.

ਅੰਧੇਰ ਬਿਨਾਸ

(ਕਿਸ਼ਤ ਪੰਜਵੀਂ)

ਵੀਰ ਭੁਪਿੰਦਰ ਸਿੰਘ

ਬਾਹਰੋਂ-ਬਾਹਰੋਂ ਲਾਲੀ ਹੋ ਸਕਦੀ ਹੈ ਪਰ ਅੰਦਰੋ ਮੱਤ ਰੂਪੀ ਕਾਇਆ ਕੁਮਲਾ ਗਈ ਹੈ। ਤਦੇ ਹੀ “ਸਿਰੁ ਕੰਪਿਓ” ਹੁੰਦਾ ਹੈ। ਮੱਤ ਰੂਪੀ ਕਾਇਆ ਕੁਮਲਾ ਜਾਏ ਤਾਂ ਭ੍ਰਸ਼ਟਾਚਾਰ ਫੈਲ ਜਾਂਦਾ ਹੈ। ਬੇਇਮਾਨੀ ਕਰਨ ਲਗ ਪੈਂਦੇ ਹਾਂ। ਮੰਦੇ ਕਰਮ ਕਰਨ ਲਗ ਪੈਂਦੇ ਹਾਂ। ਸੱਸ ਚਾਹੁੰਦੀ ਹੈ ਕਿ ਸਭ ਕੁਝ ਚੁਕ ਕੇ ਮੇਰੀ ਧੀ ਨੂੰ ਉਸ ਦੇ ਘਰ ਭੇਜ ਦਿੱਤਾ ਜਾਵੇ ਅਤੇ ਨੂੰਹ ਚਾਹੁੰਦੀ ਹੈ ਕਿ ਸਭ ਕੁਝ ਮੇਰੀ ਮਾਂ ਦੇ ਘਰ ਜਾਏ। ਇਹ ਸਾਰਾ ਕੁਝ ਕੀ ਹੋ ਰਿਹਾ ਹੈ ? ਕਾਇਆ ਕੁਮਲਾਈ ਹੋਈ ਹੈ, ਸਾਰੀ ਖੇਡ ਇਸ ਤਰ੍ਹਾਂ ਚਲਦੀ ਹੈ। ਅਸੀਂ ਸਾਰੇ ਇਸ ਤਰ੍ਹਾਂ ਬਰਬਾਦ ਹੁੰਦੇ ਰਹਿੰਦੇ ਹਾਂ। “ਹੰਸੁ ਚਲਿਆ ਕਾਇਆ ਕੁਮਲਾਨੀ ॥” ਮਤ ਨੂੰ ਸੱਚ ਸਮਝ ਆ ਰਿਹਾ ਹੈ। ਪਰ ਇਸ ਮੱਤ ਨੂੰ ਇਹ ਵੀ ਸਮਝ ਆ ਗਈ ਕਿ ਮੈਂ ਸੱਚ ਮਾਣ ਨਹੀਂ ਪਾ ਰਹੀ ਹਾਂ।

“ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥” ਪਹਿਲੇ ਜ਼ਮਾਨੇ ਅੰਦਰ, ਕੋਈ ਇੱਕ ਲਿਪਸਟਿਕ ਹੀ ਲਗਾ ਲੈਂਦਾ ਸੀ ਜਾਂ ਬਿੰਦੀ ਲਗਾ ਲੈਂਦੀ ਸੀ ਤਾਂ ਪਤਾ ਲਗ ਜਾਂਦਾ ਸੀ ਕਿ ਉਹ ਵਿਆਹੀ ਹੋਈ ਹੈ। ਪਰ ਅੱਜ ਤਾਂ ਦਸ ਗਿਆਰਾਂ ਸਾਲ ਵਾਲੀ ਵੀ ਲਿਪਸਟਿਕ ਲਗਾ ਲੈਂਦੀ ਹੈ, ਬਿੰਦੀ ਲਗਾ ਲੈਂਦੀ ਹੈ। ਦੁਨੀਆ ਭਰ ਦਾ ਸਾਰਾ ਫੈਸ਼ਨ ਕਰਦੀ ਹੈ, ਵਾਲ ਖੋਲ ਲੈਂਦੀ ਹੈ, ਕਪੜੇ ਘੱਟ ਪਾਉਂਦੀ ਹੈ, ਕਿਉਂਕਿ ਉਸਨੂੰ ਬਚਪਨ ਤੋਂ ਹੀ ਚਾਰੋ ਪਾਸਿਉਂ ਇਹ ਫੈਸ਼ਨ ਹੀ ਦਿਖਾਇਆ ਗਿਆ ਹੈ। ਮਾਰਕਿਟ ਵਿਚ ਇਹ ਫੈਸ਼ਨ ਹੀ ਵੇਚਿਆ ਜਾ ਰਿਹਾ ਹੈ। ਟੀ.ਵੀ. ਉੱਤੇ ਨਿੱਕੇ-ਨਿੱਕੇ ਬੱਚਿਆਂ ਨੂੰ ਡਾਂਸ ਸਿਖਾਇਆ ਜਾ ਰਿਹਾ ਹੈ। ਭਾਵੇਂ ਉਹ ਕੋਈ ਵੀ ਸ਼ੋਅ ਹੋਵੇ ਉਨ੍ਹਾਂ ਦੀ ਬੜੀ ਵਡਿਆਈ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਭੈੜੇ ਪਾਸੇ ਪਾਇਆ ਜਾ ਰਿਹਾ ਹੈ। ਉਹ ਸਭ ਕੁਝ ਕਰ ਰਹੇ ਹਨ ਪਰ ਉਨ੍ਹਾਂ ਕੋਲ ਇਹ ਮੱਤ ਨਹੀਂ ਕਿ ਆਪਣੇ ਆਪ ਨੂੰ ਬਚਾਉਣਾ ਕਿਸ ਤਰ੍ਹਾਂ ਹੈ। ਇਸ ਕਰ ਕੇ ਉਹ ਬੜੀ ਛੇਤੀ ਬਰਬਾਦ ਹੋ ਜਾਂਦੇ ਹਨ। ਜਵਾਨੀ ਤੋਂ ਪਹਿਲਾਂ ਹੀ ਉਹ ਗਲਤ ਪਾਸੇ ਟੁਰ ਪੈਂਦੇ ਹਨ। ਸ਼ਰਾਬਾਂ ਪੀਣ ਲਗ ਪੈਂਦੇ ਹਨ।

“ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥” ਜਿਹੜੀ ਹੁਣੇ ਸੱਚ ਨਾਲ ਜੁੜੀ ਨਹੀਂ ਹੈ। ਉਹ ਕਿਸ ਤਰ੍ਹਾਂ ਦਾ ਸ਼ਿੰਗਾਰ ਕਰਦੀ ਹੈ। ਦੁਹਾਗਣੀ ਬਾਰੇ ਗੁਰੂ ਸਾਹਿਬ ਕਹਿੰਦੇ ਹਨ ਕਿ - ਦੋਹਾਗਣੀ ਕਿਆ ਨੀਸਾਣੀਆ ॥ ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥ (ਗੁਰੂ ਗ੍ਰੰਥ ਸਾਹਿਬ, ਪੰਨਾ 72)

“ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥” ਉਹ ਮੈਲਾ ਵੇਸ ਧਾਰ ਲੈਦੀਆਂ ਹਨ, ਇਹ ਜਿਤਨਾ ਕੁੰਆਰ ਕੰਨਿਆ ਦਾ ਅਸੀਂ ਚਾਰੋਂ ਪਾਸੇ ਵੇਸ ਦੇਖ ਰਹੇ ਹਾਂ, ਇਹ ਮੈਲਾ ਵੇਸ ਹੈ। ਸਾਡੇ ਸਾਰਿਆਂ ਦਾ, ਦੁਨੀਆ ਵਿਚ ਜਿਤਨਾਂ ਵੀ ਬਾਹਰੋਂ-ਬਾਹਰੋਂ ਬਨਾਵਟੀ ਸ਼ਿੰਗਾਰ ਕਰਕੇ, ਬਾਹਰਲਾ ਦਿਖਾਵਾ ਅਸੀਂ ਕੀਤਾ ਹੈ, ਇਹ ਕੁੰਆਰ ਕੰਨਿਆ ਦਾ ਸ਼ਿੰਗਾਰ ਹੈ। ਸਾਡਾ ਸੱਚ ਨਾਲ ਪਿਆਰ ਹੀ ਨਹੀਂ ਹੈ। ਜਦੋਂ ਸੱਚ ਨਾਲ ਪਿਆਰ ਨਾ ਹੋਵੇ ਤਾਂ ਉਸ ਵੇਲੇ ਅਸੀਂ ਦੁਹਾਗਣੀਆਂ ਹੋ ਜਾਂਦੇ ਹਾਂ। ਸੱਚ ਤੋਂ ਥਿੱੜਕ ਜਾਂਦੇ ਹਾਂ “ਕਿਉ ਰਲੀਆ ਮਾਨੈ ਬਾਝੁ ਭਤਾਰਾ ॥” ਰੱਬ ਜੀ ਰੂਪੀ ਪਤੀ-ਪ੍ਰੀਤਮ ਤੋਂ ਬਿਨਾ ਕਿਵੇਂ ਰਲੀਆਂ ਮਾਣ ਸਕਦੀ ਹਾਂ। ਮਨ ਇਸ ਮਤ ਨੂੰ ਸਮਝਾ ਰਿਹਾ ਹੈ, ਜਿਹੜੀ ਮੱਤ ਥਰਹਰ ਕੰਬ ਰਹੀ ਹੈ। ਉਸ ਨੇ ਵੇਖਿਆ ਕਿ ਮਨ ਦੀ ਰੈਨ ਜਾ ਚੁਕੀ ਹੈ ਪਰ ਮੇਰੀ ਅਜੇ ਨਹੀਂ ਗਈ ਤੇ ਮੈਂ ਅਗਿਆਨਤਾ ਵੱਸ ਸਾਰਾ ਸ਼ਿੰਗਾਰ ਕਰ ਲਿਆ ਹੈ।

