.

ਅੰਧੇਰ ਬਿਨਾਸ

(ਕਿਸ਼ਤ ਤੀਜੀ)

ਵੀਰ ਭੁਪਿੰਦਰ ਸਿੰਘ

ਸੱਚ ਪਤਾ ਨਾ ਹੋਣ ਦੀ ਕੀ ਨਿਸ਼ਾਨੀ ਹੈ? ਸੱਚਾ ਜੀਵਨ ਹੈ ਹੀ ਨਹੀਂ। ਸੱਚਾ ਜੀਵਨ ਨਹੀਂ ਹੈ ਮਾਨੋ ਸੱਚ ਨਹੀਂ ਪਤਾ। ਜੀਵਨ ਵਿਚ ਸੁਖ ਚੈਨ ਆਨੰਦ ਨਹੀਂ ਹੈ। ਦਿਨ ਵਿਚ ਪੰਜਾਹ ਵਾਰੀ ਸਾਨੂੰ ਗਾਲ੍ਹਾਂ ਕਢਣੀਆਂ ਪੈਂਦੀਆਂ ਹਨ, ਛਿੱਥੇ ਪੈਣਾ ਪੈਂਦਾ ਹੈ। ਤਿਉੜੀ ਚੜੀ ਰਹਿੰਦੀ ਹੈ। ਜੀਵਨ ਵਿਚ ਸੁਖ ਚੈਨ ਨਹੀਂ ਹੈ। ਉਸ ਮਤ ਨੂੰ ਕਹਿੰਦੇ ਹਨ “ਮੁੰਧ ਜੋਬਨਿ ਬਾਲੀ”। ਮੁੰਧ ਜੋਬਨ ਬਾਲੀ ਹੁੰਦਾ ਹੈ, ਜਵਾਨੀ ਵਿਚ ਪੈਰ ਰੱਖਣ ਵਾਲੀ ਉਹ ਇਸਤਰੀ ਜਿਸਨੂੰ ਹੁਣੇ ਸਮਝ ਹੀ ਨਹੀਂ ਹੈ ਕਿ ਸਰੀਰਕ ਤਬਦੀਲੀ ਹੋ ਗਈ ਹੈ। ਉਹ ਜਵਾਨੀ ਵੱਲ ਜਾ ਰਹੀ ਹੈ ਅਤੇ ਜਵਾਨੀ ਦੇ, ਅਗਿਆਨਤਾ ਦੇ ਹਨੇਰੇ ਵਿਚ ਗਲਤ ਕੰਮ ਵਾਲੀ ਕੁਸੰਗਤ ਵੀ ਕਰ ਲੈਂਦੀ ਹੈ ਅਤੇ ਉਸ ਦਾ ਜੀਵਨ ਵਿਗੜ ਜਾਂਦਾ ਹੈ। ਉਹ ਮਾਤਾ-ਪਿਤਾ ਨੂੰ ਵੀ ਬੇਵਕੂਫ ਬਣਾ ਲੈਂਦੀ ਹੈ। ਉਹ ਮੋਬਾਈਲ ’ਚੋਂ ਗਲਤ ਕੀਤੇ ਫੋਨ ਨੂੰ ਹਟਾ ਦੇਂਦੀ ਹੈ। ਮਿਸਡ ਕਾੱਲ ਵੀ ਇਕਦਮ ਡਿਲੀਟ ਕਰ ਲੈਂਦੀ ਹੈ। ਇਹ ਸਾਰੀਆਂ ਚਲਾਕੀਆਂ ਚਤੁਰਾਈਆਂ ਉਹ ਖੇਡਦੀ ਹੈ। ਇੰਜ ਅਸੀਂ ਖੇਡਦੇ ਹਾਂ। ਸਾਡੀ ਉਹ ਵਾਲੀ ਜਿਹੜੀ ਮਤ ਹੈ, ਉਸਨੂੰ ਚਤੁਰ, ਚਲਾਕ, ਕਾਮਣ ਕਹਿੰਦੇ ਹਨ “ਮੁੰਧ ਜੋਬਨਿ ਬਾਲੀ” ਕਹਿੰਦੇ ਹਨ।

