. |
|
ਅੰਧੇਰ ਬਿਨਾਸ
(ਕਿਸ਼ਤ ਦੂਜੀ)
ਵੀਰ ਭੁਪਿੰਦਰ ਸਿੰਘ
ਕਬੀਰ ਸਾਹਿਬ ਕਹਿੰਦੇ ਹਨ
“ਸੁਰਗ ਬਾਸੁ ਨ ਬਾਛੀਐ ਡਰੀਐ ਨ
ਨਰਕਿ ਨਿਵਾਸੁ ॥” ਨਰਕ ਸਵਰਗ ਕੁਝ ਵੀ ਨਹੀਂ
ਹੈ। ਕਿਸੇ ਦਾ ਵੀ ਡਰ ਨਹੀਂ ਹੈ। ਕਬੀਰ ਸਾਹਿਬ ਸਵਰਗ ਨਰਕ ਮੰਨਦੇ ਹੀ ਨਹੀਂ ਹਨ ਤਾਂ ਫਿਰ ਬਾਣੀ ਵਿਚ
ਬਹਿਸ਼ਤ ਲਫਜ਼ ਕਿਉ ਵਰਤਿਆ ਗਿਆ ਹੈ। ਬਹਿਸ਼ਤ ਜਾਂ ਸਵਰਗ ਆਦਿ ਲਫਜ਼ਾਂ ਦਾ ਗੁਰਬਾਣੀ ਮੁਤਾਬਕ ਕੀ ਭਾਵ
ਹੈ? ਕਬੀਰ ਸਾਹਿਬ ਕਹਿੰਦੇ ਹਨ
“ਭਿਸਤੁ ਨਜੀਕਿ ਰਾਖੁ ਰਹਮਾਨਾ”
ਮੇਰੇ ਲਈ ਰੱਬ ਜੀ ਹੀ ਬਹਿਸ਼ਤ ਹਨ। ਜੋ ਮੈਨੂੰ
ਆਪਣੇ ਨਾਲ ਰੱਖਦੇ ਹਨ, ਆਪਣੀ ਯਾਦ ਦੇਂਦੇ ਹਨ। ਮੈਂ ਤੇ ਤੇਰੀ ਸ਼ਰਨ ਆਇਆ ਹਾਂ, ਮੈਨੂੰ ਸੁਮਤ ਬਖਸ਼ੋ।
ਜਿਊਂਦੇ ਜੀਅ ਸਵਰਗ ਮਾਣਨਾ ਹੈ, ਨਹੀਂ ਤਾਂ ਜਿਊਂਦੇ ਜੀਅ ਜਮਾਂ ਦੇ ਵੱਸ ਪੈ ਕੇ ਨਰਕ ਭੋਗ ਰਿਹਾ
ਹਾਂ। ਕਬੀਰ ਸਾਹਿਬ ਇਸ ਸ਼ਬਦ ਵਿਚ ਬੜੀ ਕੀਮਤੀ ਗੱਲ ਕਰਦੇ ਹਨ। ਕਹਿੰਦੇ ਹਨ।
ਰੈਨਿ ਗਈ: ਮੇਰੀ ਉਹ
ਅੰਧਿਆਰੀ ਅਉਗੁਣਾਂ ਰੂਪੀ, ਅਗਿਆਨਤਾ ਵਾਲੀ, ਰੈਣ (ਜ਼ਿੰਦਗੀ) ਚਲੀ ਗਈ ਹੈ। ਹੁਣ ਅਸੀਂ ਅੰਧੇਰੇ ਵਿਚ
ਨਹੀਂ ਰਹਿੰਦੇ ਹਾਂ। ਰਾਤ ਹੁੰਦੀ ਹੈ ਪਰ ਅਸੀਂ ਅੰਧੇਰੇ ਵਿਚ ਨਹੀਂ ਰਹਿੰਦੇ। ਕਿਉਂ? ਕਿਉਂਕਿ ਅੰਦਰ
ਚਾਨਣ ਹੈ, “ਦੀਵਾ ਬਲੈ
ਅੰਧੇਰਾ ਜਾਇ ॥” ਹਨੇਰਾ ਅੰਦਰੋਂ ਜਾ ਚੁਕਾ ਹੈ।
ਹੁਣ ਮੈਂ ਅੰਧੇਰੇ ਵਿਚ ਨਹੀਂ ਰਹਿੰਦਾ ਹਾਂ। ਕਿਉਂਕਿ ਅੰਦਰ ਚਾਨਣ ਹੈ, ਅਵਗੁਣਾਂ ਦਾ ਹਨੇਰਾ ਅੰਦਰੋਂ