ਇਹ ਹਾਲ ਆਮ ਪ੍ਰਚੱਲਤ ਹੈ ਕਿ ਪਤੀ ਨਾਲ, ਸੱਸ ਨਾਲ ਭਾਵੇਂ ਬਣੇ ਜਾਂ ਨਾ ਬਣੇ ਪਰ ਤੁਸੀਂ ਇਤਨਾ ਕਮਾ ਕੇ ਲਿਆਓ ਕਿ ਮੈਨੂੰ ਕਾਰ ਜ਼ਰੂਰ ਲੈ ਦਿਉ ਅਤੇ ਇਕ ਕਰੈਡਿਟ ਕਾਰਡ ਲੈ ਦਿਉ ਜਿਸ ਤੋਂ ਮੈਂ ਬੇਸ਼ੁਮਾਰ ਸਮਾਨ ਖਰੀਦ ਸਕਾਂ ਅਤੇ ਹੀਰਿਆਂ ਦੇ ਜ਼ੇਵਰ ਵੀ ਮੈਨੂੰ ਬਹੁਤ ਪਸੰਦ ਹਨ। ਪਰ ਮੈਨੂੰ ਤੁਹਾਡੀ ਕੋਈ ਲੋੜ ਨਹੀਂ ਹੈ। “ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥” ਅਸੀਂ ਸੱਚ ਨਾਲ ਨਹੀਂ ਜੁੜਦੇ ਹਾਂ। ਕਿਵੇਂ ਸੱਚ ਨਾਲ ਜੁੜੀਏ? ਕਿਵੇਂ ਸਾਨੂੰ ਸੁਖ ਚੈਨ ਆਨੰਦ ਪ੍ਰਾਪਤ ਨਹੀਂ ਹੁੰਦਾ?

ਸੋ ਜਦੋਂ ਮਨਮੁੱਖਤਾ ਦੇ ਸਰੀਰ ਉਤੇ ਭਰਮ ਦਾ ਕਬਜ਼ਾ ਹੁੰਦਾ ਹੈ ਤਾਂ ਉਸਨੂੰ ਕਹਿੰਦੇ ਹਨ “ਦਸ ਦਾਸੀ ਕਰਿ ਦੀਨੀ ਭਤਾਰਿ ॥” ਮੇਰੀ ਮੱਤ ਜੋ ਮੇਰੇ ਸਰੀਰ ਦੇ ਦਸ ਦੁਆਰਿਆਂ ਦੀ ਮਾਲਕ ਸੀ, ਹੁਣ ਉਸ ਦੀ ਦਾਸੀ ਬਣ ਗਈ। ਜਦੋਂ ਸੱਚ ਲੈ ਲਿਆ ਤਾਂ ਉਹ ਫਿਰ ਰੱਬ ਜੀ ਨੂੰ ਮਾਣ ਸਕਦੀ ਹੈ ਕਿਉਂਕਿ ਮਨ ਰੱਬ ਜੀ ਨਾਲ ਜੁੜ ਚੁਕਿਆ ਹੈ। ਸਾਂਈ, ਪ੍ਰੀਤਮ, ਮਾਲਕ ਦੇ ਨਾਲ ਜੁੜ ਚੁਕਿਆ ਹੈ।

