. |
|
॥ ‘ਗੁਰਬਾਣੀ ਵਿਆਕਰਣ’ ॥
ਵਿਆਕਰਣ ਦਾ ਮੁੱਢ ਲੋਕ ਭਾਸ਼ਾ ਤੋਂ
ਬਣਦਾ ਹੈ। ਪਹਿਲਾਂ ਬੋਲੀ ਹੋਂਦ ਵਿੱਚ ਆਉਂਦੀ ਹੈ ਅਤੇ ਫਿਰ ਇਸ ਨੂੰ ਨੇਮ-ਬੱਧ ਕੀਤਾ ਜਾਂਦਾ ਹੈ।
ਕਿਸੇ ਵੀ ਭਾਸ਼ਾ ਦੇ ਉਨ੍ਹਾਂ ਨਿਯਮਾਂ ਨੂੰ ਜਿਨ੍ਹਾਂ ਦੁਆਰਾ ਉਸ ਭਾਸ਼ਾ ਦੇ ਲਿਖਣ ਤੇ ਬੋਲਣ ਦਾ ਸਹੀ
ਗਿਆਨ ਪ੍ਰਾਪਤ ਹੋਵੇ ਨੂੰ ‘ਵਿਆਕਰਣ’ ਕਿਹਾ ਜਾਂਦਾ ਹੈ। ਕਈ ਵੀਰ ਇਹ ਆਖਦੇ ਹਨ ਕਿ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਆਕਰਣਕ ਨੇਮਾਂ ਦੇ ਬੰਧਨਾਂ ਤੋਂ
ਮੁਕਤ ਹੈ ਕਿਉਂਕਿ ਇਹ ਧੁਰ ਤੋਂ ਆਈ ਬਾਣੀ ਹੈ। ਅਜਿਹੇ ਵੀਰਾਂ ਦੇ ਵੀਚਾਰ ਗੁਰਮਤਿ ਕਸਵੱਟੀ ਤੇ ਪੂਰੇ
ਨਹੀਂ ਉਤਰਦੇ। ਕਿਉਂਕਿ ਇਹ ਨਿਯਮ ਸਤਿਗੁਰੂ ਜੀ ਨੇ ਆਪ ਗੁਰਬਾਣੀ ਦੀ ਰੂਪਾਵਲੀ ਅਤੇ ਅਰਥਾਵਲੀ ਨੂੰ
ਸਮਝਣ ਵਿਚ ਸਾਨੂੰ ਕੋਈ ਔਕੜ ਨਾ ਆਏ ਕਾਰਨ ਕਲਮ-ਬੱਧ ਕੀਤੇ ਹਨ। ਆਮ ਜਨਤਾ ਵਿਆਕਰਣ ਨੂੰ ਇੱਕ ਰੁੱਖਾ
ਜਿਹਾ ਵਿਸ਼ਾ ਸਮਝਦੀ ਹੈ। ਜੇਕਰ ‘ਗੁਰਬਾਣੀ ਵਿਆਕਰਣ’ ਸਿੱਖ ਧਰਮ ਦੇ ਪੁਰਾਣੇ ਆਗੂਆਂ ਨੇ ਖਾਲਸਾ
ਕਾਲਜਾਂ ਅਤੇ ਹੋਰ ਧਾਰਮਿਕ ਅਦਾਰਿਆਂ ਵਿੱਚ ਸਿਲੇਬਸ ਦੇ ਤੋਰ ਤੇ ਨੀਯਤ ਕੀਤਾ ਹੁੰਦਾ ਤਾਂ ਅੱਜ ਇਸ
ਬਾਰੇ ਏਨੀਆਂ ਉਲਝਣਾਂ ਨਾ ਪੈਦਾ ਹੁੰਦੀਆਂ। ਆਮ ਦੇਖਣ ਵਿੱਚ ਆਉਂਦਾ ਹੈ ਕਿ ਰੂੜੀਵਾਦੀ
ਲੋਕ, ਗੁਰਬਾਣੀ ਲਿਖਣ-ਨਿਯਮਾਵਲੀ (ਵਿਆਕਰਣ) ਦੀ ਹੋਂਦ ਬਾਰੇ
