. |
|
ਭੱਟ ਬਾਣੀ-17
ਬਲਦੇਵ ਸਿੰਘ ਟੋਰਾਂਟੋ
ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ।।
ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ।।
ਗੁਣ ਗਾਵੈ ਮੁਨਿ ਬ੍ਯ੍ਯਾਸੁ ਜਿਨਿ ਬੇਦ ਬ੍ਯ੍ਯਾਕਰਣ ਬੀਚਾਰਿਅ।।
ਬ੍ਰਹਮਾ ਗੁਣ ਉਚਰੈ ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ।।
ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ।।
ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ।। ੯।।
(ਪੰਨਾ ੧੩੯੦)
ਪਦ ਅਰਥ:- ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ।। ਮਹਾਦੇਉ ਗੁਣ ਰਵੈ
ਸਦਾ ਜੋਗੀ ਜਤਿ ਜੰਗਮ – ਪਾਯਾਲਿ ਭਗਤ ਨਾਗਾਦਿ – ਪਾਤਾਲ ਵਾਲੇ ਨਾਗ (ਸ਼ੇਸ਼ ਨਾਗ) ਦੇ ਭਗਤ।
(ਪੁਰਾਣਾਂ ਅਨੁਸਾਰ ਕਲਪਤ ਨਾਗ ਜਿਸ ਦੇ ਸਿਰ `ਤੇ ਸੱਤ ਪਾਤਾਲ ਟਿਕੇ ਹਨ) ਸ਼ੇਸ਼ ਨਾਗ ਦੇ ਭਗਤ।
ਨਾਗਾਦਿ – ਵੱਡਾ ਨਾਗ, ਜਿਸ ਨੂੰ ਪੁਰਾਣਾਂ ਅਨੁਸਾਰ ਸ਼ੇਸ਼ ਨਾਗ ਆਖਦੇ ਹਨ। (ਪੁਰਾਣਾਂ ਅਨੁਸਾਰ
ਸ਼ੇਸ਼ ਨਾਗ ਜਿਸ ਦੇ ਸਿਰ `ਤੇ ਸੱਤ ਪਤਾਲ ਟਿਕੇ ਹਨ ਅਤੇ ਇਹ ਆਖਦੇ ਹਨ ਕਿ ਇਸ ਦੇ ਉਬਾਸੀ ਲੈਣ ਨਾਲ
ਭੁਚਾਲ ਆਉਂਦਾ ਹੈ (ਮ: ਕੋਸ਼))। ਭੁਯੰਗਮ – ਸਪੋਲੀਆ। ਮਹਾਦੇਉ – ਜਿਹੜਾ
ਆਪਣੇ ਆਪ ਨੂੰ ਸ਼ਿਵ ਜੀ ਅਖਵਾਉਂਦਾ ਹੈ। ਜੋਗੀ – ਅਖੌਤੀ ਜੋਗੀ। ਜੰਗਮ – (ਸ਼ਿਵ ਦੇ
ਭਗਤ) ਜੋ ਸਿਰ ਪੁਰ ਸੱਪ ਦੀ ਸ਼ਕਲ ਦੀ ਰੱਸੀ ਅਤੇ ਧਾਤ ਦਾ ਚੰਦਰਮਾ ਪਹਿਨਦੇ ਹਨ ਅਤੇ ਪਹਿਨ ਕੇ
ਮਹਾਂਦੇਉ ਦੇ ਹੀ ਗੁਣ ਗਾਈ ਜਾਂਦੇ ਹਨ। ਗੁਣ ਗਾਵੈ ਮੁਨਿ ਬ੍ਯ੍ਯਾਸੁ – ਬਿਆਸ ਮੁਨੀ ਵੀ
(ਬ੍ਰਹਮੇ ਦੇ ਹੀ) ਗੁਣ ਗਾਈ ਜਾ ਰਿਹਾ ਹੈ। ਜਿਨਿ ਬੇਦ ਬ੍ਹਾਕਰਣ ਬੀਚਾਰਿਅ – ਜਿਸ ਨੇ
