ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਉੱਤਰ ਲੱਭਣ ਦਾ ਯਤਨ ਕਰਦੇ ਹਾਂ ਤਾਂ
ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ। ਹਰ ਜੀਵ ਪ੍ਰਮਾਤਮਾ ਦੀ ਅੰਸ਼ ਹੈ, ਪ੍ਰਮਾਤਮਾ ਜੋਤ ਰੂਪ ਹੋ
ਕੇ ਹਰ ਇੱਕ ਵਿੱਚ ਸਮਾਇਆ ਹੋਇਆ ਹੈ। ਪ੍ਰਮਾਤਮਾ ਦੀ ਜੋਤ ਨਾਲ ਇੱਕ ਜੋਤ ਹੋਣ ਦਾ ਅਵਸਰ ਮਨੁੱਖਾ
ਜੀਵਨ ਵਿੱਚ ਹੀ ਸੰਭਵ ਹੈ। ਮਨੁੱਖਾ ਜਨਮ 84 ਲੱਖ ਜੂਨਾਂ ਤੋਂ ਬਾਅਦ ਪ੍ਰਾਪਤ ਹੋਇਆ ਹੈ, ਜੇਕਰ ਇਸ
ਜਨਮ ਵਿੱਚ ਇਹ ਪ੍ਰਾਪਤੀ ਸੰਭਵ ਨਾਂ ਹੋ ਸਕੀ ਤਾਂ ਸ਼ਾਇਦ ਕਿੰਨੇ ਜਨਮ ਹੋਰ ਲੈਣੇ ਪੈਣਗੇ। ਭਗਤ ਕਬੀਰ
ਜੀ ਆਪਣੇ ਸਲੋਕ ਰਾਹੀਂ ਇਸ ਸਬੰਧੀ ਸਪਸ਼ਟ ਕਰਦੇ ਹਨ-
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ।।
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ।। (੧੩੬੬)
ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਪ੍ਰਮਾਤਮਾ ਨਾਲ ਮਿਲਾਪ ਰੂਪੀ ਮੰਜਿਲ ਦੀ
ਪ੍ਰਾਪਤੀ ਲਈ ਯਤਨਸ਼ੀਲ ਹੁੰਦੇ ਹੋਏ ਸਾਨੂੰ ਪ੍ਰਭੂ ਪ੍ਰੇਮ ਦੀ ਪਉੜੀ ਦਾ ਇਕ-ਇਕ ਡੰਡਾ ਚੜਣਾ ਪਵੇਗਾ।
ਜੇ ਇਸ ਵਿੱਚ ਉਕਾਈ ਖਾ ਗਏ ਤਾਂ ਫਿਰ 84 ਲੱਖ ਜੂਨਾਂ ਦੀ ਭਟਕਣਾ ਸਾਡੇ ਹਿੱਸੇ ਵਿੱਚ ਹੋਵੇਗੀ। ਇਸ
ਪ੍ਰਥਾਇ ਗੁਰੂ ਅਰਜਨ ਸਾਹਿਬ ਦਾ ਬਚਨ ਹੈ-
ਲਖ ਚਉਰਾਸੀ ਜੋਨਿ ਸਬਾਈ।। ਮਾਨਸ ਕਉ ਪ੍ਰਭ ਦੀਈ ਵਡਿਆਈ।।
ਇਸ ਪਉੜੀ ਤੇ ਜੋ ਨਰੁ ਚੁਕੈ ਸੋ ਆਇ ਜਾਇ ਦੁਖੁ ਪਾਇਦਾ।। (੧੦੭੫)
ਇਸ ਭਟਕਣਾ ਤੋਂ ਬਚਣ ਲਈ ਇਕੋ ਇੱਕ ਸਾਧਨ ਹੈ, ਪ੍ਰਮੇਸ਼ਰ ਦੇ ਨਾਮ ਨੂੰ ਜਪਦੇ
ਹੋਏ, ਪ੍ਰਮੇਸ਼ਰ ਦੇ ਗੁਣਾਂ ਨੂੰ ਜਾਣਦੇ ਹੋਏ ਉਸ ਤੋਂ ਬਲਿਹਾਰ ਜਾਣਾ। ਜਿਵੇਂ ਜਿਵੇਂ ਅਸੀਂ ਕਰਤਾਰ
ਦੀ ਸਾਜੀ ਸ਼੍ਰਿਸ਼ਟੀ ਵਿੱਚ ਮਾਲਕ ਦੇ ਗੁਣਾਂ ਵੱਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਬੇਅੰਤ ਗੁਣਾਂ ਦੇ
