“ਰਾਮਕਲੀ ਕੀ ਵਾਰ ਅਰਥ ਭਾਵ ਉਚਾਰਣ ਸੇਧਾਂ ਸਹਿਤ” ਭਾਗ- ੨
ਹੋਰਿਂਓ ਗੰਗ ਵਹਾਈਐ, ਦੁਨਿਆਈ ਆਖੈ ਕਿ ਕਿਓਨੁ॥
ਉਚਾਰਨ ਸੇਧ : ਹੋਰਿਂਓਂ।
ਹੋਰਿਂਓ-ਹੋਰ ਪਾਸੇ ਵਲੋਂ। ਵਹਾਈਐ- ਵਹਾਈ ਹੈ। ਦੁਨਿਆਈ-ਲੋਕਾਈ। ਕਿ ਕਿਓਨੁ- ਉਸ ਨੇ ਕੀ ਕੀਤਾ
ਹੈ।
ਅਰਥ :
ਲੋਕਾਈ ਆਖਦੀ ਹੈ, ਉਸ (ਗੁਰੂ ਨਾਨਕ ਸਾਹਿਬ) ਨੇ ਇਹ ਕੀ ਕੀਤਾ! (ਪੁੱਤਰਾਂ ਦੀ ਬਜਾਏ ਸੇਵਕ ਨੂੰ
ਗੁਰਿਆਈ ਦੇ ਕੇ ਮਾਨੋ) ਗੰਗਾ ਦੀ ਧਾਰਾ) ਹੋਰ ਪਾਸੇ ਵਲੋਂ (ਉਲਟੀ) ਵਹਾ ਦਿੱਤੀ ਹੈ।
ਨਾਨਕ ਇਸਰਿ ਜਗ ਨਾਥਿ, ਉਚਹਦੀ ਵੈਣੁ ਵਿਰਿਕਿਓਨੁ॥
ਬਲਧੁਨੀ- ਉਚਹੱਦੀ। (ਸਮਾਸੀ ਸ਼ਬਦ), ਜਗੱਨਾਥਿ,।
ਈਸਰਿ-(ਕਰਤਾ ਕਾਰਕ) ਮਾਲਕ ਨੇ। ਜਗ ਨਾਥਿ- ਜਗਤ ਦੇ ਸੁਆਮੀ ਨੇ। ਉਚਹਦੀ- ਉਚਹੱਦੀ, ਉੱਚੀ ਹੱਦ
ਵਾਲਾ, ਸਰਬ ਸ਼੍ਰੇਸ਼ਟ। ਵੈਣੁ- ਬਚਨ। ਵਿਰਿਕਿਓਨੁ- ਵਿਰਕਿਆ ਹੈ, (ਬੋਲਿਆ ਹੈ) ਉਸ ਨੇ।
ਅਰਥ:
ਉਸ ਜਗਤ ਦੇ ਮਾਲਕ ਗੁਰੂ ਨਾਨਕ ਸੁਆਮੀ ਜੀ ਨੇ ਉੱਚੀ ਹੱਦ ਵਾਲਾ (ਸਰਬ- ਉਚ ਬਚਨ) ਉਚਾਰਿਆ ਹੈ।
(ਕਿ ਗੁਰੂ-ਗੱਦੀ ਦਾ ਵਾਰਿਸ ਸ਼ਰਧਾ-ਭਾਵਨਾ ਵਾਲਾ ਸਿਖ-ਸੇਵਕ ਹੀ ਹੋ ਸਕਦਾ ਹੈ।
ਮਾਧਾਣਾ ਪਰਬਤੁ ਕਰਿ,ਨੇਤ੍ਰਿ ਬਾਸਕੁ ਸਬਦਿ ਰਿੜਿਕਿਓਨੁ॥
ਨੇਤ੍ਰਿ-ਨੇਤ੍ਰੇ ਵਜੋਂ। ਬਾਸਕੁ-ਮਨ ਰੂਪ ਨਾਗ।ਸਬਦਿ-ਨਾਂਵ ਅਧਿਕਰਨ ਕਾਰਕ-ਸ਼ਬਦ, ਸ਼ਬਦ ਵਿਚ।
ਰਿੜਿਕਿਓਨੁ-ਉਸ ਨੇ ਰਿੜਕਿਆ ਹੈ।
ਅਰਥ :
ਉਸ ਗੁਰੂ ਨਾਨਕ ਸਾਹਿਬ ਨੇ) ਪਰਬਤ ਰੂਪ ਗੁਰ ਸ਼ਬਦ ਦਾ ਨੂੰ ਮਧਾਣਾ ਬਣਾ ਕੇ ਅਤੇ ਮਨ- ਨਾਗ ਨੂੰ
