“ਜਪੁ ਬਾਣੀ ਸ਼ੁਧ ਉਚਾਰਣ ਸੰਬੰਧੀ ਪ੍ਰਸ਼ਨ ਉੱਤਰ”
(ਸਰਲ ਰੂਪ ਵਿਚ)
(ਗੁਰਸਿੱਖ ਵੀਰਾਂ ਦੇ ਹੁਕਮ ਕਰਣ ਤੇ
‘ਜਪੁ’ ਬਾਣੀ ਸ਼ੁਧ ਉਚਾਰਣ ਸੰਬੰਧੀ ਪ੍ਰਸ਼ਣ -ਉਤਰ ਰੂਪ ਵਿਚ ਇਹ ਲੇਖ ਤਿਆਰ ਕੀਤਾ ਹੈ ਆਸ ਹੈ ਗੁਰਸਿਖ
ਵੀਰ ਸ਼ੁਧ ਉਚਾਰਣ ਦੇ ਅਭਲਾਸ਼ੀ ਪਸੰਦ ਕਰਨਗੇ)
੧. “ਆਦਿ ਸਚੁ ਜੁਗਾਦਿ ਸਚੁ” ਲਫ਼ਜ਼ ‘ਆਦਿ’ ਦੀ ਸਿਹਾਰੀ ਦਾ ਕੀ ਭਾਵ ਹੈ।
ਉੱਤਰ- ਇਹ ਸ਼ਬਦ ਸੰਸਕ੍ਰਿਤ ਵਿਚੋਂ ਆਉਣ ਸਮੇਂ ਸਿਹਾਰੀ ਨਾਲ ਲੈ ਕੇ ਆਇ ਹਨ। ਅਸਲੀ ਲਫ਼ਜ਼ ‘आदी’
ਤੋਂ ‘ਆਦਿ’ ਬਣਿਆਂ ਹੈ। ਬਿਹਾਰੀ ਸਿਹਾਰੀ ਵਿਚ ਤਬਦੀਲ ਹੋ ਗਈ, ਇਸ ਦੀ ਸਿਹਾਰੀ ਮੂਲਕ ਹੈ।
੨. ‘ਗੁਰ ਪ੍ਰਸਾਦਿ’ ਵਿਚ ‘ਗੁਰ’ ਦੀ ਔਂਕੜ ਲਹਿਣ ਦਾ ਕੀ ਕਾਰਣ ਹੈ।
ਉੱਤਰ- ਲੁਪਤ ਰੂਪ ਵਿਚ ਆਇਆ ਸੰਬੰਧਕ ‘ਦੀ’ ਹੈ ‘ਗੁਰੂ ਦੀ ਕਿਰਪਾ ਰਾਹੀਂ’।
੩.’ਹੁਕਮੁ ,ਹੁਕਮਿ’ ਲਫ਼ਜ਼ ਦਾ ਕੀ ਭਾਵ ਹੈ।
ਉੱਤਰ- ਹੁਕਮੁ-(ਪੁਲਿੰਗ) ਹੁਕਮ
ਹੁਕਮਿ- (ਅਧਿਕਰਣ ਕਾਰਕ) ਹੁਕਮ ਅਧੀਨ।
੩.’ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ’ ‘ਤਾਣ’ ਬਾਰੇ ਵਿਆਕਰਣਿਕ ਵੀਚਾਰ?
ਉੱਤਰ- ਪਹਿਲਾਂ ਆਇਆ ‘ਤਾਣੁ’ ਇਕਵਚਨ ਪੁਲਿੰਗ ਨਾਂਵ ਸੰਪ੍ਰਦਾਨ ਕਾਰਕ ਹੈ ਅਰਥ ਹਨ- ‘ਬਲ ਵਾਲੇ
ਵਾਹਿਗੁਰੂ ਨੂੰ। ਦੂਜਾ ‘ਤਾਣ’ ਪੁਲਿੰਗ ਨਾਂਵ ਹੈ ਅਰਥ ਹਨ ‘ਬਲ’।
੪.ਲਫ਼ਜ਼ “ਚਾਰ” ਦਾ ਅਰਥ ਕੀ ਹੈ ?
