. |
|
ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੨੩)
Gurmat and science in present scenario (Part-23)
ਅਕਾਲ ਪੁਰਖ ਦੇ ਨਿਰਗੁਨ ਸਰਗੁਨ ਸਰੂਪ
Manifested forms of Akal Purkh as Nirgun and
Sargun
ਗੁਰਮਤਿ ਵਿਚਾਰਧਾਰਾ ਦਾ ਮੂਲ ਮਿਸ਼ਨ ਜਾਂ ਨਿਸ਼ਾਨਾਂ ਸਪੱਸ਼ਟ ਤੌਰ ਤੇ
ਜਪੁ ਜੀ ਸਾਹਿਬ ਦੀ ਬਾਣੀ ਵਿੱਚ ਸੰਖੇਪ ਨਾਲ ਅੰਕਿਤ ਕੀਤਾ ਗਿਆ ਹੈ। ਬਾਕੀ ਦੀ ਸਾਰੀ
ਵਿਸਥਾਰ ਗੁਰੂ ਗਰੰਥ ਸਾਹਿਬ ਵਿੱਚ ਸਮਝਾ ਦਿਤੀ ਗਈ ਹੈ। ਅਕਾਲ ਪੁਰਖ ਕਿਸ ਤਰ੍ਹਾਂ ਦਾ ਹੈ,
ਤੇ ਉਸ ਨੂੰ ਕਿਸ ਤਰ੍ਹਾਂ ਪਾਉਣਾਂ ਹੈ, ਉਹ ਗੁਰੂ ਗਰੰਥ ਸਾਹਿਬ ਦੇ ਆਰੰਭ ਦੇ ਸਿਰਲੇਖ
ਵਿੱਚ ਹੀ ਸਪੱਸ਼ਟ ਕਰ ਦਿਤਾ ਗਿਆ ਹੈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ
ਸੈਭੰ ਗੁਰ ਪ੍ਰਸਾਦਿ॥ (੧)
ੴਅਨੁਸਾਰ
ਅਕਾਲ ਪੁਰਖ ਇੱਕ ਹੈ, ਜੋ ਹਰ ਥਾਂ ਇੱਕ ਰਸ ਵਿਆਪਕ ਹੈ। ਉਹ ਸਭ ਥਾਂ ਇਕੋ ਜਿਹਾ ਹੈ, ਕਿਤੇ
ਵੱਧ ਜਾਂ ਘੱਟ ਨਹੀਂ ਹੈ। ਬਾਕੀ ਧਰਮਾਂ ਅਨੁਸਾਰ ਅਨੇਕਾਂ ਅਕਾਲ ਪੁਰਖ ਹੋ ਸਕਦੇ ਹਨ ਜਾਂ
ਉਹ ਖਾਸ ਫਿਰਕੇ ਲਈ ਵਿਸ਼ੇਸ਼ ਤੌਰ ਤੇ ਉਨ੍ਹਾਂ ਲਈ ਹੋ ਸਕਦੇ ਹਨ। ਪਰੰਤੂ ਸਿੱਖ ਧਰਮ ਅਨੁਸਾਰ
ਅਕਾਲ ਪੁਰਖ ਇੱਕ ਹੈ, ਤੇ ਉਹ ਸਭ ਦਾ ਸਾਂਝਾ ਹੈ। ਇੱਕ ਓਅੰਕਾਰੁ (ੴ) ਵਿੱਚ ਕਾਰੁ ਦੀ
ਲਾਈਨ ਗੁਰੂ ਗਰੰਥ ਸਾਹਿਬ (ਅੱਜਕਲ ਦੇ ਸਰੂਪ) ਵਿੱਚ ਸਤਿ ਅਤੇ ਨਾਮੁ ਦੇ ਵਿਚਕਾਰ ਤੱਕ
ਆਉਂਦੀ ਹੈ। ਪੁਰਾਤਨ ਲਿਖਤਾਂ ਵਿੱਚ ਤਾਂ ਕਾਰੁ ਦੀ ਲਾਈਨ ਹੋਰ ਵੀ ਲੰਮੀ ਲਿਖੀ ਹੋਈ ਮਿਲਦੀ
ਹੈ। ਇਸ ਲਈ ਇਸ ਨੂੰ ਕਦੇ ਵੀ ਛੋਟਾ ਕਰਕੇ ਨਹੀਂ ਲਿਖਣਾਂ ਹੈ। ਪਰੰਤੂ ਬੜੇ ਅਫਸੋਸ ਦੀ ਗਲ
ਹੈ ਕਿ ਅੱਜਕਲ ਦੇ ਬਜਾਰਾਂ ਵਿੱਚ ਮਿਲਣ ਵਾਲੇ ਇੱਕ ਓਅੰਕਾਰੁ ਦੇ ਮੋਮੈਂਟੋ
(Memento)
ਵਿੱਚ ਤਾਂ ਕਾਰ ਦੀ ਲਾਈਨ ਬਹੁਤ ਛੋਟੀ ਹੁੰਦੀ ਹੈ, ਜਾਂ ਅਲੋਪ ਹੀ ਹੋ ਗਈ ਹੈ। ਅਸੀਂ
ਅਜੇਹੇ ਮਾਡਲਾਂ ਖਰੀਦ ਕੇ ਸਿੱਖੀ ਦੇ ਵਿਰੁਧ ਪਰਚਾਰ ਲਈ ਆਪ ਹੀ ਗੁਨਾਹਗਾਰ ਬਣ ਰਹੇ ਹਾਂ।
ਕਾਰੁ ਦੀ ਲਾਈਨ ਅਕਾਲ ਪੁਰਖੁ ਦੀ ਇੱਕ ਰਸ ਵਿਆਪਕਤਾ ਦੀ ਪ੍ਰਤੀਕ ਹੈ। ਇਹ ਸਿੱਖੀ ਦੀ ਬਾਕੀ
ਧਰਮਾਂ ਨਾਲੋਂ ਵਿਲੱਖਣਤਾ ਦੀ ਪਹਿਲੀ ਨਿਸ਼ਾਨੀ ਹੈ।
ਸਤਿਨਾਮੁ
ਅਨੁਸਾਰ ਉਸ ਦਾ ਨਾਮੁ ਸਦਾ ਹੋਂਦ ਵਾਲਾ ਹੈ, ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਹੈ।
ਮਨੁੱਖਾ ਜੀਵਨ ਸੀਮਿਤ ਹੈ, ਪਦਾਰਥਾਂ ਦੀ ਹੋਂਦ ਸੀਮਿਤ ਹੈ, ਧਰਤੀ, ਸੂਰਜ ਤੇ ਤਾਰਿਆਂ ਦੀ
ਹੋਂਦ ਸੀਮਿਤ ਹੈ। ਇਸ ਲਈ ਕੋਈ ਮਨੁੱਖ, ਜੀਵ, ਜੰਤੂ, ਵਸਤੂ, ਆਦਿ ਅਕਾਲ ਪੁਰਖ ਜਾਂ ਉਸ ਦੇ
ਬਰਾਬਰ ਨਹੀਂ ਹੋ ਸਕਦੇ।
ਕਰਤਾ ਪੁਰਖੁ
ਅਨੁਸਾਰ ਉਹ ਸ੍ਰਿਸ਼ਟੀ ਦਾ ਰਚਣਹਾਰ ਹੈ ਤੇ ਸਭ ਵਿੱਚ ਵਿਆਪਕ ਭਾਵ ਰਮਿਆ ਹੋਇਆ ਹੈ। ਸਾਡੇ
ਆਸ ਪਾਸ ਦੀ ਦੁਨੀਆਂ ਵਿੱਚ ਅਸੀਂ ਬਹੁਤ ਕੁੱਝ ਬਣਿਆ ਹੋਇਆ ਵੇਖਦੇ ਹਾਂ। ਇਹ ਸਭ ਕੁੱਝ
ਕਿਸੇ ਨਾ ਕਿਸੇ ਨੇ ਬਣਾਇਆ ਹੋਵੇਗਾ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਬਣਿਆ ਹੋਵੇਗਾ।
ਦੁਨੀਆਂ ਦੇ ਜਿਤਨੇ ਵੀ ਪਦਾਰਥ ਜਾਂ ਜੀਵ ਹਨ, ਉਹ ਸਭ ਕਿਸੇ ਨਿਯਮ, ਅਸੂਲ, ਜਾਂ ਧਰਮ
ਅਨੁਸਾਰ ਚਲ ਰਹੇ ਹਨ। ਹਰੇਕ ਕਾਰਜ ਜਾਂ ਕਾਰਜ ਕਰਨ ਵਾਲੇ ਪਿਛੇ ਕੋਈ ਨਿਯਮ ਜਰੂਰ ਹੁੰਦਾ
