.

ਭੱਟ ਬਾਣੀ-12

ਬਲਦੇਵ ਸਿੰਘ ਟੋਰਾਂਟੋ

ਆਵਧ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗਿ।।

ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ।।

ਪਾਵਕ ਜਰਿਓ ਨ ਜਾਤ ਰਹਿਓ ਜਨ ਧੂਰਿ ਲਗਿ।।

ਨੀਰੁ ਨ ਸਾਕਸਿ ਬੋਰਿ ਚਲਹਿ ਹਰਿ ਪੰਥਿ ਪਗਿ।।

ਨਾਨਕ ਰੋਗ ਦੋਖ ਅਘ ਮੋਹ ਛਿਦੇ ਹਰਿ ਨਾਮ ਖਗਿ।। ੧।। ੧੦।।

(ਪੰਨਾ ੧੩੮੯)

ਪਦ ਅਰਥ:- ਆਵਧ ਕਟਿਓ ਨ ਜਾਤ – ਇਸ ਸੱਚ ਨੂੰ ਕਿਸੇ ਹੋਰ ਉਦਾਰਣ ਨਾਲ ਕੱਟਿਆ ਨਹੀਂ ਜਾ ਸਕਦਾ। ਪ੍ਰੇਮ ਰਸ ਚਰਨ ਕਮਲ ਸੰਗਿ – ਇਹ ਆਪਸ ਵਿੱਚ ਪ੍ਰੇਮ ਰਸ ਦੀ ਭਾਵਨਾ, ਸਾਂਝੀਵਾਲਤਾ, ਬਰਾਬਰਤਾ ਦੀ ਭਾਵਨਾ ਪੈਦਾ ਕਰਦਾ ਹੈ, ਇਸ ਕਰਕੇ ਇਸ ਪਵਿੱਤਰ ਸੱਚ ਅੱਗੇ ਝੁਕ ਕੇ ਇਸ ਸੱਚ ਨਾਲ ਜੁੜਨਾ ਚਾਹੀਦਾ ਹੈ। ਸੰਗਿ – ਜੁੜਨਾ, ਸੰਗ ਕਰਨਾ। ਕਮਲ – ਪਵਿੱਤਰ। ਚਰਨ – ਝੁਕਣ ਦੀ ਕਿਰਿਆ, ਸਮਰਪਤ ਹੋਣ ਦੀ ਕਿਰਿਆ (ਭਾਵ ਇਹ ਸੱਚ ਸਿਰੇ ਦਾ ਸੱਚ ਹੈ ਜੋ ਸਮੁੱਚੀ ਮਾਨਵਤਾ ਨੂੰ ਬਗ਼ੈਰ ਰੰਗ, ਨਸਲ, ਜਾਤ-ਪਾਤ ਦੇ ਭੇਦ ਭਾਵ ਦੇ ਆਪਣੇ ਕਲਾਵੇ ਵਿੱਚ ਲੈਂਦਾ ਹੈ)। ਦਾਨਵਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ – ਇਹ ਸੱਚ ਦਾ ਮਾਰਗ ਮਨ ਨੂੰ ਟੁੰਬ ਕੇ ਮਨ ਅੰਦਰ ਐਸਾ ਪ੍ਰਕਾਸ਼ ਕਰਦਾ ਹੈ ਕਿ ਮਾਨਵਤਾ ਨੂੰ (ਜਾਤ-ਪਾਤ ਦੇ) ਬੰਧਨਾਂ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਦਰਸ – ਪ੍ਰਕਾਸ਼। ਬਿਧੇ – ਸਿੱਧਾ ਟੁੰਬਣਾ। ਪਾਵਕ ਜਰਿਓ ਨ ਜਾਤ ਰਹਿਓ – ਅਗਿਆਨਤਾ ਦੀ ਅਗਨ ਵਿੱਚ ਹੋਰ ਨਹੀਂ ਜਲਦੇ ਰਿਹਾ ਜਾ ਸਕਦਾ। ਜਨ ਧੂਰਿ ਲਗਿ – ਜਿਹੜੇ ਜਨ ਗਿਆਨ ਦੀ ਧੂਰੀ-ਬਖ਼ਸ਼ਿਸ਼ ਨਾਲ ਜੁੜਦੇ ਹਨ। ਨੀਰੁ ਨ ਸਾਕਸਿ ਬੋਰਿ – ਉਹ ਅਗਿਆਨਤਾ ਦੇ ਸਮੁੰਦਰ ਵਿੱਚ ਡੁੱਬ ਨਹੀਂ ਸਕਦੇ। ਚਲਹਿ ਹਰਿ ਪੰਥਿ ਪਗਿ – ਪਗਿ – ਪੂਰਨੇ, ਪੈੜਾਂ। ਜਿਹੜੇ ਗਿਆਨ ਦੇ ਮਾਰਗ ਦੀਆਂ ਪੈੜਾਂ `ਤੇ ਚਲਦੇ ਹਨ। ਬੋਰਿ – ਡੁੱਬਣਾ। ਨੀਰੁ – ਪਾਣੀ, ਸਮੁੰਦਰ। ਰੋਗ ਦੋਖ ਅਘ ਮੋਹਿ ਛਿਦੇ ਹਰਿ ਨਾਮ ਖਗਿ – ਅਘ – ਅਗਿਆਨਤਾ। ਖਗਿ – ਖੜਗ। ਛਿਦੇ – ਖ਼ਤਮ। ਹਰਿ ਨਾਮ ਖਗਿ – ਹਰੀ ਦੇ ਨਾਮ ਦੀ ਸੱਚ ਰੂਪ ਗਿਆਨ ਦੀ ਖੜਗ। ਨਾਮ – ਸੱਚ।

