ਪ੍ਰਮੇਸ਼ਰ ਦੀ ਸਾਜੀ ਸ਼੍ਰਿਸ਼ਟੀ ਵਿੱਚ ਸੰਸਾਰ ਦਾ ਹਰ ਪ੍ਰਾਣੀ ਕਿਸੇ ਨਾ ਕਿਸੇ
ਰੂਪ ਵਿੱਚ ਲੋੜਾਂ ਅਤੇ ਥੁੜਾਂ ਦਾ ਮਾਰਿਆ ਹੋਇਆ ਹੈ। ਇਨ੍ਹਾਂ ਦੀ ਪੂਰਤੀ ਲਈ ਆਪਣੇ-ਆਪਣੇ ਵਿੱਤ
ਅਨੁਸਾਰ ਯਤਨਸ਼ੀਲ ਹੈ। ਪ੍ਰੰਤੂ ਮਨੁੱਖ ਦੀ ਬਿਰਤੀ ਬਾਕੀ ਜੀਵਾਂ ਤੋਂ ਕੁੱਝ ਹਟਕੇ ਹੈ। ਮਨੁੱਖ ਬਾਕੀ
ਜੀਵਾਂ ਵਾਂਗ ਕੇਵਲ ਲੋੜਾਂ ਦੀ ਪੂਰਤੀ ਤਕ ਸੀਮਤ ਨਾ ਰਹਿ ਕੇ ਭੰਡਾਰ ਕਰਨ ਦੇ ਯਤਨ ਵੀ ਕਰਦਾ ਹੈ,
ਪ੍ਰੰਤੂ ਫਿਰ ਵੀ ਸਫਲ ਨਹੀ ਹੋ ਪਾਉਦਾਂ। ਇਸ ਵਿਸ਼ੇ ਉਪਰ ਜਦੋਂ ਅਸੀਂ ਗੁਰਬਾਣੀ ਵਿਚੋਂ ਗਿਆਨ ਲੈਣ ਦੀ
ਕੋਸ਼ਿਸ਼ ਕਰਦੇ ਹਾਂ ਤਾਂ ਗੁਰਬਾਣੀ ਸਾਨੂੰ ਅਗਵਾਈ ਦਿੰਦੀ ਹੈ ਕਿ ਸਾਰੇ ਭੰਡਾਰਿਆਂ ਦਾ ਮਾਲਕ ਕੇਵਲ
ਇੱਕ ਅਕਾਲਪੁਰਖ ਹੀ ਹੈ। ਉਸ ਦੇ ਭਰੇ ਖਜ਼ਾਨਿਆਂ ਵਿਚੋਂ ਸਭ ਤੋਂ ਵੱਡਾ ਖਜ਼ਾਨਾ ਉਸ ਮਾਲਕ ਦੇ ਗੁਣਾਂ
ਦਾ ਹੈ। ਜਿਸ ਨੂੰ ਕਿਸੇ ਵੀ ਮਨੁੱਖ ਵਲੋ ਪੂਰਨ ਤੌਰ ਤੇ ਬਿਆਨ ਕਰਨਾ ਵੀ ਮੁਸ਼ਕਲ ਹੈ। ਇਸ ਸਬੰਧੀ
ਰਹਰਾਸਿ ਸਾਹਿਬ ਦੀ ਬਾਣੀ ਰਾਹੀਂ ਗੂਰੂ ਨਾਨਕ ਸਾਹਿਬ ਸੇਧ ਬਖਸ਼ਿਸ਼ ਕਰਦੇ ਹਨ-
ਆਖਣ ਵਾਲਾ ਕਿਆ ਵੀਚਾਰਾ।।
ਸਿਫਤੀ ਭਰੇ ਤੇਰੇ ਭੰਡਾਰਾ।। (੯)
ਬਾਕੀ ਦੁਨੀਆਦਾਰਾਂ ਦੇ ਭੰਡਾਰਿਆਂ ਦੇ ਮੁਕਾਬਲੇ ਪ੍ਰਭੂ ਅਣਗਿਣਤ ਭੰਡਾਰਿਆਂ
ਦਾ ਮਾਲਕ ਹੈ। ਦੁਨਿਆਵੀ ਰਾਜ ਭਾਗਾਂ ਵਾਲਿਆਂ ਦੇ ਖਜਾਨੇ ਤਾਂ ਖਰਚਿਆਂ ਕਦੀ ਨਾ ਕਦੀ ਜਰੂਰ ਖਤਮ ਹੋ
ਜਾਣਗੇ। ਪਰ ਪ੍ਰਮੇਸ਼ਰ ਨੇ ਅਪਣੇ ਭੰਡਾਰਿਆਂ ਵਿੱਚ “ਜੋ ਕਿਛੁ ਪਾਇਆ ਸੁ ਏਕਾ ਵਾਰ” (੭) ਹੀ
