. |
|
ਵੰਨ ਸੁਵੰਨੇ ਸਾਧ ਅਤੇ ਡੇਰੇ ਪੈਦਾ ਕਿਉਂ ਹੋਏ ਅਤੇ ਬੰਦ ਕਿਵੇਂ ਹੋਣ?
ਅਵਤਾਰ ਸਿੰਘ ਮਿਸ਼ਨਰੀ (5104325827)
ਕਿਉਂਕਿ ਅਸੀਂ ਬਹੁਤੇ ਗੁਰਮਤਿ ਨੂੰ ਛੱਡ ਚੁਫੇਰਗੜ੍ਹੀਏ ਹੋ ਚੁੱਕੇ ਹਾਂ।
ਅੱਜ ਬਹੁਤੇ ਗੁਰਦੁਆਰਿਆਂ ਅਤੇ ਜਥੇਬੰਦੀਆਂ ਵਿੱਚ ਕਟੜਵਾਦ ਅਤੇ ਰੁੱਖਾਪਨ ਚੱਲ ਰਿਹਾ ਹੈ। ਜਿਹੜੇ
ਚੌਧਰੀ ਬਣ ਜਾਂਦੇ ਹਨ ਉਹ ਫਿਰ ਸੰਗਤਿ ਨੂੰ ਟਿਚ ਸਮਝਦੇ ਹਨ। ਗੁਰਦੁਆਰਿਆਂ ਵਿੱਚ ਰਵਾਇਤੀ
ਪਾਠ, ਕੀਰਤਨ, ਕਥਾ, ਢਾਡੀ, ਵੰਨ-ਸੁਵੰਨੇ ਲੰਗਰ, ਅੰਨੀ ਸ਼ਰਧਾ ਦੇ ਦਾਨ, ਬਿਨਾਂ ਲੋੜ ਰੁਮਾਲੇ
ਚੜ੍ਹਾਉਣ, ਇਕੋਤਰੀਆਂ ਚਲਾਉਣ, ਧੜੇਬੰਦੀਆਂ ਬਣਾ ਕੇ ਇਲੈਕਸ਼ਨਾਂ ਲੜਨ, ਲੜਾਈਆਂ ਝਗੜੇ ਕੋਟ ਕਚਿਹਰੀਆਂ
ਵਿੱਚ ਲਿਜਾ ਕੇ ਕੌਮੀ ਸਰਮਾਇਆ ਤੇ ਵਖਤ ਬਰਬਾਦ ਕਰਨ ਵਾਲਾ ਵਰਤਾਰਾ ਵਰਤ ਰਿਹਾ ਹੈ ਤਾਂ ਹੀ ਨਿਰਾਸ਼
ਅਤੇ ਅਗਿਆਨੀ ਲੋਕ ਭੇਖਧਾਰੀ ਡੇਰੇਦਾਰਾਂ ਕੋਲ ਚਲੇ ਜਾਂਦੇ ਹਨ। ਓਧਰ ਲੋਟੂ, ਚਲਾਕ, ਬ੍ਰਾਹਮਣਵਾਦੀ,
ਕਰਮਕਾਂਡੀ ਅਤੇ ਅੰਧਵਿਸ਼ਵਾਸ਼ੀ ਭੇਖਧਾਰੀਆਂ ਨੇ ਇਸ ਵਰਤਾਰੇ ਦਾ ਫਾਇਦਾ ਉਠਾ ਕੇ, ਵੱਖ ਵੱਖ ਡੇਰੇ
ਖੋਲ੍ਹੇ ਹੋਏ ਤੇ ਹੋਰ ਖੋਲ੍ਹੀ ਜਾ ਰਹੇ ਹਨ ਜਿੱਥੇ ਗਿਣਤੀ ਮਿਣਤੀ ਦੇ ਵੰਨ-ਸੁੰਵੰਨੇ ਸੰਪਟ ਮੰਤਰ
ਪਾਠ ਅਤੇ ਕਰਮਕਾਂਡ ਚਲਾ ਕੇ, ਗੁਰਦੁਆਰਿਆਂ ਅਤੇ ਬਹੁਤੀਆਂ ਸਿੱਖ ਸੰਸਥਾਵਾਂ ਤੋਂ ਨਿਰਾਸ਼ ਹੋਈਆਂ
ਸਿੱਖ ਸੰਗਤਾਂ ਨੂੰ ਅੰਨ੍ਹੀ ਸ਼ਰਧਾ ਅਤੇ ਅੰਧਵਿਸ਼ਵਾਸ਼ ਦੇ ਭਰਮਜਾਲ ਨਾਲ, ਡੇਰੇ ਵਿੱਚ ਗੁਰੂ ਗ੍ਰੰਥ ਦੇ
