.

ਅੰਧੇਰ ਬਿਨਾਸ

(ਕਿਸ਼ਤ ਪਹਿਲੀ)

ਵੀਰ ਭੁਪਿੰਦਰ ਸਿੰਘ

ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥ ਕਬੀਰ ਕੇ ॥

ਸੂਹੀ ਕਬੀਰ ਜੀ ॥

ਥਰਹਰ ਕੰਪੈ ਬਾਲਾ ਜੀਉ ॥ ਨਾ ਜਾਨਉ ਕਿਆ ਕਰਸੀ ਪੀਉ ॥1॥

ਰੈਨਿ ਗਈ ਮਤ ਦਿਨੁ ਭੀ ਜਾਇ ॥ ਭਵਰ ਗਏ ਬਗ ਬੈਠੇ ਆਇ ॥1॥ ਰਹਾਉ ॥

ਕਾਚੈ ਕਰਵੈ ਰਹੈ ਨ ਪਾਨੀ ॥ ਹੰਸੁ ਚਲਿਆ ਕਾਇਆ ਕੁਮਲਾਨੀ ॥2॥

ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ ਕਿਉ ਰਲੀਆ ਮਾਨੈ ਬਾਝੁ ਭਤਾਰਾ ॥3॥

ਕਾਗ ਉਡਾਵਤ ਭੁਜਾ ਪਿਰਾਨੀ ॥ ਕਹਿ ਕਬੀਰ ਇਹ ਕਥਾ ਸਿਰਾਨੀ ॥4॥2॥

(ਗੁਰੂ ਗ੍ਰੰਥ ਸਾਹਿਬ, ਪੰਨਾ 792)

ਇਸ ਸ਼ਬਦ ਦਾ ਰਹਾਉ ਹੈ ‘ਰੈਨਿ ਗਈ ਮਤ ਦਿਨੁ ਭੀ ਜਾਇ ॥ ਭਵਰ ਗਏ ਬਗ ਬੈਠੇ  ਆਇ ॥1॥’ ਸ਼ਬਦ ਦੇ ਰਹਾਉ ਨੂੰ ਜੇ ਅਸੀਂ ਬੜੇ ਸਹਿਜ ਨਾਲ ਸਮਝਣ ਦਾ ਜਤਨ ਕਰੀਏ ਤਾਂ ਪਤਾ ਲਗਦਾ ਹੈ ਕਿ ਕਬੀਰ ਸਾਹਿਬ ਨੇ ਇਸ ਸ਼ਬਦ ਵਿਚ ਇਕ ਬੜਾ ਹੀ ਮਹਤਵਪੂਰਨ ਪੱਖ ਰਖਿਆ ਹੈ। ਮਨ ਦੀ ਉਸ ਅਵਸਥਾ ਦਾ ਪੱਖ ਜਿਸ ਵਿਚ ਮਨ ਨੇ ਆਪਣਾ ਬਗਲਾ ਪੁਣਾ ਛੱਡ ਦਿੱਤਾ ਹੈ। ਜਦੋਂ ਮਨ ਬਗਲਾ ਪੁਣਾ ਛੱਡ ਦੇਵੇ ਤਦੋਂ ਉਹ ਮਨ ਹੀ ਮਹਿਸੂਸ ਕਰ ਸਕਦਾ ਹੈ ਕਿ ਕਿਸ ਤਰ੍ਹਾਂ ਅਨੰਦ ਆ ਗਿਆ ਹੈ, ਖੇੜਾ ਆ ਗਿਆ ਹੈ।