ਅਰਥ:- ਇਸ ਪਵਿੱਤਰ ਸੱਚ ਗਿਆਨ ਅੱਗੇ ਝੁਕ ਕੇ- ਸਮਰਪਤ ਹੋ ਕੇ, ਇਸ ਕਰਕੇ ਜੁੜਨਾ ਚਾਹੀਦਾ ਹੈ ਕਿ ਇਹ ਸਮੁੱਚੀ ਮਾਨਵਤਾ ਦੇ ਆਪਸ ਵਿੱਚ ਪ੍ਰੇਮ ਰਸ ਦੀ ਭਾਵਨਾ, ਬਰਾਬਰਤਾ ਭਾਵ ਸਮਾਜਿਕ ਸਾਂਝ ਪੈਦਾ ਕਰਦਾ ਹੈ। ਇਸ ਕਰਕੇ ਇਸ ਸੱਚ ਨੂੰ ਕਿਸੇ ਹੋਰ ਉਦਾਰਣ ਨਾਲ ਕੱਟਿਆ ਨਹੀਂ ਜਾ ਸਕਦਾ (ਭਾਵ ਇਹ ਸੱਚ ਸਿਰੇ ਦਾ ਸੱਚ ਹੈ ਜੋ ਸਮੁੱਚੀ ਮਾਨਵਤਾ ਨੂੰ ਬਗ਼ੈਰ ਕਿਸੇ ਰੰਗ, ਨਸਲ, ਜਾਤ-ਪਾਤ ਤੇ ਭੇਦ ਭਾਵ ਦੇ ਆਪਣੇ ਕਲਾਵੇ ਵਿੱਚ ਲੈਂਦਾ ਹੈ)। ਇਹ ਸੱਚ ਦਾ ਮਾਰਗ ਮਨ ਨੂੰ ਟੁੰਬ ਕੇ ਮਨ ਅੰਦਰ ਐਸਾ ਪ੍ਰਕਾਸ਼ ਕਰਦਾ ਹੈ ਕਿ ਮਾਨਵਤਾ ਨੂੰ (ਅਗਿਆਨਤਾ ਦੇ) ਬੰਧਨਾਂ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਜਿਹੜੇ ਜਨਾਂ ਅੰਦਰ ਸੱਚ ਦਾ ਪ੍ਰਕਾਸ਼ ਹੋ ਜਾਂਦਾ ਹੈ ਜੋ ਇਸ ਸੱਚ ਨਾਲ ਲਗਦੇ ਭਾਵ ਜੁੜਦੇ ਹਨ। ਉਹ ਇਹ ਆਖਦੇ ਹਨ ਕਿ ਅਗਿਆਨਤਾ ਦੀ ਅੱਗ ਵਿੱਚ ਨਹੀਂ ਸੜਨਾ ਚਾਹੀਦਾ। ਸੱਚ ਨਾਲ ਜੁੜਨ ਵਾਲੇ, ਸੱਚ ਰੂਪ ਹਰੀ ਦੇ ਮਾਰਗ ਦੇ ਪੂਰਨਿਆਂ `ਤੇ ਚੱਲਣ ਵਾਲੇ ਅਗਿਆਨਤਾ ਦੇ ਪਾਣੀ ਦੇ ਸਮੁੰਦਰ ਵਿੱਚ ਨਹੀਂ ਡੁੱਬਦੇ। ਇਸ ਕਰਕੇ ਹੇ ਭਾਈ! ਨਾਨਕ ਇਹ ਗੱਲ ਆਖਦਾ ਹੈ ਕਿ ਈਰਖਾ ਵੈਰ ਵਿਰੋਧ ਅਗਿਆਨਤਾ ਦੇ ਮੋਹ (ਜੋ ਮਾਨਵਤਾ ਨੂੰ ਰੰਗ, ਨਸਲ, ਜਾਤ-ਪਾਤ ਦੇ ਭੇਦ ਭਾਵ ਵਿੱਚ ਵੰਡਦਾ ਹੈ) ਨੂੰ ਸੱਚ ਰੂਪ ਹਰੀ ਦੀ ਬਖ਼ਸ਼ਿਸ਼ ਗਿਆਨ ਰੂਪ ਖੜਗ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ।