ਨੇਤ੍ਰੇ ਵਜੋਂ ਪਾ ਕੇ ਗੁਰ ਸ਼ਬਦ (ਮਧਾਣੇ) ਦੁਆਰਾ ਸਰੀਰ -ਸਮੁੰਦਰ ਨੂੰ ਰਿੜਕਿਆ।
ਚਉਦਹ ਰਤਨ ਨਿਕਾਲਿਅਨੁ, ਕਰਿ ਆਵਾਗਉਣੁ ਚਿਲਕਿਓਨੁ॥
ਚਉਦਹ ਦਾ ਉਚਾਰਣ ‘ਚਉਦ੍ਹਾ’ ਵਾਂਗ।
ਆਵਾ ਗਉਣੁ- ਆਵਾ ਗਉਣੀ ਸੰਸਾਰ। ਚਿਲਕਿਓਨੁ- ਉਸ ਨੇ ਲਿਸ਼ਕਾਇਆ।
ਅਰਥ :
ਉਸ (ਗੁਰੂ ਨਾਨਕ ਨੇ) ਸਰੀਰ ਸਮੁੰਦਰ ਵਿਚੋਂ (ਦੈਵੀ ਗੁਣਾਂ ਰੂਪੀ ਚੌਦਹ ਰਤਨ ਕੱਢੇ ਅਤੇ ਉਦਮ
ਕਰਕੇ ਸੰਸਾਰ ਨੂੰ ਚਿਲਕਾ ਦਿਤਾ, ਸੋਹਣਾ ਬਣਾ ਦਿਤਾ।
(ਨੋਟ: ਦੇਵਤਿਆਂ ਦਾ ਸਮੁੰਦਰ ਰਿੜਕਣ ਵਾਲੀ ਗਾਥਾ ਮਿਥਿਹਾਸਿਕ ਹੈ। ਰਬਾਬੀਆਂ ਨੇ ਇਹ ਵਰਤਾ ਇਕ
ਅਲੰਕਾਰ ਵਜੋਂ ਵਰਤੀ ਹੈ।)
ਕੁਦਰਤਿ ਅਹਿ ਵੇਖਾਲੀਅਨੁ, ਜਿਣਿ ਐਵਡ ਪਿਡ ਠਿਣਕਿਓਨੁ॥
ਪਿਡ- ਪਿੰਡ
ਕੁਦਰਤਿ- ਲੀਲਾ। ਅਹਿ- ਐਸੀ। ਵੇਖਾਲੀਅਨੁ- ਉਸ ਨੇ ਵਿਖਾਲੀ ਹੈ। ਜਿਣਿ- ਜਿੱਤੀ ਹੈ। ਐਵਡ- ਏਡੀ
ਵੱਡੀ। ਪਿਡ-ਪਿੜ ।
ਅਰਥ :
ਉਸ ਗੁਰੂ ਨਾਨਕ ਸਾਹਿਬ ਨੇ) ਐਸੀ ਅਸਚਰਜ ਲੀਲ੍ਹਾ ਵਿਖਾਈ ਕੀ ਜਿਸ (ਭਾਈ ਲਹਣਾ ਜੀ) ਨੇ ਸਿੱਖੀ
ਪਰਖ ਦੀ ਏਡੀ ਵੱਡੀ ਪਿੜ ਬਾਜ਼ੀ ਜਿੱਤ ਲਈ। ਗੁਰ ਗੱਦੀ ਉੱਤੇ ਇਸਥਿਤ ਕਰ ਦਿੱਤਾ।
ਲਹਣੇ ਧਰਿਓਨੁ ਛਤ੍ਰ ਸਿਰਿ.ਅਸਮਾਨਿ ਕਿਆੜਾ ਛਿਕਿਓਨੁ॥
ਸਿਰਿ- ਆਪਾਦਾਨ ਕਾਰਕ ,ਸਿਰ ਉੱਤੇ। ਧਰਿਓਨੁ- ਉਸ ਨੇ ਧਰਿਆ। ਅਸਮਾਨਿ- ਆਕਾਸ਼ ਤਕ। ਕਿਆੜਾ-
ਗਰਦਨ।
ਅਰਥ:
ਭਾਈ) ਲਹਣਾ ਜੀ ਦੇ ਸਿਰ ਉੱਤੇ ਉਸ (ਗੁਰੂ ਨਾਨਕ ਸਾਹਿਬ) ਜੀ ਨੇ (ਗੁਰਿਆਈ ਦਾ) ਛਤਰ ਧਰਿਆ ਅਤੇ
ਉਸ ਦਾ ਸਿਰ ਗੌਰਵ ਆਕਾਸ਼ ਤਕ ਅਪੜਾ ਦਿਤਾ।