ਜਦੋਂ ਅਸੀਂ ਇਕ-ਇਕ ਸ਼ਬਦ ਵਿਚਾਰਦੇ ਹਾਂ, ਇਕ-ਇਕ ਸ਼ਬਦ ਪੜ੍ਹਨ ਵੇਲੇ ਇੰਜ ਲਗਦਾ ਹੈ ਹਾਏ, ਮੈਨੂੰ ਇਹ ਵੀ ਨਹੀਂ ਸੀ ਪਤਾ, ਮੈਂ ਤੇ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਸੀ। ਗੁਰੂ ਸਾਹਿਬ ਮੇਰਾ ਇੱਕ ਹੋਰ ਅਵਗੁਣ ਠੀਕ ਕਰ ਰਹੇ ਹਨ। ਹਰ ਸ਼ਬਦ ਵਿਚ ਇਕ ਨਵਾਂ ਦ੍ਰਿਸ਼ਟੀਕੋਣ ਉਜਾਗਰ ਹੁੰਦਾ ਹੈ।

ਸੋ ਹੁਣ ਕਬੀਰ ਜੀ ਇਸ ਸ਼ਬਦ ਦੇ ਰਹਾਉ ਵਿਚ ਉਸ ਮਨ ਦੀ ਉੱਚੀ ਅਵਸਥਾ ਨੂੰ ਬਿਆਨ ਕਰ ਰਹੇ ਹਨ ਜਿਸ ਦੀ ਅਗਿਆਨਤਾ ਵਾਲੀ ਰੈਣ ਚਲੀ ਗਈ ਹੈ ਅਤੇ ਉਸ ਮਨ ਨੇ ਸੱਚ ਲੈ ਲਿਆ ਹੈ। “ਭਵਰ ਗਏ ਬਗ ਬੈਠੇ ਆਇ” ਜਦੋਂ ਅਸੀਂ ਉਹ ਸ਼ਬਦ ਪੜ੍ਹਦੇ ਹਾਂ “ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈਂ ਡਿਠੁ ॥” ਉਸ ਦੇ ਨਕਾਰਾਤਮਕ ਅਰਥ ਇਹ ਕੀਤੇ ਜਾਂਦੇ ਹਨ, ਕਿ ਮੇਰੀਆਂ ਇਹ ਅੱਖਾਂ ਸਾਰੀ ਦੁਨੀਆਂ ਦੇਖ-ਦੇਖ ਕੇ ਜਗ ਵਲ ਮੋਹਿਤ ਹੋਈਆਂ-ਹੋਈਆਂ ਸਨ। “ਸੇ ਲੋਇਣ ਮੈਂ ਢਿਠੁ” ਜਿਨ੍ਹਾਂ ਅੱਖਾ ਨਾਲ ਮੈਂ ਚਾਰੋ ਤਰਫ ਦੇਖ-ਦੇਖ ਕੇ ਉਸ ਵਲ ਆਕਰਸ਼ਿਤ ਹੋ ਜਾਂਦਾ ਸੀ। ਉਨ੍ਹਾਂ ਅੱਖਾਂ ਨੂੰ ਮੈਂ ਵੇਖਿਆ ਹੈ ਕਿ ਉਹ ਸਰੀਰ ਹੁਣ ਮਰ ਗਿਆ ਹੈ।

“ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ” ਪੁਰਾਤਨ ਸਮੇਂ ਕਾਜਲ ਪਾਂਦੇ ਸਮੇ ਨੌਕਰਾਨੀ ਕੋਲੋਂ ਗਲਤੀ ਹੋ ਜਾਏ ਉਸਨੂੰ ਮਾਰਦੇ ਸੀ ਅਤੇ ਨੌਕਰੀ ਤੋਂ ਕੱਢ ਦਿੰਦੇ ਸੀ, ਅੱਜ ਉਨ੍ਹਾਂ ਅੱਖਾਂ ਤੇ ਕਾਂ, ਬਗਲੇ ਬੈਠੇ ਹੋਏ ਹਨ। “ਪੰਖੀ ਸੂਇ ਬਹਿਠ” ਅੱਖਾਂ ਤੇ ਬੈਠ ਕੇ ਉਨ੍ਹਾਂ ਦੀਆਂ ਅੱਖਾਂ ਖਾ ਰਹੇ ਹਨ। ਖੈਰ ਅਸੀਂ ਇਨ੍ਹਾਂ ਅਰਥਾਂ ਨੂੰ ਨਕਾਰ ਨਹੀਂ ਰਹੇ ਹਾਂ।

