ਕੀ ਹੁਣ ਸੱਚ ਬੋਲਣਾ ਗੁਨਾਹ ਹੈ ਅਤੇ ਝੂਠ ਬੋਲਣਾ ਹੀ ਸਿੱਖੀ ਹੈ?
ਗੁਰਬਾਣੀ ਵਿਚ ਜਪੁਜੀ ਦੇ ਪਹਿਲੇ
ਸਲੋਕ ਵਿਚ ਹੀ ਅਕਾਲ ਪੁਰਖ ਨੂੰ ਸੱਚ ਕਿਹਾ ਗਿਆ ਹੈ। ਸਾਰੀ ਗੁਰਬਾਣੀ ਸੱਚ ਕਹਿਣ ਅਤੇ ਸੱਚਾ ਜੀਵਨ
ਜੀਊਣ ਦੀ ਗੱਲ ਕਰਦੀ ਹੈ। ਗੁਰਬਾਣੀ ਤਾਂ ਕਹਿੰਦੀ ਹੈ ਕਿ:
ਬੋਲੀਐ ਸਚੁ ਧਰਮੁ ਝੂਠੁ ਨ ਬੋਲਐ॥ ਪੰਨਾ 488॥
ਪਾਂਡੇ ਨੂੰ ਸੰਬੋਧਨ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ:
ਝੂਠੁ ਨ ਬੋਲਿ ਪਾਂਡੇ ਸਚੁ ਕਹੀਐ॥ ਪੰਨਾ 904॥
ਇਸ ਤਰ੍ਹਾਂ ਦੇ ਅਨੇਕਾਂ ਹੀ ਪਰਮਾਣ ਗੁਰਬਾਣੀ ਵਿਚ ਮੌਜੂਦ ਹਨ ਜਿਹੜੇ ਕਿ ਸੱਚੀ ਗੱਲ ਕਹਿਣ
ਲਈ ਪ੍ਰੇਰਦੇ ਹਨ। ਮੈਨੂੰ ਤਾਂ ਹਾਲੇ ਤੱਕ ਕੋਈ ਐਸੀ ਗੱਲ ਗੁਰਬਾਣੀ
ਵਿਚੋਂ ਨਹੀਂ ਲੱਭੀ ਜਿਹੜੀ ਕਹਿੰਦੀ ਹੋਵੇ ਕਿ ਸੱਚਾ ਸਿੱਖ ਉਹੀ ਹੋ ਸਕਦਾ ਹੈ ਜਿਹੜਾ ਕਿ ਵੱਧ ਤੋਂ
ਵੱਧ ਧਰਮ ਦੇ ਨਾਮ ਤੇ ਝੂਠ ਬੋਲ ਕੇ ਆਮ ਲੋਕਾਈ ਨੂੰ ਗੁਮਰਾਹ ਕਰੇ। ਇਹ ਤਾਂ ਪਾਂਡੇ ਪਹਿਲਾਂ ਹੀ
ਵਥੇਰਾ ਕਰ ਰਹੇ ਸਨ। ਕੀ ਕੋਈ ਦੱਸ ਸਕਦਾ ਹੈ ਕਿ ਗੁਰਬਾਣੀ ਵਿਚ ਝੂਠ ਬੋਲ ਕਿ ਗੁਮਰਾਹ ਕਰਨ
ਦੀ ਤਾਕੀਦ ਕੀਤੀ ਗਈ ਹੈ? ਜੇ ਕਰ ਕੋਈ ਐਸਾ ਦੱਸ ਸਕਦਾ ਹੋਵੇ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ।
ਅਸੀਂ ਜਦੋਂ ਦੀ ਆਪਣੀ ਵੈਬ ਸਾਈਟ ਸ਼ੁਰੂ ਕੀਤੀ ਹੈ ਉਦੋਂ ਤੋਂ ਹੀ ਸਚਾਈ ਨੂੰ ਲੋਕਾਈ ਤੱਕ ਪਹੁੰਚਾਣ
ਦੀ ਕੋਸ਼ਿਸ਼ ਕਰਦੇ ਆ ਰਹੇ ਹਾਂ। ਪਰ ਸਿੱਖੀ ਭੇਸ ਵਿਚਲੇ ਕਈ ਤੰਗਦਿਲ ਲੋਕਾਂ ਨੂੰ ਇਹ ਸਚਾਈ ਹਜ਼ਮ ਹੋਣੀ
ਮੁਸ਼ਕਲ ਹੋ ਜਾਂਦੀ ਹੈ ਫਿਰ ਉਹ ‘ਸਿੱਖ ਮਾਰਗ’ ਵਿਰੁੱਧ ਜਾਂ ਇੱਥੇ ਲਿਖਣ ਵਾਲੇ ਲੇਖਕਾਂ ਵਿਰੁੱਧ
ਊਲ-ਜਲੂਲ ਲਿਖਣਾ ਸ਼ੁਰੂ ਕਰ ਦਿੰਦੇ ਹਨ। ਅਸੀਂ ਬਹੁਤਾ ਕਰਕੇ ਤਾਂ ਚੁੱਪ ਕਰ ਜਾਂਦੇ ਹਾਂ ਪਰ ਕਈ ਵਾਰੀ
ਉਸੇ ਬੋਲੀ ਵਿਚ ਸਾਨੂੰ ਵੀ ਜਵਾਬ ਦੇਣਾ ਪੈਂਦਾ ਹੈ। ਸਾਡੇ ਨਾਲ ਇਹ ਵਰਤਾਰਾ ਪਹਿਲੇ ਦਿਨ ਤੋਂ ਹੀ
