ਅਰਾਜਕਤਾਵਾਦੀ ਰਜਨੀਸ਼ ਦੀ ਅਪ੍ਰਮਾਣਿਕਤਾ
ਰਜਨੀਸ਼ ਨੂੰ ਪੜ੍ਹਨਾ ਸ਼ੁਰੂ ਕਰਨ
ਤੋਂ ਪਹਿਲਾਂ ਉਸਦੇ ਦੋ ਰੂਪਾਂ ਦੀ ਪਛਾਣ ਹੋਣੀ ਜ਼ਰੂਰੀ ਹੈ। ਇੱਕ ਰੂਪ ਹੈ 1984 ਤੋਂ ਪਹਿਲਾਂ ਦਾ ਤੇ
ਦੂਜਾ ਹੈ ਇਸ ਤੋਂ ਬਾਦ ਦਾ। 84 ਤੋਂ ਪਹਿਲਾਂ ਉਹ ਧਾਰਮਿਕ ਵਿਅਕਤੀਆਂ ਦੀ ਬਾਣੀ ਲੈ ਕੇ ਉਸ ਰਾਹੀਂ
ਛੁਪਾ ਕੇ ਕੁੱਝ ਅਜਿਹਾ ਕਹਿਣਾ ਚਾਹੁੰਦਾ ਹੈ ਜੋ 8ਵੀਂ ਸਦੀ ਦੇ ਲਾਗੇ ਚਾਗੇ ਤਾਂਤ੍ਰਿਕਾਂ ਨੇ ਕਿਹਾ
ਸੀ। ਚਾਹੇ ਇਹ ਸੰਭੋਗ ਤੋਂ ਸਮਾਧੀ ਦਾ ਮਸਲਾ ਹੋਵੇ ਜਾਂ ਧਿਆਨ ਵਿਧੀਆਂ ਦਾ। ਆਮ ਬੰਦੇ ਦੀ ਪਕੜ ਤੋਂ
ਇਹ ਸਭ ਕੁੱਝ ਬਾਹਰ ਹੈ ਇਸ ਲਈ ਉਹ ਕਥਾਕਾਰੀ ਸ਼ੈਲੀ ਰਾਹੀਂ ਸੰਮੋਹਤ ਹੁੰਦਾ ਹੈ। ਪਰੰਤੂ 84 ਤੋਂ ਬਾਦ
ਜਦ ਰਜਨੀਸ਼ ਪ੍ਰਸਿੱਧੀ ਪ੍ਰਾਪਤ ਕਰ ਲੈਂਦਾ ਹੈ ਤਾਂ ਉਸਨੂੰ ਲੁਕਾ ਛੁਪੀ ਦੀ ਜ਼ਰੂਰਤ ਮਹਿਸੂਸ ਨਹੀਂ
ਹੁੰਦੀ। ਫਿਰ ਅਮਰੀਕਾ `ਚ ਓਰੇਗਾਨ ਵਿੱਚ ਬੈਠ ਕੇ ਬਹੁਤ ਕੁੱਝ ਕਹਿਣਾ ਆਸਾਨ ਵੀ ਸੀ। ਉਹ ਹੁਣ ਤੱਕ
ਕਰ ਰੱਖੇ ਪਰਦਿਆਂ ਨੂੰ ਉਤਾਰ ਸੁੱਟਦਾ ਹੈ ਤੇ ਆਪਣਾ ਅਸਲੀ ਰੂਪ ਪ੍ਰਗਟ ਕਰਦਾ ਕਹਿੰਦਾ ਹੈ, “ਮੈਂ
ਹਿੰਦੂਆਂ, ਈਸਾਈਆਂ, ਯਹੂਦੀਆਂ, ਮੁਸਲਮਾਨਾਂ, ਜੈਨੀਆਂ, ਬੋਧੀਆਂ ਤੇ ਸਿੱਖਾਂ ਸਾਹਮਣੇ ਬੋਲਦਾ ਰਿਹਾ
ਹਾਂ। ਇਹ ਸਾਰੇ ਤਥਾਕਥਿਤ ਧਰਮਾਂ ਨਾਲ ਸੰਬੰਧ ਰੱਖਦੇ ਹਨ … … ਹਿੰਦੂਆਂ ਨਾਲ ਗੱਲ ਕਰਨ ਸਮੇਂ ਮੈਨੂੰ
