ। ਸਿਨੇਮਾ ਘਰ, ਬਸ,
ਰੇਲ, ਹਵਾਈ ਜਹਾਜ਼, ਰੈਸਟੋਰੈਂਟ ਆਦਿ ਵਿਖੇ ਤਾਂ ਮਨੁੱਖ ਬੜੇ ਆਰਾਮ ਨਾਲ ਬੈਠ ਜਾਂਦਾ ਹੈ ਪਰ ਇੱਕ
ਦੂਜੇ ਦੇ ਧਰਮ ਮੰਦਰ ਵਿੱਚ ਨਹੀਂ। ਆਮ ਮਨੁੱਖ ਦਾ ਦੂਜੇ ਧਰਮਾਂ ਦੇ, ਧਰਮ ਮੰਦਰਾਂ ਬਾਰੇ ਹੀ ਇਸ
ਤਰ੍ਹਾਂ ਦਾ ਦ੍ਰਿਸ਼ਟੀਕੋਣ ਨਹੀਂ ਬਲਕਿ ਇਕੋ ਧਰਮ ਦੇ ਪੈਰੋਕਾਰਾਂ ਦੇ ਆਪਣੇ ਹੀ ਧਰਮ ਮੰਦਰਾਂ ਵੀ ਹੈ।
ਇਸ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਧਰਮ ਮੰਦਰ ਸਹੀ ਅਰਥਾਂ ਵਿੱਚ ਧਰਮ ਦੇ ਮੰਦਰ ਨਹੀਂ ਵੱਖ ਵੱਖ
ਫ਼ਿਰਕਿਆਂ ਦੇ ਮੰਦਰ ਹਨ। ਕਥਿਤ ਧਾਰਮਿਕ ਲੋਕਾਂ ਦੀ ਅਜਿਹੀ ਆਸਤਿਕਤਾ ਨੂੰ ਦੇਖ ਕੇ ਹੀ ਇੱਕ ਸ਼ਾਇਰ ਨੇ
ਕਿਹਾ ਹੈ, “ਅਹਿਲੇ ਇਸਲਾਮ ਕੋ ਭਗਵਾਨ ਸੇ ਬੂ ਆਤੀ ਹੈ, ਰਾਮ ਵਾਲੋਂ ਕੋ ਰਹਿਮਾਨ ਦੇ ਬੂ ਆਤੀ ਹੈ।
ਕਿਸ ਕੋ ਫ਼ੁਰਸਤ ਹੈ ਕਿ ਕਰੇ ਖ਼ਿਤਮਤੇ ਇਨਸਾਂ, ਜਬ ਕੇ ਇਨਸਾਨ ਕੋ ਇਨਸਾਨ ਸੇ ਬੂ ਆਤੀ ਹੈ।” (ਨਰੇਸ਼
ਕੁਮਾਰ ਸ਼ਾਦ)
ਇਸ ਤਰ੍ਹਾਂ ਦੇ ਧਰਮੀਆਂ ਨੂੰ ਇਨਸਾਨੀਅਤ ਦੀ ਕੋਈ ਚਿੰਤਾ ਨਹੀਂ ਹੈ, ਚਿੰਤਾ ਹੈ ਤਾਂ ਕੇਵਲ ਇਸ ਗੱਲ
ਦੀ ਕਿ ਆਪਣੇ ਧਰਮਾਂ ਦੇ ਪੈਰੋਕਾਰਾਂ ਦੀ ਗਿਣਤੀ `ਚ ਕਿਵੇਂ ਵੱਧ ਤੋਂ ਵੱਧ ਵਾਧਾ ਕਰਕੇ ਸੁਰਗ ਵਿੱਚ
ਆਪਣੀ ਥਾਂ ਸੁਰੱਖਿਅਤ ਕੀਤੀ ਜਾਵੇ। ਇਹੋ- ਜਿਹੇ ਧਰਮੀਆਂ ਅਨੁਸਾਰ ਧਰਮ ਦੀ ਕੇਵਲ ਉਹ ਸ਼ਾਖ਼ (ਜਿਸ ਦੇ
ਉਹ ਧਾਰਨੀ ਹਨ) ਹੀ ਅਸਲ ਧਰਮ ਹੈ।