ਬੇਦਾਂ ਨੂੰ ਵਿਆਕਰਣ ਅਨੁਸਾਰ ਵੀਚਾਰਿਆ। ਬੇਦ – ਹਿੰਦੂਆ ਦੇ ਬੇਦ। ਬ੍ਰਹਮਾ ਗੁਣ ਉਚਰੈ
ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ – ਉਹ ਬਿਆਸ ਮੁਨੀ ਜਿਸ ਨੇ ਵੇਦਾਂ ਨੂੰ ਵਿਆਕਰਣ ਅਨੁਸਾਰ
ਵਿਚਾਰਿਆ, ਉਹ ਆਪਣੇ ਆਪ ਨੂੰ ਮੁਨੀ (intellectual)
ਅਖਵਾਉਣ ਵਾਲਾ ਆਪ ਅਗਾਂਹ ਬ੍ਰਹਮਾ ਦੇ ਗੁਣ ਉਚਾਰਣ
ਇਹ ਕਹਿ ਕੇ ਕਰੀ ਜਾ ਰਿਹਾ ਹੈ ਕਿ ਬ੍ਰਹਮਾ ਹੀ ਹੈ, ਜਿਸ ਦਾ ਸਾਰੀ ਸ੍ਰਿਸ਼ਟੀ ਉੱਪਰ ਹੁਕਮ ਚਲਦਾ ਹੈ।
ਹੁਕਮ ਸਵਾਰੀਅ -ਹੁਕਮ ਵਿੱਚ ਸ੍ਰਿਸ਼ਟੀ ਦਾ ਚੱਲਣਾ। ਖੰਡ ਬ੍ਰਹਮੰਡ ਪੂਰਨ ਬ੍ਰਹਮੁ ਗੁਣ,
ਨਿਰਗੁਣ ਸਮ ਜਾਣਿਓ – ਪੂਰਣ ਬ੍ਰਹਮੁ ਜੋ ਗੁਣਾਂ ਦਾ ਖ਼ਜ਼ਾਨਾ ਹੈ। ਉਸ ਦੇ ਬਰਾਬਰ ਇੱਕ ਨਿਰਗੁਣ,
ਜਿਸ ਵਿੱਚ ਇੱਕ ਵੀ ਗੁਣ ਨਹੀਂ, (ਬ੍ਰਹਮੇ) ਨੂੰ ਹੀ ਜਾਣ ਲਿਆ ਹੈ। ਕਉ ਪ੍ਰਭਿ ਮੋਹਿ ਨਿਰਗੁਣ
ਕੀਨੀ ਦਇਆ।। ਸਾਧਸੰਗਿ ਨਾਨਕ ਨਾਮੁ ਲਇਆ।। ੪।। ੨੨।। ੯੧।। ਨਿਰਗੁਣ – ਗੁਣ ਹੀਣ। ਸਮ –
ਬਰਾਬਰ, ਸਮਾਨ। ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ – ਪਰ ਕਵੀ ਕਲ੍ਹ
ਆਖਦਾ ਹੈ ਜਿਨ੍ਹਾਂ ਨੇ ਨਾਨਕ ਦੀ ਤਰ੍ਹਾਂ ਉਸ ਸੱਚੇ ਦੀ ਬਖ਼ਸ਼ਿਸ਼ ਨੂੰ ਗੁਰ ਜਾਣ ਕੇ ਆਪਣੇ ਜੀਵਨ ਵਿੱਚ
ਅਪਣਾਇਆ ਉਨ੍ਹਾਂ ਨੇ ਹੀ ਉਸ ਦੀ ਉੱਤਮ ਬਖ਼ਸ਼ਿਸ਼ ਨੂੰ ਮਾਣਿਆ। ਕਵੀ ਕਲ੍ਹ ਆਪਣੇ ਜੀਵਨ ਵਿੱਚ ਅਡੋਲ ਇਸ
ਉੱਤਮ ਸੱਚ ਨੂੰ ਜਾਣ ਕੇ ਮਾਨਣ ਲਈ ਪ੍ਰੇਰਣਾ ਕਰਦਾ ਹੈ। ਜਪੁ – ਅਪਣਾਉਣਾ, ਅਭਿਆਸ (practice)
ਕਰਨਾ।
ਅਰਥ:- ਹੇ ਭਾਈ! ਕਈ ਸ਼ੇਸ਼ ਨਾਗ ਨੂੰ ਪਾਤਾਲਾਂ ਦਾ ਮਾਲਕ ਸਮਝ ਕੇ ਉਸ ਦੇ
ਭਗਤ ਬਣ ਕੇ ਉਸ ਦੇ ਹੀ ਗੁਣ ਗਾਉਂਦੇ ਹਨ। ਕਈ ਮਹਾਂਦੇਉ (ਸ਼ਿਵਜੀ) ਨੂੰ ਹੀ ਸਦੀਵੀ ਰਹਿਣ ਵਾਲਾ ਸਮਝ
ਕੇ ਆਪਣੇ ਸਿਰ ਉੱਪਰ ਧਾਤ ਦਾ ਚੰਦਰਮਾ ਅਤੇ ਸੱਪ ਦੀ ਸ਼ਕਲ ਦੀ ਰੱਸੀ ਬੰਨ੍ਹ ਕੇ ਉਸ ਦੇ ਹੀ ਗੁਣ