ਜਦੋਂ ਮਨ ਬਗਲਾ ਪੁਣਾ ਛੱਡਦਾ ਹੈ ਤਾਂ ਹੀ ਮਨ ਨੂੰ ‘ਆਗੈ ਸੁਖੁ ਮੇਰੇ ਮੀਤਾ’ ਸਮਝ ਪੈਂਦੀ ਹੈ। ਬਗਲਾ ਪੁਣਾ ਛੱਡਣ ਤੋਂ ਬਾਅਦ, ਫਰੇਬ ਅਤੇ ਝੂਠ ਦਾ ਜਿਹੜਾ ਮੁਖੌਟਾ ਲਾਇਆ ਹੈ ਉਹ ਛੱਡਣ ਤੋਂ ਬਾਅਦ ਆਗੈ ਸੁਖੁ ਮੇਰੇ ਮੀਤਾ’ ਆਪਣੇ ’ਤੇ ਢੁਕਾ ਕੇ ਮਹਿਸੂਸ ਕਰਕੇ ਇਸਨੂੰ ਸਮਝਣਾ ਹੈ। ਜਦੋਂ ਤਕ ਅਸੀਂ ਝੂਠ ਦਾ ਮੁਖੌਟਾ ਲਾਇਆ ਹੁੰਦਾ ਹੈ ਤਾਂ ਤੱਕ ਕਿਸੇ ਗਲ ਨੂੰ ਛੁਪਾ ਰਹੇ ਹੁੰਦੇ ਹਾਂ। ਜੇ ਕਰ ਉਹ ਗੱਲ ਨਸ਼ਰ ਹੋ ਜਾਏ ਤਾਂ ਅਸੀਂ ਦੁਖੀ ਹੁੰਦੇ ਹਾਂ। ਜਦੋਂ ਤਕ ਨਸ਼ਰ ਨਾ ਹੋਵੇ, ਸਾਡੇ ਮਨ ’ਤੇ ਭਾਰ ਰਹਿੰਦਾ ਹੈ। ਆਪਣੀ ਕੋਈ ਗੱਲ, ਕੋਈ ਭੇਤ ਕਿਸੇ ਆਪਣੇ ਬੜੇ ਪਿਆਰੇ ਮਿੱਤਰ ਨਾਲ ਸਾਂਝ ਕਰਦੇ ਹਾਂ ਤਾਂ ਜ਼ਿਆਦਾਤਰ ਉਹ ਗਲਤ ਵਾਲੀ ਹੁੰਦੀ ਹੈ। ਇਸ ਕਰ ਕੇ ਉਸਨੂੰ ਕਹਿੰਦੇ ਹਾਂ ਤੇਰੇ ਨਾਲ ਸਾਂਝ ਕਰ ਕੇ ਮਨ ਦਾ ਭਾਰ ਹੌਲਾ ਕਰ ਲਿਆ ਹੈ। ਪਰ ਤੂੰ ਅੱਗੇ ਕਿਸੇ ਨਾਲ ਗੱਲ ਨਾ ਕਰੀਂ ਪਰ ਉਹ ਦੋਸਤ ਅੱਗੇ ਗੱਲ ਕਰ ਦਿੰਦਾ ਹੈ।