ਜਾ ਚੁੱਕਾ ਹੈ। ਜਿੰਨ੍ਹਾਂ ਦੇ ਅੰਦਰ ਹਨੇਰਾ ਹੁੰਦਾ ਉਹ ਬਾਹਰੋ ਜੋਤਾਂ ਬਾਲਦੇ ਰਹਿੰਦੇ ਹਨ,
ਜਿਨ੍ਹਾਂ ਦੇ ਅੰਦਰ ਹਨੇਰਾ ਹੁੰਦਾ ਹੈ, ਉਹ ਬਾਹਰ ਢੇਰ ਸਾਰੀਆਂ ਜਗ-ਬੁਝ ਲਾਈਟਾਂ ਲਗਾਉਂਦੇ ਹਨ।
ਜਿਨ੍ਹਾਂ ਦੇ ਹਿਰਦੇ ਵਿਚ ਅੰਧੇਰਾ ਹੁੰਦਾ ਹੈ ਉਹ ਲੋਕਾਂ ਨੂੰ ਵਿਖਾਉਣ ਲਈ ਕਿਸੇ ਵੀ ਤਿਉਹਾਰ, ਘਰ
ਦੇ ਪਰੋਗਰਾਮ ਲਈ ਕਰੋੜਾਂ ਰੁਪਏ ਦੀਆਂ ਲਾਈਟਾਂ ਖਰਚਦੇ ਹਨ, ਪਰ ਕਿਸੇ ਗਰੀਬ ਦਾ ਭਲਾ ਨਹੀਂ ਕਰਦੇ
ਹਨ। ਉਨ੍ਹਾਂ ਨੂੰ ਗਰੀਬ ਨਜ਼ਰ ਨਹੀਂ ਆਉਂਦਾ। ਇਸ ਕਰ ਕੇ ਕਿਸੇ ਗਰੀਬ ਦਾ ਭਲਾ ਕਰਨ ਨੂੰ ਤਿਆਰ ਨਹੀਂ
ਹੁੰਦੇ।
ਇਸ ਸ਼ਬਦ ਵਿਚ ਸਮਝਾਇਆ ਹੈ ਕਿ ਕਿਵੇਂ ਅਗਿਆਨਤਾ ਰੂਪੀ ਰੈਨ ਚਲੀ ਗਈ। ਜਦੋਂ
ਵੀ “ਰੈਨਿ”
ਆਏਗਾ ਨਨੇ ਨੂੰ ਸਿਹਾਰੀ ਹੈ, ਰੈਨਿ ਹਮੇਸ਼ਾ ਇਸਤਰੀ ਰੂਪ ਵਿਚ ਆਏਗਾ। ਰੈਨਿ ਗਈ - ਕਿਸ ਤਰ੍ਹਾਂ
ਚਲੀ ਗਈ ਰੈਨਿ? ਅੰਧੇਰਾ ਕਿਸ ਤਰ੍ਹਾਂ ਜਾਂਦਾ ਹੈ।
ਜਦੋਂ ਪ੍ਰਕਾਸ਼ ਲੈ ਲਉ, ਚਾਨਣ ਲੈ ਲਵੋ। ਜਿਉਂ ਹੀ ਚਾਨਣ ਲਿਆ ਹੁਣ ਹਨੇਰਾ
ਨਹੀਂ ਹੋ ਸਕਦਾ। ਤੁਸੀ ਇਕ ਦੀਵਾ ਬਾਲੋ, ਉਸ ਵਿਚ ਤੇਲ ਪਾਉ ਤੇਲ ਮੁਕ ਜਾਏਗਾ ਦੀਵਾ ਬੁਝ ਜਾਏਗਾ।
ਬੱਤੀ ਸੜ ਜਾਏਗੀ, ਦੀਵਾ ਬੁਝ ਜਾਏਗਾ। ਲੈਂਪ ਦਾ ਸ਼ੀਸ਼ਾ ਕਾਲਾ ਹੋ ਜਾਏਗਾ ਦੀਵਾ ਬੁਝ ਜਾਏਗਾ। ਬਿਜਲੀ
ਗਈ ਹੋਵੇ ਲਾਈਟ ਚਲਾਓ, ਲਾਈਟ ਨਹੀਂ ਚਲੇਗੀ। ਪਰ ਰੱਬ ਜੀ ਅਕਾਲ ਹਨ, ਇਸ ਕਰਕੇ ਉਨ੍ਹਾਂ ਦਾ ਪ੍ਰਕਾਸ਼
(ਸੁਨੇਹਾ) ਲੈ ਲਵੋ। ਰੱਬੀ ਪ੍ਰਕਾਸ਼ ਨੂੰ ਤੇਲ ਨਹੀਂ ਦੇਣਾ ਪੈਂਦਾ। ਉਨ੍ਹਾਂ ਦੀ ਬਿਜਲੀ ਕਿਸੇ ਕੋਲੋਂ