ਹੈ। ਦੁਨੀਆਂ ਦੇ ਹਰੇਕ ਨਿਯਮ, ਅਸੂਲ ਅਤੇ ਧਰਮ ਵਿੱਚ ਉਸ ਅਕਾਲ ਪੁਰਖ ਦੀ ਹੋਂਦ ਹੈ ਤੇ ਉਸ
ਵਿੱਚ ਵਿਆਪਕ ਹੈ। ਅਕਾਲ ਪੁਰਖ ਦੇ ਹੁਕਮੁ ਅਨੁਸਾਰ ਦੁਨੀਆਂ ਅਤੇ ਜੀਵ ਆਪਣੇ ਆਪ ਚਲਦੇ
ਰਹਿੰਦੇ ਹਨ। ਜੀਵ ਪੈਦਾ ਹੁੰਦੇ ਹਨ, ਵੱਡੇ ਹੁੰਦੇ ਹਨ ਤੇ ਇੱਕ ਦਿਨ ਖਤਮ ਹੋ ਜਾਂਦੇ ਹਨ।
ਹਰ ਕਾਰਜ ਪਿਛੇ ਅਕਾਲ ਪੁਰਖ ਦਾ ਹੁਕਮੁ ਚਲ ਰਿਹਾ ਹੈ। ਇਹ ਸਭ ਅਕਾਲ ਪੁਰਖ ਦੇ ਅਧੀਨ ਹਨ,
ਪਰੰਤੂ ਅਕਾਲ ਪੁਰਖ ਕਿਸੇ ਦੇ ਅਧੀਨ ਨਹੀਂ ਹੈ।
ਉਹ ਅਕਾਲ ਪੁਰਖ
ਨਿਰਭਉ
ਹੈ, ਉਹ ਹਰੇਕ ਤਰ੍ਹਾਂ ਦੇ ਭੈ ਤੋਂ ਰਹਿਤ ਹੈ। ਕਿਉਂਕਿ ਜੇ ਕਰ ਕਰ ਉਹ ਆਪ ਭੈ ਵਿੱਚ
ਹੁੰਦਾ ਤਾਂ ਕਿਸੇ ਦੇ ਅਧੀਨ ਕਾਰਜ ਕਰਦਾ। ਅਕਾਲ ਪੁਰਖ ਦੇ ਅਸੂਲ ਸਭ ਲਈ ਇਕੋ ਜਿਹੇ ਹਨ,
ਕਿਉਂਕਿ ਉਹ
ਨਿਰਵੈਰੁ ਹੈ, ਉਹ ਵੈਰ ਰਹਿਤ ਹੈ,
ਉਸ ਦਾ ਕਿਸੇ ਖਾਸ ਫਿਰਕੇ ਜਾਂ ਜੀਵ ਨਾਲ ਕੋਈ ਵੈਰ ਨਹੀਂ ਹੈ, ਕੋਈ ਭੇਦ ਭਾਵ ਨਹੀਂ।
ਭਾਵੇਂ ਰਾਜਾ ਹੋਵੇ ਜਾਂ ਪਰਜਾ, ਸਭ ਲਈ ਇਕੋ ਨਿਯਮ ਅਸੂਲ ਜਾਂ ਧਰਮ ਹੈ, ਜਿਸ ਅਨੁਸਾਰ
ਸਾਰੀ ਸ੍ਰਿਸ਼ਟੀ ਚਲਦੀ ਹੈ। ਕਿਉਂਕਿ ਅਕਾਲ ਪੁਰਖ ਕਿਸੇ ਦੇ ਅਧੀਨ ਨਹੀਂ ਹੈ, ਤੇ ਨਾ ਹੀ ਉਸ
ਨੂੰ ਕੋਈ ਹੋਰ ਪੈਦਾ ਕਰਨ ਵਾਲਾ ਹੈ, ਇਸ ਲਈ ਉਹ ਆਪ ਹੀ ਆਪਣੇ ਆਪ ਨੂੰ ਪੈਦਾ ਕਰਨ ਵਾਲਾ
ਹੈ (ਸੈਭੰ)
ਸਵੈ ਪ੍ਰਕਾਸ਼।
ਇਨ੍ਹਾਂ ਵਿਚੋਂ
“ਸਤਿ ਨਾਮੁ, ਕਰਤਾ, ਪੁਰਖੁ”
ਵਾਲੇ ਗੁਣ ਜੋ ਕਿ ਅਕਾਲ ਪੁਰਖੁ ਦੇ ਹਨ, ਉਹ ਮਨੁੱਖ ਦੇ ਨਹੀਂ ਹੋ ਸਕਦੇ ਹਨ। ਪਰ ਉਸ ਵਰਗਾ
ਹੋਣ ਲਈ ਉਪਰਾਲਾ ਕੀਤਾ ਸਕਦਾ ਹੈ।
“ਨਿਰਭਉ ਨਿਰਵੈਰੁ”
ਵਾਲੇ ਗੁਣ ਜੋ ਕਿ ਅਕਾਲ ਪੁਰਖੁ ਦੇ ਹਨ,
ਉਹ ਮਨੁੱਖ ਦੇ ਵੀ ਹੋ ਸਕਦੇ ਹਨ। ਇਸ ਲਈ ਮਨੁੱਖ ਨੂੰ
“ਨਿਰਭਉ ਨਿਰਵੈਰੁ”
ਹੋਣ ਦਾ ਉਪਰਾਲਾ ਕਰਨਾ ਬਹੁਤ ਜਰੂਰੀ
ਹੈ। ਇਸ ਲਈ ਨਾ ਕਿਸੇ ਨੂੰ ਡਰਾਉਣਾਂ ਹੈ ਅਤੇ ਨਾ ਹੀ ਕਿਸੇ ਤੋਂ ਡਰਨਾ ਹੈ। ਇਹ ਸਿਖਿਆ
ਗੁਰੂ ਤੇਗ ਬਹਾਦਰ ਸਾਹਿਬ ਨੇ ਸਪੱਸ਼ਟ ਤੌਰ ਤੇ ਗੁਰਬਾਣੀ ਵਿੱਚ ਦਿਤੀ ਹੈ।
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ
ਮਨਾ ਗਿਆਨੀ ਤਾਹਿ ਬਖਾਨਿ॥ ੧੬॥ (੧੪੨੭)
“ਅਕਾਲ ਮੂਰਤਿ ਅਜੂਨੀ ਸੈਭੰ”
ਵਾਲੇ ਗੁਣ ਜੋ ਕਿ ਅਕਾਲ ਪੁਰਖੁ ਦੇ
ਹਨ, ਉਹ ਮਨੁੱਖ ਦੇ ਨਹੀਂ ਹੋ ਸਕਦੇ ਹਨ।
ਗੁਰ ਪ੍ਰਸਾਦਿ,
ਇਹ ਕਿਰਪਾ ਅਕਾਲ ਪੁਰਖੁ ਦੇ ਹੱਥ ਵਿੱਚ
ਹੈ, ਜੋ ਕਿ ਗੁਰੂ ਰਾਹੀ ਹੀ ਪ੍ਰਾਪਤ ਹੋ ਸਕਦੀ ਹੈ।
ਅਕਾਲ ਪੁਰਖ ਨੇ ਭਾਵੇਂ ਕਈ ਰੰਗਾਂ ਤੇ ਕਿਸਮਾਂ ਦੀ ਦੁਨੀਆ ਰਚ
ਦਿੱਤੀ ਹੈ, ਪਰ ਉਹ ਆਪ ਨਿਰਗੁਣ ਸਰੂਪ ਵਿੱਚ ਇਕੋ ਇੱਕ ਹਸਤੀ ਹੈ, ਤੇ, ਸਰਗੁਣ ਸਰੂਪ ਵਿੱਚ
ਉਹ ਅਨੇਕਾਂ ਰੂਪਾਂ ਵਾਲਾ ਹੈ। ਜੇਹੜੀ ਗੱਲ ਉਸ ਨੂੰ ਚੰਗੀ ਲੱਗਦੀ ਹੈ, ਉਹੀ ਗੱਲ ਜੀਵਾਂ
ਦੇ ਭਲੇ ਵਾਸਤੇ ਹੁੰਦੀ ਹੈ। ਹੋ ਸਕਦਾ ਹੈ ਆਮ ਲੋਕਾਂ ਨੂੰ ਅਕਾਲ ਪੁਰਖ ਦੇ ਨਿਰਗੁਣ ਸਰੂਪ
ਤੇ ਸਰਗੁਣ ਸਰੂਪ ਬਾਰੇ ਕੁੱਝ ਕਿੰਤੂ ਹੋਵੇ ਜਾਂ ਸ਼ੰਕਾ ਹੋਵੇ। ਪਰੰਤੂ ਸਾਇੰਸ ਅਨੁਸਾਰ
ਰੌਸ਼ਨੀ (Light)
ਦੇ ਦੋ ਰੂਪ ਹਨ, ਇੱਕ ਤਰੰਗ (ਵੇਵ) (Wave)
ਤੇ ਦੂਸਰਾ ਪਦਾਰਥ (ਫੋਟੌਨ) (Photon)।
ਜੇ ਅਸੀਂ ਰੌਸ਼ਨੀ ਦੇ ਦੋ ਰੂਪ ਮੰਨ ਸਕਦੇ ਹਾਂ, ਤਾਂ ਅਕਾਲ ਪੁਰਖ ਦੇ ਨਿਰਗੁਣ ਸਰੂਪ ਤੇ
ਸਰਗੁਣ ਸਰੂਪ ਬਾਰੇ ਸ਼ੰਕਾ ਕਿਉਂ?
