.

ਭੱਟ ਬਾਣੀ-7

ਬਲਦੇਵ ਸਿੰਘ ਟੋਰਾਂਟੋ

ਨੋਟ:- ਇਹ ਸੂਝ ਭੱਟ ਸਾਹਿਬਾਨ ਨੂੰ ਮੂਲ ਮੰਤ੍ਰ ਦੇ ਸਿਧਾਂਤ ਤੋਂ ਪਈ ਹੈ। ਇਸ ਗੱਲ ਦੀ ਮਹਲਾ ਪੰਜਵਾਂ ਜੀ ਪ੍ਰੋੜ੍ਹਤਾ ਕਰਦੇ ਹਨ।

ਪ੍ਰਭ ਦਾਤਉ ਦਾਤਾਰ ਪਰਿ੍ਯ੍ਯਉ ਜਾਚਕੁ ਇਕੁ ਸਰਨਾ।।

ਮਿਲੈ ਦਾਨੁ ਸੰਤ ਰੇਨ ਜੇਹ ਲਗਿ ਭਉਜਲੁ ਤਰਨਾ।।

ਬਿਨਤਿ ਕਰਉ ਅਰਦਾਸਿ ਸੁਨਹੁ ਜੇ ਠਾਕੁਰ ਭਾਵੈ।।

ਦੇਹੁ ਦਰਸੁ ਮਨਿ ਚਾਉ ਭਗਤਿ ਇਹੁ ਮਨੁ ਠਹਰਾਵੈ।।

ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ।।

ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ।। ੯।।

(ਪੰਨਾ ੧੩੮੬-੮੭)

ਪਦ ਅਰਥ:- ਪ੍ਰਭ ਦਾਤਉ – ਇਕੁ ਪ੍ਰਭੂ ਹੀ ਦਾਤਾ ਹੈ। ਦਾਤਾਰ – ਦਾਤਾਂ ਬਖ਼ਸ਼ਣ ਵਾਲਾ ਹੈ। ਪਰਿ੍ਯ੍ਯਉ – ਪੈਂਦੇ ਹਨ। ਜਾਚਕੁ – ਮੰਗਦੇ ਹਨ। ਇਕੁ ਸਰਨਾ – ਇਕੁ ਦੀ ਸ਼ਰਨ ਪੈਂਦੇ ਹਨ। ਮਿਲੈ ਦਾਨੁ – ਜਿਨ੍ਹਾਂ ਨੂੰ ਦਾਨ ਵਜੋਂ ਪ੍ਰਾਪਤ ਹੋਈ। ਸੰਤ ਰੇਨ – ਗਿਆਨ ਦੀ ਧੂਰੀ-ਬਖ਼ਸ਼ਿਸ਼। ਜੇਹ ਲਗਿ – ਉਸ ਨਾਲ ਲੱਗ ਕੇ, ਜੁੜ ਕੇ। ਭਉਜਲੁ – ਅਗਿਆਨਤਾ ਦੀ ਘੁੰਮਣਘੇਰੀ। ਤਰਨਾ – ਪਾਰ ਹੋ ਜਾਣਾ, ਡੁੱਬਣ ਤੋਂ ਬਚ ਜਾਣਾ। ਬਿਨਤਿ – ਬਿਨਤੀ। ਕਰਉ – ਕਰਨੀ, ਕੀਤੀ। ਅਰਦਾਸਿ – ਅਰਦਾਸ। ਸੁਨਹੁ – ਸੁਣ ਕੇ। ਜੇ – ਜਿਹੜੇ, ਜਿਨ੍ਹਾਂ ਨੇ। ਠਾਕੁਰ – ਕਰਤਾ, ਕਰਤੇ ਨੂੰ। ਭਾਵੈ – ਸਮਰਪਤ ਹੁੰਦੇ ਹਨ। ਦੇਹੁ ਦਰਸੁ – ਗਿਆਨ ਦਾ ਸ਼ੀਸਾ ਦੇਖ ਕੇ। ਮਨਿ ਚਾਉ – ਮਨ ਦੀ ਪ੍ਰਸੰਨਤਾ ਨਾਲ। ਭਗਤਿ – ਇਨਕਲਾਬੀ ਵੀਚਾਰਧਾਰਾ ਨਾਲ। ਇਹੁ – ਇਸ। ਮਨੁ – ਮਨ। ਠਹਰਾਵੈ – ਠਹਿਰਾਉਣਾ, ਟਿਕਾਉਣਾ, ਟਿਕਾਇਆ। ਬਲਿਓ ਚਰਾਗੁ – ਗਿਆਨ ਦਾ ਦੀਵਾ ਬਲਿਆ, ਜਗਿਆ। ਅੰਧ੍ਯ੍ਯਾਰ ਮਹਿ – ਅਗਿਆਨਤਾ ਦੇ ਹਨੇਰੇ ਵਿੱਚ। ਸਭ ਕਲਿ – ਤਮਾਮ ਕਾਇਅਨਾਤ। ਉਧਰੀ – ਉਧਾਰ ਲਈ। ਇੱਕ ਨਾਮ – ਇੱਕ ਸੱਚ ਦਾ ਨਾਮ। ਧਰਮ – ਧਰਮ। ਪ੍ਰਗਟ ਸਗਲ ਹਰਿ ਭਵਨ ਮਹਿ – ਹਰੀ ਸਗਲ ਭਵਨ ਵਿੱਚ ਪ੍ਰਤੱਖ ਹੈ। ਜਨੁ ਨਾਨਕੁ ਗੁਰੁ ਪਾਰਬ੍ਰਹਮ – ਉਹ ਹਰੀ ਹੀ ਸਗਲ ਭਵਨ ਵਿੱਚ ਪ੍ਰਤੱਖ ਹੈ। ਗੁਰੁ – ਗਿਆਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨਾ।

