ਰਜਨੀਸ਼ ਦੀ
ਅਸਲੀਅਤ ਉਸਦੀ ਦੀ ਆਪਣੀ ਜ਼ੁਬਾਨੀ
12 ਜਨਵਰੀ, 1985 ਨੂੰ ਓਰੇਗਾਨ ਵਿੱਚ ਦਿੱਤੇ ਭਾਸ਼ਣ ਦੇ ਅੰਸ਼
…. . ਜਵਾਨੀ ਵੇਲੇ ਯੂਨੀਵਰਸਿਟੀ
ਵਿੱਚ ਮੈਂ ਨਾਸਤਿਕ ਤੇ ਅਧਾਰਮਿਕ ਵਿਅਕਤੀ ਦੇ ਤੌਰ ਤੇ ਜਾਣਿਆ ਜਾਂਦਾ ਸੀ ਜੋ ਹਰੇਕ ਸਦਾਚਾਰ-ਸਿਸਟਮ
ਦੇ ਖਿਲਾਫ਼ ਸੀ। ਇਹ ਮੇਰਾ ਸਟੈਂਡ ਸੀ ਤੇ ਅੱਜ ਵੀ ਇਹ ਬਰਕਰਾਰ ਹੈ। ਇਸ ਤੋਂ ਇੱਕ ਇੰਚ ਵੀ ਪਿੱਛੇ
ਨਹੀਂ ਹਟਿਆ। ਪਰ ਨਾਸਤਿਕ, ਅਧਾਰਮਿਕ ਤੇ ਹਰ ਸਦਾਚਾਰ ਦੇ ਵਿਰੋਧੀ ਵਜੋਂ ਜਾਣਿਆ ਜਾਣਾ ਮੇਰੇ ਲਈ ਇੱਕ
ਸਮੱਸਿਆ ਬਣ ਗਿਆ। ਲੋਕਾਂ ਨਾਲ ਸੰਚਾਰ ਮੁਸ਼ਕਲ ਸੀ। ਲੋਕਾਂ ਨਾਲ ਕਿਸੇ ਤਰ੍ਹਾਂ ਦਾ ਰਿਸ਼ਤਾ ਸਥਾਪਿਤ
ਕਰਨਾ ਲੱਗਭਗ ਅਸੰਭਵ ਸੀ।
ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਮੈਂ ਨਾਸਤਿਕ ਹਾਂ, ਅਧਾਰਮਿਕ ਤੇ ਸਦਾਚਾਰ ਵਿਰੋਧੀ ਹਾਂ ਤਾਂ ਉਹ
ਸਾਰੇ ਦਰਵਾਜ਼ੇ ਬੰਦ ਕਰ ਲੈਂਦੇ। ਮੈਂ ਰੱਬ ਵਿੱਚ ਵਿਸ਼ਵਾਸ ਨਹੀਂ ਕਰਦਾ, ਕਿਸੇ ਨਰਕ ਸੁਰਗ ਵਿੱਚ
ਵਿਸ਼ਵਾਸ ਨਹੀਂ ਕਰਦਾ ਲੋਕਾਂ ਲਈ ਮੇਰੇ ਤੋਂ ਦੌੜਨ ਦਾ ਇੰਨਾ ਵਿਚਾਰ ਹੀ ਕਾਫੀ ਸੀ। ਮੈਂ ਯੂਨੀਵਰਸਿਟੀ
ਵਿੱਚ ਪ੍ਰੋਫੈਸਰ ਸਾਂ ਇਸ ਲਈ ਸੈਂਕੜੇ ਪ੍ਰੋਫੈਸਰ, ਸ਼ੋਧ ਵਿਦਿਆਰਥੀ ਮੇਰੇ ਤੋਂ ਕਤਰਾਂਦੇ ਸਨ ਕਿਉਂਕਿ
ਉਹ ਜਿਸ ਚੀਜ਼ ਵਿੱਚ ਵਿਸ਼ਵਾਸ ਰੱਖਦੇ ਸਨ ਉਸਨੂੰ ਕਹਿਣ ਦਾ ਉਨ੍ਹਾਂ ਵਿੱਚ ਹੌਂਸਲਾ ਨਹੀਂ ਸੀ। ਆਪਣੇ
ਵਿਚਾਰਾਂ ਲਈ ਉਨ੍ਹਾਂ ਕੋਲ ਕੋਈ ਤਰਕ ਨਹੀਂ ਸੀ।
ਪਰ ਮੈਂ ਗਲੀਆਂ ਦੀਆਂ ਨੁੱਕਰਾਂ ਤੇ ਯੂਨੀਵਰਸਿਟੀ ਵਿਚ, ਪਾਨ ਵਾਲੀਆਂ ਦੁਕਾਨਾਂ ਤੇ ਜਾ ਕੇ ਜਿਥੇ ਵੀ
ਕੋਈ ਮਿਲੇ ਉਥੇ ਹੀ ਲਗਾਤਾਰ ਤਰਕ ਕਰਦਾ ਰਹਿੰਦਾ ਸਾਂ। ਮੈਂ ਧਰਮ ਉੱਪਰ ਸਿੱਧੀ ਸੱਟ ਮਾਰਦਾ ਅਤੇ
ਲੋਕਾਂ ਨੂੰ ਬਕਵਾਸ ਤੋਂ ਪੂਰੀ ਤਰ੍ਹਾਂ ਛੁਟਕਾਰਾ ਦੁਆਉਣ ਲਈ ਯਤਨ ਕਰਦਾ। ਨਤੀਜਾ ਇਹ ਹੋਇਆ ਕਿ ਮੈਂ
ਇੱਕ ਜਜ਼ੀਰਾ ਬਣਕੇ ਰਹਿ ਗਿਆ। ਕੋਈ ਮੇਰੇ ਨਾਲ ਗੱਲ ਕਰਕੇ ਰਾਜ਼ੀ ਨਹੀਂ ਸੀ। ਕਿਉਂਕਿ ਹੈਲੋ ਕਰਨ ਨਾਲ
ਇਹ ਖ਼ਤਰਾ ਹੋ ਸਕਦਾ ਸੀ ਕਿ ਪਤਾ ਨਹੀਂ ਮੈਂ ਉਨ੍ਹਾਂ ਨੂੰ ਕਿੱਥੇ ਲੈ ਜਾਵਾਂ। ਅਖ਼ੀਰ ਤੇ ਮੈਨੂੰ ਆਪਣੀ
ਰਣਨੀਤੀ ਬਦਲਣੀ ਪਈ।
ਮੈਂ ਸੁਚੇਤ ਹੋਇਆ ਕਿ ਜੋ ਲੋਕ ਸੱਚ ਦੀ ਭਾਲ ਕਰਨ ਦੇ ਇੱਛੁਕ ਹਨ ਉਹ ਹੈਰਾਨੀ ਦੀ ਹੱਦ ਤੱਕ ਧਰਮ
ਵਿੱਚ ਲੀਨ ਸਨ। ਕਿਉਂਕਿ ਮੈਂ ਅਧਾਰਮਿਕ ਸਮਝਿਆ ਜਾਂਦਾ ਸਾਂ ਮੈਂ ਉਨ੍ਹਾਂ ਨਾਲ ਵਿਚਾਰ ਵਟਾਂਦਰਾ
ਨਹੀਂ ਸਾਂ ਕਰ ਸਕਦਾ। ਇਹੀ ਲੋਕ ਸਨ ਜੋ ਕੁੱਝ ਜਾਨਣ ਦੇ ਇੱਛੁਕ ਸਨ। ਇਹੀ ਲੋਕ ਸਨ ਜੋ ਮੇਰੇ ਨਾਲ
ਅਣਜਾਣੇ ਰਾਹਾਂ ਤੇ ਤੁਰ ਸਕਦੇ ਸਨ। ਪਰ ਇਹ ਲੋਕ ਪਹਿਲਾਂ ਹੀ ਕਿਸੇ, ਧਰਮ ਸੰਪਰਦਾਇ ਜਾਂ ਦਰਸ਼ਨ ਨਾਲ