ਉੱਤਰ- ਚਾਰ- ਇਸਤਰੀ ਲਿੰਗ ਵਿਸ਼ੇਸ਼ਣ ਅਰਥ ਹਨ- ਸੁੰਦਰ।
੫. “ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ” ਪੰਕਤੀ ਦਾ ਵਿਸ਼ਰਾਮ ਦੱਸੋ ?
ਉੱਤਰ- ਇਸ ਪਕੰਤੀ ਦਾ ਵਿਸ਼ਰਾਮ ਲਗੑ ਮਾਤ੍ਰੀ ਨਿਯਮਾਂਵਲੀ ਅਤੇ ਪਿੰਗਲ ਮੁਤਾਬਕ ‘ਬਰਮਾ’ ਤੇ ਹੈ।
‘ਗੁਰੁ’ ਤੇ ਵਿਸ਼ਰਾਮ ਅਸ਼ੁਧ ਹੈ।
੫.’ਸੁਣਿ, ਕਰਿ, ਆਖਿ, ਲਿਖਿ, ਭਖਿ’ ਸ਼ਬਦਾਂ ਅੰਤ ਵਰਤੀ ਸਿਹਾਰੀ ਦਾ ਕੀ ਭਾਵ ਹੈ?
ਉੱਤਰ- ਇਹ ਸਿਹਾਰੀ ਪੂਰਬ ਪੂਰਣ ਕਾਰਦੰਤਕ ਦੀ ਸੂਚਕ ਹੈ ਅਰਥ ਹਨ ‘ਸੁਣ ਕੇ, ਕਰ ਕੇ, ਆਖ ਕੇ,
ਲਿਖ ਕੇ, ਕਹਿ ਕੇ ਆਦਿ। ਨੋਟ- ਇਥੇ ਕਈ ਸੱਜਣ ‘ਭਖਿ ‘ਨੂੰ ਸੰਯੁਕਤ ਕਰਕੇ ਮੰਨਦੇ ਹਨ ਪਰ ਇਹ ਸਹੀ
ਨਹੀਂ ਹੈ ਜਦੋਂ ਇਹ ਕਰਤਰੀ ਵਾਚਕ ਹੁੰਦਾ ਹੈ ਤਾਂ ਇਸ ਦਾ ਸਰੂਪ ‘ਭਖੁ’ ਹੁੰਦਾ ਹੈ।
੬.ਜਪੁ ਬਾਣੀ ਵਿਚ ‘ਕੇਤਿਆ’ ਪਦ ਦੋ ਵਾਰ ਆਇਆ ਹੈ, ਉਚਾਰਣ ਭੇਦ ਦੱਸੋ ?
ਉੱਤਰ- ‘ਕੇਤਿਆ’ ਪਦ ਦੋਵੇਂ ਵਾਰੀ ਪਚੀੱਵੀਂ ਪਉੜੀ ਵਿਚ ਆਇਆ ਹੈ
”ਕੇਤਿਆ ਗਣਤ ਨਹੀ ਵੀਚਾਰੁ”
ਇਸ ਪੰਕਤੀ ਵਿਚ ‘ਕੇਤਿਆ’ ਤੇ ਨਾਸਕੀ ਪ੍ਰਯੋਗ ਨਹੀਂ ਹੋ ਸਕਦਾ ਕਿਉਂਕਿ ਇਸ ਪਦ ਅੱਗੇ ਕੋਈ
ਭੀ ਸੰਬੰਧਕੀ ਪਦ ਨਹੀਂ ਹੈ।
”ਕੇਤਿਆ ਦੂਖ ਭੂਖ ਸਦ ਮਾਰ”
ਇਥੇ ਪਦ “ਕੇਤਿਆ” ਤੇ ਨਾਸਕੀ ਪ੍ਰਯੋਗ ਹੋਵੇਗਾ! ਕਿਉਂਕਿ ਅਗੇ ਸੰਬੰਧਕੀ ਪਦ “ਨੂੰ” ਲੁਪਤ
ਰੂਪ ਵਿਚ ਹੈ। ਉਚਾਰਣ ਸਮੇਂ ਸਾਵਧਾਨੀ ਦੀ ਲੋੜ ਹੈ।
੭. “ਬੰਦਿ ਖਲਾਸੀ ਭਾਣੈ ਹੋਇ” ਵਿਚ ਵਿਸਰਾਮ ਕਿਥੇ ਦੇਣਾ ਚਾਹੀਦਾ ਹੈ?
