ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪਿ ਗੁਬਾਰਿ ਪਰਿਓ ਹੈ।।
ਏਤਾ ਗਬੁ ਅਕਾਸਿ ਨ ਮਾਵਤ ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ।।
ਦਹ ਦਿਸ ਧਾਇ ਮਹਾ ਬਿਖਿਆ ਕਉ ਪਰ ਧਨ ਛੀਨਿ ਅਗਿਆਨ ਹਰਿਓ ਹੈ।।
ਜੋਬਨ ਬੀਤਿ ਜਰਾ ਰੋਗਿ ਗ੍ਰਸਿਓ ਜਮਦੂਤਨ ਡੰਨੁ ਮਿਰਤੁ ਮਰਿਓ ਹੈ।।
ਅਨਿਕ ਜੋਨਿ ਸੰਕਟ ਨਰਕ ਭੁੰਚਤ ਸਾਸਨ ਦੂਖ ਗਰਤਿ ਗਰਿਓ ਹੈ।।
ਪ੍ਰੇਮ ਭਗਤਿ ਉਧਰਹਿ ਸੇ ਨਾਨਕ ਕਰਿ ਕਿਰਪਾ ਸੰਤੁ ਆਪਿ ਕਰਿਓ ਹੈ।। ੮।।
(ਪੰਨਾ ੧੩੮੮)
ਪਦ ਅਰਥ:- ਮਾਇਆ – ਅਗਿਆਨਤਾ, ਕਰਮ-ਕਾਂਡ। ਰੰਗ ਬਿਰੰਗ –
ਤਰ੍ਹਾਂ-ਤਰ੍ਹਾਂ ਦੇ। ਕਰਤ – ਸੰ: ਖੱਡ। ਕੂਪਿ – ਖੂਹ ਵਿੱਚ। ਗੁਬਾਰਿ ਕੂਪਿ –
ਅੰਧਕਾਰ ਦੇ ਖੂਹ ਵਿੱਚ। ਪਰਿਓ ਹੈ – ਪਏ ਹੋਏ ਹਨ। ਏਤਾ ਗਬੁ – ਏਨਾ ਜ਼ਿਆਦਾ
ਹੰਕਾਰ। ਅਕਾਸਿ ਨ ਮਾਵਤ – ਜੋ ਆਕਾਸ਼ ਵਿੱਚ ਨਾ ਸਮਾਅ ਸਕਦਾ ਹੋਵੇ। ਬਿਸਟਾ ਅਸ੍ਤ
ਕ੍ਰਿਮਿ ਉਦਰੁ ਭਰਿਓ ਹੈ – ਅਜਿਹੇ ਹੰਕਾਰ ਦੇ ਕੀੜਿਆਂ ਦਾ ਉਦਰੁ ਗਰਬ-ਹੰਕਾਰ ਰੂਪੀ ਵਿਸ਼ਟਾ ਨਾਲ
ਭਰਿਆ ਪਿਆ ਹੈ। ਦਹ ਦਿਸ ਧਾਇ – ਅਜਿਹੇ ਲੋਕ ਦਸੋਂ ਦਿਸ਼ਾਵਾਂ ਭਟਕਦੇ ਹਨ। ਮਹਾ ਬਿਖਿਆ –
ਹੰਕਾਰ ਰੂਪੀ ਵੱਡਾ ਜ਼ਹਿਰ ਜੋ ਆਤਮਿਕ ਤੌਰ `ਤੇ ਖ਼ਤਮ ਕਰ ਦਿੰਦਾ ਹੈ। ਕਉ – ਨੂੰ, ਨਾਲ।
ਪਰ ਧਨ ਛੀਨਿ – ਪਰਾਇਆ ਧਨ ਚੁਰਾਉਂਦੇ ਹਨ। ਅਗਿਆਨ ਹਰਿਓ ਹੈ – ਅਜਿਹੀ ਅਗਿਆਨਤਾ
ਦੇ ਵਿੱਚ ਗ਼ਰਕ ਹੋ ਜਾਂਦੇ ਹਨ। ਹਰਿਓ – ਗ਼ਰਕ ਹੋ ਜਾਣਾ, ਖ਼ਤਮ ਹੋ ਜਾਣਾ। ਹਰਿਓ –