ਜੋਤਿ ਸਮਾਣੀ ਜੋਤਿ ਮਾਹਿ, ਆਪੁ ਆਪੈ ਸੇਤੀ ਮਿਕਿਓਨੁ॥
ਬਿੰਦੀ ਸਹਿਤ : ਮਾਹਿਂ
ਸਮਾਣੀ- ਲੀਨ ਹੋ ਗਈ। ਮਾਹਿ- ਵਿਚ। ਆਪੁ-ਆਪਣਾ ਆਪਾ।ਸੇਤੀ-ਨਾਲ। ਮਿਕਿਓਨੁ- ਉਸ ਨੇ ਇਕ-ਮਿਕ ਕਰ
ਦਿਤਾ।
ਅਰਥ :
ੳਸ (ਗੁਰੂ ਨਾਨਕ ਦੇਵ ਜੀ) ਨੇ ਗੁਰੂ-ਜੋਤਿ (ਭਾਈ ਲਹਣਾ ਜੀ ਦੀ) ਜੋਤਿ ਵਿਚ ਲੀਨ ਕਰ ਦਿੱਤੀ ਹੈ।
ਅਤੇ ਇੰਜ ਆਪਣਾ ਨੂਰੀ ਆਪਾ (ਭਾਈ ਲਹਣਾ ਜੀ ਦੇ) ਆਪੇ ਨਾਲ ਇਕ ਮਿਕ ਕਰ ਦਿਤਾ।
ਸਿਖਾ ਪੁਤ੍ਰਾਂ ਘੋਖਿ ਕੈ, ਸਭ ਉਮਤਿ ਵੇਖਹੁ ਜਿ ਕਿਓਨੁ॥
ਜਾਂ ਸੁਧੋਸੁ, ਤਾਂ ਲਹਣਾ ਟਿਕਿਓਨੁ॥੪॥
ਘੋਖਿ ਕੈ- ਪਰਖ ਪਰਖ ਕੇ। ਉਮਤਿ-(ਇਸਤਰੀ ਲਿੰਗ ਨਾਂਵ) ਸਿਖ-ਸੰਗਤਿ। ਜਿ ਕਿਓਨੁ- ਜੋ ਉਸ ਨੇ
ਕੀਤਾ। ਜਾਂ ਸੁਦੋਸੁ-ਜਦੋਂ ਉਸ ਭਾਈ ਲਹਣਾ ਜੀ ਨੂੰ ਸੋਧ ਲਿਆ।
ਅਰਥ :
ਸਾਰੀ ਸਿਖ ਸੰਗਤਿ ! ਵੇਖਹੁ ਜਿਹੜਾ ਅਚਰਜ ਕੌਤਕ ਉਸ ਗੁਰੂ ਨਾਨਕ ਨੇ ਕੀਤਾ) ਸਿੱਖਾਂ, ਪੁਤਰਾਂ
ਨੂੰ ਪਰਖ ਕੇ ਜਦੋਂ ਉਸ (ਗੁਰੂ ਨਾਨਕ) ਨੇ ਸੁਧਾਈ ਕੀਤੀ ਤਾਂ ਉਸ ਨੇ ਆਪਣੀ ਗਦੀ ਤੇ) ਲਹਣਾ ਜੀ ਨੂੰ
ਥਾਪਿਆ।੪।
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ॥
ਫੇਰੁਆਣਿ’ ਪਾਠ ਇਕੱਠਾ। ਔਂਕੜ ਵੀ ਉਚਾਰਣ ਦਾ ਭਾਗ ਹੈ।
ਫੇਰਿ- ਕਿਰਿਆ ਵਿਸ਼ੇਸ਼ਣ, ਮੁੜ ,ਫਿਰ। ਵਸਾਇਆ-ਆਬਾਦ ਕੀਤਾ। ਫੇਰੁਆਣਿ- ਬਾਬਾ ਫੇਰੂ ਜੀ ਦੇ
ਸਪੁੱਤਰ (ਗੁਰੂ ਅੰਗਦ ਸਾਹਿਬ ) ਨੇ।
ਅਰਥ :
ਫਿਰ, ਬਾਬਾ) ਫੇਰੂ ਜੀ ਦੇ ਸਪੁੱਤਰ, ਸਤਿਗੁਰੂ (ਸ੍ਰੀ ਅੰਗਦ ਦੇਵ ਜੀ) ਨੇ ਖਡੂਰ (ਨਗਰ ) ਨੂੰ
ਸਿੱਖੀ ਦਾ ਪਰਚਾਰ ਕੇਂਦਰ ਬਣਾ ਕੇ ਆਬਾਦ ਕੀਤਾ।
