.

ਭੱਟ ਬਾਣੀ-15

ਬਲਦੇਵ ਸਿੰਘ ਟੋਰਾਂਟੋ

ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ।।

ਗਾਵੈ ਗੁਣ ਸੇਸੁ ਸਹਸ ਜਿਹਬਾ ਰਸ ਆਦਿ ਅੰਤਿ ਲਿਵ ਲਾਗਿ ਧੁਨਾ।।

ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ।।

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ।। ੫।।

(ਪੰਨਾ ੧੩੯੦)

ਪਦ ਅਰਥ:- ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ- ਬਰਨ – ਚਾਰ ਵਰਨ, ਖਟ ਦਰਸਨ – ਛੇ ਭੇਖ - ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਬੈਰਾਗੀ, ਬੈਸ਼ਨੋ ਆਦਿ। ਬ੍ਰਹਮਾਦਿਕ – ਬ੍ਰਹਮੇ ਨੂੰ ਹੀ ਕਾਦਰ, ਸਰਬ ਸ਼ਕਤੀਮਾਨ ਸਮਝ ਕੇ ਉਸ ਦੇ ਗੁਣਾਂ ਦਾ ਹੀ ਗਾਇਨ ਕਰੀ ਜਾਂਦੇ ਹਨ। ਗਾਵੈ ਗੁਣ ਸੇਸੁ ਸਹਸ ਜਿਹਬਾ ਰਸ ਆਦਿ ਅੰਤਿ ਲਿਵ ਲਾਗਿ ਧੁਨਾ – ਸੇਸੁ – ਪਰਮੇਸ਼ਰ (ਮ: ਕੋਸ਼)। ਨੋਟ - ਇਥੇ ਸ਼ੇਸ਼ ਨਾਗ ਨਹੀਂ ਹੈ। ਸਹਸ – ਹਜ਼ਾਰਾਂ। ਹਜ਼ਾਰਾਂ ਜੋ ਆਪਣੀ ਜੀਭ ਦੇ ਰਸ ਲਈ ਬ੍ਰਹਮਾ ਨੂੰ ਹੀ ਆਦਿ ਅੰਤਿ ਪਰਮੇਸ਼ਰ ਜਾਣ ਕੇ। ਲਿਵ ਲਾਗਿ ਧੁਨਾ – ਇੱਕ ਟੱਕ, ਇਕਤਾਰ ਉਸ ਦਾ ਹੀ ਪ੍ਰਚਾਰ ਕਰੀ ਜਾਂਦੇ ਹਨ। ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ – ਕੁੱਝ ਕੁ ਜਿਨ੍ਹਾਂ ਨੇ ਮਹਾਦੇਉ ਨੂੰ ਬੈਰਾਗੀ ਜਾਣ ਕੇ ਇੱਕ ਟੱਕ, ਲਗਾਤਾਰ ਉਸ ਦਾ ਧਿਆਨ ਧਰ ਕੇ ਉਸ ਨੂੰ ਹੀ ਸੱਚ ਜਾਣਿਆ ਹੋਇਆ ਹੈ। ਨਿਰੰਤਰਿ – ਇੱਕ ਟੱਕ ਲਗਾਤਾਰ। ਕਬਿ ਕਲਿ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ – ਕਵੀ ਕਲ੍ਹ ਆਖਦਾ ਹੈ ਕਿ ਭਾਈ, ਜਿਨ੍ਹਾਂ ਨੇ ਵੀ ਇਸ ਛੁਪੇ ਸੱਚ ਉਸ ਸਰਬ ਸ਼ਕਤੀਮਾਨ ਅਕਾਲ ਪੁਰਖ ਦੀ ਬਖ਼ਸ਼ਿਸ਼ ਨੂੰ ਨਾਨਕ ਦੀ ਤਰ੍ਹਾਂ ਗੁਰ ਬਖ਼ਸ਼ਿਸ਼ ਕਰਕੇ ਜਾਣਿਆ, ਉਨ੍ਹਾਂ ਨੇ ਹੀ ਇਸ ਸੱਚ ਨੂੰ ਮਾਣਿਆ। ਇਸ ਕਰਕੇ ਚਾਰ ਵਰਨਾਂ, ਖਟ ਦਰਸਨ, ਛੇ ਭੇਖ - ਜੋਗੀ, ਜੰਗਮ, ਬੈਸ਼ਨੋ, ਬੈਰਾਗੀ, ਸਰੇਵੜਿਆਂ, ਸੰਨਿਆਸੀਆਂ ਨੂੰ ਵੀ ਇਹੀ ਸੱਚ ਜਾਣ ਕੇ ਮਾਨਣ ਲਈ ਪ੍ਰੇਰਨਾ ਹੈ। ਰਾਜੁ – ਛੁਪਿਆ ਹੋਇਆ ਸੱਚ, ਭੇਤ।