ਉੱਤਰ- ਜਦੋਂ ਕਿਸੇ ਪੰਕਤੀ ਵਿਚ ਸੰਯੁਕਤ ਕਿਰਿਆ ਇਕੱਠੀਆਂ ਆ ਜਾਣ ਤਾਂ ਉਚਾਰਣ ਸਮੇਂ ਹਰ ਲਫ਼ਜ਼
ਤੇ ਥੋੜਾ ਕੁ ਰੁਕ ਕੇ ਉਚਾਰਣ ਚਾਹੀਦਾ ਹੈ “ਬੰਦਿ, ਖਲਾਸੀ, ਭਾਣੈ ਹੋਇ”।
੮. “ ਏਤੇ ਕੀਤੇ ਹੋਰਿ ਕਰੇਹਿ” ਕਰੇਹਿ ਪਦ ਵਿਆਕਰਣ ਅਨੁਸਾਰ ਕੀ ਹੈ ?
ਉੱਤਰ- ਕਰਮਨੀ ਵਾਚ ,ਕੀਤੇ ਜਾਣ।
੯. “ਜੋਰੁ” ਲਫ਼ਜ਼ ਦਾ ਉਚਾਰਣ ਕੀ ਹੈ।
ਉੱਤਰ- ਫਾਰਸੀ ਭਾਸ਼ਾ ਦਾ ਲਫ਼ਜ਼ ਹੈ ਉਚਾਰਣ “ਜ਼ੋਰੁ” ਕਰਣਾ ਹੀ ਦਰੁੱਸਤ ਹੈ।
੧੦. ਨਾਨਕ, ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ” ਵਿਚ ਮੁਖ ਉਜਲੇ ਸ਼ਬਦ ਕੀ ਹੈ।
ਉੱਤਰ- ਸਮਾਸੀ ਸ਼ਬਦ ਹੈ “ਸੁਰਖਰੂ ਹੋ ਗਏ”।
੧੧. “ਪਾਤਿਸਾਹੀ, ਪਾਤਿਸਾਹੁ, ਬਖਸੇ, ਸਾਹ, ਸੋਰੁ, ਸੁਮਾਰੁ, ਇਸਨਾਨ, ਨਾਸ, ਬਖਸੀਸ, ਆਦਿ ਦਾ
ਉਚਾਰਣ ਦੱਸੋ ?
ਉੱਤਰ- ਪਾਤਿਸ਼ਾਹੀ, ਪਾਤਿਸ਼ਾਹ, ਬਖ਼ਸ਼ੇ, ਸ਼ਾਹ, ਸ਼ੋਰੁ, ਸ਼ੁਮਾਰ, ਇਸ਼ਨਾਨ, ਨਾਸ਼, ਬਖ਼ਸ਼ੀਸ਼।
੧੨. “ਭਉ ਖਲਾ ਅਗਨਿ ਤਪ ਤਾਉ” ਲਫ਼ਜ਼ ‘ਤਪਤਾਉ’ ਕੀ ਹੈ।
ਉੱਤਰ- ਸਮਾਸੀ ਸ਼ਬਦ ਹੈ।
੧੩.” ਤਾ ਕੇ ਰੂਪ ਨ ਕਥਨੇ ਜਾਹਿ” ਤਾ ਦਾ ਉਚਾਰਣ ਕੀ ਹੈ
ਉੱਤਰ- ‘ਤਾ’ ਪੜਨਾਂਵ ਹੈ ਉਚਾਰਣ ‘ਨਾਸਕਤਾ (ਬਿੰਦੀ ਰਹਿਤ) ਹੋਵੇਗਾ।
੧੪.’ਐਸਾ ਨਾਮੁ ਨਿਰੰਜਨ ਹੋਇ ਜੇ ਕੋ ਮੰਨਿ ਜਾਣੈ ਮਨਿ ਕੋਇ’ ਪੰਕਤੀ ਦਾ ਵਿਸ਼ਰਾਮ ਦੱਸੋ?
