ਗੁਰੂ ਨਾਨਕ ਦੇਵ ਜੀ ਦੀ ਸੁਮੇਰ ਉਦਾਸੀ
ਕਰਨਲ ਡਾ. ਦਲਵਿੰਦਰ ਸਿੰਘ ਨਾਲ ਇੱਕ ਮੁਲਾਕਾਤ
? ਤੁਸੀਂ ਗੁਰੂ ਨਾਨਕ ਦੇਵ ਜੀ
ਦੀਆਂ ਉਦਾਸੀਆਂ ਵਿਚੋਂ ਉੱਤਰੀ ਉਦਾਸੀ ਵੱਲ ਹੀ ਕਿਉਂ ਸਭ ਤੋਂ ਪਹਿਲਾਂ ਖੋਜ ਕਰਨ ਲਈ ਰੁਚਿਤ ਹੋਏ?
- ਗੁਰੂ ਜੀ ਦੀਆਂ ਉਦਾਸੀਆਂ ਖਾਸ ਕਰਕੇ ਪੂਰਬ ਬਾਰੇ ਖੋਜ ਪਹਿਲਾਂ ਤੋਂ ਹੀ ਸ਼ੁਰੂ ਕੀਤੀ ਸੀ ਪਰ
ਉਹ ਇਤਨੀ ਗੰਭੀਰਤਾ ਨਾਲ ਨਹੀਂ ਸੀ ਲਈ ਕਿਉਂਕਿ ਬਹੁਤ ਕੁੱਝ ਨਵਾਂ ਨਹੀਂ ਸੀ ਮਿਲ ਰਿਹਾ। ਜਦ ਮੈਨੂੰ
ਅਰੁਣਾਚਲ ਪ੍ਰਦੇਸ਼ ਦੇ ਵੈਸਟ ਸਿਆਂਗ ਜ਼ਿਲ੍ਹੇ ਦੀ ਮੰਚੂਖਾ ਵਾਦੀ ਵਿੱਚ ਜਾਣ ਦਾ ਅਵਸਰ ਮਿਲਿਆ ਤਾਂ
ਉਥੇ ਅਚਾਨਕ ਲਾਮਿਆਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੂਜਾ ਪ੍ਰਚਲਤ ਵੇਖੀ ਤੇ ਫਿਰ ਗੁਰੂ ਨਾਨਕ ਦੇਵ
ਜੀ ਦਾ ਤਪ ਅਸਥਾਨ ਤੇ ਗੋਫਾ (ਬੋਠ ਮੱਠ) ਵਿੱਚ ਗੁਰੂ ਨਾਨਕ ਦੇਵ ਜੀ ਦੀ ਵਿਸ਼ਾਲ ਮੂਰਤੀ ਵੇਖੀ ਤਾਂ
ਗੁਰੂ ਨਾਨਕ ਦੇਵ ਜੀ ਦੀ ਉੱਤਰ ਉਦਾਸੀ ਦੀ ਖੋਜ ਨੂੰ ਬੜੀ ਗੰਭੀਰਤਾ ਨਾਲ ਲਿਆ। ਕਿਉਂਕਿ ਮੈਂ ਕਈ
ਪੁਸਤਕਾਂ ਪੜ੍ਹੀਆਂ ਸਨ ਪਰ ਗੁਰੂ ਨਾਨਕ ਦੇਵ ਜੀ ਦੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਬਾਰੇ ਕੁੱਝ ਵੀ
ਲਿਖਿਆ ਨਹੀਂ ਸੀ ਮਿਲਿਆ। ਆਪਣੇ ਅਨੁਭਵਾਂ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਭਵਨ
ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਨੂੰ ਇਸ ਬਾਰੇ ਕੁੱਝ ਚਾਨਣਾ ਪਾਉਣ ਲਈ ਲਿਖਿਆ, ਡਾ. ਹਰਕੀਰਤ
ਸਿੰਘ ਤੇ ਡਾ. ਗੁਰਦਿਆਲ ਸਿੰਘ ਫੁੱਲ ਆਦਿ ਵਿਦਵਾਨਾਂ ਨੂੰ ਇਸ ਬਾਰੇ ਲਿਖਿਆ ਤਾਂ ਉਹਨਾਂ ਇਸ ਬਾਰੇ
ਹੋਰ ਖੋਜ ਲਈ ਉਤਸ਼ਾਹਿਤ ਕੀਤਾ। ਇੱਕ ਲੇਖ ਪੰਜਾਬੀ ਟ੍ਰਿਬਿਊਨ ਨੂੰ ਲਿਖਿਆ ਤੇ ਪਿੱਛੋਂ ਜਦ ਛੁੱਟੀ
ਆਇਆ ਤਾਂ ਸ. ਗੁਲਜ਼ਾਰ ਸਿੰਘ (ਸੰਧੂ) ਹੋਰਾਂ ਨਾਲ ਮੁਲਾਕਾਤ ਹੋਈ ਤਾਂ ਉਨ੍ਹਾਂ ਗੁਰੂ ਨਾਨਕ ਦੇਵ ਜੀ
ਦੇ ਲਾਮਿਆਂ ਵਿੱਚ ਪੂਜਿਆ ਜਾਣ ਨੂੰ ਇੱਕ ਵੱਖਰਾ ਕਨਸੈਪਟ -ਮੰਨਿਆ ਪਰ ਗੁਰੂ ਜੀ ਦੀ ਅਰੁਣਾਚਲ
ਪ੍ਰਦੇਸ਼ ਦੀ ਯਾਤਰਾ ਤੇ ਯਕੀਨ ਨਾ ਕੀਤਾ। ਇਸ ਪਿੱਛੋਂ ਮੈਂ ਇਸ ਦਾ ਸੱਚ-ਕੱਚ ਲੱਭਣ ਲਈ ਇਸ ਵਿਸ਼ੇ
ਸੰਬੰਧੀ ਪੁਰਾਣੇ ਗ੍ਰੰਥਾਂ ਤੇ ਖੋਜ ਪੁਸਤਕਾਂ ਦੀ ਘੋਖ ਕਰਨ ਲੱਗ ਪਿਆ ਤੇ ਇਸ ਲਈ ਪੰਜਾਬੀ
ਯੂਨੀਵਰਸਿਟੀ, ਸਟੇਟ ਲਾਇਬ੍ਰੇਰੀ ਪਟਿਆਲਾ ਤੇ ਹੋਰ ਲਾਇਬ੍ਰੇਰੀਆਂ ਦੀ ਫੋਲਾ ਫਾਲੀ ਸ਼ੁਰੂ ਕਰ ਦਿੱਤੀ।
ਪ੍ਰਮੁੱਖ ਇਤਿਹਾਸਕਾਰਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ, ਜਿਸ ਸਦਕਾ ਸਮੇਰ ਉਦਾਸੀ ਦਾ ਇਹ ਨਵਾਂ
ਰੂਪ ਸਾਹਮਣੇ ਆਇਆ।
? ਇਸ ਉੱਤਰ ਉਦਾਸੀ ਦੇ ਸੰਬੰਧ ਵਿੱਚ ਪਹਿਲਾਂ ਵੀ ਕਈ ਇਤਿਹਾਸਕਾਰਾਂ ਤੇ ਖੋਜੀਆਂ ਨੇ ਲਿਖਿਆ ਹੈ।
ਤੁਸੀਂ ਉਨ੍ਹਾਂ ਬਾਰੇ ਵੀ ਜ਼ਰੂਰ ਪੜ੍ਹਿਆ ਹੋਵੇਗਾ?