ਇੰਨ੍ਹਾਂ ਭਰ ਦਿਤਾ ਹੈ ਕਿ ਉਨ੍ਹਾਂ ਨੂੰ ਵਰਤਣ ਵਾਲੇ ਮੁੱਕ ਜਾਣਗੇ। ਪਰ ਉਹ ਖਜ਼ਾਨੇ ਕਦੀ ਵੀ ਖਾਲੀ
ਨਹੀ ਹੋਣਗੇ। ਗੁਰੂ ਅਰਜਨ ਸਾਹਿਬ ਦਾ ਫੁਰਮਾਣ ਹੈ-
ਦਦਾ ਦਾਤਾ ਏਕੁ ਹੈ ਸਭ ਕਉ ਦੇਵਣਹਾਰ।।
ਦੇਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ।। (੨੫੭)
ਪ੍ਰਭੂ ਦੇ ਨੱਕਾ ਨਕ ਭਰੇ ਹੋਏ ਭੰਡਾਰਿਆਂ ਨਾਲ ਸਾਂਝ ਪਾਉਣ ਲਈ ਮਨੁਖ ਨੂੰ
ਵਿਚਾਰਣ ਦੀ ਲੋੜ ਹੈ ਕਿ ਮਾਲਕ ਦੀ ਸਿਫਤ ਸਲਾਹ ਦੇ ਖਜ਼ਾਨੇ ਦਾ ਟਿਕਾਣਾ ਕਿਥੇ ਹੈ? ਪ੍ਰਮੇਸ਼ਰ ਨੇ ਹਰ
ਹਿਰਦੇ ਵਿੱਚ ਆਪਣੇ ਆਪ ਨੂੰ ਟਿਕਾਇਆ ਹੋਇਆ ਹੈ।
ਮਨੁੱਖ ਵਲੋਂ ਉਸ ਖਜ਼ਾਨੇ ਤਕ ਪਹੁੰਚਣ ਲਈ ਮਨ ਨੂੰ ਲਗੇ ਹੋਏ ਅਗਿਆਨਤਾ ਰੂਪੀ
ਤਾਲੇ ਨੂੰ ਖੋਲਣਾ ਜਰੂਰੀ ਹੈ। ਸ਼ਬਦ ਗੁਰੂ ਦੇ ਗਿਆਨ ਤੋਂ ਸੱਖਣਾ ਮਨੁੱਖ ਹਨੇਰੇ ਵਿੱਚ ਹੱਥ ਪੈਰ
ਮਾਰਦਾ ਹੋਇਆ ਅਨੇਕਾਂ ਯਤਨ ਕਰਦਾ ਹੈ। ਅਖੀਰ ਹਾਰ ਕੇ ਗੁਰੂ ਦੀ ਸ਼ਰਨ ਵਿੱਚ ਆਉਣ ਤੇ ਪਤਾ ਲਗਦਾ ਹੈ
ਕਿ ਇਸ ਖਜ਼ਾਨੇ ਦੀ ਕੁੰਜੀ ਤਾਂ ਗੁਰੂ ਦੇ ਪਾਸ ਹੀ ਹੈ-
ਜਿਸ ਕਾ ਗ੍ਰਿਹ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ।।
ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ।। (੨੦੫)
ਇਸੇ ਪਰਥਾਇ ਹੋਰ ਗੁਰਵਾਕ ਹਨ-
ਗੂਰ ਕੁੰਜੀ ਪਾਹੁ ਨਿਵਲੁ ਮਨੁ ਕੋਠਾ ਤਨੁ ਛਤਿ।।
ਨਾਨਕ ਗੁਰ ਬਿਨ ਮਨ ਕਾ ਤਾਕੁ ਨ ਉਘੜੈ
ਅਵਰ ਨ ਕੁੰਜੀ ਹਥਿ।। (੧੨੩੭)