ਆਪੇ ਹਰਿ ਇੱਕ ਰੰਗੁ ਹੈ ਆਪੇ ਬਹੁ ਰੰਗੀ॥ ਜੋ ਤਿਸੁ ਭਾਵੈ ਨਾਨਕਾ
ਸਾਈ ਗਲ ਚੰਗੀ ॥ ੨੨॥ ੨॥ (੭੨੬)
ਆਈਨ ਸਟਾਈਨ ਦੀ ਥਿਊਰੀ ਅਨੁਸਾਰ ਊਰਜਾ ਪਦਾਰਥ ਵਿੱਚ ਬਦਲ ਸਕਦੀ
ਹੈ, ਤੇ ਪਦਾਰਥ ਊਰਜਾ ਵਿੱਚ ਬਦਲ ਸਕਦਾ ਹੈ।
(E=mC2) ਨਿਊਕਲੀਅਰ ਰਿਐਕਸ਼ਨ ਨਾਲ
ਪਦਾਰਥ ਊਰਜਾ ਵਿੱਚ ਬਦਲ ਸਕਦਾ ਹੈ, ਜਿਸ ਨਾਲ ਬਹੁਤ ਸਾਰੀ ਊਰਜਾ ਪੈਦਾ ਹੁੰਦੀ ਹੈ। ਇਸ ਲਈ
ਕਹਿ ਸਕਦੇ ਹਾਂ ਕਿ ਅਕਾਲ ਪੁਰਖ ਵੀ ਊਰਜਾ ਦੀ ਤਰ੍ਹਾਂ ਜਾਂ ਕੋਈ ਹੋਰ ਅਜੇਹੀ ਕਿਸਮ ਦਾ ਹੋ
ਸਕਦਾ ਹੈ ਜਿਸ ਬਾਰੇ ਅਜੇ ਕੋਈ ਪਤਾ ਨਹੀਂ ਹੈ। ਉਸ ਦੇ ਨਾ ਦਿਖਾਈ ਦੇਣ ਵਾਲੇ ਰੂਪ ਨੂੰ
ਗੁਰੂ ਸਾਹਿਬਾਂ ਨੇ ਨਿਰਗੁਣ ਸਰੂਪ ਕਿਹਾ ਹੈ ਤੇ ਦਿਖਾਈ ਦੇਣ ਵਾਲੇ ਰੂਪ ਨੂੰ ਗੁਰੁ
ਸਾਹਿਬਾਂ ਨੇ ਸਰਗੁਣ ਸਰੂਪ ਕਿਹਾ ਹੈ। ਇਹ ਅਕਾਲ ਪੁਰਖ ਦੀ ਰਜ਼ਾ ਹੈ ਕਿ ਉਹ ਜਿਸ ਤਰ੍ਹਾਂ
ਚਾਹੇ ਨਿਰਗੁਣ ਸਰੂਪ ਵਿੱਚ ਜਾਂ ਸਰਗੁਣ ਸਰੂਪ ਬਦਲ ਸਕਦਾ ਹੈ। ਇਸ ਲਈ ਅਕਾਲ ਪੁਰਖ ਦਾ
ਸਰੂਪ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਤੇ ਮਨੁੱਖ ਦੀ ਪਹੁੰਚ ਤੋਂ ਬਾਹਰ ਹੈ।
ਸਰਬ-ਵਿਆਪਕ ਅਕਾਲ ਪੁਰਖ ਨੇ ਜਗਤ ਦੀ ਉਤਪੱਤੀ ਕੀਤੀ ਹੈ, ਦਿਨ ਤੇ
ਰਾਤ ਵੀ ਉਸੇ ਨੇ ਹੀ ਬਣਾਏ ਹਨ। ਜੰਗਲ, ਜੰਗਲ ਦਾ ਘਾਹ, ਤਿੰਨੇ ਭਵਨ, ਪਾਣੀ ਤੇ ਹੋਰ ਸਾਰੇ
ਤੱਤ, ਚਾਰ ਵੇਦ, ਚਾਰ ਖਾਣੀਆਂ, ਸ੍ਰਿਸ਼ਟੀ ਦੇ ਵਖ ਵਖ ਹਿੱਸੇ, ਟਾਪੂ, ਸਾਰੇ ਲੋਕ, ਆਦਿ ਸਭ
ਅਕਾਲ ਪੁਰਖ ਦੇ ਹੁਕਮੁ ਨਾਲ ਹੀ ਬਣੇ ਹਨ। ਇਸ ਲਈ ਸਿਰਜਣਹਾਰ ਅਕਾਲ ਪੁਰਖ ਨਾਲ ਡੂੰਘੀ
ਸਾਂਝ ਪਾ। ਪਰ, ਇਹ ਸੂਝ ਉਦੋਂ ਮਿਲਦੀ ਹੈ, ਜਦੋਂ ਗੁਰੂ ਮਿਲ ਪਏ। ਅਸੀਂ ਗੁਰੂ ਨੂੰ ਮਿਲ
ਕੇ ਆਤਮਕ ਜੀਵਨ ਦੇ ਹਨੇਰੇ ਵਿਚੋਂ ਬਾਹਰ ਨਿਕਲ ਸਕਦੇ ਹਾਂ। ਅਕਾਲ ਪੁਰਖ ਆਪਣੇ ਹੁਕਮੁ
ਅਨੁਸਾਰ ਜੋ ਕੁੱਝ ਜੀਵ ਪਾਸੋਂ ਕਰਵਾਉਂਦਾ ਹੈ, ਉਸ ਦੇ ਅਨੁਸਾਰ ਉਸ ਦਾ ਨਾਮ ਮੂਰਖ ਜਾਂ
ਗਿਆਨੀ ਪੈ ਜਾਂਦਾ ਹੈ। ਇਹ ਮਨੁੱਖਾ ਜਨਮ ਜੀਵਨ ਸਫਲ ਕਰਨ ਲਈ ਮਿਲਿਆ ਹੈ, ਤੇ ਇਹ ਸਾਡੇ ਤੇ
ਨਿਰਭਰ ਕਰਦਾ ਹੈ, ਕਿ ਅਸੀਂ ਕੀ ਚੁਣਦੇ ਹਾਂ।
ਓਅੰਕਾਰਿ ਉਤਪਾਤੀ॥ ਕੀਆ ਦਿਨਸੁ ਸਭ ਰਾਤੀ॥ ਵਣੁ ਤ੍ਰਿਣੁ ਤ੍ਰਿਭਵਣ
ਪਾਣੀ॥ ਚਾਰਿ ਬੇਦ ਚਾਰੇ ਖਾਣੀ॥ ਖੰਡ ਦੀਪ ਸਭਿ ਲੋਆ॥ ਏਕ ਕਵਾਵੈ ਤੇ ਸਭਿ ਹੋਆ ॥
੧॥ ਕਰਣੈਹਾਰਾ
ਬੂਝਹੁ ਰੇ॥ ਸਤਿਗੁਰੁ ਮਿਲੈ ਤ ਸੂਝੈ ਰੇ॥ ੧॥ ਰਹਾਉ॥
(੧੦੦੩, ੧੦੦੪)
ਅਕਾਲ ਪੁਰਖ ਦੇ ਗੁਣ ਗਾਇਨ ਕਰਨ ਨਾਲ ਹੌਲੀ ਹੌਲੀ ਸਾਡੀ ਸੋਚ ਤੇ
ਵਿਚਾਰਧਾਰਾ ਬਦਲਣ ਲਗਦੀ ਹੈ, ਜਿਹੜੀ ਸਾਡੇ ਅੰਦਰ ਉਸ ਵਰਗੇ ਗੁਣ ਪੈਦਾ ਕਰਨ ਵਿੱਚ ਸਹਾਈ
ਹੁੰਦੀ ਹੈ, ਜਿਸ ਨਾਲ ਮਨ ਵਿੱਚ ਖ਼ੁਸ਼ੀਆਂ ਪੈਦਾ ਹੁੰਦੀਆਂ ਹਨ ਤੇ ਆਨੰਦ ਦੀ ਅਵਸਥਾ ਬਣਦੀ
ਹੈ, ਪਰੰਤੂ ਉਨ੍ਹਾਂ ਸੁਖਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਬਿਲਕੁਲ ਉਸੇ ਤਰ੍ਹਾਂ
ਹੈ, ਜਿਵੇਂ ਕੋਈ ਗੁੰਗਾ ਮਨੁੱਖ ਗੁੜ ਖਾ ਕੇ ਸਿਰਫ਼ ਮੁਸਕਰਾਂਦਾ ਹੈ, ਪਰੰਤੂ ਸੁਆਦ ਨਹੀਂ
ਦੱਸ ਸਕਦਾ। ਜਿਸ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੀ
ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਅਕਾਲ ਪੁਰਖ ਮਾਇਆ ਦੇ ਤਿੰਨ ਗੁਣਾਂ (ਸਤ ਰਜ
ਤਮ) ਦੀ ਪਹੁੰਚ ਤੋਂ ਪਰੇ ਹੈ, ਅਕਾਲ ਪੁਰਖ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ,
ਅਕਾਲ ਪੁਰਖ ਨਾਸ ਰਹਿਤ ਹੈ, ਉਹ ਅਤੋਲ ਹੈ, ਉਸ ਨੂੰ ਤੋਲਿਆ ਨਹੀਂ ਜਾ ਸਕਦਾ। ਜਿਸ ਮਨੁੱਖ
ਨੇ ਸਦਾ ਜਵਾਨ ਰਹਿਣ ਵਾਲੇ ਅਕਾਲ ਪੁਰਖ ਨੂੰ ਆਪਣੇ ਮਨ ਵਿੱਚ ਵਸਾ ਲਿਆ, ਉਸ ਦੀ ਆਤਮਕ ਦਸ਼ਾ
ਉਹ ਆਪ ਹੀ ਜਾਣਦਾ ਹੈ, ਤੇ ਦੂਸਰਿਆਂ ਨੂੰ ਬਿਆਨ ਨਹੀਂ ਕੀਤੀ ਜਾ ਸਕਦੀ।
ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ ॥
ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸੁ ਹੀ ਕਉ ਬਨਿ ਆਵਤ॥ ੪॥ ੯॥ (੧੨੦੫)
ਉਹ ਅਕਾਲ ਪੁਰਖ ਆਪ ਉਸ ਸਰੂਪ ਵਾਲਾ ਹੈ, ਜਿਸ ਵਿੱਚ ਮਾਇਆ ਦੇ
ਤਿੰਨ ਗੁਣ ਨਹੀਂ ਹਨ (ਨਿਰਗੁਣੁ), ਆਪ ਹੀ ਉਸ ਸਰੂਪ ਵਾਲਾ ਹੈ ਜਿਸ ਵਿੱਚ ਮਾਇਆ ਦੇ ਤਿੰਨ
ਗੁਣ ਮੌਜੂਦ ਹਨ (ਸਰਗੁਣੁ)। ਅਕਾਲ ਪੁਰਖ ਆਕਾਰ ਤੋਂ ਰਹਿਤ ਵੀ ਆਪ ਹੀ ਹੈ, ਤੇ ਇਹ ਦਿਸਦਾ
ਆਕਾਰ ਰੂਪ ਵੀ ਆਪ ਹੀ ਹੈ। ਜੇਹੜਾ ਮਨੁੱਖ ਉਸ ਅਸਲੇ ਨੂੰ ਪਛਾਣਦਾ ਹੈ, ਉਸ ਅਸਲੇ ਨਾਲ
ਸਾਂਝ ਪਾ ਲੈਂਦਾ ਹੈ, ਉਹ ਪੰਡਿਤ ਬਣ ਜਾਂਦਾ ਹੈ। ਉਹ ਮਨੁੱਖ ਆਪ ਸੰਸਾਰ-ਸਮੁੰਦਰ ਤੋਂ ਪਾਰ
ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ, ਉਹ ਸਦਾ ਅਕਾਲ
ਪੁਰਖ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਈ ਰਖਦਾ ਹੈ। ਜੇਹੜੇ ਮਨੁੱਖ ਅਕਾਲ ਪੁਰਖ ਦੇ ਨਾਮ
ਦਾ ਰਸ ਚੱਖ ਕੇ ਆਤਮਕ ਆਨੰਦ ਮਾਣਦੇ ਹਨ, ਉਹ ਪਵਿਤਰ ਆਤਮਾ ਵਾਲੇ ਹੋ ਜਾਂਦੇ ਹਨ, ਤੇ ਉਹ
ਪਵਿਤਰ ਅਕਾਲ ਪੁਰਖ ਦਾ ਨਾਮੁ ਸਦਾ ਯਾਦ ਕਰਦੇ ਰਹਿੰਦੇ ਹਨ। ਜੇਹੜਾ ਮਨੁੱਖ ਗੁਰੂ ਦੇ ਸ਼ਬਦ
ਨੂੰ ਆਪਣੇ ਮਨ ਵਿੱਚ ਵਸਾਂਦਾ ਹੈ, ਉਹ ਦੁਨੀਆ ਵਿੱਚ ਆਪਣੇ ਕਾਰ ਵਿਹਾਰ ਵਾਸਨਾ ਰਹਿਤ ਹੋ
ਕੇ ਕਰਦਾ ਹੈ, ਉਸ ਦੇ ਅੰਦਰ ਜਗਤ ਦਾ ਮੂਲ ਅਕਾਲ ਪੁਰਖ ਪਰਗਟ ਹੋ ਜਾਂਦਾ ਹੈ, ਉਹ ਗੁਰੂ ਦੇ
ਬਖ਼ਸ਼ੇ ਗਿਆਨ ਦੀ ਸਹਾਇਤਾ ਨਾਲ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ। ਉਹ ਮਾਇਆ ਦੇ
ਤਿੰਨ ਗੁਣਾਂ ਦਾ ਪ੍ਰਭਾਵ ਮਿਟਾ ਕੇ ਅਕਾਲ ਪੁਰਖ ਚਰਨਾਂ ਵਿੱਚ ਲੀਨ ਰਹਿੰਦਾ ਹੈ। ਅਕਾਲ
ਪੁਰਖ ਆਪ ਸਭ ਜੀਵਾਂ ਨੂੰ ਪੈਦਾ ਕਰਦਾ ਹੈ, ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ। ਜੇਹੜਾ
ਮਨੁੱਖ ਗੁਰੂ ਦਾ ਆਸਰਾ ਲੈਂਦਾ, ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਕਬੂਲ ਹੋ ਜਾਂਦਾ ਹੈ।
ਉਸ ਦੇ ਹਿਰਦੇ ਵਿੱਚ ਅਕਾਲ ਪੁਰਖ ਦਾ ਨਾਮੁ ਵੱਸ ਜਾਂਦਾ ਹੈ, ਤੇ ਗੁਰੂ ਦੀ ਕਿਰਪਾ ਨਾਲ ਉਹ
ਅਕਾਲ ਪੁਰਖ ਦਾ ਮਿਲਾਪ ਹਾਸਲ ਕਰ ਲੈਂਦਾ ਹੈ।
ਮਾਝ ਮਹਲਾ ੩॥
ਨਿਰਗੁਣੁ ਸਰਗੁਣੁ ਆਪੇ
ਸੋਈ॥ ਤਤੁ ਪਛਾਣੈ ਸੋ ਪੰਡਿਤੁ ਹੋਈ॥
ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ॥ ੧॥ (੧੨੮)
