ਪਹਿਲਾਂ-ਪਹਿਲਾਂ ਯਤਨ ਕਰ ਲੈ-
ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਣੀ।।
ਛਿਨ ਛਿਨ ਅਉਧ ਬਿਹਾਤ ਹੈ ਫੂਟੈ ਘਟ ਜਿਉ ਪਾਨੀ।।
(ਤਿਲੰਗ ਮਹਲਾ ੯-੭ ੨ ੬)
ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੋਈ ਸਪਸ਼ਟ ਤਾੜਨਾ ਕਰਦੀ ਹੈ ਕਿ ਜਿੰਦਗੀ
ਵਿੱਚ ਜੋ ਸਵਾਸ ਲੈ ਲਿਆ ਹੈ, ਉਸੇ ਨੂੰ ਆਖਰੀ ਸਵਾਸ ਸਮਝੀਏ, ਕੀ ਪਤਾ ਅਗਲਾ ਸਾਹ ਲੈਣ ਦਾ ਮਾਲਕ ਨੇ
ਹੁਕਮ ਦੇਣਾ ਹੈ ਜਾਂ ਨਹੀ। ਜਿੰਦਗੀ ਵਿੱਚ ਉਹੀ ਵੇਲਾ, ਸੁਆਸ, ਦਿਨ ਸਫਲ ਹੈ ਜੋ ਪ੍ਰਮੇਸ਼ਰ ਦੀ ਯਾਦ
ਵਿੱਚ ਬਤੀਤ ਹੋ ਜਾਵੇ। ਬਿਹਾਗੜਾ ਰਾਗ ਅੰਦਰ ਗੁਰੂ ਰਾਮਦਾਸ ਜੀ ਬਚਨ ਕਰਦੇ ਹਨ-
ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ
ਕਿ ਨ ਆਵੈ ਰਾਮ।।
ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ
ਹਰਿ ਮੇਰਾ ਚਿਤਿ ਆਵੈ ਰਾਮ।।
(ਬਿਹਾਗੜਾ ਮਹਲਾ ੪-੫੪੦)
ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਹਰ ਮਨੁੱਖ ਸੁਆਲਾਂ ਨਾਲ ਭਰਿਆ ਪਿਆ
ਹੈ। ਸਾਸ ਸਾਸ ਸਿਮਰਨ ਦੀ ਲੋੜ ਕਿਉ ਹੈ, ਇਸਦਾ ਲਾਭ ਕੀ ਹੈ, ਜੇ ਜਪਣਾ ਹੈ ਤਾਂ ਕਿਵੇ ਜਪਣਾ ਹੈ, ਜੇ
ਨਹੀ ਜਪਾਂਗੇ ਤਾਂ ਕੀ ਹੋਵੇਗਾ? ਇਸ ਤੋਂ ਇਲਾਵਾ ਹੋਰ ਵੀ ਕਈ ਸੁਆਲ ਹਨ ਜੋ ਸਿਮਰਨ ਦੇ ਰਸਤੇ ਵਿੱਚ
ਰੁਕਾਵਟ ਬਣ ਕੇ ਖੜੇ ਹੁੰਦੇ ਹਨ। ਗੁਰਬਾਣੀ ਹਰ ਮਨੁੱਖ ਦੇ ਸੁਆਲ ਦਾ ਜੁਆਬ ਦੇਣ ਦੇ ਸਮੱਰਥ ਹੈ। ਬਸ
ਲੋੜ ਗੁਰਬਾਣੀ ਨੂੰ ਸਮਝ ਵਿਚਾਰ ਕੇ ਪੜਣ ਦੀ ਹੈ। ਸਿਮਰਨ ਦੀ ਲੋੜ ਤਾਂ ਮਨੁੱਖ ਦੇ ਸੰਸਾਰ ਅੰਦਰ ਜਨਮ
ਲੈਣ ਤੋਂ ਪਹਿਲਾਂ ਹੀ ਅਰੰਭ ਹੋ ਜਾਂਦੀ ਹੈ। ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਮਾਤਾ ਦੇ ਗਰਭ
