. |
|
……ਖੁਸੀ ਖੁਆਰੁ॥
ਖ਼ੁਸ਼ੀ ਫ਼ਾਰਸੀ ਬੋਲੀ ਦਾ ਲਫ਼ਜ਼ ਹੈ ਜਿਸ ਦੇ ਅਰਥ ਹਨ: ੧. ਪ੍ਰਸੰਨਤਾ, ਆਨੰਦ;
੨. ਖ਼ੂਬੀ, ਨੇਕੀ। ਖ਼ੁਸ਼ੀ ਦੋ ਪਰਕਾਰ ਦੀ ਹੈ: ਇਕ, ਸੰਸਾਰਕ ਜਾਂ ਪਦਾਰਥਕ ਜੋ ਕਿ ਸਰੀਰਕ ਅਥਵਾ
ਇੰਦਰੀਗਤ (sensuous)
ਹੁੰਦੀ ਹੈ; ਅਤੇ ਦੂਜੀ, ਆਤਮਿਕ (spiritual),
ਜਿਸ ਦਾ ਸੰਬੰਧ ਸਰੀਰ ਨਾਲੋਂ ਆਤਮਾ ਨਾਲ ਵਧੇਰੇ
ਹੁੰਦਾ ਹੈ। ਇਸ ਖੁਸ਼ੀ ਨੂੰ ਆਤਮ-ਆਨੰਦ ਵੀ ਕਿਹਾ ਜਾਂਦਾ ਹੈ। ਪਦਾਰਥਕ ਤੇ ਇੰਦਰੀਗਤ ਖੁਸ਼ੀ ਆਰਜ਼ੀ ਤੇ
ਥੁੜਚਿਰੀ ਹੁੰਦੀ ਹੈ। ਇਸ ਖੁਸ਼ੀ ਦੀ ਲਾਲਸਾ ਤੇ ਬਹੁਤਾਤ ਸਰੀਰਿਕ ਤੇ ਮਾਨਸਿਕ ਰੋਗਾਂ ਦਾ ਕਾਰਣ ਬਣਦੀ
ਹੈ। ਆਤਮਿਕ ਖੁਸ਼ੀ ਦਾ ਸੰਬੰਧ ਆਤਮਾ ਨਾਲ ਹੋਣ ਕਰਕੇ ਇਹ ਸਰੀਰ ਨੂੰ ਪੀੜਿਤ ਤੇ ਮਨ ਨੂੰ ਮਲੀਨ ਕਰਨ
ਦੀ ਬਜਾਏ ਇਨ੍ਹਾਂ ਨੂੰ ਨਰੋਆ ਤੇ ਨਿਰਮੈਲ ਰੱਖਣ ਵਿੱਚ ਸਹਾਈ ਹੁੰਦੀ ਹੈ। ਆਤਮਾਨੰਦ ਆਰਜ਼ੀ ਨਹੀਂ
ਸਗੋਂ ਸਦੀਵੀ ਸਮਝਿਆ ਜਾਂਦਾ ਹੈ। ਇਹੀ ਕਾਰਣ ਹੈ ਕਿ ਅਧਿਆਤਮਵਾਦੀ ਬਾਣੀਕਾਰਾਂ ਨੇ ਪਦਾਰਥਕ ਤੇ
ਦੁਨਿਆਵੀ ਖੁਸ਼ੀਆਂ ਵੱਲੋਂ ਮਨ ਨੂੰ ਮੋੜ ਕੇ ਆਤਮਾਨੰਦ ਲਈ ਯਤਨ ਕਰਨ ਦਾ ਸੰਦੇਸ਼ ਦਿੱਤਾ ਹੈ। ਮਨ ਨੂੰ
ਸੰਸਾਰਕ ਖੁਸ਼ੀਆਂ ਵੱਲੋਂ ਵਰਜ ਕੇ ਅਦੁੱਤੀ ਅਕਾਲਪੁਰਖ ਦੇ ਦੈਵੀ ਗੁਣਾਂ ਨੂੰ ਯਾਦ ਕਰਨਾ ਤੇ ਉਨ੍ਹਾਂ
ਨੂੰ ਧਾਰਨ ਕਰਨ ਦਾ ਪ੍ਰਯਤਨ ਕਰਨਾ ਹੀ ਆਤਮ-ਆਨੰਦ ਦੀ ਪ੍ਰਾਪਤੀ ਦਾ ਇੱਕੋ ਇੱਕ ਸਾਧਨ ਹੈ।
ਨਾਮ-ਸਿਮਰਨ ਦੇ ਰਾਹ ਵਿੱਚ ਇੰਦਰੀਗਤ ਸਵਾਦ, ਪਦਾਰਥਕ ਭੁੱਖ ਤੇ ਸੁੱਖ ਅਤੇ ਇਨ੍ਹਾਂ ਤੋਂ ਮਿਲਨ
ਵਾਲੀਆਂ ਸੰਸਾਰਕ ਖ਼ੁਸ਼ੀਆਂ ਵੱਡਾ ਰੋੜਾ ਹਨ। ਇਨ੍ਹਾਂ ਥੁੜਚਿਰੇ ਸਵਾਦਾਂ, ਸੁੱਖਾਂ ਤੇ ਖ਼ੁਸ਼ੀਆਂ ਪ੍ਰਤਿ
ਲਾਲਸਾ ਉੱਤੇ ਕਾਬੂ ਪਾ ਕੇ ਨਾਮ-ਸਿਮਰਨ ਦੇ ਗਾਡੀ ਰਾਹ ਉੱਤੇ ਚਲਦੇ ਰਹਿਣਾ ਹੀ ਸੱਚੀ ਗੁਰਸਿੱਖੀ ਹੈ।
ਸਰੀਰਿਕ ਤੇ ਸੰਸਾਰਕ ਖ਼ੁਸ਼ੀਆਂ ਪ੍ਰਾਪਤ ਕਰਨ ਵਾਸਤੇ ਮਨੁੱਖ ਖੱਟੇ ਮਿੱਠੇ
ਮਸਾਲੇਦਾਰ ਸ੍ਵਾਦਿਸ਼ਟ ਭੋਜਨ, ਰੰਗ-ਬਰੰਗੇ ਕੀਮਤੀ ਕਪੜੇ, ਭਿੰਨ ਭਿੰਨ ਰੰਗਾਂ ਦੇ ਧਾਰਮਿਕ ਭੇਖ,
ਰਾਜ-ਭਾਗ, ਰਾਜ ਕਰਨ ਵਾਸਤੇ ਲੋੜੀਂਦਾ ਸਾਜ਼ੋ ਸਾਮਾਨ ਅਤੇ ਸੁਖੀ ਸੁਹੇਲੇ ਅਯਾਸ਼ ਜੀਵਨ ਆਦਿ ਦੀ ਲਾਲਸਾ
