“ਰਾਮਕਲੀ ਕੀ ਵਾਰ, ਅਰਥ ਭਾਵ ਉਚਾਰਨ ਸੇਧਾਂ ਸਹਿਤ”
ਰਾਮਕਲੀ ਕੀ ਵਾਰ ਭਾਗ ੧
ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
ਰਾਇ ਬਲਵੰਡਿ- (ਨਾਂਵ ਕਰਤਾ ਕਾਰਕ ਇਕਵਚਨ) ਬਲਵੰਡ ਰਾਏ ਨੇ।
ਤਥਾ- ਅਤੇ। ਸਤੈ ਡੂਮਿ- (ਨਾਂਵ ਕਰਤਾ ਕਾਰਕ) ਸਤੇ ਰਬਾਬੀ ਨੇ। ਆਖੀ- ਉਚਾਰਣ ਕੀਤੀ।
ੴ ਸਤਿਗੁਰਪ੍ਰਸਾਦਿ॥
ਉਚਾਰਣ- ਇਕ ( ਏਕ) ਉਅੰਕਾਰ
ਅਰਥ :
ਇਕ ਰਸ ਵਿਆਪਕ ਪ੍ਰਭੂ ਦਾ ਮਿਲਾਪ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦਾ ਹੈ।
“ਨਾਉ ਕਰਤਾ ਕਾਦਰੁ ਕਰੇ, ਕਿਉ ਬੋਲੁ ਹੋਵੈ ਜੋਖੀਵਦੈ॥
ਉਚਾਰਨ ਸੇਧ
ਬਿੰਦੀ ਸਹਿਤ ਉਚਾਰਣ, ਨਾਉਂ ਕਿਉਂ ,ਜੋ ਖੀਂਵਦੈ।
ਪਦ ਅਰਥ
ਨਾਉ-ਨਾਮ (ਸੰਸਕ੍ਰਿਤ) ਸੰਗਿਆ। ਜੋਖੀਵਦੈ-ਤੋਲਣ ਜੋਗ। ਕਰਤਾ- ਕਰਣਹਾਰ , ਕਰਤਾਰ
ਅਰਥ:
ਕਰਨਹਾਰ ਕਰਤਾਰ (ਜਿਸ ਦੇ) ਨਾਮ ਨੂੰ (ਉਚਾ) ਕਰ ਦੇਵੇ, ਉਸ ਦਾ ਬੋਲ ਕਿਵੇਂ ਤੋਲਣ ਜੋਗ ਹੋ ਸਕਦਾ
ਹੈ।
“ਦੇ ਗੁਨਾ ਸਤਿ ਭੈਣ ਭਰਾਵ ਹੈ, ਪਾਰੰਗਤਿ ਦਾਨੁ ਪੜੀਵਦੈ॥
ਉਚਾਰਣ ਸੈਧ
ਬਿੰਦੀ ਸਹਿਤ: ਹੈਂ .ਪੜੀਂਵਦੈ।
ਪਦ ਅਰਥ:
ਦੇ-ਗੁਨਾ-ਦੈਵੀ ਗੁਣ (ਸ਼ੁਭ ਗੁਣ)। ਸਤਿ-ਸਚ ਨਾਮ। ਪਾਰੰਗਤਿ- ਆਤਮ ਅਵਸਥਾ। ਪੜੀਵਦੈ- ਪੈਣ ਨਾਲ।
ਅਰਥ:
(ਸਤਿ ,ਸੰਤੋਖ ਆਦਿਕ) ਸ਼ੁਭ ਗੁਣ ਸਚ-ਨਾਮ ਦੇ ਸੱਕੇ ਭੈਣ ਭਰਾ (ਸਾਕ ਸੰਬੰਧੀ) ਹਨ। (ਸਤਿਗੁਰ
ਤੋਂ) ਯਾਦ ਰੂਪ ਦਾਨ (ਝੋਲੀ) ਪੈਣ ਨਾਲ ਆਤਮਿਕ ਪਰਮ- ਗਤੀ ਹੋ ਜਾਂਦੀ ਹੈ।
“ਨਾਨਕਿ ਰਾਜੁ ਚਲਾਇਆ, ਸਚੁ ਕੋਟੁ ਸਤਾਣੀ ਨੀਵ ਦੈ॥
ਬਿੰਦੀ ਸਹਿਤ: ਨੀਂਵ ਦੈ
ਨਾਨਕਿ - (ਨਾਂਵ ਕਰਤਾ ਕਾਰਕ ਇਕਵਚਨ) ਨਾਨਕ ਨੇ। ਕੋਟੁ-(ਨਾਂਵ ਪੁਲਿੰਗ ਇਕਵਚਨ) ਕਿਲ੍ਹਾ।
ਸਤਾਣੀ- ਬਲ ਵਾਲੀ ਦੈ- ਦੇ ਕੇ।
ਅਰਥ:
(ਗੁਰੂ) ਨਾਨਕ ਨੇ ਆਤਮ ਦਾਨ ਪ੍ਰਦਾਨ ਕਰਨ ਲਈ ਰੂਹਾਨੀ ਰਾਜ ਚਲਾਇਆ।ਸਤ ਰੂਪ ਕਿਲ੍ਹਾ ਉਸਾਰ ਕੇ
(ਉਸ ਦੀ) ਨੀਂਹ ਬਲ ਵਾਲੀ ਰਖੀ।
“ਲਹਣੇ ਧਰਿਓਨੁ ਛਤੁ ਸਿਰਿ, ਕਰਿ ਸਿਫਤੀ ਅੰਮ੍ਰਿਤੁ ਪੀਵਦੈ॥
ਉਚਾਰਨ ਸੇਧ:
ਬਿੰਦੀ ਸਹਿਤ : ਪੀਂਵਦੈ , ਸਿਫਤੀ-ਬਿੰਦੀ ਰਹਿਤ।