ਰੂਪੀ ਅਗਨੀ ਵਿਚੋਂ ਜੇ ਜੀਵ ਸਹੀ ਸਲਾਮਤ ਪੈਦਾ ਹੋ ਗਿਆ ਹੈ ਤਾਂ ਇਹ ਸਿਮਰਨ ਦੀ ਬਦੌਲਤ ਹੀ ਹੈ-
ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ।।
ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ।।
(ਜੈਤਸਰੀ ਮਹਲਾ ੫ ਵਾਰ-ਸਲੋਕ-੭ ੦ ੬)
ਪਰ ਮਨੁੱਖ ਸੰਸਾਰ ਤੇ ਆ ਕੇ ਜਿਉ-ਜਿਉ ਸਰੀਰਕ ਤੌਰ ਤੇ, ਆਰਜਾ ਤੌਰ ਤੇ ਵੱਡਾ
ਹੁੰਦਾ ਜਾਂਦਾ ਹੈ, ਇਹ ਸੰਸਾਰਕ, ਪ੍ਰਵਾਰਿਕ ਝਮੇਲਿਆਂ ਵਿੱਚ ਹੀ ਉਲਝ ਕੇ ਰਹਿ ਜਾਂਦਾ ਹੈ ਅਤੇ
ਸਿਮਰਨ ਦਾ ਪੱਲਾ ਛੱਡ ਬੈਠਦਾ ਹੈ। ਜਿਸ ਕਾਰਣ-
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ।।
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ।।
(ਗਉੜੀ ਬੈਰਾਗਣਿ ਮਹਲਾ ੧-੧੫ ੬)
ਵਾਲੀ ਹਾਲਤ ਹੋ ਜਾਂਦੀ ਹੈ। ਮਨੁੱਖ ਦੇ ਮਨ ਅੰਦਰ ਹਰ ਸਮੇਂ ਸਿਮਰਨ ਦੀ ਲੋੜ
ਬਣੀ ਰਹੇ, ਇਹ ਤਾਂ ਹੀ ਸੰਭਵ ਹੈ ਜੇ ਪ੍ਰਮੇਸ਼ਰ ਤੋਂ ਵਿਛੋੜੇ ਦਾ ਅਹਿਸਾਸ ਅਤੇ ਪ੍ਰਭੂ ਮਿਲਾਪ ਦੀ
ਤਾਂਘ ਜੀਵਨ ਵਿੱਚ ਬਣੀ ਰਹੇ। ਭਗਤ ਰਵਿਦਾਸ ਜੀ ਇਸ ਸਬੰਧੀ ਮਨੁੱਖੀ ਮਨ ਦੀ ਤਰਜਮਾਨੀ ਕਰਦੇ ਹੋਏ
ਗਿਆਨ ਸਾਡੀ ਝੋਲੀ ਵਿੱਚ ਪਾਉਂਦੇ ਹਨ-
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮਾਰੇ ਲੇਖੇ।।
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ।।
(ਧਨਾਸਰੀ ਭਗਤ ਰਵਿਦਾਸ ਜੀ ਕੀ-੬੯੪)
ਆਮ ਤੌਰ ਤੇ ਵੇਖਣ ਵਿੱਚ ਆਉਂਦਾ ਹੈ ਕਿ ਬਹੁਗਿਣਤੀ ਮਨੁੱਖ ਦੁਖੀ ਜੀਵਨ ਬਤੀਤ
ਕਰਦੇ ਹਨ। ਸਿਮਰਨ ਦਾ ਪੱਲਾ ਛੱਡਣ ਕਰਕੇ ਬਾਰ-ਬਾਰ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਐਸਾ
ਕਿਉਂ ਹੁੰਦਾ ਹੈ? ਇਸ ਤਰਾਂ ਦਾ ਸੁਆਲ ਜਦੋਂ ਸਿਧਾਂ ਨੇ ਗੁਰੂ ਨਾਨਕ ਸਾਹਿਬ ਅੱਗੇ ਰੱਖਿਆ-
ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ।।
ਤਾਂ ਗੁਰੂ ਨਾਨਕ ਸਾਹਿਬ ਨੇ ਜੁਆਬ ਦਿੱਤਾ-
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ।।
(ਰਾਮਕਲੀ ਮਹਲਾ ੧ ਸਿਧ ਗੋਸਟਿ-੯੪ ੬)
ਜਿਹੜੇ ਮਨੁੱਖਾਂ ਨੂੰ ਇਸ ਗਲ ਦੀ ਸਮਝ ਨਹੀਂ ਪੈਂਦੀ ਉਨ੍ਹਾਂ ਦਾ ਜੀਵਨ
ਸਿਮਰਨ ਤੋਂ ਬਿਨਾਂ ਅਜਾਂਈ ਹੀ ਇਵੇਂ ਬਤੀਤ ਹੁੰਦਾ ਹੈ ਜਿਵੇਂ ਸੱਪ ਆਪਣੀ ਜ਼ਹਿਰ ਦੀ ਬਹੁਤਾਤ ਦੇ
ਕਾਰਣ ਦੁਖੀ ਹੁੰਦਾ ਹੈ। ਠੀਕ ਇਸੇ ਤਰਾਂ ਸਿਮਰਨਹੀਨ ਮਨੁੱਖ ਭਾਵੇਂ ਵੱਡੇ ਰਾਜ-ਭਾਗ ਦਾ ਮਾਲਕ ਵੀ
ਕਿਉਂ ਨਾ ਬਣ ਜਾਵੇ ਅੰਤ ਸਮੇਂ ਸੰਸਾਰ ਤੋਂ ਜੀਵਨ ਦੀ ਬਾਜ਼ੀ ਹਾਰ ਕੇ ਖਾਲੀ ਹੱਥ ਹੀ ਜਾਣਾ ਪੈਂਦਾ
ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ-
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ।।
ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ।।
(ਟੋਡੀ ਮਹਲਾ ੫-੭ ੧੨)
ਸਿਮਰਨਹੀਨਤਾ ਵਾਲੇ ਜੀਵਨ ਨੂੰ ਗੁਰਬਾਣੀ ਫਿਟਕਾਰ ਪਾਉਂਦੀ ਹੈ-
ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ।।
ਜਿਨਿ ਕੀਤੀ ਤਿਸ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ।।
(ਬਿਹਾਗੜੇ ਕੀ ਵਾਰ-ਸਲੋਕ ਮਹਲਾ ੫-੫੫੩)
ਪਰ ਜੋ ਮਨੁੱਖ ਗੁਰਬਾਣੀ ਦੁਆਰਾ ਦਰਸਾਏ ਮਾਰਗ ਦੇ ਪਾਂਧੀ ਬਣ ਜਾਂਦੇ ਹਨ,
ਉਨ੍ਹਾ ਦੇ ਜੀਵਨ ਦੀ ਰੂਪ ਰੇਖਾ ਹੀ ਬਦਲ ਜਾਂਦੀ ਹੈ। ਉਹ ਆਪਣੇ ਜੀਵਨ ਦੇ ਹਰ ਸਵਾਸ ਨੂੰ ਪ੍ਰਭੂ