ਕਰਦਾ ਹੈ। ਇਹ ਲਾਲਸਾ ਹੀ ਹੈ ਜੋ ਮਨੁੱਖ ਨੂੰ ਆਪਣੇ ਆਤਮਾ ਪ੍ਰਤਿ ਅਹਮ ਫ਼ਰਜ਼ ਵੱਲੋਂ ਅਵੇਸਲਾ ਕਰ
ਦਿੰਦੀ ਹੈ। ਗੁਰੂ ਨਾਨਕ ਦੇਵ ਜੀ ਭੋਗ-ਵਿਲਾਸ ਵਾਲੇ ਵਿਕਾਰੀ ਜੀਵਨ ਦੇ ਮੁਕਾਬਲੇ ਨਾਮ-ਮਾਰਗ ਦੇ
ਅਧਿਆਤਮਿਕ ਜੀਵਨ ਨੂੰ ਤਰਜੀਹ ਦਿੰਦੇ ਹੋਏ ਫ਼ਰਮਾਉਂਦੇ ਹਨ:
ਸਿਰੀ ਰਾਗੁ ਮਹਲਾ ੧॥
ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ॥
ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ॥ ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ
ਨਦਰਿ ਕਰੇ॥ ੧॥
ਬਾਬਾ ਹ+ਰ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ
ਵਿਕਾਰ॥ ੧॥ ਰਹਾਉ॥
ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ॥
ਨੀਲੀ ਸਿਆਹੀ ਕਦਾ ਕਰਨੀ ਪਹਿਰਣੁ ਪੈਰ ਧਿਆਨੁ॥
ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ॥ ੨॥
ਬਾਬਾ ਹੋਰ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ
ਵਿਕਾਰ॥ ੧॥ ਰਹਾਉ॥
ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਰ॥
ਤਰਕਸ ਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤੁ॥
ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ॥ ੩॥
ਬਾਬਾ ਹ+ਰ ਚੜਣਾ ਖੁਸੀ ਖੁਆਰੁ॥
ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ਰਹਾਉ॥
ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ॥
ਹੁਕਮੁ ਸੋਈ ਤੁਧੁ ਭਾਵਸੀ ਹ+ਰ ਆਖਣੁ ਬਹੁਤੁ ਅਪਾਰੁ॥
ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ॥ ੪॥
ਭਾਬਾ ਹ+ਰ ਸਉਣਾ ਖੁਸੀ ਖੁਆਰੁ॥
ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ੧॥ ਰਹਾਉ॥ ੪॥
ਸ਼ਬਦ ਅਰਥ:- ਰਸ: ਜੀਭ ਦੇ ਸਵਾਦ ਜੋ ਛੇ ਮੰਨੇ ਜਾਂਦੇ ਹਨ:
ਮਿੱਠਾ, ਨਮਕੀਨ/ਲੂਣਾ, ਖੱਟਾ ਚਟਪਟਾ, ਕੁਸੈਲਾ, ਮਸਾਲੇਦਾਰ/ਕਰਾਰਾ ਤੇ ਕੌੜਾ। ਮੰਨਿਐ:
ਮਨਨ/ਚਿੰਤਨ ਕਰਨ ਨਾਲ, ਅਕਾਲਪੁਰਖ ਦੀ ਹੋਂਦ ਅਤੇ ਗੁਣਾਂ ਵਿੱਚ ਵਿਸ਼ਵਾਸ ਰੱਖਣ ਨਾਲ। ਸੁਣਿਐ:
(ਦੈਵੀ ਗੁਣਾਂ ਦੀ ਵਿਚਾਰ) ਸੁਣਨ ਨਾਲ। ਸਾਲੋਣੇ: ਲੂਣ ਵਾਲੇ, ਨਮਕੀਨ। ਖਟ ਤੁਰਸੀ:
ਤਿੱਖੇ ਖੱਟੇ। ਮਾਰਣ: ਮਸਾਲੇਦਾਰ। ਨਾਦ ਕੀਏ: (ਪਰਮਾਤਮਾ ਦੇ ਗੁਣਾਂ ਦਾ)
ਸੰਗੀਤਮਈ ਗਾਇਣ ਕਰਨ ਨਾਲ। ਛਤੀਹ ਅੰਮ੍ਰਿਤ: ਛੱਤੀ ਸਵਦਾਂ ਵਾਲੇ ਸਵਾਦਿਸ਼ਟ ਭੋਜਨ, ਛੇ
ਰਸਾਂ/ਸਵਾਦਾਂ ਦੀ ਆਪਸੀ ਮਿੱਸ ਤੋਂ ਬਣੇ ਛੱਤੀ
(6x6=36) ਸਵਾਦ। ਭਾਉ: ਪ੍ਰੇਮ, ਸ਼ਰੱਧਾ।
ਏਕੁ: ਇੱਕ (ਅਕਾਲਪੁਰਖ) ਨਾਲ। ਨਦਰਿ: ਨਜ਼ਰ, ਕ੍ਰਿਪਾ-ਦ੍ਰਿਸ਼ਟੀ, ਬਖ਼ਸ਼ਿਸ਼। ੧।
ਬਾਬਾ: ਅੱਬਾ, ਪਿਓ, ਜਗਤ-ਪਿਤਾ ਪਰਮਾਤਮਾ, ਅਕਾਲ ਪੁਰਖ। ਖੁਸੀ:
ਮਨ/ਆਤਮਾ ਦੀ ਖੁਸ਼ੀ, ਆਤਮਾਨੰਦ, ਸੰਤੁਸ਼ਟੀ; ਨੇਕੀ ਦੇ ਗੁਣ, ਕੁਲੀਨ ਕਰਮ। ਖੁਆਰ: ਫ਼ਾ:
ਖ੍ਵਾਰ: ਘਟਣਾ, ਨਸ਼ਟ ਹੋਣਾ। ਜਿਤੁ ਖਾਧੈ: ਜਿਸ ਦੇ ਖਾਣ ਨਾਲ। ਪੀੜੀਐ: ਦੁਖੀ
ਹੋਵੇ, ਰੋਗੀ ਹੋਵੇ। ੧। ਰਹਾਉ।
ਰਤਾ: ਲਾਲ। ਪੈਨਣ: ਲਿਬਾਸ, ਕਿਸੇ ਸੰਸਾਰਕ ਧਰਮ/ਫ਼ਿਰਕੇ ਨਾਲ
ਸੰਬੰਧਿਤ ਵਿਸ਼ੇਸ਼ ਰੰਗ ਦਾ ਬਾਣਾ। ਮਨੁ ਰਤਾ: (ਪ੍ਰਭੂ-ਪ੍ਰੇਮ `ਚ) ਰੰਗਿਆ ਮਨ। ਸੁਪੇਦੀ:
ਸਫ਼ੇਦ ਰੰਗ ਦਾ ਬਾਣਾ/ਭੇਖ। ਸਤੁ: ਹੱਥੋਂ ਦੇਣ ਦੀ ਕਿਰਿਆ। ਦਾਨ: (ਕਿਰਤ-ਕਮਾਈ
ਵਿੱਚੋਂ) ਲੋੜਵੰਦਾਂ ਦੀ ਨਿਸ਼ਕਾਮ ਸਹਾਇਤਾ ਕਰਨੀ। ਨੀਲੀ: ਨੀਲੇ ਰੰਗ ਦਾ ਪਹਿਰਨ/ਭੇਖ,
ਨੀਲਾਂਬਰ। ਸਿਆਹੀ: (ਵਿਕਾਰੀ ਸੋਚਾਂ ਦੀ) ਕਾਲਖ, (ਮਨ ਦੀ) ਮਲੀਨਤਾ। ਕਦਾ ਕਰਨੀ:
ਕੁਰੇਦਨੀ, ਖੁਰਚ ਕੇ ਉਤਾਰਨੀ, ਧੋਣੀ। ਪਹਿਰਣੁ: (ਸੰਸਾਰਕ ਧਰਮ ਦਾ ਪ੍ਰਤੀਕ ਕਿਸੇ ਵਿਸ਼ੇਸ਼
ਰੰਗ ਦਾ) ਪਹਿਨਾਵਾ, ਜਾਮਾ, ਪੋਸ਼ਾਕ, ਲਿਬਾਸ, ਵੇਸ; ਸ਼ਾਹੀ/ਜੰਗੀ ਵਰਦੀ। ਪੈਰ ਧਿਆਨੁ:
ਇਕਾਗਰ ਚਿਤ ਹੋ ਕੇ ਦੈਵੀ ਗੁਣਾਂ ਦਾ ਚਿੰਤਨ ਕਰਨਾ। ਕਮਰਬੰਦ: ਕਮਰ (ਲੱਕ) ਦੁਆਲੇ ਬੰਨ੍ਹਿਆ
ਜਾਣ ਵਾਲਾ ਪਟਕਾ, ਕਮਰ-ਕਸਾ; ਵਰਦੀ ਦਾ ਇੱਕ ਅੰਗ; ਕਈ ਫ਼ਿਰਕਿਆਂ ਦੇ ਪੈਰੋਕਾਰ ਇਸ ਦਾ ਪ੍ਰਯੋਗ ਕਰਦੇ
ਹਨ, ਜਿਵੇਂ ਨਿਹੰਗ ਅਤੇ ਅੱਜ ਕੱਲ ਦੇ ਨੀਲਧਾਰੀ ਆਦਿ। ਸੰਤੋਖ: ਸਬਰ, ਹਿਰਸ/ਤ੍ਰਿਸ਼ਨਾ/ਲੋਭ
ਦਾ ਪਰਿਤਿਆਗ। ਧਨੁ: ਦੌਲਤ, ਸੰਪਤੀ, ਸਰੀਰ, ਇਸਤ੍ਰੀ। ੨।