ਚਾਲੂ ਹੈ। ਜਿਹੜੀ ਗੱਲ ਦਾ ਸਾਨੂੰ ਪਤਾ ਹੈ ਕਿ ਸੱਚੀ ਅਤੇ ਸਹੀ ਹੈ ਉਸ ਬਾਰੇ ਅਸੀਂ ਆਪਣੇ ਵਿਚਾਰ
ਕਿਸੇ ਦੀ ਵਿਰੋਧਤਾ ਕਾਰਨ ਇਕ ਪਰਸੈਂਟ ਵੀ ਨਹੀਂ ਬਦਲੇ ਅਤੇ ਨਾ ਹੀ ਅਗਾਂਹ ਨੂੰ ਬਦਲਾਂਗੇ ਭਾਂਵੇ
ਕੋਈ ਜਿਤਨਾ ਮਰਜ਼ੀ ਹੈ ਜੋਰ ਲੱਗਾ ਕੇ ਦੇਖ ਲਵੇ। ਹਾਂ, ਜੇ ਕਰ ਕੋਈ ਗੱਲ ਸਬੂਤਾਂ ਅਤੇ ਦਲੀਲਾਂ ਦੇ
ਅਧਾਰ ਤੇ ਸਭ ਨੂੰ ਕਾਇਲ ਕਰ ਲਵੇ ਤਾਂ ਸਾਨੂੰ ਵੀ ਆਪਣੇ ਵਿਚਾਰ ਬਦਲਣ ਵਿਚ ਕੋਈ ਵੀ ਦਿੱਕਤ ਨਹੀਂ
ਆਵੇਗੀ। ਪਰ ਧੱਕੇ, ਧੌਂਸ ਜਾਂ ਝੂਠੇ ਪ੍ਰਾਪੇਗੰਡੇ ਦੇ ਅਧਾਰ ਤੇ ਨਹੀਂ ਬਿੱਲ ਕੁੱਲ ਨਹੀਂ।
ਅਸੀਂ ਹੁਣ ਤੱਕ ਕਿਹੜੇ-ਕਿਹੜੇ ਸੱਚ ਤੋਂ ਸਿੱਖਾਂ ਨੂੰ ਜਾਣੂ ਕਰਵਾਇਆ ਹੈ ਇਸ ਬਾਰੇ ਸਾਡੇ ਪਾਠਕ
ਜਾਣਦੇ ਹਨ ਉਸ ਬਾਰੇ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ ਹੈ। ਅਸੀਂ ਇੱਥੇ ‘ਸਿੱਖ ਮਾਰਗ’ ਤੇ ਲਿਖਣ
ਵਾਲਿਆਂ ਲਈ ਕੁੱਝ ਨਿਯਮ ਤੈਹ ਕੀਤੇ ਹੋਏ ਹਨ ਉਹਨਾਂ ਦੇ ਅਧਾਰ ਤੇ ਇੱਥੇ ਹਰ ਇਕ ਨੂੰ ਆਪਣੇ ਵਿਚਾਰ
ਰੱਖਣ ਦੀ ਖੁੱਲ ਹੈ। ਜਿਹੜਾ ਵੀ ਵਿਅਕਤੀ ਦਸਮ ਗ੍ਰੰਥ ਅਤੇ ਰਾਗਮਾਲਾ ਨੂੰ ਗੁਰੂ ਕਿਰਤ ਨਹੀਂ
ਮੰਨਦਾ ਅਤੇ ਉਹ ਗੁਰਬਾਣੀ ਨੂੰ ਹੀ ਆਪਣਾ ਗੁਰੂ ਮੰਨਦਾ ਹੈ ਉਹ ਆਪਣੇ ਵਿਚਾਰ ਇੱਥੇ ਸਾਂਝੇ ਕਰ ਸਕਦਾ
ਹੈ। ਕਿਸੇ ਵੀ ਸੰਪਾਦਕ ਦਾ ਹਰ ਇਕ ਲੇਖਕ ਨਾਲ 100% ਸਹਿਮਤ ਹੋਣਾ ਜਰੂਰੀ ਨਹੀਂ ਹੁੰਦਾ ਅਤੇ ਨਾ
ਹੀ ਕਦੀ ਵੀ ਅਜਿਹਾ ਸੰਭਵ ਹੋ ਸਕਦਾ ਹੈ ਕਿ ਸੰਪਾਦਕ ਸਾਰੇ ਲੇਖਕਾਂ ਦੀਆਂ ਸਾਰੀਆਂ ਹੀ ਗੱਲਾਂ ਨਾਲ
100% ਸਹਿਮਤ ਹੋਵੇ। ਅਜਿਹੀ ਸੋਚ ਨਾਲ ਕੋਈ ਵੀ ਮੀਡੀਆ ਇਕ ਦਿਨ ਵੀ ਨਹੀਂ ਚਲ ਸਕਦਾ। ਜੇ ਕਰ ਅਕਾਲ
ਪੁਰਖ ਨੇ ਸਾਰੀਆਂ ਦੀਆਂ ਸ਼ਕਲਾਂ ਇਕੋ ਜਿਹੀਆਂ ਨਹੀਂ ਬਣਾਈਆਂ ਤਾਂ ਉਹ ਅਕਲਾਂ ਕਿਵੇਂ ਬਣਾ ਦਿੰਦਾ।
‘ਸਿੱਖ ਮਾਰਗ’ ਤੇ ਹਰ ਤਰ੍ਹਾਂ ਦੇ ਲੇਖਕ ਹਨ। ਇਕ ਸਾਧਾਰਨ ਮਜ਼ਦੂਰੀ ਕਰਨ ਵਾਲੇ ਤੋਂ ਲੈ ਕੇ ਡਾਕਟਰਾਂ
ਤੱਕ ਇਸ ਸਾਈਟ ਨਾਲ ਜੁੜੇ ਹੋਏ ਹਨ। ਗੁਰਬਾਣੀ ਦੀ ਵਿਆਖਿਆ ਵਿਚ ਵਿਰੋਧਾਭਾਸ ਵਾਲੇ ਵੀ ਹਨ ਕਿਉਂਕਿ
