ਕੀ ਬਾਲੇ ਨਾ ਦਾ ਕੋਈ ਵਿਆਕਤੀ ਹੋਇਆ ਹੈ?
ਅੱਜ ਤੋਂ ਕੋਈ 35-40 ਕੁ ਸਾਲ
ਪਹਿਲਾਂ ਜਦੋਂ ਅਮਰੀਕਾ ਕਨੇਡਾ ਵਿੱਚ ਸਿੱਖਾਂ ਦੀ ਵਸੋਂ ਦਾ ਵਾਧਾ ਹੋਣਾ ਸ਼ੁਰੂ ਹੋਇਆ ਤਾਂ
ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ ਗੁਰਦੁਆਰੇ ਬਣਨੇ ਸ਼ੁਰੂ ਹੋਏ। ਕਨੇਡਾ ਦੇ ਬੀ. ਸੀ. ਸੂਬੇ ਤੇ ਉਤਰ
ਵੱਲ ਤਕਰੀਬਨ ਹਰ ਸ਼ਹਿਰ ਵਿੱਚ ਗੁਰਦੁਆਰਾ ਬਣਾਇਆ ਗਿਆ। ਸਿੱਖ ਭਾਈਚਾਰੇ ਨਾਲ ਸੰਬੰਧਿਤ ਬਹੁਤੇ ਲੋਕ
ਲੱਕੜ ਦੀਆਂ ਮਿੱਲਾਂ ਵਿੱਚ ਕੰਮ ਕਰਦੇ ਸਨ। ਲੱਕੜ ਦੀਆਂ ਮਿੱਲਾਂ ਵਿੱਚ ਲੱਕੜ ਦੀ ਮਾਰਕੀਟ ਅਨੁਸਾਰ
ਕਾਫੀ ਉਤਰਾ-ਚੜਾ ਆਉਂਦੇ ਰਹੇ। ਬਹੁਤੇ ਛੋਟੇ ਸ਼ਹਿਰ ਲੱਕੜ ਦੀ ਇੰਡਸਟਰੀ ਤੇ ਹੀ ਨਿਰਭਰ ਕਰਦੇ ਹਨ।
ਜਦੋਂ ਲੱਕੜ ਦਾ ਮੰਦਾ ਪੈਂਦਾ ਹੈ ਤਾਂ ਇਹਨਾ ਛੋਟੇ ਸ਼ਹਿਰਾਂ ਵਿੱਚ ਹੋਰ ਕੋਈ ਕੰਮ ਨਾ ਮਿਲਣ ਦੇ ਕਾਰਨ
ਲੋਕ ਹੋਰ ਸ਼ਹਿਰਾਂ ਵਿੱਚ ਚਲੇ ਜਾਂਦੇ ਹਨ। ਇਸ ਸਾਰਾ ਕੁੱਝ ਸਿੱਖ ਭਾਈਚਾਰੇ ਨਾਲ ਵੀ ਹੁੰਦਾ ਹੈ।
ਸਾਡੇ ਸ਼ਹਿਰ ਵਿੱਚ ਵੀ ਕਿਸੇ ਸਮੇਂ 250-300 ਦੇ ਲੱਗ ਭੱਗ ਪੰਜਾਬੀ/ਸਿੱਖ ਪ੍ਰਵਾਰ ਰਹਿੰਦੇ ਸਨ
ਜਿਹੜੇ ਕਿ ਘਟ ਕੇ ਹੁਣ ਅੱਧੇ ਕੁ ਰਹਿ ਗਏ ਹਨ। ਕਈ ਸ਼ਹਿਰਾਂ ਦੇ 20-25 ਕੁ ਪ੍ਰਵਾਰਾਂ ਨੇ ਰਲ ਕੇ ਵੀ