ਬੱਝੇ ਹੋਏ ਸਨ। ਉਨ੍ਹਾਂ ਦਾ ਮੇਰੇ ਬਾਰੇ ਅਧਾਰਮਿਕ ਅਤੇ ਨਾਸਤਿਕ ਹੋਣ ਬਾਰੇ ਸੋਚਣਾ ਹੀ ਵਾਧਾ ਬਣ
ਗਿਆ। ਇਨ੍ਹਾਂ ਲੋਕਾਂ ਦੀ ਹੀ ਮੈਨੂੰ ਲੋੜ ਸੀ।
ਉਹ ਲੋਕ ਵੀ ਸਨ ਜੋ ਧਰਮ ਵਿੱਚ ਬੱਝੇ ਨਹੀਂ ਸਨ ਪਰ ਉਨ੍ਹਾਂ ਨੂੰ ਖੋਜਣ ਦੀ ਇੱਛਾ ਨਹੀਂ ਸੀ। ਜੇ
ਉਨ੍ਹਾਂ ਨੂੰ ਪ੍ਰਧਾਨ ਮੰਤਰੀ ਪਦ ਤੇ ਸੱਚ ਵਿਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਕਿਹਾ ਜਾਂਦਾ ਤਾਂ ਉਹ
ਪ੍ਰਧਾਨ ਮੰਤਰੀ ਪਦ ਨੂੰ ਪਹਿਲ ਦਿੰਦੇ। ਸੱਚ ਬਾਰੇ ਉਹ ਕਹਿਂਦੇ, ਕੋਈ ਜਲਦੀ ਨਹੀਂ। ਇਹ ਕੰਮ ਤਾਂ
ਕਦੇ ਵੀ ਕੀਤਾ ਜਾ ਸਕਦਾ ਹੈ। ਪਰ ਪ੍ਰਧਾਨ ਮੰਤਰੀ ਪਦ ਸ਼ਾਇਦ ਫਿਰ ਮਿਲੇ ਜਾਂ ਨਾ ਮਿਲੇ। ਇਹ ਕਦੇ
ਕਦਾਈ ਮੌਕਾ ਮਿਲਦਾ ਹੈ, ਤੇ ਮਿਲਦਾ ਵੀ ਕਿਸੇ ਕਿਸੇ ਨੂੰ ਹੈ। ਸੱਚ ਤਾਂ ਹਰ ਕਿਸੇ ਦੀ ਪ੍ਰਕ੍ਰਿਤੀ
ਹੈ, ਇਸਨੂੰ ਕਦੇ ਵੀ ਲੱਭਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਉਹ ਕੀਤਾ ਜਾਵੇ ਜੋ ਛਿਣਭੰਗਰ ਹੈ,
ਸਮੇਂ ਬੱਧ ਹੈ ਤੇ ਜਿਸਦਾ ਸਮਾਂ ਹੱਥੋਂ ਨਿਕਲ ਰਿਹਾ ਹੈ। ਹਥਲਾ ਸੁਹਾਣਾ ਸੁਪਨਾ ਸ਼ਾਇਦ ਫਿਰ ਨਾ
ਵਾਪਰੇ। ਸੱਚ ਤਾਂ ਕਿਤੇ ਦੌੜਿਆ ਨਹੀਂ ਜਾਂਦਾ ਪਰ ਇਹ ਸੁਪਨਾ ਤਾਂ ਉੱਡਦਾ ਜਾ ਰਿਹਾ ਹੈ। ਉਨ੍ਹਾਂ ਦਾ
ਰੁਝਾਨ ਸੁਪਨੇ, ਕਲਪਨਾ ਵਿੱਚ ਸੀ। ਉਹ ਮੇਰੇ ਲੋਕ ਨਹੀਂ ਹਨ। ਉਨ੍ਹਾਂ ਨਾਲ ਸੰਚਾਰ ਅਸੰਭਵ ਸੀ
ਕਿਉਂਕਿ ਮੇਰਾ ਤੇ ਉਨ੍ਹਾਂ ਦਾ ਹਿੱਤ ਵੱਖੋ ਵੱਖਰਾ ਸੀ। ਮੈਂ ਪੂਰਾ ਜ਼ੋਰ ਲਾਇਆ ਪਰ ਇਨ੍ਹਾਂ ਲੋਕਾਂ
ਦੀ ਧਰਮ ਵਿੱਚ, ਸੱਚ ਵਿੱਚ ਤੇ ਨਾ ਹੀ ਕਿਸੇ ਮਹੱਤਵਪੂਰਣ ਗੱਲ ਵਿੱਚ ਰੁਚੀ ਸੀ।
ਜਿਨ੍ਹਾਂ ਦੀ ਰੁਚੀ ਸੀ ਉਹ ਈਸਾਈ ਸਨ ਜਾਂ ਹਿੰਦੂ, ਮੁਸਲਮਾਨ, ਜੈਨ ਜਾਂ ਬੋਧੀ ਸਨ। ਉਹ ਪਹਿਲਾਂ ਹੀ
ਕਿਸੇ ਵਿਚਾਰਧਾਰਾ, ਧਰਮ ਨਾਲ ਜੁੜੇ ਹੋਏ ਸਨ। ਹੁਣ ਮੈਨੂੰ ਸਪੱਸ਼ਟ ਹੋ ਗਿਆ ਸੀ ਕਿ ਮੈਨੂੰ ਧਾਰਮਿਕ
ਹੋਣ ਦਾ ਨਾਟਕ ਰਚਣਾ ਪੈਣਾ ਸੀ। ਕੋਈ ਹੋਰ ਰਸਤਾ ਨਹੀਂ ਸੀ। ਇਸਤੋਂ ਬਾਅਦ ਹੀ ਮੈਨੂੰ ਅਸਲੀ ਖੋਜੀ
ਮਿਲ ਸਕਦੇ ਸਨ।
ਮੈਂ ਧਰਮ ਦੇ ਸ਼ਬਦ ਨੂੰ ਹੀ ਨਫ਼ਰਤ ਕਰਦਾ ਹਾਂ। ਮੈਂ ਹਮੇਸ਼ਾਂ ਇਸਨੂੰ ਨਫ਼ਰਤ
ਕੀਤੀ ਹੈ। ਪਰ ਮੈਨੂੰ ਧਰਮ ਤੇ ਬੋਲਣਾ ਪਿਆ। ਧਰਮ ਦੀ ਆੜ ਵਿੱਚ ਉਹ ਗੱਲਾਂ ਕੀਤੀਆਂ ਜੋ ਲੋਕ ਸਮਝਦੇ
ਸਨ ਉਹ ਅਸਲ ਵਿੱਚ ਉਹ ਨਹੀਂ ਸਨ। ਇਹ ਸਿਰਫ਼ ਰਣਨੀਤੀ ਸੀ। ਉਨ੍ਹਾਂ ਦੇ ਸ਼ਬਦ ਰੱਬ, ਧਰਮ ਤੇ ਮੁਕਤੀ
ਮੈਂ ਵਰਤ ਰਿਹਾ ਸਾਂ ਪਰ ਆਪਣੇ ਅਰਥ ਦੇ ਰਿਹਾ ਸਾਂ। ਇਸੇ ਤਰ੍ਹਾਂ ਮੈਂ ਲੋਕ ਲੱਭਣੇ ਸ਼ੁਰੂ ਕੀਤੇ, ਉਹ
ਮੇਰੇ ਕੋਲ ਆਉਣ ਲੱਗੇ। ਲੋਕਾਂ ਦੀਆਂ ਨਜ਼ਰਾਂ ਵਿੱਚ ਆਪਣਾ ਬਿੰਬ ਸੁਧਾਰਨ ਲਈ ਮੈਨੂੰ ਕੁੱਝ ਸਾਲ
ਲੱਗੇ। ਲੋਕ ਸ਼ਬਦ ਸੁਣਦੇ ਸਨ ਉਨ੍ਹਾਂ ਦੇ ਅਰਥ ਨਹੀਂ ਸੀ ਸਮਝਦੇ। ਲੋਕ ਉਹ ਸਮਝਦੇ ਹਨ ਜੋ ਤੁਸੀਂ
ਕਹਿੰਦੇ ਹੋ। ਜੋ ਕੁੱਝ ਅਣਕਿਹਾ ਹੁੰਦਾ ਹੈ ਉਹ ਉਸਨੂੰ ਨਹੀਂ ਸਮਝਦੇ। ਇਸ ਲਈ ਮੈਂ ਉਨ੍ਹਾਂ ਦਾ
ਹਥਿਆਰ ਉਨ੍ਹਾਂ ਦੇ ਖਿਲਾਫ਼ ਹੀ ਵਰਤਿਆ। ਮੈਂ ਧਰਮ-ਪੁਸਤਕਾਂ ਉੱਪਰ ਟਿੱਪਣੀ ਦਿੱਤੀ ਪਰ ਅਰਥ ਉਹ
ਦਿੱਤੇ ਜਿਹੜੇ ਮੇਰੇ ਆਪਣੇ ਸਨ।
ਉਹੋ ਚੀਜ਼ ਮੈਂ ਬਿਨ੍ਹਾਂ ਟਿੱਪਣੀ ਵੀ ਕਹਿ ਸਕਦਾ ਸਾਂ ਉਹ ਮੇਰੇ ਲਈ ਆਸਾਨ ਸੀ। ਕਿਉਂਕਿ ਫਿਰ ਮੈਂ
ਸਿੱਧਾ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੁੰਦਾ। ਫਿਰ ਕ੍ਰਿਸ਼ਨ, ਮਹਾਂਵੀਹਰ ਤੇ ਈਸਾ ਨੂੰ ਵਿੱਚ ਘਸੀਟਣ
ਦੀ ਕੋਈ ਲੋੜ ਨਹੀਂ ਸੀ ਤੇ ਕੁੱਝ ਕਹਿਣ ਦੀ ਵੀ ਲੋੜ ਨਹੀਂ ਸੀ ਜੋ ਉਨ੍ਹਾਂ ਕਦੇ ਵੀ ਨਹੀਂ ਕਿਹਾ। ਇਹ
ਮਾਨਵਤਾ ਦੀ ਮੂਰਖਤਾ ਹੈ ਕਿ ਉਹੀ ਗੱਲਾਂ ਜੋ ਮੈਂ ਪਹਿਲਾਂ ਕਹਿੰਦਾ ਸਾਂ ਕੋਈ ਸੁਣਨ ਨੂੰ ਤਿਆਰ ਨਹੀਂ
ਸੀ …. ਤੇ ਹੁਣ ਕਿਉਂਕਿ ਮੈਂ ਕ੍ਰਿਸ਼ਨ ਤੇ ਬੋਲ ਰਿਹਾ ਸੀ ਇਸ ਲਈ ਹਜ਼ਾਰਾਂ ਲੋਕ ਮੇਰੇ ਦੁਆਲੇ ਜੁੜਨ
ਲੱਗੇ।
ਮੈਂ ਕ੍ਰਿਸ਼ਨ ਤੋਂ ਕੀ ਲੈਣਾ ਸੀ? ਉਸਨੇ ਮੇਰੇ ਲਈ ਕੀ ਕੀਤਾ ਸੀ? ਮੇਰਾ ਈਸਾ ਨਾਲ ਕੀ ਰਿਸ਼ਤਾ ਸੀ?
ਜਦੋਂ ਉਹ ਜਿੰਦਾ ਸੀ ਜੇ ਉਦੋਂ ਮੈਂ ਉਸਨੂੰ ਮਿਲਦਾ ਤਾਂ ਮੈਂ ਉਸਨੂੰ ਕਹਿੰਦਾ, “ਤੂੰ ਪਾਗਲ ਹੈਂ
ਤੈਨੂੰ ਆਪਣੇ ਉੱਪਰ ਕਾਬੂ ਨਹੀਂ ਹੈ। ਮੈਂ ਨਹੀਂ ਕਹਿ ਸਕਦਾ ਕਿ ਉਹ ਲੋਕ ਜੋ ਤੈਨੂੰ ਸੂਲੀ ਚੜ੍ਹਾਉਣਾ
ਚਾਹੁੰਦੇ ਹਨ ਉਹ ਇੱਕ ਦਮ ਗ਼ਲਤ ਹਨ, ਕਿਉਂਕਿ ਉਹ ਤੇਰੇ ਨਾਲ ਹੋਰ ਕਿਸੇ ਤਰ੍ਹਾਂ ਸਿੱਝ ਹੀ ਨਹੀਂ
ਸਕਦੇ।
ਇਹੋ ਇੱਕੋ ਇੱਕ ਤਰੀਕਾ ਸੀ। ਜਦੋਂ ਮੈਂ ਈਸਾ ਤੇ ਬੋਲਣਾ ਸ਼ੁਰੂ ਕੀਤਾ ਤਾਂ ਈਸਾਈ ਕਾਲਜਾਂ, ਅਤੇ ਈਸਾਈ
ਧਾਰਮਿਕ ਸੰਸਥਾਵਾਂ ਨੇ ਮੈਨੂੰ ਬੋਲਣ ਲਈ ਸੱਦਣਾ ਸ਼ੁਰੂ ਕੀਤਾ, ਮੈਂ ਅੰਦਰੋਂ ਹਮੇਸ਼ਾ ਹੱਸਦਾ ਰਹਿੰਦਾ।
ਕਿਉਂਕਿ ਮੂਰਖ ਸਮਝਦੇ ਸਨ ਇਹ ਕੁੱਝ ਈਸਾ ਨੇ ਕਿਹਾ ਹੈ। ਹਾਂ ਮੈਂ ਈਸਾ ਦੇ ਸ਼ਬਦ ਲਈ ਵਰਤੇ। ਕਿਸੇ
ਨੂੰ ਸ਼ਬਦਾਂ ਦੀ ਖੇਡ ਨੂੰ ਥੋੜ੍ਹਾ ਸਮਝਣ ਦੀ ਲੋੜ ਹੈ ਫਿਰ ਕਿਸੇ ਸ਼ਬਦ ਕੋਈ ਵੀ ਅਰਥ ਦਿੱਤਾ ਜਾ ਸਕਦਾ
ਹੈ। ਉਨ੍ਹਾਂ ਸੋਚਿਆ ਕਿ ਇਹ ਅਸਲੀ ਸੰਦੇਸ਼ ਹੈ ਈਸਾ ਦਾ। “ਸਾਡੇ ਈਸਾਈ ਮਿਸ਼ਨਰੀਆਂ ਤੇ ਪਾਦਰੀਆਂ ਨੇ
ਈਸਾ ਵਾਸਤੇ ਇੰਨਾ ਕੁੱਝ ਨਹੀਂ ਕੀਤਾ, ਜਿੰਨਾ ਕੁੱਝ ਤੁਸੀਂ ਕੀਤਾ ਹੈ।” ਉਹ ਕਹਿੰਦੇ। ਮੈਂ ਚੁੱਪ
ਕੀਤਾ ਰਹਿੰਦਾ। ਮੈਂ ਜਾਣਦਾ ਸਾਂ ਕਿ ਈਸਾ ਤੋਂ ਮੈਂ ਕੁੱਝ ਨਹੀਂ ਲੈਣਾ। ਤੇ ਜੋ ਕੁੱਝ ਮੈਂ ਕਹਿ
ਰਿਹਾ ਸਾਂ ਈਸਾ ਤਾਂ ਸ਼ਾਇਦ ਉਸਨੂੰ ਸਮਝ ਵੀ ਨਾ ਸਕਦਾ। ਉਹ ਤਾਂ ਵਿਚਾਰਾ ਕੋਰਾ ਅਨਪੜ੍ਹ ਮਾਣਸ ਸੀ।