ਪਾਖਰ: ਜੰਗੀ ਘੋੜਿਆਂ ਉੱਤੇ ਪਾਇਆ ਜਾਣ ਵਾਲਾ ਲੋਹੇ ਦਾ ਜਾਲੀਦਾਰ
ਝੁੱਲ। ਸੁਇਨੇ: ਸੋਨੇ ਦੀ, ਬਹੁਕੀਮਤੀ। ਸਾਖਤਿ: ਕਾਠੀ, ਜ਼ੀਨ। ਬੂਝਣੁ:
ਸੋਝੀ ਹੋਣੀ, ਅਨੁਭਵ ਹੋਣਾ, ਗਿਆਨ ਹੋਣਾ। ਵਾਟ: ਮਾਰਗ, ਰਸਤਾ, ਪ੍ਰਭੂ-ਮਿਲਨ ਦੀ ਮੰਜ਼ਿਲ
ਵੱਲ ਜਾਂਦਾ ਰਾਹ। ਤਰਕਸ: ਤੀਰਾਂ ਵਾਸਤੇ ਪਿੱਠ `ਤੇ ਲਟਕਾਇਆ ਜਾਂਦਾ ਝੋਲਾ, ਭੱਥਾ।
ਸਾਂਗ: ਦਸ-ਫ਼ੁਟਾ ਬਰਛਾ ਜਿਸ ਦਾ ਫਲ ਚਾਰ ਫ਼ੁੱਟ ਦਾ ਹੁੰਦਾ ਹੈ। ਤੇਗ ਬੰਦ: ਤਲਵਾਰ ਤੇ
ਗਾਤਰਾ। ਧਾਤੁ: ਕੁਦਰਤ ਦੇ ਪੰਜ ਮੂਲ ਤੱਤ {ਮਿੱਟੀ, ਹਵਾ, ਪਾਣੀ, ਅਗਨੀ ਤੇ ਖ਼ਲਾਅ/ਆਕਾਸ਼
(space)}।
ਗੁਣ ਧਾਤੁ: ਕੁਦਰਤ ਦੇ ਬੁਨਿਆਦੀ ਤੱਤਾਂ ਦੇ ਗੁਣ। ਨੇਜਾ: ਸ਼ਾਹੀ ਝੰਡਾ/ਨਿਸ਼ਾਨ।
ਪਤਿ: ਵਡਿਆਈ, ਇੱਜ਼ਤ, ਆਦਰ, ਮਾਨ। ਸਿਉ: ਨਾਲ। ਪਰਗਟ: ਜ਼ਾਹਿਰ ਹੋਣਾ, ਜਾਣਿਆ
ਜਾਣਾ, ਮਾਨਤਾ ਮਿਲਣੀ। ਕਰਮ: ਬਖ਼ਸ਼ਿਸ਼, ਕ੍ਰਿਪਾ। ਜਾਤਿ: ਵੰਸ਼, ਅਸਲਾ, ਜ਼ਾਤ, ਕੁਲ।
੩।
ਘਰ: ਗ੍ਰਹਿ, ਮਨ। ਮੰਦਰ: ਘਰ, ਪੂਜਾ-ਘਰ। ਨਦਰਿ:
ਕ੍ਰਿਪਾ-ਦ੍ਰਿਸ਼ਟੀ, ਨਿਗਾਹਿ ਕਰਮ। ਸਉਣਾ: ਆਪਣੇ ਫ਼ਰਜ਼ ਵੱਲੋਂ ਗ਼ਫ਼ਲਤ ਵਾਲਾ ਅਯਾਸ਼ ਜੀਵਨ। ੪।
ਭਾਵ ਅਰਥ:- ਰੱਬ ਅਤੇ ਉਸ ਦੇ ਗੁਣਾਂ ਦਾ ਚਿੰਤਨ ਕਰਨ ਤੋਂ ਮਿਲਨ ਵਾਲਾ
ਆਨੰਦ ਮਿੱਠੇ ਪਕਵਾਨਾਂ ਦੇ ਸਵਾਦ ਤੋਂ ਬਿਹਤਰ ਹੈ; ਪੂਜਯ ਪ੍ਰਭੂ ਅਤੇ ਉਸ ਦੇ ਗੁਣਾਂ ਦੀ ਵਿਚਾਰ
ਸੁਣਨਾ ਜੀਭ ਦੇ ਨਮਕੀਨ ਰਸਾਂ ਤੋਂ ਚੰਗੇਰਾ ਹੈ। ਉਸ ਦਾ ਨਾਮ ਮੁਖੋਂ ਜਪਣ ਦਾ ਆਨੰਦ ਖੱਟੇ ਤਿੱਖੇ
ਭੋਜਨਾਂ ਦੇ ਸਵਾਦ ਤੋਂ ਵਧੇਰੇ ਸੁਖਦਾਈ ਹੈ; ਹਰਿ-ਗੁਣਾਂ ਦਾ ਸੰਗੀਤਮਈ ਗਾਇਨ ਕਰਨ ਤੋਂ ਪ੍ਰਾਪਤ
ਆਤਮ-ਖ਼ੁਸ਼ੀ ਮਸਾਲੇਦਾਰ ਚਟਪਟੇ ਭੋਜਣਾਂ ਤੋਂ ਮਿਲਨ ਵਾਲੀ ਕੱਚੀ ਖ਼ੁਸ਼ੀ ਤੋਂ ਭਲੇਰੀ ਹੈ। ਛੱਤੀ ਪ੍ਰਕਾਰ
ਦੇ ਭੋਜਨਾਂ ਦੇ ਸਵਾਦ ਇਸ਼ਕ ਹਕੀਕੀ (ਇਕ ਅਕਾਲਪੁਰਖ ਨਾਲ ਪ੍ਰੇਮ) ਤੋਂ ਮਿਲਨ ਵਾਲੀ ਸੱਚੀ ਖ਼ੁਸ਼ੀ ਦੇ
ਮੁਕਾਬਲੇ ਤੁੱਛ ਹਨ। (ਪਰੰਤੂ ਇਹ ਉਚੇਰੀ ਸੋਚ ਉਸੇ ਨੂੰ ਪ੍ਰਾਪਤ ਹੁੰਦੀ ਹੈ) ਜਿਸ ਉੱਤੇ ਪਰਮਾਤਮਾ
ਦੀ ਮਿਹਰ ਦੀ ਨਜ਼ਰ ਹੋਵੇ। ੧।
ਹੇ ਪਰਮ ਪਿਤਾ ਪ੍ਰਭੂ! ਮੈਨੂੰ ਕੋਈ ਹੋਰ ਅਜਿਹਾ ਰਸੀਲਾ ਭੋਜਨ ਨਹੀਂ ਚਾਹੀਦਾ