ਕਈ ਗੱਲਾਂ ਐਸੀਆਂ ਹੁੰਦੀਆਂ ਹਨ ਉਹਨਾਂ ਬਾਰੇ 100% ਸਹੀ ਜਾਂ ਗਲਤ ਹੋਣ ਦਾ ਨਿਰਣਾ ਨਹੀਂ ਕੀਤਾ ਜਾ
ਸਕਦਾ।
‘ਸਿੱਖ ਮਾਰਗ’ ਦੇ ਹਜ਼ਾਰਾਂ ਹੀ ਪਾਠਕਾਂ/ਲੇਖਕਾਂ ਵਿਚੋਂ ਹੀ ਇਕ ਹੈ ਡਾ: ਇਕਬਾਲ ਸਿੰਘ ਢਿੱਲੋਂ।
ਸਾਡੀ ਉਸ ਨਾਲ ਨਾ ਤਾਂ ਕੋਈ ਵੱਖਰੀ ਭਾਈਬੰਦੀ ਹੈ ਅਤੇ ਨਾ ਹੀ ਕੋਈ ਰਿਸ਼ਤੇਦਾਰੀ ਅਤੇ ਨਾ ਹੀ ਉਸ ਨਾਲ
ਕੋਈ ਵੱਖਰਾ ਸਲੂਕ ਕਰਦੇ ਹਾਂ। ਜੇ ਕਰ ਇੱਥੇ ਉਸ ਨਾਲ ਕੋਈ ਵੱਖਰਾ ਸਲੂਕ ਹੋਇਆ ਹੈ ਤਾਂ ਉਹ ਸਿਰਫ ਇਹ
ਹੋਇਆ ਹੈ ਕਿ ਉਸ ਦੇ ਬੋਲਣ ਲਿਖਣ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਅਸੀਂ ਕਿਸੇ ਦੀ ਧੌਂਸ ਦੀ ਪ੍ਰਵਾਹ
ਨਹੀਂ ਕੀਤੀ। ਬਾਕੀ ਹੋਰ ਲੇਖਕਾਂ ਦੀਆਂ ਲਿਖਤਾਂ ਦੀ ਤਰ੍ਹਾਂ ਹੀ ਮੈਂ ਕਈ ਟਿੱਪਣੀਆਂ ਉਸ ਦੀਆਂ
ਲਿਖਤਾਂ ਤੇ ਵੀ ਕੀਤੀਆਂ ਹਨ। ਮੈਂ ਟਿੱਪਣੀ ਉਥੇ ਹੀ ਕਰਦਾ ਹਾਂ ਜਿਥੇ ਕਿ ਮੈਨੂੰ ਪੂਰਾ ਯਕੀਨ ਹੋਵੇ
ਕਿ ਆਹ ਗੱਲ ਠੀਕ ਜਾਂ ਗਲਤ ਹੈ। ਜਿਸ ਵਿਸ਼ੇ ਬਾਰੇ ਗਿਆਨ ਅਧੂਰਾ ਹੋਵੇ ਉਥੇ ਟਿੱਪਣੀ ਕਰਨੀ ਆਪਣਾ
ਮੂਰਖਪੁਣਾ ਜ਼ਾਹਰ ਕਰਨਾ ਹੁੰਦਾ ਹੈ। ਬਹੁਤੇ ਲੋਕ ਅਜਿਹਾ ਕਰਦੇ ਹਨ। ਖਾਸ ਕਰਕੇ ਫੇਸਬੁੱਕੀਏ। ਮਿਸਾਲ
ਦੇ ਤੌਰ ਤੇ ਭਾਸ਼ਾ ਦਾ ਮੈਂ ਕੋਈ ਬਹੁਤਾ ਗਿਆਤਾ ਨਹੀਂ ਹਾਂ ਇਸ ਲਈ ਮੈਂ ਵਿਆਕਰਣ ਜਾਂ ਭਾਸ਼ਾ ਨਾਲ
ਸੰਬੰਧਿਤ ਲਿਖਤਾਂ ਤੇ ਕਦੀ ਵੀ ਕੋਈ ਟਿੱਪਣੀ ਨਹੀਂ ਕਰਦਾ। ਡਾ: ਇਕਬਾਲ ਢਿੱਲੋਂ ਦੇ ਦੋ ਲੇਖ ਮਾਰਚ
2014 ਨੂੰ ਛਪੇ ਸਨ। ਉਹਨਾਂ ਦੀਆਂ ਦਲੀਲਾਂ ਦੀ ਪ੍ਰਸੰਸਾ ਵੀ ਕੀਤੀ ਪਰ ਨਾਲ ਹੀ ਭਾਈ ਗੁਰਦਾਸ ਜੀ
ਬਾਰੇ ਲਿਖਤ ਦੀ ਟਿੱਪਣੀ ਵੀ ਕੀਤੀ ਸੀ। ਕਈ ਝੂਠੇ ਲੋਕ ਇਹ ਵੀ ਦੁਹਾਈ ਪਾਉਂਦੇ ਹਨ ਕਿ ਇਹਨਾਂ ਦੀ
ਮਨਸ਼ਾ ਆਹ ਹੈ ਜਾਂ ਔਹ ਹੈ। ਇਹਨੀਂ ਆ ਕਰ ਦੇਣਾ ਹੈ ਜਾਂ ਔਹ ਕਰ ਦੇਣਾ ਹੈ। ਜੇ ਕਰ ਇਕ ਵਾਰੀ ਜਿਲਦ
ਖੁੱਲ ਗਈ ਪਤਾ ਨਹੀਂ ਕਿ ਇਹਨਾਂ ਨੇ ਕੀ ਕੁੱਝ ਕਰ ਦੇਣਾ ਹੈ। ਮੈਨੂੰ ਸਮਝ
