ਸਾਵਧਾਨ ! ਜ਼ਰਾ ਬਚਕੇ ਮੋੜ ਤੋਂ
1984 ਦਰਬਾਰ ਸਾਹਿਬ ਤੋ ਹੋਏ ਹਮਲੇ ਤੋਂ ਬਾਅਦ ਸਿੱਖ ਹਿਰਦੇ ਵਲੂੰਧਰੇ ਗਏ
ਤੇ ਹਰ ਸਿੱਖ ਲੁੱਟਿਆ ਤੇ ਟੁੱਟਿਆ ਮਹਿਸੂਸ ਕਰ ਰਿਹਾ ਸੀ । ਸਰਕਾਰ ਦੇ ਖਿਲਾਫ ਜੱਦੋਜਹਿਦ ਵਿੱਢੀ ਗਈ
ਜੋ ਕਿ ਕਿਸੇ ਸੁਚੱਜੇ ਲੀਡਰ ਦੀ ਘਾਟ ਕਾਰਨ ਆਪਣਿਆਂ ਹੱਥੋਂ ਤੇ ਆਪਸੀ ਧੜੇਬੰਦੀ ਅਤੇ ਖਹਿਬਾਜ਼ੀ ਕਾਰਨ
ਸਹਿਕਣ ਲੱਗ ਪਈ। ਖੈਰ ! ਇਹ ਵਿਸ਼ਾ ਨਹੀਂ। 1984 ਦੇ ਘਟਨਾਕਰਮ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਜਜ਼ਬਾਤੀ
ਤੌਰ ਤੇ ਅਸੀਂ ਕਈ ਹੱਦਾਂ ਪਾਰ ਕਰ ਗਏ ਤੇ ਉਸ ਵੇਗ ਦੇ ਵਿੱਚ ਇੱਕ ਖਤਰਨਾਕ ਖੇਡ ਵਿਦੇਸ਼ੀ
ਗੁਰਦੁਵਾਰਿਆਂ ਦੇ ਵਿੱਚ ਖੇਡੀ ਗਈ ਤੇ ਜੋ ਮੁੜਕੇ ਨਾਸੂਰ ਬਣ ਗਈ ਤੇ ਅੱਜ ਵੀ ਗੁਰਮਤਿ ਨੂੰ ਸਮਝਣ
ਵਾਲੇ ਸਿੱਖਾਂ ਦੇ ਨਾਲ ਇਸ ਖੇਡ ਦੇ ਖਿਡਾਰੀਆਂ ਦੇ ਦੋ ਹੱਥ ਹੁੰਦੇ ਰਹਿੰਦੇ ਹਨ। 1984 ਦੇ ਬਿਲਕੁਲ
ਬਾਅਦ ਬਹੁਤ ਸਾਰੇ ਬੰਦੇ ਪੰਜਾਬ ਤੋਂ ਵਿਦੇਸ਼ਾਂ ਵਿੱਚ ਆਕੇ ਰਾਜਸੀ ਸ਼ਰਨ ਲੈਕੇ ਰਹਿਣ ਲੱਗੇ । ਬਹੁਤ
ਥੋੜੇ ਵਿਅਕਤੀ ਸਨ ਜੋ ਸਰਕਾਰੀ ਜਬਰ ਦੇ ਸਤਾਏ ਭਾਰਤ ਛੱਡ ਆਏ ਸਨ ਪਰ ਇਸ ਵੇਲੇ ਦਾ ਪੂਰਾ ਫਾਇਦਾ
ਧਾਰਮਿਕ ਜੋਕਾਂ ਨੇ ਪੂਰਾ ਲਿਆ । ਬੱਸ ਜਿਸਨੇ ਨੀਲੀ ਗੋਲ ਪੱਗ ਬੰਨਣੀ ਸਿੱਖੀ ਉਹ ਸਿੱਧਾ ਹੀ
ਦਮਦਮੀ ਟਕਸਾਲ ਦਾ ਪ੍ਰਮਾਣਿਤ ਪ੍ਰਚਾਰਕ ਬਣ ਗਿਆ। ਗੋਲ ਪੱਗ ਤੇ ਬਿਨਾਂ ਪਜਾਮੇ ਤੋਂ ਚੋਲਾ ਪਾਕੇ ਉਹ