ਅਸੀਂ ਇਸ ਸ਼ਬਦ ਵਿੱਚੋਂ ਸਕਾਰਾਤਮਕ ਸੁਨੇਹਾ ਲੈਂਦੇ ਹਾਂ। ਕਬੀਰ ਜੀ ਕਹਿ ਰਹੇ ਹਨ, “ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥” ਬਿਬੇਕ ਬੁੱਧੀ ਆ ਗਈ ਹੈ।

ਜਿਸ ਤਰ੍ਹਾਂ ਆਮ ਕਿਹਾ ਜਾਂਦਾ ਹੈ ਕਿ ‘ਮੈਂ ਵਾਲ ਧੁੱਪ ਵਿਚ ਚਿੱਟੇ ਨਹੀਂ ਕੀਤੇ ’। “ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥” ਦਾੜੀ ਦਾ ਮਤਲਬ ਜੇ ਇਹ ਸਰੀਰਕ ਵਾਲੀ ਦਾੜੀ ਰੱਖ ਲਈਏ ਤਾਂ ਇਸਤਰੀਆਂ ਇਸ ਸ਼ਬਦ ਤੋਂ ਛੁੱਟ ਜਾਣਗੀਆਂ। ਉਹ ਕਹਿਣਗੀਆਂ ਕਿ ਇਹ ਸ਼ਬਦ ਸਾਡੇ ਲਈ ਨਹੀਂ ਹੈ। ਜਿਨ੍ਹਾਂ ਨੇ ਕੱਟ ਲਈ ਹੈ। ਉਹ ਵੀ ਛੁੱਟ ਜਾਣਗੇ। ਸ਼ਬਦ ਸਾਰੀ ਦੁਨੀਆ ਲਈ ਹੈ। ਭਾਵੇਂ ਕਿਸੇ ਦੀ ਦਾੜੀ ਆਈ ਹੈ ਭਾਵੇਂ ਕਿਸੇ ਦੀ ਨਹੀਂ ਆਈ ਹੈ। ਭਾਵੇਂ ਕੋਈ ਇਸਤਰੀ ਹੈ, ਕੋਈ ਬੱਚਾ ਹੈ, ਭਾਵੇਂ ਕੋਈ ਵੀ ਹੈ ਵੱਡਾ ਜਾਂ ਛੋਟਾ।

“ਦਾੜੀ ਹੋਈ ਭੂਰ” ਦਾ ਭਾਵ ਹੈ, ਨਿਮਰਤਾ ਆ ਗਈ ਹੈ। ਬਿਬੇਕ ਬੁੱਧੀ ਆ ਗਈ ਹੈ। ਉਹ ਵਾਲੀ ਮੱਤ ਆ ਗਈ ਹੈ, ਅਕਲ ਆ ਗਈ ਹੈ, ਜਿਸ ਨਾਲ ਰੱਬੀ ਮਿਲਾਪ ਪ੍ਰਾਪਤ ਹੋ ਗਿਆ। “ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥” ਰੱਬੀ ਮਿਲਨ ਦੀ ਅਵਸਥਾ ਪ੍ਰਾਪਤ ਹੋ ਗਈ।

ਹੁਣ ਫਰੀਦ ਜੀ ਇਹ ਕਹਿੰਦੇ ਹਨ “ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1378)” ਇਨ੍ਹਾਂ ਅੱਖਾਂ ਦੀ ਗੱਲ ਨਹੀਂ ਚਲ ਰਹੀ। ਮੇਰੇ ਸਾਰੇ ਸਰੀਰ ਦੀ ਸੋਚਣੀ ਨੂੰ ਜਿਸ ਬਿਬੇਕ ਬੁੱਧ ਵਾਲੀਆਂ ਅੱਖਾਂ ਨੇ “ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥” ਪਸੰਦ ਕੀਤਾ ਹੈ, ਮੋਹਿਆ ਹੈ।