ਮਾਲਕ ਪ੍ਰਮੇਸ਼ਰ ਦੀ ਬੇਅੰਤਤਾ ਹੀ ਸਾਨੂੰ ਵਿਸਮਾਦ ਵਿੱਚ ਲੈ ਜਾਂਦੀ ਹੈ। ਅਸੀਂ ਉਸ ਮਾਲਕ ਤੋਂ
ਬਲਿਹਾਰ ਜਾਣ ਤੋਂ ਨਹੀਂ ਰਹਿ ਸਕਦੇ ਅਤੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਅਨੁਸਾਰ ਕਹਿਣ ਲਈ ਮਜਬੂਰ
ਹੋ ਜਾਂਦੇ ਹਾਂ-
ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤੁ ਨ ਜਾਈ ਲਖਿਆ।। (੪੬੯)
ਪ੍ਰਮੇਸ਼ਰ ਦੀ ਸਾਜੀ ਸ੍ਰਿਸ਼ਟੀ ਦੇ ਬਹੁਪੱਖੀ ਵਰਤਾਰੇ ਦੀ ਸਮਝ ਪ੍ਰਭੂ ਦਾ ਨਾਮ
ਜਪਣ ਵਾਲਿਆਂ ਦੀ ਸਮਝ ਵਿੱਚ ਹੀ ਆਉਂਦੀ ਹੈ। ਜਿਨ੍ਹਾ ਦੀ ਸਮਝ ਵਿੱਚ ਇਹ ਬਾਤ ਆ ਜਾਂਦੀ ਹੈ ਉਨ੍ਹਾਂ
ਨੁੰ ‘ਹਉ ਕੁਰਬਾਨੁ ਜਾਈ ਤੇਰੇ ਨਾਵੈ” ਦੇ ਮਾਰਗ ਉਪਰ ਚਲਦਿਆਂ ਹੋਇਆਂ ਨਾਮ ਦੇ ਮੁਕਾਬਲੇ
ਬਾਕੀ ਸਭ ਦੁਨਿਆਵੀ ਰਸ ਫਿਕੇ ਲਗਣ ਲਗ ਪੈਂਦੇ ਹਨ। ਉਨ੍ਹਾਂ ਦੀ ਅਵਸਥਾ ਬਾਰੇ ਭਗਤ ਕਬੀਰ ਜੀ ਫੁਰਮਾਣ
ਕਰਦੇ ਹਨ-
ਰਾਰਾ ਰਸ ਨਿਰਸ ਕਰਿ ਜਾਨਿਆ।। ਹੋਇ ਨਿਰਸ ਸੁ ਰਸੁ ਪਹਿਚਾਨਿਆ।।
ਇਹ ਰਸ ਛਾਡੈ ਉਹੁ ਰਸੁ ਆਵਾ।। ਉਹੁ ਰਸੁ ਪੀਆ ਇਹੁ ਰਸੁ ਨਹੀ ਭਾਵਾ।। (੩੪੨)
ਇਸੇ ਪ੍ਰਥਾਇ ਬਾਬਾ ਫਰੀਦ ਜੀ ਦਾ ਵੀ ਬਚਨ ਹੈ-
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਉ ਮਾਝਾ ਦੁਧੁ।।
ਸਭੇ ਵਸਤੂ ਮਿਠੀਆ ਰਬ ਨੁ ਪੁਜਨਿ ਤੁਧੁ।। (੧੩੭੯)
ਪ੍ਰਭੂ ਦੇ ਨਾਮ ਨਾਲ ਜੁੜ ਕੇ ਉਸ ਤੋਂ ਕੁਰਬਾਨ ਜਾਣ ਵਾਲਿਆਂ ਨੂੰ ਨਾਮ ਦਾ
ਟਿਕਾਣਾ ਲਭਣ ਲਈ ਥਾਂ ਥਾਂ ਭਟਕਣਾ ਨਹੀਂ ਪੈਂਦਾ। ਗੁਰੂ ਦੀ ਮਤ ਅਨੁਸਾਰ ਉਨ੍ਹਾਂ ਨੂੰ ਸ੍ਰਿਸ਼ਟੀ ਦੇ
ਕਣ ਕਣ ਵਿੱਚ ਹੀ ਨਾਮ ਦੇ ਪਸਾਰੇ ਦੀ ਝਲਕ ਦਿਖਾਈ ਦਿੰਦੀ ਹੈ-
ਜੇਤਾ ਕੀਤਾ ਤੇਤਾ ਨਾਉ।।
ਵਿਣੁ ਨਾਵੈ ਨਾਹੀ ਕੋ ਥਾਉ।। (੪)
ਪ੍ਰਭੂ ਦੇ ਨਾਮ ਨੂੰ ਸਰਬ ਵਿਆਪਕ ਸਮਝ ਕੇ ਉਸ ਤੋਂ ਕੁਰਬਾਨ ਹੋਣ ਵਾਲੇ