ਨੋਟ:- ਇਸ ਤਰ੍ਹਾਂ ਜ਼ੋਰਦਾਰ ਤਰੀਕੇ ਨਾਲ ਭੱਟ ਸਾਹਿਬਾਨ ਵੱਲੋਂ ਭੱਟ ਬਾਣੀ ਅੰਦਰ ਗੁਰਮਤਿ ਦੇ ਮੂਲ ਸਿਧਾਂਤ ਦੀ ਪ੍ਰੋੜ੍ਹਤਾ ਕੀਤੀ ਗਈ ਹੈ।

ਉਦਮੁ ਕਰਿ ਲਾਗੇ ਬਹੁ ਭਾਤੀ ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ।।

ਭਸਮ ਲਗਾਇ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧਹਿ ਬਹੁ ਜਟੂਆ।।

ਬਿਨੁ ਹਰਿ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ।।

ਪੂਜਾ ਚਕ੍ਰ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ ਕਰਿ ਥਟੂਆ।। ੨।। ੧੧।। ੨੦।।

(ਪੰਨਾ ੧੩੮੯)

ਪਦ ਅਰਥ:- ਉਦਮੁ ਕਰਿ ਲਾਗੇ ਬਹੁ ਭਾਤੀ ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ – ਉਦਮੁ – ਉਪਾਅ ਕਰਨੇ, ਯਤਨ ਕਰਨੇ। ਬਹੁ ਭਾਤੀ – ਤਰ੍ਹਾਂ-ਤਰ੍ਹਾਂ ਦੇ। ਬਿਚਰਹਿ – ਵਿਚਰਦੇ ਹਨ, ਫਿਰਦੇ ਹਨ। ਅਨਿਕ – ਅਨੇਕਾਂ। ਸਾਸਤ੍ਰ ਬਹੁ ਖਟੂਆ – ਬਹੁ ਰੰਗੇ ਸ਼ਾਸਤਰ, ਕਰਮ-ਕਾਂਡੀ ਗ੍ਰੰਥ। ਭਸਮ ਲਗਾਇ – ਸਰੀਰ ਨੂੰ ਸਵਾਹ ਮਲ ਕੇ। ਤੀਰਥ ਬਹੁ – ਬਹੁਤ ਲੋਕ ਤੀਰਥਾਂ `ਤੇ। ਭ੍ਰਮਤੇ – ਭਟਕਦੇ, ਭਟਕਾਉਣਾ। ਸੂਖਮ ਦੇਹ – ਸੂਖਸ਼ਮ ਸਰੀਰ। ਬੰਧਹਿ ਬਹੁ ਜਟੂਆ – ਬਹੁਤ ਲੋਕ ਜੜਾਵਾਂ ਬਣਾ ਕੇ, ਬੰਨ੍ਹ ਕੇ। ਦੇਹ - ਸਰੀਰ। ਬਿਨੁ ਹਰਿ ਭਜਨ ਸਗਲ ਦੁਖ ਪਾਵਤ ਜਿਉ – ਹਰੀ-ਸੱਚ ਨੂੰ ਆਪਣੇ ਜੀਵਨ ਵਿੱਚ ਅਭਿਆਸ ਕਰਨ ਤੋਂ ਬਗ਼ੈਰ ਅਗਿਆਨਤਾ ਵਿੱਚ ਦੁਖ ਇਉਂ ਪਾਉਂਦੇ ਹਨ। ਜਿਉ – ਇਵੇਂ, ਇਉਂ, ਏਦਾਂ। ਪ੍ਰੇਮ – ਮੋਹ। ਬਢਾਇ – ਗੰਢਦੇ ਹਨ। ਪ੍ਰੇਮ ਬਢਾਇ ਸੂਤ ਕੇ ਹਟੂਆ – ਜੋ ਕਰਮ-ਕਾਂਡੀ ਲੋਕਾਂ ਦੇ ਬੁਣੇ ਕਰਮ-ਕਾਂਡੀ ਜਾਲ ਨਾਲ ਮੋਹ ਗੰਢਦੇ ਹਨ। ਸੂਤ ਕੇ ਹਟੂਆ – ਦੇਖੋ (ਮ: ਕੋਸ਼) ਜੋ ਆਪਣੇ ਤਾਣੇ-ਜਾਲ ਵਿੱਚ ਬੰਨ੍ਹੇ ਹੋਏ ਆਪ ਹੀ ਮਰਦੇ ਹਨ। ਸੂਤ – ਜਿਸ ਨਾਲ ਤਾਣਾ ਬੁਣਿਆ ਜਾਂਦਾ ਹੈ। ਇਥੇ ਕਰਮ-ਕਾਂਡਾਂ ਦੇ ਤਾਣਾ ਬੁਣੇ ਜਾਣ ਵਾਲੇ ਅਗਿਆਨਤਾ ਦੇ ਸੂਤ ਦਾ ਵਰਨਣ ਹੈ। ਪੂਜਾ ਚਕ੍ਰ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ ਕਰਿ ਥਟੂਆ – ਚਕ੍ਰ – ਤਨ ਉਪਰ ਗਣੇਸ਼ ਚੱਕਰ ਬਣਾਉਣੇ। ਸੋਮਪਾਕਾ – ਆਪਣੇ ਹੱਥੀਂ ਆਪ ਭੋਜਨ ਤਿਆਰ ਕਰਕੇ ਖਾਣ ਨੂੰ ਧਰਮ ਕਰਮ ਸਮਝਣਾ। ਅਨਿਕ ਭਾਂਤਿ ਥਾਟਹਿ ਕਰਿ ਥਟੂਆ – ਇਸ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਕਰਮ-ਕਾਂਡਾਂ ਦੇ ਅਡੰਬਰ। ਥਟੂਆ – ਸਾਂਗ, ਅਡੰਬਰ (ਮ: ਕੋਸ਼)। ਥਾਟਹਿ – ਬਨਾਵਟੀ ਰਚਨਾ ਭਾਵ ਮਨਘੜਤ ਕਰਮ-ਕਾਂਡ ਕਰਨੇ।