ਆਪਣੇ ਆਪ ਨੂੰ ਜਰਨੈਲ ਸਿੰਘ ਦਾ ਗੜਵਈ ਜਾ ਗੰਨਮੈਨ ਜਾਂ ਖਾਸਮ ਖਾਸ ਦੱਸਦੇ । ਇੱਕ ਦੋ ਨਾਮਵਰ
ਖਾੜਕੂਆ ਨਾਲ ਸਬੰਧ ਹੋਣ ਦਾ ਜਾਂ ਉਸਦੇ ਪਿੰਡ ਦੇ ਹੋਣ ਦਾ ਜਾਂ ਫਿਰ ਇੱਕੋ ਸਕੂਲ ਵਿੱਚ ਪੜੇ ਹੋਣ ਦਾ
ਪੱਤਾ ਵੀ ਵਰਤਿਆ ਗਿਆ ।
ਫਿਰ ਕੀ ਸੀ ਇਹ ਨਕਲੀ ਤੇ ਅਸਲੀ ਟਕਸਾਲੀ ਪ੍ਰਚਾਰਕ 1984 ਦੇ ਹਮਲੇ ਨੂੰ ਪੌੜੀ ਬਣਾ ਵਿਦੇਸ਼ ਦੇ
ਸਿੱਖਾਂ ਦੀ ਮਿਹਨਤ ਨਾਲ ਬਣੇ ਗੁਰਦੁਵਾਰਿਆਂ ਵਿੱਚ ਗੁਰਮਤਿ ਦਾਤੇ ਘੜੰਮ ਚੌਧਰੀ ਬਣ ਬੈਠੇ ਤੇ
ਮਨਭਾਉਂਦੀ ਬਿਪਰੀ ਮਰਿਯਾਦਾ, ਸਿਰੇ ਦੇ ਪਖੰਡ ਤੇ ਵੱਡੀਆਂ –ਵੱਡੀਆਂ ਮੂਰਖਤਾਈਆਂ ਗੁਰਦੁਵਾਰਿਆਂ
ਵਿੱਚ ਸਥਾਪਿਤ ਕਰ ਦਿੱਤੇ ਤੇ ਇਹ ਪਖੰਡ ਹੁਣ ਵਿਦੇਸ਼ੀ ਗੁਰਦੁਵਾਰਿਆਂ ਵਿੱਚ ਅਖੌਤੀ ਪੁਰਾਤਨ ਮਰਿਯਾਦਾ
ਬਣ ਗਈ ਹੈ । ਜ਼ਾਤੀ ਤੌਰ ਤੇ ਕਈ ਰਾਗੀਆਂ, ਢਾਡੀਆਂ
ਤੇ ਪ੍ਰਚਾਰਕਾਂ ਨਾਲ 10-15 ਸਾਲਾਂ ਤੋਂ ਵਾਹ ਹੈ ਤੇ ਬਹੁਤੇ ਸਾਰੇ ਸਿਰਫ ਸਿਰਫ ਮੌਕਾ ਦੇਖਕੇ ਗੱਲ
ਕਰਦੇ ਸਨ ਜਾਂ ਪੈਸਾ ਦੇਖਕੇ ਨਗਰ ਕੀਰਤਨਾਂ ਵਿੱਚ ਸਿੱਖਾਂ ਦੀਆਂ ਜੇਬਾਂ ਖਾਲੀ ਕਰਾਉਣ ਲਈ ਜੋ ਕਹੋ
ਉਹੋ ਗਾ ਦੇਂਦੇ ਸਨ । ਬਹੁਤੇ ਆਪਣੇ ਸਮੇਂ ਦੇ ਮਸ਼ਹੂਰ ਸਮਝੇ ਜਾਂਦੇ ਢਾਡੀ , ਰਾਗੀਆਂ ਤੇ ਕਈ
ਪ੍ਰਚਾਰਕਾਂ ਦੇ ਸ਼ਰਾਬ ਪੀਣ ਦੇ ਘਟੀਆ ਕਿਸਮ ਦੇ ਕੰਮਾਂ ਦੇ ਕਿੱਸੇ ਹੀ ਨਹੀਂ ਵੀਡੀਓ ਵੀ ਜਨਤਕ ਹਨ।
ਅਸੀਂ ਬੱਸ ਅੱਖਾਂ ਮੀਟ ਕੇ ਇਸ ਲਾਣੇ ਨੂੰ ਪਾਲ ਰਹੇ ਹਾਂ ।