- ਸੁਮੇਰ ਜਾਂ ਉੱਤਰ ਉਦਾਸੀ ਦਾ ਵਰਨਣ ਸਭ ਤੋਂ ਪਹਿਲਾਂ ਜਨਮ ਸਾਖੀਆਂ ਵਿੱਚ ਮਿਲਦਾ ਹੈ ਪਰ ਉਹ
ਇਤਨਾ ਸਪੱਸ਼ਟ ਨਹੀਂ। ਗਿਆਨੀ ਗਿਆਨ ਸਿੰਘ ਤੇ ਪੰਡਿਤ ਤਾਰਾ ਸਿੰਘ ਨਰੋਤਮ ਦੀ ਇਸ ਬਾਰੇ ਖੋਜ ਕੁੱਝ
ਡੂੰਘੀ ਹੈ। ਗਿਆਨੀ ਲਾਲ ਸਿੰਘ ਸੰਗਰੂਰ ਹੋਰਾਂ ਨੇ ਵੀ ਇਸ ਦਿਸ਼ਾ ਵਿੱਚ ਕਾਫ਼ੀ ਖੋਜ ਕੀਤੀ ਹੈ। ਅਜੋਕੇ
ਇਤਿਹਾਸਕਾਰਾਂ ਵਿਚੋਂ ਡਾ. ਸੁਰਿੰਦਰ ਸਿੰਘ (ਕੋਹਲੀ) ਤੇ ਡਾ. ਤਰਲੋਚਨ ਸਿੰਘ ਹੋਰਾਂ ਨੇ ਇਸ ਉਦਾਸੀ
ਬਾਰੇ ਕਾਫ਼ੀ ਖੋਜ ਕੀਤੀ ਹੈ। ਮੇਰਾ ਇਨ੍ਹਾਂ ਨਾਲ ਲਗਾਤਾਰ ਰਾਬਤਾ ਰਿਹਾ ਹੈ ਤੇ ਇਹ ਮੈਨੂੰ
ਲੋੜੀਂਦੀਆਂ ਸੇਧਾਂ ਵੀ ਦਿੰਦੇ ਰਹੇ ਹਨ। ਹੋਰ ਵੀ ਬੜੇ ਇਤਿਹਾਸਕਾਰ ਇਸ ਦਿਸ਼ਾ ਵੱਲ ਕੰਮ ਕਰਦੇ ਰਹੇ
ਹਨ ਤੇ ਕਰ ਰਹੇ ਹਨ ਜਿਨ੍ਹਾਂ ਦੀ ਸੂਚੀ ਲੰਬੀ ਹੈ।
? ਤੁਹਾਡੀ ਇਹ ਖੋਜ ਉਨ੍ਹਾਂ ਦੀ ਖੋਜ ਨਾਲੋਂ ਕਿਵੇਂ ਵੱਖਰੀ ਹੈ?
- ਪਹਿਲੇ ਖੋਜੀ ਸੁਮੇਰ ਪਰਬਤ ਦੀ ਉਦਾਸੀ ਬਾਰੇ ਗੁਰੂ ਜੀ ਦੇ ਤਿੱਬਤ ਤੇ ਚੀਨ ਜਾਣ ਬਾਰੇ ਲਿਖਦੇ
ਤਾਂ ਰਹੇ ਸਨ ਪਰ ਉਹ ਕਿਸ ਰਾਹ ਗਏ ਤੇ ਇਸ ਉਦਾਸੀ ਦਾ ਪੂਰਾ ਜ਼ਿਕਰ ਨਹੀਂ ਸਨ ਕਰ ਸਕੇ ਕਿਉਂਕਿ ਨੇਪਾਲ
ਤੋਂ ਪਿੱਛੋਂ ਦੀ ਲੜੀ ਨਹੀਂ ਸੀ ਜੁੜਦੀ। ਸਿਕਮ, ਭੂਟਾਨ, ਅਰੁਣਾਚਲ ਪ੍ਰਦੇਸ਼ ਤੇ ਫਿਰ ਚੀਨ, ਵਾਪਸੀ
ਤਿੱਬਤ, ਲਾਸਾ ਤੇ ਫਿਰ ਲਦਾਖ, ਕਸ਼ਮੀਰ ਤੱਕ ਇਹ ਲੜੀ ਜੋੜਨ ਵਿੱਚ ਮੈਨੂੰ ਕਾਫੀ ਹੱਦ ਤੱਕ ਗੁਰੂ ਜੀ
ਦੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਪਿੱਛੋਂ ਹੀ ਸਫ਼ਲਤਾ ਮਿਲੀ ਤੇ ਇਹੋ ਵਿਲੱਖਣਤਾ ਹੈ ਇਸ ਨਵੀਂ ਖੋਜ
ਦੀ। ਭਾਵੇਂ ਪਹਿਲੇ ਖੋਜੀਆਂ ਦੀਆਂ ਪੈੜਾਂ ਪਾਈਆਂ ਹੀ ਮੇਰੇ ਕੰਮ ਆਈਆਂ ਹਨ ਇਸ ਦਿਸ਼ਾ ਵਿਚ। ਇਸ ਤੋਂ
ਇਲਾਵਾ ਲਾਮਿਆਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੂਜਾ ਨੂੰ ਵੇਖਣ ਦਾ ਅਵਸਰ ਵੀ ਇੱਕ ਨਵੀਂ ਦਿਸ਼ਾ ਦੇ
ਗਿਆ ਹੈ।
? ਤੁਸੀਂ ਦੱਸਿਆ ਹੈ ਕਿ ਲਾਮਾ ਲੋਕ ਗੁਰੂ ਨਾਨਕ ਦੇਵ ਜੀ ਦੀ ਪੂਜਾ ਕਰਦੇ ਹਨ। ਤੁਸੀਂ ਤਾਂ
ਇਨ੍ਹਾਂ ਲੋਕਾਂ ਨੂੰ ਮਿਲੇ ਹੋ, ਕੀ ਲਾਮਾ ਲੋਕਾਂ ਦੀ ਪੂਜਾ ਦੀ ਵਿਧੀ ਸਾਡੇ ਨਾਲੋਂ ਵੱਖਰੀ ਹੈ?