ਧਰਿਓਨੁ- ਉਸ ਗੁਰੂ ਨਾਨਕ ਨੇ ਧਰਿਆ। ਸਿਰਿ- (ਨਾਂਤ ਆਪਾਦਾਨ ਕਾਰਕ) ਸਿਰ ਉੱਤੇ। ਪੀਵਦੈ- ਪੀ
ਰਹੇ।
ਅਰਥ:
ਉਸ (ਗੁਰੂ ਨਾਨਕ ਦੇਵ ) ਨੇ (ਪਰਮਾਤਮਾ) ਦੀ ਸਿਫ਼ਤਿ-ਸਾਲਾਹ ਕਰ ਕੇ (ਲਗਾਤਾਰ) ਯਾਦ ਰੂਪ
ਅੰਮ੍ਰਿਤ ਪੀ ਰਹੇ (ਭਾਈ) ਲਹਣਾ ਦੇ ਸਿਰ ਉੱਤੇ (ਗੁਰਿਆਈ ਦਾ) ਛਤਰ ਧਰਿਆ।
“ਮਤਿ, ਗੁਰ ਆਤਮ-ਦੇਵ ਦੀ, ਖੜਗਿ ਜੋਰਿ ਪਰਾਕੁਇ ਜੀਅ ਦੈ॥
ਜੋਰਿ-ਜ਼ੋਰ
ਗੁਰ- ਗੁਰੂਆਂ ਗੁਰੂ। ਆਤਮਾ ਦੇਵ- ਪਰਮਾਤਮਾ ਦੀ। ਖੜਗਿ ਜੋਰਿ- ਗਿਆਨ ਖੜਗ ਦੇ ਜ਼ੋਰ ਨਾਲ।
ਪਰਾਕੁਇ- ਬਲ ਨਾਲ।
ਅਰਥ :
ਗਿਆਨ ਖੜਗ ਅਤੇ ਆਤਮ ਬਲ ਦੁਆਰਾ (ਲਹਿਣਾ ਜੀ ਨੂੰ) ਨਾਮ ਦਾ ਦਾਨ ਦੇ ਕੇ, ਜੋਤਿ ਸਰੂਪ ਵਾਹਿਗੁਰੂ
ਦੀ ਮਤਿ ਦ੍ਰਿੜ ਕਰਾਈ।
“ਗੁਰਿ, ਚੇਲੇ ਰਹਰਾਸਿ ਕੀਈ, ਨਾਨਕਿ ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ ਜੀਵਦੈ॥੧॥
ਬਿੰਦੀ ਸਹਿਤ- ਥੀਂਵਦੈ, ਜੀਂਵਦੈ
ਵਿਸ਼ੇਸ਼ ਧੁਨੀ- ਸ਼ਹਿ
ਚੇਲੇ- (ਭਾਈ ਲਹਿਣਾ ਜੀ ( ਚੇਲੇ ਨੂੰ (ਸੰਪ੍ਰਦਾਨ ਕਾਰਕ) ਰਹਰਾਸਿ- ਨਮਸਕਾਰ ( ਰਹਿਰਾਸਿ-ਉਚਾਰਨ
ਠੀਕ ਨਹੀਂ) ਥੀਵਦੈ-ਹੁੰਦਿਆ। ਸਹਿ-ਮਾਲਕ ਨੇ ।ਟਿਕਾ-ਗੁਰੂ ਟਿਕਾ ਭਾਵ ਥਾਪਨਾ ਕਰ ਦਿਤੀ। ਜੀਵਦੈ-
ਜੀਊਂਦਿਆਂ ਹੀ।
ਅਰਥ:
ਗੁਰੂ ਨਾਨਕ ਨੇ ਸਹੀ ਸਲਾਮਤਿ ਹੁੰਦਿਆਂ(ਜੀਊਂਦਿਆ) ਆਪਣੇ ਚੇਲੇ (ਲਹਿਣਾ ਜੀ) ਨੂੰ ਨਮਸ਼ਕਾਰ
ਕੀਤੀ। ਮਾਲਕ ਗੁਰੂ ਨਾਨਕ ਨੇ ਆਪਣੇ ਜੀਊਂਦਿਆਂ ਹੀ (ਗੁਰਿਆਈ) ਦਾ ਤਿਲਕ (ਭਾਈ ਲਹਿਣਾ ਜੀ ਨੂੰ)
ਦਿਤਾ। ਭਾਵ ਜੋਤਿ ਟਿਕਾਈ।੧।
“ਲਹਣੇ ਦੀ ਫੇਰਾਇਐ, ਨਾਨਕਾ ਦੋਹੀ ਖਟੀਐ॥
ਲਹਿਣੇ ਦੀ-ਭਾਈ ਲਹਣਾ ਜੀ ਦੀ।ਫੇਰਾਈਐ-ਫੇਰਾਈ ਗਈ। ਦੋਈ- ਵਡਿਆਈ ਦੀ ਧੁੰਮ। ਖਟੀਐ- ਖੱਟੀਐ,
ਪ੍ਰਾਪਤ ਕੀਤੀ
ਅਰਥ :
(ਗੁਰੂ) ਨਾਨਕ ਦੇਵ ਜੀ ਦੀ ਖਟੀ ਹੋਈ ਵਡਿਆਈ ਸਦਕਾ ਲਹਣਾ ਜੀ ਗੁਰੂ ਜੋਤਿ ਦੇ ਵਾਰਿਸ ਬਣਨ ਦੀ
ਧੁੰਮ ਸਭ ਪਾਸੇ ਫੈਲ ਰਹੀ ਹੈ।
“ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ।
ਬਿੰਦੀ ਸਹਿਤ : ਕਾਇਆਂ
ਬਲ ਧੁਨੀ (ਅੱਧਕ) ਸਹਿਤ- ਪਲੱਟੀਐ।