ਖਰੀਦਣੀ ਨਹੀਂ ਪੈਂਦੀ। ਉਹ ਵਾਲੀ ਅਗਿਆਨਤਾ ਦਾ ਹਨੇਰੇ ਕਿਸ ਤਰ੍ਹਾਂ ਗਿਆ? ਜਦੋਂ ਮੈਂ ਸੱਚ ਰੂਪੀ
ਦਿਨ ਲੈ ਲਿਆ, ਸੱਚ ਰੂਪੀ ਪ੍ਰਕਾਸ਼ ਲੈ ਲਿਆ ਹੁਣ ਇਹ ਨਹੀਂ ਜਾ ਸਕਦਾ। ਕਿਉ? ਕਿਉਂਕਿ ਇਹ ਬੁਝੇਗਾ ਹੀ
ਨਹੀਂ। ਇਸ ਨੂੰ ਦੁਬਾਰਾ-ਦੁਬਾਰਾ ਤੇਲ ਪਾਉਣਾ ਹੀ ਨਹੀਂ ਪਏਗਾ।
“ਮਤ ਦਿਨੁ ਭੀ ਜਾਇ” ਹੁਣ
ਇਹ ਦਿਨ ਨਹੀਂ ਜਾਏਗਾ। ਅਸੀਂ ਰੋਜ਼ ਆਸਾ ਕੀ ਵਾਰ ਵਿਚ ਪੜ੍ਹਦੇ ਹਾਂ
“ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ
ਕਾਹੇ ਜਗਿ ਆਏ ਰਾਮ ਰਾਜੇ ॥ ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥"
(ਗੁਰੂ ਗ੍ਰੰਥ ਸਾਹਿਬ, ਪੰਨਾ 450)
“ਚਲੇ ਜੁਆਰੀ ਦੁਇ ਹਥ ਝਾਰਿ ॥”
ਜਿਵੇਂ ਜੁਆਰੀ ਖਾਲੀ ਹੱਥ ਚਲਾ ਜਾਂਦਾ ਹੈ, ਇਸ ਤਰ੍ਹਾਂ ਮੇਰਾ ਜੀਵਨ ਬੇਕਾਰ ਨਾ ਜਾਏ, ਤਾਂ ਕੀ ਕਰਨਾ
ਪਏਗਾ?
ਹੁਣ ਜੇ ਨਾਮ ਲੈ ਲਵੋ, ਰੱਬ ਨੂੰ ਯਾਦ ਰੱਖਣ ਵਾਲੇ ਗੁਣ ਲੈ ਲਵੋ, ਰੱਬ ਜੀ
ਨੂੰ ਨਿਰੰਤਰ ਯਾਦ ਰੱਖਣ ਵਾਲੇ ਰੱਬੀ ਗੁਣਾਂ ਨਾਲ ਜਿਊਣ ਲਗ ਪਈਏ ਫਿਰ ਇਹ ਦਿਨ ਨਹੀਂ ਜਾਂਦਾ, ਫਿਰ
ਹਮੇਸ਼ਾ ਚਾਨਣ ਰਹਿੰਦਾ ਹੈ। ਹਮੇਸ਼ਾ ਗਲਤੀ ਕਰਾਂਗੇ ਤਾਂ ਮਾਨੋ ਮਨ ਅੰਦਰ ਹਨੇਰਾ ਹੈ, ਅੰਧਿਆਰੀ ਰਾਤ
ਹੈ। ਇਸ ਲਈ ਗੁਰਬਾਣੀ ਵਿਚ ਰਾਤ ਨੂੰ ਜ਼ਿੰਦਗੀ ਰੂਪੀ ਰੈਣ ਕਿਹਾ ਹੈ। ਚਾਨਣ ਨੂੰ ਪਰਕਾਸ਼
ਕਿਹਾ ਗਿਆ ਹੈ, ਦਿਨ ਕਿਹਾ ਗਿਆ ਹੈ।
“ਰੈਨਿ ਗਈ ਮਤ ਦਿਨੁ ਭੀ ਜਾਇ ॥”