ਪ੍ਰਸਿੱਧ ਅਮੈਰੀਕਨ ਐਂਟਰਟੇਨਰ ਅਤੇ ਕਾਮੇਡੀਅਨ ਦੇ ਨਿਮਨ ਲਿਖਤ ਸ਼ਬਦਾਂ ਵਿੱਚ ਇਸ ਸਚਾਈ ਨੂੰ ਬੜੀ
ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ:- “ਮੈਂ ਇੱਕ ਦਿਨ ਪੁਲ `ਤੇ ਤੁਰਿਆ ਜਾਂਦਾ ਸੀ। ਮੈਂ ਕੰਢੇ
`ਤੇ ਖੜ੍ਹਾ ਇੱਕ ਆਦਮੀ ਦੇਖਿਆ ਜਿਹੜਾ ਪਾਣੀ ਵਿੱਚ ਛਾਲ ਮਾਰਨ ਲੱਗਾ ਸੀ। ਮੈਂ ਦੌੜ ਕੇ ਉਹਦੇ ਕੋਲ
ਗਿਆ, “ਠਹਿਰ ਜਾਹ, ਇਸ ਤਰ੍ਹਾਂ ਨਾ ਕਰੀਂ।” “ਕਿਉਂ ਨਾ ਕਰਾਂ?” ਉਸ ਨੇ ਕਿਹਾ। “ਜੀਣ ਲਈ ਇਤਨਾ ਕੁਛ
ਹੈ।” “ਕੀ ਹੈ?” “ਕੀ ਤੂੰ ਧਾਰਮਿਕ ਹੈਂ ਕਿ ਨਾਸਤਿਕ?” “ਧਾਰਮਿਕ।” “ਮੈਂ ਵੀ।” “ਕੀ ਤੂੰ ਈਸਾਈ
ਹੈਂ ਕਿ ਬੋਧੀ?” “ਈਸਾਈ।” “ਮੈਂ ਵੀ।” “ਕੀ ਤੂੰ ਕੈਥੋਲਿਕ ਹੈਂ ਕਿ ਪ੍ਰੋਟੈਸਟੈਂਟ?”
“ਪ੍ਰੋਟੈਸਟੈਂਟ।” “ਮੈਂ ਵੀ।” “ਕੀ ਤੂੰ ਐਪੀਸਕੋਪੇਲੀਅਨ ਜਾਂ ਬੈਪਟਿਸਟ ਹੈਂ?” “ਬੈਪਟਿਸਟ।” “ਵਾਹ
ਬਈ ਵਾਹ” “ਮੈਂ ਵੀ।” “ਕੀ ਤੂੰ ਬੈਪਟਿਸਟ ਚਰਚ ਆਫ ਗੌਡ ਜਾਂ ਬੈਪਟਿਸਟ ਚਰਚ ਆਫ ਦਾ ਲੌਰਡ ਹੈਂ?”
“ਬੈਪਟਿਸਟ ਚਰਚ ਆਫ ਦਾ ਗੌਡ।” “ਮੈਂ ਵੀ।” “ਕੀ ਤੂੰ ਓਰੀਜੀਨਲ ਬੈਪਟਿਸਟ ਚਰਚ ਆਫ ਦਾ ਗੌਡ ਜਾਂ ਕੀ
ਤੂੰ ਰੀਫੌਰਮਡ ਬੈਪਟਿਸਟ ਚਰਚ ਆਫ ਦਾ ਗੌਡ ਹੈਂ?” “ਰੀਫੌਰਮਡ ਬੈਪਟਿਸਟ ਚਰਚ ਆਫ ਦਾ ਗੌਡ।” “ਮੈਂ
ਵੀ।” “ਕੀ ਤੂੰ ਰੀਫੌਰਮਡ ਚਰਚ ਆਫ ਦਾ ਗੌਡ, ਰੀਫੌਰਮੇਸ਼ਨ ਆਫ ੧੮੭੯, ਜਾਂ ਰੀਫੌਰਮਡ ਬੈਪਟਿਸਟ ਚਰਚ