- ਲਾਮਾ ਲੋਕ ਸਾਡੇ ਵਾਂਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਨਹੀਂ ਕਰਦੇ, ਸਗੋਂ ਮੂਰਤੀ
ਪੂਜਾ ਵਿੱਚ ਵਿਸ਼ਵਾਸ ਕਰਦੇ ਹਨ। ਆਮ ਘਰਾਂ ਵਿੱਚ ਕੀਤੀ ਜਾਂਦੀ ਪੂਜਾ ਵਿੱਚ ਵੀ ਉਹ ਗੁਰੂ ਨਾਨਕ ਦੇਵ
ਜੀ ਦੀ ਪੂਜਾ ਮੂਰਤੀ ਬਣਾ ਕੇ ਕਰਦੇ ਹਨ ਜੋ ਉਹ ਘੀ-ਮੱਖਣ ਤੇ ਚੌਲਾਂ ਦੇ ਆਟੇ ਆਦਿ ਦੀ ਬਣਾ ਲੈਂਦੇ
ਹਨ। ਗੁਰੂ ਨਾਨਕ ਦੇਵ ਜੀ ਦੀ ਮੂਰਤੀ ਅੱਗੇ ਚੌਲਾਂ ਦੇ ਪਿੰਨੇ ਚੜ੍ਹਾਉਂਦੇ ਹਨ ਤੇ ਦੇਸੀ ਘੀ ਦੇ
ਦੀਵੇ ਬਾਲਦੇ ਹਨ। ਸਿੱਧੇ ਸਤੋਰ ਲੰਮੇ ਪੈ ਕੇ ਸ਼ਰਧਾ ਅਰਪਣ ਕਰਦੇ ਹਨ ਤੇ ਫਿਰ ਡੌਰੂ ਆਦਿ ਵਜਾਉਂਦੇ
ਹਨ ਤੇ ਸ਼ਬਦ ਪੜ੍ਹਦੇ ਹਨ। ਉਨ੍ਹਾਂ ਅਨੁਸਾਰ ਇਹ ਸ਼ਬਦ ਗੁਰੂ ਜੀ ਨੇ ਤਿੱਬਤੀ ਭਾਸ਼ਾ ਵਿੱਚ ਲਿਖੇ ਸਨ।
ਕੁੱਝ ਲਾਮੇ ਤਾਂ ਗੁਰੂ ਜੀ ਦੀ ਮੂਰਤੀ ਅੱਗੇ ਨੱਚਦੇ ਵੀ ਹਨ। ਹਰ ਤਿੱਥ ਤਿਉਹਾਰ ਤੇ ਉਹ ਗੁਰੂ ਜੀ ਦੀ
ਮੂਰਤੀ ਅੱਗੇ ਸਫੈਦ ਕੱਪੜੇ ਚੜ੍ਹਾਉਂਦੇ ਹਨ ਜਿਸ ਉੱਪਰ 1001 ਵਾਰ ‘ਓਮ ਮਨੀ ਪਦਮੇ ਹਮ’ ਛਪਿਆ ਹੁੰਦਾ
ਹੈ। ਗੁਰੂ ਜੀ ਦੇ ਗ੍ਰੰਥਾਂ ਨੂੰ ਪੀਲੇ ਕੱਪੜਿਆਂ ਵਿੱਚ ਸੰਭਾਲ ਕੇ ਖਾਨਿਆਂ ਵਿੱਚ ਰੱਖਦੇ ਹਨ
ਜਿਨ੍ਹਾਂ ਅੱਗੇ ਜੋਤ ਹਮੇਸ਼ਾ ਜਲਦੀ ਰਹਿੰਦੀ ਹੈ। ਮੰਚੂਖਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ
ਮਾਰਚ ਦੇ ਅਖੀਰਲੇ ਹਫਤੇ ਮੇਲਾ ਭਰਦਾ ਹੈ ਜੋ ਤਿੰਨ ਦਿਨ ਚੱਲਦਾ ਹੈ ਇਸ ਦਿਨ ਸਾਰੀ ਵਾਦੀ ਦੇ ਲੋਕ