ਜਿਸ ਦੇ ਖਾਣ ਨਾਲ (ਮਨਨ, ਸੁਣਨ, ਗੁਣ ਗਾਇਨ ਕਰਨ ਤੇ ਤੇਰੇ ਨਾਲ ਪ੍ਰੇਮ ਤੋਂ ਮਿਲਨ ਵਾਲੀ ਸੱਚੀ)
ਖ਼ੁਸ਼ੀ ਨੂੰ ਆਂਚ ਆਵੇ; ਸ਼ਰੀਰ ਰੋਗੀ/ਦੁਖੀ ਹੋਵੇ ਤੇ ਮਨ ਵਿੱਚ (ਆਤਮਾ ਨੂੰ ਮਲੀਨ ਕਰਨ ਵਾਲੇ) ਵਿਕਾਰ
ਪੈਦਾ ਹੋਣ। ਰਹਾਉ।
ਜਿਸ ਦਾ ਮਨ ਪ੍ਰਭੂ-ਪ੍ਰੇਮ-ਰੰਗ ਵਿੱਚ ਰੰਗਅਿਾ ਹੋਵੇ ਉਸ ਨੂੰ ਲਾਲ ਰੰਗ ਦੇ
ਭੇਖੀ ਪਹਨਾਵੇ ਦੀ ਲੋੜ ਨਹੀਂ ਰਹਿੰਦੀ; ਅਤੇ ਆਪਣੀ ਕਿਰਤ ਦੀ ਕਮਾਈ ਹੱਥੋਂ ਦੇਣ ਵਾਲੇ ਨੂੰ
(ਨਿਰਮਲਤਾ ਦੀ ਪ੍ਰਤੀਕ ਸਮਝੀ ਜਾਂਦੀ) ਸਫ਼ੇਦ ਪੋਸ਼ਾਕ ਦਾ ਪਾਖੰਡ ਕਰਨ ਦੀ ਜ਼ਰੂਰਤ ਨਹੀਂ। ਜਿਸ ਨੇ
ਆਪਣੇ ਮਨ ਉੱਤੋਂ ਪਾਪਾਂ/ਵਿਕਾਰਾਂ ਦੀ ਮੈਲ ਨੂੰ ਕੁਰੇਦ ਕੇ ਉਤਾਰ ਦਿੱਤਾ ਹੈ, ਉਸ ਨੂੰ
ਨੀਲਧਾਰੀ/ਨੀਲਾਂਬਰੀ ਬਣਨ ਦੀ ਜ਼ਰੂਰਤ ਨਹੀਂ। (ਪਾਖੰਡ-ਸੂਚਕ ਲਾਲ, ਪੀਲੇ, ਚਿੱਟੇ, ਨੀਲੇ ਆਦਿ
ਵਸਤਰਾਂ ਵੱਲੋਂ ਧਿਆਨ ਹਟਾ ਕੇ) ਹਰਿ-ਚਰਨਾਂ ਵਿੱਚ ਚਿਤ ਜੋੜਣਾ ਸਭ ਤੋਂ ਸੁੰਦਰ ਪਹਿਰਾਵਾ ਹੈ। ਇਸ
ਪਹਿਰਾਵੇ ਉੱਤੇ (ਲੋਭ-ਲਾਲਚ ਦੀ ਬਜਾਏ) ਸਬਰ-ਸੰਤੋਖ ਦਾ ਕਮਰ-ਕਸਾ ਸ਼ੋਭਾ ਦਿੰਦਾ ਹੈ। ਅਤੇ ਹੇ
ਪਰਮਾਤਮਾ! ਤੇਰੀ ਯਾਦ ਹੀ ਮੇਰੀ ਦੌਲਤ ਤੇ ਜਵਾਨੀ (ਤਨ ਮਨ ਦੀ ਤੰਦਰੁਸਤ ਅਵਸਥਾ) ਹੈ। ੨।
ਹੇ ਸਰਬ-ਪਿਤਾ! (ਉਕਤ ਪਹਿਰਾਵੇ ਤੋਂ ਬਿਨਾਂ) ਹੋਰ ਕੋਈ ਵੀ (ਦਿਖਾਵੇ ਦਾ)
ਪਹਿਰਨ ਸੱਚੀ ਖ਼ੁਸ਼ੀ ਨੂੰ ਨਸ਼ਟ ਕਰਦਾ ਹੈ ਅਤੇ ਮਨ ਵਿੱਚ (ਆਤਮਾ ਨੂੰ ਮਲੀਨ ਕਰਨ ਵਾਲੀਆਂ) ਵਿਕਾਰੀ
ਸੋਚਾਂ ਪੈਦਾ ਹੁੰਦੀਆਂ ਹਨ। ਰਹਾਉ।
ਰਾਜਿਆਂ/ਧਾੜਵੀਆਂ/ਯੋਧਿਆਂ ਦੇ ਸਜ-ਧਜ ਤੇ ਦਹਿਸ਼ਤ ਵਾਲੇ ਕੁਮਾਰਗ ਦੇ
ਮੁਕਾਬਲੇ ਨਾਮ-ਸਿਮਰਨ ਦੇ ਸੁਮਾਰਗ ਨੂੰ ਤਰਜੀਹ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:-
ਹੇ ਪ੍ਰਭੂ! ਤੈਨੂੰ ਮਿਲਨ ਦੀ ਮੰਜ਼ਿਲ ਵੱਲ ਜਾਂਦੇ ਰਾਹ ਦਾ ਬੋਧ ਹੋਣਾ ਬਕਤਰ ਅਤੇ ਸੋਨੇ ਦੀ ਕਾਠੀ
ਨਾਲ ਸਜੇ ਹੋਏ ਘੋੜੇ ਦੀ ਸ਼ਾਹੀ ਸਵਾਰੀ ਨਾਲੋਂ ਚੰਗਾ ਹੈ। ਸ਼ਾਹੀ ਘੋੜ-ਸਵਾਰ ਦੇ ਜੰਗੀ ਹਥਿਆਰਾਂ -
ਤੀਰਾਂ ਦਾ ਭੱਥਾ ਤੇ ਕਮਾਣ, ਦਸ-ਫ਼ੁਟਾ ਬਰਛਾ ਅਤੇ ਗਾਤਰੇ ਵਾਲੀ ਤਲਵਾਰ - ਨੂੰ ਧਾਰਨ ਕਰਨ ਨਾਲੋਂ
ਕੁਦਰਤ ਦੇ ਬੁਨਿਆਦੀ ਤੱਤਾਂ {ਮਿੱਟੀ, ਹਵਾ, ਅਗਨੀ, ਪਾਣੀ ਤੇ ਖ਼ਲਾਅ/ਆਕਾਸ਼
(space)}