ਜਪੁ ਤਪੁ ਸੰਜਮੁ ਨਾਲਿ ਤੁਧੁ , ਹੋਰੁ ਮੁਚੁ ਗਰੂਰੁ॥
ਜਪੁ ਤਪੁ- ਵਾਹਿਗੁਰੂ ਜੀ ਦੀ ਯਾਦ। ਸੰਜਮੁ- ਇੰਦ੍ਰਿਆਂ ਦਾ ਵਿਕਾਰਾਂ ਵਲੋਂ ਰੋਕ। ਨਾਲਿ ਤੁਧੁ-
ਤੇਰੇ ਪਾਸ । ਗਰੂਰੁ- ਹੰਕਾਰ।
ਅਰਥ :
(ਗੁਰੂ ਅੰਗਦ ਸਾਹਿਬ ਜੀ) ! ਤੇਰੇ ਪਾਸ ਵਾਹਿਗੁਰੂ ਜੀ ਦੀ ਯਾਦ, ਸੰਜਮ ਦੈਵੀ ਗੁਣਾਂ ਰੂਪੀ
ਸੰਪਤੀ ਹੈ। ਹੋਰ ਸਾਰਾ ਜਗਤ ਬਹੁਤ ਹੰਕਾਰ ਹੀ (ਪੱਲੇ) ਬੰਨ੍ਹੀ ਫਿਰਦਾ ਹੈ।
ਲਬੁ ਵਿਣਾਹੇ ਮਾਣਸਾ, ਜਿਉ ਪਾਣੀ ਬੂਰੁ।
ਬਿੰਦੀ ਸਹਿਤ: ਮਾਣਸਾਂ, ਜਿਉਂ।
ਵਿਣਾਹੇ- ਵਿਨਾਸ਼ ਕਰਦਾ ਹੈ। ਮਾਣਸਾਂ- (ਬਹੁਵਚਨ, ਸਬੰਧ ਕਾਰਕ) ਮਨੁੱਖਾਂ ਦਾ। ਬੂਰੁ- ਪਾਣੀ ਦਾ
ਜਾਲਾ।
ਅਰਥ :
ਲੋਭ ਲਾਲਚ ਮਨੁੱਖਾਂ ਦਾ ਇਉਂ ਵਿਨਾਸ਼ ਕਰਦਾ ਹੈ, ਜਿਵੇਂ ਪਾਣੀ ਨੂੰ (ਉੱਤੇ ਆਇਆ ) ਜਾਲਾ
ਵਿਗਾੜਦਾ ਹੈ।
ਵਰ੍ਹਿਐ ਦਰਗਹ ਗੁਰੂ ਕੀ, ਕੁਦਰਤੀ ਨੂਰੁ।
ਖੜੀ ਤੜੀ : ਦਰਗ੍ਹਾ ਵਾਂਗ। ਦਰਗਹਿ ਅਸ਼ੁਧ ਹੈ।
ਕੁਦਰਤੀ ਨੂਰ- ਰਬੀ ਨੂਰ।
ਅਰਥ:
ਗੁਰੂ ਜੀ ਦੀ ਦਰਗਾਹ (ਦਰਬਾਰ) ਵਿਚ (ਬਾਣੀ, ਵੀਚਾਰ, ਪ੍ਰਭੂ ਚਿੰਤਨ ਦੇ ਰੂਪ ਵਿਚ) ਰੱਬੀ ਨੂਰ
ਵਰਸਦਾ ਹੈ (ਜਿਸ ਦੇ ਫਲ-ਸਰੂਪ ਇਥੇ ਹਰ ਕੋਈ ਨੂਰੋ ਨੂਰ ਹੋ ਰਿਹਾ ਹੈ।
ਜਿਤੁ ਸੁ ਹਾਥ ਨ ਲਭਈ, ਤੂੰ ਓਹੁ ਠਰੂਰੁ॥
ਫੁਟਕਲ : ਜਿਤੁ ਪੋਲਾ ਉਚਾਰੋ। ‘ਜਿੱਤ’ ਨਹੀਂ।
ਜਿਤੁ- (ਪੜਨਾਉਂ) ਜਿਸ ਵਚਲੀ। ‘ਸੁ’ -ਕਾਵਿ ਪ੍ਰਬੰਧ ਅਧੀਨ ਲਈ ਹੈ। ਹਾਥ-( ਇਸਤਰੀ ਲਿੰਗ ਨਾਂਵ)
ਡੂੰਘਾਈ। ਠਰੂਰੁ- ਠਰਿਆ ਹੋਇਆ ਸਾਗਰ।
ਅਰਥ :