ਉੱਤਰ- ਲਗੑ ਮਾਤ੍ਰੀ ਗਿਆਨ ਮੁਤਾਬਕ ਇਸ ਪੰਕਤੀ ਦਾ ਵਿਸਰਾਮ ਇਉਂ ਹੈ - :
”ਐਸਾ ਨਾਮ, ਨਿਰੰਜਨ ਹੋਇ॥ ਜੇ ਕੋ, ਮੰਨਿ ਜਾਣੈ ਮਨਿ, ਕੋਇ” ਖਾਸ ਕਰਕੇ ‘ਕੋਇ’ ਲਫ਼ਜ਼ ਅਲੱਗ ਪੜ੍ਹਿਆ
ਜਾਵੇਗਾ।
੧੫. ਉਪਰ ਵਾਲੀ ਪੰਕਤੀ ਦੇ ਸ਼ੱਧ ਅਰਥ ਵੀ ਦੱਸੋ ?
ਉੱਤਰ-:
ਮਾਇਆ ਦੀ ਕਾਲਖ ਤੋ ਮੁਕਤ ਵਾਹਿਗੁਰੂ ਦੀ) ਯਾਦ ਅਜਿਹੀ ਹੈ ਕਿ ਯਾਦ(ਹੋਂਦ) ਨੂੰ ਮੰਨਣ ਵਾਲਾ ਮਨੁੱਖ
ਵੀ ਮਾਇਆ ਦੀ ਕਾਲਖ ਤੋਂ ਮੁਕਤ ਹੋ ਜਾਂਦਾ ਹੈ, ਪਰ ਤਾਂ ਹੀ, ਜੇ ਕੋਈ ਯਾਦ (ਹੋਂਦ) ਨੂੰ ਮਨ ਕਰਕੇ
ਮੰਨਣਾ ਜਾਣ ਲਵੇ, ਅਜਿਹਾ ਕੋਈ ਵਿਰਲਾ ਹੀ ਹੈ।
੧੬. “ਨਾਨਕ, ਹੁਕਮੈ ਜੇ ਬੁਝੈ” ਹੁਕਮੈ ਦੀਆਂ ਦੁਲਾਵਾਂ ਵਿਚੋਂ ਕੀ ਅਰਥ ਨਿਕਲਦੇ ਹਨ ?
ਉੱਤਰ- ਹੁਕਮੈ- ਨਾਂਵ ਤੋਂ ਸੰਪ੍ਰਦਾਨ ਕਾਰਕ (ਸਧਾਰਨ) ਇਕਵਚਨ। ਇਸ ਵਿਚੋਂ ਕੇਵਲ “ਨੂੰ” ਦੇ ਹੀ ਅਰਥ
ਨਿਕਲਦੇ ਹਨ।
੧੭. ਲਫ਼ਜ਼ ‘ਸੁਣਿਐ’ ਤੇ ਬਿੰਦੀ ਦਾ ਪ੍ਰਯੋਗ ਹੋ ਸਕਦਾ ਦੱਸੋ ?