ਦੇ ਦੈਵੀ ਗੁਣਾਂ ਨੂੰ ਧਾਰਨਾ ਬਿਹਤਰ ਹੈ। ਸ਼ਾਹੀ ਸਵਾਰੀ ਅੱਗੇ ਵੱਜਦੇ ਵਾਜੇ ਤੇ ਝੂਲਦੇ ਨਿਸ਼ਾਨਾਂ
ਨਾਲ ਮਿਲਨ ਵਾਲੀ ਸੰਸਾਰਕ ਪ੍ਰਸਿੱਧੀ ਨਾਲੋਂ ਨੇਕ ਕਰਮ ਕਰਕੇ ਕਮਾਈ ਸੱਚੀ ਸੋਭਾ ਬਿਹਤਰ ਹੈ। ਅਤੇ
ਤੇਰੀ ਬਖ਼ਸ਼ਿਸ਼ ਹੀ ਮੇਰੀ ਉੱਚੀ ਕੁਲ/ਵੰਸ਼ ਹੈ। ੩।
ਹੇ ਪਿਤਾ ਪਰਮਾਤਮਾ! (ਅਧਿਆਤਮ ਗਿਆਨ, ਦੈਵੀ ਗੁਣ, ਨੇਕ ਕਰਮ, ਅਤੇ ਤੇਰੀ
ਬਖ਼ਸ਼ਿਸ਼ ਤੋਂ ਵੱਧ) ਕਿਸੇ ਹੋਰ ਦੁਨਿਆਵੀ ਸ਼ਾਹੀ ਸਵਾਰੀ ਤੇ ਸ਼ਾਨ ਓ ਸ਼ੌਕਤ ਦੀ ਲਾਲਸਾ ਕਾਰਣ ਸਰੀਰ
(ਦਰਅਸਲ) ਦੁਖਿਤ ਹੁੰਦਾ ਹੈ ਅਤੇ (ਸ਼ਾਹੀ ਸ਼ਾਨ ਓ ਸ਼ੌਕਤ ਕਾਰਣ ਉਪਜੀ ਹਉਮੈ ਸਦਕਾ) ਮਨ ਵਿੱਚ ਵਿਕਾਰ
ਪੈਦਾ ਹੁੰਦੇ ਹਨ। ਰਹਾਉ।
ਹੇ ਪ੍ਰਭੂ! ਮਨ ਹੀ ਮੇਰਾ ਮੰਦਿਰ (ਪੂਜਾ-ਘਰ) ਹੈ; ਇਸ ਵਿੱਚ ਨਾਮ-ਸਿਮਰਨ
ਤੋਂ ਉਪਜੀ ਖ਼ੁਸ਼ੀ ਹੀ ਮੇਰੀ ਸੱਚੀ ਖ਼ੁਸ਼ੀ ਹੈ; ਅਤੇ ਤੇਰੀ ਮਿਹਰ ਦੀ ਨਜ਼ਰ ਹੀ ਮੇਰਾ ਪਰਿਵਾਰ ਹੈ। ਮੈਂ
ਸਿਰਫ਼ ਤੇਰੇ ਭਾਣੇ ਨੂੰ ਹੀ ਹੁਕਮ ਮੰਨਦਾ ਹਾਂ; ਭਾਵੇਂ ਤੇਰੇ ਤੋਂ ਬਿਨਾਂ ਕਈ ਹੋਰ (ਸੰਸਾਰੀ) ਵੀ
ਹੁਕਮ ਚਲਾਉਣ ਵਾਲੇ ਹਨ।
ਹੇ ਨਾਨਕ! ਸਦਸਥਿਰ ਪਾਤਸ਼ਾਹਾ ਅਕਾਲਪੁਰਖ (ਲੇਖੇ ਸਮੇਂ) ਉਕਤ ਗੁਣਾਂ ਵਾਲੇ
ਮਨੁੱਖਾਂ ਦੀ ਪੁੱਛ-ਪੜਤਾਲ ਨਹੀਂ ਕਰਦਾ (ਕਿਉਂਕਿ ਨਾਮ-ਸਿਮਰਨ ਤੇ ਸਦਆਚਾਰ ਸਦਕਾ ਉਹ ਪਹਿਲਾਂ ਹੀ
ਪ੍ਰਵਾਨ ਹੋ ਚੁੱਕੇ ਹੁੰਦੇ ਹਨ)। ੪।
ਸਰਬ-ਪਿਤਾ ਪਰਮਾਤਮਾ! (ਸੁਚੇਤ ਮਨ ਦੇ ਮੰਦਿਰ ਵਿੱਚ ਨਾਮ-ਸਿਮਰਨ ਤੋਂ
ਬਿਨਾਂ) ਸੰਸਾਰਕ ਸੁੱਖਾਂ ਵਾਲਾ ਜੀਵਨ ਜਿਉਣ ਸਦਕਾ ਸੱਚੀ ਖ਼ੁਸ਼ੀ ਘਟਦੀ ਹੈ, ਸਰੀਰ ਦੁਖੀ ਹੁੰਦਾ ਹੈ
ਅਤੇ ਮਨ ਵਿੱਚ ਵਿਕਾਰ ਉਤਪੰਨ ਹੁੰਦੇ ਹਨ। ਰਹਾਉ।
ਉਕਤ ਵਿਚਾਰੇ ਸ਼ਬਦ ਦਾ ਸਾਰੰਸ਼ ਅਤੇ ਸ਼ਬਦ ਵਿੱਚ ਦਰਸਾਏ ਗੁਰੁ-ਸਿੱਧਾਂਤਾਂ ਦੀ
ਕਸੌਟੀ ਉੱਤੇ ਸਵੈ-ਪੜਚੋਲ:-
ਪਹਿਲੇ ਬੰਦ ਵਿੱਚ ਗੁਰੂ ਨਾਨਕ ਦੇਵ ਜੀ, ਜੀਭ ਦੇ ਚਸਕਿਆਂ ਉੱਤੇ ਕਾਬੂ ਪਾ
ਕੇ, ਗਾਵੀਐ ਸੁਣੀਐ ਮਨਿ ਰਖੀਐ
ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ ਦੇ
ਸਿੱਧਾਂਤ ਨੂੰ ਅਪਣਾਉਣ ਦੀ ਪ੍ਰੇਰਨਾ ਦਿੰਦੇ ਹਨ। ਕੀ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਗੁਰਸਿੱਖਾਂ,