ਸ਼ਾਇਦ ਇਸੇ ਕਰ ਕੇ ਕਿਹਾ ਹੈ ਕਿ ਜੇ ਕਿਸੇ ਨੂੰ ਸੱਜਣ-ਮਿੱਤਰ ਬਣਾਉਣਾ ਹੈ, ਪਿਆਰਾ ਬਣਾਉਣਾ ਹੈ ਤਾਂ ਰੱਬ ਨੂੰ ਬਣਾ, ਕਿਉਂਕਿ ਉਹ ਤੈਨੂੰ ਭੰਡੇਗਾ ਨਹੀਂ। ਉਹ ਤੇਰੀ ਥਾਂ-ਥਾਂ ਤੇ ਗੱਲਾਂ ਨਹੀਂ ਕਰੇਗਾ। ਕਿਉਂਕਿ ਉਨ੍ਹਾਂ ਤੋਂ ਹੀ ਸਾਨੂੰ ਸਮਝ ਮਿਲੀ ਹੈ ਕਿ ‘ਨਿੰਦਾ ਭਲੀ ਕਿਸੈ ਕੀ ਨਾਹੀ’। ਹੋਰ ਕਿਸੇ ਨੂੰ ਭੇਤ ਦੱਸੋ ਤਾਂ ਉਹ ਚਾਰ ਦਿਨ ਦਾ ਮਿੱਤਰ ਹੁੰਦਾ ਹੈ, ਪੰਜਵੇ ਦਿਨ ਉਹ ਭੇਤ ਦੂਜਿਆਂ ਨੂੰ ਦਸਦਾ ਹੈ ਤੇ ਕਹਿੰਦਾ ਹੈ ਕਿ ਮੈਂ ਜਾਣਦਾ ਹਾਂ, ਮੈਂ ਉਸਦੇ ਨਾਲ ਰਿਹਾ ਹਾਂ। ਇਸ ਦਾ ਮਤਲਬ ਜਦੋ ਕਿਸੇ ਦੇ ਭੇਤ ਦੇ ਪੜਦੇ ਚੁੱਕੇ ਜਾਂਦੇ ਹਨ ਉਸ ਨੂੰ ਬੇਇਜ਼ਤ ਕੀਤਾ ਜਾਂਦਾ ਹੈ ਉਸ ਵੇਲੇ ਸਭ ਤੋਂ ਜ਼ਿਆਦਾ ਆਪਣੇ ਹੀ ਪੜਦੇ ਚੁੱਕ ਰਹੇ ਹੁੰਦੇ ਹਾਂ, ਇਹ ਸਾਬਿਤ ਕਰਕੇ ਕਿ ਅਸੀਂ ਕਿਸੇ ਦੇ ਭਰੋਸੇ ਦਾ ਕਿਸ ਤਰ੍ਹਾਂ ਗਲਾ ਘੋਟਿਆ ਹੈ। ਪਰ ਜਦੋਂ ਅਸੀਂ ਕਦੇ ਵੀ ਆਪਣੇ ਮਨ ਦਾ ਭਾਰ ਹੌਲਾ ਕਰਦੇ ਹਾਂ ਉਸ ਵੇਲੇ ਉਹ ਸਾਡਾ ਕੁਝ ਬੁਰਾ ਹੀ ਹੁੰਦਾ ਹੈ। ਅਸੀਂ ਆਪਣੇ ਅਉਗੁਣੀ ਖਿਆਲਾਂ ਦਾ ਹੀ ਭਾਰ ਹੌਲਾ ਕਰਦੇ ਹਾਂ ਕਿਉਂਕਿ ਚੰਗੇ ਗੁਣਾਂ ਦਾ ਭਾਰ ਹੁੰਦਾ ਹੀ ਨਹੀਂ। ਲੇਕਿਨ ਜਦੋਂ ਅਸੀਂ ਸੱਚ ਬੋਲਦੇ ਹਾਂ ਤਾ ਅਸੀਂ ਬੇਫਿਕਰ ਹੁੰਦੇ ਹਾਂ। ਨਿਸ਼ਚਿੰਤ ਹੋ ਜਾਂਦੇ ਹਾਂ। ਚਿੰਤਾ ਰਹਿਤ ਹੋ ਜਾਂਦੇ ਹਾਂ।

ਜਿਸ ਬੱਚੇ ਨੇ ਸਾਰਾ ਸਾਲ ਪੜ੍ਹਾਈ ਕੀਤੀ ਹੋਵੇ ਉਸ ਨੂੰ ਪਰੀਖਿਆ ਵੇਲੇ ਕੋਈ ਚਿੰਤਾ ਨਹੀਂ ਹੁੰਦੀ। ਜਦੋਂ ਮਨ ਸੱਚ ਲੈ ਲੈਂਦਾ ਹੈ ਉਸ ਤੋਂ ਬਾਅਦ ਉਸ ਨੂੰ ਜਦੋ ਸੁੱਖ ਮਹਿਸੂਸ ਹੁੰਦਾ ਹੈ ‘ਆਗੈ ਸੁਖੁ ਮੇਰੇ ਮੀਤਾ’ ‘ਪਾਛੈ’ ਦਾ ਭਾਵ ਪਿਛਲਾ ਨਹੀਂ, ਬੀਤ ਗਿਆ ਵਕਤ ਨਹੀਂ। ਪਾਛੇ ਮਤਲਬ ਉਸ ਤੋਂ ਬਾਅਦ “ਪਾਛੇ ਆਨਦੁ ਪ੍ਰਭਿ ਕੀਤਾ ॥” ਫਿਰ ਅਸਲੀਅਤ ਵਿਚ ਆਨੰਦ ਮਹਿਸੂਸ ਹੁੰਦਾ ਹੈ। ਸੋ “ਆਗੈ” ਦਾ ਭਾਵ ਵੀ ਉਸ ਪਲ ਤੋਂ ਅਗਲਾ ਪਲ ਹੈ, ਪਾਛੈ ਦਾ ਭਾਵ ਵੀ ਉਸ ਪਲ ਤੋਂ ਬਾਅਦ ਹੈ। ਲੇਕਿਨ ਇਹ ਜਾਚ ਸਿੱਖਣੀ ਪੈਂਦੀ ਹੈ। ਅਨੰਦ ਕਿਸ ਤਰ੍ਹਾਂ ਆਏਗਾ। ਕਬੀਰ ਸਾਹਿਬ ਕਹਿੰਦੇ ਹਨ “ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥” ਜਿਸ ਵੇਲੇ ਮੈਂ ਮਨ ਦੀ ਹਉਮੈ ਛੱਡੀ ਤਾਂ ਉਸ ਵੇਲੇ ਮੈਨੂੰ ਆਨੰਦ ਆਉਣਾ ਸ਼ੁਰੂ ਹੋਇਆ। ਪਹਿਲੇ ਮੈਨੂੰ ਸੁੱਖ ਮਿਲਿਆ ਫਿਰ ਮੈਨੂੰ ਆਨੰਦ ਆਉਣਾ ਸ਼ੁਰੂ ਹੋਇਆ।