ਅਰਥ:- ਹੇ ਭਾਈ! ਬਹੁਤੇ ਲੋਕ, ਤਰ੍ਹਾਂ-ਤਰ੍ਹਾਂ (ਭਾਂਤ-ਭਾਂਤ) ਦੇ ਬਹੁ ਰੰਗੇ ਕਰਮ-ਕਾਂਡੀ ਸ਼ਾਸਤਰ ਗ੍ਰੰਥਾਂ ਦੇ ਦੱਸੇ ਕਰਮ-ਕਾਂਡ ਰਾਹੀਂ ਆਪਣੇ ਸੂਖਸ਼ਮ ਸਰੀਰ `ਤੇ ਸਵਾਹ ਮਲ ਕੇ ਅਤੇ ਜਟਾਂ ਧਾਰ ਕੇ ਵੱਖਰੇ-ਵੱਖਰੇ ਤੀਰਥਾਂ ਉੱਪਰ ਜਾ ਕੇ ਬਹੁਤੇ ਲੋਕ (ਹੋਰਨਾਂ ਨੂੰ ਵੀ) ਭਟਕਾਉਣ ਦੇ ਉਪਾਅ/ਯਤਨ ਕਰਦੇ ਫਿਰਦੇ ਹਨ, ਜਦੋਂ ਕਿ ਸੱਚ ਇਹ ਹੈ ਕਿ ਸੱਚ ਰੂਪ ਹਰੀ ਹੀ ਹੈ, ਉਸ ਦੇ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਤੋਂ ਬਗ਼ੈਰ ਇਹ ਸਾਰੇ ਕਰਮ-ਕਾਂਡੀ ਗ੍ਰੰਥਾਂ ਦੇ ਦੱਸੇ ਕਰਮ-ਕਾਂਡੀ ਉਪਾਅ (ਮਾਨਵਤਾ ਨੂੰ ਵਰਣਵਾਦ ਜਾਤ-ਪਾਤ ਵਿੱਚ ਵੰਡਣ ਲਈ ਅਗਿਆਨਤਾ ਰੂਪੀ) ਦੁੱਖਾਂ ਦਾ ਕਾਰਨ ਹੀ ਬਣਦੇ ਹਨ। ਸੱਚ ਇਹ ਹੈ ਕਿ ਹਰੀ-ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਤੋਂ ਬਗ਼ੈਰ ਜੋ ਲੋਕ ਕਰਮ-ਕਾਂਡੀ ਲੋਕਾਂ ਦੇ ਬੁਣੇ ਕਰਮ-ਕਾਂਡੀ ਜਾਲ ਭਾਵ ਅਗਿਆਨਤਾ ਵਿੱਚ ਫਸ ਕੇ, ਆਪਣੇ ਸਰੀਰ ਉੱਪਰ ਗਣੇਸ਼ ਚੱਕਰ ਬਣਾਉਂਦੇ ਹਨ ਅਤੇ ਸੁੱਚ ਭਿੱਟ ਦੇ ਨਾਮ ਉੱਪਰ ਆਪਣੇ ਹੱਥੀਂ ਆਪ ਆਪਣਾ ਭੋਜਨ ਬਣਾ ਕੇ ਖਾਣ ਨੂੰ ਹੀ ਆਪਣਾ ਧਰਮ-ਕਰਮ ਸਮਝ ਕੇ, ਗੱਲ ਕੀ, ਅਨੇਕਾਂ ਤਰ੍ਹਾਂ ਦੇ ਅਡੰਬਰਾਂ ਦੇ ਸਾਂਗ ਰਚ ਕੇ ਆਪਣਾ ਆਪ ਖ਼ਤਮ ਕਰ ਜਾਂਦੇ ਭਾਵ ਕਰਮ-ਕਾਂਡਾਂ ਦੇ ਵਿੱਚ ਹੀ ਆਪਣਾ ਜੀਵਨ ਬਰਬਾਦ ਕਰ ਜਾਂਦੇ ਹਨ।