ਗਾਉਂਦੇ ਅਤੇ ਆਪਣੇ ਆਪ ਨੂੰ ਜੋਗੀ ਜਤੀ ਅਖਵਾਉਂਦੇ ਹਨ। ਬਿਆਸ ਮੁੰਨੀ ਵਰਗੇ ਬ੍ਰਹਮੇ ਦੇ ਹੀ ਗੁਣ
ਗਾਈ ਜਾਂਦੇ ਹਨ, ਜਿਸ ਨੇ ਬੇਦਾਂ ਨੂੰ ਵਿਆਕਰਣ ਅਨੁਸਾਰ ਵੀਚਾਰਿਆ। ਉਹ ਬਿਆਸ ਮੁਨੀ ਜਿਸ ਨੇ ਬੇਦਾਂ
ਨੂੰ ਵਿਆਕਰਣ ਅਨੁਸਾਰ ਵੀਚਾਰ ਕੇ ਵੀ ਇਹ ਹੀ ਸਿੱਟਾ ਕੱਢਿਆ ਕਿ ਬ੍ਰਹਮਾ ਦਾ ਹੀ ਸਾਰੀ ਸ੍ਰਿਸ਼ਟੀ
ਉੱਪਰ ਹੁਕਮ ਚਲਦਾ ਹੈ (ਜੋ ਨਿਰ-ਆਧਾਰਤ ਗੱਲ ਹੈ)। ਉਹ ਮੁਨੀ ਆਪ ਬ੍ਰਹਮੇ ਦੇ ਹੀ ਗੁਣ ਉਚਾਰਦਾ ਹੈ,
ਭਾਵ ਪ੍ਰਚਾਰਦਾ ਰਿਹਾ। ਉਸ ਨੇ ਖੰਡਾਂ-ਬ੍ਰਹਿਮੰਡਾਂ ਅਤੇ ਸਮੂੰਹ ਗੁਣਾਂ ਦੇ ਮਾਲਕ ਦੇ ਬਰਾਬਰ ਇੱਕ
ਨਿਰਗੁਣ-ਗੁਣਹੀਣ ਦੇਹਧਾਰੀ (ਅਵਤਾਰਵਾਦੀ ਬ੍ਰਹਮਾ) ਨੂੰ ਹੀ ਜਾਣ ਲਿਆ ਹੈ (ਭਾਵ ਆਪਣੇ ਆਪ ਨੂੰ
ਮੁਨੀ-ਗਿਆਨੀ ਅਖਵਾਉਣ ਵਾਲਾ ਅਵਤਾਰਵਾਦੀ ਦੇਹਧਾਰੀ ਪਰੰਪਰਾ ਦੀ ਗ਼ੁਲਾਮੀ ਵਿੱਚੋਂ ਨਹੀਂ ਨਿਕਲ
ਸਕਿਆ)। ਕਵੀ ਕਲ੍ਹ ਆਖਦਾ ਹੈ ਕਿ ਜਿਨ੍ਹਾਂ ਨੇ ਨਾਨਕ ਦੀ ਤਰ੍ਹਾਂ ਉਸ ਸਦੀਵੀ ਸੱਚੇ ਪ੍ਰਭੂ ਦੀ
ਬਖ਼ਸ਼ਿਸ਼ ਨੂੰ ਗੁਰ ਜਾਣ ਕੇ ਆਪਣੇ ਜੀਵਨ ਵਿੱਚ ਅਪਣਾਇਆ, ਉਨ੍ਹਾਂ ਨੇ ਹੀ ਉਸ ਦੀ ਉੱਤਮ ਬਖ਼ਸ਼ਿਸ਼ ਗਿਆਨ
ਨੂੰ ਆਪਣੇ ਜੀਵਨ ਵਿੱਚ ਮਾਣਿਆ।
ਨੋਟ:- ਅੱਗੇ ਦਸਵੇਂ ਸਵਈਏ ਵਿੱਚ ਸਾਰਾ ਨਿਚੋੜ ਹੈ, ਜਿਸ ਨੂੰ ਬਹੁਤ ਹੀ
ਸੂਝ-ਬੂਝ, ਡੂੰਘਿਆਈ ਤੇ ਠਰ੍ਹੰਮੇ ਨਾਲ ਵੀਚਾਰਨ ਦੀ ਲੋੜ ਹੈ।
ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ।।
ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ।।
ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੌ।।
ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੌ।।
ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ।।
ਕਬਿ ਕਲ ਸੁਜਸੁ ਨਾਨਕ ਗੁਰ ਘਟਿ ਘਟਿ ਸਹਜਿ ਸਮਾਇਓ।। ੧੦।।