ਇਹ ਮਹਲਾ ੫ ਵੱਲੋਂ ਭੱਟ ਬਾਣੀ ਦੇ ਮਨੋਰਥ ਨੂੰ ਸਪੱਸ਼ਟ ਕੀਤਾ ਗਿਆ ਹੈ।

ਅਰਥ:- ਹੇ ਭਾਈ! ਜਿਨ੍ਹਾਂ (ਭੱਟ ਸਾਹਿਬਾਨ) ਨੇ ਗਿਆਨ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕੀਤਾ, ਉਹ ਇਹ ਜਾਣ ਗਏ ਕਿ ਇਕੁ ਪ੍ਰਭੂ ਹੀ ਦਾਤਾ ਹੈ ਅਤੇ ਉਹ ਹੀ ਦਾਤਾਂ ਬਖ਼ਸ਼ਣ ਵਾਲਾ ਹੈ, ਉਹ ਇਕੁ ਦੀ ਸ਼ਰਨ ਹੀ ਪਏ। ਉਨ੍ਹਾਂ ਇਕੁ ਦੀ ਸ਼ਰਨ ਪੈਣ ਵਾਲਿਆਂ ਨੂੰ ਜਦੋਂ ਗਿਆਨ ਦੀ ਧੂਰੀ-ਬਖ਼ਸ਼ਿਸ਼ ਪ੍ਰਾਪਤ ਹੋਈ ਤਾਂ ਉਹ ਅਗਿਆਨਤਾ ਦੀ ਘੁੰਮਣਘੇਰੀ ਵਿੱਚ ਡੁੱਬਣ ਤੋਂ ਬਚ ਗਏ। ਜਿਹੜੇ (ਅਵਤਾਰਵਾਦ ਦੇ ਰੱਬ ਹੋਣ ਦੀ) ਅਗਿਆਨਤਾ ਦੀ ਘੁੰਮਣਘੇਰੀ ਵਿੱਚ ਡੁੱਬਣ ਤੋਂ ਬਚ ਕੇ ਠਾਕੁਰ-ਕਰਤੇ ਨੂੰ ਸਮਰਪਤ ਹੋਏ, ਉਨ੍ਹਾਂ ਨੂੰ ਸੁਣ ਕੇ ਹੋਰਨਾਂ ਨੇ ਵੀ ਆਪਣੀ ਅਰਦਾਸ ਬੇਨਤੀ ਇਕੁ ਕਰਤੇ ਅੱਗੇ ਕੀਤੀ ਅਤੇ ਹੋਰਨਾਂ, ਕਰਤੇ ਨੂੰ ਸਮਰਪਤ ਹੋਣ ਵਾਲਿਆਂ ਨੇ ਵੀ ਇਹ ਗਿਆਨ ਦਾ ਸ਼ੀਸਾ ਦੇਖ ਕੇ ਮਨ ਦੀ ਪ੍ਰਸੰਨਤਾ ਨਾਲ ਆਪਣੇ ਮਨ ਨੂੰ ਇਸ ਇਨਕਲਾਬੀ ਵੀਚਾਰਧਾਰਾ ਉੱਪਰ ਟਿਕਾਇਆ। ਇਸ ਤਰ੍ਹਾਂ ਜਿਨ੍ਹਾਂ ਅੰਦਰ ਉਸ ਪ੍ਰਭੂ ਦੀ ਬਖ਼ਸ਼ਿਸ਼ ਨਾਲ ਗਿਆਨ ਦਾ ਚਿਰਾਗ਼ ਬਲਿਆ, ਉਨ੍ਹਾਂ ਇਹ ਜਾਣਿਆ ਕਿ ਇਸ ਸਮੁੱਚੀ ਕਾਇਨਾਤ-ਮਾਨਵਤਾ ਦੇ ਉਧਾਰ ਲਈ ਇੱਕ ਸੱਚ ਨੂੰ ਜੀਵਨ ਵਿੱਚ ਅਪਣਾਉਣ ਦਾ ਨਾਮ ਹੀ ਧਰਮ ਹੈ। ਇਸ ਤਰ੍ਹਾਂ ਜਿਨ੍ਹਾਂ (ਭੱਟ) ਜਨਾਂ ਨੇ ਨਾਨਕ ਜੀ ਵਾਂਗ ਗਿਆਨ ਨੂੰ ਜੀਵਨ ਵਿੱਚ ਗ੍ਰਹਿਣ ਕੀਤਾ, ਉਨ੍ਹਾਂ ਨੇ ਇਹ ਹੀ ਆਖਿਆ ਕਿ ਪਾਰਬ੍ਰਹਮ ਹਰੀ ਹੀ ਸਗਲ ਭਵਣ ਵਿੱਚ ਪ੍ਰਤੱਖ ਹੈ। ਭਾਵ ਉਸ ਨੂੰ ਉਸ ਦੀ ਸਮੁੱਚੀ ਰਚਨਾ ਵਿੱਚੋਂ ਹੀ ਦੇਖਿਆ ਜਾ ਸਕਦਾ ਹੈ।