ਇਸ ਵਿੱਚ ਸ਼ੱਕ ਨਹੀਂ ਕਿ ਉਸਦੀ ਸਖ਼ਸੀਅਤ ਚੁੰਬਕੀ ਸੀ। ਉਸ ਲਈ ਡਰ ਮਾਰੇ, ਅਨਪੜ੍ਹਾਂ ਤੇ ਬਹਿਸ਼ਤ ਦੇ
ਲਾਲਚੀਆਂ ਨੂੰ ਇਕੱਠਾ ਕਰਨਾ ਮੁਸ਼ਕਲ ਕੰਮ ਨਹੀਂ ਸੀ। ਇਹ ਆਦਮੀ ਵਾਅਦੇ ਕਰਦੇ ਸੀ ਤੇ ਇਵਜ ਵਿੱਚ
ਮੰਗਦਾ ਕੁੱਝ ਨਹੀਂ ਸੀ। ਏਨਾ ਸਸਤਾ ਸੌਦਾ। ਫਿਰ ਉਸ ਵਿੱਚ ਵਿਸ਼ਵਾਸ ਕਰਨ ਵਿੱਚ ਹਰਜ਼ ਕੀ ਹੈ? ਕੋਈ
ਖ਼ਤਰਾ ਨਹੀਂ ਕੋਈ ਜ਼ੋਖ਼ਮ ਨਹੀਂ। ਜੇ ਕੋਈ ਰੱਬ ਨਹੀਂ ਜਾਂ ਬਹਿਸ਼ਤ ਨਹੀਂ ਤੇ ਫਿਰ ਵੀ ਤੁਸੀਂ ਕੁੱਝ
ਗੁਆਇਆ ਨਹੀਂ। ਜੇ ਕਿਤੇ ਇਹ ਹੋਣ ਤਾਂ ਮੁਫ਼ਤ ਵਿੱਚ ਵਾਧਾ ਹੀ ਵਾਧਾ। ਬੜਾ ਸਰਲ ਹਿਸਾਬ ਕਿਤਾਬ।
ਇਹ ਮਹੱਤਵਪੂਰਣ ਹੈ ਕਿ ਇੱਕ ਵੀ ਪੜ੍ਹਿਆ ਲਿਖਿਆ ਸਭਿਅਕ ‘ਰੱਬੀ’ ਈਸਾ ਦਾ ਪੈਰੋਕਾਰ ਨਹੀਂ ਬਣਿਆ।
ਕਿਉਂਕਿ ਰੱਬੀ ਵਧੇਰੇ ਚੰਗੀ ਤਰ੍ਹਾਂ ਆਪਣੀ ਗੱਲ ਕਹਿ ਸਕਦੇ ਸਨ। ਵਧੇਰੇ ਚੰਗੀ ਤਰ੍ਹਾਂ ਚੀਜ਼ਾਂ ਨੂੰ
ਦਾਰਸ਼ਨਿਕ ਰੂਪ ਦੇ ਸਕਦੇ ਸਨ। ਪਰ ਇਹ ਆਦਮੀ ਕੁੱਝ ਵੀ ਨਹੀਂ ਜਾਣਦਾ। ਉਸ ਪਾਸ ਕੋਈ ਤਰਕ ਨਹੀਂ। ਉਹ
ਚੀਜ਼ਾਂ ਨੂੰ ਦੁਹਰਾਉਂਦਾ ਹੈ ਜੋ ਦੂਜਿਆਂ ਤੋਂ ਸੁਣੀਆਂ ਸਨ। ਪਰ ਉਹ ਕੱਟੜ ਕਿਸਮ ਦਾ ਨੌਜਵਾਨ ਸੀ,
ਹਠੀਲਾ। ਜੋ ਕੁੱਝ ਮੈਂ ਈਸਾ ਦੇ ਨਾਂ ਤੇ ਕਹਿੰਦਾ ਸਾਂ, ਉਹ ਪਹਿਲਾਂ ਵੀ ਕਹਿ ਰਿਹਾ ਸਾਂ। ਪਰ ਕਿਸੇ
ਈਸਾਈ ਭਾਈਚਾਰੇ, ਕਾਲਜ ਜਾਂ ਧਾਰਿਮਕ ਸੰਸਾਥਾ ਨੇ ਮੈਨੂੰ ਨਹੀਂ ਬੁਲਾਇਆ। ਸੱਦੇ ਦੀ ਤਾਂ ਦੂਰ ਜੇ
ਮੈਂ ਦਾਖ਼ਲ ਹੋਣ ਦਾ ਯਤਨ ਵੀ ਕਰਦਾ ਤਾਂ ਉਹ ਦਰਵਾਜ਼ੇ ਢੋਅ ਲੈਂਦੇ। ਇਹ ਸੀ ਸਥਿਤੀ। ਮੈਨੂੰ ਮੇਰੇ
ਆਪਣੇ ਸ਼ਹਿਰ ਦੇ ਵਿਚਕਾਰਲੇ ਮੰਦਿਰ ਵਿੱਚ ਜਾਣ ਤੋਂ ਰੋਕਿਆ ਗਿਆ। ਪੁਲਿਸ ਦੀ ਮੱਦਦ ਨਾਲ …. . ਪਰ
ਹੁਣ ਉਸੇ ਮੰਦਰ ਵਾਲਿਆਂ ਮੈਨੂੰ ਸੱਦਣਾ ਸ਼ੁਰੂ ਕੀਤਾ। … … ਮੈਂ ਆਪਣੇ ਢੰਗ ਤਰੀਕੇ ਲੱਭੇ। ਮੈਂ ਰੱਬ
ਉੱਪਰ ਗੱਲ ਕਰਦਾ ਤੇ ਕਹਿੰਦਾ ਕਿ ‘ਰੱਬ ਤਾਂ’ ਵਧੇਰੇ ਚੰਗਾ ਸ਼ਬਦ ਹੈ। ਇਸ ਤਰ੍ਹਾਂ ਰੱਬ ਨੂੰ ਚਲਦਾ
ਕੀਤਾ ਜਾਂਦਾ। ਮੈਂ ਕਿਉਂਕਿ ਰੱਬ (ਰੱਬਤਾ) ਉੱਪਰ ਬੋਲ ਰਿਹਾ ਸਾਂ ਇਸ ਲਈ ਪੁਜਾਰੀਆਂ ਵਲੋਂ
ਲੁੱਟੇ-ਪੁੱਟੇ, ਸੱਚ ਦੇ ਪਾਂਧੀਆਂ ਨੇ ਮੇਰੇ ਵਿੱਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ। ਮੈਂ ਸਭ ਧਰਮਾਂ
ਵਿਚੋਂ ਕਰੀਮ ਇਕੱਠੀ ਕਰ ਲਈ। …. ਤੇ ਮੈਂ ਰਾਹ ਲੱਭ ਲਿਆ। ਮੈਂ ਸਿਰਫ਼ ਇਹ ਸੋਚਿਆ, “ਉਨ੍ਹਾਂ ਦੇ ਸ਼ਬਦ
ਵਰਤੋ, ਉਨ੍ਹਾਂ ਦੀ ਭਾਸ਼ਾ ਵਰਤੋ ਤੇ ਉਨ੍ਹਾਂ ਦੀਆਂ ਧਾਰਿਮਕ ਪੁਸਤਕਾਂ ਨੂੰ ਵਰਤੋ।”
“ਜੇਕਰ ਤੁਸੀਂ ਕਿਸੇ ਹੋਰ ਦੀ ਬੰਦੂਕ ਚਲਾ ਰਹੇ ਹੋਵੋ ਤਾਂ ਇਸਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੀਆਂ
ਗੋਲੀਆਂ ਨਹੀਂ ਵਰਤ ਸਕਦੇ। ਬੰਦੂਕ ਕਿਸੇ ਦੀ ਹੋਵੇ ਗੋਲੀਆਂ ਮੇਰੀਆਂ ਹਨ। ਅਸਲੀ ਕੰਮ ਤਾਂ ਗੋਲੀਆਂ
ਨੇ ਕਰਨਾ ਹੈ ਬੰਦੂਕ ਨੇ ਨਹੀਂ, ਫਿਰ ਕੀ ਹਰਜ਼ ਹੈ?” ਇਹ ਬਹੁਤ ਹੀ ਸੌਖਾ ਕੰਮ ਸੀ। ਮੈਂ ਹਿੰਦੂ ਸ਼ਬਦ
ਵਰਤ ਸਕਦਾ ਸਾਂ ਅਤੇ ਉਹੀ ਖੇਲ ਖੇਲ ਸਕਦਾ ਸਾਂ। ਮੁਸਲਮਾਨੀ ਸ਼ਬਦ ਵਰਤ ਕੇ ਇਹੀ ਖੇਲ੍ਹ ਖੇਲ੍ਹਦਾ
ਸਾਂ। ਈਸਾਈ ਸ਼ਬਦਾਵਲੀ ਪ੍ਰਯੋਗ ਕਰਕੇ ਖੇਲ੍ਹ ਖੇਲ੍ਹ ਸਕਦਾ ਸਾਂ।
ਨਾ ਸਿਰਫ ਇਹ ਲੋਕ ਮੇਰੇ ਕੋਲ ਆਏ ਸਗੋਂ ਜੈਨ ਸਾਧੂ, ਸਾਧਣੀਆਂ, ਹਿੰਦੂ ਤੇ ਬੋਧੀ, ਸਾਧੂ, ਈਸਾਈ
ਮਿਸ਼ਨਰੀ ਤੇ ਪਾਦਰੀ ਹਰ ਕਿਸਮ ਦੇ ਲੋਕ ਮੇਰੇ ਕੋਲ ਆਏ। ਤੁਸੀਂ ਯਕੀਨ ਨਹੀਂ ਕਰੋਗੇ, ਤੁਸੀਂ ਮੈਨੂੰ
ਕਦੇ ਹੱਸਦਾ ਨਹੀਂ ਦੇਖਿਆ। ਮੈਂ ਅੰਦਰੋ ਅੰਦਰ ਇਨ੍ਹਾਂ ਹੱਸਿਆ ਹਾਂ ਕਿ ਮੈਨੂੰ ਹੁਣ ਹੱਸਣ ਦੀ ਲੋੜ
ਨਹੀਂ ਪੈਂਦੀ। ਮੈਂ ਤੁਹਾਨੂੰ ਲਤੀਫ਼ੇ ਸੁਣਾਉਂਦਾ ਰਿਹਾ ਹਾਂ ਪਰ ਮੈਂ ਹੱਸਦਾ ਨਹੀਂ ਕਿਉਂਕਿ ਮੈਂ ਤਾਂ
ਸਾਰੀ ਉਮਰ ਮਖੌਲ ਹੀ ਕਰਦਾ ਰਿਹਾ ਹਾਂ। ਇਸ ਨਾਲੋਂ ਹੋਰ ਮਜ਼ਾਕ ਦੀ ਗੱਲ ਕੀ ਹੋ ਸਕਦੀ ਹੈ? ਤੇ ਮੈਂ
ਸਾਰੇ ਪਾਦਰੀਆਂ ਅਤੇ ਮਹਾਨ ਵਿਦਵਾਨਾਂ ਨੂੰ ਏਨੀ ਸੌਖਿਆਂ ਹੀ ਬੁੱਧੂ ਬਣਾਉਣ ਵਿੱਚ ਕਾਮਯਾਬ ਹੋਇਆ।
ਉਹ ਮੇਰੇ ਕੋਲ ਸਵਾਲ ਲੈ ਕੇ ਆਉਣ ਲੱਗੇ। ਮੈਨੂੰ ਸ਼ੁਰੂ ਵਿੱਚ ਉਨ੍ਹਾਂ ਦੇ ਸ਼ਬਦ ਇਹਤਿਆਤ ਨਾਲ ਵਰਤਣੇ
ਪੈਂਦੇ ਸ਼ਬਦਾਂ ਤੇ ਲਾਈਨਾਂ ਵਿੱਚ ਮੈਂ ਆਪਣੇ ਵਿਚਾਰ ਚਲਾ ਦਿੰਦਾ, ਜਿਨ੍ਹਾਂ ਵਿੱਚ ਮੇਰੀ ਰੁਚੀ
ਹੁੰਦੀ। ਮੈਂ ਇਹ ਕਲਾ ਮਛੇਰੇ ਤੋਂ ਸਿੱਖੀ (ਜੋ ਕੁੰਡੀ ਅੱਗੇ ਗੰਡੋਆ ਲਾ ਕੇ ਮੱਛੀ ਫੜ੍ਹਦਾ ਹੈ -
ਅਨੁਵਾਦਕ)
ਸ਼ੁਰੂ ਸ਼ੁਰੂ ਵਿੱਚ ਲੋਕਾਂ ਨੂੰ ਧੱਕਾ ਲੱਗਾ। ਉਹ ਲੋਕ ਜਿਨ੍ਹਾਂ ਨੂੰ ਪਤਾ ਸੀ ਕਿ ਮੈਂ ਨਾਸਤਿਕ ਹਾਂ
ਭੰਬਲਭੂਸੇ ਵਿੱਚ ਪੈ ਗਏ। ਮੇਰਾ ਇੱਕ ਸਕੂਲ ਦਾ ਮਾਸਟਰ …. . (ਗੀਤਾ ਉੱਪਰ ਪ੍ਰਵਚਨ ਸੁਣਨ ਤੋਂ ਬਾਅਦ
- ਅਨੁਵਾਦਕ) ਕਹਿੰਦਾ ਹੈ, “ਕੀ ਵਾਪਰ ਗਿਆ? ਕੀ ਤੂੰ ਬਦਲ ਗਿਆ।” ਤੇ ਉਸਨੇ ਮੇਰੇ ਪੈਰ ਛੂਹੇ।
ਮੈਂ ਕਿਹਾ, “ਪੈਰਾਂ ਨੂੰ ਹੱਥ ਨਾ ਲਾਉ। ਮੈਂ ਉਹੋ ਹੀ ਹਾਂ, ਮੈਂ ਬਦਲਿਆ ਨਹੀਂ। ਤੇ ਨਾ ਹੀ ਮਰਦੇ
ਦਮ ਤੱਕ ਬਦਲਾਂਗਾ … ….”ਅਜਿਹਾ ਕਈ ਵਾਰ ਹੋਇਆ ਇੱਕ ਬਾਰ ਮੈਂ ਜਬਲਪੁਰ ਮੁਸਲਿਮ ਸੰਸਥਾ ਵਿੱਚ ਬੋਲ
ਰਿਹਾ ਸਾਂ। ਮੇਰਾ ਇੱਕ ਮੁਸਲਮਾਨ ਟੀਚਰ ਉਥੇ ਪ੍ਰਿੰਸੀਪਲ ਸੀ …. . ਜਦੋਂ ਮੇਰੇ ਟੀਚਰ ਨੇ ਮੈਨੂੰ
ਦੇਖਿਆ ਤਾਂ ਕਹਿਣ ਲੱਗੇ, “ਮੈਂ ਮੁਅਜਜ਼ੇ ਹੁੰਦੇ ਸੁਣੇ ਹਨ, ਪਰ ਇਹ ਤਾਂ ਅਚਾਨਕ ਮੁਅਜਜ਼ਾ ਹੈ। ਤੂੰ
ਸੂਫ਼ੀਵਾਦ ਤੇ ਇਸਲਾਮ ਤੇ ਇਸਲਾਮ ਦੀ ਮੁੱਢਲੀ ਫ਼ਿਲਾਸਫ਼ੀ ਤੇ ਬੋਲ ਰਿਹਾ ਹੈਂ?”