ਗੁਰੂ ਕ੍ਰਿਪਾ ਨਾਲ ਮਨੁੱਖ ਅਗਿਆਨਤਾ ਰੂਪੀ ਹਨੇਰੇ ਵਿਚੋਂ ਨਿਕਲ ਕੇ ਗਿਆਨ
ਦੇ ਪ੍ਰਕਾਸ਼ ਵਿੱਚ ਆਉਂਦਾ ਹੈ। ਪ੍ਰਮੇਸ਼ਰ ਦੀ ਸਿਫਤ ਸਲਾਹ ਦੇ ਭਰੇ ਭੰਡਾਰਿਆਂ ਨੂੰ ਸਮਝ ਕੇ ਮਾਲਕ ਦੇ
ਗੁਣ ਗਾਣ ਨਾਲ ਜੁੜ ਜਾਂਦਾ ਹੈ।। ਐਸਾ ਮਨੁੱਖ ਫਿਰ ਸਹੀ ਅਰਥਾਂ ਵਿੱਚ “ਹਮ ਧਨਵੰਤ ਭਾਗਠ ਸਚ
ਨਾਇ।। ਹਰਿ ਗੁਣ ਗਾਵਹ ਸਹਜ ਸੁਭਾਇ” (੧੮੫) ਦੇ ਮਾਰਗ ਦਾ ਪਾਂਧੀ ਬਣ ਜਾਂਦਾ ਹੈ। ਗੁਰੂ ਗਿਆਨ
ਰੂਪੀ ਕੁੰਜੀ ਦੁਆਰਾ ਮਾਲਕ ਦੇ ਭਰੇ ਖਜ਼ਾਨਿਆਂ ਨਾਲ “ਸਿਫਤੀ ਗੰਢ ਪਵੈ ਦਰਬਾਰਿ।। “ (੧੪੩)
ਪਾ ਲੈਦਾ ਹੈ ਅਤੇ ਸਹੀ ਅਰਥਾਂ ਵਿੱਚ ਧਨਵਾਨ ਬਣ ਜਾਂਦਾ ਹੈ।
ਸਿਫਤਿ ਜਿਨਾ ਕਉ ਬਖਸ਼ੀਐ ਸੇਈ ਪੋਤੇਦਾਰ।।
ਕੁੰਜੀ ਜਿਨ ਕਉ ਦਿਤੀਅਨ ਤਿਨਾ ਮਿਲੇ ਭੰਡਾਰ।। (੧੨੩੯)
ਮਾਲਕ ਦੇ ਸਿਫਤ ਸਲਾਹ ਰੂਪੀ ਭੰਡਾਰਿਆਂ ਨਾਲ ਸਾਂਝ ਪਾਉਣ ਲਈ ਉਸਦਾ ਗੁਣਗਾਣ
ਕਰਨਾ ਹੀ ਇਕੋ ਇੱਕ ਰਸਤਾ ਹੈ। ਗੁਰਬਾਣੀ ਰਾਹੀਂ ਸਾਨੂੰ ਸਮਝ ਪੈਂਦੀ ਹੈ ਕਿ ਇਹ ਲੋੜ ਪ੍ਰਮਾਤਮਾ ਦੀ
ਨਹੀ ਸਗੋਂ ਮਨੁੱਖ ਦੀ ਹੈ। ਕੋਈ ਗੁਣਗਾਣ ਕਰੇ ਜਾਂ ਨਾ ਕਰੇ ਉਸ ਮਾਲਕ ਨੂੰ ਕੋਈ ਫਰਕ ਨਹੀ ਪੈਦਾ।
ਜੇਕਰ ਦੁਨੀਆਂ ਦੇ ਸਾਰੇ ਮਨੁੱਖ ਪ੍ਰਭੂ ਨੂੰ ਵੱਡਾ-ਵੱਡਾ ਜਾਂ ਛੋਟਾ-ਛੋਟਾ ਵੀ ਕਹਿਣ ਲਗ ਪੈਣ ਉਸ
ਨੂੰ ਕੋਈ ਵਾਧਾ ਜਾਂ ਘਾਟਾ ਨਹੀ ਪੈਂਦਾ। ਗੁਰੂ ਨਾਨਕ ਸਾਹਿਬ ਬਚਨ ਕਰਦੇ ਹਨ-
ਜੇ ਸਭਿ ਮਿਲਿ ਕੈ ਆਖਣ ਪਾਇ।।
ਵਡਾ ਨ ਹੋਵੈ ਘਾਟਿ ਨ ਜਾਇ।। (੯)
ਇਸੇ ਸਬੰਧ ਵਿੱਚ ‘ਬਾਰਹਮਾਹ ਮਾਝ` ਦੇ ਫਲਗੁਣਿ ਮਹੀਨੇ ਦੀ ਵਿਚਾਰ ਰਾਹੀਂ