ਨੋਟ: – ਇਸ ਤਰ੍ਹਾਂ ਮਹਲਾ ੫ (ਪੰਜਵਾਂ) ਨੇ ਸਮਝਾਇਆ ਹੈ ਕਿ ਭੱਟ ਸਾਹਿਬਾਨ ਕਿਸ ਤਰ੍ਹਾਂ ਗੁਰਮਤਿ ਦੇ ਮੂਲ ਸਿਧਾਂਤ ਮੂਲ ਮੰਤ੍ਰ ਤੋਂ ਨਿਛਾਵਰ ਸਨ।

ਸਵਯੇ ਸ੍ਰੀ ਮੁਖਬਾਕ੍ਹ ਮਹਲਾ ੫ ੴ ਸਤਿਗੁਰ ਪ੍ਰਸਾਦਿ।।

ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ।।

ਧਾਵਤ ਭ੍ਰਮਤ ਰਹਨੁ ਨਹੀ ਪਾਵਤ ਪਾਰਬ੍ਰਹਮ ਕੀ ਗਤਿ ਨਹੀ ਜਾਨੀ।।

ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੌ ਅਭਿਮਾਨੀ।।

ਪਰ ਧਨ ਪਰ ਅਪਵਾਦ ਨਾਰਿ ਨਿੰਦਾ ਯਹ ਮੀਠੀ ਜੀਅ ਮਾਹਿ ਹਿਤਾਨੀ।।

ਬਲਬੰਚ ਛਪਿ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰਜਾਮੀ।।

ਸੀਲ ਧਰਮ ਦਯਾ ਸੁਚ ਨਾਸਿ੍ਤ ਆਇਓ ਸਰਨਿ ਜੀਅ ਕੇ ਦਾਨੀ।।

ਕਾਰਣ ਕਰਣ ਸਮਰਥ ਸਿਰੀਧਰ ਰਾਖਿ ਲੇਹੁ ਨਾਨਕ ਕੇ ਸੁਆਮੀ।। ੧।।

(ਪੰਨਾ ੧੩੮੭)