ਖ਼ਾਸ ਕਰਕੇ ਸਿੱਖਾਂ ਦੇ ਨੇਤਾਵਾਂ, ਨੇ ਇਸ ਪ੍ਰੇਰਣਾ ਨੂੰ ਜ਼ਰਾ ਜਿਤਨੀ ਵੀ ਮਾਨਤਾ ਦਿੱਤੀ ਹੈ? ਕਤਈ
ਨਹੀਂ! ਸੱਚ ਤਾਂ ਇਹ ਹੈ ਕਿ ਪੇਟੂ ਪੁਜਾਰੀਆਂ ਤੇ ਭੁੱਖੜ ਪ੍ਰਬੰਧਕਾਂ ਨੇ ‘ਸਿੱਖਾਂ’ ਨੂੰ ਵੀ
ਜੀਭ-ਰਸ ਦੇ ਗ਼ੁਲਾਮ ਬਣਾ ਦਿੱਤਾ ਹੈ। ਗੁਰੂਦਵਾਰਿਆਂ ਦੇ ਲੰਗਰ-ਘਰਾਂ ਨੂੰ ਪੱਕੀ ਰਸੋਈ ਬਣਾ ਦਿੱਤਾ
ਗਿਆ ਹੈ ਜਿੱਥੇ ਅਲਪ ਅਹਾਰ ਦੀ ਬਜਾਏ ਛੱਤੀ ਪ੍ਰਕਾਰ ਦੇ ਸਵਾਦਿਸ਼ਟ ਪੱਕੇ ਭੋਜਨ ਪਰੋਸੇ ਜਾਂਦੇ ਹਨ।
‘ਜਲੇਬਾਂ ਦਾ ਲੰਗਰ’ ਇੱਕ ਰਿਵਾਜ ਬਣਾ ਦਿੱਤਾ ਗਿਆ ਹੈ। ਵਿਦੇਸ਼ਾਂ ਦੇ ਗੁਰੂਦਵਾਰਿਆਂ ਵਿੱਚ ਤਾਂ
ਮਾਇਆਧਾਰੀਆਂ ਵੱਲੋਂ ਕੀਤੇ/ਕਰਾਏ ਜਾਂਦੇ ਲੰਗਰਾਂ ਵਿੱਚ, ਇਕ-ਦੂਜੇ ਤੋਂ ਵਧ-ਚੜ੍ਹ ਕੇ, ਭਾਂਤ ਭਾਂਤ
ਦੇ ਪਕਵਾਨ - ਰੰਗ-ਬਰੰਗੀਆਂ ਬਰਫ਼ੀਆਂ, ਗੁਲਾਬ ਜਾਮੁਨ, ਰਸਗੁੱਲੇ, ਪਕੌੜੇ ਸਮੋਸੇ, ਚਾਟ, ਚਟਪਟੇ
ਮਸਾਲੇਦਾਰ ਸਲੂਣੇ, ਪੂਰੀਆਂ, ਪਰੌਂਠੇ ਤੇ ਠਂਢੇ-ਤੱਤੇ ਪਾਣ ਵਗ਼ੈਰਾ ਵਗ਼ੈਰਾ - ਅਤੁੱਟ ਵਰਤਦੇ ਹਨ।
ਨਤੀਜੇ ਵਜੋਂ ਪਦਾਰਥਵਾਦੀ ਮਨਮੁਖ ਲੋਕ, ਜਿਨ੍ਹਾਂ ਨੂੰ ਤਿੜਾ ਕੇ ਲੁੱਟਣ ਵਾਸਤੇ ‘ਗੁਰੂ ਦੀ ਸਾਜੀ
ਨਿਵਾਜੀ ਸਾਧ-ਸੰਗਤ’ ਦਾ ਨਾਮ ਦਿੱਤਾ ਜਾਂਦਾ ਹੈ, ਗੁਰੂ ਵੱਲੋਂ ਬੇਮੁਖ ਹੋ ਕੇ ਜੀਭ-ਰਸਾਂ ਦੇ ਆਦੀ
ਹੋ ਗਏ ਹਨ ਅਤੇ ਇਸ ਆਦਤ ਕਾਰਣ ਬਹੁਤੇ ‘ਸਿੱਖ’ ਸ਼ਰੀਰਕ ਤੇ ਮਾਨਸਿਕ ਰੋਗਾਂ ਦੇ ਮਰੀਜ਼ ਵੀ ਬਣ ਗਏ ਹਨ।
ਦੂਜੇ ਬੰਦ ਵਿੱਚ ਗੁਰੂ ਨਾਨਕ ਦੇਵ ਜੀ ਨੇ ਧਰਮ ਦਾ ਧੰਦਾ ਕਰਨ ਵਾਲੇ ਸਮੇਂ
ਦੇ ਧੰਧਲੀਆਂ ਦੇ ਵਿਸ਼ੇਸ਼ ਰੰਗਾਂ ਦੇ ਭੇਖ ਨੂੰ ਧਰਮ ਦਾ ਹਿੱਸਾ ਬਣਾਉਣ ਦੀ ਠੱਗ-ਨੀਤੀ ਨੂੰ ਨਕਾਰਿਆ
ਹੈ। ਗੁਰੂ ਜੀ ਦੀ ਇਸ ਸਿੱਖਿਆ ਦੇ ਉਲਟ ਅਸੀਂ ਰੰਗਾਂ ਦੀ ਮਨਮਤਿ ਦੇ ਗ਼ੁਲਾਮ ਬਣਾ ਦਿੱਤੇ ਗਏ ਹਾਂ।
ਕੇਸਰੀ, ਨੀਲੇ, ਸਲੇਟੀ ਤੇ ਚਿੱਟੇ ਆਦਿ ਰੰਗਾਂ ਨੂੰ ਗੁਰਸਿੱਖੀ ਦਾ ਚਿੰਨ੍ਹ ਨਿਰਧਾਰਤ ਕਰ ਦਿੱਤਾ
ਗਿਆ ਹੈ। ਮਨ ਨੂੰ ਰੱਬ ਦੇ ਰੰਗ ਵਿੱਚ ਰੰਗਣ, ਕਿਰਤ-ਕਮਾਈ ਨਾਲ ਲੋੜਵੰਦਾਂ ਦੀ ਸਹਾਇਤਾ ਤੇ
ਮਾਨਵ-ਭਲਾਈ ਦੇ ਹੋਰ ਪੁੰਨ ਕਰਮ ਕਰਨ, ਮਨ ਨੂੰ ਵਿਕਾਰ-ਮੁਕਤ ਰੱਖਣ ਅਤੇ ਪ੍ਰਭੂ-ਪ੍ਰੇਮ ਆਦਿ