ਗੁਰੂ ਅਰਜਨ ਸਾਹਿਬ ਸਾਨੂੰ ਅਗਵਾਈ ਦਿੰਦੇ ਹਨ ਕਿ ਪ੍ਰਭੂ ਨੂੰ ਆਪਣੀ ਵਡਿਆਈ ਕਰਾਉਣ ਦਾ ਕੋਈ ਲਾਲਚ
ਨਹੀ ਹੈ। ਇਹ ਲੋੜ ਸਾਡੀ ਹੈ।
ਜਿਹੜਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਇ।।
ਫਲਗੁਣਿ ਨਿਤੁ ਸਲਾਹੀਐ ਜਿਸ ਨੋ ਤਿਲੁ ਨ ਤਮਾਇ।। (੧੩੬)
ਜੋ ਵੀ ਮਨੁੱਖ ਇਸ ਸਿਫਤ ਸਲਾਹ ਰੂਪੀ ਰਸਤੇ ਦੀ ਵਰਤੋਂ ਕਰਦੇ ਹਨ “ਸੁ
ਏਤੁ ਖਜਾਨੈ ਲਇਆ ਰਲਾਇ” (੧੮੫) ਦੇ ਭਾਈਵਾਲ ਬਣ ਜਾਂਦੇ ਹਨ। ਇਨ੍ਹਾਂ ਭੰਡਾਰਿਆਂ ਨੂੰ ਜਿਥੇ ਉਹ
ਆਪ ਵਰਤਦੇ ਹਨ ਉਥੇ ਹੋਰਾਂ ਨਾਲ ਰਲ ਮਿਲ ਕੇ ਵਰਤਣ ਦੀ ਜਾਚ ਸਿਖ ਲੈਂਦੇ ਹਨ। ਪਿਉ ਦਾਦੇ ਦੇ ਇਸ
ਖਜ਼ਾਨੇ ਨੂੰ ਵਰਤਣ ਵਾਲੇ ਇੱਕ ਦਿਨ ਪਾਤਸ਼ਾਹਾਂ ਦੇ ਪਾਤਸ਼ਾਹ ਦੀ ਪਦਵੀ ਤਕ ਪਹੁੰਚ ਜਾਂਦੇ ਹਨ-
ਜਿਸ ਨੋ ਬਖਸੇ ਸਿਫਤਿ ਸਲਾਹ।।
ਨਾਨਕ ਪਾਤਿਸਾਹੀ ਪਾਤਿਸਾਹੁ।। (੫)
‘ਸਿਫਤੀ ਭਰੇ ਤੇਰੇ ਭੰਡਾਰਾ` (੯) ਨਾਲ ਸਾਂਝ ਪਾਉਣ ਵਾਲਿਆਂ ਉਤੇ
ਪ੍ਰਮੇਸ਼ਰ ਐਸੀ ਕ੍ਰਿਪਾ ਕਰਦਾ ਹੈ ਕਿ ਉਹ ਜਗਿਆਸੂ ਮਾਲਕ ਦੇ ਖਜ਼ਾਨੇ ਨਾਲ ਇੱਕ ਮਿਕ ਹੋ ਜਾਂਦੇ ਹਨ,
ਨਿਮਾਣਿਆਂ ਨੂੰ ਮਾਣ ਮਿਲ ਜਾਂਦਾ ਹੈ, ਸਾਰਾ ਸੰਸਾਰ ਉਹਨਾਂ ਦੀ ਵਡਿਆਈ ਦਾ ਗੁਣਗਾਣ ਕਰਦਾ ਹੈ। ਇਸ
ਪ੍ਰਥਾਇ ਸੂਹੀ ਰਾਗ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਹਨ-
ਰਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣ ਦਿਵਾਏ।।
ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ
ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ।। (੭੩੫)
ਪ੍ਰਮੇਸ਼ਰ ਨੇ ਜੀਵਨ ਤਾਂ ਸਰਿਆਂ ਨੂੰ ਦਿਤਾ ਹੈ। ਜੀਵਨ ਨੂੰ ਚਲਦਾ ਰਖਣ ਲਈ
ਸਵਾਸਾਂ ਰੂਪੀ ਪੂੰਜੀ ਵੀ ਦਿਤੀ ਹੈ। ਪਰ ਵੇਖਣ ਵਿੱਚ ਆਉਂਦਾ ਹੈ ਕਿ ਬਹੁਗਿਣਤੀ ਮਨੁੱਖ ਦੇਣ ਵਾਲੇ
ਦੇ ਸ਼ੁਕਰਾਨੇ ਨੂੰ ਭੁੱਲ ਕੇ “ਇਹ ਜਗ ਮਿੱਠਾ ਅਗਲਾ ਕਿਨ ਡਿੱਠਾ” ਦੀ ਸੋਚ ਦੇ ਧਾਰਨੀ ਬਣ ਕੇ
ਜੀਵਨ ਬਤੀਤ ਕਰੀ ਜਾਂਦੇ ਹਨ। ਗੁਰਬਾਣੀ ਦੇ ਦੱਸੇ ਸਿਫਤ ਸਲਾਹ ਰਾਹੀਂ ‘ਕੂੜਿਆਰ ਤੋਂ ਸਚਿਆਰ` ਮਾਰਗ
ਦੇ ਪਾਂਧੀ ਬਨਣ ਦੀ ਬਜਾਏ ਕੇਵਲ ਦੁਨੀਆਦਾਰੀ ਤਕ ਹੀ ਸੀਮਤ ਰਹਿ ਜਾਂਦੇ ਹਨ। ਐਸੇ ਮਨੁੱਖਾਂ ਨੂੰ ਸੇਧ
ਦੇਣ ਲਈ ਗੁਰਬਾਣੀ ਦੇ ਅਕੱਟ ਨਿਰਣੇ ਸਾਡੇ ਸਾਹਮਣੇ ਹਨ। ਪ੍ਰਮੇਸ਼ਰ ਦੇ ਦਰ ਘਰ ਵਿੱਚ ਇਨਸਾਫ ਕੇਵਲ
ਸੱਚ ਦੇ ਅਧਾਰ ਉਪਰ ਹੀ ਹੋਣਾ ਹੈ। ਖਰੇ ਜੀਵਨ ਵਾਲੇ ਹੀ ਮਾਲਕ ਪ੍ਰਭੂ ਦੇ ਸਿਫਤ ਸਲਾਹ ਰੂਪੀ ਖਜ਼ਾਨੇ
ਨੂੰ ਪ੍ਰਾਪਤ ਕਰ ਸਕਣਗੇ। ਖੋਟੇ ਜੀਵਨ ਵਾਲੇ ਪ੍ਰਭੂ ਦਰ ਤੋਂ ਬਾਹਰ ਫਿਰ ਚੌਰਾਸੀ ਲੱਖ ਜੂਨਾਂ ਵਿੱਚ
ਧੱਕ ਦਿਤੇ ਜਾਣਗੇ।
ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰ ਕਢੋਇ।।
ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ।। (੮੯)
ਇਸ ਲਈ ਸਾਨੂੰ ਚਾਹੀਦਾ ਹੈ ਕਿ “ਸਿਫਤ ਸਲਾਹਨ ਛਡਿ ਕੈ ਕਰੰਗੀ ਲਗਾ