ਨਹੀਂ ਆਉਂਦੀ ਕਿ ਅਜਿਹੇ ਲੋਕ ਇਤਨਾ ਝੂਠ ਬੋਲਣ ਲੱਗੇ ਸ਼ਰਮ ਮਹਿਸੂਸ ਕਿਉਂ ਨਹੀਂ ਕਰਦੇ? ਕੀ ‘ਸਿੱਖ
ਮਾਰਗ’ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਾਪਣ ਦੀ ਆਪਣੀ ਕੋਈ ਪ੍ਰੈਸ ਲਾਈ ਹੋਈ ਹੈ ਜਿਥੇ ਕਿ
ਇਹ ਸਾਰਾ ਕੁੱਝ ਹੋਣਾ ਹੈ। ਓਏ ਝੂਠਿਓ ਤੇ ਢੀਠੋ ਸਾਡੇ ਕੋਲ ਅਜਿਹਾ ਕੁੱਝ ਨਹੀਂ ਹੈ ਇਹ ਕੰਮ ਤਾਂ
ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਕੋਲ ਹੈ। ਅਸੀਂ ਤਾਂ ਹੋਰ ਸੱਚਾਈਆਂ ਦੀ ਤਰ੍ਹਾਂ ਇਸ ਸਚਾਈ ਨੂੰ
ਵੀ ਲੋਕਾਂ ਸਾਹਮਣੇ ਲਿਆ ਕੇ ਆਮ ਸਿੱਖਾਂ ਨੂੰ ਸਚਾਈ ਤੋਂ ਜਾਣੂ ਕਰਵਾਇਆ ਹੈ। ਕੀ ਹੁਣ ਝੂਠ ਬੋਲ ਕੇ
ਗੁਮਰਾਹ ਕਰਨਾ ਹੀ ਵਧੀਆ ਸਿੱਖ ਹੋਣ ਦੀ ਨਿਸ਼ਾਨੀ ਰਹਿ ਗਿਆ ਹੈ ਅਤੇ ਸੱਚ ਬੋਲਣਾ/ਲਿਖਣਾ ਗੁਨਾਹ ਬਣ
ਗਿਆ ਹੈ?
ਅਸਲੀ ਪੁਆੜੇ ਦੀ ਜੜ੍ਹ ਸਿੱਖਾਂ ਦੀ ਆਪਣੀ ਬੇਵਕੂਫੀ ਹੈ। ਜਿਹਨਾਂ ਨੇ ਕਿ ਆਪਣੇ ਕੇਂਦਰੀ ਗੁਰਦੁਆਰੇ
ਰਾਜਨੀਤਕ ਲੋਕਾਂ ਨੂੰ ਸੰਭਾਲੇ ਹੋਏ ਹਨ ਅਤੇ ਉਹਨਾਂ ਵਿਚਲੇ ਗ੍ਰੰਥੀ ਡੇਰਿਆਂ ਨਾਲ ਸੰਬੰਧਿਤ ਹਨ।
ਫਿਰ ਜਦੋਂ ਇਹ ਰਲ ਕੇ ਕੋਈ ਬੇਵਕੂਫਾਂ ਵਾਲੀਆਂ ਗੱਲਾਂ ਕਰਦੇ ਹਨ ਤਾਂ ਉਸ ਦਾ ਖ਼ਮਿਆਜ਼ਾ ਸਾਰੀ ਕੌਮ
ਨੂੰ ਭੁਗਤਣਾ ਭੋਗਣਾ ਪੈਂਦਾ ਹੈ। ਜਦੋਂ ਪਹਿਲਾਂ ਬੇਅਕਲੀਆਂ ਅਤੇ ਬੇਵਕੂਫਾਂ ਵਾਲੀਆਂ ਗੱਲਾਂ ਕਰਕੇ
ਬਿਨਾ ਦੂਰ ਅੰਦੇਸ਼ੀ ਦੇ ਛਾਪੇਖ਼ਾਨੇ ਵਿਚ ਬੀੜਾਂ ਛਾਪਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜੇ ਉਸ ਵੇਲੇ ਹੀ
ਕੋਈ ਅਕਲ ਵਾਲਾ ਕੰਮ ਕੀਤਾ ਹੁੰਦਾ ਤਾਂ ਇਹ ਹੁਣ ਵਾਲੀਆਂ ਸਮੱਸਿਆਵਾਂ ਪੈਦਾ ਨਹੀਂ ਸੀ ਹੋਣੀਆਂ।
ਪਾਠਕਾਂ ਦੀ ਜਾਣਕਾਰੀ ਲਈ ਮਾਰਚ 2014 ਦੇ ਸਿੱਖ ਫੁਲਵਾੜੀ ਵਿਚੋਂ ਇਕ ਸਵਾਲ ਜਵਾਬ ਦਾ ਹਵਾਲਾ ਦੇ
ਰਿਹਾ ਹਾਂ।
ਸਵਾਲ: ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਹੜੇ ਸਾਲ ਵਿਚ ਤੇ ਕਿਹੜੇ
ਪ੍ਰੈੱਸ ਤੋਂ ਛਾਪੇ ਗਏ ਸਨ?