ਅਸੀਂ ਇਕ ਸ਼ਬਦ ਪੜਦੇ ਹਾਂ, “ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥” ਉਸ ਸ਼ਬਦ ਵਿਚ ਕਹਿੰਦੇ ਹਨ, “ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣਂੀ ॥” ਹੁਣ ਦੁਹਾਗਣ ਦੀ ਤੁਲਨਾ ਵਿਚ ਸੁਹਾਗਣ ਦਾ ਸ਼ਿੰਗਾਰ ਦਸਦੇ ਹਨ। “ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥” ਦੁਨੀਆ ਵਿਚ ਜਿਸ ਇਨਸਾਨ ਦੀ ਮੱਤ ਮਿੱਠਾ ਬੋਲਣਾ ਸਿਖਾਂਦੀ ਹੈ, ਭੈੜ ਬੋਲਣਾ ਨਹੀਂ ਸਿਖਾਂਦੀ, ਦੋ ਦੀਆਂ ਚਾਰ ਗਾਲ੍ਹਾਂ ਕੱਢਣਾ ਨਹੀਂ ਸਿਖਾਂਦੀ, ਸਹਿਜ ਸਿੱਖਾਂਦੀ ਹੈ, ਨਿਮਰਤਾ ਸਿਖਾਂਦੀ ਹੈ, ਉਹ ਜਿਊਂਦੇ ਜੀਅ ਸਵਰਗ ਵਿਚ ਹੁੰਦਾ ਹੈ। ਉਹ ਭੈੜ ਨਹੀਂ ਬੋਲਦਾ ਹੈ। ਉਸਨੂੰ ਸੁਹਾਗਨ ਕਹਿੰਦੇ ਹਨ। “ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥ ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥”

ਸੱਚ ਸੁਣ ਲੈਣ ਨਾਲ ਪ੍ਰੀਤਮ ਦੇ ਨਾਲ ਮਿਲਾਪ ਦੀ ਅਵਸਥਾ ਪ੍ਰਾਪਤ ਹੁੰਦੀ ਹੈ। “ਸੁਇਨੇ ਕਾ ਚਉਕਾ ਕੰਚਨ ਕੁਆਰ ॥” ਸ਼ਬਦ ਵਿਚ ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਤੂੰ ਆਪਣੇ ਆਪ ਨੂੰ ਸੁੱਚਾ ਕਰਨ ਵਾਸਤੇ ਸੋਨੇ ਦਾ ਚੌਕਾ ਬਣਾ ਲਵੇਂ ਕਿਉਂਕਿ ਸੋਨੇ ਨੂੰ ਖਾਲਸ ਅਤੇ ਮਹਿੰਗਾ ਸਮਝਿਆ ਜਾਂਦਾ ਹੈ। ਆਪਣੇ ਸਰੀਰ ਤੇ ਵੀ ਸੋਨਾ ਪਾ ਲਵੇਂ।

ਤੂੰ ਚਾਰੋਂ ਪਾਸਿਉ ਸੋਨੇ ਦਾ ਸਭ ਕੁਝ ਕਰ ਲਵੇਂ, ਸੋਨੇ ਦੀ ਰੋਟੀ ਖਾਵੇਂ, ਸੋਨੇ ਦਾ ਪਾਣੀ ਪੀਵੇਂ, ਸੋਨੇ ਦਾ ਭੋਜਨ ਖਾਵੇਂ, ਤਾਂ ਵੀ ਤੇਰਾ ਮਨ ਪਵਿੱਤਰ ਨਹੀਂ ਹੋਵੇਗਾ। ਮਨ ਪਵਿੱਤਰ ਕੇਵਲ “ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥” ਦੇ ਨਾਲ ਹੋਵੇਗਾ। ਬਾਹਰਲੇ ਸ਼ਿੰਗਾਰਾਂ ਦੇ ਨਾਲ ਕੁਝ ਨਹੀਂ ਹੋਵੇਗਾ। ਕਿਵੇਂ ਆਨੰਦ ਮਾਣ ਸਕਦੀ ਹੈਂ, ਇਸ ਮਤ ਨੂੰ ਸਮਝ ਆ ਰਹੀ ਹੈ। ਹੁਣ ਇਹ ਮਤ ਵੀ ਸਿੱਧੇ ਰਾਹ ਪੈ ਗਈ ਹੈ। ਮਨ ਦੀ ਚੰਗੀ ਅਵਸਥਾ ਉਪਰ ਉਸਨੇ ਚਲਣਾ ਸ਼ੁਰੂ ਕਰ ਦਿੱਤਾ ਹੈ। ਹੁਣ ਮਤ ਪਤਾ ਕੀ ਕਹਿੰਦੀ ਹੈ “ਕਾਗ ਉਡਾਵਤ” ਮੈਂ ਜਿਹੜੇ ਵਿਕਾਰਾਂ ਦੇ ਹਨੇਰੇ ਵਿਚ ਰਹਿੰਦੀ ਸੀ, ਉਹ ਵਿਕਾਰਾਂ ਦੀ ਰੈਨ ਹੁਣ ਚਲੀ ਗਈ ਹੈ।

