.

ਕਲਪਿਤ ਬਾਲਾ ਸੰਧੂ ਗੁਰ ਇਤਿਹਾਸ ਵਿੱਚ ਕਿਵੇਂ ਘਸੋੜਿਆ ਗਿਆ?

ਅਵਤਾਰ ਸਿੰਘ ਮਿਸ਼ਨਰੀ (5104325827)

ਬਾਲਾ ਸੰਧੂ ਇੱਕ ਕਲਪਿਤ ਵਿਅਕਤੀ ਹੈ ਜਿਸ ਦੁਆਰਾ ਬਾਬਾ ਗੁਰੂ ਨਾਨਕ ਸਾਹਿਬ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਉੱਤੇ ਅਣਹੋਣੀਆਂ ਕਰਾਮਾਤਾਂ, ਥੋਥੇ ਬ੍ਰਾਹਮਣੀ ਕਰਮਕਾਂਡਾਂ, ਜਾਤਿ ਪਾਤਿ ਅਤੇ ਅੰਧਵਿਸ਼ਵਾਸ਼ ਦਾ ਗੁਲਾਫ ਚੜ੍ਹਾਇਆ ਗਿਆ ਹੈ। ਜੇ ਬਾਲਾ ਗੁਰੂ ਨਾਨਕ ਸਾਹਿਬ ਜੀ ਦਾ ਸਾਥੀ ਹੁੰਦਾ ਤਾਂ ਗੁਰੂ ਜੀ ਕਿਤੇ ਨਾਂ ਕਿਤੇ ਉਸ ਦਾ ਜਿਕਰ ਜਰੂਰ ਕਰਦੇ ਜਿਵੇਂ ਸਲੋਕ ਮਰਦਾਨਾ ੧ ਲਿਖ ਕੇ ਭਾਈ ਮਰਦਾਨੇ ਦਾ ਕੀਤਾ ਹੈ। ਸਿੱਖ ਸਕਾਲਰ ਭਾਈ ਗੁਰਦਾਸ ਜੀ ਨੇ ਵੀ ਕਿਹਾ ਹੈ ਕਿ-ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾਂ॥ (ਭਾ.ਗੁ) ਲਗਦਾ ਹੈ ਕਿ ਸੰਧੂ ਗੋਤ ਦੇ ਜੱਟਾਂ ਨੇ ਆਪਣੀ ਗੋਤ ਦਾ ਹੋਣ ਕਰਕੇ ਜਾਤਿ ਪਾਤਿ ਦੇ ਹਾਮੀ ਕਥਿਤ ਬਾਲੇ ਸੰਧੂ ਨੂੰ ਉਭਾਰਿਆ ਹੈ। ਨਾਲੇ ਬਾਲੇ ਦੇ ਨਾਂ ਤੇ ਲਿਖੀ ਜਨਮ ਸਾਖੀ ਵੀ ਗੁਰੂ ਨਾਨਕ ਸਾਹਿਬ ਦੇ ਵੇਲੇ ਨਹੀਂ ਲਿਖੀ ਗਈ ਜਿਸ ਵਿੱਚ ਗੁਰੂ ਅਰਜਨ ਸਾਹਿਬ ਦੇ ਸਬਦ ਵੀ ਮਹਲਾ ੫ ਵਾਂ ਦੇ ਸਿਰਲੇਖ ਹੇਠ ਲਿਖੇ ਹੋਏ ਹਨ। ਜਰਾ ਸੋਚੋ ਗੁਰੂ ਨਾਨਕ ਸਾਹਿਬ ਵੇਲੇ ਗੁਰੂ ਅਰਜਨ ਸਾਹਿਬ ਅਜੇ ਜਨਮੇ ਵੀ ਨਹੀਂ ਸਨ ਫਿਰ ਉਨ੍ਹਾਂ ਦੇ ਸ਼ਬਦ ਬਾਲੇ ਵਾਲੀ ਕਥਿਤ ਜਨਮ ਸਾਖੀ ਵਿੱਚ ਕਿਵੇਂ ਆ ਗਏ? ਫਿਰ ਜੇ ਬਾਲਾ ਏਡਾ ਵੱਡਾ ਹੀ ਗੁਰੂ ਨਾਨਕ ਸਾਹਿਬ ਦਾ ਪ੍ਰੇਮੀ, ਸੇਵਕ ਅਤੇ ਆਗਿਅਕਾਰ ਹੁੰਦਾ ਤਾਂ ਗੁਰੂ ਜੀ ਗੁਰਤਾ ਗੱਦੀ ਨਾਂ ਉਸ ਨੂੰ ਦੇ ਦਿੰਦੇ। ਬਾਲੇ ਵਾਲੀ ਕਥਿਤ ਜਨਮ ਸਾਖੀ ਤਾਂ ਗੁਰੂ ਅਰਜਨ ਸਾਹਿਬ ਜੀ ਵੇਲੇ ਲਿਖੀ ਗਈ ਜਦ ਹਿੰਦਾਲੀਏ, ਮੀਣੇ ਮਸੰਦ ਪ੍ਰਿਥੀਏ ਵਰਗੇ ਸਿੱਖੀ ਵਿਰੁੱਧ ਸ਼ਾਜਸਾਂ ਰਚ ਰਹੇ ਸਨ।