ਸਰਬ ਵਿਆਪਕ ਅਕਾਲ ਪੁਰਖ ਆਕਾਰ ਰਹਿਤ ਵੀ ਹੈ ਤੇ ਤਿੰਨਾਂ ਗੁਣਾਂ
ਵਾਲੀ ਮਾਇਆ ਦੇ ਰੂਪ (ਭਾਵ, ਜਗਤ ਰੂਪ) ਵਿੱਚ ਵੀ ਆਪ ਹੀ ਹੈ। ਅਕਾਲ ਪੁਰਖ ਮਾਇਆ ਦੇ
ਤਿੰਨਾਂ ਗੁਣਾਂ ਤੋਂ ਪਰੇ ਵੀ ਆਪ ਹੀ ਹੈ, ਤੇ
ਸੁੰਨ
ਅਵਸਥਾ ਵਿੱਚ ਟਿਕਿਆ ਹੋਇਆ ਵੀ ਆਪ ਹੀ ਹੈ। ਇਹ ਸਾਰਾ ਜਗਤ ਅਕਾਲ ਪੁਰਖ ਨੇ ਆਪ ਹੀ ਰਚਿਆ
ਹੈ ਤੇ ਜਗਤ ਦੇ ਜੀਵਾਂ ਵਿੱਚ ਬੈਠ ਕੇ ਉਹ ਆਪ ਹੀ ਆਪਣੇ ਆਪ ਨੂੰ ਯਾਦ ਕਰ ਰਿਹਾ ਹੈ।
ਸਲੋਕੁ॥
ਸਰਗੁਨ ਨਿਰਗੁਨ ਨਿਰੰਕਾਰ
ਸੁੰਨ ਸਮਾਧੀ ਆਪਿ॥ ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ॥
੧॥ (੨੯੦)
ਅਕਾਲ ਪੁਰਖ ਆਪ ਖੁਦ ਆਕਾਰ ਰਹਿਤ ਹੈ, ਤੇ ਅਕਾਲ ਪੁਰਖ ਆਪ ਹੀ ਇਸ
ਜਗਤ ਦੇ ਸਾਰੇ ਆਕਾਰ ਬਣਾਂਦਾ ਹੈ। ਅਕਾਲ ਪੁਰਖ ਆਪ ਹੀ ਨਿਰੰਕਾਰ ਰੂਪ ਵਿੱਚ ਮਾਇਆ ਦੇ
ਤਿੰਨ ਸੁਭਾਵਾਂ ਤੋਂ ਪਰੇ ਰਹਿੰਦਾ ਹੈ, ਤੇ ਜਗਤ ਰਚਨਾ ਰਚ ਕੇ ਮਾਇਆ ਦੇ ਤਿੰਨ ਗੁਣਾਂ
ਵਾਲਾ ਹੋ ਜਾਂਦਾ ਹੈ, ਜਿਨ੍ਹਾਂ ਕਰਕੇ ਮੋਹ ਹੰਕਾਰ (ਰਜੋ), ਅਗਿਆਨਤਾ ਕ੍ਰੋਧ, ਤੇ ਸ਼ਾਤੀ
(ਤਮੋ), ਦਯਾ ਦਾਨ ਖਿਮਾ ਪ੍ਰਸੰਨਤਾ (ਸਤੋ) ਆਦਿ ਹੁੰਦੇ ਹਨ। ਅਕਾਲ ਪੁਰਖ ਆਪਣੇ ਇੱਕ ਸਰੂਪ
ਤੋਂ ਅਨੇਕਾਂ ਰੂਪ ਬਣਾ ਲੈਂਦਾ ਹੈ, ਪਰ ਇਹ ਅਨੇਕ ਰੂਪ ਉਸ ਤੋਂ ਵੱਖਰੇ ਨਹੀਂ ਹਨ, ਇਹ
ਕਿਹਾ ਜਾ ਸਕਦਾ ਹੈ ਕਿ ਅਕਾਲ ਪੁਰਖ ਇੱਕ ਆਪ ਹੀ ਆਪ ਹੈ। ਗੁਰਮੁਖ ਬਣਨ ਵਾਸਤੇ ਅਕਾਲ ਪੁਰਖ
ਨੇ ਜਗਤ ਦੀ ਰਚਨਾ ਕੀਤੀ ਹੈ। ਅਕਾਲ ਪੁਰਖ ਸਾਰੇ ਜੀਵ ਜੰਤੂਆਂ ਨੂੰ ਆਪਣੇ ਇਕੋ ਹੁਕਮੁ ਦੇ
ਧਾਗੇ ਵਿੱਚ ਪਰੋ ਕੇ ਰੱਖਣ ਦੀ ਸਮਰੱਥਾ ਰੱਖਦਾ ਹੈ। ਇਹ ਸਾਰਾ ਜਗਤ ਜੋ ਸਾਨੂੰ ਦਿੱਸਦਾ
ਹੈ, ਉਹ ਸਭ ਅਕਾਲ ਪੁਰਖ ਨੇ ਆਪਣੇ ਅਦ੍ਰਿਸ਼ਟ ਰੂਪ ਤੋਂ ਰਚਿਆ ਹੈ, ਤੇ ਨਾਲ ਹੀ ਮਾਇਆ ਦੇ
ਤਿੰਨ ਗੁਣਾਂ ਦਾ ਵੱਖ ਵੱਖ ਖਿਲਾਰਾ ਕਰ ਦਿੱਤਾ ਹੈ। ਅਕਾਲ ਪੁਰਖ ਨੇ ਅਨੇਕਾਂ ਕਿਸਮਾਂ ਦੇ
ਜੀਵ ਬਣਾ ਕੇ ਇਸ ਜਗਤ ਦੀ ਉਤਪੱਤੀ ਕੀਤੀ ਹੈ, ਜਨਮ ਮਰਨ ਦਾ ਚਕਰ, ਜੀਵਾਂ ਦੇ ਮਨ ਦਾ ਮੋਹ,
ਆਦਿ ਵੀ ਉਸ ਨੇ ਹੀ ਪੈਦਾ ਕੀਤਾ ਹੈ, ਪਰ ਉਹ ਆਪ ਖੁਦ ਜਨਮ ਮਰਨ ਦੇ ਚਕਰ ਤੋਂ ਪਰੇ ਹੈ।
ਸਲੋਕੁ॥
ਨਿਰੰਕਾਰ ਆਕਾਰ ਆਪਿ
ਨਿਰਗੁਨ ਸਰਗੁਨ ਏਕ॥ ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ॥
੧॥ (੨੫੦)
ਅਕਾਲ ਪੁਰਖ ਭੂਤ ਕਾਲ, ਵਰਤਮਾਨ, ਤੇ ਭਵਿੱਖ ਵਿੱਚ ਸਦਾ ਥਿਰ ਰਹਿਣ
ਵਾਲਾ ਹੈ, ਉਹ ਸਭ ਜੀਵਾਂ ਨੂੰ ਨਾਸ ਕਰਨ ਵਾਲਾ ਹੈ, ਸਭਨਾ ਦੀ ਪਾਲਣਾ ਕਰਨ ਵਾਲਾ ਹੈ, ਤੇ
ਸਭ ਵਿੱਚ ਵਿਆਪਕ ਹੈ। ਇਸ ਲਈ ਨਿਸ਼ਚੇ ਕਰ ਕੇ ਸਮਝ ਲਉ ਕਿ ਸਾਧ ਸੰਗਤਿ, ਭਾਵ ਸਬਦ ਗੁਰੂ ਦੀ
ਸੰਗਤ ਕਰਨ ਹੀ ਉਸ ਨਾਲ ਪਿਆਰ ਪਾਇਆ ਜਾ ਸਕਦਾ ਹੈ।
ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣਃ ॥
ਸਾਧੂ ਸਤਮ ਜਾਣੋ ਨਾਨਕ ਪ੍ਰੀਤਿ ਕਾਰਣੰ॥ ੨੩॥ (੧੩੬੧)
ਇਹ ਜਗਤ, ਮਾਨੋ ਇੱਕ ਬਹੁਤ ਵੱਡੇ ਰੁੱਖ ਵਰਗਾ ਖਿਲਾਰਾ ਹੈ, ਅਕਾਲ
ਪੁਰਖ ਆਪ ਹੀ ਇਸ ਜਗਤ ਰੂਪੀ ਰੁੱਖ ਨੂੰ ਸਹਾਰਾ ਦੇਣ ਵਾਲਾ ਇੱਕ ਬਹੁਤ ਵੱਡਾ ਤਨਾ ਹੈ,