ਵਿਕਾਰਾਂ ਨੂੰ ਗੁਰਬਾਣੀ ਵਿਚ ਕਾਂ ਕਿਹਾ ਹੈ। ਜਦੋਂ ਕਦੇ ਕਿਸੇ ਇਸਤਰੀ ਦਾ ਪਤੀ ਬਾਹਰ ਚਲਾ ਜਾਂਦਾ ਸੀ ਤਾਂ ਉਹ ਆਪਣੀ ਸਹੇਲੀਆਂ ਨਾਲ ਗੱਲਾਂ ਕਰਦੀ ਸੀ ਕਿ ਅੱਜ ਬਨੇਰੇ ਤੇ ਕਾਂ ਬੈਠਾ ਹੈ ਅਤੇ ਮੈਂ ਸੋਚਿਆ ਕਿ ਜੇ ਕਾਂ ਉੱਡ ਜਾਏ ਤਾਂ ਸਮਝੋ ਕਿ ਮੇਰਾ ਪਤੀ ਆ ਜਾਏਗਾ। ਉਸ ਲਈ ਕਬੀਰ ਜੀ ਨੇ ਸ਼ਬਦ ਉਚਾਰਿਆ ਹੈ “ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥ ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥1॥ ਉਡਹੁ ਨ ਕਾਗਾ ਕਾਰੇ ॥ ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥1॥ ਰਹਾਉ ॥ (ਗੁਰੂ ਗ੍ਰੰਥ ਸਾਹਿਬ, ਪੰਨਾ 338)” ਉਹ ਕਹਿੰਦੀ ਹੈ, ਕਾਂ, ਜੇ ਤੂੰ ਉੱਡ ਗਿਆ ਤਾਂ ਮੈਨੂੰ ਇੰਜ ਲਗੇਗਾ ਕਿ ਮੇਰਾ ਪ੍ਰੀਤਮ ਅੱਜ ਘਰ ਆ ਰਿਹਾ ਹੈ।

ਉਹ ਔਂਸੀਆਂ ਪਾਂਦੀ ਸੀ, ਦੀਵਾਰਾਂ ਤੇ ਗਿਣਤੀਆਂ ਲਿੱਖ-ਲਿੱਖ ਕੇ ਉਨ੍ਹਾਂ ਦੇ ਨਾਲ ਗਿਣਤੀ ਕਰਦੀ ਰਹਿੰਦੀ ਸੀ। ਇੱਕ-ਇੱਕ ਦਿਨ ਕੱਟੀ ਜਾਂਦੀ ਸੀ। ਗਿਣਤੀ ਤਾਂ ਉਸਨੂੰ ਆਉਂਦੀ ਨਹੀਂ ਸੀ ਪਰ ਉਹ ਦੀਵਾਰ ਤੇ ਲੀਕਾਂ ਮਾਰਦੀ ਜਾਂਦੀ ਸੀ। ਅੱਜ ਇਕ ਦਿਨ ਗਿਆ, ਫਿਰ ਦੂਜਾ ਦਿਨ ਗਿਆ, ਤੀਜਾ ਦਿਨ ਗਿਆ। ਇਸ ਤਰ੍ਹਾਂ ਉਹ ਸਾਲਾਂ ਬੱਧੀ ਬਿਤਾ ਦੇਂਦੀ ਸੀ। ਪਰ ਜਿਸ ਦਿਨ ਮਨ ਅੰਦਰ ਖਾਹਿਸ਼ ਕਰਦੀ ਸੀ ਕਿ ਕਾਸ਼ ! ਅੱਜ ਜੇ ਬਨੇਰੇ ਤੇ ਬੈਠਾ ਇਹ ਕਾਂ ਉੱਡ ਜਾਏ ਤਾਂ ਅੱਜ ਮੇਰਾ ਪ੍ਰੀਤਮ ਜ਼ਰੂਰ ਆਏਗਾ।