ਕ੍ਰਿਸ਼ਨ ਰਾਹੀਂ ਗੱਲ ਕਰਨੀ ਪੈਂਦੀ ਸੀ। ਜਿਸਤੋਂ ਮੈਨੂੰ ਸੰਤੁਸ਼ਟੀ ਨਹੀਂ ਸੀ। ਕੋਈ ਹੋਰ ਰਾਹ ਵੀ ਤਾਂ
ਨਹੀਂ ਸੀ …. ਜਿਨ੍ਹਾਂ ਗੱਲਾਂ ਉੱਪਰ ਮੇਰੀ ਸਹਿਮਤੀ ਵੀ ਸੀ ਉਸ ਬਾਰੇ ਵੀ ਮੈਨੂੰ ਕੁੱਝ ਹੋਰ ਕਰਨਾ
ਪੈਂਦਾ। ਮੈਨੂੰ ਉਨ੍ਹਾਂ ਸ਼ਬਦਾਂ ਨੂੰ ਨਵੇਂ ਅਰਥ ਦੇਣੇ ਪੈਂਦੇ। ਉਨ੍ਹਾਂ ਦੇ ਸ਼ਬਦਾਂ ਨੂੰ ਆਪਣੇ ਅਰਥ।
ਕਦੇ ਕਦੇ ਮੈਂ ਉਨ੍ਹਾਂ ਦੇ ਸ਼ਬਦਾਂ ਨੂੰ ਅਜਿਹੇ ਅਰਥ ਵੀ ਦਿੱਤੇ ਜੋ ਮੂਲ ਰੂਪ ਵਿੱਚ ਅਸਲੀ ਅਰਥਾਂ
ਤੋਂ ਉਲਟ ਸਨ।” (ਰਜਨੀਸ਼ ਬਾਈਬਲ ਭਾਗ ਪਹਿਲਾ, ਪੰਨਾ - 7) ਇਸ ਇੰਕਸਾਫ ਤੋਂ ਬਾਅਦ ਰਜਨੀਸ਼ ਬਾਈਬਲ ਦੇ
ਜਿੰਨੇ ਵੀ ਲੈਕਚਰ ਹਨ, ਉਨ੍ਹਾਂ ਵਿੱਚ ਇਤਿਹਾਸਕ ਪਰਿਪੇਖ ਨੂੰ ਪਰ੍ਹੇ ਰੱਖਦਿਆਂ ਅਤਾਰਕਿਕ ਹੱਦ ਤੱਕ
ਈਸਾ ਮਸੀਹ ਦੀਆਂ ਦੰਤ ਕਥਾਵਾਂ ਨੂੰ ਆਧਾਰ ਬਣਾ ਕੇ ਈਸਾਈ ਸਿੱਖਿਆਵਾਂ ਦਾ ਗਾਲ੍ਹਾਂ ਨਾਲ ਸਵਾਗਤ
ਕੀਤਾ ਗਿਆ ਹੈ। ਗੁਆਂਢੀ ਨੂੰ ਪਿਆਰ ਕਰਨ ਦੀ ਸਿੱਖਿਆ ਤੱਕ ਨੂੰ ਨਹੀਂ ਬਖ਼ਸ਼ਿਆ ਗਿਆ। ਅਸਲ ਗੱਲ ਹੋਰ
ਹੈ। ਉਹ ਇਹ ਹੈ ਕਿ ਈਸਾ ਮਸੀਹ ਗਰੀਬਾਂ ਦਾ ਪੱਖ ਲੈਂਦਾ ਹੈ। ਜੋ ਰਜਨੀਸ਼ ਨੂੰ ਮਨਜ਼ੂਰ ਨਹੀਂ। ਮਾਰਕਸ,
ਏਂਗਲਜ, ਲੈਨਿਨ, ਮਾਓ ਆਦਿ ਨੂੰ ਅਮੀਰਾਂ ਦੀ ਦ੍ਰਿਸ਼ਟੀ ਤੋਂ ਪਾਣੀ ਪੀ ਪੀ ਕੇ ਕੋਸਿਆ ਗਿਆ ਹੈ। ਕਬੀਰ
ਤੱਕ ਨੂੰ ਨਹੀਂ ਬਖ਼ਸ਼ਿਆ ਗਿਆ। ਹੇਠ ਲਿਖੀਆਂ ਕੁੱਝ ਪੰਗਤੀਆਂ ਤੋਂ ਉਸਦਾ ਰਵੱਈਆ ਸਪੱਸ਼ਟ ਹੋ ਜਾਂਦਾ