ਨੋਟ:- ਇਹ ਮਹਲਾ ੫ (ਪੰਜਵਾਂ) ਵੱਲੋਂ ਭੱਟ ਸਾਹਿਬਾਨ ਦੁਆਰਾ ਉਚਾਰਣ ਸਵਈਯਾਂ ਅੰਦਰ ਦੇਹਧਾਰੀ ਅਵਤਾਰਵਾਦ ਅਤੇ ਕਰਮ-ਕਾਂਡਾਂ ਦੇ ਖੰਡਨ ਦਾ ਵਰਨਣ ਹੈ।

ਆਉ ਹੁਣ ਭੱਟ ਸਾਹਿਬਾਨ ਵੱਲੋਂ ਉਚਾਰਣ ਕੀਤੀ ਬਾਣੀ ਦੀ ਵਿਆਖਿਆ ਗੁਰਮਤਿ ਸਿਧਾਂਤ ਅਨੁਸਾਰ ਕਰਨ ਦੀ ਕੋਸ਼ਿਸ਼ ਕਰੀਏ।

ਨੋਟ: – ਪਾਠਕਾਂ ਨੂੰ ਬੇਨਤੀ ਹੈ ਕਿ ਵਿਆਖਿਆ ਕਰਨ ਵੇਲੇ ਅਤੇ ਸਮਝਣ ਵੇਲੇ ਗੁਰਮਤਿ ਦੇ ਮੂਲ ਸਿਧਾਂਤ ਮੂਲ ਮੰਤ੍ਰ ਨੂੰ ਕਦੀ ਨਹੀਂ ਭੁੱਲਣਾ। ਜੇਕਰ ਅਸੀਂ ਮੂਲ ਸਿਧਾਂਤ ਨੂੰ ਭੁੱਲ ਕੇ ਵਿਆਖਿਆ ਕਰਾਂਗੇ ਜਾਂ ਸਮਝਣ ਦਾ ਯਤਨ ਕਰਾਂਗੇ ਤਾਂ ਗੁਰਮਤਿ ਦੇ ਮੂਲ ਸਿਧਾਂਤ ਨਾਲ ਅਨਿਆਇ ਹੋਵੇਗਾ। ਗੁਰਮਤਿ ਦੇ ਮੂਲ ਸਿਧਾਂਤ ਅਨੁਸਾਰ ਪ੍ਰਮਾਤਮਾ ਜੰਮਣ ਮਰਨ ਦੇ ਵਿੱਚ ਨਹੀਂ ਆਉਂਦਾ। ਇਸ ਸਿਧਾਂਤ ਦੀ ਹੀ ਭੱਟ ਸਾਹਿਬਾਨ ਵੱਲੋਂ ਉਚਾਰਣ ਭੱਟ ਬਾਣੀ ਅੰਦਰ ਪ੍ਰੋੜ੍ਹਤਾ ਹੈ ਜਿਸ ਨੂੰ ਮਹਲਾ ੫ਵਾਂ ਵੱਲੋਂ ਉਚਾਰਣ ਸਵਈਯਾਂ ਅੰਦਰ ਸਮਝਾਇਆ ਗਿਆ ਹੈ। ਲੋੜ ਹੈ ਸਿਰਫ਼ ਤੇ ਸਿਰਫ਼ ਮੂਲ ਸਿਧਾਂਤ ਨੂੰ ਸਮਰਪਤ ਹੋਣ ਦੀ।




.