ਪਦ ਅਰਥ:- ਕਾਚੀ ਦੇਹ – ਨਾ ਰਹਿਣ ਵਾਲਾ ਸਰੀਰ। ਫੁਨਿ – ਫਿਰਿ, ਮੁੜ। ਬਾਂਧੀ – ਬੰਧਨ। ਕਠੋਰ – ਨਿਰਦਈ। ਕੁਚੀਲ – ਮਾੜੀਆਂ ਆਦਤਾਂ ਗ੍ਰਹਿਣ ਕਰਨ ਵਾਲਾ। ਕੁਗਿਆਨੀ – ਗਿਆਨ ਦੇ ਉਲਟ ਅਗਿਆਨ। ਧਾਵਤ ਭ੍ਰਮਤ – ਭਰਮ ਵਿੱਚ ਤੁਰੇ ਫਿਰਨਾ। ਧਾਵਤ ਭਰਮ – ਭਰਮ ਵਿੱਚ ਭੁਲੇ ਫਿਰਦੇ ਹਨ। ਰਹਨੁ ਨਹੀ ਪਾਵਤ – ਇਹ ਨਹੀਂ ਜਾਣਦੇ ਕਿ ਰਹਿਣਾ ਨਹੀਂ। ਪਾਵਤ – ਪਾਉਣਾ, ਜਾਨਣਾ। ਪਾਰਬ੍ਰਹਮ ਕੀ ਗਤਿ ਨਹੀ ਜਾਨੀ – ਅਤੇ ਨਾ ਹੀ ਐਸੇ ਆਪਣੇ ਆਪ ਨੂੰ ਪਾਰਬ੍ਰਹਮ ਅਖਵਾਉਣ ਵਾਲਿਆਂ ਨੇ ਆਪਣੀ ਅੰਦਰੂਨੀ ਹਾਲਤ ਹੀ ਜਾਣੀ। ਗਤਿ – ਹਾਲਤ। ਅੰਤਰ ਕੀ ਗਤਿ ਗੁਰਮੁਖਿ ਜਾਣੈ – ਅੰਦਰ ਦੀ ਹਾਲਤ ਕਰਤਾ ਹੀ ਜਾਣਦਾ ਹੈ। ਜੋਬਨ ਰੂਪ ਮਾਇਆ – ਜੋਬਨ ਰੂਪ ਮਾਇਆ। ਮਦ ਮਾਤਾ – ਅਗਿਆਨਤਾ ਦੇ ਮਦ ਵਿੱਚ। ਬਿਚਰਤ – ਵਿਚਰਨ ਵਾਲਾ। ਬਿਕਲ – ਵਿਆਕਲ ਹੋਇਆ। ਬਡੌ ਅਭਿਮਾਨੀ – ਜੋਬਨ ਰੂਪ ਮਾਇਆ ਦੇ ਨਸ਼ੇ ਵਿੱਚ ਵਿਆਕੁਲ ਹੋ ਕੇ ਵਿਚਰਨ ਵਾਲੇ ਵੱਡੇ ਅਭਿਮਾਨੀਆਂ ਦੀ। ਪਰ ਧਨ – ਪਰਾਇਆ ਧਨ। ਪਰ ਅਪਵਾਦਿ ਨਾਰਿ – ਪਰਾਈਆਂ ਇਸਤਰੀਆਂ ਲਈ ਬੁਰੇ ਸ਼ਬਦ ਵਰਤਣੇ। ਨਿੰਦਾ ਯਹ ਮੀਠੀ – ਪਰਾਈ ਨਿੰਦਿਆ। ਜੀਅ ਮਾਹਿ ਹਿਤਾਨੀ – ਹਿਰਦੇ ਅੰਦਰੋਂ ਹਿਤ ਜੋੜਿਆ ਹੋਇਆ ਹੈ। ਬਲਬੰਚ – ਜ਼ਬਰਦਸਤੀ, ਠੱਗਣ ਦੀ ਕਿਰਿਆ, ਠੱਗ। ਛਪਿ – ਛਿਪਾਉਣ ਲਈ। ਕਰਤ ਉਪਾਵਾ – ਉਪਾਅ ਕਰਦੇ ਹਨ। ਪੇਖਤ ਸੁਨਤ ਪ੍ਰਭ ਅੰਤਰਜਾਮੀ – ਵੇਖਣ ਸੁਣਨ ਨੂੰ ਅੰਤਰਜਾਮੀ ਅਖਵਾਉਂਦੇ ਸਨ। ਸੀਲ ਧਰਮ ਦਯਾ ਸੁਚ ਨਾਸਿ੍ਤ – ਸੀਲ ਸੰਤੋਖ ਧਰਮ ਦਯਾ ਸੱਚ ਤੋਂ ਨੱਸੇ ਹੋਏ ਹਨ। ਆਇਓ ਸਰਨਿ ਜੀਅ ਕੇ ਦਾਨੀ – ਆਪਣੀ ਸ਼ਰਨ ਆਉਣ ਵਾਲਿਆਂ ਜੀਵਾਂ ਨੂੰ ਦਾਨ ਦੇਣ ਵਾਸਤੇ ਆਏ ਅਖਵਾਉਂਦੇ ਹਨ। ਕਾਰਣ ਕਰਣ ਸਮਰਥ – ਕਾਰਣ ਕਰਣ ਸਮਰੱਥ। ਸਿਰੀਧਰ – ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲੇ। ਰਾਖਿ ਲੇਹੁ ਨਾਨਕ ਕੇ ਸੁਆਮੀ – ਹੇ ਨਾਨਕ ਦੇ ਸੁਆਮੀ, ਸਾਨੂੰ ਵੀ ਆਪਣੀ ਸ਼ਰਨ ਰੱਖ ਲੈ।