ਭਗਤੀ ਤੋਂ ਬਿਨਾ ਵਿਅਰਥ ਹੀ ਸਮਝਦੇ ਹਨ। ਉਹ ਦੁਨਿਆਵੀ ਰਸਾਂ-ਕਸਾਂ ਵਿੱਚ ਗਲਤਾਨ ਨਹੀ ਹੁੰਦੇ। ਉਨਾਂ
ਨੂੰ ਨਾਮ ਰਸ ਦੇ ਮੁਕਾਬਲੇ ਬਾਕੀ ਸਾਰੇ ਰਸ ਫਿੱਕੇ ਲੱਗਣ ਲਗ ਪੈਂਦੇ ਹਨ। ਭਗਤ ਕਬੀਰ ਜੀ ਬਖਸ਼ਿਸ਼
ਕਰਦੇ ਹਨ-
ਰਾਰਾ ਰਸੁ ਨਿਰਸ ਕਰਿ ਜਾਨਿਆ।। ਹੋਇ ਨਿਰਸ ਸੁ ਰਸੁ ਪਹਿਚਾਨਿਆ।।
ਇਹ ਰਸ ਛਾਡੇ ਉਹੁ ਰਸੁ ਆਵਾ।। ਉਹ ਰਸੁ ਪੀਆ ਇਹੁ ਰਸੁ ਨਹੀ ਭਾਵਾ।।
(ਰਾਗ ਗਉੜੀ ਬਾਵਨ ਅਖਰੀ-ਕਬੀਰ ਜੀਉ-੩੪੨)
ਇਸ ਨਾਮ ਰਸ ਦੇ ਸੁਆਦ ਨੂੰ ਮਾਨਣ ਵਾਲੇ ਬਾਬਾ ਫਰੀਦ ਜੀ ਵਾਂਗ ਪੁਕਾਰ ਕੇ
ਕਹਿ ਉਠਦੇ ਹਨ-
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ।।
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ।।
(ਸਲੋਕ ਸ਼ੇਖ ਫਰੀਦ ਕੇ-੧੩੭੯)
‘ਸਾਸਿ ਸਾਸਿ ਸਿਮਰਹੁ ਗੋਬਿੰਦ` ਵਾਲੀ ਜੀਵਨ ਅਵਸਥਾ ਪ੍ਰਾਪਤ ਕਰਨ ਵਾਲੇ
ਦੁਨਿਆਵੀ ਕੰਮਾਂ-ਕਾਜਾਂ ਦਾ ਤਿਆਗ ਨਹੀ ਕਰਦੇ। ਸੰਸਾਰਕ, ਪ੍ਰਵਾਰਿਕ ਜਿੰਮੇਵਾਰੀਆਂ ਨਿਭਾਉਂਦੇ ਹੋਏ
“ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ” (੧੩੭੫) ਦਰਸਾਏ ਗੁਰਮਤਿ ਸਿਧਾਂਤ ਰਾਹੀਂ
ਭਾਈ ਲਾਲੋ ਜੀ ਵਾਂਗ ਕਿਰਤ ਕਰਦੇ ਹੋਏ, ਨਾਮ ਜਪਦੇ ਹੋਏ, ਵੰਡ ਛਕਦੇ ਹੋਏ ਪ੍ਰਮੇਸ਼ਰ ਦੇ ਨਾਮ ਨੂੰ
ਆਪਣੀ ਜਿੰਦਗੀ ਦੇ ਹਰ ਸਵਾਸ ਨਾਲ ਚੇਤੇ ਰੱਖਦੇ ਹਨ। ਪ੍ਰਮੇਸ਼ਰ ਦੀ ਹੋਂਦ ਨੂੰ ਹਰ ਸਮੇਂ, ਹਰ ਸਥਾਨ
ਤੇ ਮਹਿਸੂਸ ਕਰਦੇ ਹਨ। ਉਹ ਜੀਵਨ ਦੀ ਐਸੀ ਉਚੀ ਅਵਸਥਾ ਦੇ ਮਾਲਕ ਬਣ ਜਾਂਦੇ ਹਨ ਜਿਥੇ ਭਰੋਸਾ
ਪ੍ਰਪੱਕ ਹੋ ਜਾਂਦਾ ਹੈ-
ਤੈਡੇ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ।।
ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ।।
(ਰਾਗ ਗੂਜਰੀ ਵਾਰ-ਮਹਲਾ ੫-੫੨੦)