ਜੁਗਤਿ- ਜੀਵਨ ਜੁਗਤੀ। ਸਾਇ- (ਇਸਤਰੀ ਲਿੰਗ ਪੜਨਾਂਵ) ਉਹ ਹੀ। ਸਹਿ- ਮਾਲਕ ਗੁਰੂ ਨਾਨਕ ਸਾਹਿਬ
ਨੇ। ਕਾਇਆ-ਸਰੀਰ। ਪਲਟੀਐ-ਬਦਲ ਲਈ ਹੈ।
ਅਰਥ:
ਗੁਰ- ਗੱਦੀ ਪ੍ਰਾਪਤ ਹੋਣ ਉਪਰੰਤ ਗੁਰੂ ਅੰਗਦ ਸਾਹਿਬ ਜੀ ਵਿਚ ਉਹੀ ਗੁਰੂ ਨਾਨਕ ਸਾਹਿਬ ਵਾਰੀ
ਗੁਰ ਜੋਤਿ ਪ੍ਰਕਾਸ਼ਮਾਨ ਹੈ, ਜਗਿਆਸੂਆਂ ਨੂੰ ਜੀਵਨ ਜੁਗਤੀ ਦੇਣ ਦੀ ਪਰੰਪਰਾ ਵੀ ਉਹੋ ਹੀ ਹੈ। ਮਾਲਕ
ਗੁਰੂ ਨਾਨਕ ਸਾਹਿਬ ਨੇ ਕੇਵਲ ਸਰੀਰ ਹੀ ਵਟਾਇਆ ਹੈ।
“ਝੁਲੈ ਸੁ ਛਤੁ ਨਿਰੰਜਨੀ, ਮਲਿ ਤਖਤੁ ਬੈਠਾ ਗੁਰ ਹਟੀਐ॥
ਅਧੱਕ ਸਹਿਤ: ਮੱਲ,ਹੱਟੀਐ।
ਨਿਰੰਜਨੀ- ਰਬੀ ਛੱਤਰ। ਮਲਿ ਤਖਤੁ- ਗੁਰੂ ਸਿੰਘਾਸਣ ਮੱਲ ਕੇ। ਗੁਰ ਹਟੀਐ- ਨਾਮ ਦੇ ਵਣਜ ਵਾਲੀ
ਗੁਰੂ ਦੀ ਹੱਟੀ ਵਿਖੇ।
ਅਰਥ:
ਗੁਰੂ ਨਾਨਕ ਸਾਹਿਬ ਜੀ ਦੀ ਨਾਮ ਵਣਜ ਵਾਲੀ) ਹੱਟੀ ਤੇ ਗੁਰੂ ਅੰਗਦ ਸਾਹਿਬ ਜੀ) ਗੁਰੂ ਸਿੰਘਾਸਣ
ਮੱਲ ਕੇ ਬੈਠਾ ਹੋਇਆ ਹੈ। ਸਿਰ ਉਤੇ ਗੁਰਿਆਈ ਦਾ ਰੱਬੀ ਛਤਰ ਝੁਲ ਰਿਹਾ ਹੈ।
“ਕਰਹਿ ਜਿ ਗੁਰ ਫੁਰਮਾਇਆ, ਸਿਲ ਜੋਗੁ ਅਲੂਣੀ ਚਟੀਐ॥
ਬਿੰਦੀ ਸਹਿਤ- : ਕਰਹਿਂ। (ਕਰ੍ਹੈਂ ਵਾਂਗ)
ਕਰਹਿ- ਕਰਦੇ ਹਨ। ਜਿ- ਜੋ ਕੁਝ। ਸਿਲ-ਖੇਤ ਵਿਚ ਡਿੱਗੇ ਦਾਣੇ ,ਰਹਿੰਦ ਖੂੰਦ,ਸ਼ਿਲਾ। ਜੋਗੁ-
ਮਿਲਾਪ। ਅਲੂਣੀ- ਲੂਣ ਤੋਂ ਬਿਨਾਂ। ਚਟੀਐ- ਚਟੀ ਜਾਣ ਸਦਕਾ।
ਅਰਥ:
ਗੁਰੂ ਜੀ ਦਾ ਜੋ ਫੁਰਮਾਨ ਹੁੰਦਾ ਹੈ। ਸਾਰੇ ਸਿੱਖ ਉਸਦੀ ਪਾਲਨਾ ਕਰਦੇ ਹਨ। ਇੰਜ ਇਹ ਅਲੂਣੀ
ਸਿਲਾ ਚਟੀ ਜਾਣ ਸਦਕਾ ਹੀ ਗੁਰਮਤਿ ਜੋਗ ਕਮਾਇਆ ਜਾ ਸਕਦਾ ਹੈ, ਭਾਵ ਗੁਰੂ ਹੁਕਮ ਮੰਨਣ ਦੀ ਕਰੜੀ
ਘਾਲਨਾ ਕਰਨਾ ਹੀ ਗੁਰਮਤਿ ਜੋਗ ਹੈ।
“ਲੰਗਰ ਚਲੈ ਗੁਰ-ਸਬਦਿ ਹਰਿ, ਤੋਟਿ ਨ ਆਵੀ,ਖਟੀਐ॥
ਅੱਧਕ ਸਹਿਤ: ਖੱਟੀਐ।
ਗੁਰ-ਸਬਦਿ-ਗੁਰੂ ਦੇ ਉਪਦੇਸ਼ ਦੁਆਰਾ। ਹਰਿ-ਪਰਮਾਤਮਾ ਦੇ ਨਾਮ ਦਾ।ਆਵੀ- ਨਹੀਂ ਆਉਂਦੀ।
ਖਟੀਐ-ਖੱਟੀ।
ਅਰਥ :
ਗੁਰੂ ਦੇ ਦਰਬਾਰ ਵਿਚ ਲਗਾਤਾਰ) ਗੁਰ ਉਪਦੇਸ਼ ਰਾਹੀਂ ਹਰਿ-ਨਾਮ ਦਾ ਲੰਗਰ ਚਲਦਾ ਹੈ,ਇਸ ਵਿਚ ਤੋਟ
ਕਦੇ ਨਹੀਂ ਆਉਂਦੀ,ਸਗੋਂ ਵਾਧਾ ਹੀ ਵਾਧਾ ਹੁੰਦਾ ਹੈ।
“ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ॥
ਬਿੰਦੀ ਸਹਿਤ: ਖਹਂਦੀ