(ਪੰਨਾ ੧੩੯੦)
ਪਦ ਅਰਥ:- ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ– ਨਵ – ਨਵਖੰਡ –
ਵਿਸ਼ਾਲ ਦਾਇਰਾ ( wide geographical range)
ਨਾਥ – ਸਭ ਤੋਂ ਵੱਡਾ ਸ੍ਰਿਸ਼ਟੀ ਦਾ ਮਾਲਕ, ਰਾਜਾ ਅਕਾਲ ਪੁਰਖ। ਉਹ ਨਾਥ, ਰਾਜਾ ਜਿਸ ਦੀ
ਭੂਗੋਲਿਕ ਹੱਦ ਦਾ ਅੰਤ ਨਹੀਂ, ਜਿਸ ਦਾ ਦਾਇਰਾ ਬਹੁਤ ਵਿਸ਼ਾਲ ਹੈ। ਧੰਨਿ – ਧੰਨਤਾਯੋਗ ਹਨ।
ਗੁਰੁ – ਗਿਆਨ ਨੂੰ ਜੀਵਨ ਵਿੱਚ ਅਪਣਾਉਣਾ। ਸਾਚਿ – ਸੱਚ ਵਿੱਚ। ਸਮਾਇਓ –
ਸਮਾਏ ਹੋਏ ਹਨ, ਲੀਨ ਹਨ। ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ – ਮਾਂਧਾਤਾ ਗੁਣ –
ਗੁਣਾਂ ਦਾ ਖ਼ਜ਼ਾਨਾ। ਰਵੈ – ਆਖੇ, ਆਖਦਾ ਹੈ, ਆਖਣਾ ਚਾਹੀਦਾ ਹੈ। ਚਕ੍ਰਵੈ – ਹਰੇਕ ਜਗ੍ਹਾ (ਮ:
ਕੋਸ਼)। (all over)।
ਮਾਂਧਾਤਾ – ਸੰ: ਮਾਂਧਾਤ੍ਰਿ ਤੋਂ ਹੈ – ਗਿਆਨੀ। ਮਾਂਧਾਤਾ ਗੁਣ – ਗਿਆਨ ਦੇ
ਗੁਣਾ ਦਾ ਖ਼ਜ਼ਾਨਾ। ਮਾਂਧਾਤਾ ਗੁਣ ਰਵੈ – ਗੁਣਾਂ ਦੇ ਖ਼ਜ਼ਾਨੇ ਨੂੰ ਹੀ ਗੁਣਾਂ ਦਾ ਖ਼ਜ਼ਾਨਾ
ਆਖਣਾ ਚਾਹੀਦਾ ਹੈ, ਜਿਸ ਦੀ ਬਖ਼ਸ਼ਿਸ਼ ਹਰ ਜਗ੍ਹਾ ਹੋ ਰਹੀ ਹੈ ਅਤੇ ਰਹੇਗੀ। ਗੁਣ ਗਾਵੈ ਬਲਿ ਰਾਉ
ਸਪਤ ਪਾਤਾਲਿ ਬਸੰਤੌ – ਉਸ ਇਕੁ ਅਕਾਲ ਪੁਰਖ ਨੂੰ ਛੱਡ ਕੇ ਜੋ ਕਿਸੇ ਅਵਤਾਰਵਾਦੀ ਮਨੁੱਖਾਂ ਨੂੰ
“ਬਲਿ ਰਾਉ” - ਮਹਾਨ ਰਾਜੇ ਸਮਝ ਕੇ ਉਨ੍ਹਾਂ ਦੇ ਗੁਣ ਗਾਉਂਦੇ ਹਨ, ਅਜਿਹੇ ਲੋਕ ਬਹੁਤ
ਨੀਵੇਂ ਪੱਧਰ `ਤੇ ਵੱਸਦੇ ਹਨ ਭਾਵ ਉਨ੍ਹਾਂ ਦੀ ਸੋਚ ਸਤਵੇਂ ਪਾਤਾਲ, ਨੀਵੀਂ ਭਾਵ ਅਵਤਾਰਵਾਦ ਉੱਪਰ
ਹੀ ਖੜੀ ਹੈ।
ਨੋਟ:- ਸਵਈਏ ਨੰਬਰ ਨੌਂ (੯) ਅੰਦਰ ਭੱਟ ਜੀ ਨੇ ਪੁਰਾਣਾਂ ਵੱਲੋਂ ਕਲਪੇ
ਸ਼ੇਸ਼ ਨਾਗ, ਜਿਸ ਨੇ ਆਪਣੇ ਸਿਰ `ਤੇ ਸੱਤ ਪਾਤਾਲ ਚੁੱਕੇ ਹੋਏ ਹਨ ਅਤੇ ਕੁੱਝ ਲੋਕ ਇਸ ਨੂੰ ਸੱਚ ਜਾਣ
ਕੇ ਸ਼ੇਸ਼ ਨਾਗ ਦੇ ਭਗਤ ਬਣੇ ਹੋਏ ਹਨ। ਜਿਸ ਕਲਪਨਾ ਨੂੰ ਇਸ (੧੦ਵੇਂ) ਸਵਯੀਏ ਅੰਦਰ ਇਹ ਕਹਿ ਕੇ ਰੱਦ