ਉੱਤਰ- ਨਿਯਮ ਤਹਿਤ ਨਹੀਂ ਪ੍ਰਯੋਗ ਹੋਵੇਗਾ, ‘ਣ’ ਅਨੁਨਾਸਕੀ ਹੈ ਇਸ ਦੀ ਧੁਨੀ ਥੋੜੀ ਕੁ ਨਾਸਕੀ ਹੋ
ਕਿ ਆਇਗੀ ਬਿੰਦੀ ਦਾ ਪ੍ਰਯੋਗ ਬੇ ਲੋੜਾ ਹੈ।
੧੮. ‘ਪਰਹਰਿ’ ਲਫ਼ਜ਼ ਵਿਆਕਰਰਣ ਅਨੁਸਾਰ ਕੀ ਹੈ ?
ਉੱਤਰ- ਪੂਰਬ ਪੂਰਣ ਕਿਰਦੰਤ (ਧਾਤੂ)
੧੯. “ ਪੰਚ ਪਰਵਾਣ ਪੰਚ ਪਰਧਾਨੁ” ਵਿਚ ‘ਪਰਧਾਨੁ’ ਦਾ ਸ਼ੁਧ ਸਰੂਪ ਕੀ ਹੈ ?
ਉੱਤਰ- ਲਗੑ ਮਾਤ੍ਰੀ ਨਿਯਮਾਂਵਲੀ ਮੁਤਾਬਕ “ਪਰਧਾਨ” ਸਰੂਪ ਚਾਹੀਦਾ ਹੈ ਕਿਉਂਕਿ ਅਗਲੇਰੀ ਪੰਕਤੀ ਵਿਚ
“ਪਾਵਹਿ” ਕਿਰਿਆ, ਵਰਤਮਾਨ ਕਾਲ ਅਨ ਪੁਰਖ ਬਹੁਵਚਨੀ ਹੈ। ਹੱਥ ਲਿਖਤ ਬੀੜਾਂ ਵਿਚ ਵੀ “ਪਰਧਾਨ” ਸਰੂਪ
ਮਿਲਦਾ ਹੈ।
੨੦. “ਪੰਚੇ ਸੋਹਹਿ ਦਰਿ ਰਾਜਾਨੁ” ਦੇ ਅਰਥ ਪ੍ਰੋ ਸਾਹਿਬ ਸਿੰਘ ਜੀ ਨੇ ਦਰੁੱਸਤ ਕੀਤੇ ਹਨ ਜਾਂ ਨਹੀਂ
?
ਉੱਤਰ- “ਰਾਜਾਨੁ” ਨਾਲ ਲਗਿਆ ਔਂਕੜ ਇਕ ਵਚਨ ਪੁਲਿੰਗ ਨਾਂਵ ਦਾ ਸੂਚਕ ਹੈ। ਇਸ ਦੇ ਅਰਥ ਬਹੁਵਚਨ ਵਿਚ
ਨਹੀਂ ਹੋ ਸਕਦੇ ਜਿਵੇਂ ਕਿ ਪ੍ਰੋ.ਸਾਹਿਬ ਸਿੰਘ ਜੀ ਨੇ ਕੀਤੇ ਹਨ, ਜਦੋਂ ਇਹ ਪਦ ਬਹੁਵਚਨੀ ਬਣ ਕੇ
ਆਉਂਦਾ ਹੈ ਤਾਂ ਔਂਕੜ ਤੋਂ ਰਹਿਤ ਹੁੰਦਾ ਹੈ ਜਿਵੇਂ ਸਾਨੂੰ ਆਸਾ ਕੀ ਵਾਰ ਵਿਚੋਂ ਦਰਸ਼ਨ ਹੁੰਦੇ ਹਨ -
:
”ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ”
ਦੂਜਾ ਇਸ ਵਿਚੋਂ ਪ੍ਰੋ. ਸਾਹਿਬ ਸਿੰਘ ਜੀ ਨੇ ਕਾਰਕੀ ਅਰਥ ਕੱਢੇ ਹਨ ਜੋ ਕਿ ਬਿਲਕੁਲ ਨਹੀਂ ਨਿਕਲ
ਸਕਦੇ ਜੇ ਸਿਹਾਰੀ ਹੁੰਦੀ ਫਿਰ ਨਿਕਲ ਸਕਦੇ ਹਨ। ਦਰੁੱਸਤ ਅਰਥ ਇਸ ਪ੍ਰਕਾਰ ਹਨ - :
” ਐਸੇ (ਜੋ ਉਪਰ ਪੰਗਤੀਆਂ ਵਿਚ ਦੱਸੇ ਹਨ) ਸ਼੍ਰੇਸ਼ਟ ਪੁਰਸ਼ ਸੋਭਾ ਪਾਉਂਦੇ ਹਨ (ਉਸ ਵਾਹਿਗੁਰੂ ਦੇ)
ਦਰ ਉੱਤੇ , ਜੋ ਰਾਜਾਨ ਰਾਜਾ ਹੈ।
੨੧. ਸੰਪਰਦਾਈ ਵੀਰ “ ਉਤਰਸੁ” ਨੂੰ ਨਿਖੇੜ ਕੇ ‘ਉਤਰ ਸੁ’ ਪੜ੍ਹਦੇ ਹਨ ਕੀ ਇਹ ਦਰੁੱਸਤ ਹੈ ?