ਗੁਰੂ ਨਾਨਕ ਤਪ ਅਸਥਾਨ ਗਿਰਦ ਇਕੱਠੇ ਹੁੰਦੇ ਹਨ ਤੇ ਤਿੰਨ ਦਿਨ ਸਮੂਹਕ ਲੰਗਰ ਚੱਲਦਾ ਹੈ ਤੇ ਸ਼ਬਦ
ਉਚਾਰਨ ਚੱਲਦਾ ਹੈ।
? ਤੁਸੀਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਲਾਮੇ ਗੁਰੂ ਰਿੰਪੋਸ਼ ਆਖਦੇ ਹਨ। ਗੁਰੂ ਜੀ ਤਾਂ
ਸਿੱਖਿਆਵਾਂ ਦਿੰਦੇ ਬਹੁਤ ਥਾਵਾਂ `ਤੇ ਗਏ ਸਨ, ਸੰਭਵ ਹੈ ਉਨ੍ਹਾਂ ਦੇ ਨਾਮ ਵੱਖਰੀਆਂ ਥਾਵਾਂ ਉੱਤੇ
ਵੱਖਰੇ-ਵੱਖਰੇ ਹੋਣ। ਇਨ੍ਹਾਂ ਬਾਰੇ ਤੁਸੀਂ ਕੋਈ ਖੋਜ ਕੀਤੀ ਹੈ?
- ਗੁਰੂ ਜੀ ਨੇ ਚਾਰ ਮੁੱਖ ਉਦਾਸੀਆਂ ਕੀਤੀਆਂ ਜਿਨ੍ਹਾਂ ਵਿੱਚ ਉਹ ਰੂਸ ਤੋਂ ਸ੍ਰੀ ਲੰਕਾ ਤੇ
ਚੀਨ ਤੋਂ ਅਫ਼ਰੀਕਾ ਤੱਕ ਗਏ। ਸਮੇਂ, ਸਥਾਨਾਂ ਧਰਮਾਂ ਤੇ ਬੋਲੀਆਂ ਦੇ ਪ੍ਰਭਾਵਾਂ ਹੇਠ ਗੁਰੂ ਜੀ ਨੂੰ
ਇਨ੍ਹੀਂ ਥਾਈਂ ਵੱਖ-ਵੱਖ ਨਾਵਾਂ ਨਾਲ ਪੁਕਾਰਿਆ ਗਿਆ ਤੇ ਪੁਕਾਰਿਆ ਜਾਂਦਾ ਹੈ। ਇਨ੍ਹਾਂ ਵਿਚੋਂ
ਪ੍ਰਮੁੱਖ ਨਾਮ ਇਸ ਪ੍ਰਕਾਰ ਹਨ:
1. ਬਾਬਾ ਨਾਨਕ, ਗੁਰੂ ਨਾਨਕ ਦੇਵ ਜੀ, ਨਾਨਕ ਨਿਰੰਕਾਰੀ, ਨਾਨਕ ਤਪਾ ਪੰਜਾਬ
2. ਗੁਰੂ ਰਿੰਪੋਸ਼ ਗੁਰੂ ਨਾਨਾ-ਨੇਪਾਲ, ਸਿਕਮ, ਭੂਟਾਨ ਤੇ ਤਿੱਬਤ
3. ਭੱਦਰਾ ਗੁਰੂ-ਦੱਖਣੀ ਤਿੱਬਤ
4. ਨਾਨਕ ਰਿਸ਼ੀ-ਧੋਮਰੀ ਨੇਪਾਲ
5. ਨਾਨਕ ਪੀਰ-ਜੱਦਾ ਅਰਥ
6. ਵਲੀ ਹਿੰਦ-ਕਾਬਾ-ਮੱਕਾ ਅਰਬ, ਸੀਰੀਆ, ਊਰਾ ਤਿਉਬੇ-ਰੂਸ
7. ਨਾਨਕ ਵਲੀ-ਕਾਹਿਰਾ ਮਿਸਰ
8. ਗੁਰੂ ਨਾਨਕ ਵਲੀ ਹਿੰਦ-ਤੁਰਕਿਸਤਾਨ