ਜਿਸ ਇਨਸਾਨ ਨੂੰ ਸੱਚ ਦਾ ਜੀਵਨ ਨਿੱਤ ਦੇ ਵਿਹਾਰ ਵਿਚ ਜੀਅ ਕੇ ਸੁੱਖ ਮਿਲਦਾ ਹੈ ਤਾਂ ਉਹ ਇਸ ਸੁਖ ਨੂੰ ਵੇਚੇਗਾ ਨਹੀਂ। ਉਹ ਇਸ ਸੁਖ ਨੂੰ ਮਾਣੇਗਾ। ਜਿਉਂ-ਜਿਉਂ ਮਾਣੇਗਾ ਤਾਂ ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਜਿਹੜੀ ਮਾਂ ਬੜੇ ਪਿਆਰ ਦੇ ਨਾਲ ਬੜੇ ਚਾਅ ਦੇ ਨਾਲ ਬੱਚਿਆਂ ਨੂੰ ਰੋਟੀ ਬਣਾ ਕੇ ਖਿਲਾਉਂਦੀ ਹੈ। ਉਹ ਉਸ ਵਿਚੋਂ ਆਨੰਦ ਲੈ ਰਹੀ ਹੁੰਦੀ ਹੈ। ਬੱਚਾ ਖਾ ਰਿਹਾ ਹੈ ਇਸ ਵਿਚੋਂ ਮਾਂ ਨੂੰ ਸੁੱਖ ਮਿਲ ਰਿਹਾ ਹੈ।

ਖਾਸਤੌਰ ਤੇ ਜਿਹੜੀ ਅੱਜ ਕੱਲ੍ਹ ਦੀ ਮਾਂ ਘਰ ਦਾ ਕੰਮ ਕਰਨਾ ਨਹੀਂ ਚਾਹੁੰਦੀ, ਉਹ ਰਸੋਈ ਵਿਚ ਜਾਣਾ ਹੀ ਨਹੀਂ ਚਾਹੁੰਦੀ। ਉਹ ਕਿਵੇਂ ਇਸ ਸੁੱਖ ਨੂੰ, ਇਸ ਆਨੰਦ ਨੂੰ ਮਾਣ ਸਕਦੀ ਹੈ। ਉਹ ਇਹ ਆਨੰਦ ਮਾਣ ਹੀ ਨਹੀਂ ਸਕਦੀ। ਉਹ ਮਾਂ ਗੁੱਸੇ ਵਿਚ ਬੋਲੇਗੀ ਕਿ ‘ਹੁਣ ਚੁਲ੍ਹੇ ਚੜ੍ਹੇ ਰਹੀਏ’ਹਰ ਵੇਲੇ ਮੈਂ ਆਪਣੀ ਜਵਾਨੀ ਨੂੰ ਸੱਸ ਲਈ ਫੁਲਕੇ-ਸਬਜੀ ਪਕਾ ਕੇ ਗਾਲ ਦਿਆਂ। ਮੇਰਾ ਰੰਗ ਕਾਲਾ ਪੈ ਜਾਏਗਾ। ਮੇਰਾ ਜੋਬਨ ਚਲਾ ਜਾਏਗਾ। ਉਸਨੂੰ ਆਪਣੀ ਜਵਾਨੀ ਦਾ ਮਾਣ ਹੈ। ਇਹ ਆਪਣੇ ਜੋਬਨ ਦਾ ਮਾਣ ਹੀ ਉਸ ਦੀ ਅਗਿਆਨਤਾ ਹੈ।