ਅਸੀਂ ਸਾਰੇ ਸੱਚ ਵੱਲ ਆਕਰਸ਼ਿਤ ਹੁੰਦੇ ਹਾਂ ਤਾਂ ਹੀ ਤੇ ਧਾਰਮਕ ਸਥਾਨਾਂ ਤੇ ਜਾਂਦੇ ਹਾਂ। ਕਿਉਂਕਿ ਅਸੀਂ ਸੱਚ ਲੱਭ ਰਹੇ ਹਾਂ। ਸਾਰੀ ਦੁਨੀਆ ਵਿਚ ਧਾਰਮਕ ਸਥਾਨ ਕਿਉਂ ਹਨ, ਸਾਰੀ ਦੁਨੀਆ ਵਿਚ ਇਤਨੇ ਧਰਮ ਕਿਉਂ ਹਨ। ਲੋਕੀ ਆਪਣੇ-ਆਪ ਨੂੰ ਧਾਰਮਿਕ ਸਥਾਨ ਤੇ ਲਿਜਾ ਕੇ ਕਿਉਂ ਸੁਕੂਨ ਮਹਿਸੂਸ ਕਰਦੇ ਹਨ। ਕਿਉਂਕਿ ਲੋਕੀ ਸੱਚ ਢੂੰਢ ਰਹੇ ਹਨ, ਲੋਕੀ ਸੱਚ ਲੱਭ ਰਹੇ ਹਨ, ਸੱਚ ਹਰ ਕਿਸੇ ਨੂੰ ਆਕਰਸ਼ਤ ਕਰਦਾ ਹੈ, ਇਹ ਗੱਲ ਵੱਖਰੀ ਹੈ ਕਿ ਉਹ ਇਸ ਸੱਚ ਨੂੰ ਜੀਅ ਨਹੀਂ ਪਾਂਦੇ ਹਨ। ਕਿਉਂਕਿ ਵਿਚੋਲਿਆਂ ਨੇ ਛੱਲ-ਕਪਟ ਕਰਕੇ, ਮੁਸ਼ਕਿਲ ਬਣਾ ਦਿੱਤਾ ਹੈ।

“ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥” ਉਹ ਵਾਲੀਆਂ ਸੱਚ ਰੂਪੀ ਅੱਖਾਂ ਮਿਲ ਗਈਆਂ ਹਨ, ਜਿਸ ਨਾਲ ਮੇਰਾ ਸਾਰਾ ਜਗ (ਸਰੀਰ) ਸੱਚ ਵੱਲ ਆਕਰਸ਼ਿਤ ਹੋ ਗਿਆ ਹੈ। ਉਹ ਸੱਚ ਵਾਲੇ ਪਾਸੇ ਜਾ ਰਿਹਾ ਹੈ। “ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥” ਉਹ ਵਾਲੀ ਅੱਖ ਮਿਲ ਗਈ ਹੈ, ਉਹ ਵਾਲੀ ਤੱਕਣੀ ਮਿਲ ਗਈ ਹੈ। “ਕਜਲ ਰੇਖ ਨ ਸਹਦਿਆ” ਹੁਣ ਇੱਥੇ ਕੱਜਲ ਕੀ ਹੈ? ਰੈਣ, ਅਗਿਆਨਤਾ, ਵਿਕਾਰ, ਹੁਣ ਜਰਾ ਜਿਹਾ ਵੀ ਵਿਕਾਰ ਪਸੰਦ ਨਹੀਂ ਹੈ। ਜ਼ਰਾ ਜਿਹੀ ਵੀ ਕੂੜ ਦੀ ਪਾਲ ਪਸੰਦ ਨਹੀਂ ਹੈ। “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥” ਹੁਣ ਕੂੜ ਦੀ ਪਾਲ ਟੁੱਟ ਗਈ ਹੈ।