ਜਵਾਬ: ਡਾ: ਗੁਰਸ਼ਰਨਜੀਤ ਸਿੰਘ (ਗੁਰੂ ਗ੍ਰੰਥ ਸਾਹਿਬ:
ਪਰੰਪਰਾ ਅਤੇ ਇਤਿਹਾਸ, ਪੰਨਾ 53-54) ਅਨੁਸਾਰ ਲਾਹੌਰ ਦੇ ਲਾਲਾ ਹਰਿਸੁਖ ਰਾਏ ਨੇ, ਸੰਨ 1864 ਵਿਚ,
ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ਪੱਥਰ-ਛਾਪੇ ਦੀ ਛਾਪੀ ਸੀ। ਉਨ੍ਹਾਂ ਦੇ ਪ੍ਰੈਸ ਦਾ ਨਾਮ
‘ਕੋਹਿਨੂਰ ਯੰਤ੍ਰਾਲਯ’ ਸੀ। ਇਸ ਦੇ ਮਗਰੋਂ ਲਾਹੌਰ ਦੇ ਇਕ ਹੋਰ ਵਪਾਰੀ ਮੁਨਸ਼ੀ ਹੀਰਾ ਨੰਦ ਨੇ ਸੰਨ
1893 ਵਿਚ ਆਪਣੀ ਪ੍ਰੈਸ ‘ਵਿੱਦਿਆ ਪ੍ਰਕਾਸ਼ ਪ੍ਰੈਸ’ ਵਿਚ 1430 ਪੰਨਿਆਂ ਵਾਲੀ ਬੀੜ ਛਾਪੀ ਸੀ। ਇਸ
ਦੇ ਮਗਰੋਂ ਸਭ ਬੀੜਾਂ 1430 ਪੰਨਿਆਂ ਦੀਆਂ ਹੀ ਛਪਣ ਲੱਗ ਪਈਆਂ।
ਉਪਰਲੀ ਗੱਲ ਤੋਂ ਇਕ ਗੱਲ ਤਾਂ ਸਪਸ਼ਟ ਹੈ ਵਪਾਰੀ ਦੁਕਾਨਦਾਰ ਆਪਣੇ ਮੁਨਾਫ਼ੇ ਲਈ ਬੀੜਾਂ ਛਾਪਣੀਆਂ
ਚਾਹੁੰਦੇ ਸਨ ਅਤੇ ਬੇਵਕੂਫ਼ ਲੀਡਰਾਂ ਨੇ ਸੋਚੇ ਸਮਝੇ ਬਿਨਾ ਅਤੇ ਪਰਚੀਆਂ ਨਾਲ ਫੈਸਲੇ ਕਰਕੇ, ਉਹਨਾਂ
ਨੂੰ ਛਾਪਣ ਲਈ ਦੇ ਦਿੱਤੀਆਂ। ਉਸ ਤੋਂ ਬਾਅਦ ਤਰੁੱਟੀਆਂ ਅਤੇ ਅਸ਼ੁੱਧੀਆਂ ਲਈ ਇਤਰਾਜ਼ ਉਠਣ ਲੱਗੇ।
ਜਿਹਨਾਂ ਵਿਚੋਂ ਸਭ ਤੋਂ ਵੱਡਾ ਇਤਰਾਜ਼ ਰਾਗਮਾਲਾ ਬਾਰੇ ਸੀ/ਹੈ।
ਕਰਤਾਰਪੁਰੀ ਬੀੜ ਬਾਰੇ ਡਾ: ਢਿੱਲੋਂ ਨੇ ਜੋ ਲੇਖ ਲਿਖਿਆ ਸੀ ਉਸ ਵਿਚ ਵਰਤੀ ਸ਼ਬਦਾਵਲੀ ਤੇ ਇਤਰਾਜ਼ ਹੋ
ਸਕਦਾ ਹੈ ਪਰ ਜੋ ਕੁੱਝ ਉਸ ਨੇ ਲਿਖਿਆ ਹੈ ਉਹ ਤਾਂ ਹੋਰ ਵੀ ਕਈ ਵਿਦਵਾਨ ਪਹਿਲਾਂ ਵੀ ਲਿਖ ਚੁੱਕੇ
ਹਨ। ਹਾਲੇ ਕੁੱਝ ਦਿਨ ਪਹਿਲਾਂ ਹੀ ਡਾ: ਦਿਲਗੀਰ ਦਾ ਇਕ ਲੇਖ ‘ਸਪੋਕਸਮੈਨ’ ਅਤੇ ‘ਡੇਲੀ ਸਿੱਖ ਨਿਊਜ਼’
ਤੇ ਛਪਿਆ ਹੈ। ਹੋ ਸਕਦਾ ਹੈ ਫੇਸਬੁਕ ਜਾਂ ਹੋਰ ਕਿਤੇ ਵੀ ਛਪਿਆ ਹੋਵੇ। ਇਸ ਲੇਖ ਵਿਚ ਕਰਤਾਰਪੁਰੀ
ਬੀੜ ਬਾਰੇ ਬਹੁਤੀ ਰਲਦੀ ਮਿਲਦੀ ਸ਼ਬਦਾਵਲੀ ਡਾ: ਦਿਲਗੀਰ ਨੇ ਵੀ ਉਹੀ ਵਰਤੀ ਹੈ ਜੋ ਡਾ: ਢਿੱਲੋਂ ਨੇ
ਵਰਤੀ ਸੀ। ਡਾ: ਦਿਲਗੀਰ ਦਾ ਲੇਖ ਹੇਠ ਲਿਖੇ ਲਿੰਕਾਂ ਤੇ ਪੜ੍ਹਿਆ ਜਾ ਸਕਦਾ ਹੈ।
http://www.rozanaspokesman.com/epaper/fullpage.aspx?edition=main&yview=2014&mview=May&dview=07&pview=16