ਮਤ ਨੂੰ ਇਹ ਸਮਝ ਆ ਗਈ। “ਕਾਗ ਉਡਾਵਤ” ਇਥੇ ਕਾਗ ਵਿਕਾਰ ਹਨ। ਇਕ ਵਾਰੀ ਵਿਕਾਰ ਉਡਾ ਦਿੱਤੇ ਤਾਂ ਰੈਣ ਚਲੀ ਗਈ। ਇਹ ਬਾਹਵਾਂ ਪਤੀ ਦੀਆਂ ਹੋ ਗਈਆਂ। ਉੱਤਮ ਅਕਲ ਸਮਝ ਆ ਗਈ। ਉੱਤਮ ਖਿਆਲ ਉਗ ਪਏ ਜਦੋਂ ਸੱਚ ਦੀ ਮਤ ਲੈ ਲਈ। “ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥” ਤਾਂ ਸੱਚ ਦੇ ਪਤੀ ਦੀਆ ਬਾਹਾਂ ਵਿਚ ਆ ਗਈ। ਨਹੀਂ ਤਾ “ਜਲਨੁ ਸਿ ਬਾਹੜੀਆਹਾ ॥” ਹੋ ਜਾਂਦਾ ਹੈ।

ਤੁਸੀਂ ਕਦੀ ਉਹ ਸਾਰਾ ਸ਼ਬਦ ਧਿਆਨ ਨਾਲ ਪੜਨਾ। “ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥” ਉਸ ਵਿਚ ਇਹ ਦਰਸਾਇਆ ਗਿਆ ਹੈ ਕਿ ਉਹ ਕੰਗਨ ਕਿੱਥੇ ਗਏ? ਉਹ ਸਾਰਾ ਕੁਝ ਕਿੱਥੇ ਗਿਆ? ਤੇਰੀਆਂ ਬਾਹਵਾਂ ਸੜ ਜਾਣ ਯੋਗ ਹਨ, ਜੇ ਉਹ ਆਪਣੇ ਪ੍ਰੀਤਮ ਨੂੰ ਗਲਵਕੜੀ ਨਹੀਂ ਪਾ ਸਕੀਆਂ। ਸੋ ਹੁਣ ਉਹ ਉੱਚੀ ਅਵਸਥਾ ਪ੍ਰਾਪਤ ਹੋ ਗਈ। “ਕਹਿ ਕਬੀਰ ਇਹ ਕਥਾ ਸਿਰਾਨੀ ॥” ਸਿਰਾਨੀ ਦਾ ਭਾਵ ਹੈ ਮੁੱਕ ਗਈ। ਭੈੜੇ ਖਿਆਲ ਮੁੱਕ ਗਏ। “ਜਨਮੁ ਸਿਰਾਨੋ” ਇਹ ਭੈੜੇ ਖਿਆਲਾਂ ਅਤੇ ਵਿਕਾਰਾਂ ਵਾਲੀ ਰੈਣ ਚਲੀ ਗਈ। “ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥”

ਇਕ ਵਾਰੀ ਨਿੱਜਘਰ ਵਿਚ ਮਨ ਨੇ ਜਦੋਂ ਸ਼ਬਦ ਨੂੰ ਲੈ ਲਿਆ ਤਾਂ ਉਸ ਪਾਸੋਂ ਸਾਰੇ ਸੁਰਤ ਮਤ ਮਨ ਬੁੱਧ ਘੜੇ ਜਾਂਦੇ ਹਨ। “ਕਾਗ ਉਡਾਵਤ ਭੁਜਾ ਪਿਰਾਨੀ ॥” ਇਥੇ ਭੁਜਾ ਇਨ੍ਹਾਂ ਬਾਹਵਾਂ ਜਾਂ ਹੱਥਾਂ ਨੂੰ ਨਹੀਂ ਕਹਿੰਦੇ ਹਨ। ਇਸਦਾ ਭਾਵ ਹੈ ਪੂਰਨ ਰੂਪ ਵਿਚ ਰੱਬ ਜੀ ਦੇ ਗੱਲ ਲਗ ਜਾਣਾ।