ਨੋਟ:- ਭੱਟ ਜੀ ਨੇ ਰੱਜ ਕੇ ਗੁਰਮਤਿ ਸਿਧਾਂਤ ਦੀ ਪ੍ਰੋੜ੍ਹਤਾ ਕੀਤੀ ਹੈ।

ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ।।

(ਰਾਗ ਸੂਹੀ, ਪੰਨਾ ੭੪੭)

ਅਰਥ:- ਹੇ ਭਾਈ! ਚਾਰ ਵਰਨ, ਛੇ ਹੋਰ ਭੇਖ-ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਬੈਰਾਗੀ, ਬੈਸ਼ਨੋ ਬ੍ਰਹਮਾ ਨੂੰ ਸਰਬ ਸ਼ਕਤੀਮਾਨ ਸਮਝ ਕੇ ਉਸ ਦੇ ਹੀ ਗੁਣ ਗਾਇਨ ਕਰਦੇ ਸਨ ਅਤੇ ਕਰਦੇ ਹਨ। ਹਜ਼ਾਰਾਂ ਹੋਰ ਵੀ ਬ੍ਰਹਮਾ ਨੂੰ ਜੀਭ ਦੇ ਰਸ ਲਈ ਆਦਿ ਅੰਤਿ ਪਰਮੇਸ਼ਰ ਜਾਣ ਕੇ ਲਗਾਤਾਰ ਉਸ ਦਾ ਹੀ ਪ੍ਰਚਾਰ ਕਰੀ ਜਾਂਦੇ ਸਨ ਅਤੇ ਹਨ। ਹਜ਼ਾਰਾਂ ਹੋਰ ਅਜਿਹੇ ਹਨ, ਜਿਨ੍ਹਾਂ ਨੇ ਮਹਾਂਦੇਉ ਨੂੰ ਹੀ ਬੈਰਾਗੀ ਜਾਣ ਕੇ ਇੱਕ ਟੱਕ ਲਗਾਤਾਰ ਉਸ ਦਾ ਧਿਆਨ ਧਰ ਕੇ ਉਸ ਨੂੰ ਹੀ ਸੱਚ ਜਾਣਿਆ ਹੋਇਆ ਹੈ। ਕਵੀ ਕਲ੍ਹ ਆਖਦਾ ਹੈ ਕਿ ਹੇ ਭਾਈ! ਜਿਨ੍ਹਾਂ ਨੇ ਇਸ ਛੁਪੇ ਹੋਏ ਸੱਚ ਉਸ ਸਰਬ ਸ਼ਕਤੀਮਾਨ ਅਕਾਲ ਪੁਰਖ ਦੀ ਬਖ਼ਸ਼ਿਸ਼ ਨੂੰ ਨਾਨਕ ਦੀ ਤਰ੍ਹਾਂ ਗੁਰ ਬਖ਼ਸ਼ਿਸ਼ ਕਰਕੇ ਜਾਣਿਆ, ਉਨ੍ਹਾਂ ਨੇ ਹੀ ਇਸ ਸੱਚ ਨੂੰ ਜਾਣ ਕੇ ਮਾਣਿਆ। ਇਸ ਕਰਕੇ ਚਾਰ ਵਰਨਾਂ, ਖਟ ਦਰਸ਼ਨ, ਛੇ ਭੇਖ-ਜੋਗੀ, ਜੰਗਮ, ਬੈਸ਼ਨੋ, ਬੈਰਾਗੀ, ਸਰੇਵੜਿਆ, ਸੰਨਿਆਸੀਆਂ ਨੂੰ ਵੀ ਇਹੀ ਸੱਚ ਜਾਣ ਕੇ ਮਾਨਣ ਲਈ ਪ੍ਰੇਰਨਾ ਹੈ ਭਾਵ (ਉਹ ਵੀ ਇਸ ਸੱਚ ਨੂੰ ਜਾਣ ਕੇ ਇਸ ਸੱਚ ਨੂੰ ਮਾਣ ਸਕਦੇ ਹਨ)।

ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ।।

ਸ੍ਰਿਸਟਿ ਸਗਲ ਉਧਰੀ ਨਾਮਿ ਲੇ ਤਰਿਓ ਨਿਰੰਤਰਿ।।

ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ।।

ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ।।

ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ।।

ਹਰਿ ਨਾਮ ਰਸਿਕ ਨਾਨਕ ਗੁਰ ਰਾਜੁ ਜੋਗੁ ਤੈ ਮਾਣਿਓ।। ੬।।

(ਪੰਨਾ ੧੩੯੦)

ਪਦ ਅਰਥ:- ਰਾਜੁ ਜੋਗੁ ਮਾਣਿਓ – ਜਿਨ੍ਹਾਂ ਨੇ ਇਸ ਛੁਪੇ ਹੋਏ ਉੱਤਮ ਸੱਚ ਨੂੰ ਜਾਣ ਕੇ ਮਾਣਿਆ। ਬਸਿਓ ਨਿਰਵੈਰੁ ਰਿਦੰਤਰਿ - ਉਨ੍ਹਾਂ ਦੇ ਹਿਰਦੇ ਵਿੱਚ ਨਿਰਵੈਰ ਪ੍ਰਭੂ ਵਸਿਆ ਭਾਵ ਉਨ੍ਹਾਂ ਦਾ ਭਰੋਸਾ ਇਕੁ ਅਕਾਲ ਪੁਰਖ ਉਪਰ ਟਿਕਿਆ। ਸ੍ਰਿਸਟਿ ਸਗਲ ਉਧਰੀ – ਇਸ ਸਾਰੀ ਸ੍ਰਿਸ਼ਟੀ ਦੇ ਲੋਕਾਂ ਦੇ ਉਧਾਰ ਲਈ। ਨਾਮਿ ਲੇ ਤਰਿਉ ਨਿਰੰਤਰਿ – ਲਗਾਤਰ ਅੱਗੇ ਤੋਂ ਅੱਗੇ ਇਸ ਸੱਚ `ਤੇ ਭਰੋਸਾ ਲਿਆਉਣ ਨਾਲ (ਅਵਤਾਰਵਾਦ ਤੋਂ) ਛੁਟਕਾਰਾ ਹੋ ਸਕਦਾ ਹੈ। ਨਿਰੰਤਰਿ – ਲਗਾਤਾਰ। ਨਾਮਿ ਲੇ – ਸੱਚ ਨੂੰ ਪ੍ਰਾਪਤ ਕਰਕੇ, ਸੱਚ `ਤੇ ਭਰੋਸਾ ਕਰਕੇ। ਗੁਣ ਗਾਵੈ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ – ਆਦਿ ਤੋਂ ਸਰਬ ਸ਼ਕਤੀਮਾਨ ਕਾਦਿਰ ਸਥਿਰ ਹੈ ਅਤੇ ਆਦਿ (ਜੁਗਾਂ) ਤੋਂ ਹੀ ਜਨ ਸਰਬ ਸ਼ਕਤੀਮਾਨ ਕਾਦਿਰ ਨਾਲ ਜੁੜੇ ਹੋਏ ਹਨ ਅਤੇ ਉਸ ਦੇ ਗੁਣ ਗਾਇਨ ਕਰਦੇ ਭਾਵ ਪ੍ਰਚਾਰਦੇ ਆ ਰਹੇ ਹਨ। ਜਨਕਾਦਿ – ਕਾਦਿਰ, ਸਰਬ ਸ਼ਕਤੀਮਾਨ ਤੋਂ ਕੁਰਬਾਨ ਸਨ। ਸਨਕਾਦਿ – ਉਹ ਕਾਦਿਰ ਜੋ ਆਦਿ ਤੋਂ ਹੈ। ਆਦਿ – ਮੁੱਢ ਕਦੀਮ ਤੋਂ। ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ – ਧੰਨਿ ਧੰਨਿ – ਜ਼ੋਰਦਾਰ ਆਵਾਜ਼ ਨਾਲ ਪ੍ਰੋੜ੍ਹਤਾ ਕਰਨੀ, ਖ਼ੁਸ਼ੀ ਜ਼ਾਹਰ ਕਰਨਾ, ਧੰਨ ਭਾਗ ਕਹਿਣਾ। ਗੁਰੁ – ਗਿਆਨ ਨੂੰ ਜੀਵਨ ਵਿੱਚ ਅਪਣਾਉਣਾ, ਅਪਣਾਇਆ। ਜਨਮੁ – ਉੱਤਪਤੀ ਹੋਣੀ, ਸੁਰਜੀਤ ਹੋਣਾ, ਜਨਮ ਹੋਣਾ। ਸਕਥਯੁ – ਸਫਲ, ਲਾਭਦਾਇਕ, ਫਲ ਭਰਪੂਰ। ਭਲੌ ਜਗ – ਜਗ, ਦੁਨੀਆਂ, ਸੰਸਾਰ ਦੀ ਭਲਿਆਈ ਵਾਸਤੇ। ਸਾਡੇ ਵੱਡੇ ਭਾਗ ਹਨ ਕਿ ਇਸ ਉੱਤਮ ਸਫਲ ਗਿਆਨ, ਜੋ ਸੰਸਾਰ ਦੀ ਭਲਿਆਈ ਲਈ ਹੈ, ਦੀ ਉੱਤਪਤੀ ਹੋਈ ਹੈ। ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ – ਪਾਤਾਲ ਪੁਰੀ – ਕਿਸੇ ਗੱਲ ਨੂੰ ਸਦੀਵੀ ਸਥਿਰ ਕਹਿਣਾ ਹੋਵੇ ਤਾਂ ਆਮ ਹੀ ਕਿਹਾ ਜਾਂਦਾ ਹੈ ਕਿ ਇਸ ਦੀਆਂ ਤਾਂ ਪਾਤਾਲ ਵਿੱਚ ਜੜ੍ਹਾਂ ਹਨ ਜੋ ਮੁੱਢ ਕਦੀਮ ਤੋਂ ਹੈ। ਡੂੰਘੀਆਂ ਹਨ ਜੋ ਹਿਲਣ ਵਾਲਾ ਨਹੀਂ (ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ, ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ)। ਜੈਕਾਰ ਧੁਨਿ – ਗੂੰਜ ਪੈਣੀ, ਪ੍ਰਚਾਰ ਹੋਣਾ, ਧੁੰਮ ਪੈਣੀ, ਜਿਸ ਦੀ ਧੁੰਮ ਜੁਗਾਂ ਜੁਗੰਤਰਾਂ ਤੋਂ ਪੈ ਰਹੀ ਹੈ। ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ।। (ਪੰਨਾ ੪੫੧) ਕਵੀ ਕਲ੍ਹ ਇਸ ਵੀਚਾਰਧਾਰਾ ਦੀ ਪ੍ਰੋੜ੍ਹਤਾ ਕਰਦਾ ਹੈ। ਵਖਾਣਿਓ – ਬਿਆਨ ਕਰਨਾ, ਵਿਖਿਆਨ ਕਰਨਾ, ਸਮਝਾਉਣਾ, ਆਖਣਾ, ਪ੍ਰਚਾਰਨਾ। ਹਰਿ ਨਾਮਿ ਰਸਿਕ ਨਾਨਕ ਗੁਰ ਰਾਜੁ ਜੋਗੁ ਤੈ ਮਾਣਿਓ – ਜਿਸ ਤਰ੍ਹਾਂ ਨਾਨਕ ਨੇ ਰੰਮੇ ਹੋਏ ਸੱਚ ਰੂਪ ਹਰੀ ਨੂੰ (ਜਿਸ ਨੂੰ ਕਰਮ-ਕਾਂਡੀਆਂ ਨੇ ਇੱਕ ਰਾਜ਼ ਭਾਵ ਭੇਤ ਜਾਂ ਰਹੱਸ ਬਣਾਇਆ ਹੋਇਆ ਸੀ) ਉੱਤਮ ਜਾਣ ਕੇ ਮਾਣਿਆ, ਉਸੇ ਤਰ੍ਹਾਂ (ਐ ਦੁਨੀਆਂ ਦੇ ਲੋਕੋ) ਤੁਹਾਨੂੰ ਵੀ ਇਹ ਸੱਚ ਜਾਣ ਕੇ ਇਹ ਸੱਚ ਹੀ ਮਾਨਣਾ ਚਾਹੀਦਾ ਹੈ।