ਕਿੰਤੂ ਕਰਦੇ ਹਨ, ਪਰ ਇਹ ਉਹਨਾਂ ਦਾ ਅਨਜਾਣਪੁਣਾ ਹੀ ਹੈ, ਕਿਉਂਕਿ ਇਸ
ਨੂੰ ਸਿੱਧ ਕਰਨ ਲਈ ਅਨੇਕਾਂ ਹੀ ਪ੍ਰਮਾਣ ਹਨ।
ਗਿ. ਹਜ਼ਾਰਾ ਸਿੰਘ ਵੱਲੋਂ ਜੈਤਸਰੀ ਕੀ ਵਾਰ ਦੇ ਟੀਕੇ ਦੀ ਭੂਮਿਕਾ ਦੇ ਅੰਤ ਵਿਚ ਹੇਠ ਲਿਖੀ ਸੂਚਨਾ
ਅੰਕਿਤ ਕੀਤੀ ਮਿਲਦੀ ਹੈ
“ਕਈ ਗਿਆਨੀ ਆਖਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਯਾਕਰਣ
ਨਹੀਂ ਤੁਰਦਾ ਅਰ ਇਹ ਗੱਲ ਪਰਮੇਸਰ ਦੇ ਅਨੁਭਵੀ ਪਵਿੱਤ੍ਰ ਪੁਸਤਕ ਵਿਚ ਇਕ ਤਰ੍ਹਾਂ ਠੀਕ ਬੀ ਹੈ,
ਪ੍ਰੰਤੂ ਇਹ ਗੱਲ ਪੱਕੀ ਹੈ ਕਿ ਵਿਆਕਰਨ ਅਰਥ ਕਰਨੇ ਵਿਚ ਬਹੁਤ ਕੰਮ ਦੇਂਦਾ ਹੈ ਅਰ ਮਨ-ਘੜਤ ਅਰਥਾਂ
ਤੇ ਅਨੇਕ ਤਰਾਂ ਦੀਆਂ ਖਿੱਚਾਂ ਨੂੰ ਜੋ ਲੋਕੀ ਆਪੋ ਆਪਣੇ ਮਤਲਬ ਲਈ ਮਾਰਦੇ ਹਨ, ਰੋਕ ਪਾ ਦਿੰਦਾ ਹੈ
ਅਰ ਅਰਥ ਅਨਰਥ ਨਹੀਂ ਹੋਣ ਦਿੰਦਾ। ਭਾਂਵੇ ਪੰਜਾਬੀ ਬੋਲੀ ਯਾ ਸੰਸਕ੍ਰਿਤ ਦੇ ਵਯਾਕਰਨ ਦੇ ਸੂਤ੍ਰ ਹਰ
ਥਾਂ ਨਹੀਂ ਵਰਤੇ ਜਾ ਸਕਦੇ, ਪਰ ਜੇ ਗੁਣੀ ਜਨ ਮਿਹਨਤ ਕਰਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਖਰਾ
ਵਿਆਕਰਣ ਬਣ ਸਕਦਾ ਹੈ, ਕਿਉਂਕਿ ਮਹਾਰਾਜ ਦੀ ਬਾਣੀ ਅਕਾਸ਼ ਦੇ ਤਾਰਿਆਂ ਵਾਂਗੂੰ ਠੀਕ ਅਰ ਦ੍ਰਿੜ੍ਹ
ਨਿਯਮਾਂ ਵਿਚ ਚਲਦੀ ਹੈ, ਭਾਵੇਂ ਇਕ ਅਣਜਾਣ ਪੁਰਖ ਨੂੰ ਅਕਾਸ਼ ਦੇ ਤਾਰੇ ਖਿਲਰੀ ਹੋਈ ਰੇਤ ਤੋਂ ਵਧੀਕ
ਕੁਝ ਨਹੀਂ ਭਾਸਦੇ।” (ਪੰ. ਹਜਾਰਾ ਸਿੰਘ)
।ਭਾਈ ਕਾਨ੍ਹ ਸਿੰਘ ਨਾਭਾ।