ਮੈਂ ਕਿਹਾ, “ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲਾਂਗਾ, ਤੁਸੀਂ ਮੇਰੇ ਪੁਰਾਣੇ ਟੀਚਰ ਹੋ। ਮੈਂ ਤਾਂ
ਆਪਣੇ ਦਰਸ਼ਨ ਉੱਪਰ ਹੀ ਬੋਲਾਂਗਾ। ਹਾਂ ਕਦੇ ਕਦਾਈਂ ਇਸਲਾਮੀ ਸ਼ਬਦ ਚਲਾਵਾਂਗਾ ਤੇ ਬੱਸ।” ….
ਮੈਂ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਬੋਲ ਰਿਹਾ ਸਾਂ। ਉਹੀ ਦਰਬਾਰ ਸਾਹਿਬ ਜੋ ਅੱਜ ਕੱਲ੍ਹ ਮੁਸੀਬਤ
ਬਣਿਆ ਹੋਇਆ ਹੈ ਭਾਰਤ ਲਈ। ਇਹ ਸਿੱਖਾਂ ਦਾ ਮੰਦਰ ਹੈ, ਇਸੇ ਕਰਕੇ ਇੰਦਰਾ ਗਾਂਧੀ ਦਾ ਕਤਲ ਹੋਇਆ।
ਸਾਰਾ ਦੇਸ਼ ਹਿੱਲ ਗਿਆ। ਮੈਂ ਇੱਥੇ ਹੀ ਬੋਲ ਰਿਹਾ ਸਾਂ। ਸਾਰੇ ਦੇਸ਼ ਵਿੱਚ ਲੋਕਾਂ ਨੇ ਮੈਨੂੰ
ਪੁੱਛਿਆ। ਇੱਕ ਬਾਰ ਨਹੀਂ ਹਜ਼ਾਰਾਂ ਬਾਰ ਕਿ, “ਤੁਸੀਂ ਦਾਹੜੀ ਕਿਉਂ ਵਧਾਈ?” ਮੈਂ ਇਸ ਸਵਾਲ ਦਾ ਆਦੀ
ਹੋ ਚੁੱਕਾ ਸਾਂ ਅਤੇ ਵੱਖ ਲੋਕਾਂ ਨੂੰ ਵੱਖ ਤਰ੍ਹਾਂ ਜਵਾਬ ਦੇਣ ਦਾ ਸੁਆਦ ਲੈਂਦਾ ਸਾਂ।
ਪਰ ਜਦੋਂ ਮੈਂ ਦਰਬਾਰ ਸਾਹਿਬ ਵਿੱਚ ਨਾਨਕ ਦੇ ਉਪਦੇਸ਼ ਉੱਪਰ ਬੋਲ ਰਿਹਾ ਸਾਂ ਤਾਂ ਇੱਕ ਬਹੁਤ ਬਜ਼ੁਰਗ
ਸਰਦਾਰ ਆਇਆ। ਪੈਰੀਂ ਹੱਥ ਲਾ ਕੇ ਕਹਿਣ ਲੱਗਾ, “ਸਰਦਾਰ ਜੀ ਤੁਸੀਂ ਆਪਣੇ ਸਿਰ ਦੇ ਬਾਲ ਕਿਉਂ ਕਟਵਾ
ਲਏ?” ਮੇਰੇ ਲਈ ਇਹ ਨਵਾਂ ਅਤੇ ਪਹਿਲਾ ਸਵਾਲ ਸੀ। ਉਸਨੇ ਕਿਹਾ, “ਤੁਹਾਡੀ ਦਾੜ੍ਹੀ ਤਾਂ ਸਾਬਤ ਸਬੂਤ
ਪਰ ਸਿਰ ਕਿਉਂ ਮੁਨਵਾ ਲਿਆ? ਤੁਸੀਂ ਤਾਂ ਬਹੁਤ ਧਾਰਮਿਕ ਆਦਮੀ ਹੋ?”
ਸਿੱਖ ਬਣਨ ਲਈ ਸਿਰਫ ਪੰਜ ਚੀਜ਼ਾਂ ਦੀ ਲੋੜ ਹੁੰਦੀ ਹੈ। ਬੜੀ ਆਸਾਨ ਗੱਲ ਹੈ। ਤੁਸੀਂ ਇਹ ਕਿਤਿਉਂ ਵੀ
ਲੈ ਸਕਦੇ ਹੋ ਸਿੱਖ ਬਣ ਸਕਦੇ ਹੋ। ਇਨ੍ਹਾਂ ਨੂੰ ਪੰਜ ਕਕਾਰ ਕਿਹਾ ਜਾਂਦਾ ਹੈ ਕਿਉਂਕਿ ਹਰ ਇੱਕ ਨਾਮ
ਕੱਕੇ ਤੋਂ ਸ਼ੁਰੂ ਹੁੰਦਾ ਹੈ। ‘ਕੇਸ’ ਦਾ ਅਰਥ ਹੈ ਬਾਲ, ਕਟਾਰ ਦਾ ਅਰਥ ਹੈ ਛੋਟੀ ਤਲਵਾਰ, ਕੱਛੇ ਦਾ
ਮਤਲਬ ਅੰਡਰਵੀਅਰ। ਮੈਂ ਕੱਛੇ ਦਾ ਜਵਾਬ ਨਾ ਲੱਭ ਸਕਿਆ। ਇਸ ਇੱਕ ਸਵਾਲ ਦਾ ਜਵਾਬ ਮੈਂ ਨਾ ਦੇ ਸਕਿਆ
ਕਿਹੋ ਜਿਹਾ ਦਰਸ਼ਨ ਸਿਖਾਇਆ ਜਾਂਦਾ ਹੈ। ਅਜੀਬ ਗੱਲ ਹੈ। ਪਰ ਕੋਈ ਤਾਂ ਕਾਰਣ ਹੋਵੇਗਾ। ਮੈਂ ਸਿੱਖ
ਗ੍ਰੰਥੀਆਂ ਤੇ ਅਕਾਲ ਤਖ਼ਤ ਦੇ ਜਥੇਦਾਰ ਤੋਂ ਪਤਾ ਕੀਤਾ। ਬਾਕੀ ਸਭ ਠੀਕ ਹੈ। ਵਾਲ ਵਧਾਉ, ਕ੍ਰਿਪਾਨ
ਪਾਓ … ਪਰ ਇਹ ਕੱਛਾ? ਕੱਛੇ ਦੇ ਧਾਰਮਿਕ, ਦਾਰਸ਼ਨਿਕ ਅਰਥ ਕੀ ਹੋ ਸਕਦੇ ਹਨ?