ਜੇ ਭਾਰਤ ਵਿੱਚੋਂ ਭ੍ਰਸ਼ਟਾਚਾਰ ਖਤਮ ਕਰਨਾ ਹੈ ਤਾਂ ਸਾਡੇ ਮਨ ਦੀ ਸਾਰੀ ਕੂੜ ਬਿਰਤੀ ਠੀਕ ਕਰਨੀ ਪਵੇਗੀ। ਮਨ ਦੀ ਕੂੜ ਬਿਰਤੀ ਸੱਚ ਨਾਲ ਦੂਰ ਹੋਵੇਗੀ, ਧਰਮ ਨਾਲ ਦੂਰ ਹੋਵੇਗੀ। ਕਿਸੀ ਵੀ ਧਰਮ ਦੇ ਕਰਮਕਾਂਡ, ਪਾਖੰਡ, ਤੀਰਥ, ਜਾਂ ਵਿਚੋਲੇ ਨਾਲ ਦੂਰ ਨਹੀਂ ਹੋਵੇਗੀ। ਹਰ ਸਾਲ ਕੋਈ ਤਿਉਹਾਰ ਮਨਾਉਣ ਨਾਲ ਦੂਰ ਨਹੀਂ ਹੋਵੇਗੀ। ਸੱਚ ਦੀ ਮੱਤ ਮਨ ਨੂੰ ਦੇਣੀ ਪਵੇਗੀ। ਮਨ ਦਾ ਹਨੇਰਾ ਦੂਰ ਕਰਨਾ ਪਵੇਗਾ।

ਮਨ ਨੂੰ ਅਗਿਆਨਤਾ ਦੇ ਹਨੇਰੇ ਤੋਂ ਚਿੱਟੇ ਰੌਸ਼ਨੀ ਵਾਲੇ ਪਾਸੇ ਲਿਜਾਣਾ ਪਵੇਗਾ। ਮਨ ਨੂੰ ਸੱਚ ਦੇ ਉਜਾਲੇ ਦੀ ਮਤ ਦੇ ਕੇ ਮਨ ਦਾ ਹਨੇਰਾ ਦੂਰ ਕਰਾਂਗੇ ਤਾਂ ਭ੍ਰਸ਼ਟਾਚਾਰ ਖਤਮ ਹੋ ਜਾਏਗਾ।

ਹੁਣ “ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥” ਫਾਇਦਾ ਕੀ ਹੋਇਆ? ਮੈਨੂੰ “ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥” ਹੁਣ ਵਿਕਾਰ ਰੂਪੀ ਕਾਲਖ਼ ਦਾ ਕੋਈ ਵੀ, ਜ਼ਰਾ ਜਿਹਾ ਵੀ ਕੰਮ ਨਹੀਂ ਪਸੰਦ। ਇਸ ਦਾ ਮਤਲਬ ਅਸੀਂ ਸਾਰੇ ਆਪਣੀ ਜ਼ਿੰਦਗੀ ਵਿਚ ਕੁਝ ਨਾ ਕੁਝ ਗਲਤ ਕਰਦੇ ਰਹਿੰਦੇ ਹਾਂ। ਪਰ ਜਿਸ ਵੇਲੇ ਸੱਚ ਸਮਝ ਆ ਗਿਆ, ਉਸ ਵੇਲੇ ਸੱਚ ਵਲ ਟੁਰ ਪੈਂਦੇ ਹਾਂ।