ਪ੍ਰਕਾਸ਼ ਦਾ ਚੋਗਾ ਪਾ ਕੇ, ਫਸਾਇਆ ਅਤੇ ਦੋਹੀਂ ਹੱਥੀਂ ਲੁੱਟਿਆ ਜਾ ਰਿਹਾ ਹੈ। ਐਸੀ ਹਾਲਤ ਵਿੱਚ
ਸਿੱਖ ਕੌਮ ਦੇ ਆਗੂ, ਪ੍ਰਬੰਧਕ ਅਤੇ ਪ੍ਰਚਾਰਕ ਜੇ ਗੁਰਦੁਆਰਿਆਂ ਵਿੱਚ ਪਿਆਰ, ਮੁਹੱਬਤ ਤੇ ਸਤਿਕਾਰ
ਨਾਲ ਹਰ ਮਾਈ ਭਾਈ ਨੂੰ ਗੁਰਬਾਣੀ ਦਾ ਸ਼ੁੱਧ ਪਾਠ, ਗੁਰਬਾਣੀ ਦੇ ਅਰਥ ਸਿਖਾਉਣ ਅਤੇ ਲੋੜਵੰਦ ਗਰੀਬਾਂ
ਦੀ ਹਰ ਤਰ੍ਹਾਂ ਮਦਦ ਕਰਨ ਤਾਂ ਆਪਣੀਆਂ ਘਾਟਾਂ ਕਾਰਨ ਡੇਰਿਆਂ ਵੱਲ ਰੁੜੀ ਜਾਂਦੀ ਸੰਗਤ ਨੂੰ ਬਚਾਇਆ
ਜਾ ਸਕਦਾ ਹੈ। ਅਜੇ ਵੀ ਜੇ ਸਿੱਖ ਆਗੂਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ 100% ਵਿਸ਼ਵਾਸ਼ ਗੁਰੂ
ਗ੍ਰੰਥ ਸਾਹਿਬ ਤੇ ਹੋ ਜਾਵੇ, ਸੰਗਤਿ “ਗੁਰੂ
ਗ੍ਰੰਥ ਸਾਹਿਬ ਜੀ ਨੂੰ ਹੀ ਅਸਲੀ ਸਾਧ ਸੰਤ” ਮੰਨਣ
ਲੱਗ ਪਵੇ ਤਾਂ ਬੂਬਣੇ ਸਾਧਾਂ ਅਤੇ ਡੇਰੇਦਾਰ ਸੰਪ੍ਰਦਾਈਆਂ ਦੀਆਂ ਅੰਧਵਿਸ਼ਵਾਸ਼ ਅਤੇ ਅੰਨ੍ਹੀ ਸ਼ਰਧਾ
ਦੀਆਂ ਲੋਟੂ ਦੁਕਾਨਾਂ ਬੰਦ ਹੋ ਸਕਦੀਆਂ ਹਨ।
ਅਸੀਂ ਤਾਂ ਸੰਗਤਾਂ ਦਾ ਵਿਸ਼ਵਾਸ਼ ਇੱਕ ਗੁਰੂ ਗ੍ਰੰਥ ਸਾਹਿਬ ਉੱਤੇ ਰਹਿਣ ਹੀ
ਨਹੀਂ ਦਿੱਤਾ ਸਗੋਂ ਹੋਰ ਹੋਰ ਗੁਰਮਤਿ ਵਿਰੋਧੀ ਗ੍ਰੰਥਾਂ ਦਾ ਬਰਾਬਰ ਪ੍ਰਕਾਸ਼, ਉਨ੍ਹਾਂ ਦੀਆਂ
ਕੱਚੀਆਂ ਰਚਨਾਵਾਂ ਦਾ ਕੀਰਤਨ ਪ੍ਰਚਾਰ ਅਤੇ ਡੇਰੇਦਾਰ ਸੰਪ੍ਰਦਾਈ ਸਾਧਾਂ ਦਾ ਗੁਰਦੁਆਰਿਆਂ ਵਿੱਚ
ਵਿਸ਼ੇਸ਼ ਸਨਮਾਨ ਕਰਦੇ ਹਾਂ। ਆਮ ਕਥਾ ਵਾਚਕ ਜਾਂ ਵਿਦਵਾਨ ਨੂੰ ਭਾਵੇਂ ਵੀਹ-ਤੀਹ ਮਿੰਟ ਦਿੱਤੇ ਜਾਣ ਪਰ
ਸੰਤਾਂ ਨੂੰ ਘੰਟਿਆਂ ਬੱਧੀ ਖੁੱਲ੍ਹਾ ਟਾਈਮ ਦਿੱਤਾ ਜਾਂਦਾ ਹੈ ਜੋ ਦੁਨੀਆਂਭਰ ਦਾ ਮਿਥਿਹਾਸ ਸੁਣਾ