ਸੁਭਾਗੇ ਜੀਵ ਕਰਤਾਰ ਦੇ ਗੁਣਾਂ ਨੂੰ, ਕਰਤਾਰ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ, ਕਰਤਾਰ ਦੀ
ਪ੍ਰਾਪਤੀ ਲਈ ਗਾਉਂਦੇ- ਗਾਉਂਦੇ ਕਰਤਾਰ ਦਾ ਹੀ ਰੂਪ ਬਣ ਜਾਂਦੇ ਹਨ। ਪ੍ਰਮੇਸ਼ਰ ਸੁੱਖ ਰੂਪ ਹੈ, ਉਸ
ਨੂੰ ਗਾਉਣ ਵਾਲੇ ਵੀ ਸੁੱਖ ਰੂਪ ਹੋ ਜਾਂਦੇ ਹਨ। ਜਿਹੜੇ ਮਨੁੱਖ ਬਲਿਹਾਰੀ ਪ੍ਰਮਾਤਮਾ ਤੋਂ ਬਲਿਹਾਰ
ਜਾਣ ਲਈ ਨਾਮ ਨੂੰ ਜੀਵਨ ਦਾ ਅਧਾਰ ਬਣਾ ਲੈਂਦੇ ਹਨ, ਐਸੇ ਮਨੁੱਖਾਂ ਤੋਂ ਗੁਰੂ ਨਾਨਕ ਸਾਹਿਬ ਕੁਰਬਾਨ
ਜਾਂਦੇ ਹੋਏ ਸਾਨੂੰ ਗਿਆਨ ਦੀ ਬਖਸ਼ਿਸ਼ ਕਰਦੇ ਹਨ-
ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ।।
ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ।।
ਰਵਿਦਾਸ ਚਮਾਰੁ ਉਸਤਤਿ
ਕਰੇ ਹਰਿ ਕੀਰਤਿ ਨਿਮਖ ਇੱਕ ਗਾਇ।।
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ।।
ਨਾਮਦੇਅ ਪ੍ਰੀਤ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ।।
ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ।। (੭੩੩)
ਆਉ ਆਪਾਂ ਵੀ ਯਤਨ ਕਰੀਏ ਕਿ ਐਸੀਆਂ ਮਹਾਨ ਆਤਮਾਵਾਂ ਦੇ ਉਚ ਪਾਏ ਦੇ
ਪ੍ਰੈਕਟੀਕਲ ਜੀਵਨ ਤੋਂ ਪ੍ਰੇਰਨਾ ਲੈ ਕੇ ਇਨਸਾਨੀ ਜੀਵਨ ਜੋ ਨਾਮ ਬੀਜਣ ਦਾ ਸਮਾਂ ਹੈ, ਨੂੰ ਸਫਲ
ਕਰਦੇ ਹੋਏ ਪ੍ਰਮੇਸ਼ਰ ਦੇ ਨਾਮ ਤੋਂ ਕੁਰਬਾਨ ਜਾਈਏ। ਸਾਡੇ ਮਨ ਵਿਚੋਂ ਵੀ ਹਰ ਸਮੇਂ ਐਸੀ ਤੜਪ ਭਰਪੂਰ
ਪੁਕਾਰ ਨਿਕਲੇ ਅਤੇ ਅਸੀਂ ਅਰਦਾਸ ਕਰੀਏ-
ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧ ਵਿਟੜਿਅਹੁ ਸਦ ਵਾਰੀ
ਜੀਉ।।
ਮੇਰੈ ਮਨਿ ਤਨਿ ਪ੍ਰੇਮ ਪਿਰੰਮ ਕਾ ਮੇਰੇ ਗੋਵਿੰਦਾ ਹਰਿ ਪੂੰਜੀ ਰਾਖੁ
ਮੁਰਾਰੀ ਜੀਉ।। (੧੭੪)
==========