ਅਸੀਂ ਚਾਹੁੰਦੇ ਹਾਂ ਕਿ ਸਾਡੇ ਚਾਰੋਂ ਪਾਸੇ ਚੋਰ ਅਤੇ ਬਦਮਾਸ਼ ਬਣੇ ਰਹਿਣ ਤਾਂ ਜੋ ਅਸੀਂ ਕਹਿ ਸਕੀਏ ਕਿ ਦੇਖੋ ਜੀ ‘ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ’। ਸ਼ੁਕਰ ਕਰੋ ਕਿ ਹੱਜ ਨੂੰ ਚਲੀ ਤਾਂ ਗਈ। ਉਸਨੇ ਸੌ ਚੂਹੇ ਖਾ ਲਏ ਪਚਾ ਲਏ। ਪਰ ਅਸੀਂ ਕਿਸੇ ਨੂੰ ਸਿੱਧੇ ਪਾਸੇ ਵੀ ਨਹੀਂ ਪੈਣ ਦਿੰਦੇ। ਅਸੀਂ ਹਰ ਕਿਸੇ ਦੇ ਅਵਗੁਣ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਹੋਰ ਨਹੀਂ ਤਾਂ ਮਹੱਲੇ ਵਾਲਿਆਂ ਨੂੰ ਪੁਛਦੇ ਹਾਂ, ਜਮਾਦਾਰਨੀ ਨੂੰ ਪੁਛਦੇ ਹਾਂ ਕਿ ਇੱਕ ਸਾਲ ਹੋ ਗਿਆ ਹੈ, ਇਸ ਘਰ ਵਿੱਚ ਸੱਸ-ਨੂੰਹ ਦੀ ਕੋਈ ਲੜਾਈ ਸੁਣਾਈ ਨਹੀਂ ਦਿੱਤੀ। ਜੇ ਉਹ ਪਿਆਰ ਨਾਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਇਕਲਿਆਂ ਮਿਲਕੇ ਨੂੰਹ ਅਤੇ ਸੱਸ ਨੂੰ ਲੜਾਉਣ ਦੀ ਵਿਉਂਤ ਸੋਚਦੇ ਹਾਂ। ਸਾਡੇ ਧੀ ਪੁਤਰ ਦਾ ਕਿਧਰੇ ਰਿਸ਼ਤਾ ਹੋਵੇ ਤਾਂ ਮਹੱਲਿਆਂ ਵਿਚ ਜਾ-ਜਾ ਕੇ ਖੁਡ ਤੱਕ ਜਾ ਕੇ ਪਤਾ ਲੱਭਦੇ ਹਾਂ, ਤਫਤੀਸ਼ ਕਰਦੇ ਹਾਂ ਕਿ ਕਿਤੇ ਕੋਈ ਗਲਤ ਗਲ ਪਤਾ ਲੱਗ ਜਾਵੇ। ਪੁੱਛੋ ਜੇ ਕੋਈ ਗਲਤ ਦੱਸ ਦੇਵੇ ਤਾਂ ਫਿਰ ਤੇ ਰਿਸ਼ਤਾ ਹੋਵੇਗਾ ਹੀ ਨਹੀਂ।

ਦਰਅਸਲ ਅਸੀਂ ਸੱਚ `ਤੇ ਟੁਰਨਾ ਹੀ ਨਹੀਂ ਚਾਹੁੰਦੇ। ਜੇ ਸੱਚ ਤੇ ਟੁਰ ਪਈਏ “ਫਰੀਦਾ ਜਿਨ੍ ਲੋਇਣ ਜਗੁ ਮੋਹਿਆ” ਵਾਲੀ ਬਿਬੇਕ ਬੁੱਧ ਪ੍ਰਾਪਤ ਹੋ ਜਾਏ। “ਪੰਖੀ ਸੂਇ ਬਹਿਠੁ” ਤਾਂ ਸਮਝੋ ਕਿ ਉੱਥੇ ਸੱਚ ਦੇ ਪੰਖੀ ਬੈਠ ਗਏ। ਇਹ ਸਾਰਾ ਸ਼ਬਦ ਸਕਾਰਾਤਮਕ ਭਾਵ ਵਿਚ ਉਚਾਰਿਆ ਗਿਆ ਹੈ।