1998-99 ਵਿੱਚ ਅਕਾਲ ਤਖਤ ਦੇ ਪੁਜਾਰੀ ਤੇ ਟੌਹੜੇ ਦੇ ਪਿੱਛਲੱਗ ਰਣਜੀਤ
ਸਿੰਘ ਵਲੋਂ ਲੰਗਰ ਛਕਣ ਬਾਰੇ ਕੱਢੇ ਕੂੜਨਾਮੇ ਨਾਲ ਇਸ ਪੁਜਾਰੀ ਸ਼੍ਰੇਣੀ ਨੇ ਫਿਰ ਕੱਛਾਂ ਵਜਾਈਆਂ ਤੇ
ਉਹੀ ਪੁਰਾਤਨ –ਪੁਰਾਤਨ ਦਾ ਰੌਲਾ ਪਾ ਸਿੱਖ ਜਜ਼ਬਾਤ ਭੜਕਾਕੇ ਤੇ ਆਪਣੀ ਖੀਰ ਛਕਦੇ ਰਹੇ। ਕਈ ਸਾਲਾਂ
ਬਾਦ ਹੁਣ ਕੈਨੇਡਾ ਦੇ ਸਿਆਣੇ ਸਿੱਖ ਇਹ ਗੱਲ ਮੰਨਦੇ ਹਨ ਕਿ ਇਹ ਹੁਕਮਨਾਮਾ ਕਢਵਾਇਆ ਗਿਆ ਸੀ ਤੇ ਉਹ
ਵੀ ਟੇਢੇ ਤਰੀਕੇ ਨਾਲ। ਅਸਲ ਗੱਲ ਇਹ ਹੈ ਕਿ ਅਸੀਂ 1984 ਵਿੱਚ ਪੰਥਕ ਦਰਦ ਵਿੱਚ ਇਸ ਪੁਜਾਰੀ
ਸ਼੍ਰੇਣੀ ਦੇ ਕਾਬੂ ਆ ਗਏ ਤੇ ਅੱਜ ਤੱਕ ਸੰਭਲ ਨਹੀਂ ਪਾਏ। ਆਮ ਸਿੱਖ ਇਹਨਾਂ ਤੋਂ ਦੁਖੀ ਹੋ
ਗੁਰਦਵਾਰਿਆਂ ਤੋਂ ਮੂੰਹ ਮੋੜ ਗਿਆ।
ਪਿਛਲੇ ਕੁੱਝ ਸਾਲਾਂ ਤੋਂ ਅਗਾਂਹ ਵਧੂ ਸਿੱਖ ਵਿਦਵਾਨਾਂ ਦੀ ਦਲੇਰੀ ਸਦਕਾ ਤੇ
ਨੌਜਵਾਨਾਂ ਦੀ ਪ੍ਰਚਾਰ ਵਿੱਚ ਦਿਲਚਸਪੀ ਹੋਣ ਕਾਰਨ ਸਿੱਖੀ ਦੇ ਵਿਹੜੇ ਵਿੱਚ ਗੁਰਮਤਿ ਦੀ ਮਹਿਕ ਫਿਰ
ਤੋਂ ਵੰਡੀ ਜਾਣ ਲੱਗੀ ਹੈ । ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕੁੱਝ ਕੁ ਮੁੱਠੀ ਭਰ ਦਲੇਰ ਸਿੱਖਾਂ
ਦੇ ਦਲੇਰੀ ਨਾਲ ਲਿਖਣ ਤੇ ਬੋਲਣ ਕਾਰਨ ਅੱਜ ਦਾ ਸਿੱਖ ਨੌਜਵਾਨ ਆਪਣੇ ਪੈਰਾਂ ਤੇ ਖੜਾ ਹੋ ਰਿਹਾ ਹੈ
ਅਤੇ ਪੁਜਾਰੀ ਵਰਗ ਪੱਤਰੇ ਵਾਚਣ ਦੀ ਤਿਆਰੀ ਵਿੱਚ ਹੈ। ਅਖੌਤੀ ਸਾਧਾਂ ਖਿਲਾਫ ਅੱਜ ਸਿੱਖ ਉਂਗਲ