ਇਹ ਸਾਰਾ ਕਸੂਰ ਸਾਡੇ ਆਗੂਆਂ ਦਾ ਹੈ ਜਿਨ੍ਹਾਂ ਨੇ ਧਰਮ ਪ੍ਰਚਾਰ ਅਤੇ ਹਰ ਧਰਮ ਕਰਮ ਦੀ ਜਿਮੇਵਾਰੀ ਨੰਗੀਆਂ ਲੱਤਾਂ ਵਾਲੇ ਗੁਰਮਤਿ ਤੋਂ ਅਨਪੜ੍ਹ ਭੇਖੀ ਸਾਧਾਂ ਨੂੰ ਸੌਂਪ ਰੱਖੀ ਹੈ ਜੋ ਗੁਰ ਇਤਿਹਾਸ ਨੂੰ ਮਲੀਅਮੇਟ ਕਰੀ ਜਾ ਰਹੇ ਹਨ। ਕੀ ਇਹ ਸਾਰੇ ਧਰਮ ਕਰਮ ਸਿੱਖ ਸੰਗਤਾਂ ਅਤੇ ਸਿੱਖ ਆਗੂ ਰਲ ਮਿਲ ਕੇ ਆਪ ਨਹੀਂ ਕਰ ਸਕਦੇ? ਕੀ ਸਿੱਖਾਂ ਨੇ ਸਦਾ ਭੇਖੀ ਸਾਧਾਂ ਤੇ ਹੀ ਡਿਪੈਂਡ ਰਹਿਣਾ ਹੈ? ਕੀ ਗੁਰੂ ਸਾਹਿਬ ਨੇ ਸਿੱਖ ਪੰਥ (ਖਾਲਸਾ ਪੰਥ) ਚਲਾਇਅੱ ਅਤੇ ਸਾਜਿਆ ਸੀ ਜਾਂ ਸਿੱਖ ਧਰਮ ਵਿਰੋਧੀ ਵੱਖ ਵੱਖ ਡੇਰੇ ਅਤੇ ਸੰਪ੍ਰਦਾਈ ਟਕਸਾਲਾਂ, ਜਿਨ੍ਹਾਂ ਦੇ ਮੁੱਖੀ ਆਪਣੇ ਆਪ ਨੂੰ ਸੰਤ, ਬਾਬੇ, ਬ੍ਰਹਮ ਗਿਆਨੀ ਅਤੇ ਮਹਾਂਪੁਰਸ਼ ਅਖਵਾਉਂਦੇ ਹਨ? ਬਾਲੇ ਨੂੰ ਵੀ ਸਿੱਖ ਇਤਿਹਾਸ ਵਿੱਚ ਅਜਿਹੇ ਸਾਧਾਂ ਦੇ ਸੇਵਕ ਸੰਤੋਖ ਸਿੰਘ ਵਰਗੇ ਪੁਜਾਰੀ ਲਿਖਾਰੀਆਂ ਅਤੇ ਜਨਮਸਾਖੀਆ ਦੇ ਗੁਰਮਤਿ ਵਿਰੋਧੀ ਬ੍ਰਾਮਣਵਾਦ ਨਾਲ ਨਕਾ ਨੱਕ ਭਰੇ ਲੇਖਕਾਂ ਨੇ ਹੀ ਘਸੋੜਿਆ ਹੈ। ਬਾਕੀ ਰਹਿੰਦੀ ਕਸਰ ਸੰਪਰਦਾਈ ਟਕਸਾਲੀਆਂ ਅਤੇ ਡੇਰੇਦਾਰਾਂ ਨੇ ਕੱਢ ਦਿੱਤੀ ਹੈ ਜੋ ਹਰ ਕਥਾ ਵਿੱਚ ਗੁਰਬਾਣੀ ਦੀ ਨਿਰੋਲ ਵਿਚਾਰ ਨੂੰ ਛੱਡ ਕੇ, ਅਜਿਹੇ ਬ੍ਰਾਹਮਣਵਾਦੀ ਲੇਖਕਾਂ ਦੇ ਲਿਖੇ ਗ੍ਰੰਥਾਂ ਦੀਆਂ ਹੀ ਕਥਾ ਕਹਾਣੀਆਂ ਮਸਾਲੇ ਲਾ ਲਾ ਕੇ ਸੁਣਾਉਂਦੇ ਰਹਿੰਦੇ ਹਨ। ਹੁਣ ਤਾਂ ਸ਼੍ਰੋਮਣੀ ਕਮੇਟੀ ਨੇ ਵੀ ਸਾਧ ਹੀ ਹਾਇਰ ਕੀਤੇ ਹੋਏ ਹਨ ਅਤੇ ਸ਼੍ਰੋਮਣੀ ਕਮੇਟੀ ਵਿੱਚ ਮੈਂਬਰ ਵੀ ਲੈ ਲਏ ਹਨ। ਹੁਣ ਤਾਂ ਕਲਪਿਤ ਬਾਲਾ ਕੀ ਸਗੋਂ ਕੇਸਧਾਰੀ ਸੰਤ ਬ੍ਰਾਹਮਣਾਂ ਦੀਆਂ ਫੋਟੋਆਂ ਸਿੱਖ ਅਜਾਇਬਘਰ ਵਿਖੇ ਲਗਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਘਟਾਉਣ ਵਾਸਤੇ ਬਰਾਬਰ ਅਖੌਤੀ ਦਸਮ ਗ੍ਰੰਥ ਵੀ ਲੈ ਆਂਦਾ ਗਿਆ ਹੈ।

ਜਾਗਰੂਕ ਸਿੱਖ ਇਕੱਠੇ ਹੋਣ ਦੀ ਬਜਾਏ ਆਪਸ ਵਿੱਚ ਹੀ ਲੜੀ ਜਾ ਰਹੇ ਹਨ। ਛੋਟੇ ਮੋਟੇ ਮਤ ਭੇਦ ਹੋਣ ਤੇ ਵੀ ਇੱਕ ਦੂਜੇ ਨੂੰ ਅੱਖਾਂ ਕੱਢਦੇ ਹਨ। ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਸਾਧਾਂ ਦੇ ਚੇਲੇ ਆ ਰਹੇ ਹਨ ਜਾਗਰੂਕ ਕਿਉਂ ਨਹੀਂ ਆਉਦੇ? ਫਿਰ ਆਖਦੇ ਹਾਂ ਕਿ ਸਾਡੇ ਇਤਹਾਸ ਵਿੱਚ ਬਾਲਾ ਕਿਵੇਂ ਘਸੋੜਤਾ? ਜੇ ਸਾਧ ਇਕੱਠੇ ਹੋ ਜਾਂਦੇ ਹਨ ਤਾਂ ਕੀ ਜਾਗਰੂਕ ਵਿਦਵਾਨ ਸਿੱਖ ਅਤੇ ਸੰਗਤਾਂ ਇਕੱਠੇ ਨਹੀਂ ਹੋ ਸਕਦੇ? ਜੇ ਮਿਸ਼ਨਰੀ ਪ੍ਰਚਾਰਕ ਜਾਂ ਹੋਰ ਵੀ ਨਿਰੋਲ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਵਿਦਵਾਨ ਧਰਮ ਪ੍ਰਚਾਰ ਦੀ ਸੇਵਾ ਤੇ ਲਾਏ ਹੁੰਦੇ ਤਾਂ ਇਹ ਫਰਜੀ ਬਾਲੇ, ਬ੍ਰਾਹਮਣੀ ਕਰਮਕਾਂਡਾਂ, ਭੇਖੀ ਸਾਧਾਂ ਅਤੇ ਅੰਧਵਿਸ਼ਵਾਸ਼ਾਂ ਵਾਲੇ ਭਾਣੇ ਨਹੀਂ ਸੀ ਵਰਤਣੇ! ਕਥਿਤ ਬਾਲਾ ਸਾਰੀ ਜਨਮ ਸਾਖੀ ਵਿੱਚ ਗੁਰਮੁਖ ਪਿਆਰੇ ਗੁਰੂ ਨਾਨਕ ਸਾਹਿਬ ਦੇ ਰਬਾਬੀ ਸਾਥੀ ਭਾਈ ਮਰਦਾਨੇ ਦਾ ਡੂੰਮ ਕਹਿ ਕਹਿ ਮਜਾਕ ਉਡਾਉਂਦਾ ਹੈ। ਹੈ ਨਾਂ ਕੁਛੜ ਬੈਠ ਕੇ ਦਾੜੀ ਪਟਣ ਵਾਲੀ ਗੱਲ! ਬਾਬਾ ਤਾਂ ਜਾਤਾਂ ਪਾਤਾਂ ਅਤੇ ਉਚ-ਨੀਚ ਦਾ ਫਸਤਾ ਵਢਦਾ ਹੈ ਅਤੇ ਕਥਿਤ ਬਾਲਾ ਇਸ ਉਲਟ ਪ੍ਰਚਾਰ ਕਰਦਾ ਹੈ। ਬਾਬਾ ਨਾਨਕ ਤਾਂ ਨੀਵੀ ਜਾਤਿ ਵਾਲਿਆਂ ਨੂੰ ਗਲੇ ਲਾਉਂਦੇ ਅਤੇ ਸਾਥੀ ਬਣਾਉਂਦੇ ਹੋਏ ਫੁਰਮਾਂਦੇ ਹਨ-ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥ (੧੫) ਪਾਠਕੋ, ਲੇਖਕੋ, ਵਿਦਵਾਨੋਂ ਅਤੇ ਸਾਧ ਸੰਗਤ ਜੀ ਇਕੱਲਾ ਬਾਲਾ ਸੰਧੂ ਹੀ ਨਹੀਂ ਹੋਰ ਵੀ ਬਹੁਤ ਸਾਰੇ ਕਲਪਿਤ ਲਿਖਾਰੀ ਜਿਨ੍ਹਾਂ ਨੇ ਗੁਰਮਤਿ ਅਤੇ ਗੁਰ ਇਤਹਾਸ ਦਾ ਮੂੰਹ ਮੱਥਾ ਵਿਗਾੜ ਕੇ, ਬ੍ਰਾਹਮਣਵਾਦ ਦੇ ਅੰਧਵਿਸ਼ਵਾਸਾਂ, ਥੋਥੇ ਕਰਮਕਾਂਡਾ ਅਤੇ ਅਣਹੋਣੀਆਂ ਕਰਾਮਾਤਾਂ ਦੀ ਸ਼ੇਪ ਦੇ ਦਿੱਤੀ ਹੈ। ਹੁਣ ਸਾਡੇ ਕੋਲ ਗਲਤ ਅਤੇ ਠੀਕ ਦੀ ਕਸਵੱਟੀ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਹੈ ਜਿਸ ਦੀ ਕਸਵੱਟੀ ਲਾ ਕੇ ਜੋ ਇਤਹਾਸ, ਸਾਖੀ ਜਾਂ ਰਹਿਤ-ਰਵਾਇਤ ਗੁਰਮਿਤ ਸਿਧਾਂਤਾਂ ਦਾ ਖੰਡਨ ਕਰਦੀ ਹੈ ਦੀ ਸੋਧ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਅਉਣ ਵਾਲੀਆਂ ਸਿੱਖ ਪੀੜ੍ਹੀਆਂ ਸਿੱਖੀ ਬਾਰੇ ਕਨਫਿਊਜ਼ ਹੋ ਜਾਣਗੀਆਂ ਅਤੇ ਗੁਰੂ ਰਹਿਮਤ ਸਦਕਾ ਬਚੇ ਖੁਚੇ ਭਵਿੱਖ ਦੇ ਜਾਗਰੂਕ ਵਿਦਵਾਨ ਸਾਡੀ ਮਜੀਦਾ ਨਲਾਇਕੀ ਦੀਆਂ ਕਹਾਣੀਆਂ ਪੜ੍ਹ ਪੜ੍ਹ ਸਾਨੂੰ ਰੋਣਗੇ, ਕੋਸਣਗੇ ਅਤੇ ਅਧੁਨਿਕੀ ਵਿਗਸਤ ਦੁਨੀਆਂ ਸਾਹਮਣੇ ਸ਼ਰਮਿੰਦੇ ਹੋਣਗੇ। ਜਰਾ ਸੋਚੋ! ਸ਼ਬਦ ਗੁਰੂ ਦੀ ਉਪਾਸ਼ਕ, ਗਿਆਨੀ, ਵਿਗਿਆਨੀ ਅਤੇ ਸੰਤ ਸਿਪਾਹੀ ਦੀ ਬਿਰਤੀ ਵਾਲੀ ਬਹਾਦਰ ਸਿੱਖ ਕੌਮ ਡੇਰੇਦਾਰ, ਸਾਧਾਂ ਸੰਤਾਂ ਅਤੇ ਸੰਪ੍ਰਾਈਆਂ ਦੀ ਧਰਮ ਅਗਵਾਈ ਵਾਲੀ ਗੁਲਾਮੀ ਤੋਂ ਖਹਿੜਾ ਛੁਡਾ ਕੇ, ਗੁਰੂ ਦੀ ਅਗਵਾਈ ਕਬੂਲ ਕੇ ਕਦ ਅਜਾਦ ਹੋਵੇਗੀ? 




.