9. ਬਾਬਾ ਨਾਨਕ ਤੇ ਬਾਬਾ ਨਾਨਾ-ਅਲਕੂਟ ਤੇ ਬਗਦਾਦ ਇਲਾਕੇ
10. ਬਾਲਗਦਾਂ-ਮਜ਼ਾਰਇ ਸ਼ਰੀਫ ਅਫ਼ਗਾਨਿਸਤਾਨ
11. ਨਾਨਕ ਕਲੰਦਰ-ਬੁਖਾਰਾ ਰੂਸ
? ਹੁਣ ਗੁਰੂ ਜੀ ਦੀ ਯਾਤਰਾ ਦਾ ਉਹ ਰੂਟ ਦੱਸੋ ਜਿੱਥੋਂ ਜਿੱਥੇ ਦੀ ਹੋ ਕੇ ਉਹ ਤਿੱਬਤ ਚੀਨ
ਪਹੁੰਚੇ?
- ਗੁਰੂ ਜੀ ਦੀ ਸੁਮੇਰ ਉਦਾਸੀ ਕਰਤਾਰਪੁਰ ਤੋਂ ਸ਼ੁਰੂ ਹੋਈ ਤੇ ਏਸੇ ਥਾਂ ਹੀ ਆ ਕੇ ਖ਼ਤਮ ਹੋਈ।
ਕਰਤਾਰਪੁਰ ਤੋਂ ਗੁਰੂ ਜੀ ਡੇਰਾ ਬਾਬਾ ਨਾਨਕ, ਗੁਰਦਾਸਪੁਰ, ਪਠਾਨਕੋਟ, ਨੂਰਪੁਰ, ਡਲਹੌਜੀ, ਚੰਬਾ,
ਭਰਮੌਰ, ਕਾਂਗੜਾ, ਜਵਾਲਾਮੁੱਖੀ, ਧਰਮਸ਼ਾਲਾ, ਪਾਲਮਪੁਰ, ਬੈਜਨਾਥ, ਮੰਡੀ, ਰਵਾਲਸਰ, ਕੁਲੂ, ਮਨਾਲੀ,
ਕੀਰਤਪੁਰ, ਧਰਮਪੁਰ, ਪਿੰਜੌਰ, ਜੌਹੜਸਰ, ਮਾਹੀਸਰ, ਬੁਸ਼ਹਰ, ਚਕਰਾਤਾ, ਦੇਹਰਾਦੂਨ, ਹਰਦਵਾਰ,
ਰਿਸ਼ੀਕੇਸ਼, ਜੋਸ਼ੀਮਠ, ਕੇਦਾਰਨਾਥ, ਬਦਰੀਨਾਥ, ਮਾਨਸਰੋਵਰ, ਰਾਕਸ਼ਤਾਲ-ਸ੍ਰੀਨਗਰ, ਅਲਮੋੜਾ, ਨੈਨੀਤਾਲ,
ਰੀਠਾ ਸਾਹਿਬ, ਨਾਨਕ ਮਤਾ, ਟਾਂਡਾ, ਪੀਲੀਭੀਤ, ਗੋਰਖਪੁਰ, ਜਨਕਪੁਰ, ਕਠਮੰਡੂ (ਨੇਪਾਲ),
ਸੋਲੋਖੁੰਬੂ, ਸਰਬਿਆਂਚੌਂਗ, ਤਮਲੌਂਗ (ਸਿਕਿਮ), ਚੁੰਬੀਵਾਦੀ (ਤਿੱਬਤ), ਪਾਰੋ ਜੌਂਗ (ਭੂਟਾਨ),
ਤਵਾਂਗ, ਮੰਚੂਖਾ, ਗੈਲਿੰਗ, ਟੂਟਿੰਗ, ਸਾਦੀਆ, ਬ੍ਰਹਮਕੁੰਡ, ਵਾਲੌਂਗ (ਅਰੁਣਾਚਲ ਪ੍ਰਦੇਸ਼),
ਨਾਨਕਿੰਗ (ਚੀਨ), ਨਾਕਿਆਂਗ, ਨਾਨਕੇਂਗ, ਨਾਨਿੰਗ ਤੇ ਨਾਨਕ ਫੂੰਗੀ, ਚੁਸ਼ੂਲ, ਉਪਸ਼ੀ ਕਾਰਾ, ਹਿਮਸ