ਆਫ ਦਾ ਗੌਡ, ਰੀਫੌਰਮੇਸ਼ਨ ਆਫ ੧੯੧੫ ਹੈਂ?” ਉਸ ਨੇ ਕਿਹਾ “ਰੀਫੌਰਮਡ ਬੈਪਟਿਸਟ ਚਰਚ ਆਫ ਦਾ ਗੌਡ,
ਰੀਫੌਰਮੇਸ਼ਨ ਆਫ ੧੯੫੧।” “ਮੈਂ ਕਿਹਾ, “ਮਰ, ਗੰਦਿਆ ਕਾਫ਼ਰਾ” ਅਤੇ ਮੈਂ ਉਸ ਨੂੰ ਧੱਕਾ ਦੇ ਦਿੱਤਾ।”
(ਐਮੋ ਫਿਲਿਪਸ)
ਇਹੋ-ਜਿਹੀ ਸੋਚ ਦੇ ਮਾਲਕ ਹਰ ਇੱਕ ਧਰਮ ਵਿੱਚ ਮੌਜੂਦ ਹਨ; ਜੋ ਦੂਜੇ ਧਰਮਾਂ ਦੇ ਪੈਰੋਕਾਰਾਂ ਨੂੰ ਹੀ
ਨਹੀਂ ਬਲਕਿ ਆਪਣੇ ਧਰਮ ਦੇ ਉਹਨਾਂ ਪੈਰੋਕਾਰਾਂ ਨੂੰ ਵੀ ਕਾਫ਼ਰ ਹੀ ਸਮਝਦੇ ਹਨ ਜਿਹੜੇ ਕਿਸੇ ਦੂਜੇ
ਫ਼ਿਰਕੇ ਨਾਲ ਸੰਬੰਧ ਰਖਦੇ ਹਨ। ਜੇਕਰ ਅਸੀਂ ਸਿੱਖ ਜਗਤ ਵਲ ਵੀ ਨਿਗਾਹ ਮਾਰੀਏ ਤਾਂ ਇਹੋ-ਜਿਹੀ ਧਾਰਨਾ
ਰੱਖਣ ਵਾਲੇ ਇੱਥੇ ਵੀ ਮੌਜੂਦ ਹਨ। ਹੈਰਾਨਗੀ ਦੀ ਗੱਲ ਇਹ ਹੈ ਕਿ ਇਹੋ-ਜਿਹੀ ਸੋਚ ਦੇ ਜ਼ਿਆਦਾਤਰ ਉਹ
ਸਿੱਖ ਧਾਰਨੀ ਹਨ ਜਿਹੜੇ ਆਮ ਸਿੱਖ ਨਾਲੋਂ ਵਧੇਰੇ ਪਾਠ ਪੂਜਾ ਵਿੱਚ ਵਿਸ਼ਵਾਸ ਰਖਣ ਵਾਲੇ ਹਨ। ਉਦਾਹਰਣ
ਵਜੋਂ ਸਾਡੇ ਵਿੱਚ ਅਜਿਹੀਆਂ ਜਥੇਬੰਦੀਆਂ ਵੀ ਹਨ ਜਿਹੜੀਆਂ ਗ਼ੈਰ-ਅੰਮ੍ਰਿਤਧਾਰੀਆਂ ਨੂੰ ਹੀ ਨਹੀਂ
ਸਗੋਂ ਉਹਨਾਂ ਅੰਮ੍ਰਿਤਧਾਰੀਆਂ ਨੂੰ ਵੀ ਕੱਚੇ-ਪਿੱਲੇ ਸਿੱਖ ਹੀ ਸਮਝਦੀਆਂ ਹਨ, ਜਿਹਨਾਂ ਦਾ ਉਹਨਾਂ
ਦੀ ਜਥੇਬੰਦੀ ਨਾਲ ਸੰਬੰਧ ਨਹੀਂ ਹੈ। ਇਹੋ-ਜਿਹੀ ਸੋਚ ਮਨੁੱਖ ਨੂੰ ਅੰਧਾ ਬਣਾ ਦਿੰਦੀ ਹੈ। ਇਸ
ਤਰ੍ਹਾਂ ਦੀ ਧਾਰਨਾ ਰੱਖਣ ਵਾਲਾ ਕਿਸੇ ਦੇ ਆਚਰਣ ਦੀ ਪਵਿਤ੍ਰੱਤਾ ਨੂੰ ਨਹੀਂ ਬਲਕਿ ਉਸ ਦੀ ਬਾਹਰਲੀ