ਅਧੱਕ ਸਹਿਤ: ਦਬੱਟੀਐ।
ਖਰਚੇ- ਵਰਤਦਾ ਹੈ। ਦਿਤਿ- ਦਿੱਤੀ ਹੋਈ ਦਾਤਿ। ਖਸੰਮ ਦੀ- ਮਾਲਕ ਗੁਰੂ ਨਾਨਕ ਸਾਹਿਬ ਦੀ।
ਖਹਦੀ-ਖਾਂਦੇ ਹਨ। ਖੈਰਿ- ਖ਼ਰੈਤ ਦਾਨ ਵਜੋਂ। ਦਬਟੀਐ- ਦਬਾ-ਦਬ ਵੰਡੀ ਹੈ।
ਅਰਥ:ਗੁਰੂ ਅੰਗਦ ਪਾਤਸ਼ਾਹ ਮਾਲਕ ਗੁਰੂ ਨਾਨਕ ਸਾਹਿਬ ਜੀ) ਦੀ ਬਖਸ਼ੀ ਹੋਈ ਖਰਚ ਰਹੇ ਹਨ, ਆਪ
ਖਾਂਦੇ ਹਨ ਅਤੇ ਹੋਰਨਾਂ ਨੂੰ ਦਾਨ ਦਬਾ-ਦਬ ਵੰਡੀ ਜਾ ਰਹੇ ਹਨ। ਭਾਵ ਵਾਹਿਗੁਰੂ ਜੀ ਦੀ ਸਿਫਤਿ-ਸਲਾਹ
ਨਾਲ ਜੋੜ ਰਹੇ ਹਨ।
“ਹੋਵੈ ਸਿਫਤਿ ਖਸੰਮ ਦੀ, ਨੂਰੁ ਅਰਸਹੁ ਕੁਰਸਹੁ ਝਟੀਐ॥
ਵਿਸ਼ੇਸ਼ ਧੁਨੀ- ਅਰਸ਼ਹੁਂ, ਕਰਸਹੁਂ (ਕਰਸਹੁਂ ਤੇ ਵਿਸ਼ੇਸ਼ ਧੁਨੀ ਦਾ ਪ੍ਰਯੋਗ ਨਹੀਂ ਕਰਨਾਂ ਕੇਵਲ
ਬਿੰਦੀ ਦਾ ਹੀ (ਕਰਸਹੁਂ) ਪ੍ਰਯੋਗ ਕਰਨਾ ਹੈ।
ਖਸੰਮ-ਮਾਲਕ। ਨੂਰੁ-ਗਿਆਨ ਪ੍ਰਕਾਸ਼। ਅਰਸਹੁ-ਅਰਸ਼ਹੁਂ,ਗਗਨ ਮੰਡਲ ਭਾਵ ਅਕਾਸ਼ ਤੋਂ।
ਕਰਸਹੁ-ਕਰਸਹੁਂ, ਚੰਦ ਸੂਰਜ ਦੀ ਟਿੱਕੀ ਤੋਂ। ਝਟੀਐ- ਝੱਟੀਐ,ਝਰਦਾ ਹੈ।
ਅਰਥ:
ਗੁਰ ਦਰਬਾਰ ਵਿਚ ਲਗਾਤਾਰ) ਮਾਲਕ ਪ੍ਰਭੂ ਪਰਮਾਤਮਾ ਦੀ ਸਿਫਤਿ-ਸਾਲਾਹ ਹੁੰਦੀ ਹੈ, ਜਿਵੇਂ
ਚੰਦ-ਸੂਰਜ ਦੀ ਟਿੱਕੀ) ਤੋਂ ਜਗਤ ਵਿਚ ਪ੍ਰਕਾਸ਼ ਹੁੰਦਾ ਹੈ , ਏਵੇਂ ਸਫਤਿ ਸਾਲਾਹ ਸਦਕਾ ਰਬੀ ਮੰਡਲਾਂ
ਤੋਂ ਗੁਰ-ਦਰਬਾਰ ਵਿਚ ਗਿਆਨ ਪ੍ਰਕਾਸ਼ ਬਰਸ ਰਿਹਾ ਹੈ।
“ਤੁਧੁ-ਡਿਠੇ ਸਚੇ ਪਾਤਿਸਾਹ, ਮਲੁ ਜਨਮ ਜਨਮ ਦੀ ਕਟੀਐ॥
ਵਸ਼ੇਸ਼ ਧੁਨੀ- ਪਾਤਿਸ਼ਾਹ ,ਮਲ਼।
ਅਰਥ :
ਤੁਧੁ-ਡਿਠੇ- ਤੇਰੇ ਵਲੋਂ ਮਿਹਰ ਦੀ ਨਜ਼ਰ ਨਾਲ। ਮਲੁ- (ਇਸਤਰੀ ਲਿੰਗ ਨਾਂਵ, ਔਂਕੜ ਮੂਲਕ) ਮੈਲ।
ਕਟੀਐ-ਕਟੀ ਜਾਂਦੀ ਹੈ।
ਅਰਥ:
ਸੱਚੇ ਪਾਤਸ਼ਾਹ! (ਗੁਰੂ ਅੰਗਦ ਸਾਹਿਬ) ਤੇਰੇ ਵਲੋਂ ਮਿਹਰ ਦੀ ਨਜ਼ਰ ਨਾਲ ਜਨਮ-ਜਨਮਾਂਤਰਾਂ ਦੀ
ਪਾਪਾਂ ਦੀ ਮੈਲ ਕਟੀ ਜਾਂਦੀ ਹੈ।
“ਸਚੁ ਜਿ ਗੁਰਿ ਫੁਰਮਾਇਆ. ਕਿਉ ਏਦੂ ਬੋਲਹੁ ਹਟੀਐ॥
ਬਿੰਦੀ ਸਹਿਤ : ਕਿਉਂ, ਏਦੂਂ ,ਬੋਲਹੁਂ।
ਗੁਰਿ- ਗੁਰੂ ਨਾਨਕ ਸਾਹਿਬ ਨੇ) ਜਿ-ਜਿਹੜਾ ।ਏਦੂ ਬੋਲਹੁ-ਇਸ ਬੋਲ ਤੋਂ। ਹਟੀਐ- ਪਿੱਛੇ ਹੋਵੀਏ
,ਕੰਨੀ ਕਤਰਾਈਏ।
ਅਰਥ:
ਗੁਰੂ ਨਾਨਕ ਸਾਹਿਬ। ਨੇ ਸੱਚਾ ਫ਼ੁਰਮਾਨ ਕੀਤਾ ਹੈ (ਕਿ ਗੁਰ-ਗੱਦੀ ਦਾ ਵਾਰਸ ਸੇਵਾ- ਭਾਵਨਾ ਵਾਲਾ
ਸਿਖ -ਸੇਵਕ ਭਾਈ ਲਹਣਾ ਹੀ ਹੈ, ਗੁਰੂ ਦੇ) ਇਸ ਫੁਰਮਾਨ ਤੋਂ ਕਿਵੇਂ ਪਿੱਛੇ ਹਟੀਏ (ਭਾਵ, ਕਿਵੇਂ
ਆਸੇ-ਪਾਸੇ ਹੋਵੀਏ।)
“ਪੁਤ੍ਰੀ ਕਉਲੁ ਨ ਪਾਲਿਓ, ਕਰਿ ਪੀਰਹੁ ਕੰਨ੍ਹ ਮੁਰਟੀਐ॥
ਬਿੰਦੀ ਸਹਿਤ : ਪੁਤ੍ਰੀਂ, ਪੀਰਹੁਂ। ਮੁਰੱਟੀਐ।
ਪੁਤ੍ਰੀ- ਪੁੱਤ੍ਰੀਂ,(ਬਹੁਵਚਨ ਨਾਂਵ ਕਰਤਾ ਕਾਰਕ) ਪੁੱਤਰਾਂ ਨੇ। ਕਉਲੁ- ਹੁਕਮ ,ਬਚਨ। ਨ
ਪਾਲਿਓ- ਨਾ ਮੰਨਿਆ। ਕਰਿ ਪੀਰਹੁ- ਪੀਰ (ਗੁਰੂ ਅੰਗਦ ਤੋਂ) ਕੰਨ੍ਹ-ਕੰਧਾ ,ਪਾਸਾ।
ਮੁਰਟੀਐ-ਮੁਰੱਟੀਐ, ਮਰੋੜ ਲਿਆ।
ਅਰਥ :
(ਸ੍ਰੀ ਚੰਦ ਤੇ ਲਖਮੀ ਚੰਦ) ਪੁਤਰਾਂ ਨੇ (ਗੁਰੂ ਪਿਤਾ ਜੀ ਦਾ) ਬਚਨ ਨਹੀਂ ਪਾਲਿਆ (ਭਾਵ ਨਹੀਂ
ਮੰਨਿਆ ਅਤੇ ਗੁਰੂ ਅੰਗਦ ਜੀ ਨੂੰ) ਗੁਰੂ ਕਰਕੇ ਮੰਨਣ ਵਲੋਂ ਪਾਸਾ ਮੋੜ ਲਿਆ ਭਾਵ ਇਨਕਾਰੀ ਹੋ ਗਏ।
“ਦਿਲਿ ਖੋਟੈ ਆਕੀ ਫਿਰਨੑਿ, ਬੰਨ੍ਹਿ ਭਾਰੁ ਉਚਾਇਨੑਿ ਛਟੀਐ॥
ਅਧਕ ਸਹਿਤ : ਛੱਟੀਐ।
ਦਿਲਿ ਖੋਟੈ-ਦਿਲੋਂ ਖੋਟੇ ਹੋਣ ਕਾਰਨ। ਆਕੀ- ਬਾਗ਼ੀ। ਫਿਰਨਿ- ਫਿਰਦੇ ਹਨ। ਬੰਨ੍ਹਿ ਭਾਰੁ- ਗੁਰੂ
ਬਚਨ ਨਾ ਮੰਨਣ ਦੀ ਗਲਤੀ ਦਾ ਭਾਰ ਬੰਨ ਕੇ। ਉਚਾਇਨੑਿ-ਚੁੱਕਦੇ ਹਨ। ਛਟੀਐ- ਛੱਟ ਦਾ ।
ਅਰਥ :
ਪੁੱਤਰ) ਦਿਲੋਂ ਖੋਟੇ ਹੋਣ ਕਾਰਣ (ਗੁਰੂ-ਹੁਕਮ ਮਨੰਣ ਤੋਂ) ਬਾਗ਼ੀ ਹੋਏ ਫਿਰਦੇ ਹਨ, ਇਸ ਤਰ੍ਹਾਂ
(ਗੁਰੂ ਅਵੱਗਿਆ) ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਫਿਰਦੇ ਹਨ।
“ਜਿਨਿ ਆਖੀ ਸੋਈ ਕਰੇ, ਜਿਨਿ ਕੀਤੀ ਤਿਨੈ ਥਟੀਐ॥
ਜਿਨਿ-ਜਿਸ ਭਾਈ ਲਹਿਣਾ ਜੀ ਨੇ। ਆਖੀ- ਕਿਰਿਆ ਅੰਦਰਲੀ ਹੁਕਮ ਦੀ ਕਾਰ। ਥਟੀਐ- ਕਾਇਮ ਕੀਤੀ।
ਅਰਥ:
ਜਿਸ ਭਾਈ ਲਹਿਣਾ ਜੀ ਨੇ ਅੰਦਰਲੀ ਹੁਭ ਅਧੀਨ ਹੁਕਮ ਦੀ ਗੁਰੂ ਕੀ ਕਾਰ ਕਰਨ ਦੀ ਮੂੰਹੋਂ ਬੋਲ
ਪ੍ਰਤੱਗਿਆ ਕੀਤੀ, ਉਹ ਹੀ ਹੁਕਮ ਦੀ ਕਾਰ ਕਰ ਰਿਹਾ ਹੈ। ਉਸ ਨੇ ਹੀ ਗੁਰੂ ਕੀ ਕਾਰ ਦੀ ਪ੍ਰਥਾ ਕਾਇਮ
ਕੀਤੀ।
“ਕਉਣੁ ਹਾਰੇ, ਕਿਨਿ ਉਵਟੀਐ॥੨॥
ਉਵੱਟੀਐ।
ਕਿਨਿ- ਇਕਵਚਨ, ਕਿਸ ਨੇ ?। ਉਵਟੀਐ- ਕਮਾਈ ਖਟੀ।
ਅਰਥ:
ਕਉਣ (ਜੀਵਨ-ਬਾਜ਼ੀ) ਹਾਰਦਾ ਹੈ ਅਤੇ ਕਿਸ ਨੇ ਕਮਾਈ ਖਟੀ(ਜੀਵਨ ਬਾਜ਼ੀ ਜਿੱਤੀ) ਭਾਵ ਗੁਰ ਅੱਗੇ
ਹਾਰ ਚਲਣ ਵਾਲਾ ਹੀ ਜੀਵਨ-ਬਾਜ਼ੀ ਜਿੱਤਦਾ ਹੈ।੨।
“ਜਿਨਿ ਕੀਤੀ ਸੋ ਮੰਨਣਾ, ਕੋ ਸਾਲੁ, ਜਿਵਾਹੇ ਸਾਲੀ॥
ਬਿੰਦੀ ਸਹਿਤ: ਜਿਵਾਹੇਂ
ਜਿਨਿ ਕੀਤੀ- ਜਿਸ ਗੁਰੂ ਨਾਨਕ ਸਾਹਿਬ ਨੇ ਗੁਰਿਆਈ ਦੇਣੀ ਕੀਤੀ। ਸੋ ਮੰਨਣਾ- ਉਹ ਮਨੰਣ ਯੋਗ ਹੈ।
ਸਾਲ- ਸ਼੍ਰੇਸ਼ਟ। ਜਿਵਾਹੇ- ਜਿਵਾਹੇਂ, ਇਕ ਨਿਕੰਮਾ ਜਿਹਾ ਬੂਟਾ। ਸਾਲੀ- ਸ਼ਾਲੀ, ਚੌਲਾਂ ਦੀ ਮੁੰਜੀ
ਵਿਚੋਂ।
ਅਰਥ:
ਜਿਸ (ਗੁਰੂ ਅੰਗਦ) ਨੇ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਸੇਵਾ ਕੀਤੀ ਉਹ ਮਨੰਣ ਯੋਗ ਹੋ
ਗਏ , ਜਿਵਾਹਾਂ ਕਿ ਮੁੰਜੀ ਦੋਹਾਂ) ਵਿਚੋਂ ਕੌਣ ਸ੍ਰਸ਼ੇਟ ਹੈ? ਮੁੰਜੀ ਜੋ ਨੀਵੇਂ ਥਾਂ ਪੁੰਗਰਦੀ ਹੈ
ਇਸ ਤਰਾਂ ਗੁਰੂ ਅੰਗਦ ਸਾਹਿਬ ਜੀ ਪੁਤਰਾਂ (ਸ੍ਰੀ ਚੰਦ, ਲਖਮੀ ਚੰਦ) ਵਿਚੋਂ ਸ੍ਰੇਸ਼ਟ ਹਨ ਇਹ ਨਿਰਣਾਂ
ਹੋ ਗਿਆ।
“ਧਰਮਰਾਇ ਹੈ ਦੇਵਤਾ, ਲੈ ਗਲਾ ਕਰੇ ਦਲਾਲੀ॥
ਬਿੰਦੀ ਸਹਿਤ : ਗੱਲਾਂ।
ਲੈ ਗਲਾ- ਜੀਵਾਂ ਦੇ ਕਮਾਏ ਕਰਮਾਂ ਦੀਆਂ, ਗੱਲੇਂ ਸੁਣ ਕੇ। ਦਲਾਲੀ- ਦਲੀਲ ਨਾਲ ਵਿਚੋਲਗੀ ਕਰਦਾ
ਹੈ। ਧਰਮ - ਨਿਆਉਂ।
ਅਰਥ :
ਜਿਵੇਂ) ਧਰਮ ਰਾਜਾ ਦੇਵਤਾ ਹੈ ਜੋ ਦਲੀਲਾਂ ਅਨੁਸਾਰ ਗਲਾਂ ਸੁਣ ਕੇ ਨਿਆਂ ਇਨਸਾਫ ਦਾ ਕੰਮ) ਕਰਦਾ
ਹੈ। (ਇਕ ਮਿਥਿਹਾਸਕ ਪ੍ਰਚਲਿਤ ਗੱਲ ਦਾ ਹਵਾਲਾ ਹੈ।)
“ਸਤਿਗੁਰੁ ਆਖੈ, ਸਚਾ ਕਰੇ ਸਾ ਬਾਤ ਹੋਵੈ ਦਰਹਾਲੀ॥
ਦਰਹਾਲੀ-ਛੇਤੀ,ਤੁਰਤ ਹੀ
ਅਰਥ
ਜੋ ਗੁਰੂ ਜੀ ਆਖਦੇ ਹਨ! ਸਚ ਸਰੂਪ ਵਾਹਿਗੁਰੂ ਉਵੇਂ ਹੀ ਕਰਦਾ ਹੈ।ਅਤੇ ਉਹ ਗੱਲ ਤੁਰੰਤ ਹੋ
ਜਾਂਦੀ ਹੈ।
“ਗੁਰ ਅੰਗਦ ਦੀ ਦੋਹੀ ਫਿਰੀ, ਸਚੁ, ਟਰਤੈ ਬੰਧਿ- ਬਹਾਲੀ॥
ਦੋਹੀ-ਗੁਰ ਪ੍ਰਾਪਤੀ ਦੀ ਧੁੰਮ। ਫਿਰੀ- ਪਸਰ ਗਈ, ਇਹ ਗੁਰਤਾ) ਸਦਾ ਥਿਰ ਹੈ, ਕਿਉਂਜੁ ਕਰਤਾ
ਪੁਰਖ ਨੇ ਕਾਇਮ ਕੀਤੀ ਹੈ।
“ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥
ਬਿੰਦੀ ਸਹਿਤ: ਕਾਇਆਂ, ਮੱਲਿ ਵਾਂਗ।
ਬਿੰਦੀ ਰਹਿਤ : ਸੈ ਡਾਲੀ।
ਪਲਟੁ ਕਰਿ- ਬਦਲ ਕੇ। ਸੈ-ਡਾਲੀ- ਸੈਂਕੜੇ ਸਿਖ ਸੰਗਤਾਂ ਵਾਲਾ (ਸਮਾਸੀ)