ਕੀਤਾ ਹੈ ਕਿ ਹਰੇਕ ਜਗ੍ਹਾ ਸਰਬ-ਸ਼ਕਤੀਮਾਨ ਹੀ ਬਖ਼ਸ਼ਿਸ਼ ਰੂਪ ਵਿੱਚ ਸਮਾਇਆ ਹੋਇਆ ਹੈ। ਇਸ ਦੇ ਉੱਲਟ ਕਈ
ਇਹ ਸਮਝ ਕੇ ਸ਼ੇਸ਼ ਨਾਗ ਦੇ ਹੀ ਗੁਣ ਗਾਈ ਜਾਂਦੇ ਹਨ ਕਿ ਉਸ ਨੇ ਪਾਤਾਲ ਆਪਣੇ ਸਿਰ ਉਪਰ ਚੁੱਕੇ ਹੋਏ
ਹਨ।
ਭਰਥਰਿ ਗੁਣ ਉਚਰੈ ਸਦਾ, ਗੁਰ ਸੰਗਿ ਰਹੰਤੌ – ਭਰ – ਤੀਕ, ਤੋੜੀ (ਮ:
ਕੋਸ਼)। ਥਰਿ – ਤਹਿ, ਪਰਤ (ਮ: ਕੋਸ਼)। ਭਰਥਰਿ – ਤਹਿ ਤੀਕ ਭਾਵ ਇਥੋਂ
ਤੱਕ ਕਿ। ਭਰਥਰਿ ਗੁਣ ਉਚਰੈ ਸਦਾ – ਸੱਚ ਦੀ ਤਹਿ ਤੱਕ ਜਾ ਕੇ ਉਸ ਦੇ ਗੁਣ ਸਦਾ ਉਚਾਰਣ
ਕਰਨੇ ਚਾਹੀਦੇ ਹਨ ਜੋ ਬਖ਼ਸ਼ਿਸ ਰੂਪ ਵਿੱਚ ਹਮੇਸ਼ਾ ਨਾਲ ਹੀ ਵਸਦਾ ਹੈ। ਸਦਾ – ਹਮੇਸ਼ਾ।
ਦੂਰਬਾ – ਦੱਬ, ਘਾਹ ਦੀ ਇੱਕ ਕਿਸਮ (ਮ: ਕੋਸ਼)।
(Annual report of New York (1870) book page #270)
ਇਸ ਸਾਲਾਨਾ ਰਿਪੋਰਟ ਅੰਦਰ ਇਹ ਇੱਕ ਖਿੱਤਾ (describe)
ਪੇਸ਼ ਕੀਤਾ ਗਿਆ। ਆਖਦੇ ਹਨ ਕਿ ਦੂਰਬਾ ਇੱਕ ਆਪਣੀ ਕਿਸਮ ਦਾ ਹਿੰਦੋਸਤਾਨੀ ਘਾਹ ਹੈ। ਅੱਗੇ ਦਿੱਤੇ ਉਸ
ਭੂਗੋਲਿਕ ਖਿੱਤੇ ਦੇ ਦੇਸ਼ਾਂ ਦੇ ਨਾਮ ਹਨ, ਜਿੱਥੇ-ਜਿੱਥੇ ਇਹ ਘਾਹ ਉਗਦਾ ਹੈ।
“It is found in Spain, Portugal, Italy, Turkey
Greece, Islands of Mediterranean, North Africa and Western Asia. This wide
geographical range would seem to indicate that it was intended to serve some
useful purpose. . .” ਇੱਕ ਭੂਗੋਲਿਕ ਖਿੱਤਾ
ਹੈ, ਉਪਰ ਦਿੱਤੇ ਉਸ ਭੂਗੋਲਿਕ ਖਿੱਤੇ ਦੇ ਅੰਦਰ ਆਉਂਦੇ ਦੇਸ਼ਾਂ ਦੇ ਨਾਮ ਵਰਨਣ ਹਨ। ਇਥੇ ਨਾਲ ਹੀ
ਵਰਨਣ ਕਰਦੇ ਹਨ ਕਿ (We are assured that it is
identical with the durva or doorba grass of Hindostan, we have never seen this