ਹੈ। ਉਹ ਕਹਿੰਦਾ ਹੈ, “ਕਾਰਲ ਮਾਰਕਸ ਯਹੂਦੀ ਸੀ। ਇਹੀ ਉਸਦਾ ਦਿਮਾਗ ਸੀ। ਮਸੀਹ ਪਹਿਲਾ ਕਮਿਊਨਿਸਟ
ਸੀ ਕਿਉਂਕਿ ਉਹ ਮਾਰਕਸ ਤੋਂ ਵੀ ਵਧੇਰੇ ਅਮੀਰਾਂ ਦੇ ਖਿਲਾਫ਼ ਸੀ। “ਸੂਈ ਦੇ ਨੱਕੇ ਵਿੱਚੋਂ ਦੀ ਊਠ
ਨਿਕਲ ਸਕਦਾ ਹੈ, ਪਰੰਤੂ ਅਮੀਰ ਸਵਰਗ ਦੇ ਦਰਵਾਜ਼ੇ ਵਿਚੋਂ ਦੀ ਨਹੀਂ ਗੁਜ਼ਰ ਸਕਦਾ।” ਇਹ ਸ਼ਬਦ ਮਾਰਕਸ
ਦੇ ਲਿਖੇ ਹੋਏ ਨਹੀਂ। ਯਸੂ ਮਸੀਹ ਦੇ ਕਹੇ ਹੋਏ ਹਨ।” (ਰਜਨੀਸ਼ ਬਾਈਬਲ, ਭਾਗ ਚੌਥਾ ਪੰਨਾ, 813)
ਦੂਸਰਿਆਂ ਨੂੰ ਗਾਲ੍ਹੀਆਂ ਦੇ ਦੇ ਆਪ ਨੂੰ ਅਗਨਾਸਟਿਕ ਸਿੱਧ ਕੀਤਾ ਹੈ। ਸਮਾਜਿਕ ਸਦਾਚਾਰ,
ਸੰਸਥਾਵਾਂ, ਰਾਜਨੀਤੀ, ਧਰਮ ਹਰ ਚੀਜ਼ ਦਾ ਵਿਰੋਧ ਕੀਤਾ ਗਿਆ ਹੈ। ਇਸ ਸਭ ਕੁੱਝ ਤੋਂ ਇਹ ਪ੍ਰਭਾਵ
ਮਿਲਦਾ ਹੈ ਕਿ ਰਜਨੀਸ਼ ਅਰਾਜਕਤਾਵਾਦੀ ਦ੍ਰਿਸ਼ਟੀ ਅਪਣਾਉਂਦਾ ਹੈ। ਸਾਨੂੰ ਬਹੁਤੀ ਦੇਰ ਇੰਤਜ਼ਾਰ ਨਹੀਂ
ਕਰਨੀ ਪੈਂਦੀ ਰਜਨੀਸ਼ ਆਪ ਹੀ ਇਹ ਮੰਨ ਲੈਦਾ ਹੈ ਕਿ ਉਹ ਕੀ ਹੈ? ਇਸ ਤੋਂ ਬਾਅਦ ਜ਼ਿਆਦਾ ਸੋਚਣ ਦੀ
ਜ਼ਰੂਰਤ ਨਹੀਂ ਰਹਿੰਦੀ। ਉਹ ਕਹਿੰਦਾ ਹੈ, “ਮੈਂ ਅਰਾਜਕਤਾਵਾਦੀ ਹਾਂ। ਮੈਂ ਮੂਲ ਰੂਪ ਵਿੱਚ ਵਿਅਕਤੀ
ਵਿੱਚ ਵਿਸ਼ਵਾਸ ਰੱਖਦਾ ਹਾਂ। ਮੈਂ ਸਮਾਜ ਵਿੱਚ ਕਤਈ ਵਿਸ਼ਵਾਸ ਨਹੀਂ ਕਰਦਾ। ਮੇਰਾ ਸੱਭਿਅਤਾ ਵਿੱਚ
ਵਿਸ਼ਵਾਸ ਨਹੀਂ, ਸਭਿਆਚਾਰ ਵਿੱਚ ਵਿਸ਼ਵਾਸ ਨਹੀਂ। ਮੈਂ ਤਾਂ ਸਿਰਫ਼ ਵਿਅਕਤੀ ਵਿੱਚ ਵਿਸ਼ਵਾਸ ਰੱਖਦਾ