ਉੱਤਰ- ਗੁਰਬਾਣੀ ਵਿਆਕਰਣ ਅਨੁਸਾਰ ਇਹ ਪਦ ਕਿਰਿਆ ਵਾਚੀ ਹੈ ਇਸ ਦਾ ਸ਼ੁਧ ਸਰੂਪ “ਉਤਰਸਿ” ਅੰਤ
ਸਿਹਾਰੀ ਸਹਿਤ ਚਾਹੀਦਾ ਹੈ ਜੋ ਕਿ ਹੱਥ ਲਿਖਤ ਬੀੜਾਂ ਵਿਚ ਉਪਲਬੱਧ ਹੈ। ਗੁਰਬਾਣੀ ਵਿਚ ਇਹ ਸਰੂਪ
11-12 ਵਾਰ ਆਇਆ ਹੈ ਜੋ ਕਿ ਅੰਤ ਸਿਹਾਰੀ ਸਹਿਤ ਹੀ ਆਇਆ ਹੈ। ਲਿਖਾਰੀਆਂ ਪਾਸੋਂ ਉਤਾਰਾ ਕਰਨ ਸਮੇਂ
ਕਈ ਥਾਵਾਂ ਤੇ ਲਗਮਾਤਰੀ ਉਕਾਈਆਂ ਰਹਿ ਗਈਆਂ ਹਨ ਜੋ ਛਾਪੇ ਵਾਲੇ ਸਰੂਪਾਂ ਵਿਚ ਵੀ ਉਸੇ ਤਰਾਂ
ਪ੍ਰਚਲਤ ਹਨ, ਸੋ ਇਸ ਨੂੰ ਜੁੜਤ ਰੂਪ ਵਿਚ ਹੀ ਪੜ੍ਹਣਾ ਚਾਹੀਦਾ ਹੈ ਫਿਰ ਹੀ ਕਾਵਿਕ ਸੁਮੇਲ ਅਤੇ
ਪ੍ਰਸੰਗਕ ਅਰਥ ਬਣ ਸਕਦੇ ਹਨ।
੨੨. ‘ਜਪੁ , ਜਪਿ ਵਿਚ ਕੀ ਫਰਕ ਹੈ ?
ਉੱਤਰ- ਜਪੁ- ਇਕ ਵਚਨ ਪੁਲਿੰਗ ਹੈ (ਬਾਣੀ ਦਾ ਸਿਰਲੇਖ) ਜਪਿ- ਇਕਵਚਨੀ ਕਿਰਿਆ ਹੈ (ਤੂੰ ਜਪ ਆਦਿ)
੨੩. “ਵੇਲ ਨ ਪਾਈਆ ਪੰਡਤੀ” ਅਤੇ “ ਵਖਤੁ ਨ ਪਾਇਓ ਕਾਦੀਆ” ਇਹਨਾਂ ਪੰਕਤੀਆਂ ਵਿਚ “ ਪਾਇਓ ਅਤੇ
ਪਾਈਆ ਕਿਉਂ ਆਇਆ ਹੈ ?