ਕਬੀਰ ਸਾਹਿਬ ਕਹਿੰਦੇ ਹਨ ਕਿ “ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥” ਕਬੀਰ ਜੀ ਇਹ ਨਹੀਂ ਕਹਿ ਰਹੇ ਹਨ ਕਿ ਮੈਂ ਸਭ ਤੋਂ ਬੁਰਾ ਹਾਂ ਜਾਂ ਮੈਂ ਸਭ ਤੋਂ ਭੈੜਾ ਹਾਂ। “ਹਮ ਤਜਿ ਭਲੋ ਸਭੁ ਕੋਇ” ਅਤੇ ਮੈਨੂੰ ਛੱਡ ਕੇ ਸਾਰੇ ਬਹੁਤ ਚੰਗੇ ਹਨ। ਸਾਨੂੰ ਕਬੀਰ ਸਾਹਿਬ ਦੇ ਇਸ ਨੁਕਤੇ ਨੂੰ ਸਮਝਣ ਲਈ ਗੁਰਮਤ ਦਾ ਕੀਮਤੀ ਸਿਧਾਂਤ ਸਮਝਣਾ ਪਏਗਾ। ਉਹ ਹੈ “ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਾਰੇ ॥” 

“ਸਗਲੇ ਜੀਅ” ਵਿਚ ਤਾਂ ਮੈਂ ਵੀ ਆਉਂਦਾ ਹਾਂ। ਸਾਰਿਆਂ ਨੂੰ ਰੱਬ ਨੇ ਬਣਾਇਆ ਹੈ। ਹੋਰ ਕੋਈ ਗਲਤੀ ਕਰੇ ਤਾਂ ਉਸ ਵੱਲ ਉਂਗਲੀ ਨਹੀਂ ਕਰਨੀ ਚਾਹੀਦੀ। ਕਿਸੇ ਨੂੰ ਪਰਖਣਾ ਨਹੀਂ ਚਾਹੀਦਾ। ਜੇ ਕੋਈ ਵੀ ਗਲਤ ਕੰਮ ਕਰੇ ਉਸ ਨੂੰ ਬੁਰਾ ਨਹੀਂ ਕਹਿ ਸਕਦੇ ਤਾਂ ਮੈਂ ਵੀ ਬੁਰਾ ਨਹੀਂ ਹਾਂ। ਕਬੀਰ ਸਾਹਿਬ ਇਹ ਨਹੀਂ ਕਹਿ ਰਹੇ ਹਨ ਕਿ ਮੈਂ ਬੁਰਾ ਹਾਂ।