ਰਹਿਣੀ-ਬਹਿਣੀ ਨੂੰ ਹੀ ਆਧਾਰ ਬਣਾ ਕੇ, ਉਸ ਨੂੰ ਚੰਗਾ ਜਾਂ ਮਾੜਾ ਸਮਝਣ ਲੱਗ ਪੈਂਦਾ ਹੈ। ਅਜਿਹੇ
ਵਿਅਕਤੀਆਂ ਲਈ ਸਦਾਚਾਰਕ ਗੁਣਾਂ ਦੀ ਅਹਿਮੀਅਤ ਦੀ ਥਾਂ ਜਥੇਬੰਦੀ ਦੀ ਅਹਿਮੀਅਤ ਹੀ ਮਹੱਤਵ ਪੂਰਨ ਹੋ
ਜਾਂਦੀ ਹੈ।
ਧਰਮ ਮੰਦਰ ਵਿੱਚ ਮਨੁੱਖ ਨੂੰ ਇਨਸਾਨੀਅਤ ਦ੍ਰਿੜ ਕਰਾਉਣ ਦੀ ਥਾਂ ਕੇਵਲ ਕਰਮ ਕਾਂਡ, ਰਸਮੀ ਧਰਮ ਕਰਮ
ਆਦਿ ਹੀ ਦ੍ਰਿੜ ਕਰਾਇਆ ਜਾਂਦਾ ਹੈ। ਇਸ ਲਈ ਹੀ ਧਰਮ ਮੰਦਰ ਵਿੱਚੋਂ ਮਿਲੇ ਭੋਜਨ ਨਾਲ ਮਨੁੱਖ ਸਿੱਖ,
ਹਿੰਦੂ, ਮੁਸਲਮਾਨ, ਈਸਾਈ, ਯਹੂਦੀ ਆਦਿ ਤਾਂ ਬਣ ਰਿਹਾ ਹੈ ਪਰ ਸੱਚੀ ਇਨਸਾਨੀਅਤ ਤੋਂ ਬਹੁਤ ਦੂਰ
ਹੁੰਦਾ ਜਾ ਰਿਹਾ ਹੈ। ਸਿੱਟੇ ਵਜੋਂ ਮਨੁੱਖ ਧਰਮ ਦਾ ਲੇਬਲ ਲਾ ਕੇ ਵੀ ਧਰਮ ਤੋਂ ਕੋਹਾਂ ਦੂਰ ਹੀ
ਰਹਿੰਦਾ ਹੈ। ਹਰੇਕ ਧਰਮ ਦੇ ਆਗੂਆਂ ਨੂੰ ਆਪਣੇ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਦਾ ਵਧਾਉਣ ਦਾ ਹੀ
ਫ਼ਿਕਰ ਲੱਗਾ ਹੋਇਆ ਹੈ। ਅਜਿਹੀ ਪ੍ਰਾਣੀਆਂ ਨੂੰ ਜਿਤਨਾ ਆਪਣੇ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਵਧਾਉਣ
ਦੀ ਚਿੰਤਾ ਹੈ ਜੇਕਰ ਇਤਨੀ ਹੀ ਚਿੰਤਾ ਇਨਸਾਨੀਅਤ ਦ੍ਰਿੜ ਕਰਾਉਣ ਲਈ ਹੈ ਤਾਂ ਇਹ ਚਿੰਤਾਂ ਮਨੁੱਖਤਾ
ਦੀ ਕਲਿਆਣ ਲਈ ਸ਼ੁੱਭ ਸੰਕੇਤ ਹੈ। ਪਰ ਅਜਿਹਾ ਨਹੀਂ ਹੈ, ਅਜਿਹੇ ਪ੍ਰਾਣੀਆਂ ਨੂੰ ਇਨਸਾਨੀਅਤ ਦਾ ਫ਼ਿਕਰ
ਨਹੀਂ ਹੈ। ਇਨਸਾਨੀਅਤ ਭਾਵੇਂ ਢੱਠੇ ਖੂਹ ਵਿੱਚ ਪਵੇ, ਇਹਨਾਂ ਆਗੂਆਂ ਦਾ ਇਸ ਨਾਲ ਕੋਈ ਸਰੋਕਾਰ ਨਹੀਂ