ਇਕ ਵਾਰੀ ਜੇ ਸੱਚ ਸਮਝ ਆ ਜਾਏ ਤਾਂ ਫਿਰ ਨਹੀਂ ਜਾਏਗਾ। ਬਸ਼ਰਤੇ ਸੱਚ ਸਮਝ
ਆਇਆ ਹੈ। ਬਸ਼ਰਤੇ ਕਿ ਅਸੀਂ ਉਸ ਵਿਚੋਂ ਸੁੱਖ ਮਾਣੀਏ, ਆਨੰਦ ਮਾਣ ਕੇ ਜੀਵੀਏ। ਸਾਡੀ ਨੀਅਤ ਹੁੰਦੀ ਹੈ
ਸਾਨੂੰ ਚਾਨਣ ਵਾਲਾ ਜੀਵਨ ਨਾ ਜਿਊਣਾ ਪਵੇ। ਇਸ ਕਰ ਕੇ ਅਸੀਂ ਸੋਚਦੇ ਹਾਂ ਕਿ ਕੋਈ ਐਸਾ ਤਰੀਕਾ ਹੋਵੇ
ਕਿ ਸਾਰੀ ਉਮਰ ਕੁਝ ਵੀ ਕਰੋ ਬਾਅਦ ਵਿਚ ਕੋਈ ਧਾਰਮਕ ਕਰਮਕਾਂਡ ਤੇ ਪਾਖੰਡ ਕਰ ਲਵੋ ਕੋਈ ਵਿਚੋਲਾ ਬਣਾ
ਲਵੋ ਉਹ ਸਵਰਗ ਦੀ ਸੀਟ ਲੈ ਹੀ ਦੇਵੇਗਾ। ਧਾਰਮਕ ਪ੍ਰਾਪਰਟੀ ਡੀਲਰ ਵੀ ਤੇ ਬੜੇ ਹਨ ! ਜੋ ਨਰਕ ਦੀ
ਪ੍ਰਾਪਰਟੀ ਕੈਂਸਲ ਕਰਵਾ ਦਿੰਦੇ ਹਨ, ਸਵਰਗ ਦੀ ਪ੍ਰਾਪਰਟੀ ਲੈ ਦਿੰਦੇ ਹਨ। ਐਸੇ ਬੜੇ ਠੇਕੇਦਾਰ
ਸਾਨੂੰ ਰੋਜ਼ਾਨਾ ਜ਼ਿੰਦਗੀ ਵਿਚ ਮਿਲਦੇ ਹਨ। ਇਸ ਲਈ ਧਰਮ ਵਿਚ ਇਹ ਪੜ੍ਹਾਇਆ ਜਾਂਦਾ ਹੈ ਕਿ ਇੱਥੇ ਸਾਰੇ
ਪਾਪ ਦੂਰ ਹੋ ਸਕਦੇ ਹਨ।
ਜੇਕਰ ਬਾਅਦ ਵਿਚ ਕੋਈ ਐਸੇ ਕਰਮ ਕਾਂਡ ਕੀਤੇ ਜਾਣ ਜਿਵੇਂ ਕਿ ਐਸੇ ਉਸ ਕੀ
ਖੋਪੜੀ ਕੋ ਡੰਡੇ ਸੇ ਤੋੜੋ ਫਿਰ ਉਸ ਵਿਚ ਦੇਸੀ ਘਿਉ ਪਾਓ ਫਿਰ ਚੰਦਨ ਸਮਗਰੀ ਪਾਉ ਤਾਂ ਕਿ ਆਤਮਾ
ਨਿਕਲ ਜਾਏ। ਫਿਰ ਉੱਚਾ ਢਾਹ ਮਾਰ-ਮਾਰ ਕੇ ਰੋਵੋ, ਨਹੀਂ ਤਾਂ ਆਤਮਾ ਇਥੇ ਹੀ ਭਟਕਦੀ ਰਹੇਗੀ। ਕਿਉਂਕਿ
ਘਰ ਦੀਆਂ ਚੀਜ਼ਾਂ ਨਾਲ ਉਸਨੂੰ ਪਿਆਰ ਹੈ। ਇਸ ਲਈ ਮਿਲ ਕੇ ਪ੍ਰਾਰਥਨਾ ਕਰੋ ਕਿ ਰੱਬ ਉਸਨੂੰ ਆਪਣੇ
ਚਰਨਾਂ ਵਿੱਚ ਨਿਵਾਸ ਬਖ਼ਸ਼ ਦੇਣ। ਸਾਰਿਆਂ ਨੇ ਮਿਲ ਕੇ ਪ੍ਰਾਰਥਨਾ ਕੀਤੀ ਹੈ। ਫਿਰ ਆਪਣਾ ਬੋਲਿਆ