ਗੁਰਦੁਆਰਾ ਬਣਾਇਆ ਸੀ ਜੋ ਕਿ ਕੰਮਾਂ ਦੇ ਮੰਦੇ ਪੈਣ ਦੇ ਕਾਰਨ ਅਤੇ ਸਿੱਖਾਂ ਦੀ ਅਬਾਦੀ ਘਟਣ ਦੇ
ਕਾਰਨ ਉਹ ਬੰਦ ਕਰਨਾ ਪਿਆ।
ਸਿੱਖ ਭਾਈਚਾਰੇ ਨਾਲ ਸੰਬੰਧਿਤ ਬਹੁਤੇ ਲੋਕ ਪਿੰਡਾਂ ਵਿਚੋ ਆਏ ਸਨ ਅਤੇ ਪਿੰਡਾਂ ਦੀ ਵਸੋਂ ਵਿੱਚ
ਬਹੁਤੇ ਜੱਟ ਜਿੰਮੀਦਾਰ ਸਨ ਅਤੇ ਇਹਨਾ ਵਿੱਚ ਦੁਨਿਆਵੀ ਪੜ੍ਹਾਈ ਦਾ ਰੁਝਾਨ ਘੱਟ ਹੀ ਹੁੰਦਾ ਹੈ। ਇਸ
ਲਈ ਇਹਨਾ ਨੂੰ ਧਰਮ ਦੀਆਂ ਅਸਲੀ ਗੱਲਾਂ ਬਾਰੇ ਬਹੁਤਾ ਗਿਆਨ ਨਹੀਂ ਹੁੰਦਾ। ਇਹ ਕਰਾਮਾਤੀ ਕਹਾਣੀਆਂ
ਸੁਣ ਕੇ ਜ਼ਿਆਦਾ ਖੁਸ਼ ਹੁੰਦੇ ਹਨ। ਥੋੜਾ ਕੁ ਸਮਾ ਅਸੀਂ ਵੀ ਇਹਨਾ ਕਹਾਣੀਆਂ ਨੂੰ ਮੰਨਦੇ ਰਹੇ ਪਰ
ਪੜ੍ਹ ਕੇ ਛੇਤੀਂ ਹੀ ਅਸਲੀਅਤ ਦਾ ਪਤਾ ਲੱਗ ਗਿਆ। ਕੋਈ 30-32 ਕੁ ਸਾਲ ਪਹਿਲਾਂ ਜਦੋਂ ਮੈਂ ਕਰਮ
ਸਿੰਘ ਹਿਸਟੋਰੀਅਨ ਦੀ ਕਿਤਾਬ, “ਕੱਤਕ ਕਿ ਵਿਸਾਖ” ਪੜ੍ਹੀ ਸੀ ਤਾਂ ਭਾਈ ਬਾਲੇ ਦੀ ਅਸਲੀਅਤ ਮੈਂਨੂੰ
ਉਦੋਂ ਹੀ ਸਮਝ ਆ ਗਈ ਸੀ। ਜਦੋਂ ਇਸ ਬਾਰੇ ਮੈਂ ਹੋਰ ਸਿੱਖਾਂ ਨਾਲ ਗੱਲ ਕਰਨੀ ਤਾਂ ਬਹੁਤੇ ਸਿੱਖ
ਮੇਰੀ ਗੱਲ ਸੁਣਦੇ ਹੀ ਨਹੀਂ ਸੀ। ਕੋਈ ਕਹਿੰਦਾ ਕਿ ਤੂੰ ਬਹੁਤ ਸਿਆਣਾ ਆ ਗਿਆ ਹੈਂ ਅਸੀਂ ਇਤਨੇ
ਸਾਲਾਂ ਤੋਂ ਸੁਣਦੇ ਆ ਰਹੇ ਹਾਂ ਅਤੇ ਫੋਟੋਆਂ ਦੇਖਦੇ ਆ ਰਹੇ ਹਾਂ। ਉਹਨਾ ਦਾ ਕਹਿਣਾ ਸੀ ਕਿ ਬਾਲਾ
ਹੋਇਆ ਜਰੂਰ ਹੈ ਅਤੇ ਉਹ ਸੰਧੂ ਗੋਤ ਦਾ ਜੱਟ ਸੀ। ਹੋ ਸਕਦਾ ਹੈ ਕਿ ਉਹ ਗੁਰੂ ਨਾਨਾਕ ਦੇਵ ਜੀ ਨਾਲ