ਹਾਂ। ਮੈਂ ਰਾਜ ਵਿੱਚ ਵਿਸ਼ਵਾਸ ਨਹੀਂ ਕਰਦਾ। ਮੈਨੂੰ ਸਰਕਾਰ ਵਿੱਚ ਵਿਸ਼ਵਾਸ ਨਹੀਂ। ਮੈਂ ਦੁਨੀਆਂ ਤੇ
ਕੋਈ ਸਰਕਾਰ ਨਹੀਂ ਚਾਹੁੰਦਾ, ਕੋਈ ਰਾਜ ਨਹੀਂ ਚਾਹੁੰਦਾ।” (ਰਜਨੀਸ਼ ਬਾਈਬਲ, ਭਾਗ ਚੌਥਾ, ਪੰਨਾ 888)
ਅਜਿਹੇ ਵਿਚਾਰਾਂ ਨੂੰ ਪੜ੍ਹਨ ਸੁਣਨ ਤੋਂ ਬਾਅਦ ਕੋਈ ਸਮਾਜ ਨਾਲ ਜੁੜਿਆ ਆਦਮੀ ਕਿਵੇਂ ਰਜਨੀਸ਼ ਨੂੰ
ਧਿਆ ਸਕਦਾ ਹੈ। ਮੇਰੀ ਸਮਝ ਵਿੱਚ ਅਜੇ ਤੱਕ ਨਹੀਂ ਆਇਆ। ਲਾ ਪਾ ਕੇ ਜਵਾਬ ਅੰਧ ਵਿਸ਼ਵਾਸ ਵਿਚੋਂ ਹੀ
ਮਿਲਦਾ ਹੈ। ਉਹ ਤਾਂ ਇਹ ਵੀ ਕਹਿੰਦਾ ਹੈ ਕਿ ਉਹ ਨਾਨਸੀਰੀਅਸ ਵਿਅਕਤੀ ਹੈ ਤੇ ਉਸਦਾ ਧਰਮ ਵੀ
ਨਾਨਸੀਰੀਅਸ ਹੈ। ਪਰ ਅਸੀਂ ਉਸਨੂੰ ‘ਮਹਾਨ ਦਾਰਸ਼ਨਿਕ’ ‘ਮਹਾਨ ਬੁੱਧ ਪੁਰਸ਼’ ‘ਭਗਵਾਨ’ ‘ਓਸ਼ੋ’ ਤੇ ਪਤਾ
ਨਹੀਂ ਕੀ ਕੀ ਸਥਾਪਿਤ ਕਰੀ ਜਾ ਰਹੇ ਹਾਂ। ਅਸਲ ਵਿੱਚ ਇਹ ਸਾਡੀ ਗ਼ੁਲਾਮ ਜ਼ਹਨੀਅਤ ਦਾ ਹੀ ਹਿੱਸਾ ਹੈ।
ਰਜਨੀਸ਼ ਕਹਿ ਰਿਹਾ ਹੈ, “ਵਿਚਾਰਾਂ ਨਾਲ ਖੇਡੋ। ਮੈਂ ਸ਼ਬਦ ‘ਖੇਡਣਾ’ ਵਰਤਿਆ ਹੈ ਕਿਉਂਕਿ ਮੈਂ
ਨਾਨਸੀਰੀਅਸ ਆਦਮੀ ਹਾਂ ਅਤੇ ਮੇਰਾ ਧਰਮ ਵੀ ਨਾਨਸੀਰੀਅਸ ਹੈ। ਖੇਡ ਜ਼ਾਰੀ ਰੱਖੋ। ਤੁਹਾਡੇ ਕੋਲ ਬਥੇਰਾ
ਸਮਾਂ ਹੈ।” (ਰਜਨੀਸ਼ ਬਾਈਬਲ, ਚੌਥਾ ਭਾਗ, ਪੰਨਾ 69) ਜੋ ਆਦਮੀ ਵਿਚਾਰਾਂ ਨਾਲ ਖੇਡਦਾ ਹੈ ਉਹ ਹੋਰ
ਕੁੱਝ ਵੀ ਹੋਵੇ ਦਾਰਸ਼ਨਿਕ ਨਹੀਂ ਹੋ ਸਕਦਾ। ਫਿਰ ਜੋ ਆਦਮੀ ਦਾ ਕਿਹਾ ਪ੍ਰਮਾਣਿਕ ਹੀ ਨਾ ਹੋਵੇ ਤਾਂ