ਹੋਇਆ, ਆਪਣਾ ਕਿਹਾ ਹੋਇਆ ਆਪ ਹੀ ਰੱਦ ਕਰ ਦਿੱਤਾ। ਗਿਆਰਾਂ ਮਹੀਨਿਆਂ ਬਾਅਦ ਫਿਰ ਇਹੀ ਅਰਦਾਸ ਕਰਦੇ
ਹਾਂ ਕਿ ਚਰਨਾਂ ਵਿਚ ਨਿਵਾਸ ਬਖ਼ਸ਼ੋ। ਫਿਰ ਦੁਬਾਰਾ ਅਸੀਂ ਸ਼ਰਾਧਾਂ ਦੇ ਦਿਨਾਂ ਵਿਚ ਕਪੜੇ, ਖੀਰ-ਪੂੜੇ
ਵਿਚੋਲੇ ਨੂੰ ਖੁਆ ਕੇ ਸੋਚਦੇ ਹਾਂ ਕਿ ਇਹ ਸਾਰਾ ਕੁਝ ਮਿਰਤਕ ਪ੍ਰਾਣੀ ਨੂੰ ਪਹੁੰਚ ਜਾਏਗਾ।
ਕਿਤਨਾ ਪਾਖੰਡ ਕਰਦੇ ਹਾਂ ਅਤੇ ਪਹਿਲੇ ਦਿਨ ਤੋਂ ਪ੍ਰਾਰਥਨਾ ਕਰੀ ਜਾਵਾਂਗੇ
ਕਿ ਸਵਰਗ ਵਾਸੀ। ਜੋ ਕਿ ਗਿਆਰਾਂ ਮਹੀਨਿਆਂ ਬਾਅਦ ਅਤੇ ਫਿਰ ਹਰ ਮਹੀਨੇ ਸ਼ਰਾਧਾਂ ਵਿਚ ਸਵਰਗ ਵਿਚ
ਨਿਵਾਸ ਦੀ ਅਖੌਤੀ ਅਰਦਾਸ ਕਰਦੇ ਰਹਿੰਦੇ ਹਾਂ। ਕੈਸਾ ਪਾਖੰਡ ਅਸੀਂ ਰਚਾਇਆ ਹੈ। ਜਦੋ ਅਸੀਂ ਵਿਚੋਲੇ
ਦੀਆਂ ਐਸੀਆਂ ਪ੍ਰਾਰਥਨਾਵਾਂ ਸੁਣਦੇ ਹਾਂ ਤਾਂ ਸਾਨੂੰ ਚੰਗੀਆਂ ਲਗਦੀਆਂ ਹਨ। ਇਸ ਕਰ ਕੇ ਅਸੀਂ ਸੋਚਦੇ
ਹਾਂ ਕਿ ਮੈਂ ਜੋ ਮਰਜ਼ੀ ਕੰਮ ਕਰ ਲਵਾਂ “ਇਹ ਜਗ ਮਿਠਾ ਅਗਲਾ ਕਿਨ ਡਿੱਠਾ” ਮੇਰੇ ਬਾਅਦ ਵੀ ਇੰਜ
ਪ੍ਰਾਰਥਨਾ ਹੋ ਹੀ ਜਾਵੇਗੀ। ਇੰਜ ਛੁੱਟ ਹੀ ਜਾਈਦਾ ਹੈ। ਇਸ ਤਰ੍ਹਾਂ ਮਰਨੇ ਤੇ ਕਈ ਪਾਖੰਡ ਕੀਤੇ
ਜਾਂਦੇ ਹਨ।
ਅਸੀਂ ਵਿਚਾਰ ਕਰ ਰਹੇ ਹਾਂ ਕਿ ਇਕ ਵਾਰੀ ਚਾਨਣ ਹੋ ਜਾਏ ਤਾਂ ਫਿਰ ਇਹ ਪਾਖੰਡ
ਨਹੀਂ ਕਰਦੇ ਹਾਂ। ਪਾਖੰਡ ਹੋ ਹੀ ਨਹੀਂ ਸਕਣਗੇ। ਜਿਸ ਇਨਸਾਨ ਨੂੰ ਸੱਚ ਦਾ ਜੀਵਨ ਜਿਊਣ ਨਾਲ ਰਤਨ
ਜਵਾਹਰ ਮਾਣਕ ਮਿਲਦੇ ਹੋਣ ਉਹ ਇਨਸਾਨ ਇਕ ਸੜੀ ਗਲੀ ਗੋਭੀ ਕਿਉਂ ਖਰੀਦੇਗਾ। ਵੱਟੇ ਗੀਟੇ ਕਿਉਂ