ਉੱਤਰ- ਲਫ਼ਜ਼ ‘ਵੇਲ’ ਇਸਤਰੀ ਲਿੰਗ ਇਕ ਵਚਨ ਹੋਣ ਕਰਕੇ ਇਸ ਵਿਸ਼ੇਸ਼ਣ ਇਸਤਰੀ ਲਿੰਗ ‘ਪਾਈਆ’ ਆਇਆ ਹੈ।
‘ਵਖਤੁ’ ਨਾਂਵ ਪੁਲਿੰਗ ਕਰਮ ਕਾਰਕ ਇਕਵਚਨ ਹੋਣ ਕਰਕੇ ਇਸ ਦਾ ਵਿਸ਼ੇਸ਼ਣ ਕਿਰਿਆ ਭੂਤਕਾਲ “ਪਾਇਓ” ਆਇਆ
ਹੈ।
੨੪. “ਅਮੁਲੁ ਬਖਸੀਸ ਅਮੁਲੁ ਨੀਸਾਣੁ” ਲਫ਼ਜ਼ ‘ਬਖਸੀਸ’ ਇਸਤਰੀ ਲਿੰਗ ਹੈ ਅਤੇ ਇਸਦਾ ਵਿਸ਼ੇਸ਼ਣ ‘ਅਮੁਲੁ’
ਹੈ ਪਰ ਵਿਸ਼ੇਸ਼ਣ ਨੂੰ ਔਂਕੜ ਕਿਉਂ ?
ਉੱਤਰ- ਨਿਯਮ ਤਹਿਤ ਨਾਂਵ ਨੂੰ ਔਂਕੜ ਨਹੀਂ ਤਾਂ ਵਿਸ਼ੇਸ਼ਣ ਨੂੰ ਭੀ ਔਂਕੜ ਨਹੀਂ ਹੁੰਦਾ। ਹੱਥ ਲਿਖਤ
ਬੀੜਾਂ ਵਿਚ ਇਸ ਲਫ਼ਜ਼ ਨੂੰ ਔਂਕੜ ਨਹੀਂ ਅਤੇ ਪ੍ਰਾਈਵੇਟ ਪ੍ਰਕਾਸ਼ਕਾਂ ਦੁਆਰਾ ਛਾਪੇ ਗੁਟਕਿਆਂ ਵਿਚ ਭੀ
ਔਂਕੜ ਨਹੀਂ ਸੋ ਪੰਥ ਪ੍ਰਤੀਨਿਧੀ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਹੱਥ ਲਿਖਤ ਬੀੜਾਂ ਤੋਂ ਅਗਵਾਈ ਲੈ
ਕੇ ਲੋੜੀਂਦੀ ਸੁਧਾਈ ਕਰਣੀ ਚਾਹੀਦੀ ਹੈ।
੨੫. “ ਗੁਰਾ ਇਕ ਦੇਹਿ ਬੁਝਾਈ” ਅਤੇ “ਸਭਨਾ ਜੀਆ ਕਾ ਇਕੁ ਦਾਤਾ” ਲਫ਼ਜ਼ ‘ਇਕ’ ਫਰਕ ਨਾਲ ਕਿਉਂ ?