ਕਰਨੋਂ ਨਹੀਂ ਝਿਜਕਦੇ ।
ਜੋ ਇਸ ਲਿਖ ਦਾ ਸਿਰਲੇਖ ਹੈ ‘ਸਾਵਧਾਨ! ਜ਼ਰਾ ਬਚਕੇ ਮੋੜ ਤੋਂ’ ਉਸ ਵੱਲ ਜ਼ਰਾ
ਧਿਆਨ ਲੈਕੇ ਜਾਈਏ । 1984 ਵਿੱਚ ਪੰਥਕ ਦਰਦ ਤੇ ਵਹਿਣ ਵਿੱਚ ਬਹਿਕੇ ਅਸੀਂ ਬਿਪਰ ਅਪਣੇ
ਗੁਰਦੁਵਾਰਿਆਂ ਵਿੱਚ ਵਾੜ ਲਿਆ ਤੇ ਅੱਜ ਵੀ ਲੱਥ ਨਹੀਂ ਰਿਹਾ। ਜਾਗਰੂਕ ਪਰਚਾਰਕਾਂ ਦੇ ਨਾਮ ਥੱਲੇ
ਹੁਣ ਇੱਕ ਨਵਾਂ ਟਿੱਡੀ ਦਲ ਹਰਕਤ ਵਿੱਚ ਆ ਚੁੱਕਾ ਹੈ। 1984 ਵਾਂਗ ਅੱਜ ਵੀ 90 ਫੀਸਦੀ ਪ੍ਰਚਾਰਕ
ਵਿਦੇਸ਼ ਆਕੇ ਦੱਸਦੇ ਹਨ ਕਿ ਅਸੀਂ ਫਲਾਣੇ ਮਿਸ਼ਨਰੀ ਕਾਲਿਜ ਤੋਂ ਪੜੇ । ਜਾਂ ਅਸੀਂ ਫਲਾਣੀ ਵੈਬਸਾਈਟ
ਦੇ ਸਰੋਤੇ ਹਾਂ । ਜ਼ਮਾਨੇ ਦੇ ਰੰਗ ਬਦਲਣ ਦੇ ਨਾਲ ਹੀ ਇਹਨਾਂ ਨੇ ਵੀ ਆਪਣਾ ਰੰਗ ਬਦਲ ਲਿਆ ਹੈ ।
ਤਿੱਖੀ ਕਾਲੀ ਪੱਗ ਵਾਲਾ ਹਰ ਕੋਈ ਮਿਸ਼ਨਰੀ ਨਹੀਂ ਹੈ ਤੇ ਜੇ ਹੈ ਵੀ ਤਾਂ ਇਸ ਵਿੱਚ ਕੋਈ ਖਾਸੀਅਤ
ਨਹੀਂ । ਮਿਸ਼ਨਰੀ ਕਾਲਿਜਾਂ ਦਾ ਨਾਮ ਵਰਤਕੇ ਬਹੁਤ ਸਾਰੀਆਂ ਭੇਡਾਂ ਵਿਦੇਸ਼ਾਂ ਦੇ ਗੁਰਦੁਵਾਰਿਆਂ ਵਿੱਚ
ਅੰਗੂਰੀ ਚਰ ਰਹੀਆਂ ਹਨ। ਦਸਮ ਗ੍ਰੰਥ ਬਾਰੇ ਪੁੱਛੋ ਕਹਿਣਗੇ ਜੀ ਅਸੀਂ ਤੇ ਸ਼ੁਰੂ ਤੋਂ ਹੀ ਇਸਦੇ
ਖਿਲਾਫ ਹਾਂ ਪਰ ਜਿੱਥੇ ਪ੍ਰਬੰਧਕ ਕਮੇਟੀ ਕਹਿ ਦੇਵੇ ਉੱਤੇ ਫਿਰ ਦਸਮ ਗਰੰਥ ਦੀ ਕਥਾ ਵੀ ਸ਼ਰਧਾ ਨਾਲ
ਸੁਣਾ ਦਿੰਦੇ ਹਨ। ਕਈ ਤਾਂ ਟਟੀਹਰੀ ਵਾਂਗ ਕਹਿ ਰਹੇ ਹਨ ਕਿ ਬੱਸ ਕੈਨੇਡਾ ਵਿੱਚ ਤਾਂ ਰਹਿਤ ਮਰਿਯਾਦਾ