ਚੁਰਾਇਆ, ਮਿਟਾਇਆ (ਮ: ਕੋਸ਼)। ਮਿਟਾਇਆ – ਮਿਟ ਜਾਣਾ ਭਾਵ ਖ਼ਤਮ ਹੋ ਜਾਣਾ।
ਜੋਬਨ ਬੀਤਿ – ਜੋਬਨ ਉਨ੍ਹਾਂ (ਅਵਤਾਰਵਾਦੀਆਂ) ਦਾ ਵੀ ਬੀਤਿਆ। ਜਰਾ – ਬੁਢੇਪਾ।
ਜਰਾ ਰੋਗਿ ਗ੍ਰਸਿਓ – ਅਜਿਹੇ (ਅਵਤਾਰਵਾਦੀ) ਬੁਢੇਪੇ ਦੇ ਰੋਗ ਨੇ ਉਨ੍ਹਾਂ ਨੂੰ ਵੀ ਗ੍ਰਸਿਆ।
ਜਮਦੂਤਨ ਡੰਨੁ ਮਿਰਤੁ ਮਰਿਓ ਹੈ – ਅਜਿਹੇ (ਆਪਣੇ ਆਪ ਨੂੰ ਰੱਬ ਅਖਵਾਉਣ ਵਾਲੇ ਅਵਤਾਰਵਾਦੀ)
ਜਮਦੂਤਾਂ, (ਗ਼ਰੀਬ ਸ਼ੂਦਰਾਂ) ਨੂੰ ਡੰਨ ਦੇਣ ਵਾਲਿਆਂ ਨੂੰ ਆਪ ਵੀ ਅਜਿਹੀ ਮੌਤੇ ਮਰਨਾ ਪਿਆ ਹੈ।
(ਜਮਦੂਤ – ਜਿਹੜੇ ਗ਼ਰੀਬਾਂ/ਸ਼ੂਦਰਾਂ ਨੂੰ ਛੂਤ-ਛਾਤ ਦੇ ਨਾ `ਤੇ ਮਾਰਦੇ-ਸਜ਼ਾ ਦਿੰਦੇ ਸਨ)। ਅਨਿਕ
ਜੋਨਿ ਸੰਕਟ ਨਰਕ ਭੁੰਚਤ ਸਾਸਨ ਦੂਖ ਗਰਤਿ ਗਰਿਓ ਹੈ – ਅਨਿਕ - ਅਨੇਕਾਂ, ਅਨਗਿਣਤ। ਜੋਨਿ –
ਜੂਨੀਆਂ, ਆਉਣ-ਜਾਣ ਦਾ। ਜੋਨਿ ਸੰਕਟ – ਆਉਣ-ਜਾਣ ਦੇ ਸੰਕਟ ਦੇ ਭਰਮ ਵਿੱਚ। ਨਰਕ –
ਨਰਕ ਵਰਗੀ ਜ਼ਿੰਦਗੀ। ਭੁੰਚਤ – ਭੋਗਣ ਲਈ ਮਜਬੂਰ ਕਰਨਾ। ਸਾਸਨ – ਸੰ: ਡੰਨ,
ਭਾਵ ਸਜ਼ਾ। ਦੂਖ – ਦੁੱਖ ਦੇਣਾ। ਗਰਤਿ ਗਰਿਓ ਹੈ – ਟੋਏ ਵਿੱਚ ਗ਼ਰਕ ਹੋ ਜਾਂਦੇ ਹਨ।
ਪ੍ਰੇਮ ਭਗਤਿ ਉਧਰਹਿ ਸੇ – (ਆਉਣ ਜਾਣ ਦੇ ਭਰਮ ਵਿੱਚੋਂ) ਉਨ੍ਹਾਂ ਦਾ ਉਧਾਰ ਹੋਇਆ ਜੋ
ਦਿਲੋਂ, ਪ੍ਰੇਮ ਸਹਿਤ ਇਸ ਇਨਕਲਾਬੀ ਵੀਚਾਰਧਾਰਾ ਨਾਲ ਜੁੜੇ। ਭਗਤਿ – ਇਨਕਲਾਬੀ
ਵੀਚਾਰਧਾਰਾ। ਨਾਨਕ – ਨਾਨਕ ਆਖਦਾ ਹੈ। ਕਰਿ ਕਿਰਪਾ ਸੰਤੁ – ਕਰਤੇ ਦੀ ਬਖ਼ਸ਼ਿਸ਼
ਗਿਆਨ ਪ੍ਰਾਪਤ। ਆਪਿ ਕਰਿਓ ਹੈ – ਆਪ ਪ੍ਰਾਪਤ ਕੀਤੀ ਹੈ। ਸੰਤੁ – ਕਰਤਾ ਗਿਆਨ ਦੀ ਬਖ਼ਸ਼ਿਸ਼