(ਹੇ ਨਾਨਕ ਦੇ ਸੁਆਮੀ ਕਰਤੇ, ਹੁਣ ਤੂੰ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲੈ, ਕਿਉਂਕਿ ਆਪਣੇ ਮਾਇਆ ਦੇ ਨਸ਼ੇ ਦੇ ਹੰਕਾਰੀ ਕੁਕਰਮੀ ਅਵਤਾਰਵਾਦੀ ਜੋ ਆਪਣੇ ਆਪ ਨੂੰ ਪ੍ਰਭੂ ਅੰਤਰਜਾਮੀ ਅਖਵਾਉਂਦੇ ਹਨ, ਅਸੀਂ ਉਨ੍ਹਾਂ ਦੇ ਕੁਫਰ ਨੂੰ ਜਾਣ ਲਿਆ ਹੈ, ਇਹ ਭੱਟਾਂ ਦਾ ਮਨੋਰਥ ਹੈ)

ਇਹ ਮਹਲਾ ੫ ਨੇ ਸਪੱਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਭੱਟ ਸਾਹਿਬਾਨ ਨੇ ਮੂਲ ਸਿਧਾਂਤ ਨੂੰ ਜਾਣ ਕੇ ਤੇ ਅਪਣਾ ਕੇ ਆਪਣਾ ਅਕੀਦਾ ਇਕੁ ਸਦਾ ਸਦੀਵੀ ਸਥਿਰ ਰਹਿਣ ਵਾਲੇ ਕਰਤਾਰ ਉੱਪਰ ਲਿਆਂਦਾ ਹੈ ਅਤੇ ਅਵਤਾਰਵਾਦੀ ਪਰੰਪਰਾ ਨੂੰ ਨਕਾਰਿਆ ਹੈ। ਪਾਠਕਾਂ ਨੂੰ ਫਿਰ ਬੇਨਤੀ ਹੈ ਕਿ ਇਹ ਸਾਰੀਆਂ ਗੱਲਾਂ ਭੱਟ ਸਾਹਿਬਾਨ ਦੇ ਉਚਾਰਣ ਸਵਈਯਾਂ ਦੀ ਵਿਆਖਿਆ ਪੜ੍ਹਨ ਵੇਲੇ ਧਿਆਨ ਵਿੱਚ ਰੱਖਣੀਆਂ ਹਨ।