”ਮਾਤ੍ਰਾ ਬਿਨਾ ਅਰਥ ਸਪੱਸ਼ਟ ਨਹੀਂ ਹੋਂਦਾ, ਜਿਵੇਂ ‘ਜਪੁ’ ਵਿਚ ਆਇਆ ‘ਇਕ’ ਸ਼ਬਦ ਇਕ ਗਿਣਤੀ
(ਯਕ) ਦਾ ਬੋਧਕ ਹੈ।
’ਇਕਿ’ ਬਹੁਵਚਨੀ ਰੂਪ ਹੈ ਅਤੇ ਅਨੇਕ ਅਰਥ ਰੱਖਦਾ ਹੈ ਅਤੇ ‘ਇਕੁ’ ਦਾ ਅਰਥ ਹੈ-ਅਦੁਤੀਯ (ਲਾਸਾਨੀ)
ਐਸੇ ਹੀ ‘ਆਪਿ’ , ‘ਆਪੁ ‘ ਆਦਿ ਹੋਰ ਅਨੇਕ ਸ਼ਬਦ ਸਮਝ ਲੈਣੇ ਚਾਹੀਏ । ਬਾਣੀ ਵਿਚ ਮਾਤ੍ਰਾ ਨਿਰਾਰਥਕ
ਨਹੀਂ। “
ਗੁਰਬਾਣੀ ਦੇ ਅਧਿਐਨ ਕਰਨ ਤੇ ਪਤਾ ਲਗਦਾ ਹੈ ਕਿ ਸ਼ਬਦ ਜੋੜ ਇਕ ਹੈ ਅੰਤ ਲਗੀਆਂ ਲਗਾਂ (ਹ੍ਰਸ੍ਵ
ਸ੍ਵਰ) ਦੇ ਬਦਲ ਨਾ ਅਰਥਾਂ ਵਿਚ ਭਾਰੀ ਤਬਦੀਲੀ ਆ ਜਾਂਦੀ ਹੈ। ਕੁਝ ਸ਼ਬਦ ਜੋੜ ਦਾਸ ਨੇ ਲੱਭੇ ਹਨ
ਗੁਰਬਾਣੀ ਦੇ ਅਭਿਆਸ ਤੋਂ ਹੋਰ ਭੀ ਲੱਭੇ ਜਾ ਸਕਦੇ ਹਨ - :
”ਮਲੁ” -( ਇਸਤਰੀ ਲਿੰਗ ਨਾਂਵ) - ਮੈਲ
”ਤੁਧੁ ਡਿਠੇ ਸਚੇ ਪਾਤਿਸਾਹ ‘ਮਲ’ ਜਨਮ ਜਨਮ ਦੀ ਕਟੀਐ” (967)
”ਮਲ” - ( ਨਾਂਵ ਬਹੁਵਚਨ, ਪੁਲਿੰਗ ਨਾਂਵ) ਭਲਵਾਨ
”ਵਾਤ ਵਜਨਿ ਟੰਮਕ ਭੇਰੀਆ॥ ‘ਮਲ’ ਲਥੇ ਲੈਦੇ ਫੇਰੀਆ” (74) (ਉਚਾਰਣ-
‘ਮੱਲ)
”ਮਲਿ”- (ਕਿਰਦੰਤ) ਮਲ ਮਲ ਕੇ
”ਪਾਵ ਮਲੋਵਾ’ ਮਲਿ ਮਲਿ’ ਧੋਵਾ ਇਹੁ ਮਨੁ
ਤੈ ਕੂ ਦੇਸਾ” (612)
ਮਾਰਨਿ , ਮਾਰਨੁ -:
ਮਾਰਨਿ - (ਕਿਰਿਆ ਬਹੁਵਚਨ ਵਰਤਮਾਨ ਕਾਲ) ਮਾਰਦੇ ਹਨ
”ਫਰੀਦਾ ਜੋ ਤੈ ‘ਮਾਰਨਿ’ ਮੁਕੀਆਂ ਤਿਨਾ ਨ ਮਾਰੇ ਘੁੰਮਿ” (1378)
ਮਾਰਨਿ - (ਸੰਭਾਵੀ ਭਵਿੱਖਤ ਕਾਲ ਦੀ ਬਹੁਵਚਨੀ ਕਿਰਿਆ) ਭਾਵੇਂ ਪਏ ਮਾਰਨ !!
”ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ,ਸਭਿ ਝਖ ‘ਮਾਰਨੁ’ ਦੁਸਟ
ਕੁਪਤੇ ਰਾਮ” (541)
ਚਾਖਿ, ਚਾਖੁ - :
ਚਾਖਿ- ( ਪੂਰਬ- ਪੂਰਣ ਕਿਰਦੰਤ) ਚਖ ਕੇ
” ਜਨ ‘ਚਾਖਿ’ ਅਘਾਣੇ ਹਰਿ ਹਰਿ ਅੰਮ੍ਰਿਤੁ ਮੀਠਾ ਰਾਮ (577)
ਚਾਖੁ- (ਭਾਵਵਾਚਕ ਨਾਂਵ) ਭੈੜੀ ਨਜ਼ਰ
”ਤੰਤੁ ਮੰਤੁ ਨਹ ਜੋਹਈ ਤਿਤੁ ‘ਚਾਖਿ’ ਨ ਲਾਗੈ” (818)
ਭਾਤਿ, ਭਾਤ
ਭਾਤਿ- (ਨਾਂਵ) ਪ੍ਰਕਾਰ
”ਅਨਿਕ ‘ਭਾਂਤਿ’ ਕਰਿ ਸੇਵਾ ਕਰੀਐ” (391)
ਭਾਤੁ- (ਪਦਾਰਥ ਵਾਚਕੀ ਨਾਂਵ) ਚਾਵਲਾਂ ਦਾ ਭੋਜਨ
‘ਭਾਤੁ’ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ (479)
ਵਾਸੁ, ਵਾਸਿ
ਵਾਸੁ - (ਪੁਲਿੰਗ ਨਾਂਵ) ਵਾਸਾ ,ਨਿਵਾਸ
”ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ‘ਵਾਸੁ’ “ (463)
ਵਾਸਿ- (ਨਾਂਵ ਅਧਿਕਰਣ ਕਾਰਕ) ਵੱਸ ਵਿਚ
”ਜਨਮੁ ਜਰਾ ਮਿਰਤੁ ਜਿਸੁ ‘ਵਾਸਿ’ “ (197)
ਅਪਤਿ , ਅਪਤੁ
ਅਪਤੁ - (ਭਾਵ ਵਾਚਕ ਨਾਂਵ) ਆਪਾ ਭਾਵ
”ਕਾਮ ਕ੍ਰੋਧ ਲੋਭ ਮੋਹ ‘ਅਪਤੁ’ ਪੰਚ ਦੂਤ ਬਿਖੰਡਿਓ” (1396)
ਅਪਤਿ - (ਇਸਤਰੀ ਲਿੰਗ ਨਾਂਵ) ਬੇਇਜ਼ਤੀ
”ਪਤਿ ‘ਅਪਤਿ’ ਤਾ ਕੀ ਨਹੀ ਲਾਜ” (324)
(ਨੋਟ- ਉਚਾਰਣ ‘ਅ ਪਤਿ ‘ ਕਰਨਾਂ ਹੈ।)
ਅਸ , ਅਸੁ
ਅਸ - (ਕਿਰਿਆ ਵਿਸ਼ੇਸ਼ਣ) ਐਸਾ
”ਰਾਮ ਰਾਇ ਸੋ ਦੂਲਹੁ ਪਾਇਓ ‘ਅਸ’ ਬਡਭਾਗ ਹਮਾਰਾ “ (482)
ਅਸੁ - (ਨਾਂਵ ) ਘੋੜਾ
”ਹਸਤੀ ਰਥ ‘ਅਸੁ ‘ ਅਸਵਾਰੀ “ (684)
ਤਾਲ , ਤਾਲੁ
ਤਾਲ - (ਪੁਲਿੰਗ ਨਾਂਵ ਬਹੁਵਚਨ) ਛੈਣੇ
”ਭਗਤਿ ਕਰਤ ਮੇਰੇ ‘ਤਾਲ’ ਛਿਨਾਏ ਕਿਹ ਪਹਿ ਕਰਉ ਪੁਕਾਰਾ” (1167)
ਤਾਲੁ - (ਨਾਂਵ ਇਕਵਚਨ) ਸਰੋਵਰ
”ਕਰਤੈ ਪੁਰਖਿ ‘ਤਾਲ’ ਦਿਵਾਇਆ ਪਿਛੈ ਲਗਿ ਚਲੀ ਮਾਇਆ” (625)
ਮਿਲੀਐ , ਮਿਲਿਐ
ਮਿਲੀਐ - (ਕਿਰਿਆ ਵਰਤਮਾਨ ਕਾਲ) ਮਿਲਣਾ ਚਾਹੀਦਾ ਹੈ
” ਤਿਸੁ ‘ਮਿਲੀਐ’ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ” (586)
ਮਿਲਿਐ - (ਕਿਰਦੰਤ) ਮਿਲਣ ਸਦਕਾ