ਹੇ ਸਤਿਗੁਰੂ ! ਤੂੰ (ਹਿਰਦੇ ਵਿਚ ਆਤਮਿਕ ਠੰਡ ਵਰਤਾਉਣ ਵਾਲਾ) ਉਹ ਸਾਗਰ ਹੈਂ। ਜਿਸ ਵਿਚਲੀ ਥਾਹ
ਨਹੀਂ ਲੱਭੀ ਜਾ ਸਕਦੀ।
ਨਉਨਿਧਿ ਨਾਮੁ ਨਿਧਾਨੁ ਹੈ, ਤੁਧੁ ਵਿਚਿ ਭਰਪੂਰੁ॥
ਨਉਨਿਧਿ-ਨੌਂ ਖ਼ਜ਼ਾਨੇ। ਭਰਪੂਰੁ- ਭਰਿਆ ਹੋਇਆ।
ਅਰਥ :
ਹੇ ਸਤਿਗੁਰੂ ਜੀ! ਸੰਸਾਰ ਦੇ ਨੌਂ ਮਾਇਕੀ ਖ਼ਜ਼ਾਨਿਆਂ ਤੋਂ ਸਿਰਮੌਰ ਸਦੀਵਕਾਲ ਭਰਪੂਰ
ਨਾਮ-ਖ਼ਜ਼ਾਨਾ(ਪ੍ਰਭੂ-ਚਿੰਤਨ) ਤੇਰੇ ਵਿਚ ਮੌਜੂਦ ਹੈ।
ਨਿੰਦਾ ਤੇਰੀ ਜੋ ਕਰੇ, ਸੋ ਵੰਞੈ ਚੂਰੁ।
ਵੰਞੈ- ਹੋ ਜਾਂਦਾ ਹੈ। ਚੂਰੁ- ਚੂਰਾ ਚੂਰਾ।
ਅਰਥ : ਹੇ ਸਤਿਗੁਰੂ ਜੀ !)ਜੋ ਮਨੁੱਖ ਤੇਰੀ ਨਿੰਦਿਆ ਕਰਦਾ ਹੈ ਉਹ (ਟੋਟੇ ਟੋਟੇ) ਚਿਕਨਾ ਚੂਰ
ਹੋ ਜਾਂਦਾ ਹੈ।
ਨੇੜੈ ਦਿਸੈ ਮਾਤ-ਲੋਕ, ਤੁਧੁ ਸੁਝੈ ਦੂਰੁ॥
ਫੇਰਿ ਵਸਾਇਆ ਫੇਰੁਆਣਿ, ਸਤਿਗੁਰ ਖਾਡੂਰੂ॥੫॥
ਫੇਰੁਆਣਿ, ਔਂਕੜ ਉਚਾਰਣ ਦਾ ਭਾਗ ਹੈ। ਖਾਂਡੂਰ, ਅਸ਼ੁਧ ਹੈ।
ਮਾਤ ਲੋਕ-ਦੁਨਿਆਵੀ ਲੋਕਾਂ ਨੂੰ। ਦੂਰੁ-ਆਤਮ ਮੰਡਲ।
ਅਰਥ :
ਦੁਨਿਆਵੀ ਲੋਕਾਂ ਨੂੰ ਕੇਵਲ ਸੰਸਾਰ ਦੇ ਪਦਾਰਥ ਹੀ ਦਿਸਦੇ ਹਨ ਪਰ) ਤੂੰ ਦੂਰ ਦ੍ਰਿਸ਼ਟੀ ਵਾਲਾ
ਹੈਂ। ਫਿਰ (ਬਾਬਾ) ਫੇਰੂ ਜੀ ਦੇ ਸਪੁੱਤਰ ਸਤਿਗੁਰੂ (ਗੁਰੂ ਅੰਗਦ ਸਾਹਿਬ) ਨੇ ਖਾਡੂਰ ਨਗਰ ਸਿੱਖੀ
ਪਰਚਾਰ ਕੇਂਦਰ ਬਣਾ ਕੇ ਆਬਾਦ ਕੀਤਾ।੫।
ਸੋ ਟਿਕਾ ਸੋ ਬੈਹਣਾ, ਸੋਈ ਦੀਬਾਣੁ ॥
ਪਿਯੂ ਦਾਦੇ ਜੇਵਿਹਾ, ਪੋਤਾ ਪਰਵਾਣੁ ॥
ਫੁਟਕਲ: ਪਿਯੂ-ਪਿਊ।
ਟਿਕਾ-ਨਾਮ ਨੀਸ਼ਾਨ,ਗੁਰਗੱਦੀ ਦੀ ਜੁਮੇਵਾਰੀ। ਬੈਹਣਾ- ਬੈਠਣ ਲਈ ਰੱਬੀ-ਸੱਤਾ ਸੰਪੰਨ ਤਖਤ।