ਕਰਨ ਵਾਲਾ। ਨਾਨਕ ਆਖਦਾ ਹੈ ਆਉਣ-ਜਾਣ ਦੇ ਭਰਮ ਦੇ ਚੱਕਰ ਵਿੱਚੋਂ ਉਧਾਰ ਉਨ੍ਹਾਂ ਦਾ ਹੀ ਹੋਇਆ
ਜਿਨ੍ਹਾਂ ਕਰਤੇ ਦੀ ਬਖ਼ਸ਼ਿਸ਼ ਗਿਆਨ ਆਪ ਪ੍ਰਾਪਤ ਕਰਕੇ ਪ੍ਰੇਮ ਸਹਿਤ ਇਸ ਇਨਕਲਾਬੀ ਵੀਚਾਰਧਾਰਾ ਨਾਲ
ਜੁੜੇ।
ਅਰਥ:- ਅਜਿਹੇ (ਅਵਤਾਰਵਾਦੀ) ਆਪਣੇ ਆਪ ਨੂੰ ਰੱਬ ਅਖਵਾਉਣ ਵਾਲੇ ਆਪ
ਤਰ੍ਹਾਂ-ਤਰ੍ਹਾਂ ਦੇ ਕਰਮ-ਕਾਂਡਾਂ ਵਿੱਚ ਫਸੇ ਹੋਏ ਲੋਕ ਹੰਕਾਰ ਦੀ ਖੱਡ ਅਤੇ ਅੰਧਕਾਰ ਦੇ ਖੂਹ ਵਿੱਚ
ਪਏ ਹੋਏ ਹਨ। ਏਨਾ ਜ਼ਿਆਦਾ ਹੰਕਾਰ ਹੈ ਕਿ ਮਾਨੋ ਜਿੰਨਾ ਅਸਮਾਨ ਵਿੱਚ ਵੀ ਨਾ ਸਮਾਅ ਸਕਦਾ ਹੋਵੇ।
ਅਜਿਹੇ ਹੰਕਾਰ ਦੇ ਕੀੜਿਆਂ ਦਾ ਉਦਰੁ ਗਰਬ-ਹੰਕਾਰ ਰੂਪੀ ਵਿਸ਼ਟਾ ਨਾਲ ਭਰਿਆ ਪਿਆ ਹੈ। ਅਜਿਹੇ ਮਹਾਂ
ਹੰਕਾਰੀ ਲੋਕ ਜੋ ਦਹਦਿਸ ਭਟਕਦੇ ਹਨ ਅਤੇ ਹੰਕਾਰ ਰੂਪੀ ਜ਼ਹਿਰ ਉਨ੍ਹਾਂ ਨੂੰ ਆਤਮਿਕ-ਜ਼ਮੀਰ ਦੇ ਤੌਰ
`ਤੇ ਖ਼ਤਮ ਕਰ ਦਿੰਦਾ ਹੈ। ਅਜਿਹੇ ਅਗਿਆਨਤਾ ਵਿੱਚ ਫਸੇ ਆਪਣੇ ਰੱਬ ਹੋਣ ਦਾ ਭਰਮ ਪਾਲਣ ਵਾਲੇ ਲੋਕ,
ਲੋਕਾਂ ਦਾ ਪਰਾਇਆ ਧਨ ਚੁਰਾਉਂਦੇ ਹਨ ਅਤੇ ਆਪ ਵੀ ਆਪਣੇ ਰੱਬ ਹੋਣ ਦੇ ਭਰਮ ਵਿੱਚ ਆਪ ਹੀ ਗ਼ਰਕ ਹੋ
ਜਾਂਦੇ ਹਨ। ਜੋਬਨ ਉਨ੍ਹਾਂ ਦਾ ਵੀ ਬੀਤਿਆ, ਬੁਢੇਪੇ ਦੇ ਰੋਗ ਨੇ ਉਨ੍ਹਾਂ ਨੂੰ ਵੀ ਗ੍ਰਸਿਆ ਤੇ
ਅਜਿਹੇ ਜਮਦੂਤਾਂ ਨੂੰ ਆਪ ਵੀ ਅਜਿਹੀ ਮੌਤੇ ਮਰਨਾ ਪਿਆ। ਜਿਹੜੇ ਲੋਕਾਂ ਨੂੰ (ਵਰਣਵਾਦ) ਜੂਨੀਆਂ ਦੇ
ਆਧਾਰ `ਤੇ (ਗ਼ਰੀਬ ਸ਼ੂਦਰ) ਲੋਕਾਂ ਨੂੰ ਜਮਦੂਤ ਕਿਸਮ ਦੇ ਲੋਕ ਦੁੱਖ ਕਲੇਸ਼ ਨਰਕ ਵਰਗੀ ਜ਼ਿੰਦਗੀ ਭੋਗਣ