ਅਰਥ:- ਹੇ ਭਾਈ! ਜਿਸ ਦੀ (ਕਿਸੇ ਅਵਤਾਰਵਾਦੀ ਦੀ ਆਪਣੀ ਹੀ) ਦੇਹ ਕਾਚੀ ਭਾਵ ਨਾ ਰਹਿਣ ਵਾਲੀ ਦੇਹ ਹੈ। ਜੇ ਅਜਿਹਾ ਕੋਈ (ਅਵਤਾਰਵਾਦੀ) ਵਿਅਕਤੀ ਅਗਿਆਨਤਾ ਵੱਸ ਆਪਣੇ ਪਾਰਬ੍ਰਹਮ ਹੋਣ ਦੇ ਭਰਮ ਵਿੱਚ ਜੋ ਭੁਲਿਆ ਫਿਰਦਾ ਹੈ, ਉਹ ਇਹ ਨਹੀਂ ਜਾਣਦਾ ਕਿ ਇਹ ਦੇਹ ਰਹਿਣ ਵਾਲੀ ਨਹੀਂ। ਐਸਾ ਅਗਿਆਨੀ ਨਿਰਦਈ ਹੈ ਅਤੇ ਮਾੜੀਆਂ ਆਦਤਾਂ ਜਿਸ ਨੇ ਗ੍ਰਹਿਣ ਕੀਤੀਆਂ ਹੋਈਆਂ ਹਨ, ਜਿਸ ਨੇ ਆਪਣੇ ਪਾਰਬ੍ਰਹਮ ਹੋਣ ਦਾ ਭਰਮ ਪਾਲਿਆ ਹੋਇਆ ਹੈ ਅਤੇ ਆਪਣੀ ਅੰਦਰਲੀ ਹਾਲਤ ਜਾਣੀ ਹੀ ਨਹੀਂ ਹੈ, ਆਪਣੇ ਜੋਬਨ ਰੂਪ ਮਾਇਆ ਅਤੇ ਮਦ ਦੇ ਨਸ਼ੇ ਵਿੱਚ ਵਿਆਕੁਲ ਹੋ ਕੇ ਵਿਚਰਨ ਵਾਲਾ ਮਾਇਆ ਦੇ ਨਸ਼ੇ ਵਿੱਚ ਪਰਾਇਆ ਧਨ, ਪਰਾਈਆਂ ਇਸਤਰੀਆਂ ਬਾਰੇ ਬੁਰੇ ਸ਼ਬਦ ਅਤੇ ਪਰਾਈ ਨਿੰਦਿਆ ਨੂੰ ਜਿਸ ਕਿਸੇ ਜੀਵ (ਅਵਤਾਰਵਾਦੀ) ਨੇ ਮਿੱਠਾ ਜਾਣ ਕੇ, ਅਪਣਾ ਕੇ, ਆਪਣਾ ਹਿਤ ਇਨ੍ਹਾਂ ਗੱਲਾਂ ਨਾਲ ਜੋੜਿਆ ਹੋਇਆ ਹੈ, ਐਸੇ ਜਿਸ ਕਿਸੇ (ਅਵਤਾਰਵਾਦੀ ਦੇਹਧਾਰੀ) ਬਾਰੇ ਪੇਖਣ ਸੁਣਨ ਨੂੰ ਆਹ ਕੁੱਝ ਮਿਲਦਾ ਹੈ, ਐਸੇ ਠੱਗ ਅਭਿਮਾਨੀ (ਅਵਤਾਰਵਾਦੀ) ਲੋਕ ਆਪਣੀਆਂ ਕਰਤੂਤਾਂ ਛੁਪਾਉਣ ਦੇ ਉਪਾਅ ਵਾਸਤੇ ਉਹ ਆਪਣੇ ਆਪ ਨੂੰ ਪ੍ਰਭੂ ਅੰਤਰਜਾਮੀ ਅਖਵਾਉਂਦੇ ਹਨ। ਅਜਿਹੇ (ਠੱਗ) ਆਪਣੇ ਆਪ ਨੂੰ ਅੰਤਰਜਾਮੀ ਅਖਵਾਉਣ ਵਾਲੇ ਲੋਕ ਆਪ ਸੀਲ, ਸੰਤੋਖ, ਧਰਮ, ਸੱਚ ਤੋਂ ਨੱਸ ਚੁੱਕੇ ਹਨ ਅਤੇ ਆਪਣੀ ਸ਼ਰਨ ਆਉਣ ਵਾਲੇ ਜੀਵਾਂ ਨੂੰ ਦਾਨ ਦੇਣ ਵਾਸਤੇ ਧਰਤੀ ਉੱਪਰ ਆਏ ਅਖਵਾਉਂਦੇ ਹਨ। ਹੇ ਨਾਨਕ ਦੇ ਸੁਆਮੀ ਕਰਤੇ! ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲੇ, ਸਾਨੂੰ ਵੀ ਆਪਣੀ ਸ਼ਰਨ ਰੱਖ ਲੈ। 




.