grass, but it is possible that it is some thing in the soil or climate of that
region increases its size and adds to its nutritive value… )।
ਇਸ ਰਿਪੋਰਟ ਵਿੱਚ ਜੋ ਕਿਹਾ ਗਿਆ ਹੈ ਕਿ ਇਨ੍ਹਾਂ ਨੇ ਇਹ ਘਾਹ ਕਦੀ ਦੇਖਿਆ ਨਹੀਂ। ਉਦਾਂ ਵੀ ਦਰਅਸਲ
ਇਹ ਘਾਹ ਨਹੀਂ, ਮਹਾਨ ਕੋਸ਼ ਅਨੁਸਾਰ ਇਹ ਦੱਬ ਹੈ। ਦੱਬ ਹੋਰ ਚੀਜ਼ ਹੈ, ਘਾਹ ਹੋਰ ਚੀਜ਼ ਹੈ। ਦੂਸਰੀ
ਗੱਲ ਵੱਖਰੀ ਵੱਖਰੀ ਕਿਸਮ ਦਾ ਘਾਹ ਕਿਸੇ ਵੱਖਰੇ-ਵੱਖਰੇ ਖਿੱਤੇ ਵਿੱਚ ਹੋ ਸਕਦਾ ਹੈ, ਪਰ ਦੱਬ ਹਰੇਕ
ਖਿੱਤੇ ਅੰਦਰ ਹੈ। ਜਿੱਥੇ ਕਿਤੇ ਵੀ ਪਾਣੀ ਦੀ ਹੋਂਦ ਮੌਜੂਦ ਹੈ, ਉਥੇ ਹੀ ਦੱਬ ਹੈ, ਕਨੇਡਾ, ਅਮਰੀਕਾ
ਵਿੱਚ ਵੀ ਦੱਬ ਦੇਖਿਆ ਜਾ ਸਕਦਾ ਹੈ। ਸੋ ਇਥੇ ਵਰਨਣਯੋਗ ਹੈ ਕਿ ਗੁਰਬਾਣੀ ਕਿਸੇ ਇੱਕ ਭੂਗੋਲਿਕ
ਖਿੱਤੇ ਦੀ ਗੱਲ ਨਹੀਂ ਕਰਦੀ। ਗੁਰਬਾਣੀ ਸੱਚ ਦਾ ਦਾਇਰਾ ਬੜਾ ਵਿਸ਼ਾਲ ਹੈ। ਗੁਰਬਾਣੀ ਸੁਨੇਹਾ ਕਿਸੇ
ਇੱਕ ਖਿੱਤੇ ਲਈ ਨਹੀਂ ਹੈ, ਸਾਰੀ ਦੁਨੀਆਂ ਲਈ ਹੈ। ਦੂਰਬਾ - ਦੱਬ ਹਰੇਕ ਜਗ੍ਹਾ ਹੈ ਜਿੱਥੇ
ਵੀ ਕਿਤੇ ਦੁਨੀਆਂ ਵੱਸਦੀ ਹੈ। ਜਿੱਥੇ ਵੀ ਕਿਤੇ ਦੁਨੀਆਂ ਵੱਸਦੀ ਹੈ, ਉਥੇ ਹੀ ਪਾਣੀ ਹੈ। ਜਿੱਥੇ
ਪਾਣੀ ਹੈ, ਉਥੇ ਹੀ ਦੱਬ ਹੈ (ਦੱਬ ਪਾਣੀ ਦੀ ਹੋਂਦ ਦਾ ਸਿੰਬਲ ਹੈ ਅਤੇ ਪਾਣੀ ਮਾਨਵਤਾ ਦੀ ਹੋਂਦ ਦਾ
ਸਿੰਬਲ ਹੈ)। ਇਸ ਕਰਕੇ ਭੱਟ ਜੀ ਨੇ ਇਹ ਸ਼ਬਦ ਇੱਕ ਬੜੇ ਵੱਡੇ ਵਿਸ਼ਾਲ ਦਾਇਰੇ ਲਈ ਵਰਤਿਆ ਹੈ ਕਿ
ਜਿੱਥੇ ਵੀ ਕਿਤੇ ਧਰਤੀ ਉੱਪਰ ਮਾਨਵਤਾ ਦੀ ਹੋਂਦ ਹੈ, ਦੁਨੀਆਂ ਵੱਸਦੀ ਹੈ, ਉਥੋਂ-ਉਥੋਂ ਤੱਕ ਇਹ ਸੱਚ
ਘਰ-ਘਰ ਪਹੁੰਚਣਾ ਚਾਹੀਦਾ ਹੈ ਤਾਂ ਜੋ ਮਨੁੱਖਤਾ ਦੇਹਧਾਰੀ ਅਵਤਾਰਵਾਦੀ ਗ਼ੁਲਾਮੀ (slavery)
ਤੋਂ ਆਜ਼ਾਦ ਹੋ ਸਕੇ। ਭਾਵੇ ਕਿਸੇ ਮਨੁੱਖ ਨੂੰ