ਲਈ ਡੰਨ ਲਾਉਂਦੇ, ਭਾਵ ਮਜਬੂਰ ਕਰਦੇ ਸਨ। ਉਹ ਆਪ ਆਪਣੇ ਹੰਕਾਰ ਦੇ ਟੋਏ ਵਿੱਚ ਆਪ ਹੀ ਗ਼ਰਕ ਹੋ ਗਏ।
ਨਾਨਕ ਆਖਦਾ ਹੈ! ਜਿਹੜੇ ਗ਼ਰੀਬ ਲੋਕਾਂ ਨੂੰ ਅਜਿਹੇ ਜਮਦੂਤ ਕਿਸਮ ਦੇ (ਅਵਤਾਰਵਾਦੀ) ਲੋਕ ਡੰਨ
ਲਾਉਂਦੇ ਸਨ, ਨਰਕ ਵਰਗੀ ਜ਼ਿੰਦਗੀ ਭੋਗਣ ਲਈ ਮਜਬੂਰ ਕਰਦੇ ਸਨ, ਇਨ੍ਹਾਂ (ਅਵਤਾਰਵਾਦੀਆਂ ਦੇ ਆਉਣ ਜਾਣ
ਦੇ ਭਰਮ ਤੋਂ) ਉਹ ਹੀ ਬਚੇ। ਜਿਨ੍ਹਾਂ ਕਰਤੇ ਦੀ ਬਖ਼ਸ਼ਿਸ਼ ਗਿਆਨ ਆਪ ਪ੍ਰਾਪਤ ਕਰਕੇ ਪ੍ਰੇਮ ਸਹਿਤ ਇਸ
ਇਨਕਲਾਬੀ ਵੀਚਾਰਧਾਰਾ ਨੂੰ ਅਪਣਾਇਆ, ਉਨ੍ਹਾਂ ਦਾ ਹੀ (ਕਰਮ-ਕਾਂਡੀ ਵੀਚਾਰਧਾਰਾ ਅਵਾਤਰਵਾਦ ਦੇ ਆਉਣ
ਜਾਣ ਦੇ ਭਰਮ ਤੋਂ) ਉਧਾਰ ਭਾਵ ਛੁਟਕਾਰਾ ਹੋਇਆ। (ਨਾਨਕ ਜੀ ਨੇ ਇਹ ਵੀ ਕਰਮ-ਕਾਂਡੀਆਂ ਦਾ ਭਰਮ
ਤੋੜਿਆ ਜੋ ਇਹ ਕਹਿੰਦੇ ਸਨ ਕਿ ਸ਼ੂਦਰ ਬੰਦਗੀ ਭਾਵ ਇਨਕਲਾਬ ਦੀ ਗੱਲ ਨਹੀਂ ਕਰ ਸਕਦੇ)।
ਨੋਟ:- ਭੱਟ ਸਾਹਿਬਾਨ ਨੂੰ ਵੀ ਕਰਮ-ਕਾਂਡੀ ਲੋਕ ਦੂਜੇ ਦਰਜੇ ਦੇ ਸਮਝਦੇ
ਸਨ। ਇਸ ਕਰਕੇ ਭੱਟ ਲੋਕ ਵੀ ਸੱਚ ਦੀ ਤਲਾਸ਼ ਵਿੱਚ ਸਨ। ਇਸ ਕਰਕੇ ਭੱਟ ਸਾਹਿਬਾਨ ਨੇ ਨਾਨਕ ਨਾਲ ਮਿਲ
ਕੇ, ਨਾਨਕ ਵੀਚਾਰਧਾਰਾ ਨਾਲ ਵਿਚਾਰ-ਵਟਾਂਦਰਾ ਕਰਕੇ ਅਤੇ ਸੱਚ ਨੂੰ ਜਾਣ ਕੇ ਗੁਰਮਤਿ ਸਿਧਾਂਤ ਤੋਂ
ਆਪਾ ਨਿਛਾਵਰ ਕੀਤਾ। ਇਸ ਤਰ੍ਹਾਂ ਭੱਟ ਸਾਹਿਬਾਨ ਨੇ ਗੁਰਮਤਿ ਸਿਧਾਂਤ ਨੂੰ ਸਮਝ ਕੇ ਆਪਣੇ ਸਵਈਯਾਂ
ਅੰਦਰ ਗੁਰਮਤਿ ਸਿਧਾਂਤ ਦੀ ਪ੍ਰੋੜ੍ਹਤਾ ਕੀਤੀ ਹੈ ਅਤੇ ਅਵਤਾਰਵਾਦ ਨੂੰ ਨਕਾਰਿਆ ਹੈ, ਜੋ ਮਹਲਾ ੫
ਵੱਲੋਂ ਭੂਮਿਕਾ ਅੰਦਰ ਸਮਝਾਇਆ ਗਿਆ ਹੈ। ਇੱਕ ਹੋਰ ਗੱਲ ਯਾਦ ਰੱਖਣ ਵਾਲੀ ਹੈ ਕਿ ਬੰਦਗੀ ਕੀ ਹੈ?
ਗੁਰਮਤਿ ਅਨੁਸਾਰ ਬੰਦੇ ਵੱਲੋਂ ਬੰਦਿਆਂ ਵਾਲੇ ਕੰਮ ਕਰਨੇ, ਇਨਕਲਾਬੀ ਵੀਚਾਰਧਾਰਾ ਨੂੰ ਅਪਣਾਉਣਾ,
ਹਰੇਕ ਨੂੰ ਬਗ਼ੈਰ ਰੰਗ, ਨਸਲ, ਜਾਤ-ਪਾਤ, ਲਿੰਗ, ਭੇਦ ਦਾ ਬਣਦਾ ਹੱਕ ਦੇਣ ਜਾਂ ਹੱਕ ਲੈਣ ਦਾ ਨਾਮ ਹੀ
ਬੰਦਗੀ ਹੈ।
ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ।।
ਅਉਖਧ ਮੰਤ੍ਰ ਤੰਤ੍ਰ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ।।
ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ ਬਿਨਸਿ ਜਾਹਿ ਹਰਿ ਨਾਮੁ ਉਚਾਰੀ।।
ਇਸਨਾਨ ਦਾਨ ਤਾਪਨ ਸੁਚਿ ਕਿਰਿਆ ਚਰਣ ਕਮਲ ਹਿਰਦੈ ਪ੍ਰਭ ਧਾਰੀ।।
ਸਾਜਨ ਮੀਤ ਸਖਾ ਹਰਿ ਬੰਧਪ ਜੀਅ ਧਾਨ ਪ੍ਰਭ ਪ੍ਰਾਨ ਅਧਾਰੀ।।
ਓਟ ਗਹੀ ਸੁਆਮੀ ਸਮਰਥਹ ਨਾਨਕ ਦਾਸ ਸਦਾ ਬਲਿਹਾਰੀ।। ੯।।
(ਪੰਨਾ ੧੩੮੯)
ਪਦ ਅਰਥ:- ਗੁਣ ਸਮੂਹ – ਸਾਰੇ ਗੁਣ। ਫਲ – ਨਤੀਜਾ, ਸਿੱਟਾ।
ਫਲ – ਨਤੀਜਾ। ਸਗਲ – ਸਗਲ। ਮਨੋਰਥ – ਮਨੋਰਥ। ਪੂਰਨ ਹੋਈ ਆਸ ਹਮਾਰੀ –
ਜਿਸ ਨਾਲ ਸਾਡੀ ਆਸ ਪੂਰਨ ਹੋਈ (ਭਾਵ ਸੱਚ ਦੇ ਅਸੀਂ ਖੋਜੀ ਸੀ ਅਤੇ ਜੋ ਸੱਚ ਅਸੀਂ ਜਾਨਣਾ ਚਾਹੁੰਦੇ
ਸੀ, ਉਹ ਹੀ ਸੱਚ ਸਾਨੂੰ ਪ੍ਰਾਪਤ ਹੋਇਆ ਹੈ)। ਅਉਖਧ ਮੰਤ੍ਰ ਤੰਤ੍ਰ ਪਰ ਦੁਖ ਹਰ – ਤੰਤ੍ਰ –
ਸੰ: ਫੈਲਾਉਣਾ (ਮ: ਕੋਸ਼)। ਦੁਖ ਹਰ – ਦੁੱਖਾਂ ਦਾ ਖ਼ਾਤਮਾ। ਐਸੇ ਪਵਿੱਤਰ ਮੰਤ੍ਰ
ਸੱਚ ਜੋ (ਕਰਮ-ਕਾਂਡੀ) ਦੁੱਖਾਂ ਦਾ ਖ਼ਾਤਮਾ ਕਰਨ ਵਾਲਾ ਹੈ, ਨੂੰ ਫੈਲਾੳਣਾ ਭਾਵ ਪ੍ਰਚਾਰਨਾ ਚਾਹੀਦਾ