ਘੱਟ ਰਿਹਾ ਹੋਵੇ ਇਸ ਲਈ ਭਾਈ ਗੁਰਦਾਸ ਜੀ ਨੇ ਉਸ ਦਾ ਜ਼ਿਕਰ ਨਾ ਕੀਤਾ ਹੋਵੇ। ਪਹਿਲੇ ਸਮੇ ਇੱਥੇ
ਬਹੁਤੇ ਪ੍ਰਚਾਰਕ ਡੇਰਿਆਂ ਨਾਲ ਸੰਬੰਧਿਤ ਆਉਂਦੇ ਸਨ ਅਤੇ ਉਹ ਕਰਾਮਾਤੀ ਮਨਘੜਤ ਸਾਖੀਆਂ ਸੁਣਾਉਂਦੇ
ਹੁੰਦੇ ਸਨ। ਹੌਲੀ-ਹੌਲੀ ਪੜ੍ਹੇ ਲਿਖੇ ਅਤੇ ਮਿਸ਼ਨਰੀ ਪ੍ਰਚਾਰਕ ਵੀ ਆਉਣੇ ਸ਼ੁਰੂ ਹੋਏ। ਫਿਰ ਇੰਟਰਨੈੱਟ
ਅਤੇ ਹੋਰ ਇਲੈਕਟਰੌਨਿਕ ਮੀਡੀਏ ਨੇ ਵੀ ਕਾਫੀ ਜਾਗਰਤੀ ਲਿਆਂਦੀ ਪਰ ਹਾਲੇ ਵੀ ਡੇਰਾਵਾਦੀ ਅਤੇ
ਕਰਮਕਾਂਡੀਆਂ ਦੀ ਕਾਫੀ ਭਰਮਾਰ ਹੈ ਜਿਨਾ ਨੂੰ ਕਿ ਸੱਚ ਤੋਂ ਨਫਰਤ ਹੈ। ਨਾਂ ਤਾਂ ਇਹ ਦਸਮ ਗ੍ਰੰਥ ਦੇ
ਗੰਦ ਨੂੰ ਛੱਡ ਸਕਦੇ ਹਨ ਅਤੇ ਨਾ ਹੀ ਮਨਘੜਤ ਕਰਾਮਾਤੀ ਸਾਖੀਆਂ ਨੂੰ। ਜੇ ਕਰ ਕੋਈ ਵਿਆਕਤੀ ਕਿਸੇ
ਇੱਕ ਵੀ ਮਰੇ ਜਾਂ ਜ਼ੀਦੇ ਕਥਿਤ ਸਾਧ-ਸੰਤ-ਬਾਬੇ ਬਾਰੇ ਦੱਸ ਦੇਵੇ ਕਿ ਉਹ ਇਹਨਾ ਦੋ ਗੱਲਾਂ ਤੋਂ ਰਹਿਤ
ਸਨ ਤਾਂ ਮੈਂ ਕੋਟਿ-ਕੋਟਿ ਧੰਨਵਾਦ ਕਰਾਂਗਾ ਅਜਿਹੇ ਵਿਆਕਤੀ ਦਾ। ਇਹ ਡੇਰਾਵਾਦੀ ਲੋਕਾਂ ਦੀਆਂ ਅੱਖਾਂ
ਵਿੱਚ ਘੱਟਾ ਪਉਣ ਲਈ ਇੱਕ ਦੋ ਕੰਮ ਚੰਗੇ ਵੀ ਕਰ ਦਿੰਦੇ ਹਨ ਅਤੇ ਬਾਕੀ ਦੇ ਸਾਰੇ ਪੁੱਠੇ ਕੰਮ ਇਹਨਾਂ
ਕੁੱਝ ਕੁ ਚੰਗੇ ਕੰਮਾ ਦੇ ਥੱਲੇ ਲਕਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਮੱਤ ਸਮਝੋ ਕਿ ਇਹ ਚਿੱਟੇ ਚੋਲਿਆਂ