“ਪ੍ਰਭ ਕੀਜੈ ਕਿ੍ਰਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥ ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥1॥ ਰਹਾਉ ॥” ਜਦੋਂ ਰੱਬ ਜੀ ਦੇ ਗਲ ਲਗ ਗਏ ਤਾਂ ਜਿਊਂਦੇ ਜੀਅ ਨਦਰ ਪ੍ਰਾਪਤ ਹੋ ਗਈ। ਜਿਨ੍ਹਾਂ ਨੂੰ ਜਿਉਂਦੇ ਜੀਅ ਨਦਰ ਪ੍ਰਾਪਤ ਹੋ ਜਾਏ ਉਨ੍ਹਾਂ ਨੂੰ ਇਹ ਨਹੀਂ ਕਹਿਣਾ ਪੈਂਦਾ ਕਿ ਇਨ੍ਹਾਂ ਨੂੰ ਮਰਨ ਤੋਂ ਬਾਅਦ ਚਰਨਾਂ ਵਿਚ ਨਿਵਾਸ ਬਖਸ਼ਣਾ। ਉਹ ਆਪਣੇ ਬਾਰੇ ਅਤੇ ਹੋਰ ਕਿਸੇ ਬਾਰੇ ਇੰਜ ਨਹੀਂ ਕਹਿੰਦੇ ਕਿ ਅਵਗੁਣ ਬਖਸ਼ ਦਿਉ, ਸਵਰਗਾਂ ਵਿਚ ਨਿਵਾਸ ਬਖਸ਼ਣਾ ਜੀ, ਉਨ੍ਹਾਂ ਨੂੰ ਵਰ੍ਹੀਣੇ ਨਹੀਂ ਕਰਨੇ ਪੈਂਦੇ, ਉਨ੍ਹਾਂ ਨੂੰ ਸ਼ਰਾਧ, ਵਿਚੋਲਾ, ਪਾਖੰਡ ਨਹੀਂ ਕਰਨਾ ਪੈਂਦਾ।

ਸ਼ਾਇਦ ਇਸੇ ਕਰ ਕੇ ਅਕਾਲ ਤਖ਼ਤ ਦੀ ਰਹਿਤ ਮਰਿਯਾਦਾ ਵਿਚ ਇਹ ਅੰਕਿਤ ਕੀਤਾ ਗਿਆ ਹੈ ਕਿ ਵਰ੍ਹੀਣੇ ਨਹੀਂ ਕਰਨੇ ਚਾਹੀਦੇ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਨਾ ਤਾਂ ਰਹਿਤ ਮਰਿਯਾਦਾ ਪੜ੍ਹਦੇ ਹਾਂ ਅਤੇ ਨਾ ਹੀ ਗੁਰਬਾਣੀ ਤੋਂ ਸਿਖਣ ਦੀ ਕੋਸ਼ਿਸ ਕਰਦੇ ਹਾਂ। ਇਸ ਕਰ ਕੇ ਅਸੀਂ ਵੀ ਸ਼ਰਾਧ ਮਨਾਈ ਜਾ ਰਹੇ ਹਾਂ। ਅਸੀਂ ਵੀ ਇਹ ਪਾਖੰਡ ਕਰੀ ਜਾ ਰਹੇ ਹਾਂ। ਅਸੀਂ ਵੀ ਕਰਮ ਕਾਂਡ ਕਰ-ਕਰ ਕੇ ਵਰ੍ਹੀਣੇ ਵਾਲੀਆਂ ਖੇਡਾਂ ਕਰੀ ਜਾ ਰਹੇ ਹਾਂ।

ਜਿਨ੍ਹਾਂ ਘਰਾਂ ਵਿਚ 11 ਮਹੀਨੇ ਵਿਚਕਾਰ ਕੋਈ ਖੁਸ਼ੀ ਦਾ ਮੌਕਾ ਆ ਗਿਆ, ਕੋਈ ਵਿਆਹ ਸ਼ਾਦੀ ਜਾਂ ਚੱਠ ਆ ਗਈ ਜੋ ਕਿ ਪਹਿਲਾਂ ਹੀ ਨੀਯਤ ਕੀਤੀ ਹੋਈ ਹੈ। ਪੰਜਵੇ ਮਹੀਨੇ ਉਹ ਖੁਸ਼ੀ ਦਾ ਮੌਕਾ ਹੈ ਤਾਂ ਉਹ ਚੌਥੇ ਮਹੀਨੇ ਹੀ ਵਰ੍ਹੀਣਾ ਕਰ ਲੈਂਦੇ ਹਨ। ਦੇਖੋ ਪਾਖੰਡ ਵੀ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ। ਕੋਈ ਪੁੱਛੇ ਕਿ ਤੁਹਾਨੂੰ ਕਿਸੇ ਨੇ ਜ਼ਬਰਦਸਤੀ ਕਿਹਾ ਹੈ ਕਿ ਵਰ੍ਹੀਣਾ ਕਰੋ।