ਹੈ। ਸਰਬ ਰੋਗ ਖੰਡਣ ਗੁਣਕਾਰੀ – ਗੱਲ ਕੀ, ਸਾਰਿਆਂ (ਕਰਮ-ਕਾਂਡੀ) ਰੋਗਾਂ ਦਾ ਖੰਡਨ ਕਰਨ
ਵਾਲਾ ਗੁਣਕਾਰੀ ਸਾਡੇ ਲਈ ਸਾਬਤ ਹੋਇਆ ਅਤੇ ਹੋਰਨਾਂ ਲਈ ਹੈ। ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ
ਬਿਨਸਿ ਜਾਹਿ ਹਰਿ ਨਾਮ ਉਚਾਰੀ – ਐਸਾ ਗੁਣਕਾਰੀ ਅਉਖਧ ਮੰਤ੍ਰ ਸੱਚ ਜੋ ਹਰੀ ਦੀ ਬਖ਼ਸ਼ਿਸ਼ ਹੈ,
ਜਿਸ ਸੱਚ ਨੂੰ ਉਚਾਰਣ, ਜੀਵਨ ਵਿੱਚ ਅਪਣਾਉਣ ਨਾਲ ਕਾਮ ਕ੍ਰੋਧ ਦਾ ਨਾਸ਼, ਈਰਖਾ, ਤ੍ਰਿਸ਼ਨਾ (ਮਾਨਸਿਕ
ਰੋਗ) ਸਭ ਖ਼ਤਮ ਹੋ ਜਾਂਦੇ ਹਨ। ਅਉਖਧ ਮੰਤਰ ਗੁਰਬਾਣੀ ਅਨੁਸਾਰ ਕੀ ਹੈ।
ਧਨਾਸਿਰੀ ਮਹਲਾ ੫।।
ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ।।
ਚਰਨ ਰੇਨ ਬਾਂਛੈ ਨਿਤ ਨਾਨਕੁ ਪੁਨਹ ਪੁਨਹ ਬਲਿਹਾਰਿਆ।। ੨।। ੧੬।।
(ਰਾਗ ਧਨਾਸਰੀ, ਪੰਨਾ ੬੭੫)
ਇਕੁ ਅਜੂਨੀ ਪ੍ਰਭੂ ਦਾ ਸੱਚ ਉੱਪਰ ਹਿਰਦੇ ਅੰਦਰੋਂ ਵਿਸ਼ਵਾਸ ਧਾਰਨਾ, ਉਸ ਦੇ
ਗਿਆਨ ਦੀ ਬਖ਼ਸ਼ਿਸ਼ ਰੂਪ ਧੂਰੀ ਦੀ ਹੀ ਹਮੇਸ਼ਾ ਚਾਹਤ ਰੱਖਣੀ ਅਤੇ ਖਿਨ ਖਿਨ ਉਸ ਇਕੁ ਸਰਬ-ਵਿਆਪਕ ਪ੍ਰਭੂ
ਤੋਂ ਹੀ ਬਲਿਹਾਰ ਜਾਣਾ।
ਚਰਣ – ਪੈੜਾਂ, ਪੂਰਨੇ। ਕਮਲ – ਪਵਿੱਤਰ, ਨਿਰਲੇਪ। ਇਸਨਾਨ
ਦਾਨ ਤਾਪਨ ਸੁਚਿ ਕਿਰਿਆ ਚਰਣ ਕਮਲ ਹਿਰਦੈ ਪ੍ਰਭ ਧਾਰੀ – ਉਨ੍ਹਾਂ ਲਈ ਹਿਰਦੇ ਅੰਦਰੋਂ ਪ੍ਰਭੂ
ਦੀ ਬਖ਼ਸ਼ਿਸ਼ ਗਿਆਨ ਦੀਆਂ ਪਵਿੱਤਰ ਪੈੜਾਂ ਉੱਪਰ ਚੱਲ ਕੇ ਗਿਆਨ ਨੂੰ ਧਾਰਨ ਕਰਨਾ ਹੀ ਅਸਲ ਇਸ਼ਨਾਨ ਦਾਨ
ਤਪ ਸੁਚਿ-ਉੱਤਮ ਕਿਰਿਆ ਹੈ। ਸੁਚਿ – ਉੱਤਮ। ਧਾਰੀ – ਧਾਰਨ ਕਰਦੇ ਹਨ ਭਾਵ