ਖਰੀਦੇਗਾ। ਸੱਚ ਮਿਲ ਗਿਆ ਨਾ
“ਮਤ ਦਿਨੁ ਭੀ ਜਾਇ” ਹੁਣ ਨਹੀਂ ਜਾਏਗਾ। ਉਸਨੂੰ
ਕਹਿੰਦੇ ਹਨ “ਨਾ ਓਹੁ ਮਰੈ ਨ
ਹੋਵੈ ਸੋਗੁ ॥ ਦੇਦਾ ਰਹੈ ਨ ਚੂਕੈ ਭੋਗੁ ॥”(ਗੁਰੂ
ਗ੍ਰੰਥ ਸਾਹਿਬ, ਪੰਨਾ 9)
“ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥” ਉਨ੍ਹਾਂ ਦਾ
ਮਨ ਸੱਚ ਨਾਲ ਸੀਤਾ ਗਿਆ ਹੈ, ਪਿਰੋਤਾ ਜਾ ਚੁੱਕਾ ਹੋਇਆ ਹੈ। ਇਹ ਕਪੜਾ ਹੁਣ ਫਟਦਾ ਨਹੀਂ।
“ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ
ਨ ਪਾਟੈ ॥”
“ਰੈਨਿ ਗਈ” - ਇੱਕ ਵਾਰੀ
ਅਗਿਆਨਤਾ ਚਲੀ ਜਾਏ। “ਮਤ
ਦਿਨੁ ਭੀ ਜਾਇ”।
“ਭਵਰ ਗਏ ਬਗ ਬੈਠੇ ਆਇ”
ਰੈਣ ਦਾ ਸਿੱਧਾ ਸੰਬੰਧ ਭੰਵਰ ਦੇ ਨਾਲ ਹੈ। ਭੰਵਰ ਦਾ ਉਹ
ਵਾਲਾ ਖਿਆਲ, ਉਹ ਵਾਲੀ ਬਿਰਤੀ, ਉਹ ਵਾਲਾ ਸੁਭਾ, ਜਿਸ ਦੇ ਨਾਲ ਉਹ ਵਿਭਚਾਰ ਕਰਦਾ ਹੈ। ਭੰਵਰਾ
ਵਖਰੇ-ਵਖਰੇ ਫ਼ੁੱਲਾਂ ਤੇ ਜਾਂਦਾ ਹੈ, ਇਸ ਲਈ ਭੰਵਰੇ ਬਾਰੇ ਫ਼ੁੱਲ ਕਹਿੰਦਾ ਹੈ ਤੈਨੂੰ ਮੈਂ ਆਪਣੇ ਉਪਰ
ਨਹੀਂ ਬੈਠਣ ਦੇਣਾ। ਕਿਉਂਕਿ ਤੂੰ ਥਾਂ-ਥਾਂ ਤੇ ਅਨੇਕਾਂ ਫ਼ੁੱਲਾਂ ਤੇ ਬੈਠਦਾ ਰਹਿੰਦਾ ਹੈਂ। ਤੇਰਾ ਤੇ
ਕੋਈ ਦੀਨ ਇਮਾਨ ਹੀ ਨਹੀਂ ਹੈ। ਇਹ ਭੰਵਰੇ ਦਾ ਵਿਭਚਾਰ ਵਾਲਾ ਸੁਭਾ ਹੈ। ਭੰਵਰੇ ਬਿਰਤੀ ਵਾਲੀ ਸਾਡੇ
ਮਨ ਦੀ ਰੈਣ ਗਈ। “ਬਗ ਬੈਠੇ
ਆਇ” ਬਗ ਹੁੰਦਾ ਹੈ ਚਿੱਟੇ, ਚੰਗੇ, ਬਿਬੇਕਬੁੱਧੀ
ਵਾਲੇ ਖਿਆਲ। ਇਨ੍ਹਾਂ ਨੂੰ ਕਹਿੰਦੇ ਹਨ
“ਭਏ ਕੇਸ ਦੁਧ ਵਾਨੀ”,