ਇਹ ਖੇਡ ਵੀ ਫਜ਼ੂਲ ਹੋ ਜਾਂਦੀ ਹੈ। ਲੋਕ ਰਜਨੀਸ਼ ਨੂੰ ਬਹੁਤ ਪੜ੍ਹਿਆ ਲਿਖਿਆ ਮੰਨਦੇ ਹਨ। ਉਹ
ਫ਼ਿਲਾਸਫ਼ਰਾਂ ਦੇ ਸਾਹਿਤਕਾਰਾਂ ਦੇ, ਲੋਕ ਕਥਾਵਾਂ ਮਿੱਥਾਂ ਦੇ ਪੁਲ ਬੰਨ੍ਹਦਾ ਚਲਾ ਜਾਂਦਾ ਹੈ ਪਰ
ਉਸਦੀ ਪ੍ਰਮਾਣਿਕਤਾ ਉਸਦੇ ਆਪਣੇ ਸ਼ਬਦਾਂ ਵਿੱਚ ਇਹ ਹੈ ਕਿ, “ਮੈਂ ਚੀਜ਼ਾਂ ਸਹੀ ਸ਼੍ਰੋਤਾਂ ਤੋਂ ਨਹੀਂ
ਲੈਂਦਾ। ਚੀਜ਼ਾਂ ਲੱਭਣ, ਸਿਰਜਣ ਤੇ ਖੋਜਣ ਦਾ ਮੇਰਾ ਆਪਣਾ ਤਰੀਕਾ ਹੈ। ਮੇਰੇ ਲਈ ਇਤਿਹਾਸਕ ਹੋਣਾ
ਜ਼ਰੂਰੀ ਨਹੀਂ। ਜੋ ਚੀਜ਼ ਮੈਨੂੰ ਮਹੱਤਵਪੂਰਣ ਲੱਗਦੀ ਹੈ, ਜੋ ਕਿਸੇ ਸੱਚਾਈ ਵੱਲ ਇਸ਼ਾਰਾ ਕਰਦੀ ਹੈ,
ਮੈਂ ਕਿਉਂ ਕਿਤਿਉਂ ਵੀ ਉਠਾ ਲੈਂਦਾ ਹਾਂ ਅਤੇ ਕਿਸੇ ਦੇ ਵੀ ਮੂੰਹ ਵਿੱਚ ਪਾ ਦਿੰਦਾ ਹਾਂ।” (ਰਜਨੀਸ਼
ਬਾਈਬਲ, ਭਾਗ ਚੌਥਾ, ਪੰਨਾ 729) ਸੱਚਾਈ ਦਾ ਇਤਿਹਾਸਕ ਸੰਦਰਭ ਗੁਆਚ ਜਾਏ, ਉਹ ਅਸਲੀ ਵਕਤੇ ਦੀ ਥਾਂ
ਕਿਸੇ ਹੋਰ ਦੇ ਮੂੰਹ ਵਿੱਚ ਜਾ ਪਏ, ਤਾਂ ਸੱਚਾਈ ਦਾ ਜੋ ਭੜਥਾ ਬਣੇਗਾ ਉਸਦਾ ਅੰਦਾਜ਼ਾ ਲਗਾਇਆ ਜਾ
ਸਕਦਾ ਹੈ।
ਰਜਨੀਸ਼ ਦੇ ਹਰ ਲੈਕਚਰ ਵਿੱਚ ਅਜਿਹਾ ਭੜਥਾ ਮਿਲ ਜਾਵੇਗਾ ਪਰ ਇਥੇ ਇੱਕ ਹੀ
ਉਦਾਹਰਣ ਦੇਵਾਂਗਾ। ਇੱਕ ਥਾਉਂ ਉਹ ਕਹਿੰਦਾ ਹੈ, “ਸਿੱਖ ਧਰਮ ਦਾ ਬਾਨੀ ਬਾਬਾ ਨਾਨਕ ਕਹਿੰਦਾ ਹੈ ਕਿ
ਸਮਾਧੀ ਦਾ ਪਲ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਘੜੀ ਦੀਆਂ ਦੋ ਬਾਹਵਾਂ (ਸੂਈਆਂ) ਦਾ ਬਾਰਾਂ ਉੱਪਰ