”ਜਿਸੁ ‘ਮਿਲਿਐ’ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ” (168)
ਚਾਰ , ਚਾਰੁ , ਚਾਰਿ
ਚਾਰ -(ਵਿਸ਼ੇਸ਼ਣ ਇਸਤਰੀਲਿੰਗ) ਸੁੰਦਰ
”ਗਾਵੈ ਕੋ ਗੁਣ ਵਡਿਆਈਆ ‘ਚਾਰ’ (1)
ਚਾਰਿ- (ਨਿਸਚਿਤ ਸੰਖਿਅਕ ਵਿਸ਼ੇਸ਼ਣ) ਗਿਣਤੀ ਦਾ 4 ਅੰਕ
ਚਾਰੁ - (ਨਾਂਵ ਪੁਲਿੰਗ ਇਕਵਚਨ) ਗੁਣਾਂ ਵਾਲਾ
”ਗੁਰਮੁਖਿ ਜਾਣਿ ਸਿਞਾਣੀਐ ਗੁਰਿ ਮੇਲੀ ਗੁਣ ‘ਚਾਰੁ’ (58)
ਸਾਸੁ ,ਸਾਸ , ਸਾਸਿ
ਸਾਸੁ - (ਨਾਂਵ ਇਸਤਰੀਲਿੰਗ) ਸੱਸ
” ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੈ ਨਾਮਿ ਡਰਉ ਰੇ” (482)
ਸਾਸ - (ਪੁਲਿੰਗ ਨਾਂਵ) ਸੁਆਸ
” ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ” (1122)
ਸਾਸਿ - (ਅਧਿਕਰਨ ਕਾਰਕ) ਸੁਆਸ ਸੁਆਸ
” ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭ ਸੋਈ” (677)
ਤਿਸ, ਤਿਸੁ
ਤਿਸ - (ਇਸਤਰੀਲਿੰਗ ਨਾਂਵ) ਤ੍ਰਿਸ਼ਨਾ
” ‘ਤਿਸ ਚੁਕੇ ਸਹਜੁ ਊਪਜੈ ਚੁਕੇ ਕੂਕ ਪੁਕਾਰ “ (1419)
ਤਿਸੁ - (ਸੰਬੰਧ ਵਾਚਕ ਪੜਨਾਂਵ ਇਕਵਚਨ ਸੰਪ੍ਰਦਾਨ ਕਾਰਕ) ਉਸ ਨੂੰ
” ‘ਤਿਸ’ ਕੁਰਬਾਣੀ ਜਿਨਿ ਤੂੰ ਸੁਣਿਆ “ (102)
ਉਪਰੋਕਤ ਸ਼ਬਦ ਜੋੜਾਂ ਤੋਂ ਸਿੱਧ ਹੁੰਦਾ ਹੈ ਕਿ ਸਤਿਗੁਰੂ ਜੀ ਨੇ ਗੁਰਬਾਣੀ ਦੀ ਅਰਥਾਵਲੀ ਸਾਨੂੰ ਸਰਲ
ਰੂਪ ਵਿਚ ਸਮਝ ਆ ਜਾਵੇ ਇਹ ਨਿਯਮ ਨਿਯਤ ਕੀਤੇ ਸਨ। ਗੁਰਬਾਣੀ ਵਿਆਕਰਣ ਦੇ ਕਈ ਲਾਭ ਹਨ - :
1. ਬੋਲੀ ਦੀ ਬਣਤਰ (ਭਾਸ਼ਾ ਗਿਆਨ) , ਰੂਪਾਂ ਨੇਮਾਂ ਬਾਰੇ ਗਿਆਨ ਹੁੰਦਾ ਹੈ।
2. ਇਕਵਚਨ , ਨਾਂਵ, ਬਹੁਵਚਨ , ਪੜਨਾਂਵ ,
ਵਿਸ਼ੇਸ਼ਣ , ਕਾਰਕਾਂ ਦੀ ਵਰਤੋਂ ਬਾਰੇ ਸੋਝੀ ਆਉਂਦੀ ਹੈ।
3. ਸ਼ਬਦ ਉਚਾਰਣ ਬਾਰੇ ਪ੍ਰਕਰਣ , ਚਾਲ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਭੁੱਲ-ਚੁੱਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’ ( ਰਾਜਸਥਾਨ)
Khalsasingh.hs@gmail .com
|
. |