ਰੰਗ, ਨਸਲ, ਜਾਤ-ਪਾਤ ਜਾਂ ਧਰਮ ਦੇ ਨਾਂਅ ਜਾਂ ਕਿਸੇ ਹੋਰ ਕਾਰਣ ਕਰਕੇ ਵੀ ਕਿਉਂ ਨਾ ਗ਼ੁਲਾਮ ਬਣਾਇਆ
ਜਾਂਦਾ ਹੋਵੇ, ਇਹ ਗੁਰਬਾਣੀ ਸੱਚ ਕਿਸੇ ਨੂੰ ਵੀ ਅਜਿਹੀ ਇਜਾਜ਼ਤ ਨਹੀਂ ਦਿੰਦਾ। ਸਰਬ-ਸਾਂਝੀਵਾਲਤਾ ਦਾ
ਉਪਦੇਸ਼ ਹੈ। ਸਾਰਿਆਂ ਦੇ ਹੱਕ ਬਰਾਬਰ ਹਨ। ਇਹ ਸੱਚ ਘਰ-ਘਰ ਪਹੁੰਚਣਾ ਚਾਹੀਦਾ ਹੈ। ਇਸ ਗੱਲ ਦੀ ਭੱਟ
ਜੀ ਪ੍ਰੋੜ੍ਹਤਾ ਕਰਦੇ ਹਨ। ਸੋ ਇਸ ਵਾਸਤੇ ਭੱਟ ਜੀ ਨੇ ਇਹ ਦੂਰਬਾ - ਸ਼ਬਦ ਜਿੱਥੇ ਵੀ ਕਿਤੇ ਦੁਨੀਆਂ
ਵੱਸਦੀ ਹੈ ਭਾਵ ਦੁਨੀਆਂ ਦੇ ਕੋਨੇ-ਕੋਨੇ ਤੱਕ ਇਸ ਗੁਰਬਾਣੀ ਸੱਚ ਨੂੰ ਪਹੁੰਚਾਉਣ ਦੀ ਪ੍ਰੇਰਨਾ ਕਰਨ
ਵਾਸਤੇ ਵਰਤਿਆ ਹੈ। ਇਥੇ ਇੱਕ ਗੱਲ ਨੋਟ ਕਰਨ ਵਾਲੀ ਵੀ ਹੈ ਕਿ ਭੱਟ ਜੀ ਬਹੁਤ ਹੀ ਬੁੱਧੀਮਾਨ (intellectual)
ਸਨ। ਇਸ ਦਾ ਮਤਲਬ ਇਹ ਹੈ ਕਿ ਦੁਨੀਆਂ ਦੇ ਸਾਰੇ
ਖਿੱਤੇ ਵਾਸਤੇ ਭੱਟ ਜੀ ਨੇ ਆਪਣੀ ਭਾਸ਼ਾ ਵਿੱਚ ਦੂਰਬਾ ਸ਼ਬਦ ਵਰਤਿਆ ਹੈ। ਪਰੂ – ਸੱਚ। ਰਉ –
ਪ੍ਰਵਾਹ। ਪਰੂਰਉ – ਸੱਚ ਦਾ ਪ੍ਰਵਾਹ। ਅੰਗ – ਯਤਨ (ਮ: ਕੋਸ਼)। ਅੰਗਰੈ
– ਯਤਨ ਕਰਨਾ। ਸੁਜਸੁ – ਉਸ ਦਾ ਜਸ। ਸੁ – ਉਸ ਅਕਾਲ ਪੁਰਖ ਵੱਲ ਇਸ਼ਾਰਾ ਹੈ।
ਜਸੁ – ਜਸ ਗਾਇਨ ਕਰਨਾ, ਪ੍ਰਚਾਰਨਾ। ਗੁਰ – ਗਿਆਨ। ਸਹਜ – ਅਡੋਲ।
ਸਮਾਇਓ – ਸਰਬ ਵਿਆਪਕ, ਸਮਾਇਆ ਹੋਇਆ ਹੈ।
ਅਰਥ:- ਅਸਲੀਅਤ ਇਹ ਹੈ ਕਿ ਗੁਣ ਉਸ ਸ੍ਰਿਸ਼ਟੀ ਦੇ ਨਾਥ (ਕਰਤੇ) ਅਕਾਲ
ਪੁਰਖ ਦੇ ਹੀ ਗਾਉਣੇ ਚਾਹੀਦੇ ਹਨ, ਭਾਵ ਪ੍ਰਚਾਰਨੇ ਚਾਹੀਦੇ ਹਨ, ਜਿਸ ਦੀ ਕੋਈ ਭੂਗੋਲਿਕ ਹੱਦ ਨਹੀਂ
ਅਤੇ ਜਿਸ ਦੀ ਬਖ਼ਸ਼ਿਸ਼ ਜ਼ੱਰੇ-ਜ਼ੱਰੇ ਵਿੱਚ ਵਰਤ ਰਹੀ ਹੈ। ਉਹ ਧੰਨਤਾਯੋਗ ਹਨ ਜੋ ਗਿਆਨ ਨੂੰ ਜੀਵਨ ਵਿੱਚ
ਅਪਣਾ ਕੇ ਇਸ ਸੱਚ ਵਿੱਚ ਸਮਾਏ ਹੋਏ ਹਨ। ਉਨ੍ਹਾਂ ਮੁਤਾਬਕ ਉਹ ਸੱਚ ਰੂਪ ਆਪ ਹੀ ਗੁਣਾਂ ਦਾ ਖ਼ਜ਼ਾਨਾ
ਹੈ, ਉਸ ਗੁਣਾਂ ਦੇ ਖ਼ਜ਼ਾਨੇ ਨੂੰ ਹੀ ਗੁਣਾਂ ਦਾ ਖ਼ਜ਼ਾਨਾ ਆਖਣਾ ਚਾਹੀਦਾ ਹੈ, ਜਿਸ ਦੀ ਬਖ਼ਸ਼ਿਸ਼ ਹਰ