ਸੁਣਾ ਕੇ, ਸੰਗਤਾਂ ਨੂੰ ਡੇਰਿਆਂ ਤੇ ਜਾਣ ਲਈ ਪ੍ਰੇਰਦੇ, ਅੰਧਵਿਸ਼ਵਾਸ਼ੀ ਬਣਉਂਦੇ ਅਤੇ ਜੇਬਾਂ ਖਾਲੀ
ਕਰਵਾ ਕੇ ਔਹ ਜਾਂਦੇ ਹਨ। ਜਰਾ ਸੋਚੋ! ਜੇ ਰਾਗੀ ਗ੍ਰੰਥੀ ਪੜ੍ਹੇ ਲਿਖੇ ਵਿਦਵਾਨ ਹੋਣੇ ਚਾਹੀਦੇ ਹਨ
ਤਾਂ ਪ੍ਰਬੰਧਕ ਵੀ ਗੁਰਮਤਿ ਦੇ ਵਿਦਵਾਨ ਪਰਉਪਕਾਰੀ ਹੋਣ, ਡੇਰੇ ਤਾਂ ਹੀ ਬੰਦ ਹੋਣਗੇ ਵਰਨਾ ਹੋਰ
ਵਧਣਗੇ। ਸਰਦਾਰ ਸੱਧੇਵਾਲੀਆ ਜੀ ਵਰਗੇ ਪੰਥ ਦਰਦੀ ਲੇਖਕਾਂ ਅਤੇ ਮਿਸ਼ਨਰੀ ਪ੍ਰਚਰਕਾਂ ਨੇ ਸਮੇਂ ਸਮੇਂ
ਜੋ ਵੀ ਗੁਰਮਤਿ ਦਾ ਸੱਚ ਪ੍ਰਚਾਰਿਆ ਅਤੇ ਲਿਖਿਆ ਹੈ ਉਹ ਜਿਉਂ-ਜਿਉਂ ਸੰਗਤਾਂ ਤੱਕ
ਪਹੁੰਚੇਗਾ, ਸੰਗਤਾਂ ਸੁਚੇਤ ਹੁੰਦੀਆਂ ਜਾਣਗੀਆਂ। ਦੇਖੋ! ਡੇਰੇਦਾਰਾਂ ਨੇ ਸੰਗਤਾਂ ਦੇ ਪੈਸੇ ਨਾਲ ਸਭ
ਪ੍ਰਕਾਰ ਦਾ ਮੀਡੀਆ ਵੀ ਖਰੀਦਿਆ ਹੋਇਆ ਹੈ ਜੋ ਇਨ੍ਹਾਂ ਸਾਧਾਂ ਨੂੰ ਪ੍ਰਮੋਟ ਕਰ ਰਿਹਾ ਹੈ। ਰਾਜਨੀਤਕ
ਲੀਡਰ ਵੀ ਤੁਹਾਡੀਆਂ ਹੀ ਵੋਟਾਂ ਨਾਲ ਮੱਗਰ ਲਾਏ ਹੋਏ ਹਨ। ਤਖਤਾਂ ਦੇ ਜਥੇਦਾਰ ਵੀ ਡੇਰੇਦਾਰਾਂ ਤੋਂ
ਮਾਇਆ ਦੇ ਸਿਰੋਪੇ ਲੈ ਕੇ,ਬਲਾਤਕਾਰੀ ਸਾਧਾਂ ਦੇ ਹੀ ਗੁਣ ਗਾਈ ਜਾਂਦੇ ਹਨ। ਤੰਦ ਨਹੀਂ ਸਗੋਂ ਤਾਣੀ
ਹੀ ਵਿਗੜੀ ਹੋਈ ਹੈ ਤਾਂ ਹੀ ਭਾਦੋਂ ਦੀਆਂ ਖੁੰਬਾਂ ਵਾਂਗ ਨਿਤ ਨਵੇਂ ਡੇਰੇਦਾਰ ਸਾਧ ਪੈਦਾ ਹੋ ਰਹੇ
ਹਨ। ਗੁਰਬਾਣੀ ਤਾਂ ਡੰਕੇ ਦੀ ਚੋਟ ਨਾਲ ਸਾਨੂੰ ਸੁਚੇਤ ਕਰਦੀ ਹੈ ਕਿ- ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀਂ
ਜਿੰਨ੍ਹਾਂ ਜਪਮਾਲੀਆਂ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥(476) ਪਰ
ਅਸੀਂ ਗੁਰਬਾਣੀ ਪਾਠ ਤੋਤੇ ਵਾਂਗ ਰਟਦੇ ਹੋਏ ਵੀ ਅੰਧਵਿਸ਼ਵਾਸ਼ੀ ਬਖਸ਼ਿਸ਼ਾਂ ਦਾ ਚੋਗਾ ਚੁਗਣ ਲਈ ਸਾਧਾਂ
ਦੇ ਭਰਮਜਾਲ ਵਿੱਚ ਫਸੀ ਜਾ ਰਹੇ ਹਾਂ। ਇਸ
ਵਿੱਚ ਬਹੁਤਾ ਕਸੂਰ ਸਾਡੇ ਆਗੂ ਅਤੇ ਪ੍ਰਚਾਰਕਾਂ ਦਾ ਹੈ ਜੋ ਜਾਣਦੇ ਬੁੱਝਦੇ ਵੀ ਸਾਨੂੰ ਰੋਕਦੇ ਨਹੀਂ
ਸਗੋਂ ਗੋਲਕਾਂ ਭਰਨ ਵਿੱਚ ਲੱਗੇ ਹੋਏ ਹਨ। ਉਲਟੀ ਵਾੜ ਹੀ ਖੇਤ ਖਾ ਰਹੀ ਹੈ-ਉਲਟੀ
ਵਾੜਿ ਖੇਤ ਕਉ ਖਾਹੀ॥(ਭਾ.ਗੁ) ਅਰਦਾਸ
ਹੈ ਕਰਤਾਰ ਸਾਨੂੰ ਸਭ ਸੰਗਤਾਂ ਨੂੰ ਸੁਮਤਿ ਬਖਸ਼ੇ ਤਾਂ ਕਿ ਅਸੀਂ ਸਭ ਰਲ ਮਿਲ ਕੇ ਡੇਰੇਦਾਰ ਸਾਧਾਂ,
ਚਾਲ ਬਾਜ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਤੋਂ ਖਹਿੜਾ ਛੁਡਾ, ਗੁਰੂ ਪੰਥੀਏ ਬਣ ਸੱਕੀਏ ਤਾਂ ਹੀ ਧਰਮ
ਭੇਖ ਦੇ ਚੋਗਾਧਾਰੀ, ਸੰਗਤ ਦੀ ਮਾਇਆ ਨਾਲ ਕਰੋੜਾਂ ਦੀ ਸੰਪਤੀ ਵਾਲੇ ਪਾਖੰਡਵਾਦ ਦੇ ਡੇਰੇ ਬੰਦ ਹੋ
ਸਕਦੇ ਹਨ। ਸਿੱਖ ਪੰਥ ਵਿੱਚ ਡੇਰਾਵਾਦ, ਵਹਿਮ-ਭਰਮ, ਜਾਤਿ-ਪਾਤਿ, ਥੋਥੇ ਕਰਮਕਾਂਡ, ਅੰਧਵਿਸ਼ਵਾਸ਼ਾਂ,
ਤੋਤਾ ਰਟਨੀ ਪਾਠਾਂ, ਗਿਣਤੀ ਮਿਣਤੀ ਦੇ ਮੰਤਰ ਜਾਪਾਂ ਅਤੇ ਵਿਖਾਵੇ ਵਾਲੇ ਭੇਖਾਂ ਨੂੰ ਕੋਈ ਥਾਂ
ਨਹੀਂ ਹੈ। ਸੰਗਤਿ ਨੂੰ ਗੁਰਬਾਣੀ ਦੀ ਸੋਝੀ ਹੀ ਸੁਚੇਤ ਕਰ ਸਕਦੀ ਹੈ ਜੇ ਸੰਗਤਿ ਸੁਚੇਤ ਹੋ ਗਈ ਫਿਰ
ਪ੍ਰਬੰਧਕ ਅਤੇ ਡੇਰਵਾਦੀ ਪ੍ਰਚਾਰਕ ਵੀ ਮਨ ਮਾਨੀਆਂ ਨਹੀਂ ਕਰਨਗੇ ਇਉਂ ਮਨਮੱਤੀ ਡੇਰੇ ਖੁੱਲ੍ਹਣੇ ਵੀ
ਬੰਦ ਹੋ ਜਾਣਗੇ।
|
. |