http://www.dailysikhnews.com/article.php
’ਸਿੱਖ ਮਾਰਗ’ ਦੇ ਪਾਠਕਾਂ ਦੀ ਜਾਣਕਾਰੀ ਲਈ ਅਸੀਂ ਦੋ ਪੰਨੇ ਕਰਤਾਰਪੁਰੀ ਬੀੜ ਬਾਰੇ, ਗਿਆਨੀ
ਗੁਰਦਿੱਤ ਸਿੰਘ ਦੀ ਕਿਤਾਬ ਮੁੰਦਾਵਣੀ ਵਿੱਚੋਂ ਸਕੈਨ ਕਰਕੇ ਪਾ ਰਹੇ ਹਾਂ।
ਪਾਠਕ ਪੜ੍ਹ ਕੇ ਆਪ ਹੀ ਅੰਦਾਜ਼ਾ ਲਾ ਲੈਣਗੇ ਕਿ ਸਿੱਖੀ ਭੇਸ ਵਿਚਲੇ ਝੂਠੇ
ਲੋਕ ਕਿਵੇਂ ਝੂਠ ਬੋਲ ਕੇ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ।
ਅਜਿਹੇ ਝੂਠੇ ਲੋਕਾਂ ਦੀ ਅਗਵਾਈ ‘ਗੁਰੂ ਗ੍ਰੰਥ ਦੇ
ਖਾਲਸਾ ਪੰਥ’ ਦੇ ਨਾਮ ਦੀ ਇਕ ਜਥੇਬੰਦੀ ਦਾ ਸਕੱਤਰ, ਰੱਜ ਕੇ ਝੂਠ ਬੋਲਣ ਵਾਲਾ ਮਨਜੀਤ ਸਿੰਘ ਮੋਹਾਲੀ
ਕਰਦਾ ਹੈ। ਇਸ ਦੇ ਝੂਠ ਬੋਲਣ ਅਤੇ ਮੂੰਹ ਕਾਲਾ ਕਰਵਾਉਣ ਵਾਲੀ ਗੱਲ ਅਸੀਂ ਪਹਿਲਾਂ ਹੀ ਆਪਣੇ
ਪਾਠਕਾਂ ਨੂੰ ਦੱਸ ਚੁੱਕੇ ਹਾਂ। ਇਸ ਨੇ ‘ਸਿੱਖ ਮਾਰਗ’ ਵਿਰੁੱਧ ਕਈ ਵੀ ਡੀ ਓ ਰਿਕਾਰਡ ਕਰਕੇ ਪਾਈਆਂ
ਸਨ। ਜਿਹਨਾਂ ਦੇ ਅਧਾਰ ਤੇ ਇਸ ਨੂੰ ਅਤੇ ਇਸ ਦੇ ਸਾਥੀਆਂ ਨੂੰ ਅਸੀਂ ਸਿੱਖ ਮਾਰਗ ਤੇ ਵਿਚਾਰ ਕਰਨ ਦੀ
ਚੁਣੌਤੀ ਦਿੱਤੀ ਸੀ।
https://www.youtube.com/watch?v=W2yVFTVJiPg&t=31m54s
ਇਹ ਸਿੱਧੇ ਵਿਚਾਰ ਕਰਨ ਦਾ ਹੌਸਲਾ
ਤਾ ਕਰ ਨਹੀਂ ਸਕੇ ਪਰ ਇਹਨਾਂ ਦੇ ਦਿੱਲੀ ਵਾਲੇ ਸਾਥੀਆਂ ਨੇ ਸਾਨੂੰ ਹੋਰ ਹੀ ਪੁੱਠੇ-ਸਿੱਧੇ ਸਵਾਲ
ਭੇਜ ਦਿੱਤੇ। ਜਿਹਨਾਂ ਦੇ ਜਵਾਬ ਮੈਂ ਆਪਣੀ ਸੋਚਣੀ ਅਤੇ ਸਮੇਂ ਮੁਤਾਬਕ ਦੇ ਦਿੱਤੇ। ਫਿਰ ਉਹਨਾਂ ਨੇ
ਜਵਾਬਾਂ ਵਿਚੋਂ ਹੋਰ ਸਵਾਲ ਕੱਢ ਲਏ। ਇਸ ਬਾਰੇ ਮੈਂ ਕੁੱਝ ਸੱਜਣਾ ਨਾਲ
ਸਲਾਹ ਕੀਤੀ ਕਿ ਇਹ ਅਸਲੀ ਗੱਲ ਤੇ ਤਾਂ ਆਉਂਦੇ ਨਹੀਂ ਹੁਣ ਕੀ ਕਰਨਾ ਚਾਹੀਦਾ ਹੈ ਤਾਂ ਉਹਨਾਂ ਨੇ
ਸਲਾਹ ਦਿੱਤੀ ਕਿ ਇਹ ਸਮਾ ਖ਼ਰਾਬ ਕਰਦੇ ਹਨ। ਜਿਹੜੀ ਗੱਲ ਠੀਕ ਲਗਦੀ ਹੈ ਉਸ ਨੂੰ ਹਾਈ ਲਾਈਟ ਕਰਕੇ ਉਸ
ਤੇ ਅਮਲ ਕਰ ਲਵੋ ਅਤੇ ਬਾਕੀ ਨੂੰ ਛੋਟਾ ਕਰਕੇ ਪਾਓ ਤਾਂ ਕਿ ਇਹ ਸਮਝ ਜਾਣ ਕੇ ਹੋਰ ਪਾਸੇ ਸਮਾ ਖ਼ਰਾਬ
ਨਾ ਕਰੋ। ਜੇ ਕਿਸੇ ਨੇ ਪੜ੍ਹਨਾ ਹੋਵੇਗਾ ਉਹ ਆਪੇ ਹੀ ਕਾਪੀ ਪੇਸਟ ਕਰਕੇ ਪੜ੍ਹ ਲਵੇਗਾ। ਕਿਉਂਕਿ ਇਹ