ਸਾਰੇ ਜਗਤ ਦਾ ਪਸਾਰਾ ਉਸ ਰੁੱਖ ਦੀਆਂ ਸ਼ਾਖ਼ਾਂ ਦਾ ਖਿਲਾਰਾ ਹੈ। ਇਹ ਸਾਰਾ ਜਗਤ ਅਕਾਲ ਪੁਰਖ
ਦੀ ਆਪਣੀ ਬੀਜੀ ਹੋਈ ਫ਼ਸਲ ਹੈ, ਤੇ ਉਹ ਆਪ ਹੀ ਇਸ ਫ਼ਸਲ ਦਾ ਰਾਖਾ ਹੈ ਤੇ ਆਪ ਹੀ ਇਸ ਨੂੰ
ਵੱਢਦਾ ਹੈ। ਅਕਾਲ ਪੁਰਖ ਆਪ ਹੀ ਇੱਕ ਤਰ੍ਹਾਂ ਦਾ ਸੂਰਜ ਹੈ, ਤੇ ਇਹ ਸਾਰਾ ਜਗਤ, ਮਾਨੋ,
ਉਸ ਦੀਆਂ ਕਿਰਨਾਂ ਦਾ ਖਿਲਾਰਾ ਹੈ। ਅਕਾਲ ਪੁਰਖ ਆਪ ਹੀ ਅਦ੍ਰਿਸ਼ਟ ਰੂਪ ਵਿੱਚ ਹੈ ਤੇ ਆਪ
ਹੀ ਇਹ ਦਿੱਸਦਾ ਹੋਇਆ ਜਗਤ ਦਾ ਪਸਾਰਾ ਹੈ। ਆਪਣੇ ਨਿਰਗੁਣ ਤੇ ਸਰਗੁਣ ਰੂਪ ਭਾਵ ਅਦ੍ਰਿਸ਼ਟ
ਤੇ ਦ੍ਰਿਸ਼ਟਮਾਨ ਰੂਪ, ਉਹ ਅਕਾਲ ਪੁਰਖ ਆਪ ਹੀ ਥਾਪਦਾ ਹੈ। ਕਹਿਣ ਨੂੰ ਅਸੀਂ ਕਹਿ ਸਕਦੇ
ਹਾਂ ਕਿ ਇਨ੍ਹਾਂ ਦੋਹਾਂ ਰੂਪਾਂ ਵਿੱਚ ਫ਼ਰਕ ਹੈ, ਪਰੰਤੂ ਅਸਲ ਵਿੱਚ ਕੋਈ ਫ਼ਰਕ ਨਹੀਂ,
ਇਨ੍ਹਾਂ ਦੋਹਾਂ ਰੂਪਾਂ ਨੇ ਮਿਲ ਕੇ ਇੱਕ ਅਕਾਲ ਪੁਰਖ ਵਿੱਚ ਟਿਕਾਣਾ ਬਣਾਇਆ ਹੋਇਆ ਹੈ, ਤੇ
ਇਨ੍ਹਾਂ ਦੋਹਾਂ ਦਾ ਟਿਕਾਣਾ ਅਕਾਲ ਪੁਰਖ ਆਪ ਹੀ ਹੈ। ਜਿਹੜਾ ਮਨੁੱਖ ਗੁਰੂ ਦੀ ਸਹਾਇਤਾ
ਨਾਲ ਆਪਣੇ ਅੰਦਰੋਂ ਮਾਇਆ ਲਈ ਭਟਕਣਾ ਤੇ ਡਰ ਦੂਰ ਕਰ ਲੈਂਦਾ ਹੈ, ਉਹ ਅਕਾਲ ਪੁਰਖ ਨੂੰ ਹਰ
ਥਾਂ ਆਪਣੀਆਂ ਅੱਖਾਂ ਨਾਲ ਵੇਖ ਲੈਂਦਾ ਹੈ ਤੇ ਸਦਾ ਆਨੰਦ ਦੀ ਅਵਸਥਾ ਵਿੱਚ ਰਹਿੰਦਾ ਹੈ।
ਸਰਗੁਣ ਨਿਰਗੁਣ ਥਾਪੈ ਨਾਉ॥ ਦੁਹ ਮਿਲਿ ਏਕੈ ਕੀਨੋ ਠਾਉ ॥
੩॥ (੩੮੭)
ਦੁਨੀਆ ਦੀਆਂ ਪ੍ਰੀਤਾਂ ਵਿਚੋਂ ਸਭ ਤੋਂ ਵੱਡੀ ਪ੍ਰੀਤ ਮਨ ਨੂੰ
ਮੋਹਣ ਵਾਲੇ ਅਕਾਲ ਪੁਰਖ ਦੀ ਹੈ। ਇਸ ਲਈ ਸਿਰਫ਼ ਉਸ ਅਕਾਲ ਪੁਰਖ ਦਾ ਨਾਮੁ ਜਪਿਆ ਕਰੋ,
ਕਿਉਂਕਿ ਹੋਰ ਕੋਈ ਕਾਰਜ ਉਸ ਦੀ ਦਰਗਾਹ ਵਿੱਚ ਪਰਵਾਨ ਨਹੀਂ ਹੁੰਦਾ। ਸਬਦ ਗੁਰੂ ਦੀ ਚਰਨਾ
ਵਿੱਚ ਜੁੜੇ ਰਹਿਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਮਨ ਵਿਚੋਂ ਦਵੈਤ ਭਾਵਨਾ ਬਾਹਰ ਕੱਢ
ਸਕੀਏ। ਨਿਰਲੇਪ ਅਕਾਲ ਪੁਰਖ ਨੇ ਇਹ ਸਾਰਾ ਸੰਸਾਰ ਬਣਾਇਆ ਹੈ, ਤੇ ਇਸ ਵਿੱਚ ਵੱਖ ਵੱਖ
ਕਿਸਮ ਦੇ ਅਨੇਕਾਂ ਸਰੀਰ ਬਣਾ ਦਿੱਤੇ ਹਨ। ਹਰੇਕ ਸਰੀਰ ਕੋਠੜੀ ਵਿੱਚ ਮਨ ਨੂੰ ਕੋਤਵਾਲ ਬਣਾ
ਦਿੱਤਾ ਹੈ, ਜਿਸ ਅਨੁਸਾਰ ਸਰੀਰ ਚਲਦਾ ਹੈ। ਪਿਆਰਾ ਅਕਾਲ ਪੁਰਖ ਹਰੇਕ ਸਰੀਰ ਰੂਪੀ ਕੋਠੜੀ
ਵਿੱਚ ਆਪਣੇ ਮੰਦਰ ਵਿੱਚ ਰਹਿੰਦਾ ਹੈ, ਅਤੇ ਉੱਥੇ ਆਨੰਦ ਮਾਣਦਾ ਹੈ। ਉਸ ਅਕਾਲ ਪੁਰਖ ਨੂੰ
ਨਾ ਮੌਤ ਆਉਂਦੀ ਹੈ, ਤੇ ਨਾ ਹੀ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ। ਜੀਵ ਅਕਾਲ ਪੁਰਖ ਦੀ
ਰਚੀ ਹੋਈ ਰਚਨਾ ਵਿੱਚ ਹੀ ਜੁੜਿਆ ਰਹਿੰਦਾ ਹੈ, ਕਈ ਤਰੀਕਿਆਂ ਨਾਲ ਭਟਕਦਾ ਫਿਰਦਾ ਰਹਿੰਦਾ
ਹੈ, ਪਰਾਏ ਧਨ ਨੂੰ, ਪਰਾਏ ਰੂਪ ਨੂੰ ਤੱਕਦਾ ਫਿਰਦਾ ਹੈ, ਤੇ ਵਿਸ਼ੇ ਵਿਕਾਰਾਂ ਵਿੱਚ ਘਿਰਿਆ
ਰਹਿੰਦਾ ਹੈ। ਜਦੋਂ ਜੀਵ ਸਬਦ ਗੁਰੂ ਦੀ ਸੰਗਤ ਵਿੱਚ ਆਉਂਦਾ ਹੈ, ਤਾਂ ਅਕਾਲ ਪੁਰਖ ਦੇ
ਦਰਸਨ ਕਰਦਾ ਹੈ, ਤੇ ਫਿਰ ਗੁਰੂ ਨੂੰ ਮਿਲਣ ਸਦਕਾ ਉਸ ਨੂੰ ਜਨਮ ਮਰਣ ਦੇ ਗੇੜ ਵਿੱਚ ਨਹੀਂ
ਭਟਕਣਾ ਪੈਂਦਾ ਹੈ।
ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ
ਕਰੀਆ॥ ਵਿਚਿ ਮਨ ਕੋਟਵਰੀਆ॥ ਨਿਜ
ਮੰਦਰਿ ਪਿਰੀਆ॥ ਤਹਾ ਆਨਦ ਕਰੀਆ॥ ਨਹ ਮਰੀਆ ਨਹ ਜਰੀਆ॥ ੧॥ (੭੪੬)
ਅਕਾਲ ਪੁਰਖ ਹੀ ਹਰੇਕ ਚੀਜ਼ ਪੈਦਾ ਕਰਨ ਵਾਲਾ ਹੈ, ਤੇ ਸਭ ਵਿੱਚ
ਵਿਆਪਕ ਹੋ ਕੇ ਉਹ ਹਰੇਕ ਚੀਜ਼ ਨੂੰ ਭੋਗਣ ਵਾਲਾ ਵੀ ਹੈ। ਅਕਾਲ ਪੁਰਖ ਹਰੇਕ ਸਰੀਰ ਵਿੱਚ
ਵਿਆਪਕ ਹੋ ਕੇ ਖੁਦ ਆਪ ਹੀ ਸੁਣਨ ਵਾਲਾ ਹੈ, ਤੇ ਆਪ ਹੀ ਵੇਖਣ ਵਾਲਾ ਹੈ। ਜੋ ਕੁੱਝ ਸਾਨੂੰ
ਦਿੱਸ ਰਿਹਾ ਹੈ, ਉਹ ਸਭ ਅਕਾਲ ਪੁਰਖ ਦਾ ਹੀ ਰੂਪ ਹੈ, ਤੇ ਜੋ ਜਗਤ ਸਾਨੂੰ ਨਹੀਂ ਦਿੱਸ
ਰਿਹਾ ਹੈ, ਉਹ ਵੀ ਅਕਾਲ ਪੁਰਖ ਦਾ ਹੀ ਰੂਪ ਹੈ। ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਵੀ
ਅਕਾਲ ਪੁਰਖ ਆਪ ਹੀ ਹੈ, ਤੇ ਸਭ ਨੂੰ ਨਾਸ ਕਰਨ ਵਾਲਾ ਵੀ ਅਕਾਲ ਪੁਰਖ ਆਪ ਹੀ ਹੈ। ਅਕਾਲ
ਪੁਰਖ ਸਭਨਾਂ ਵਿੱਚ ਆਪ ਹੀ ਵਿਆਪਕ ਹੈ, ਤੇ ਵਿਆਪਕ ਹੁੰਦਿਆਂ ਹੋਇਆ ਨਿਰਲੇਪ ਵੀ ਅਕਾਲ
ਪੁਰਖ ਆਪ ਹੀ ਹੈ। ਅਕਾਲ ਪੁਰਖ ਆਪ ਹਰੇਕ ਵਿੱਚ ਬੋਲਣ ਵਾਲਾ ਹੈ, ਤੇ ਆਪ ਹੀ ਸਮਝਣ ਵਾਲਾ
ਹੈ। ਅਕਾਲ ਪੁਰਖ ਆਪ ਹੀ ਜਗਤ ਵਿੱਚ ਆਉਂਦਾ ਹੈ, ਤੇ ਇਥੋਂ ਜਾਣ ਵਾਲਾ ਵੀ ਉਹ ਅਕਾਲ ਪੁਰਖ
ਆਪ ਹੀ ਹੈ। ਅਕਾਲ ਪੁਰਖ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਵੀ ਹੈ, ਤੇ ਤਿੰਨ ਗੁਣਾਂ ਸਮੇਤ
ਵੀ ਹੈ, ਪਰੰਤੂ ਅਕਾਲ ਪੁਰਖ ਨੂੰ ਸਭਨਾਂ ਵਿੱਚ ਵੇਖਣ ਦੀ ਸੂਝ ਸਬਦ ਗੁਰੂ ਦੀ ਕਿਰਪਾ ਨਾਲ
ਹੀ ਪ੍ਰਾਪਤ ਹੁੰਦੀ ਹੈ।
ਰਾਗੁ ਗੋਂਡ ਮਹਲਾ ੫ ਚਉਪਦੇ ਘਰੁ ੧॥ ੴ ਸਤਿਗੁਰ ਪ੍ਰਸਾਦਿ॥
ਸਭੁ ਕਰਤਾ ਸਭੁ
ਭੁਗਤਾ॥ ੧॥ ਰਹਾਉ॥ ਸੁਨਤੋ ਕਰਤਾ
ਪੇਖਤ ਕਰਤਾ॥ ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ॥ ਓਪਤਿ ਕਰਤਾ ਪਰਲਉ ਕਰਤਾ॥ ਬਿਆਪਤ ਕਰਤਾ
ਅਲਿਪਤੋ ਕਰਤਾ॥ ੧॥ ਬਕਤੋ ਕਰਤਾ ਬੂਝਤ ਕਰਤਾ॥ ਆਵਤੁ ਕਰਤਾ ਜਾਤੁ ਭੀ ਕਰਤਾ॥
ਨਿਰਗੁਨ ਕਰਤਾ ਸਰਗੁਨ
ਕਰਤਾ॥ ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ॥
੨॥ ੧॥ (੮੬੨)
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ
ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਅਕਾਲ ਪੁਰਖ ਦਾ
ਨਿਰਗੁਨ
ਰੂਪ ਸਾਨੂੰ ਵਿਖਾਈ ਨਹੀਂ ਦਿੰਦਾ ਹੈ, ਤੇ
ਸਰਗੁਨ
ਰੂਪ ਨੂੰ ਅਸੀਂ ਵੇਖ ਸਕਦੇ ਹਾਂ। ਅਕਾਲ ਪੁਰਖ ਹਰੇਕ ਚੀਜ਼ ਪੈਦਾ ਕਰਨ ਵਾਲਾ ਹੈ, ਸਭ ਵਿੱਚ
ਵਿਆਪਕ ਹੈ, ਤੇ ਵਿਆਪਕ ਹੁੰਦਿਆਂ ਹੋਇਆ ਨਿਰਲੇਪ ਵੀ ਆਪ ਹੀ ਹੈ।
1) ਅਕਾਲ ਪੁਰਖ ਕਿਸ ਤਰ੍ਹਾਂ ਦਾ ਹੈ, ਤੇ ਉਸ ਨੂੰ ਕਿਸ ਤਰ੍ਹਾਂ
ਪਾਉਣਾਂ ਹੈ, ਉਹ ਗੁਰੂ ਗਰੰਥ ਸਾਹਿਬ ਦੇ ਆਰੰਭ ਵਿੱਚ ਸਪੱਸ਼ਟ ਤੌਰ ਤੇ ਜਪੁ ਜੀ ਸਾਹਿਬ ਦੀ
ਬਾਣੀ ਵਿੱਚ ਸਮਝਾ ਦਿਤਾ ਗਿਆ ਹੈ।
ਕਾਰੁ ਦੀ ਲਾਈਨ ਅਕਾਲ ਪੁਰਖੁ ਦੀ ਇੱਕ ਰਸ ਵਿਆਪਕਤਾ ਦੀ ਪ੍ਰਤੀਕ
ਹੈ। ਇਹ ਸਿੱਖੀ ਦੀ ਬਾਕੀ ਧਰਮਾਂ ਨਾਲੋਂ ਵਿਲੱਖਣਤਾ ਦੀ ਪਹਿਲੀ ਨਿਸ਼ਾਨੀ ਹੈ।
2) ਅਕਾਲ
ਪੁਰਖ ਕਿਸੇ ਦੇ ਅਧੀਨ ਨਹੀਂ ਹੈ, ਤੇ ਨਾ ਹੀ ਉਸ ਨੂੰ ਕੋਈ ਹੋਰ ਪੈਦਾ ਕਰਨ ਵਾਲਾ ਹੈ, ਇਸ