ਲਾਗੂ ਹੀ ਅਸੀਂ ਕਰਾਈ ਹੈ ਕਿਉਂਕਿ ਇਹਨਾਂ ਤੋਂ ਪਹਿਲਾਂ ਤਾਂ ਸਭ ਮੂਰਖ ਹੀ ਤੁਰੇ ਫਿਰਦੇ ਹਨ।
ਇੱਕ ਦੋ ਪ੍ਰਚਾਰਕਾਂ ਦੀ ਵੀਡੀਓ ਜਾਂ ਆਡੀਓ ਇੰਟਰਨੈਟ ਤੋਂ ਸੁਣ ਕੇ ਬਣੇ ਕਥਾਵਾਚਕਾਂ ਦੀ ਵੀ ਭਰਮਾਰ
ਹੈ । ਇਸ ਚੱਲਦੇ ਵਹਾ ਵਿੱਚ ਕਈ ਉਹ ਵੀ ਨਿਤਰੇ ਜੋ ਸਾਰੀ ਉਮਰ ਤਾਂ ਸਿੱਖਾਂ ਨੂੰ ਨਿਚੋੜਦੇ ਰਹੇ ਤੇ
ਹੁਣ ਆਗੂ ਹੋਣ ਦਾ ਭੁਲੇਖਾ ਧਾਰ ਬੈਠੇ ਹਨ, ਕਈ ਪੁਰਾਣੇ ਗਰੰਥੀ ਤੇ ਜਥੇਦਾਰ ਵੀ ਹੁਣ ਇਸੇ ਪੰਥਕ
ਬੇੜੀ ਦੇ ਸਵਾਰ ਹਨ ਤੇ ਸਾਰੇ ਦਾ ਸਾਰਾ ਪੰਥਕ ਭਾਰ ਉਹਨਾਂ ਦੇ ਮੋਢਿਆਂ ਤੇ ਹੈ ਤੇ ਕਥਾ ਕੀਰਤਨ ਕਰਕੇ
ਅਜੇ ਵੀ ਸਿੱਖਾਂ ਦੀ ਚਮੜੀ ਚੂੰਡ ਰਹੇ ਹਨ । ਨਵੇਂ ਤੋਂ ਨਵੇਂ ਮਿਸ਼ਨਰੀ ਪੈਦਾ ਹੋ ਰਹੇ ਹਨ ਤੇ
ਵਿਦੇਸ਼ਾਂ ਵਿੱਚ ਹਰਲ –ਹਰਲ ਕਰਦੇ ਫਿਰਦੇ ਹਨ ਪਰ ਪੰਜਾਬ ਜਿੱਥੇ ਪ੍ਰਚਾਰ ਦੀ ਵੱਧ ਲੋੜ ਹੈ ਉੱਥੇ ਕੋਈ
ਪ੍ਰਚਾਰਕ ਦੌਰਾ , ਕੈਂਪ ਨਹੀਂ ਲੱਗ ਰਿਹਾ । ਫੇਸਬੁੱਕ ਤੇ ਬਹੁਤੇ ਪ੍ਰਚਾਰਕ, ਪ੍ਰਚਾਰਕ ਨਹੀਂ ਫੁਕਰੇ
ਜਾਪਦੇ ਹਨ । ਕਸੂਰ ਇਕੱਲਾ ਇਹਨਾਂ ਦਾ ਹੀ ਨਹੀਂ ਸਾਡਾ ਵੀ ਬਹੁਤ ਹੈ । ਸਾਡੀ ਕੌਮ ਨੂੰ ਬਾਦੀ ਹੈ ਕਿ
ਜਿਸ ਪਾਸੇ ਵੱਲ ਚੱਲਦੇ ਹਾਂ ਬੱਸ ਅੱਖਾਂ ਤੇ ਕੰਨ ਬੰਦ ਤੇ ਦਿਮਾਗ ਨੂੰ ਤਾਲਾ ਲਾਕੇ ਚੱਲਦੇ ਹਾਂ ।
ਅੱਜ ਕੱਲ ਕੋਈ ਇੰਟਰਨੈਟ ਤੇ ਆਪਣੀ ਵੀਡੀਓ ਪਾ ਦੇਵੇ ਚਲੰਤ ਮਾਮਲੇ ਤੇ ਬੋਲਕੇ ਜਾਂ ਜਿਹੜੇ ਆਮ ਮੁੱਦੇ