ਪਿਯੂ-ਪਿਤਾ ਗੁਰੂ (ਗੁਰੂ ਅੰਗਦ ਸਾਹਿਬ ਜੀ)। ਦਾਦੇ ਜੇਵਿਹਾ- ਦਾਦਾ ਗੁਰੂ (ਗੁਰੂ ਨਾਨਕ ਸਾਹਿਬ
ਵਰਗਾ। ਪੋਤਾ- ਪੋਤਰਾ (ਗੁਰੂ ਅਮਰਦਾਸ ਜੀ) ਪਰਵਾਣੁ- ਮਾਨਨੀਕ।
ਅਰਥ :
ਗੁਰੂ ਵੰਸ਼ ਦਾ ਨਾਦੀ ਪੋਤਰਾ, ਗੁਰੂ (ਅਮਰਦਾਸ ਜੀ) ਆਪਣੇ ਪਿਤਾ-ਗੁਰੂ (ਅੰਗਦ ਸਾਹਿਬ) ਅਤੇ ਦਾਦਾ
ਗੁਰੂ (ਨਾਨਕ ਸਾਹਿਬ) ਵਰਗਾ ਪਰਵਾਣ ਹੈ। ਗੁਰੂ ਅਮਰਦਾਸ ਜੀ ਦੇ ਮੱਥੇ ‘ਤੇ) ਓਹ ਹੀ (ਪਹਿਲੇ
ਸਤਿਗੁਰਾਂ ਵਾਲਾ ਟਿੱਕਾ) ਨਾਮ -ਨੀਸ਼ਾਨ ਹੈ, ਬੈਠਣ ਲਈ ਓਹੀ ਤਖਤ ਹੈ, ਉਹੀ ਬਖ਼ਸ਼ਸ਼ਾਂ ਵੰਡਣ ਵਾਲਾ
ਗੁਰੂ ਦਰਬਾਰ ਹੈ।
ਜਿਨਿ ਬਾਸਕੁ ਨੇਤ੍ਰੈ ਘਤਿਆ, ਕਰਿ ਨੇਹੀ ਤਾਣੁ॥
ਜਿਨਿ ਸਮੁੰਦੁ ਵਿਰੋਲਿਆ, ਕਰਿ ਮੇਰੁ ਮਧਾਣੁ ॥
ਬਾਸਕ, ਉਚਾਰਣ-ਬਾਸ਼ਕ ਵਾਂਗ।
ਜਿਨਿ- ਜਿਸ ਗੁਰੂ ਅਮਰਦਾਸ ਨੇ। ਬਾਸਕੁ-ਬਾਸ਼ਕ, ਸੱਪਾਂ ਦਾ ਰਾਜਾ ਨਾਗ। ਘਤਿਆ- ਪਾਇਆ। ਤਾਣੁ-
ਪੁਲਿੰਗ, ਆਤਮਿਕ ਬੱਲ। ਮੇਰੁ- ਸੁਮੇਰ ਪਰਬਤ। ਮਧਾਣੁ-ਮਧਾਣਾ।
ਅਰਥ :
ਜਿਸ ਸਤਿਗੁਰੂ ਅਮਰਦਾਸ ਨੇ ਗੁਰ ਸ਼ਬਦ ਨੂੰ ਮਧਾਣਾ ਪਾ ਕੇ, ਆਤਮ ਬਲ ਨੂੰ ਨੇਹਣੀ ਬਣਾ ਕੇ , ਮਨ
ਨਾਗ ਨੂੰ ਨੇਤ੍ਰੇ ਵਜੋਂ ਪਾਇਆ ਅਤੇ ਸਰੀਰ ਸਮੁੰਦਰ ਨੂੰ ਰਿੜਕਿਆ।
(ਸਮੁੰਦਰ ਰਿੜਕਣ ਵਾਲੀ ਗੱਲ ਮਿਥਿਹਾਸਿਕ ਹੈ। ਇਥੇ ਰਬਾਬੀਆਂ ਨੇ ਇਕ ਅਲੰਕਾਰ ਵਜੋਂ ਵਰਤੋਂ ਕੀਤੀ
ਹੈ। ਉਹ ਕਹਿੰਦੇ ਹਨ ਕਿ ਦੇਵਤਿਆਂ ਨੇ ਸਮੁੰਦਰ ਰਿੜਕਿਆ ਸੀ, ਇਸੇ ਤਰਾਂ ਰਬਾਬੀਆਂ ਨੇ ਇਸ ਨੂੰ
ਅਲੰਕਾਰਕ ਵਜੋਂ ਵਰਤ ਕੇ ਰਿੜਕਿਆ ਭਾਵ ਵੀਚਾਰਿਆ ਅਰਥ ਲਏ ਹਨ।)
ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ॥
ਘੋੜਾ ਕੀਤੋ ਸਹਜ ਦਾ, ਜਤੁ ਕੀਓ ਪਲਾਣੁ॥
ਚਉਦਹ- ਚਉਦ੍ਹਾ ਵਾਂਗ ਉਚਾਰਣ।
ਨਿਕਾਲਿਅਨੁ- ਉਸ ਨੇ ਕੱਢੇ। ਕੀਤੋਨੁ- ਉਸ ਨੇ ਕੀਤਾ। ਚਾਨਾਣ-ਗਿਆਨ-ਚਾਨਣਾ।
ਅਰਥ:
(ਸਤਿਗੁਰੂ ਅਮਰਦਾਸ ਨੇ) ਸਰੀਰ ਸਮੁੰਦਰ ਵਿਚੋਂ ਨਾਮ ਅੰਮ੍ਰਿਤ ਅਤੇ ਦੈਵੀ ਗੁਣਾਂ ਰੂਪ ਚੌਦਾਂ
ਰਤਨ ਕੱਢੇ ਅਤੇ ਸਾਰੇ ਸੰਸਾਰ ਵਿਚ ਗੁਰਮਤਿ ਜੀਵਨ ਦਾ ਚਾਨਣ ਕੀਤਾ।(ਗੁਰੂ ਅਮਰਦਾਸ ਜੀ ਨੇ) ਵਿਕਾਰਾਂ
ਉੱਤੇ ਧਾਈ ਕਰਨ ਲਈ ਆਤਮ ਗਿਆਨ ਨੂੰ ਘੋੜਾ ਬਣਾਇਆ, ਸੁੱਚੇ ਆਚਰਣ ਨੂੰ ਪਲਾਣਾ , ਕਾਠੀ ਬਣਾਇਆ।
ਧਣਖ ਚੜਾਇਓ ਸਤ ਦਾ ਜਸ ਹੰਦਾ ਬਾਣੁ॥
ਚੜਾਇਓ : ਭਾਰ ਸਹਿਤ ਉਚਾਰਣ।
ਧਣਖੁ ਚੜਾਇਓ ਸਤ ਦਾ- ਸਤਵਾਦੀ ਜੀਵਨ ਰੂਪ ਕਮਾਣ ਦਾ। ਜਸ ਹੰਦਾ- ਸਿਫਤਿ-ਸਾਲਾਹ ਦਾ। ਹੰਦਾ- ਦਾ
ਅਸਲੀ ਲਫ਼ਜ਼ (ਸੰਦਾ) ਹੈ।
ਅਰਥ :
ਵਿਕਾਰਾਂ ਨਾਲ ਜੁੱਧ ਕਰਨ ਲਈ ਸਤਵਾਦੀ ਜੀਵਨ ਦਾ ਧਨੁੱਖ ਅਤੇ ਪ੍ਰਭੂ ਦੀ ਸਿਫਤ ਸਾਲਾਹ ਦਾ ਤੀਰ
ਬਣਾ ਕੇ ਚਿਲਾ ਚੜ੍ਹਾਇਆ।
ਕਲਿ ਵਿਚਿ ਧੂ ਅੰਧਾਰੁ ਸਾ, ਚੜਿਆ ਰੈ ਭਾਣੁ॥
ਉਚਾਰਣ ਸੇਧ : ਧੂੰ ,ਚੜ੍ਹਿਆ. ਰੈ-ਭਾਣ ਸਮਾਸੀ ਸ਼ਬਦ ਹੈ।
ਕਲਿ- ਕਲੇਸ਼ ਭਰੇ ਸੰਸਾਰ ਵਿਚ। ਧੂ ਅੰਧਾਰ- ਧੂੰ, ਘੁੱਪ ਹਨ੍ਹੇਰਾ। ਸਾ-ਸੀ (ਪੜਨਾਉਂ) ਰੈ-ਭਾਣ-
ਗਿਆਨ ਪ੍ਰਕਾਸ਼ਕ ਗੁਰੂ।
ਅਰਥ :
ਕਲੇਸ਼ ਭਰੇ ਸੰਸਾਰ ਵਿਚ (ਅਗਿਆਨਤਾ) ਦਾ ਘੁੱਪ ਹੰਨ੍ਹੇਰਾ ਸੀ, ਗੁਰੂ ਅਮਰਦਾਸ ਗਿਆਨ ਦਾ ਸੂਰਜ
ਵਾਂਗ ਬਣ ਕੇ ਉਦੈ ਹੋਇਆ।