ਆਰਾਮ ਦੇ ਨਾਲ ਤੁਸੀਂ ਖਿੜੇ ਮੱਥੇ ਰਹੋ, ਖਿੜੇ ਮੱਥੇ ਰੱਬ ਜੀ ਦਾ ਭਾਣਾ ਮੰਨੋ। ਇਹ ਵਾਲੀ ਸਾਰੀ ਜੀਵਨ ਜਾਚ ਗੁਰਬਾਣੀ ਸਿਖਾਂਦੀ ਹੈ। ਇਸੇ ਕਰ ਕੇ ਸਾਡੇ ਘਰਾਂ ਵਿਚ ਜੰਮਣ-ਮਰਨ ਵੇਲੇ, ਭੋਗ ਵੇਲੇ, ਹਰ ਖੁਸ਼ੀ-ਗਮੀ ਵੇਲੇ। ਹਰ ਮੌਕੇ ਤੇ ਸਾਨੂੰ ਸਿਖਾਇਆ ਗਿਆ ਹੈ ਕਿ “ਅਨੰਦੁ ਭਇਆ ਮੇਰੀ ਮਾਏ”। ਪੜ੍ਹ ਕੇ ਅਤੇ ਅਰਦਾਸ ਕਰਕੇ ਕੇਵਲ ਦੇਗ ਵਰਤਾਣੀ ਹੈ।

ਕਿਸੇ ਦਾ ਦੇਹਾਂਤ ਹੋ ਗਿਆ ਹੈ ਤਾਂ ਫਿੱਕੀਆਂ ਫੁੱਲੀਆਂ ਹੀ ਖਾਵਾਂਗੇ ਅਤੇ ਮੂੰਹ ਸੁਜਾ ਕੇ ਬੈਠੇ ਰਹਾਂਗੇ। ਜੇ ਖੁਸ਼ੀ ਹੋਵੇਗੀ ਤਾਂ ਢੋਲ ਢਮੱਕੇ ਨਾਲ ਸ਼ਰਾਬ ਵੰਡਾਂਗੇ। ਜਦੋਂ "ਰੈਨਿ ਗਈ ਮਤ ਦਿਨੁ ਭੀ ਜਾਇ ॥" ਵਾਲੀ ਅਵਸਥਾ ਸਮਝ ਆ ਗਈ ਤਾਂ ਦੋਨੋ ਵੇਲੇ ਸੰਤੁਲਿਤ ਰਹਾਂਗੇ। “ਕਹਿ ਕਬੀਰ ਇਹ ਕਥਾ ਸਿਰਾਨੀ ॥” ਝੂਠ ਦੀ ਪਾਖੰਡ ਦੀ ਕਹਾਣੀ ਖਤਮ ਹੋ ਗਈ। ਵਿਕਾਰਾਂ ਵਾਲੀ ਰਾਤ ਚਲੀ ਗਈ। ਇਹੋ ਹੀ ਇਸ ਸ਼ਬਦ ਰਾਹੀਂ ਸਿਖਾਇਆ ਗਿਆ ਹੈ ਅਤੇ ਇਸ ਸ਼ਬਦ ਰਾਹੀ ਇਹ ਸਾਰੀ ਖੇਡ ਸਿਖਾ ਕੇ ਕਬੀਰ ਜੀ ਸਾਨੂੰ ਸਮਝਾ ਰਹੇ ਹਨ ਕਿ ਜਦੋਂ ਮਨ ਸਿੱਧੇ ਪਾਸੇ ਪੈ ਜਾਂਦਾ ਹੈ ਤਾਂ ਮਨ ਇਹ ਵਾਲੀ ਅਕਲ ਹੀ ਸਿੱਖ ਜਾਂਦਾ ਹੈ।




.