ਵਾਲੇ ਅਤੇ ਨੰਗੀਆਂ ਲੱਤਾਂ ਵਾਲੇ ਆਮ ਵਿਆਕਤੀ ਨਾਲੋਂ ਕੋਈ ਚੰਗੇ ਅਤੇ ਧਰਮੀ ਹਨ। ਮੌਕਾ ਆਉਣ ਤੇ
ਇਹਨਾ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ ਜਿਵੇਂ ਕਿ ਹੁਣੇ ਹੀ ਕੁੱਝ ਦਿਨ ਪਹਿਲਾਂ ਇੱਕ ਬਾਬੇ ਦੀ ਆਈ
ਹੈ। ਇਸ ਬਾਬੇ ਦੇ ਚੇਲਿਆਂ ਨੇ ਕਿਵੇਂ ਬਲਦੀਪ ਸਿੰਘ ਰਾਮੂਵਾਲੀਆ ਅਤੇ ਜਗਪਾਲ ਸਿੰਘ ਸਰੀ ਨੂੰ ਫੂਨ
ਤੇ ਧਮਕੀਆਂ ਦਿੱਤੀਆਂ ਹਨ। ਬਲਦੀਪ ਸਿੰਘ ਤੇ ਤਾਂ ਕੇਸ ਵੀ ਦਰਜ ਕਰਵਾਉਣ ਨੂੰ ਫਿਰਦੇ ਹਨ। ਪਰ ਅੱਜ
ਸ਼ੇਰੇ-ਪੰਜਾਬ ਰੇਡੀਓ ਤੇ ਭਾਈ ਬਾਲੇ ਦੀ ਅਸਲੀਅਤ ਵਿਦਵਾਨਾਂ ਨੇ ਸਾਰਿਆਂ ਦੇ ਸਾਹਮਣੇ ਰੱਖ ਕੇ ਇਹਨਾ
ਬਗਲਿਆਂ ਦੇ ਪਖੰਡ ਅਤੇ ਝੂਠ ਦਾ ਭਾਂਡਾ ਸਾਰਿਆਂ ਦੇ ਸਾਹਮਣੇ ਭੰਨ ਦਿੱਤਾ ਹੈ ਅਤੇ ਗੁਰਬਾਣੀ ਦੀਆਂ
ਇਹਨਾ ਹੇਠ ਲਿਖੀਆਂ ਪੰਗਤੀਆਂ ਨੂੰ ਸੱਚ ਕਰ ਵਿਖਾਇਆ ਹੈ।
ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ॥ ਪੰਨਾ 381॥
ਅੱਜ 13 ਜੁਲਾਈ 2014 ਦਿਨ ਐਤਵਾਰ ਨੂੰ ਜੋ ਟਾਕ-ਸ਼ੋਅ ਭਾਈ ਬਾਲੇ ਬਾਰੇ ਸ਼ੇਰੇ-ਪੰਜਾਬ
ਤੇ ਭਾਈ ਕੁਲਦੀਪ ਸਿੰਘ ਨੇ ਕੀਤਾ ਹੈ ਉਸ ਦੀ ਰਿਕਾਡਿੰਗ ‘ਸਿੱਖ ਮਾਰਗ’ ਦੇ ਪਾਠਕਾਂ ਲਈ ਅਸੀਂ ਪਾ
ਰਹੇ ਹਾਂ। ਇਸ ਨੂੰ ਸੁਣਨ ਲਈ ਐਰੋ ਤੇ ਕਲਿਕ ਕਰੋ।
ਮੱਖਣ ਸਿੰਘ ਪੁਰੇਵਾਲ।
ਜੁਲਾਈ 13, 2014.