ਸਦਗੁਣਾਂ ਨੂੰ ਤਿਆਗ ਕੇ ਅਸੀਂ ਰੰਗਾਂ ਦੀ ਮਨਮਤਿ ਨੂੰ ਹੀ ਗੁਰੁ-ਸਿੱਖੀ ਸਮਝੀ ਬੈਠੇ ਹਾਂ ਅਤੇ,
ਗੁਰੁ-ਹੁਕਮ ਦੇ ਉਲਟ, ਇਨ੍ਹਾਂ ਰੰਗਾਂ ਨੂੰ ਧਾਰਨ ਕਰਨ `ਚ ਹੀ ਫ਼ਖ਼ਰ ਮਹਿਸੂਸ ਕਰਦੇ ਹਾਂ।
ਤੀਸਰੇ ਬੰਦ ਵਿੱਚ ਦਿੱਤੀ ਗੁਰੁ-ਸਿੱਖਿਆ (ਰਾਜ-ਭਾਗ ਦੀ ਇੱਛਾ ਤੇ ਸ਼ਾਹੀ ਸ਼ਾਨ
ਓ ਸ਼ੌਕਤ ਦੀ ਲਾਲਸਾ ਤਿਆਗ ਕੇ ਰੱਬੀ ਰਮਜ਼ਾਂ ਦਾ ਬੋਧ, ਪ੍ਰਾਕਿਰਤੀ ਦੇ ਮੂਲ ਤੱਤਾਂ ਵਾਲੇ ਦੈਵੀ
ਗੁਣਾਂ ਦੇ ਧਾਰਨੀ ਹੋ ਕੇ ਨੇਕ ਕਰਮ ਕਰਕੇ ਕਮਾਈ ਸੱਚੀ ਇੱਜ਼ਤ ਅਤੇ ਇਨ੍ਹਾਂ ਸਦਗੁਣਾਂ ਸਦਕਾ ਪ੍ਰਾਪਤ
ਸੱਚੀ ਸੋਭਾ ਅਤੇ ਰੱਬੀ ਬਖ਼ਸ਼ਿਸ਼) ਨੂੰ ਦਰਕਿਨਾਰ ਕਰਕੇ ਭੇਖੀ ਸਿੱਖ ਕੁਰਸੀ, ਲਾਲ ਬੱਤੀ ਵਾਲੀ ਕਾਰ,
ਅਬੋਧ ਪਿੱਛਲੱਗਾਂ ਵੱਲੋਂ ਦਿੱਤਾ ਜਾਂਦਾ ਝੂਠਾ ਸਨਮਾਨ ਅਤੇ ਝੋਲੀ-ਚੁਕਾਂ ਦੀ ਚਾਪਲੂਸੀ ਆਦਿ ਦੀ
ਖ਼ਾਤਿਰ ਆਪਣੀਆਂ ਜ਼ਮੀਰਾਂ ਤਾਂ ਵੇਚੀ ਹੀ ਬੈਠੇ ਹਨ, ਨਾਲ ਉਨ੍ਹਾਂ ਨੇ ਗੁਰਮਤਿ ਤੇ ਕੌਮ ਨੂੰ ਵੀ ਦਾਓ
`ਤੇ ਲਾਇਆ ਹੋਇਆ ਹੈ! ।
ਚੌਥੇ ਬੰਦ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਸੁਝਾਏ ਸਿੱਧਾਂਤ: ਮਨ-ਮੰਦਰ
ਵਿੱਚ ਨਾਮ-ਸਿਮਰਨ ਤੋਂ ਪ੍ਰਾਪਤ ਸੱਚੀ ਖ਼ੁਸ਼ੀ, ਉਸ ਦੀ ਬਖ਼ਸ਼ਿਸ਼ ਅਤੇ, ਸੰਸਾਰੀਆਂ ਦੇ ਹੁਕਮਾਂ ਦੀ
ਪਰਵਾਹ ਨਾਂ ਕਰਦਿਆਂ, ਉਸ ਦੇ ਹੁਕਮ ਵਿੱਚ ਵਿਚਰਨ ਦੇ ਸਿਧਾਂਤਾਂ ਨੂੰ ਰੱਦ ਕਰਕੇ ਅਸੀਂ ਸੰਗ ਇ ਮਰਮਰ
ਨਾਲ ਬਣਾਏ ਤੇ ਅਰਬਾਂ-ਖ਼ਰਬਾਂ ਦੇ ਸੋਨੇ ਨਾਲ ਗਲੇਫ਼ੇ ਮੰਦਰਾਂ (ਗੁਰੂਦਵਾਰਿਆਂ) ਦੀ ਯਾਤਰਾ ਨੂੰ ਹੀ
ਗੁਰਸਿੱਖੀ ਕਹਿੰਦੇ ਹਾਂ। ਅਕਾਲਪੁਰਖ ਦੇ ਭਾਣੇ ਤੇ ਗੁਰੁ-ਹੁਕਮ ਵੱਲੋਂ ਬੇਮੁਖ ਹੋ ਕੇ ਅਸੀਂ
ਗ਼ੁਲਾਮਾਂ ਦੀ ਤਰ੍ਹਾਂ ਬੇਗ਼ੈਰਤ ਸੰਸਾਰੀਆਂ ਦੇ ‘ਹੁਕਮਨਾਮਿਆਂ’ ਨੂੰ ਸਿਰਮੱਥੇ ਮੰਨਦੇ ਹਾਂ!
ਉਪਰੋਕਤ ਤੱਥਾਂ ਤੋਂ ਸਪਸ਼ਟ ਹੈ ਕਿ ਅਸੀਂ ਸੱਚੇ ਸਿੱਖ ਨਹੀਂ ਰਹੇ ਸਗੋਂ,
ਨੇਤਾਵਾਂ ਦੀ ਤਰ੍ਹਾਂ, ਅਸੀਂ ਵੀ ਢੌਂਗੀ ਬਣ ਚੁੱਕੇ ਹਾਂ! ਕੀ ਗੁਰੁਸਿੱਖੀ ਦਾ ਢੌਂਗ ਕਰਕੇ
ਗੁਰੁ-ਹੁਕਮਾਂ ਦੀ ਅਵੱਗਿਆ ਕਰਨ ਵਾਲੇ ਗੁਰੂ ਤੋਂ ਬੇਮੁਖ ਮਨਮਤੀਏ ਲੋਕਾਂ ਨੂੰ ਬਾਬੇ ਨਾਨਕ ਦੇ ਸਿੱਖ
ਕਹਿਣਾ ਠੀਕ ਹੈ? ਪਾਠਕ ਆਪ ਹੀ ਫ਼ੈਸਲਾ ਕਰ ਲੈਣ!
ਗੁਰਇੰਦਰ ਸਿੰਘ ਪਾਲ
ਮਈ 25, 2014.
|
. |