ਤਾਂ ਚਰਚਾ ਸ਼ੁਰੂ ਭਾਈ ਸਹਿਬ ਜੀ ਬੜੇ ਦਲੇਰ ਪ੍ਰਚਾਰਕ ਨੇ ..ਪਰ ਉਸ ਪ੍ਰਚਾਰਕ ਦਾ ਉਸ ਮੁੱਦੇ ਤੇ
ਆਪਣਾ ਕੀ ਸਟੈਂਡ ਹੈ ਪਤਾ ਨਹੀਂ ... ਉਸ ਬਾਰੇ ਉਹ ਕੀ ਕਰ ਰਿਹਾ ਹੈ ਪਤਾ ਨਹੀਂ , ਬੱਸ ਸ਼ਬਦ ਜਾਲ
ਵਿੱਚ ਮੱਛੀ ਵਾਂਗ ਫਸੇ ਸਿੱਖ ਵਾਹ ਜੀ ਵਾਹ ਦਾ ਸਿਮਰਨ ਕਰਦੇ ਰਹਿੰਦੇ ਹਨ। ਇਹ ਲੋਕ ਵਗਦੀ ਗੰਗਾ ‘ਚ
ਹੱਥ ਧੋਣ ਵਾਲੇ ਨੇ ਇਸਤੋਂ ਵੱਧ ਕੁਝ ਵੀ ਨਹੀਂ। ਕਈਆ ਨੂੰ ਤਾਂ ਆਮ ਬੰਦਿਆਂ ਵਾਂਗ ਰਹਿਣ –ਸਹਿਣ ਤੇ
ਬੋਲਣ , ਬੈਠਣ –ਉੱਠਣ ਦੀ ਵੀ ਅਕਲ ਨਹੀਂ ਪਰ ਤੱਤਾ-ਤੱਤਾ ਪ੍ਰਚਾਰ ਕਰਕੇ ਸਿੱਖਾਂ ਦੀ ਜੇਬਾਂ ਖਾਲੀ
ਕਰ ਰਹੇ ਹਨ ਤੇ ਸਿੱਖ ਆਪਣੇ ਪੈਰਾਂ ਤੇ ਖੜਨ ਦੀ ਬਜਾਏ ਅੱਜ ਵੀ ਭਾੜੇ ਦੀਆਂ ਫੌੜੀਆਂ ਭਾਲਦਾ ਹੈ ਤੇ
ਜਦੋਂ ਉਹ ਫੌੜੀਆਂ ਗਾਹਕ ਬਦਲਦੀਆਂ ਹਨ ਤਾਂ ਸਿੱਖ ਧੜੰਮ ਕਰਕੇ ਡਿੱਗ ਪੈਂਦਾ ਹੈ । ਵਾਰ- ਵਾਰ
ਡਿੱਗਕੇ ਸਿੱਖ ਆਪਣਾ ਚੂਲਾ ਤੁੜਾ ਚੁੱਕਾ ਹੈ ਤੇ ਹਰ ਇੱਕ ਦੇ ਸਹਾਰੇ ਖੜਨ ਦੀ ਕੋਸ਼ਿਸ਼ ਕਰਦਾ ਹੈ। ਇਸ
ਨਵੇਂ- ਨਵੇਂ ਪ੍ਰਚਾਰ ਦਾ ਲਾਭ ਕਈ ਫਰੈਂਚਾਈਜ਼ ਗੁਰਦੁਵਾਰੇ ਖੂਬ ਉਠਾ ਰਹੇ ਹਨ। ਜੋ ਪ੍ਰਬੰਧਕ ਅੱਜ
ਤੋਂ 5-10 ਸਾਲ ਪਹਿਲਾਂ ਗੁਰਮਤਿ ਦੇ ਅਸਲੀ ਪ੍ਰਚਾਰਕਾਂ ਤੋਂ ਕੰਨੀਂ ਕਤਰਾਉਂਦੇ ਸਨ ਉਹ ਹੁਣ
ਤੱਤ-ਗੁਰਮਤੀ ਪ੍ਰਚਾਰਕਾਂ ਦੇ ਮਹਾਨ ਸਹਾਇਕ ਬਣ ਜਾਣ ਦਾ ਰੌਲਾ ਪਾਉਂਦੇ ਦਿਸ ਰਹੇ ਹਨ। ਪੰਜਾਬ ਵਸਦੇ
ਸਿੱਖ ਸ਼ਾਇਦ ਇਸ ਗੱਲ ਤੋਂ ਵਾਕਿਫ ਨਾ ਹੋਣ ਕਿ ਵਿਦੇਸ਼ ਵਿੱਚ ਖਾਸ ਕਰ ਇੱਥੇ ਕੈਨੇਡਾ ਦੇ ਵੱਡੇ