ਗੋਂਫਾ, ਲੇਹ, ਨੀਮੂ, ਬਾਸਗੋ, ਖਲਾਸੇ, ਅਮਰਨਾਥ, ਪਹਿਲਗਾਮ, ਮਟਨ, ਅਨੰਤਨਾਗ, ਸ੍ਰੀਨਗਰ,
ਬਾਰਾਮੂਲਾ, ਊੜੀ, ਹਸਨਅਬਦਾਲ, ਰਾਵਲਪਿੰਡੀ, ਸਿਆਲਕੋਟ, ਕਰਤਾਰਪੁਰ।
? ਤੁਸੀਂ ਕਿਹਾ ਕਿ ਗੁਰੂ ਜੀ ਨੇ ਚੀਨ ਦੇ ਨਗਰਾਂ ਨਾਨਕਿੰਗ ਆਦਿ ਦੀ ਯਾਤਰਾ ਕੀਤੀ। ਕੀ ਇਨ੍ਹਾਂ
ਸ਼ਹਿਰਾਂ ਦੇ ਨਾਵਾਂ ਦਾ ਗੁਰੂ ਜੀ ਦੇ ਨਾਂ ਨਾਲ ਵੀ ਸਬੰਧ ਹੈ?
- ਹਾਂ! ਚੀਨੀ ਆਪ ਮੰਨਦੇ ਹਨ ਕਿ ਨਾਨਕਿੰਗ, ਨਾਨਕਿਆਂਗ, ਨਾਨਕੇਂਗ, ਨਾਨਿੰਗ ਤੇ ਨਾਨਕ ਫੁੰਗੀ
ਆਦਿ ਅਨੇਕਾਂ ਪਿੰਡਾਂ ਸ਼ਹਿਰਾਂ ਦੇ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ `ਤੇ ਹਨ। ਡਾ ਸੁਰਿਂਦਰ ਸਿੰਘ
ਕੋਹਲੀ ਅਨੁਸਾਰ ਜਦ ਸੰਨ 1951 ਵਿੱਚ ਜਵਾਹਰ ਲਾਲ ਨਹਿਰੂ ਜੀ ਨਾਨਕਿੰਗ ਗਏ ਤਾਂ ਉਥੋਂ ਦੇ ਮੇਅਰ ਨੇ
ਆਪਣੇ ਅਡਰੈਸ ਵਿੱਚ ਕਿਹਾ ‘ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਨਾਨਕਿੰਗ ਨਗਰ ਦਾ ਨਾਮ
ਪ੍ਰਸਿੱਧ ਭਾਰਤੀ ਸਤਿਗੁਰੂ ਨਾਨਕ ਦੇਵ ਜੀ ਦੀ ਇਥੋਂ ਦੀ ਯਾਤਰਾ ਕਰਕੇ ਪਿਆ।’ ਇਨ੍ਹਾਂ ਨਾਮਾਂ ਤੋਂ
ਬਿਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਨਨਕਾਣਾ ਸਾਹਿਬ, ਡੇਰਾ ਬਾਬਾ ਨਾਨਕ, ਨਾਨਕਸਰ (ਹੜਪਾ),
ਨਾਨਕ ਝੀਰਾ ਕਰਨਾਟਕਾ, ਨਾਨਕਮਤਾ (ਪੀਲੀਭੀਤ), ਨਾਨਕ ਲੋਢੀਆ ਢੋਲਕਾ (ਗੁਜਰਾਤ), ਬਾਬਾ ਨਾਨਕਾ
(ਯੂਗੰਡਾ) ਹਨ।