ਯੂਨੀਕੋਡ ਵਿਚ ਹਨ ਇਸ ਲਈ ਨਾ ਪੜ੍ਹ ਸਕਣ ਦਾ ਤਾਂ ਕੋਈ ਬਹਾਨਾ ਨਹੀਂ ਹੋਵੇਗਾ। ਇਸ ਤੋਂ
ਬਾਅਦ ਫਿਰ ਹੋਰ ਸਵਾਲ ਭੇਜੇ ਜਿਹਨਾਂ ਦੇ ਪਹੁੰਚਣ ਦੀ ਗੱਲ ਇਹਨਾਂ ਨੂੰ ਦੱਸ ਦਿੱਤੀ ਸੀ। ਇਹ
ਕਰਤਾਰਪੁਰੀ ਬੀੜ ਬਾਰੇ ਵਿਚਾਰ ਕਰਨ ਲਈ ਤਾਂ ਨਾ ਆਏ ਪਰ ਇਹਨਾਂ ਵੱਲੋਂ ਝੂਠਾ ਪ੍ਰਾਪੇਗੰਡਾ ਹੁਣ ਤੱਕ
ਜਾਰੀ ਹੈ। ਜਿਹਨਾਂ ਵਿਚੋਂ ਇਕ ਇਹ ਵੀ ਝੂਠ ਹੈ ਕਿ ਸਿੱਖ ਮਾਰਗ ਨੇ ਜਾਣਬੁਝ ਕੇ ਸਾਡੀ ਈ-ਮੇਲ ਬਾਰੇ
ਸਰਵਰ ਤੇ ਕੁੱਝ ਕਰ ਦਿੱਤਾ ਸੀ। ਜੋ ਕਿ 100% ਕੋਰਾ ਝੂਠ ਹੈ। ਇਸ ਝੂਠ ਬਾਰੇ ਤੁਸੀਂ ਬਲਦੇਵ
ਸਿੰਘ ਟਰਾਂਟੋ ਨਾਲ ਗੱਲ ਕਰਕੇ ਪੁੱਛ ਸਕਦੇ ਹੋ। ਇਹ ਸਮੱਸਿਆ ਉਹਨਾਂ ਸਮੇਤ ਹੋਰ ਵੀ ਕਈਆਂ ਨੂੰ ਆਈ
ਸੀ। ਬਲਦੇਵ ਸਿੰਘ ਨੇ ਜਦੋਂ ਇਸ ਬਾਰੇ ਫੂਨ ਕਰਕੇ ਦੱਸਿਆ ਤਾਂ ਮੈਂ ਉਸ ਨੂੰ ਆਪਣਾ ਜੀ-ਮੇਲ ਵਾਲਾ
ਐਡਰੈਸ ਵੀ ਦੇ ਦਿੱਤਾ ਸੀ।
ਮਈ 2009 ਵਿੱਚ, ਜਦੋਂ ਡੇਰੇ ਵਾਲਾ ਇਕ ਸਾਧ ਹਰੀ ਸਿੰਘ ਰੰਧਾਵਾ ਨਿਊਯਾਰਕ ਆਇਆ ਸੀ ਤਾਂ ਉਸ ਨੇ ਦਸਮ
ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਨੂੰ ਸੱਦਾ ਦਿੱਤਾ ਕਿ ਮੇਰੇ ਨਾਲ ਵਿਚਾਰ ਕਰ ਲਓ। ਜਦੋਂ ਇਕ ਸੱਜਣ
ਵਿਚਾਰ ਕਰਨ ਲਈ ਗਿਆ ਤਾਂ ਉਸ ਨੂੰ ਕਹਿ ਦਿੱਤਾ ਕਿ ਤੂੰ ਮੇਰੇ ਲੈਵਲ ਦਾ ਵਿਦਵਾਨ ਨਹੀਂ, ਮੈਂ ਤੇਰੇ
ਨਾਲ ਵਿਚਾਰ ਨਹੀਂ ਕਰਨੀ। ਫਿਰ ਦੂਸਰਾ ਸੱਜਣ ਗਿਆ ਤਾਂ ਉਸ ਨੇ ਕਹਿ ਦਿੱਤਾ ਕਿ ਅਕਾਲ ਤਖਤ ਸਾਹਿਬ
ਤੋਂ ਹੁਕਮਨਾਮਾ ਜਾਰੀ ਹੋਇਆ ਹੈ ਕਿ ਦਸਮ ਗ੍ਰੰਥ ਬਾਰੇ ਕੋਈ ਵਿਚਾਰ ਚਰਚਾ ਨਾ ਕੀਤੀ ਜਾਵੇ ਅਤੇ ਸਟੇਜ
ਛਡ ਕੇ ਚਲਾ ਗਿਆ। ਇਹੀ ਹਾਲ ਇਹਨਾਂ ਝੂਠਿਆਂ ਦਾ ਹੈ ਕਿ ਤੁਹਾਨੂੰ ਸਾਡੀ
ਗੱਲ ਸਮਝ ਨਹੀਂ ਆਉਣੀ। ਭਾਵ ਕਿ ਜਿਸ ਤਰ੍ਹਾਂ ਦੇ ਵਿਦਵਾਨ ਇਹਨਾਂ ਕੋਲ ਹਨ ਉਹ ਸਾਡੇ ਕੋਲ ਨਹੀਂ ਹਨ।
ਅਸੀਂ ਇਹ ਚਾਹੁੰਦੇ ਵੀ ਨਹੀਂ ਕਿ ਇਨ੍ਹਾਂ ਵਰਗੇ ਝੂਠੇ ਘੁਮੰਡੀ ਅਤੇ ਫਰੇਬੀ ਸਿੱਖ ਮਾਰਗ ਨਾਲ ਜੁੜਨ।
ਅਸੀਂ ਛੋਟੇ-ਛੋਟੇ ਬੰਦੇ, ਡਰਾਈਵਰ, ਦਿਹਾੜੀਦਾਰ ਅਤੇ ਕਿਰਤੀ ਹੀ ਚੰਗੇ ਹਾਂ ਜਿਹਨਾ ਦੀ ਅਕਲ ਭਾਂਵੇ
ਛੋਟੀ ਹੀ ਹੋਵੇ ਪਰ ਸੱਚ ਤੇ ਖੜ ਕੇ ਸੱਚੀ ਗੱਲ ਤਾਂ ਲੋਕਾਈ ਨੂੰ ਦੱਸਦੇ ਹਨ। ਹੁਣ ਤੁਹਾਨੂੰ ਆਪਣੀ