ਉੱਤਰ - ਪਹਿਲੀ ਤੁਕ ਵਿਚ ‘ਬੁਝਾਈ’ ਇਸਤਰੀ ਲਿੰਗ ਹੋਣ ਕਰਕੇ ਇਸਦਾ ਵਿਸ਼ੇਸ਼ਣ ‘ਇਕ’ ਭੀ ਔਂਕੜ ਰਹਿਤ
ਹੈ। ਦੂਜੀ ਤੁਕ ਅੰਦਰ ‘ਦਾਤਾ’ ਪੁਲਿੰਗ ਹੋਣ ਕਰਕੇ ਇਸਦਾ ਵਿਸ਼ੇਸ਼ਣ ‘ਇਕੁ’ ਔਂਕੜ ਸਹਿਤ ਆਇਆ ਹੈ।
ਇਥੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਗੁਰਬਾਣੀ ਵਿਚ ਸ਼ਬਦਾਂ ਦੇ ਅੰਤਲੇ ਅੱਖਰਾਂ ਨੂੰ ਲਗੀਆਂ
ਲਗਾਂ-ਮਾਤ੍ਰਾਂ ਬੱਝਵੇਂ ਨੇਮਾਂ ਅਨੁਸਾਰ ਲੱਗੀਆ ਹੋਈਆਂ ਹਨ, ਇਹਨਾਂ ਦੀ ਅਰਥਾਂ ਨਾਲ ਗੂੜ੍ਹੀ ਸਾਂਝ
ਹੈ। ਕਈ ਸੱਜਣ ਜਿਨ੍ਹਾਂ ਨੂੰ ਗੁਰਬਾਣੀ ਦੇ ਲਗ-ਮਾਤ੍ਰੀ ਨੇਮਾਂ ਬਾਰੇ ਕੋਈ ਜਾਣਕਾਰੀ ਨਹੀਂ, ਉਹਨਾਂ
ਨੂੰ ਸ਼ਬਦਾ ਦੇ ਅੰਤ ਲਗੀਆਂ ਲਗ-ਮਾਤ੍ਰਾਂ ਔਂਕੜ ਅਤੇ ਸਿਹਾਰੀ ਬੇ-ਲੋੜਵੀਆਂ ਲਗਦੀਆਂ ਹਨ। ਇਹ ਉਹਨਾਂ
ਦਾ ਬਹੁਤ ਵਡਾ ਭੁਲੇਖਾ ਹੈ। ਗੁਰਬਾਣੀ ਦੇ ਅੱਜ ਤਕ ਹੋਏ ਟੀਕਿਆਂ ਵਿਚੋਂ ਬਹੁਤ ਥੋੜ੍ਹੇ ਅਜਿਹੇ ਟੀਕੇ
ਹਨ, ਜਿਨ੍ਹਾਂ ਵਿਚ ਇਹਨਾਂ ਲਗਾਂ ਮਾਤ੍ਰਾਂ ਦਾ ਪੂਰਾ ਧਿਆਨ ਰੱਖ ਕੇ ਅਰਥ ਕੀਤੇ ਹਨ। ਟੀਕੇ ਕਰਣ
ਵਾਲੇ ਵਿਆਖਿਆਕਾਰਾਂ ਵਿਚੋਂ ਗੇਣਵੇਂ ਹੀ ਐਸੇ ਸੱਜਣ ਹਨ, ਜਿਹੜੇ ਲਗਾਂ-ਮਾਤ੍ਰਾਂ ਦੇ ਨੇਮਾਂ ਤੋਂ
ਜਾਣੂ ਹੋਣ। ਲਗ ਮਾਤ੍ਰੀ ਨੇਮਾਂ ਵਾਰੇ ਸਰਲ ਰੂਪ ਵਿਚ ਬਣਾ ਸਵਾਰ ਕੇ ਅਜੇ ਤਕ ਪ੍ਰਚਾਰ ਨਹੀਂ ਹੋਇਆ,
ਜਿਸ ਕਰਕੇ ਮਨ -ਮਤੀਏ ਗਿਆਨੀ ਅਜੇ ਵੀ ਆਪਣੀ ਪਰਪੰਚ ਲੀਲਾ ਦੀ ਗਵਾਹੀ ਲਈ ਗੁਰਬਾਣੀ ਦੇ ਮਨ-ਮਰਜ਼ੀ
ਅਨੁਸਾਰ ਅਰਥ ਕਰ ਰਹੇ ਹਨ। ਇਹ ਠੱਗ ਬਾਜ਼ੀ ਵੱਡੇ ਪੱਧਰ ‘ਤੇ ਹੋ ਰਹੀ ਹੈ।
ਭੁੱਲ-ਚੁੱਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’
[email protected]