ਲਈ ਉਹ ਆਪ ਹੀ ਆਪਣੇ ਆਪ ਨੂੰ ਪੈਦਾ ਕਰਨ ਵਾਲਾ ਹੈ।
3) ਅਕਾਲ ਪੁਰਖ ਨੇ ਭਾਵੇਂ ਕਈ ਰੰਗਾਂ ਤੇ ਕਿਸਮਾਂ ਦੀ ਦੁਨੀਆ ਰਚ
ਦਿੱਤੀ ਹੈ, ਪਰ ਉਹ ਆਪ ਨਿਰਗੁਣ ਸਰੂਪ ਵਿੱਚ ਇਕੋ ਇੱਕ ਹਸਤੀ ਹੈ, ਤੇ, ਆਪ ਹੀ ਸਰਗੁਣ
ਸਰੂਪ ਵਿੱਚ ਉਹ ਅਨੇਕਾਂ ਰੂਪਾਂ ਵਾਲਾ ਹੈ।
4) ਇਹ ਅਕਾਲ ਪੁਰਖ ਦੀ ਰਜ਼ਾ ਹੈ ਕਿ ਉਹ ਜਿਸ ਤਰ੍ਹਾਂ ਚਾਹੇ
ਨਿਰਗੁਣ ਸਰੂਪ ਵਿੱਚ ਜਾਂ ਸਰਗੁਣ ਸਰੂਪ ਬਦਲ ਸਕਦਾ ਹੈ। ਇਸ ਲਈ ਅਕਾਲ ਪੁਰਖ ਦਾ ਸਰੂਪ
ਬਿਆਨ ਕਰਨਾ ਬਹੁਤ ਮੁਸ਼ਕਲ ਹੈ ਤੇ ਮਨੁੱਖ ਦੀ ਪਹੁੰਚ ਤੋਂ ਬਾਹਰ ਹੈ।
5) ਅਕਾਲ ਪੁਰਖ ਮਾਇਆ ਦੇ ਤਿੰਨ ਗੁਣਾਂ ਦੀ ਪਹੁੰਚ ਤੋਂ ਪਰੇ ਹੈ,
ਅਕਾਲ ਪੁਰਖ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਅਕਾਲ ਪੁਰਖ ਨਾਸ ਰਹਿਤ ਹੈ, ਉਹ
ਅਤੋਲ ਹੈ, ਉਸ ਨੂੰ ਤੋਲਿਆ ਨਹੀਂ ਜਾ ਸਕਦਾ।
6) ਜੇਹੜੇ ਮਨੁੱਖ ਅਕਾਲ ਪੁਰਖ ਦੇ ਨਾਮੁ ਦਾ ਰਸ ਚੱਖ ਕੇ ਆਤਮਕ
ਆਨੰਦ ਮਾਣਦੇ ਹਨ, ਉਹ ਪਵਿਤਰ ਆਤਮਾ ਵਾਲੇ ਹੋ ਜਾਂਦੇ ਹਨ, ਤੇ ਉਹ ਪਵਿਤਰ ਅਕਾਲ ਪੁਰਖ ਦਾ
ਨਾਮੁ ਸਦਾ ਯਾਦ ਕਰਦੇ ਰਹਿੰਦੇ ਹਨ।
7) ਅਕਾਲ ਪੁਰਖ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਵੀ ਆਪ ਹੀ
ਹੈ, ਤੇ ਸੁੰਨ ਅਵਸਥਾ ਵਿੱਚ ਟਿਕਿਆ ਹੋਇਆ ਵੀ ਆਪ ਹੀ ਹੈ।
8) ਅਕਾਲ ਪੁਰਖ ਆਪਣੇ ਇੱਕ ਸਰੂਪ ਤੋਂ ਅਨੇਕਾਂ ਰੂਪ ਬਣਾ ਲੈਂਦਾ
ਹੈ, ਪਰ ਇਹ ਅਨੇਕ ਰੂਪ ਉਸ ਤੋਂ ਵੱਖਰੇ ਨਹੀਂ ਹਨ।
9) ਜਿਹੜਾ ਮਨੁੱਖ ਗੁਰੂ ਦੀ ਸਹਾਇਤਾ ਨਾਲ ਆਪਣੇ ਅੰਦਰੋਂ ਮਾਇਆ ਲਈ
ਭਟਕਣਾ ਤੇ ਡਰ ਦੂਰ ਕਰ ਲੈਂਦਾ ਹੈ, ਉਹ ਅਕਾਲ ਪੁਰਖ ਨੂੰ ਹਰ ਥਾਂ ਆਪਣੀਆਂ ਅੱਖਾਂ ਨਾਲ
ਵੇਖ ਲੈਂਦਾ ਹੈ ਤੇ ਸਦਾ ਆਨੰਦ ਦੀ ਅਵਸਥਾ ਵਿੱਚ ਰਹਿੰਦਾ ਹੈ।
10) ਜਦੋਂ ਜੀਵ ਸਬਦ ਗੁਰੂ ਦੀ ਸੰਗਤਿ ਵਿੱਚ ਆਉਂਦਾ ਹੈ, ਤਾਂ
ਗੁਰੂ ਨੂੰ ਮਿਲਣ ਸਦਕਾ ਉਸ ਨੂੰ ਜਨਮ ਮਰਣ ਦੇ ਗੇੜ ਵਿੱਚ ਭਟਕਣਾ ਨਹੀਂ ਪੈਂਦਾ ਹੈ।
11) ਅਕਾਲ ਪੁਰਖ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਵੀ ਹੈ, ਤੇ
ਤਿੰਨ ਗੁਣਾਂ ਸਮੇਤ ਵੀ ਹੈ, ਪਰੰਤੂ ਅਕਾਲ ਪੁਰਖ ਨੂੰ ਸਭਨਾਂ ਵਿੱਚ ਵੇਖਣ ਦੀ ਸੂਝ ਸਬਦ
ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ।
ਇਸ ਲਈ ਆਓ ਸਾਰੇ ਜਾਣੇ ਗੁਰਬਾਣੀ ਦੁਆਰਾ ਸੂਝ ਪ੍ਰਾਪਤ ਕਰਕੇ ਅਕਾਲ
ਪੁਰਖ ਦੇ
ਨਿਰਗੁਨ ਤੇ
ਸਰਗੁਨ
ਰੂਪ ਨੂੰ ਸਮਝੀਏ ਤੇ ਅਕਾਲ ਪੁਰਖ ਨੂੰ ਸਭਨਾਂ ਵਿੱਚ ਵਿਆਪਕ ਵੇਖੀਏ ਤਾਂ ਜੋ ਪੂਰੀ ਦੁਨੀਆਂ
ਵਿੱਚ ਸ਼ਾਂਤੀ ਤੇ ਆਪਸੀ ਪ੍ਰੇਮ ਪੈਦਾ ਹੋ ਸਕੇ।
“ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ”
(ਡਾ: ਸਰਬਜੀਤ ਸਿੰਘ)
(Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮, RH1 / E-8,
Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩. Vashi, Navi
Mumbai - 400703.
Email =
[email protected]
http://www.sikhmarg.com/article-dr-sarbjit.html
|
. |