ਹੈ।
ਸੋ, ਗੱਲ ਕੀ? ਘਰ, ਸਕੂਲ, ਧਰਮ ਮੰਦਰ, ਸਭਿਆਚਾਰ ਅਥਵਾ ਆਪਣੇ ਆਲੇ-ਦੁਆਲੇ ਦੀ ਹਰੇਕ ਸ਼ੈ ਤੋਂ
ਮਨੁੱਖੀ ਮਨ ਨੂੰ ਮਿਲ ਰਿਹਾ ਜ਼ਿਆਦਾਤਰ ਭੋਜਨ, ਮਨੁੱਖ ਨੂੰ ਇਨਸਾਨੀਅਤ ਤੋਂ ਦੂਰ ਲਿਜਾਣ ਦਾ ਹੀ ਕਾਰਨ
ਬਣ ਰਿਹਾ ਹੈ। ਇਹਨਾਂ ਸਰੋਤਾਂ ਦੁਆਰਾ ਜੋ ਭੋਜਨ ਮਨੁੱਖ ਨੂੰ ਮਿਲ ਰਿਹਾ ਹੈ, ਇਸ ਨਾਲ ਮਨੁੱਖ ਅੰਦਰ
ਇਨਸਾਨੀਅਤ ਦੀ ਥਾਂ ਹੈਵਾਨੀਅਤ ਜ਼ਿਆਦਾ ਪ੍ਰਫੁਲਿਤ ਹੋ ਰਹੀ ਹੈ। ਸ਼ਾਇਦ ਇਸ ਲਈ ਹੀ ਮਨੁੱਖ ਨੂੰ ਅੱਜ
ਮਨੁੱਖ ਉੱਤੇ ਇਤਨਾ ਵਿਸ਼ਵਾਸ ਨਹੀਂ ਹੈ ਜਿਤਨਾ ਇਸ ਨੂੰ ਪਸ਼ੂਆਂ `ਤੇ ਹੈ। ਇਸ ਪਸ਼ੂਪੁਣੇ ਕਾਰਨ ਹੀ
ਜਿਤਨਾ ਮਨੁੱਖਤਾ ਦਾ ਨੁਕਸਾਨ ਹੋ ਰਿਹਾ ਹੈ ਉਤਨਾ ਖ਼ੂੰ-ਖ਼ਾਰ ਪਸ਼ੂਆਂ ਤੋਂ ਵੀ ਨਹੀਂ ਹੋ ਰਿਹਾ ਹੈ।
ਮਨੁੱਖ ਇਨਸਾਨੀਅਤ ਦਾ ਹੀ ਨਹੀਂ ਸਗੋਂ ਸੰਸਾਰ ਰੂਪ ਸੁੰਦਰ ਬਗ਼ੀਚੀ ਦੇ ਮੂੰਹ-ਮੁੰਹਾਦਰੇ ਨੂੰ ਵੀ
ਵਿਗਾੜ ਰਿਹਾ ਹੈ। ਇਨਸਾਨ ਦੀ ਇਸ ਫ਼ਿਤਰਤ ਨੂੰ ਦੇਖ ਕੇ ਹੀ ਇੱਕ ਵਿਦਵਾਨ ਨੇ ਲਿਖਿਆ ਹੈ ਕਿ, “ਅਜੋਕੇ
ਮਨੁੱਖ ਨੂੰ ਪਸ਼ੂਆਂ ਤੋਂ ਕਿਸੇ ਪ੍ਰਕਾਰ ਦਾ ਡਰ ਨਹੀਂ ਪਰ ਪਸ਼ੂਆਂ ਨੂੰ ਮਨੁੱਖ ਤੋਂ ਖ਼ਤਰੇ ਹੀ ਖ਼ਤਰੇ
ਹਨ। ਮਨੁੱਖ ਕੋਲ ਕੁੱਝ ਵੀ ਅਜਿਹਾ ਨਹੀਂ, ਜਿਹੜਾ ਪਸ਼ੂਆਂ ਜਾਂ ਜਾਨਵਰਾਂ ਲਈ ਲਾਹੇਵੰਦ ਹੋਵੇ ਪਰ
ਜਾਨਵਰਾਂ ਕੋਲ ਬਹੁਤ ਕੁੱਝ ਹੈ, ਜੋ ਮਨੁੱਖ ਲਈ ਸਿਖਣਯੋਗ ਹੈ।” (ਨਰਿੰਦਰ ਸਿੰਘ ਕਪੂਰ)
|
. |