ਅਪਣਾਉਂਦੇ ਹਨ। ਤਾਪਨ - ਤਪ ਕਰਨਾ, ਗੁਰਮਤਿ ਅਨੁਸਾਰ ਸਚਿ ਉੱਪਰ ਪਹਿਰਾ ਦੇਣਾ, ਆਪਣੇ ਆਪ
ਨੂੰ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਣਾ ਹੀ ਵੱਡਾ ਤਪ ਹੈ। ਸਾਜਨ ਮੀਤ ਸਖਾ ਹਰਿ ਬੰਧਪ ਜੀਅ
ਧਾਨ ਪ੍ਰਭ ਪ੍ਰਾਨ ਅਧਾਰੀ – ਉਹ ਉਸ ਪ੍ਰਭੂ ਨੂੰ ਹੀ ਸਾਰਿਆਂ ਦਾ ਸਾਜਨ ਮੀਤ ਸਖਾ ਬੰਧਪ ਅਤੇ
ਸਮੂਹ ਜੀਵਾਂ ਨੂੰ ਆਸਰਾ ਆਧਾਰ ਦੇਣ ਵਾਲਾ ਸਮਝਦੇ ਹਨ। ਧਾਨ – ਆਸਰਾ। ਓਟ ਗਹੀ ਸੁਆਮੀ
ਸਮਰਥਹ ਨਾਨਕ ਦਾਸ ਸਦਾ ਬਲਿਹਾਰੀ – ਇਸ ਕਰਕੇ ਨਾਨਕ ਵਾਂਗ ਉਸ ਸਮਰੱਥ ਸੁਆਮੀ ਦੀ ਹੀ ਓਟ ਲੈਣੀ
ਚਾਹੀਦੀ ਹੈ ਅਤੇ ਉਸ ਸਮਰੱਥ ਸੁਆਮੀ ਦੇ ਦਾਸ ਬਣ ਕੇ ਉਸ ਤੋਂ ਹੀ ਸਦਾ ਸਦਾ ਲਈ ਬਲਿਹਾਰੇ ਜਾਣਾ
ਚਾਹੀਦਾ ਹੈ।
ਅਰਥ:- ਮਹਲਾ ੫ਵਾਂ ਨੇ ਦਰਸਾਇਆ ਹੈ ਕਿ ਇਸ ਤਰ੍ਹਾਂ ਭੱਟ ਸਾਹਿਬਾਨ ਇਸ
ਨਤੀਜੇ ਉੱਪਰ ਪਹੁੰਚੇ ਕਿ ਸਾਰੇ ਗੁਣਾਂ, ਸਮੂੰਹ ਗੁਣਾਂ ਦਾ ਨਤੀਜਾ ਸੱਚ ਹੀ ਹੈ। ਜਿਹੜਾ ਸੱਚ ਜਾਨਣ
ਦਾ ਸਾਡਾ (ਭੱਟ ਸਾਹਿਬਾਨ) ਦਾ ਮਨੋਰਥ ਸੀ, ਉਹ ਹੀ ਸੱਚ ਸਾਨੂੰ ਪ੍ਰਾਪਤ ਹੋਇਆ ਅਤੇ ਸਾਡੀ ਆਸ ਪੂਰੀ
ਹੋਈ ਹੈ। ਇਹ ਐਸਾ ਪਵਿੱਤਰ ਮੰਤ੍ਰ (ਮੂਲ ਮੰਤ੍ਰ ਗੁਰਮਤਿ ਦਾ ਮੁਢਲਾ ਸਿਧਾਂਤ, ਮੂਲ ਮੰਤ੍ਰ) ਹੈ ਜੋ
ਸਾਰੇ (ਅਵਤਾਰਵਾਦੀ ਕਰਮ-ਕਾਂਡੀ) ਦੁੱਖਾਂ ਦਾ ਖੰਡਨ, ਖ਼ਾਤਮਾ ਕਰਨ ਵਾਲਾ ਹੈ ਜੋ ਸਾਡੇ ਲਈ
ਗੁਣਕਾਰੀ-ਵਰਦਾਨ ਸਾਬਤ ਹੋਇਆ ਅਤੇ ਹੋਰਨਾਂ ਲਈ ਹੋ ਸਕਦਾ ਹੈ, ਇਸ ਵਾਸਤੇ ਇਸ ਸੱਚ ਨੂੰ ਹੀ ਅੱਗੇ
ਪ੍ਰਚਾਰਨਾ, ਫੈਲਾਉਣਾ ਚਾਹੀਦਾ ਹੈ। ਐਸਾ ਗੁਣਕਾਰੀ ਇਹ ਅਉਖਧ ਮੰਤ੍ਰ ਸੱਚ ਹਰੀ ਦੀ ਬਖ਼ਸ਼ਿਸ਼ ਹੈ ਜਿਸ