ਜਗ੍ਹਾ ਜ਼ੱਰੇ-ਜ਼ੱਰੇ ਵਿੱਚ ਹੋ ਰਹੀ ਹੈ ਅਤੇ ਰਹੇਗੀ। ਉਸ ਇਕੁ ਅਕਾਲ ਪੁਰਖ ਨੂੰ ਛੱਡ ਕੇ ਬਾਕੀ ਜੋ
ਕਿਸੇ (ਅਵਤਾਰਵਾਦੀ) ਮਨੁੱਖ ਨੂੰ “ਬਲਿ ਰਾਉ”-ਮਹਾਨ ਰਾਜਾ, ਰੱਬ ਸਮਝ ਕੇ ਉਸ ਦੇ ਗੁਣ
ਗਾਉਂਦੇ (ਗ਼ੁਲਾਮੀ ਕਬੂਲਦੇ) ਹਨ, ਅਜਿਹੇ ਲੋਕਾਂ ਦੀ ਸੋਚ ਬਹੁਤ ਨੀਵੇਂ ਪੱਧਰ ਸਤਵੇਂ ਪਾਤਾਲ ਭਾਵ
ਅਵਤਾਰਵਾਦ `ਤੇ ਹੀ ਖੜੀ ਹੈ। ਇਸ ਕਰਕੇ ਨਾਨਕ ਜਿਸ ਸੱਚ ਦੀ ਗੱਲ ਕਰਦਾ ਹੈ, ਉਸ ਸੱਚ ਦਾ ਪ੍ਰਵਾਹ
ਸਮੁੱਚੀ ਮਾਨਵਤਾ ਦੀ ਭਲਿਆਈ ਲਈ ਸਮੁੱਚੀ ਮਾਨਵਤਾ ਤੱਕ ਪਹੁੰਚਣਾ ਚਾਹੀਦਾ ਹੈ। ਨਾਨਕ ਪੂਰਬ ਤੋਂ
ਪੱਛਮ, ਉੱਤਰ ਤੋਂ ਦੱਖਣ ਇਥੋਂ ਤੀਕ ਕਿ ਜਿੱਥੇ ਵੀ ਕਿਤੇ ਇਸ ਧਰਤੀ ਉੱਪਰ ਮਨੁੱਖਤਾ ਵੱਸਦੀ ਹੈ, ਉਸ
ਅਕਾਲ ਪੁਰਖ ਦੀ ਬਖ਼ਸ਼ਿਸ਼ ਦੇ ਹੀ ਗੁਣ ਗਾਇਨ-ਪ੍ਰਚਾਰ ਕਰਨ ਦੀ ਪ੍ਰੇਰਨਾ ਕਰਦਾ ਹੈ (ਤਾਂ ਜੋ ਮਨੁੱਖਤਾ
ਮਨੁੱਖੀ ਗ਼ੁਲਾਮੀ ਅਵਤਾਰਵਾਦੀ ਪਰੰਪਰਾ ਤੋਂ ਬਚ ਸਕੇ)। ਸੋ ਉਸ ਕਰਤੇ ਦੇ ਹੀ ਗੁਣਾਂ ਦਾ ਵਰਨਣ ਕਰਨਾ
ਤੇ ਪ੍ਰਚਾਰਨਾ ਚਾਹੀਦਾ ਹੈ, ਜਿਸ ਦੀ ਬਖ਼ਸ਼ਿਸ਼ ਸਦੀਵੀ ਹੈ। ਕਵੀ ਕਲ੍ਹ ਵੀ ਇਹ ਹੀ ਆਖਦਾ ਹੈ ਕਿ
ਜਸ-ਪ੍ਰਚਾਰ ਉਸ ਕਰਤੇ ਦੀ ਬਖ਼ਸ਼ਿਸ਼ ਗਿਆਨ ਦਾ ਹੀ ਨਾਨਕ ਦੀ ਤਰ੍ਹਾਂ ਚਾਹੀਦਾ ਹੈ, ਜਿਸ ਦੀ ਬਖ਼ਸ਼ਿਸ਼
ਅਡੋਲ ਅਤੇ ਜ਼ੱਰੇ-ਜ਼ੱਰੇ ਵਿੱਚ (ਬਗ਼ੈਰ ਰੰਗ ਨਸਲ, ਜਾਤ ਪਾਤ, ਲਿੰਗ ਭੇਦ ਦੇ) ਵਰਤ ਰਹੀ ਹੈ।
ਨੋਟ:- ਇਹ ਹੀ ਇਕੋ ਇੱਕ ਸੱਚ ਹੈ ਜੋ ਮਨੁੱਖਤਾ ਨੂੰ ਦੇਹਧਾਰੀ ਪਰੰਪਰਾ
ਦੀ ਗ਼ੁਲਾਮੀ ( slavery)
ਤੋਂ ਬਚਾਉਣ ਦੀ ਗੱਲ ਅਤੇ ਇਕੁ ਸੱਚੇ ਅਕਾਲ ਪੁਰਖ ਦੇ ਸੱਚ
ਨਾਲ ਜੁੜਨ ਦੀ ਪ੍ਰੇਰਨਾ ਕਰਦਾ ਹੈ। ਇਸ ਤਰ੍ਹਾਂ ਭੱਟ ਜੀ ਵੱਲੋਂ ਗੁਰਮਤਿ ਸਿਧਾਂਤ ਦੀ ਰੱਜ ਕੇ
ਪ੍ਰੋੜ੍ਹਤਾ ਕੀਤੀ ਗਈ ਹੈ।
ਸਵਈਏ ਮਹਲੇ ਪਹਿਲੇ ਕਿਆਂ ਦੇ ਉਚਾਰਣ ਕਰਤਾ ਭੱਟ ਕਲ੍ਹ ਜੀ ਹਨ।
|
. |