ਇਕੱਠੀ ਹੋਣਾ। ਇਹ ਦੋ ਨਹੀਂ ਹਨ। ਨਾਨਕ ਉਦਾਹਰਣ ਲੈ ਰਿਹਾ ਕਿ ਸਮਾਧੀ ਦੇ ਪਲ ਵਿੱਚ ਦੁਚਿੱਤੀ ਖ਼ਤਮ
ਹੋ ਜਾਂਦੀ ਹੈ ਤੇ ਤੁਸੀਂ ਏਕੇ ਵਿੱਚ ਪ੍ਰਵੇਸ਼ ਕਰਦੇ ਹੋ। ਇਹ ਕੁੱਝ ਮੌਤ ਨਾਲ ਵੀ ਵਾਪਰਦਾ ਹੈ। ਨਾਨਕ
ਦੇ ਬਾਦ ਵਿੱਚ ਵਿਸਤਾਰ ਦਿੱਤਾ ਕਿ ਇਹ ਕੁੱਝ ਮੌਤ ਨਾਲ ਵਾਪਰਦਾ ਹੈ। ਇਸ ਲਈ ਪੰਜਾਬ ਵਿੱਚ ਬਾਰਾਂ
ਮੌਤ ਦਾ ਪ੍ਰਤੀਕ ਹੈ। ਇਸ ਲਈ ਜਦੋਂ ਕਿਸੇ ਸਰਦਾਰ ਜੀ ਨੂੰ ਪੁੱਛੋ ਕਿ ‘ਸਮਾਂ ਕੀ ਹੋਇਆ ਹੈ?’ ਤੇ ਜੇ
ਕਿਤੇ ਬਾਰਾਂ ਵੱਜੇ ਹੋਣ ਤਾਂ ਉਹ ਤੁਹਾਡੀ ਕੁਟਾਈ ਸ਼ੁਰੂ ਕਰ ਦੇਵੇਗਾ।” (ਰਜਨੀਸ਼ ਬਾਈਬਲ, ਭਾਗ ਚੌਥਾ,
ਪੰਨਾ 296) ਕੀ ਕੋਈ ਮਾਈ ਦਾ ਲਾਲ ਗੁਰੂ ਨਾਨਕ ਦੀ ਬਾਣੀ `ਚੋਂ ਇਹ ਸਿਧਾਂਤ ਲੱਭ ਕੇ ਦੱਸੇਗਾ? ਅਸਲ
ਵਿੱਚ ਰਜਨੀਸ਼ ਨੇ ਕਿਤਿਉਂ ਹੋਰ ਵਿਚਾਰ ਲਿਆ ਹੈ ਤੇ ਗੁਰੂ ਨਾਨਕ ਦੇ ਮੂੰਹ ਵਿੱਚ ਪਾ ਦਿੱਤਾ ਹੈ। ਜੋ
ਬਣਿਆ ਹੈ ਤੁਹਾਡੇ ਸਾਹਮਣੇ ਹੈ। ਮੇਰੇ ਮੂੰਹੋਂ ਸਖ਼ਤ ਸ਼ਬਦ ਨਿਕਲੇ ਤਾਂ ਐਵੇਂ ਰਜਨੀਸ਼ਵਾਦੀ ਦੁਖੀ
ਹੋਣਗੇ। ਇਸ ਲਈ ਮੇਰਾ ਸਲਾਮ ਰਜਨੀਸ਼ ਦੀ ਅਰਾਜਕਤਾਵਾਂ ਨੂੰ ਤੇ ਉਸਦੀ ਪ੍ਰਮਾਣਿਕਤਾ ਨੂੰ। ਤੇ ਸਭ ਤੋਂ
ਵੱਧ ਸਲਾਮ ਰਜਨੀਸ਼ ਦੇ ਮੰਨਣ ਵਾਲਿਆਂ ਨੂੰ ਜੋ ਇਸ ਤਰ੍ਹਾਂ ਦਾ ਸਭ ਕੁੱਝ ਪਚਾ ਕੇ ਡਕਾਰ ਵੀ ਨਹੀਂ
ਮਾਰਦੇ।
ਡਾ: ਕਰਮਜੀਤ ਸਿੰਘ