ਜਥੇਦਾਰਾਂ ਨੇ ਕਿਹਾ ‘ਕਿਸੇ ਨੇ ਇਸ ਤੋਂ ਪਹਿਲਾਂ ਇਹ ਸਵਾਲ ਨਹੀਂ ਪੁੱਛਿਆ, “ਸਾਨੂੰ ਤਾਂ ਪੰਜ
ਕਰਾਰਾਂ ਨੂੰ ਨਿਭਾਉਣਾ ਹੈ”। ਨਾਨਕ ਦੇ ਸਮੇਂ ਜਦੋਂ ਕੱਛੇ ਦੀ ਚੋਣ ਕੀਤੀ ਗਈ ਤਾਂ ਲੱਗਦਾ ਹੈ ਉਦੋਂ
ਹਿੰਦੂਆਂ ਅਤੇ ਮੁਸਲਮਾਨਾਂ ਦੀ ਲਗਾਤਾਰ ਲੜਾਈ ਜਾਰੀ ਰਹਿੰਦੀ ਸੀ। ਉਸਨੇ ਸਾਰੇ ਪੰਜਾਬ ਦੀ ਕਾਇਆ ਹੀ
ਬਦਲ ਦਿੱਤੀ। ਉਸਨੇ ਲੜਨ ਦੀ ਨਵੀਂ ਸ਼ਕਤੀ ਦਿੱਤੀ। ਜਿਸ ਕਾਰਣ ਹਿੰਦੂਆਂ ਵਿੱਚ ਜੰਗਜੂ ਕੌਮ ਪੈਦਾ
ਹੋਈ। ਇਹ ਲੋਕ ਲੜਨਾ ਨਹੀਂ ਚਾਹੁੰਦੇ ਸਨ, ਲੜ ਸਕਦੇ ਵੀ ਨਹੀਂ ਸਨ ਇਹ ਸਾਰੇ ਹਿੰਦੂ ਹੀ ਸਨ। ਸ਼ਾਇਦ
ਲੜਾਈ ਵਿੱਚ ਹਿੰਦੂ ਡਰੈੱਸ ਯੋਗ ਨਹੀਂ ਹੈ। ਇੱਕ ਖੁੱਲ੍ਹੀ ‘ਧੋਤੀ’ ਖੁੱਲ੍ਹੇ ਗਾਊਨ ਵਿੱਚ ਉਹ ਆਰਾਮ
ਮਹਿਸੂਸ ਕਰਦੇ ਸਨ। ਗਰਮ ਅਤੇ ਹਵਾ ਹਾਰੇ ਵਾਲੇ ਦੇਸ਼ ਵਿੱਚ ਕਦੇ ਸਖ਼ਤ ਕੰਮ ਕਰਨ ਦੀ ਲੋੜ ਨਹੀਂ ਸੀ।
ਧੋਤੀ ਤੋਂ ਪਤਾ ਲੱਗਦਾ ਹੈ। ਪਰ ਅਜਿਹਾ ਪਹਿਰਾਵਾ ਸੈਨਿਕ ਨੂੰ ਨਹੀਂ ਪੁਆਇਆ ਜਾ ਸਕਦਾ। ਨਾਨਕ ਨੇ
ਪਹਿਰਾਵਾ ਬਦਲ ਦਿੱਤਾ। ਧੋਤੀ ਦੀ ਥਾਂ ਤੇ ਸਲਵਾਰ ਬਣਾ ਦਿੱਤੀ, ਇੱਕ ਤਰ੍ਹਾਂ ਦਾ ਪਜਾਮਾ … ਪਰ ਜੰਗ
ਵਿੱਚ ਪਜਾਮਾ ਕਦੇ ਵੀ ਕੇਲਾ ਬਣ ਸਕਦਾ ਹੈ। ਇੱਕ ਮਾੜੀ ਜਿਹੀ ਰੱਸੀ ਨਾਲ ਕੱਸਿਆ ਹੁੰਦਾ ਹੈ।
ਨੀਲਮ ਮੇਰੀਆਂ ਗੱਲਾਂ ਦਾ ਸੁਆਦ ਲੈ ਰਹੀ ਹੈ, ਕਿਉਂਕਿ ਉਹ ਪੰਜਾਬਣ ਹੈ। ਉਹ ਪੰਜਾਬੀਆਂ ਨੂੰ ਜਾਣਦੀ
ਹੈ। ਉਹ ਸਾਰੇ ਬਨਾਨਾਜ਼ (ਕੇਲੇ) ਹਨ। ਇਸ ਲਈ ਨਾਨਕ ਨੇ ਸੋਚਿਆ ਹੋਵੇਗਾ ਕਿ ਇਨ੍ਹਾਂ ਦਾ ਪਹਿਰਾਵਾ
ਬਦਲਿਆ ਜਾਵੇ। ਉਨ੍ਹਾਂ ਦੀ ਸਲਵਾਰ ਕਦੇ ਵੀ ਖਿਸਕ ਸਕਦੀ ਤੇ ਇਸ ਨਾਲ ਬੇਇੱਜ਼ਤੀ ਤੇ ਮਾਯੂਸੀ ਹੋ ਸਕਦੀ
ਹੈ। ਜੰਗ ਵਿੱਚ ਸੈਨਿਕ ਨੰਗਾ ਨਹੀਂ ਖੜ੍ਹਾ ਹੋ ਸਕਦਾ। ਇਹੋ ਜਿਹਾ ਵਿਚਾਰ ਹੋਵੇਗਾ ਕੱਛੇ ਪਿੱਛੇ। ….
. . ਇਨ੍ਹਾਂ ਗੱਲਾਂ ਵਿਚੋਂ ਮੈਂ ਆਪਣੇ ਲੋਕਾਂ ਦੀ ਚੋਣ ਕੀਤੀ …. ਸਾਰੇ ਭਾਰਤ ਵਿੱਚ ਮੈਂ ਆਪਣੇ
ਗਰੁੱਪ ਬਣਾਉਣੇ ਸ਼ੁਰੂ ਕੀਤੇ। ਹੁਣ ਮੇਰੇ ਲਈ ਸਿੱਖ ਮੱਤ, ਹਿੰਦੂ ਜਾਂ ਜੈਨ ਮੱਤ ਉੱਪਰ ਬੋਲਣਾ
ਬੇਲੋੜਾ ਸੀ। ਪਰ ਦਸ ਸਾਲ ਲਗਾਤਾਰ ਮੈਂ ਇਨ੍ਹਾਂ ਉੱਪਰ ਬੋਲਦਾ ਰਿਹਾ। ਸਹਿਜੇ ਸਹਿਜੇ ਜਦੋਂ ਮੇਰੇ
ਆਪਣੇ ਲੋਕ ਹੋ ਗਏ ਮੈਂ ਬੋਲਣਾ ਬੰਦ ਕਰ ਦਿੱਤਾ। ਵੀਹ ਸਾਲ ਸਫ਼ਰ `ਚ ਰਹਿ ਕੇ ਮੈਂ ਸਫ਼ਰ ਕਰਨਾ ਬੰਦ
ਕੀਤਾ। ਕਿਉਂਕਿ ਹੁਣ ਲੋੜ ਹੀ ਨਹੀਂ ਸੀ। ਹੁਣ ਮੇਰੇ ਆਪਣੇ ਲੋਕ ਸਨ। ਦੂਸਰੇ ਆਉਣਾ ਚਾਹੁਣ ਤਾਂ ਮੇਰੇ
ਕੋਲ ਆ ਸਕਦੇ ਸਨ। …. ਕਈ ਸਾਲ ਸੰਨਿਆਸ ਦੇਣ ਤੋਂ ਬਾਅਦ ਕੰਮ ਛੱਡ ਦਿੱਤਾ। ਤਿੰਨ ਸਾਲ ਲਈ। ਇੱਕ
ਅੰਤਰਾਲ ਜਿਸ ਵਿੱਚ ਜੇ ਕੋਈ ਜਾਣਾ ਚਾਹੇ ਤਾਂ ਜਾ ਸਕਦਾ ਸੀ। ਕਿਉਂਕਿ ਮੈਂ ਕਿਸੇ ਦੀ ਜ਼ਿੰਦਗੀ ਵਿੱਚ