ਸੱਚ ਨੂੰ ਇਨਸਾਨੀ ਮਨੁੱਖੀ ਜੀਵਨ ਵਿੱਚ ਅਪਣਾਉਣ ਨਾਲ ਕਾਮ, ਕ੍ਰੋਧ, ਰੰਗ, ਨਸਲ, ਜਾਤ-ਪਾਤ ਦੇ ਨਾਮ
ਉੱਪਰ ਈਰਖਾ ਅਤੇ ਤ੍ਰਿਸ਼ਨਾ ਦੀ ਜਲਣ ਸਭ ਖ਼ਤਮ ਹੋ ਜਾਂਦੀ ਹੈ। ਜਿਨ੍ਹਾਂ ਦੀ ਤ੍ਰਿਸ਼ਨਾ ਖ਼ਤਮ ਹੋਈ,
ਉਨ੍ਹਾਂ ਲਈ ਹਿਰਦੇ ਅੰਦਰੋਂ ਪ੍ਰਭੂ ਦੀ ਬਖ਼ਸ਼ਿਸ਼ ਗਿਆਨ ਦੀਆਂ ਪਵਿੱਤਰ ਪੈੜਾਂ ਉੱਪਰ ਚੱਲ ਕੇ ਗਿਆਨ
ਨੂੰ ਧਾਰਨ ਕਰਨਾ ਹੀ ਅਸਲ ਇਸ਼ਨਾਨ ਦਾਨ ਤਪ ਸੁਚਿ-ਉੱਤਮ ਕਿਰਿਆ ਹੈ। ਜੋ ਗਿਆਨ ਦੀਆਂ ਪੈੜਾਂ ਉੱਪਰ
ਚੱਲ ਕੇ ਗਿਆਨ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਹਨ, ਉਹ ਉਸ ਸੱਚੇ ਪ੍ਰਭੂ ਨੂੰ ਹੀ ਸਾਰਿਆਂ
ਦਾ ਸਾਜਨ ਮੀਤ ਸਖਾ ਬੰਧਪ ਅਤੇ ਸਮੂੰਹ ਜੀਵਾਂ ਨੂੰ ਪ੍ਰਾਣਾਂ ਦਾ ਆਸਰਾ ਦੇਣ ਵਾਲਾ ਸਮਝਦੇ ਹਨ। ਨਾਨਕ
ਆਪ ਵੀ ਉਸ ਸਮਰੱਥ ਪ੍ਰਭੂ ਦਾ ਦਾਸ ਹੈ ਅਤੇ ਉਸ ਦੀ ਹੀ ਓਟ ਲਈ ਹੈ ਅਤੇ ਸਦਾ ਲਈ ਉਸ ਸਮਰੱਥ ਪ੍ਰਭੂ
ਤੋਂ ਬਲਿਹਾਰ ਹੈ।
ਨੋਟ:- ਮਹਲਾ ੫ (ਪੰਜਵਾਂ) ਨੇ ਭੱਟ ਸਵਈਯਾਂ ਦੇ ਉਚਾਰਣ ਦਾ ਉਦੇਸ਼
ਸਮਝਾਇਆ ਹੈ ਕਿ ਭੱਟ ਸਾਹਿਬਾਨ ਕਿਵੇਂ ਗੁਰਮਤਿ ਦੇ ਮੂਲ ਸਿਧਾਂਤ ਤੋਂ ਨਿਛਾਵਰ ਸਨ। ਗੁਰਮਤਿ ਦਾ ਮੂਲ
ਸਿਧਾਂਤ ਅਜੂਨੀ, ਮੂਲ ਮੰਤ੍ਰ, ਅਵਤਾਰਵਾਦ ਦੇ ਰੱਬ ਹੋਣ ਉੱਪਰ ਕਾਲੀ ਲਕੀਰ ਫੇਰਦਾ ਹੈ। ਕਿਵੇਂ ਇਸ
ਸੱਚ ਨੂੰ ਅੱਗੇ ਪ੍ਰਚਾਰਨ ਲਈ ਪ੍ਰੋੜ੍ਹਤਾ ਕਰਦੇ ਹਨ ਤਾਂ ਜੋ ਕਰਮ-ਕਾਂਡਾਂ ਦੇ ਊਚ ਨੀਚ ਦੇ ਬੁਣੇ
ਜਾਲ ਨੂੰ ਕੱਟਿਆ ਜਾ ਸਕੇ ਅਤੇ ਸਮੁੱਚੀ ਮਾਨਵਤਾ ਇੱਕ ਦੂਸਰੇ ਦੇ ਨੇੜੇ ਆ ਸਕੇ।