ਹੰਸੁ” (੭੯੦) ਵਾਲੀ ਬਿਰਤੀ ਦਾ ਤਿਆਗ ਕਰਕੇ, ਬਿਨਾ ਕਿਸੇ ਲਾਲਚ ਤੋਂ, ਡਰ ਤੋਂ ਰਹਿਤ ਹੋ ਕੇ,
ਨਿਸ਼ਕਾਮ ਭਾਵ ਨਾਲ, ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੱਟ ਜਾਈਏ। ਗੁਰੂ ਤੇ ਭਰੋਸਾ ਰੱਖੀਏ। ਸਿਫਤ
ਸਲਾਹ ਕਰਨਯੋਗ ਪ੍ਰਮੇਸ਼ਰ ਦੀ ਵਡਿਆਈ ਵਿੱਚ ਲਗ ਕੇ “ਤੂ ਸਚਾ ਸਾਹਿਬੁ ਸਿਫਤਿ ਸੁਆਲਿੳ ਜਿਨਿ ਕੀਤੀ
ਸੋ ਪਾਰ ਪਇਆ” (੪੬੯) ਰਾਹੀਂ ਵਿਸ਼ੇ ਵਿਕਾਰਾਂ ਰੂਪੀ ਸੰਸਾਰ ਸਮੁੰਦਰ ਨੂੰ ਪਾਰ ਕਰਕੇ ਮਨੁੱਖਾ
ਜੀਵਨ ਸਫਲ ਕਰ ਲਈਏ। ਇਹ ਇਕੋ ਇੱਕ ਸਾਧਨ ਹੀ “ਸਿਫਤੀ ਭਰੇ ਤੇਰੇ ਭੰਡਾਰਾ” (੯) ਦੇ ਮਾਲਕ
ਨਾਲ ਜੁੜਣ ਵਿੱਚ ਸਹਾਈ ਹੋ ਸਕਦਾ ਹੈ।
ਇਸ ਦੇ ਨਾਲ-ਨਾਲ ਇਹ ਵੀ ਯਾਦ ਰੱਖੀਏ ਕਿ ਉਸ ਮਾਲਕ ਦੇ ਗੁਣਾਂ ਦਾ ਅੰਤ ਨਾ
ਕੋਈ ਪਾ ਸਕਿਆ ਹੈ ਅਤੇ ਨਾ ਹੀ ਸਾਡੇ ਕੋਲੋ ਪਾਇਆ ਜਾ ਸਕੇਗਾ। ਅਸੀਂ ਕੇਵਲ ਗੁਰੂ ਤੇ ਅਟਲ ਵਿਸ਼ਵਾਸ
ਰੱਖਦੇ ਇਹੀ ਆਖੀਏ-
ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ।।
ਤ੍ਰਮਰੀ ਮਹਿਮਾ ਬਰਨਿ ਨ ਸਾਕਉ ਤੂ ਠਾਕੁਰ ਊਚ ਭਗਵਾਨਾ।। (੭੩੪)
ਬਸ ਲੋੜ ਹੈ ਕਿ ਉਸਦੇ ਗੁਣਾਂ ਨੂੰ ਗਾਉਂਦੇ-ਗਾਉਂਦੇ ਸਿਫਤ ਕਰਨਯੋਗ ਮਾਲਕ ਦੇ
“ਭਰੇ ਭੰਡਾਰ ਅਖੂਟ ਅਤੋਲ” (੧੮੫) ਨਾਲ ਸਾਂਝ ਪਾਉਣ ਵਾਸਤੇ ਪ੍ਰਮੇਸ਼ਰ ਦੇ ਨਾਮ ਦੀ ਪ੍ਰਾਪਤੀ
ਲਈ ਮਨ ਵਿੱਚ ਚਾਉ ਪੈਦਾ ਕਰਕੇ ਇਹੀ ਅਰਦਾਸ ਕਰੀਏ-
ਵਿਸਰੁ ਨਾਹੀ ਦਾਤਾਰ ਅਪਣਾ ਨਾਮ ਦੇਹ।।
ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ।। (੭੬੨)