ਅਰਥ:- ਜਿਨ੍ਹਾਂ ਨੇ ਇਸ ਰਾਜੁ (ਰਹੱਸ) ਬਣੇ ਹੋਏ ਉੱਤਮ ਸੱਚ ਨੂੰ ਜਾਣ ਕੇ ਮਾਣਿਆ, ਉਨ੍ਹਾਂ ਦੇ ਹਿਰਦੇ ਅੰਦਰ ਨਿਰਵੈਰ ਪ੍ਰਭੂ ਵਸਿਆ ਭਾਵ ਉਨ੍ਹਾਂ ਦਾ ਭਰੋਸਾ ਇਕੁ ਅਕਾਲ ਪੁਰਖ ਉੱਪਰ ਟਿਕਿਆ। ਇਹ ਉੱਤਮ ਸੱਚ ਸਾਰੀ ਸ੍ਰਿਸ਼ਟੀ ਦੇ ਲੋਕਾਂ ਲਈ ਨਿਰੰਤਰ (ਲਗਾਤਾਰ) ਅੱਗੇ ਤੋਂ ਅੱਗੇ ਇਕੁ ਅਕਾਲ ਪੁਰਖ ਉੱਪਰ ਭਰੋਸਾ ਲਿਆਉਣ ਲਈ ਹੀ ਪ੍ਰੇਰਨਾ ਹੈ ਅਤੇ ਇਸ ਸੱਚ ਨੂੰ ਪ੍ਰਾਪਤ ਕਰਨ ਭਾਵ ਸੱਚ `ਤੇ ਭਰੋਸਾ ਕਰਨ ਨਾਲ ਹੀ ਅਵਤਾਰਵਾਦੀ ਪਰੰਪਰਾ ਤੋਂ ਉਧਰਿਆ ਭਾਵ ਉੱਪਰ ਉੱਠਿਆ ਜਾ ਸਕਦਾ ਹੈ। ਮੁੱਢ ਕਦੀਮ ਤੋਂ ਹੀ ਉਸ ਸਰਬ ਸ਼ਕਤੀਮਾਨ ਸਦੀਵੀ ਸਥਿਰ ਰਹਿਣ ਵਾਲੇ ਕਾਦਿਰ ਜੋ ਆਦਿ ਤੋਂ ਸੱਚ ਹੈ, ਜਿਸ ਤੋਂ ਜਨ ਕੁਰਬਾਨ ਹਨ, ਜਿਨ੍ਹਾਂ ਨੇ ਗਿਆਨ ਨੂੰ ਆਪ ਆਪਣੇ ਜੀਵਨ ਵਿੱਚ ਅਪਣਾਇਆ, ਉਸ ਦੇ ਗੁਣ ਗਾਇਨ ਕਰਦੇ ਭਾਵ ਸੱਚ ਨੂੰ ਹੀ ਪ੍ਰਚਾਰਦੇ ਆ ਰਹੇ ਹਨ। ਇਹ ਉੱਤਮ ਗਿਆਨ ਧੰਨਤਾਯੋਗ ਹੈ, ਜਿਸ ਦੀ ਉੱਤਪਤੀ ਸੰਸਾਰ ਦੀ ਭਲਿਆਈ ਲਈ ਹੈ। ਉਹ ਇਸ ਉੱਤਮ ਗਿਆਨ ਨੂੰ ਅਪਣਾਉਂਦੇ ਹਨ ਜੋ ਮੁੱਢ ਕਦੀਮ ਤੋਂ ਹੈ ਅਤੇ ਨਾ ਹਿਲਣ ਵਾਲਾ ਹੈ, ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਭਾਵ ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ ਅਤੇ ਜਿਸ ਦੀ ਜੈਕਾਰ (ਗੂੰਜ) ਪ੍ਰਚਾਰ, ਧੁੰਮ ਜੁਗਾਂ ਜੁਗੰਤਰਾਂ ਤੋਂ ਪੈ ਰਹੀ ਹੈ, ਜਿਸ ਨੂੰ ਅੱਗੇ ਤੋਂ ਅੱਗੇ ਵਿਖਿਆਨ, ਪ੍ਰਚਾਰਨਾ ਚਾਹੀਦਾ ਹੈ ਤਾਂ ਜੋ ਦੇਹਧਾਰੀ, ਅਵਤਾਰਵਾਦੀ, ਪਰੰਪਰਾ ਦੇ (ਕਰਮ-ਕਾਂਡੀ) ਜਾਲ ਵਿੱਚੋਂ ਮੁਕਤ ਹੋਇਆ ਜਾ ਸਕੇ। ਹੇ ਭਾਈ! ਜਿਸ ਤਰ੍ਹਾਂ ਨਾਨਕ ਨੇ ਰੰਮੇ ਸੱਚ ਰੂਪ ਹਰੀ ਨੂੰ (ਜਿਸ ਨੂੰ ਕਰਮ-ਕਾਂਡੀਆਂ ਨੇ ਇੱਕ ਰਾਜੁ (ਭੇਤ) ਰਹੱਸ ਬਣਾਇਆ ਹੋਇਆ ਸੀ) ਉੱਤਮ ਜਾਣ ਕੇ ਮਾਣਿਆ, ਉਸੇ ਤਰ੍ਹਾਂ (ਐ ਦੁਨੀਆਂ ਦੇ ਲੋਕੋ!) ਤੁਹਾਨੂੰ ਵੀ ਇਹ ਸੱਚ ਜਾਣ ਕੇ ਇਹ ਹੀ ਸੱਚ ਮਾਨਣਾ ਚਾਹੀਦਾ ਹੈ।

ਨੋਟ:- ਸੰਸਾਰ ਬਹੁ ਗਿਣਤੀ ਵਿੱਚ ਦੇਹਧਾਰੀ, ਅਵਤਾਰਵਾਦੀ ਪਰੰਪਰਾ ਵਿੱਚ ਹੀ ਵਿਸ਼ਵਾਸ ਕਰਦਾ ਹੈ। ਗੁਰਮਤਿ ਸਿਧਾਂਤ ਇਸ ਜਕੜ ਤੋਂ ਬਾਹਰ ਨਿਕਲਣ ਲਈ ਪ੍ਰੇਰਨਾ ਕਰਦਾ ਹੈ। ਇਹ ਭੱਟ ਸਾਹਿਬਾਨ ਵੱਲੋਂ ਪ੍ਰੋੜ੍ਹਤਾ ਹੈ। ਇਸ ਤੋਂ ਅੱਗੇ ਹੋਰਨਾਂ ਲਈ ਅਵਤਾਰਵਾਦੀ ਦੇਹਧਾਰੀ ਪਰੰਪਰਾ ਤੋਂ ਮੁਕਤ ਨਿਜਾਤ ਲਈ ਪ੍ਰੇਰਨਾ ਹੈ।




.