ਕਬੀਰ ਸਾਹਿਬ ਕਹਿ ਰਹੇ ਹਨ “ਕਬੀਰ ਸਭ ਤੇ ਹਮ ਬੁਰੇ ਹਮ ਤਜਿ” ਇਹ ‘ਹਮ-ਹਮ’ ਛੱਡ ਹਉਮੈ ਛੱਡ। ਇਹ ਹਮ-ਹਮ, ਮੈਂ-ਮੈਂ ਵਾਲੇ ਖਿਆਲ ਬੁਰੇ ਹਨ। ਜਿਨ੍ਹਾਂ ਨੂੰ ਇਹ “ਹਮ” ਦੀ ਬਿਮਾਰੀ ਹੋ ਜਾਏ ਤਾਂ ਉਹ ਆਪਣੇ ਘਰ ਵਾਲਿਆਂ ਦੇ ਵਿਛੋੜੇ ਵੇਲੇ ਉਚੇਚੇ ਤੌਰ `ਤੇ ਚੰਦਨ ਦੀ ਲੱਕੜ ਲਿਆ ਕੇ ਉਸ ਨਾਲ ਸੰਸਕਾਰ ਕਰਦੇ ਹਨ, ਉਹ ਭਾਵੇਂ ਜਿਤਨੀ ਮਰਜ਼ੀ ਮਹਿੰਗੀ ਹੋਵੇ। ਅੱਜ ਕੱਲ੍ਹ ਸਰਦੀਆਂ ਹਨ, ਹਿੰਦੁਸਤਾਨ ਵਿਚ ਕਿਤਨੇ ਲੋਕੀ ਸਰਦੀ ’ਚ ਆਪਣਾ ਤਨ ਢੱਕੇ ਬਿਨਾ ਹੀ ਮਰ ਜਾਂਦੇ ਹਨ। ਪਰ ਉਹ ਜਿਨ੍ਹਾਂ ਦਾ ਕੋਈ ਆਪਣਾ ਵਿੱਛੜ ਗਿਆ ਹੈ, ਉਸ ਦਾ ਸੰਸਕਾਰ ਚੰਦਨ ਨਾਲ ਹੀ ਕਰਣਗੇ ਪਰ ਕਿਸੇ ਲੋੜਵੰਦ ਤੇ ਇੱਕ ਪੱਲਾ ਵੀ ਨਹੀਂ ਪਾਉਣਗੇ। ਇਹ ਦਿਖਾਵਾ ਨਹੀਂ ਤਾ ਹੋਰ ਕੀ ਹੈ? ਜਿਨ੍ਹਾਂ ਨੂੰ ਹਮ-ਹਮ ਵਾਲੀ ਬਿਮਾਰੀ ਲਗ ਜਾਏ ਉਹ ਕਿਸੇ ਖੁਸ਼ੀ ਵੇਲੇ ਤਾਂ ਵਿਖਾਵਾ ਕਰਦੇ ਹੀ ਹਨ ਲੇਕਿਨ ਉਹ ਮੌਤ ਤੇ ਵੀ ਵਿਖਾਵਾ ਕਰਦੇ ਹਨ।

ਮੈਂ ਅਮਰੀਕਾ ਵਰਗੇ ਦੇਸ਼ਾਂ ਵਿਚ ਵੇਖਿਆ ਹੈ ਕਿ ਲੋਕੀ ਗਹਿਰੇ ਸਮੁੰਦਰ ਦੇ ਅੰਦਰ ਮਰਨ ਵਾਲਿਆਂ ਦੀਆਂ ਅਸਥੀਆਂ ਪਰਵਾਹ ਕਰਨ ਜਾਂਦੇ ਹਨ। ਅਗਲੇ 6 ਮਹੀਨੇ ਇਹੋ ਦੰਦ ਕਥਾ ਹੁੰਦੀ ਰਹਿੰਦੀ ਹੈ ਕਿ ਉਨ੍ਹਾਂ ਨੇ ਇਸ ਲਈ ਕਈ ਹਜ਼ਾਰ ਡਾਲਰ ਖਰਚ ਕਰ ਦਿੱਤੇ। ਕਈ ਸੌ ਡਾਲਰਾਂ ਦੀ ਟਿਕਟ ਖਰਚੀ ਫਿਰ ਉਨ੍ਹਾਂ ਨੇ ਰਾਖ ਦੀ ਵਖਰੀ ਟਿਕਟ ਖਰਚੀ। ਪਰ ਕੇਵਲ ਦਿਖਾਵਾ ਕਰਨ ਲਈ। ਇਸ ਸਭ ਦਾ ਕਾਰਨ ਅਮੀਰੀ ਦੀ ਹਉਮੈ ਹੈ। ਜਿਹੜਾ ਇਸ “ਹਮ-ਹਮ” ਤੋਂ ਛੁੱਟ ਜਾਂਦਾ ਹੈ, ਉਸਨੂੰ “ਭਲੋ ਸਭ ਕੋਈ” ਭਲਾ ਹੀ ਨਜ਼ਰ ਆਉਂਦਾ ਹੈ। ਜਦੋਂ ਸਾਰੇ ਭਲੇ ਹੀ ਨਜ਼ਰ ਆਂਦੇ ਹਨ ਤਾਂ ਵਿਖਾਣਾ ਕਿਸ ਨੂੰ ਹੈ? ਦਿਖਾਵਾ ਕਰਕੇ ਕੋਈ ਅਮੀਰੀ ਜਾਂ ਰੁਤਬਾ ਨਹੀਂ ਖਰੀਦਣਾ। ਦਿਖਾਵਾ ਕਰਨ ਦੀ ਲੋੜ ਹੀ ਨਹੀਂ ਪੈਂਦੀ। ਕਬੀਰ ਸਾਹਿਬ ਕਹਿੰਦੇ ਹਨ “ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥” ਉਹ ਮਿਤਰ ਬਣ ਜਾਂਦਾ ਹੈ, ਰੱਬ ਜੀ ਦਾ, ਰੱਬ ਜੀ ਪ੍ਰਾਪਤ ਹੋ ਜਾਂਦੇ ਹਨ, ਉਸ ਨੂੰ ਇਹ “ਹਮ ਹਮ” ਵਿਚੋ ਹਟਾ ਕੇ ਇਹ ਹਮ ਦੇ ਖਿਆਲ ਹੀ ਬੁਰੇ ਹਨ।