ਕੇਸ਼ ਚਿੱਟੇ ਹੋ ਗਏ। ਇਨ੍ਹਾਂ ਸਰੀਰਕ ਚਿੱਟੇ ਵਾਲਾਂ ਨੂੰ ਨਹੀਂ ਕਹਿ ਰਹੇ ਹਨ। ਚਿੱਟੇ ਕੇਸ਼ ਹੋ ਜਾਣ
ਦਾ ਮਤਲਬ ਹੈ - ਬਿਬੇਕ ਬੁੱਧੀ ਪ੍ਰਾਪਤ ਕਰ ਲੈਣਾ।
“ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥ ਅਗਹੁ ਨੇੜਾ ਆਇਆ ਪਿਛਾ ਰਹਿਆ
ਦੂਰਿ ॥” (ਗੁਰੂ ਗ੍ਰੰਥ ਸਾਹਿਬ, ਪੰਨਾ 1378)
ਪਿਛਾ ਭਾਵ ਜੋ ਮੈਂ ਅਉਗੁਣ ਕੀਤੇ ਸੀ, ਉਹ ਹੁਣ ਛੁੱਟ ਗਏ। ਉਹ ਅਉਗੁਣ ਹੀ ਤਾਂ ਮੈਨੂੰ ਰੱਬ ਨਾਲ
ਮਿਲਣ ਨਹੀਂ ਦਿੰਦੇ ਸਨ। “ਰੂਪ
ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥”
(ਗੁਰੂ ਗ੍ਰੰਥ ਸਾਹਿਬ, ਪੰਨਾ 204) ਪਰਦੇਸਨ ਕੀ ਹੈ, ਮੇਰੇ ਅਉਗੁਣ, ਮੇਰਾ ਪਿੱਛਾ। ਮੇਰਾ ਪਿੱਛਾ,
ਮੈਂ ਬੜੇ ਕਿਸਮਾਂ ਦਾ ਜੀਵਨ ਜਿਊਂਦਾ ਸੀ ਪਰ ਹੁਣ ਸੱਚ ਮਿਲ ਗਿਆ ਹੈ।
ਕਬੀਰ ਜੀ ਸੱਚ ਦੀ ਅਵਸਥਾ ਸੁਣਾ ਰਹੇ ਹਨ। ਇਹ ਸੱਚ ਦੀ ਅਵਸਥਾ ਪਹਿਲਾਂ ਮਨ
ਲੈਂਦਾ ਹੈ। ਸਾਡਾ ਮਨ ਜੇਕਰ ਲੈ ਲਵੇ ਤਾਂ ਸੁਰਤ, ਮਤ, ਬੁਧ ਬਾਅਦ ਵਿਚ ਮੰਨਣਗੀਆਂ। ਲੇਕਿਨ ਸੁਰਤ,
ਮਤ, ਮਨ, ਬੁਧ ’ਚੋਂ ਇਸਦੇ ਵਿਚੋਂ ਅਸੀਂ ਮਤ ਨੂੰ ਸਮਝ ਰਹੇ ਹਾਂ। ਜਦੋਂ ਸਾਡੀ ਮਤ ਅਗਿਆਨਤਾ ਵਸ
ਹੋਵੇ ਅਤੇ ਸਮਝੇ ਕਿ ਮੈਨੂੰ ਹੀ ਸਭ ਕੁਝ ਪਤਾ ਹੈ ਜੋ ਖਾਸ ਤੌਰ ਤੇ ਜਵਾਨੀ ਦੇ ਮਾਣ ਵਿਚ ਲੋਕੀ ਸਮਝ
ਲੈਂਦੇ ਹਨ। ਜਿਉਂ ਹੀ ਜਵਾਨੀ ਆਂਦੀ ਹੈ ਉਸ ਦੇ ਵਿਚ ਰਸਾਇਣਕ ਤਬਦੀਲੀ ਹੁੰਦੀ ਹੈ। ਉਹ ਰਸਾਇਣਕ
ਤਬਦੀਲੀ ਕੁਦਰਤ ਦੇ ਨਿਯਮ ਵਿਚ ਹੈ। ਪਰ ਉਸ ਦੇ ਕੋਲ ਅੱਗ ਤੋਂ ਬੱਚਣ ਲਈ ਕੁਝ ਨਹੀਂ ਹੈ। ਇਸ ਕਰ ਕੇ