ਅਤੇ ਆਪਣੇ ਹੋਰ ਵਿਦਵਾਨ ਸਾਥੀਆਂ ਦੀ ਅਕਲ ਸਾਰਿਆਂ ਦੇ ਸਾਹਮਣੇ ਰੱਖਣੀ ਚਾਹੀਦੀ ਹੈ।
ਚਲੋ! ਇਕ ਮਿੰਟ ਲਈ ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ ਕਿ ਸਾਡੇ ਵਿਚ ਇਹ ਘਾਟਾਂ ਹਨ ਪਰ ਇਕ ਗੱਲ
ਜ਼ਰੂਰ ਹੈ ਕਿ ਹੁਣ ਅਸੀਂ ਤੁਹਾਡੇ ਵਿਦਵਾਨਾਂ ਦੀ ਖੋਜ ਅਤੇ ਵਿਦਵਤਾ ਦੇ ਦਰਸ਼ਨ ਸਿੱਖ ਕੌਮ ਨੂੰ ਵੀ
ਕਰਵਾਉਣੇ ਹਨ। ਕਿਉਂਕਿ ਤੁਹਾਡੇ ਮੁਤਾਬਕ ਅਸੀਂ ਤੁਹਾਡੇ ਪੱਧਰ ਦੇ ਨਹੀ ਹਾਂ, ਇਸ ਲਈ ਅਸੀਂ ਤੁਹਾਡੇ
ਤੋਂ ਕੁਝ ਸਿੱਖਣਾ ਚਾਹੁੰਦੇ ਹਾਂ ਤਾਂ ਜੋ ਸਾਡਾ ਵੀ ਪੱਧਰ ਸ਼ਾਇਦ ਕੁਝ ਉੱਚਾ ਹੋ ਸਕੇ। ਅਸੀਂ ਆਪਣੀ
ਜਾਣਕਾਰੀ ਲਈ ਕੁਝ ਸਵਾਲ ਕਰਨੇ ਹਨ। ਤੁਸੀਂ ਆਪਣੇ ਜਵਾਬ ਜਿਥੇ ਮਰਜ਼ੀ ਦੇ ਸਕਦੇ ਹੋ। ਆਪਣੇ ਨਾਲ
ਸੰਬੰਧਿਤ ਸਾਈਟਾਂ ਦੇ ਦਿਓ, ਫੇਸ ਬੁੱਕ ਤੇ ਦਿਓ, ਜਾਂ ਯੂ ਟਿਉਬ ਤੇ ਰਿਕਾਰਡ ਕਰਕੇ ਦਿਓ। ਕਿਉਂਕਿ 7
ਮਈ ਦੇ ਪ੍ਰੈਸ ਨੋਟ ਮੁਤਾਬਕ ਸਾਰੀ ਜਥੇਬੰਦੀ ਮਨਜੀਤ ਸਿੰਘ ਦੀ ਪਿੱਠ ਤੇ ਆ ਖੜੀ ਹੋਈ ਹੈ ਇਸ ਲਈ
ਸਾਡੇ ਸਵਾਲ ਵੀ ਸਿੱਧੇ ‘ਗੁਰੂ ਗ੍ਰੰਥ ਦੇ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ’ ਨੂੰ ਅਤੇ ਇਹਨਾਂ ਦੇ
ਹੋਰ ਸਾਰੇ ਸਹਿਯੋਗੀਆਂ ਨੂੰ ਹਨ ਜਿਹੜੇ ਇਹਨਾਂ ਨਾਲ ਸਹਿਮਤ ਹਨ ਜਾਂ ਇਹਨਾਂ ਦੀ ਪਿੱਠ ਠੋਕਦੇ ਹਨ ਕਿ
ਇਹ ਠੀਕ ਹਨ।
ਪਹਿਲਾ ਸਵਾਲ ਮੇਰੇ ਵੱਲੋਂ ਹੈ ਅਤੇ ਉਹ ਇਹ ਹੈ ਕਿ,
“ਮੌਜੂਦਾ ਕਰਤਾਰਪੁਰੀ ਬੀੜ ਜਿਸ ਬਾਰੇ ਡਾ: ਜੋਧ
ਸਿੰਘ ਨੇ ਕਰਤਾਰਪੁਰੀ ਬੀੜ ਦੇ ਦਰਸ਼ਨ ਕਿਤਾਬ ਲਿਖੀ ਹੈ। ਕੀ ਉਹ ਬੀੜ ਭਾਈ ਗੁਰਦਾਸ ਜੀ ਦੀ ਲਿਖੀ ਹੋਈ
ਪਹਿਲੀ ਹੱਥ ਲਿਖਤ ਬੀੜ ਹੈ”? ਇਸ ਸਵਾਲ ਦਾ ਜਵਾਬ ਆਉਣ ਤੇ ਫਿਰ ਹੋਰ ਸਵਾਲ ‘ਸਿੱਖ ਮਾਰਗ’ ਦੇ ਹੋਰ
ਪਾਠਕਾਂ/ਲੇਖਕਾਂ ਦੀ ਸਲਾਹ ਨਾਲ ਕੀਤੇ ਜਾਣਗੇ।
ਨੋਟ:- ਇਸ ਲੇਖ ਵਿਚਲਾ ਸਵਾਲ ਪਾਠਕਾਂ ਦੇ ਪੰਨੇ ਤੇ ਵੀ ਪਾਇਆ ਜਾ ਰਿਹਾ ਹੈ ਅਤੇ ਉਥੇ ਇਸ ਲੇਖ ਦਾ
ਲਿੰਕ ਵੀ। ਅਗਾਂਹ ਨੂੰ ਸਾਰੇ ਸਵਾਲ/ਜਵਾਬ ਪਾਠਕਾਂ ਦੇ ਪੰਨੇ ਤੇ ਹੀ ਪਾਏ ਜਾਣਗੇ।
ਮੱਖਣ ਸਿੰਘ ਪੁਰੇਵਾਲ,
ਮਈ 11, 2014