ਸਤਹੁ ਖੇਤੁ ਜਮਾਇਓ, ਸਤਹੁ ਛਾਵਾਣੁ॥
ਬਿੰਦੀ ਸਹਿਤ ; ਸਤਹੁਂ।
ਸਤਹੁ-ਸੁਚੇ ਆਚਰਣ ਤੋਂ। ਛਾਵਾਣ- ਛਾਇਆਵਾਨ, ਰਖਵਾਲਾ।
ਅਰਥ :
ਉਚੇ ਆਚਰਣ ਤੋਂ ਹੀ ਖੇਤ ਪੈਦਾ ਕੀਤਾ (ਅਤੇ) ਸਤ ਤੋਂ ਹੀ ਸਾਇਬਾਣ ਤਾਣਿਆ।
ਨਿਤ ਰਸੋਈ ਤੇਰੀਐ, ਘਿਉ ਮੈਦਾ ਖਾਣੁ॥
ਰਸੋਈ ਤੇਰੀਐ- ਤੇਰੀ ਰਸੋਈ ਲੰਗਰ ਵਿਚ।ਖਾਣੁ-ਖੰਡ।
ਅਰਥ :
ਗੁਰੂ ਅਮਰਦਾਸ ਜੀ! ਤੇਰੀ ਰਸੋਈ ਲੰਗਰ ਵਿਚ ਨਿਤਾਪ੍ਰਤਿ ਘਿਉ, ਮੈਦਾ, ਖੰਡ (ਭਾਵ ਕੜਾਹ ਪ੍ਰਸਾਦਿ
) ਵਰਤਦਾ ਹੈ।
ਚਾਰੇ ਕੁੰਡਾ ਸੁਝੀਓਸੁ, ਮਨ ਮਹਿ ਸਬਦੁ ਪਰਵਾਣੁ॥
ਬਿੰਦੀ ਸਹਿਤ : ਕੁੰਡਾਂ।
ਚਾਰੇ ਕੁੰਡਾ- ਚਾਰੇ ਕੁੰਟਾਂ (ਪੂਰਬ, ਪੱਛਮ, ਉੱਤਰ , ਦੱਖਣ) ਸਮੁੱਚੇ ਸੰਸਾਰ ਭਵਨ ਦੀ।
ਸੁਝੀਓਸੁ-ਉਸ ਨੂੰ ਸੋਝੀ ਹੋ ਗਈ। ਮਹਿ- ਵਿਚ। ਪਰਵਾਣੁ- ਦ੍ਰਿੜ੍ਹ ਕਰ ਲਿਆ।
ਅਰਥ :
ਜਿਸ ਜੀਵ ਨੇ ਮਨ ਵਿਚ ਗੁਰ ਸ਼ਬਦ ਨੂੰ ਦ੍ਰਿੜ੍ਹ ਕਰ ਲਿਆ, ਉਸ ਉਸ ਨੂੰ ਚਹੁੰਆ ਕੁੰਡਾਂ, ਭਾਵ
ਸਮੁੱਚੇ ਸੰਸਾਰ ਭਵਨ ਦੀ ਸੋਝੀ ਹੋ ਗਈ।
ਆਵਾ ਗਉਣੁ ਨਿਵਾਰਿਓ, ਕਰਿ ਨਦਰਿ ਨੀਸਾਣ॥
ਆਵਾ ਗਉਣ- ਜਨਮ ਮਰਨ। ਨਿਵਾਰਿਓ- ਮੁਕਾਅ ਦਿਤਾ। ਨਦਰਿ-ਮਿਹਰ ਦੀ ਨਜ਼ਰ ਕਰਕੇ। ਨੀਸਾਣ- ਨਿਸ਼ਾਣ,
ਪਰਵਾਨਾ।
ਅਰਥ :
ਗੁਰੂ ਅਮਰਦਾਸ ਜੀ ਨੇ ਮਿਹਰ ਦੀ ਨਦਰਿ ਦੁਆਰਾ ਉਸ ਜੀਵ ਦੇ ਮੱਥੇ ‘ਤੇ ਨਾਮ ਨੀਸ਼ਾਨ ਲਾ ਕੇ ਉਸ ਦਾ
ਜਨਮ ਮਰਨ ਦਾ ਗੇੜਾ ਮੁਕਾਅ ਦਿੱਤਾ।
ਭੁੱਲ-ਚੁੱਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’
[email protected]