ਦਖ਼ਲ ਨਹੀਂ ਸਾਂ ਦੇਣਾ ਚਾਹੁੰਦਾ। (ਰਜਨੀਸ਼ ਬਾਈਬਲ, ਜਿਲਦ 3 ਪੰਨੇ 438 ਤੋਂ 452)
ਰਜਨੀਸ਼ ਦੇ ਉਪਰੋਕਤ ਵਿਚਾਰਾਂ ਦੀ ਰੌਸ਼ਨੀ ਵਿੱਚ ਕੁੱਝ ਸਿੱਟੇ ਨਿੱਕਲਦੇ ਹਨ ਉਹ ਇਹ ਕਿ ਉਸਦੇ
ਵਿਚਾਰਾਂ ਉੱਪਰ ਗੱਲ ਕਰਦਿਆਂ ਕੇਵਲ ‘ਰਜਨੀਸ਼ ਬਾਈਬਲ’ (ਚਾਰ ਜਿਲਦਾਂ) ਨੂੰ ਹੀ ਆਧਾਰ ਬਣਾਉਣਾ ਕਾਫ਼ੀ
ਹੈ। ਦੂਸਰੇ ਧਰਮਾਂ ਅਤੇ ਧਾਰਮਿਕ ਗ੍ਰੰਥਾਂ ਉੱਪਰ ਉਸਦੇ ਲੈਕਚਰ ‘ਫੋਗ’ ਹਨ। ਸਾਰੇ ‘ਫੋਗ’ ਵਿੱਚ
ਕੁੱਝ ਉਸਦੇ ਆਪਣੇ ਵਿਚਾਰ ਹਨ। ‘ਏਕ ਓਂਕਾਰ ਸਤਿਨਾਮ’ ਉੱਪਰ ਲਿਖਦਿਆਂ ਅਸੀਂ ਇਹ ਗੱਲ ਸਿੱਧ ਕਰ
ਚੁੱਕੇ ਹਾਂ। ਉਸਦੇ ਵਿਚਾਰਾਂ ਵਿੱਚ - ਉਹ ਨਾਸਤਿਕ ਹੈ, ਧਰਮਾਂ ਦੇ ਪਚੜਿਆਂ ਤੋਂ ਉੱਪਰ ਹੈ। ਨਰਕ
ਸੁਰਗ ਨੂੰ ਨਹੀਂ ਮੰਨਦਾ। ਪਰ ਅਗਾਂਹ ਉਸਦੇ ਵਿਚਾਰ ਲੰਬੀ ਚਰਚਾ ਮੰਗਦੇ ਹਨ। ਜਿਵੇਂ ਉਹ ਪੁਨਰ ਜਨਮ
ਵਿੱਚ ਵਿਸ਼ਵਾਸ ਰੱਖਦਾ ਹੈ। ਸਮਾਜਿਕ ਸੰਸਥਾਵਾਂ ਦਾ ਵਿਰੋਧੀ ਹੈ। ਅਨਾਰਕਿਸਟ ਹੈ। ਸੰਭੋਗਵਾਦੀ ਹੈ।
ਅਮੀਰ ਜਮਾਤ ਦੇ ਹੱਕ ਵਿੱਚ ਤੇ ਲੋਕ ਵਿਰੋਧੀ ਹੈ। ਮਾਰਕਸਵਾਦ ਦਾ ਕੱਟੜ ਦੁਸ਼ਮਣ ਹੈ। ਜਨਵਰੀ 28,
1985 ਦਾ ਉਸਦਾ ਸਾਰਾ ਲੈਕਚਰ ਇਸ ਸਵਾਲ ਤੇ ਹੈ ਕਿ, “ਤੁਸੀਂ ਕਮਿਊਨਿਜ਼ਮ ਦੇ ਖਿਲਾਫ਼ ਕਿਉਂ ਹੋ?”
ਮੈਰਿਟੋਕੇਸੀ ਨਵਾਂ ਸੰਕਲਪ ਹੈ, ਪਲੈਟੋ ਤੋਂ ਲਿਆ, ਜਿਸ ਰਾਹੀਂ ਅਨਪੜ੍ਹਾਂ ਨੂੰ ਰਾਜ ਤੋਂ ਇੱਕ ਦਮ
ਲਾਂਭੇ ਰੱਖਣ ਦਾ ਚਾਹਵਾਨ ਹੈ। ਉਹ ਤਾਂ ਅੱਖਰਾਂ ਤੋਂ ਕੋਰੇ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਦੇ
ਖਿਲਾਫ਼ ਪੜ੍ਹਾਉਣ ਦਾ ਵਿਰੋਧੀ ਹੈ। ਢਿੱਲੇ ਢਾਲੇ ਕਮਿਊਨ ਚਾਹੁੰਦਾ ਹੈ ਜਿਥੇ ਵਿਅਕਤੀਵਾਦ ਦੀ ਰੱਖਿਆ
ਹੋਵੇ, ਉਹਦੇ ਵਰਗੇ ਭਾਵੇਂ ਡਿਕਟੇਟਰ ਹੋਣ। ਇਹ ਹਜ਼ਾਰਾਂ ਸਾਲ ਪਿੱਛੇ ਜਾਣ ਦੇ ਵਿਚਾਰ ਹਨ। ਇਤਿਹਾਸਕ
ਦ੍ਰਿਸ਼ਟੀ ਤੋਂ ਉਹ ਨਿੱਲ ਹੈ। ਰਾਜਨੀਤੀ ਵਲੋਂ ਕੋਰਾ ਅਨਪੜ੍ਹ ਹੈ। ਫ਼ਿਲਾਸਫ਼ੀ ਨੂੰ ਨਿੱਜੀ
ਸੁੱਖਾਂ-ਸੰਭੋਗਾਂ ਲਈ ਵਰਤਦਾ ਹੈ। ਇਸੇ ਲਈ ਉਹ ਆਪਣੇ ਆਪ ਨੂੰ ‘ਭਗਵਾਨ’ ਤੇ ‘ਓਸ਼ੋ’ ਸਥਾਪਿਤ ਕਰਦਾ
ਹੈ ਜੋ ਇਸਤੋਂ ਪਹਿਲਾਂ ਕਿਸੇ ਨੇ ਨਹੀਂ ਕੀਤਾ। ਆਪਣੇ ਵਿਹਲੜਪੁਣੇ ਨੂੰ ਵੀ ਉਹ ਭਗਤੀ ਦਾ ਨਾਮ ਦਿੰਦਾ
ਹੈ। ਉਪਰਲੇ ਲੈਕਚਰ ਵਿੱਚ ਉਸਦੀ ਜਾਣਕਾਰੀ ਦੀ ਪੋਲ ਵੀ ਖੁੱਲ੍ਹ ਜਾਂਦੀ ਹੈ ਕਿਉਂਕਿ ਉਸ ਨੂੰ ਇਹ
ਨਹੀਂ ਪਤਾ ਕਿ ਪੰਜ ਕਕਾਰ ਗੁਰੂ ਨਾਨਕ ਦੀ ਨਹੀਂ ਸਗੋਂ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ। ਇਹ ਸਾਰੇ
ਵਿਚਾਰਾਂ ਦੀ ਚੀਰਫਾੜ ਤੋਂ ਬਾਅਦ ਹੀ ਰਜਨੀਸ਼ ਬਾਰੇ ਕੋਈ ਰਾਇ ਬਣਾਉਣੀ ਜ਼ਰੂਰੀ ਹੈ।
ਡਾ: ਕਰਮਜੀਤ ਸਿੰਘ