ਅਰਥ :
ਸੈਂਕੜੇ ਸਿਖ ਸੰਗਤਾਂ ਵਾਲਾ) ਗੁਰੂ ਨਾਨਕ ਦੇਵ ਜੀ ਆਪਣੀ ਸਰੀਰਕ ਚੋਲੀ ਬਦਲ ਕੇ (ਗੁਰੂ ਅੰਗਦ
ਸਾਹਿਬ ਜੀ ਦੇ ਰੂਪ ਵਿਚ ਗੁਰਿਆਈ ਦਾ) ਤਖਤ ਮੱਲ ਬੈਠਾ ਹੈ।
“ਦਰੁ ਸੇਵੇ ਉਮਤਿ ਖੜੀ, ਮਸਕਲੈ ਹੋਇ ਜੰਗਾਲੀ॥
ਅਧਕ ਸਹਿਤ: ਉੱਮਤਿ
ਅਧਕ ਰਹਿਤ: ਮਸਕਲੈ।
ਦਰੁ-ਗੁਰ ਦਰਬਾਰ। ਸੇਵੇ- ਸੇਵਾ ਕਰਦੀ ਹੈ। ਉਮਤਿ-ਸਿਖ ਸੰਗਤਿ।ਮਸਕਲੈ-ਜੰਗਾਲ ਲਾਹੁਣ ਵਾਲੇ ਸੰਦ
ਨਾਲ।
ਅਰਥ :
ਸਾਰੀ ਸਿਖ ਸੰਗਤਿ ਖੜੀ (ਸ਼ਰਧਾ ਪ੍ਰੇਮ ਨਾਲ ਸਾਵਧਾਨ ਹੋ ਕੇ) ਗੁਰੂ ਦਰ ਮੱਲ ਕੇ ਸੇਵਾ ਕਰ ਰਹੀ
ਹੈ (ਪ੍ਰਮੇਸ਼ਰ ਦੀ ਸਿਫਤ-ਸਾਲਾਹ ਦੀ ਬਰਕਤਿ ਸਦਕਾ ਸਿਖ ਸੰਗਤਾ ਦੀ ਆਤਮਾ ਏਸ ਤਰਾਂ ਨਿਰਮਲ ਹੋਈ ਪਈ
ਹੈ) ਜਿਵੇਂ ਜੰਗਾਲ ਲਾਹੁਣ ਵਾਲੇ ਸੰਦ ) ਨਾਲ ਜੰਗਾਲੀ ਹੋਈ ਧਾਤ ਸਾਫ਼) ਹੁੰਦੀ ਹੈ।
“ਦਰਿ ਦਰਵੇਸੁ ਖਸੰਮ ਦੈ, ਨਾਇ ਸਚੈ ਬਾਣੀ ਲਾਲੀ॥
ਬਿੰਦੀ ਸਹਿਤ: ਨਾਇਂ।
ਦਰਿ-ਗੁਰੂ ਅੰਗਦ ਸਾਹਿਬ ਜੀ ਦੇ ਦਰ ਉੱਤੇ। ਦਰਵੇਸੁ-ਗੁਰੂ ਅੰਗਦ ਸਾਹਿਬ ਜੀ। ਖਸੰਮ ਦੈ ਦਰਿ-
ਮਾਲਕ ਗੁਰੂ ਅੰਗਦ ਦੇਵ ਜੀ ਦੇ ਦਰ ਉੱਤੇ। ਦੈ- ਦੇ।ਸਚੈ-ਸੱਚੇ ਨਾਉਂ ਦੁਆਰਾ।
ਅਰਥ:
ਜੋ ਮਨੁੱਖ) ਖ਼ਸਮ (ਗੁਰੂ ਅੰਗਦ ਜੀ) ਦੇ ਦਰ ਉੱਤੈ ਦਰਵੇਸ਼(ਯਾਦ ਰੂਪ ਦਾਤਿ ਦਾ ਸਵਾਲੀ ਬਣਦਾ ਹੈ)
ਉਸ (ਦੇ ਮੁਖੜੇ) ਉੱਤੇ ਸੱਚੇ ਨਾਮ ਅਤੇ ਗੁਰਬਾਣੀ (ਦੀ ਵੀਚਾਰ) ਦੁਆਰਾ ਲਾਲੀ ਚੜ੍ਹ ਜਾਂਦੀ ਹੈ।
“ਬਲਵੰਡ, ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤ੍ਰਾਲੀ॥
ਬਿੰਦੀ ਸਹਿਤ : ਛਾਉਂ।
ਵਿਸ਼ੇਸ਼ ਧੁਨੀ : ਜ਼ਨ। ‘ਜਨ ,ਅਤੇ ਜ਼ਨ ਦੇ ਅਰਥਾਂ ਵਿਚ ਬੜ੍ਹਾ ਅੰਤਰ ਹੈ। ਉਚਾਰਣ ਸਾਵਧਾਨੀ ਨਾਲ
ਕਰਨਾ ਚਾਹੀਦਾ ਹੈ।
ਬਲਵੰਡ- ਰਬਾਬੀ ਦਾ ਨਾਂ ਹੈ। ਇਸ ਪਦ ਦੇ ਅਰਥ ਸੰਬੋਧਨ ਰੂਪ ਵਿਚ ਨਹੀਂ ਹੋ ਸਕਦੇ। ਖੀਵੀ- ਗੁਰੂ
ਅੰਗਦ ਸਾਹਿਬ ਜੀ ਦੀ ਸੁਪਥਨੀ ਦਾ ਨਾਂ। ਨੇਕ ਜਨ- ਨੇਕ ਜ਼ਨ ਚੰਗੀ ਇਸਤ੍ਰੀ। ਛਾਉ- ਛਾਂ। ਪਤ੍ਰਾਲੀ-
ਪਤਰਾਂ ਵਾਲੀ, ਸੰਘਣੀ।
ਅਰਥ :
ਬਲਵੰਡ ਆਖਦਾ ਹੈ ਕਿ (ਗੁਰੂ ਅੰਗਦ ਸਾਹਿਬ ਜੀ ਦੀ ਪਤਨੀ ) ਮਾਤਾ ਖੀਵੀ ਚੰਗੀ ਇਸਤਰੀ ਹੈ ਜਿਸ ਦੀ