ਮਨੁੱਖ ਜ਼ਿਆਦਾਤਰ ਗਲਤੀਆਂ ਜਵਾਨੀ ਵਿਚ ਕਰ ਬੈਠਦਾ ਹੈ।
ਇਹ ਸਾਡੇ ਚਾਰੋਂ ਪਾਸੇ ਸੋਚ ਬਣੀ ਹੋਈ ਹੈ। ਲੈ ਹੁਣੇ ਹੀ, ਸੱਚ ਪਾਸੇ ਲੱਗ
ਗਏ ਹੋ ! ਹੁਣੇ ਤੇ ਜਵਾਨੀ ਦੇ, ਹੱਸਣ ਖੇਡਣ ਦੇ ਦਿਨ ਹਨ ! ਇਹ ਆਮ ਕਹਾਵਤ ਹੈ। ਜਿਸ ਦਾ ਨੌਜਵਾਨ
ਬੱਚਾ ਸੱਚ ਵਲ ਲਗ ਜਾਏ, ਉਸਦੇ ਘਰ ਵਾਲੇ ਸੋਚਦੇ ਹਨ, ਇਹ ਹੁਣ ਬਿਜ਼ਨਸ ਵਿਚ ਫੇਲ ਹੋ ਗਿਆ ਹੈ। ਇਸ
ਨੂੰ ਝੂਠ ਹੀ ਨਹੀਂ ਬੋਲਣਾ ਆਂਦਾ ਅਤੇ ਆਪ ਹੀ ਧਾਰਮਕ ਸਥਾਨ ਤੇ ਕੰਨ ਫੜ ਕੇ ਖੜੇ ਹੋ ਕੇ ਕਹਿ ਰਹੇ
ਹੁੰਦੇ ਹਨ ਕਿ ਮਾਫੀ ਦੇ ਦਿਉ। ਕਿਤਨਾ ਪਾਖੰਡ ਦਾ ਮੁਖੌਟਾ ਲਗਾਇਆ ਹੋਇਆ ਹੈ।
ਜਦੋਂ ਮੈਂ 60 ਸਾਲ ਦਾ ਹੋ ਜਾਵਾਂਗਾ ਤਾਂ ਮੈਂ ਆਕੜ ਵਿਚ ਰਵਾਂ ਕਿ ਮੈਨੂੰ
ਸਭ ਕੁਝ ਪਤਾ ਹੈ। ਮੇਰੇ ਵਰਗਾ ਸਿਆਣਾ ਕੋਈ ਨਹੀਂ। ਮੇਰੇ ਵਰਗਾ ਸਿਆਣਾ ਬਿਜ਼ਨਸ ਮੈਨ ਕੋਈ ਨਹੀਂ ਹੈ।
ਮੇਰੇ ਵਰਗਾ ਹਿਸਾਬ-ਕਿਤਾਬ ਕਿਸੇ ਨੂੰ ਨਹੀਂ ਆਉਂਦਾ। ਮੇਰੇ ਵਰਗੇ ਬਿਜ਼ਨਸ ਦੇ ਤਰੀਕੇ ਕਿਸੇ ਨੂੰ
ਨਹੀਂ ਆਉਂਦੇ। ਇਸੇ ਤਰ੍ਹਾਂ ਜੋ ਜਵਾਨੀ ਵਿਚ ਪੈਰ ਰੱਖ ਰਿਹਾ ਹੈ ਉਹ ਵੀ ਆਕੜਿਆ ਹੋਇਆ ਹੈ ਅਤੇ
ਮਾਤਾ-ਪਿਤਾ ਨੂੰ ਬੇਵਕੂਫ ਸਮਝਦਾ ਹੈ, ਪਿਛੜਿਆ ਸਮਝਦਾ ਹੈ। ਇੰਜ ਅਸੀਂ ਕਿਸੇ ਵੀ ਉਮਰ ਦੇ ਹੁੰਦੇ
ਹਾਂ ਤਾਂ ਸਾਨੂੰ ਹਉਮੈ ਹੁੰਦੀ ਹੈ ਪਰ ਅਸਲ ਵਿਚ ਸੱਚ ਪਤਾ ਹੀ ਨਹੀਂ ਹੈ। ਸੱਚ ਪਤਾ ਨਾ ਹੋਣ ਦੀ ਕੀ
ਨਿਸ਼ਾਨੀ ਹੈ? ਇਹ ਅਗਲੀ ਕਿਸ਼ਤ ਵਿਚ ਸਮਝਣ ਦਾ ਜਤਨ ਕਰਾਂਗੇ।
|
. |