ਕਬੀਰ ਸਾਹਿਬ ਕਹਿੰਦੇ ਹਨ “ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥” ਜਦੋਂ ਹਉਂ-ਹਉਂ ਵਾਲੀ ਖੇਡ ਖਤਮ ਹੋਈ ਤਾਂ ਸਰੀਰ ਨਹੀਂ ਮਰਿਆ ਸਗੋਂ ਮੈਨੂੰ ਆਨੰਦ ਆਉਣਾ ਸ਼ੁਰੂ ਹੋ ਗਿਆ। ਹੁਣ ਕਬੀਰ ਸਾਹਿਬ ਆਨੰਦ ਦੀ ਗਲ ਕਰ ਰਹੇ ਹਨ। ਇਸਦਾ ਫਾਇਦਾ ਇਹ ਹੋਇਆ ਕਿ “ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੁੋਬਿੰਦੁ ॥” ਮੇਰੇ ਇੰਦਰੇ, ਗਿਆਨ ਇੰਦਰੇ, ਮੇਰੇ ਸਾਰੇ ਰੋਮ-ਰੋਮ, ਸਾਰੀ ਸਖੀਆਂ ਸਹੇਲੜੀਆਂ ਮੇਰੇ ਸਾਰੇ ਮਿਤੱਰ ਉਸ ਪਾਸੇ ਲਗ ਗਏ।

ਅੱਖ, ਨੱਕ ਕੋਲ ਕੋਈ ਅਕਲ ਨਹੀਂ ਹੈ ਕੋਈ ਸੋਚਾ ਸ਼ਕਤੀ ਨਹੀਂ ਹੈ। ਇਹ ਅਨਪੜ੍ਹ ਅਗਿਆਨਤਾ ਵੱਸ ਹਨ। ਇਨ੍ਹਾਂ ਦਾ ਕੰਮ ਹੈ ਕੁਦਰਤ ਦੇ ਨਿਯਮ ਵਿਚ ਰਹਿਣਾ। ਅੱਖਾਂ ਦਾ ਕੰਮ ਹੈ ਦੇਖੋ ਅਤੇ ਅੰਦਰ ਸੁਨੇਹਾ ਦਿਓ। ਕੀ ਦੇਖਿਆ? ਚੰਗਾ ਜਾਂ ਬੁਰਾ, ਜੋ ਵੀ ਚੰਗਾ ਜਾਂ ਬੁਰਾ ਦੇਖਿਆ, ਇਸ ਦਾ ਫੈਸਲਾ ਅੰਦਰ ਹੋਵੇਗਾ। ਅੱਖਾਂ ਨੂੰ ਨਹੀਂ ਪਤਾ ਕਿ ਸਾਹਮਣੇ ਜੋ ਮੈਂ ਦੇਖਿਆ ਉਹ ਬੁਰਾ ਹੈ ਅਤੇ ਨਹੀਂ ਵੇਖਣਾ। ਅੱਖਾਂ ਬੰਦ ਨਹੀਂ ਹੋ ਸਕਦੀਆਂ। ਜੀਭ ਨਹੀਂ ਰੁਕ ਸਕਦੀ। ਇਨ੍ਹਾ ਨੂੰ ਤਾਂ ਸੁਨੇਹਾ ਹੀ ਦੇਣਾ ਹੋਵੇਗਾ। ਜਿਹੜੇ ਇਹ ਸੁਨੇਹਾ ਨਹੀਂ ਦਿੰਦੇ ਹਨ ਉਹ ਮਰਨ ਤੋਂ ਬਾਅਦ ਸਵਰਗ ਜਾਂ ਜੱਨਤ ਦਾ ਲਾਲਚ ਰੱਖਦੇ ਹਨ।




.