“ਕਜਲ ਰੇਖ ਨ ਸਹਦਿਆ” ਹੁਣ ਵਿਕਾਰ ਬਿਲਕੁਲ ਨਹੀਂ ਰਹੇ। ਜਦੋਂ ਸੱਚ ਦਾ ਪਤਾ ਲਗ ਗਿਆ ਅਤੇ ਉਸ ਪਾਸੇ ਟੁਰ ਪਏ ਉਸ ਦਿਨ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਇਹ ਕੱਲ੍ਹ ਤਕ ਤਾਂ ਬਦਮਾਸ਼ ਸੀ ਪਰ ਹੁਣ ਸ਼ਰੀਫ ਹੋ ਗਿਆ ਹੈ। ਪਿਛਲੇ ਪੋਥੇ ਖੋਲਣ ਦੀ ਲੋੜ ਨਹੀਂ ਹੈ। ਸ਼ੁਕਰ ਹੈ, ਸ਼ਰੀਫ ਹੋਇਆ ਹੈ। ਉਸ ਦੀ ਸ੍ਰਿਸ਼ਟੀ ਬਦਲ ਗਈ। ਉਹ ਕਾਇਨਾਤ ਬਦਲ ਗਈ। ਇਕ ਬੰਦਾ ਬਦਮਾਸ਼ੀ ਤੋਂ ਸਿੱਧੇ ਪਾਸੇ ਟੁਰ ਪਿਆ ਹੈ। ਕੋਈ ਗਲ ਨਹੀਂ, ਉਸ ਦਾ ਪਿੱਛਾ ਨਾ ਫੋਲੋ। ਜਿਹੜਾ ਬੰਦਾ ਅੱਗੇ ਟੁਰ ਪਏ, ਜਿਹੜਾ ਬੰਦਾ ਥੋੜਾ ਜਿਹਾ ਮਸ਼ਹੂਰ ਹੋ ਜਾਏ, ਜਿਹੜਾ ਬੰਦਾ ਜ਼ਰਾ ਜਿਹਾ ਉੱਚਾ ਹੋ ਜਾਏ, ਜਿਹੜਾ ਬੰਦਾ ਜ਼ਰਾ ਜਿਹਾ ਅਮੀਰ ਹੋ ਜਾਏ ਤਾਂ ਅਸੀਂ ਉਸ ਦਾ ਪਿਛੋਕੜ ਫੋਲਦੇ ਹਾਂ।

ਕੈਸਾ ਸਾਡਾ ਜੀਵਨ ਹੋ ਗਿਆ ਹੈ? ਕੈਸਾ ਆਚਰਣ ਹੋ ਗਿਆ ਹੈ? ਰੋਜ਼ ਪੜ੍ਹਦੇ ਹਾਂ “ਉਸਤਤਿ ਨਿੰਦਾ ਦੋਊ ਤਿਆਗੈ” ਰੋਜ਼ ਪੜ੍ਹਦੇ ਹਾਂ “ਨਿੰਦਾ ਭਲੀ ਕਿਸੈ ਕੀ ਨਾਹੀ”। ਪਰ ਫਿਰ ਵੀ ਅਸੀਂ ਚਾਹੁੰਦੇ ਨਹੀਂ ਕਿ ਕੋਈ ਵੀ ਸਾਡੇ ਤੋਂ ਅੱਗੇ ਵਧੇ। ਸਾਨੂੰ ਇਹ ਪਸੰਦ ਨਹੀਂ। ਕਿਉਂ? ਕਿਉਂਕਿ ਉਸ ਨਾਲ ਮੇਰੀ ਹਉਮੈ ਨੂੰ ਸੱਟ ਵੱਜਦੀ ਹੈ। ਇਸ ਧਰਤੀ ਤੇ ਆ ਕੇ ਇਹ ਸ਼ਰੀਫ ਵੀ ਹੋ ਗਿਆ ਹੈ, ਇਸ ਨੂੰ ਗਿਆਨ ਵੀ ਹੋ ਗਿਆ ਹੈ। ਪਰ ਜੇ ਗਿਆਨ ਸਾਨੂੰ ਨਹੀਂ ਹੋਇਆ ਤਾਂ ਅਸੀਂ ਇਸ ਦਾ ਮਤਲਬ ਸੋਚਿਆ ਹੈ ਕਿ ਕਿਸੇ ਨੂੰ ਹੁੰਦਾ ਹੀ ਨਹੀਂ। ਸਾਰਿਆਂ ਨੂੰ ਅਸੀਂ ਨਕਾਰ ਬੈਠੇ ਹੋਏ ਹਾਂ, ਮਨ ਅੰਦਰ।




.