ਛਾਂ ਬਹੁਤ ਪਤਰਾਂ ਵਾਲੀ (ਸੰਘਣੀ) ਛਾਂ ਹੈ (ਭਾਵ ਸੰਗਤਾ ਨੂੰ ਇਸ ਛਾਂ ਦਾ ਬੜਾ ਸਹਾਰਾ ਹੈ)।
“ਲੰਗਰਿ ਦਉਲਤਿ ਵੰਡੀਐ, ਰਸੁ ਅੰਮ੍ਰਿਤੁ ਖੀਰਿ ਘਿਆਲੀ॥
ਲੰਗਰਿ- (ਨਾਂਵ ਪੁਲਿੰਗ ਅਧਿਕਰਨ ਕਾਰਕ) ਲੰਗਰ ਵਿਚ। ਵੰਡੀਐ- ਵੰਡੀਦੀ ਹੈ। ਖੀਰਿ ਘਿਆਲੀ- ਘਿਉ
ਵਾਲੀ ਖੀਰ।
ਅਰਥ :
ਗੁਰੂ ਕੇ) ਲੰਗਰ ਵਿਚ (ਮਾਤਾ ਖੀਵੀ ਜੀ ਦੀ ਸਰਪ੍ਰਸਤੀ ਹੇਠ ਲੋੜਵੰਦਾਂ ਨੂੰ) ਧਨ ਦੌਲਤ
(ਭੁਖਿਆਂ) ਨੂੰ ਘਿਉ ਵਾਲੀ ਖੀਰ ਅਤੇ (ਆਤਮ ਤ੍ਰਿਪਤੀ ਲਈ ਨਾਮ-ਅੰਮ੍ਰਿਤ ਰਸ ਵੰਡੀਦਾ ਹੈ।
“ਗੁਰਸਿਖਾ ਕੇ ਮੁਖ ਉਜਲੇ, ਮਨਮੁਖ ਥੀਏ ਪਰਾਲੀ॥
ਬਿੰਦੀ ਸਹਿਤ: ਗੁਰਸਿਖਾਂ।
ਉਜਲੇ- ਨਿਰਮਲ। ਮਨਮੁਖ- ਮਨ ਦੇ ਮੁਰੀਦ। ਪਰਾਲੀ- ਪਰਾਲੀ ਵਾਂਗ ਪੀਲੇ, ਨਿਕੰਮੇ ,ਕਾਲੇ ਮੂੰਹ
ਵਾਲੇ।
ਅਰਥ :
ਗੁਰੂ-ਦਰ ਦੇ ਦਰਵੇਸ਼) ਗੁਰਸਿੱਖਾਂ ਦੇ ਮੁਖੜੇ ਨੂਰੋ-ਨੂਰ ਹਨ, ਪਰ (ਗੁਰੂ ਨੂੰ ਛੱਡ ਕੇ) ਮਨ ਦੇ
ਮੁਰੀਦ (ਮਨਮੁਖ) ਵਿਅਕਤੀ ਪਰਾਲੀ ਵਾਂਗ ਪੀਲੇ-ਭੂਕ (ਸ਼ਰਮਿੰਦੇ) ਹੋਏ ਗਏ ਹਨ।
“ਪਏ ਕਬੂਲੁ ਖਸੰਮ ਨਾਲਿ, ਜਾਂ ਘਾਲ ਮਰਦੀ ਘਾਲੀ॥
ਬਿੰਦੀ ਸਹਿਤ: ਮਰਦੀਂ।
ਪਏ ਕਬੂਲੁ- ਪਰਵਾਨ ਹੋ ਗਏ। ਖਸੰਮ ਨਾਲਿ-ਮਾਲਕ ਗੁਰੂ ਨਾਨਕ ਜੀ ਨਾਲ। ਜਾਂ- ਜਦੋਂ। ਘਾਲ-ਸੇਵਾ।
ਮਰਦੀ-ਮਰਦਾਂ ਵਾਲੀ।
ਅਰਥ:
ਗੁਰੂ ਅੰਗਦ ਸਾਹਿਬ ਜੀ ਨੇ) ਮਰਦਾਂ ਵਾਲੀ ਘਾਲ ਘਾਲੀ (ਤਾਂ ਆਪਣੇ) ਮਾਲਕ (ਗੁਰੂ ਨਾਨਕ ਸਾਹਿਬ)
ਨਾਲ ਬਣ ਆਈ,ਭਾਵ ਉਹਨਾਂ ਦੀ ਨਦਰ ਵਿਚ ਪਰਵਾਣ ਹੋ ਗਏ।
“ਮਾਤਾ ਖੀਵੀ ਸਹੁ ਸੋਇ, ਜਿਨਿ ਗੋਇ ਉਠਾਲੀ॥
ਸਹੁ-ਸ਼ਹ,ਪਤੀ। ਸੋਇ-ਉਹ ਹੈ,ਐਸਾ ਹੈ। ਜਿਨਿ- ਜਿਸ ਨੇ। ਗੋਇ- ਧਰਤੀ, ਸ਼੍ਰਿਸ਼ਟੀ। ਉਠਾਲੀ-ਉਠਾਈ।
ਅਰਥ :
ਮਾਤਾ ਖੀਵੀ (ਜੀ ਦਾ) ਸੁਭਾਗਾ ਪਤੀ (ਗੁਰੂ ਅੰਗਦ ਸਾਹਿਬ ਜੀ) ਐਸਾ (ਪਰ- ਉਪਕਾਰੀ) ਹੈ, ਜਿਸ ਨੇ
ਸ਼੍ਰਿਸ਼ਟੀ (ਦੇ ਉਧਾਰ) ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ॥੩॥
ਭੁੱਲ-ਚੁੱਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’
“[email protected]”