ਸ਼ਹਿਰਾਂ ਵਿੱਚ ਕੁਝ ਖਾਸ ਜਥੇਬੰਦੀਆਂ ਜਾਂ ਕਈ ਗ੍ਰੰਥੀ ਤੇ ਜਾਂ ਫਿਰ ਕੁਝ ਬੰਦੇ ਨਿੱਜੀ ਤੌਰ ਤੇ
ਆਪਣੀ ਆਪਣੀ ਦੁਕਾਨ ਖੋਲਕੇ ਬੈਠੀਆਂ ਹਨ ਤੇ ਸਿਰਫ ਤੇ ਸਿਰਫ ਲੋਕਾਂ ਦਾ ਰੁਝਾਨ ਬਦਲ ਰਿਹਾ ਕਰਕੇ ਤੱਤ
– ਗੁਰਮਤਿ ਦੇ ਪ੍ਰਚਾਰਕਾਂ ਨੂੰ ਬੁਲਾ ਰਹੇ ਹਨ। ਬਹੁਤੇ ਗੁਰਦੁਵਾਰੇ ਕੁਝ ਕੁ ਬੰਦਿਆਂ ਦੀ ਮਲਕੀਅਤ
ਹਨ ਤੇ ਉਹਨਾਂ ਦੀ ਇਨਕਮ ਦਾ ਸਾਧਨ ਹਨ .. ਇੱਕ ਪਾਸੇ ਉਹ ਰਹਿਤ ਮਰਯਾਦਾ ਜਾਗਰੂਕ ਪ੍ਰਚਾਰਕਾਂ ਦੇ
ਸਾਥੀ ਹੋਣ ਦਾ ਦਿਖਾਵਾ ਕਰਦੇ ਹਨ ਤੇ ਦੂਜੇ ਪਾਸੇ ਬੂਬਨੇ ਸਾਧਾਂ ਦੀਆਂ ਬਰਸੀਆਂ ਖੂਬ ਮਨਾਉਂਦੇ ਹਨ
ਤਾਂ ਜੋ ਕਿਸ਼ਤ ਚੱਲਦੀ ਰਹੇ। ਹੁਣ ਅਸਲ ਜਾਗਰੂਕ ਪ੍ਰਚਾਰਕ ਵੀਰਾਂ ਦੇ ਵੀ ਸੰਭਲਕੇ ਚੱਲਣ ਦਾ
ਵੇਲਾ ਹੈ ਕਿਉਂਕਿ ਗੁਰਦੁਵਾਰੇ ਖੋਲਕੇ ਬੈਠੇ ਇਹ ਵਪਾਰੀ ਆਪਣੀ ਇਨਕਮ ਬਚਾਉਣ ਬਦਲੇ ਗੁਰਮਤਿ ਦੀ ਗੱਲ
ਕਰਨ ਤੋਂ ਉਹਨਾਂ ਪ੍ਰਚਾਰਕਾਂ ਨੂੰ ਚੋਰ ਮੋਰੀ ਰਾਂਹੀ ਵਰਜਣਗੇ ਤੇ ਵਰਜਦੇ ਹਨ। ਤੋਤਾ- ਰਟਨ ਸਿਮਰਨ
ਜਾਂ ਅਖੰਡ ਪਾਠਾਂ , ਬਚਿੱਤਰ ਨਾਟਕ ਦੇ ਮੁੱਦੇ ਤੇ ਬੋਲਣ ਤੋਂ ਪ੍ਰਚਾਰਕਾਂ ਨੂੰ ਪਾਸਾ ਵੱਟਣ ਦੀ
ਸਲਾਹ ਦੇਣਗੇ। ਜਿੱਥੇ ਸਿੱਖਾਂ ਨੂੰ ਅੱਜ ਕੱਲ ਨਕਲੀ ਪ੍ਰਚਾਰਕਾਂ ਦੀ ਹੇੜ ਤੋਂ ਬਚਣ ਦੀ ਲੋੜ ਹੈ
ਉੱਥੇ ਸੱਚ ਤੇ ਪਹਿਰਾ ਦੇਣ ਵਾਲੇ ਪ੍ਰਚਾਰਕ ਵੀਰਾਂ ਨੂੰ ਇਹਨਾਂ ਵਪਾਰੀ ਪ੍ਰਬੰਧਕਾਂ /ਦੁਕਾਨਦਾਰਾਂ
ਤੋ ਸਾਵਧਾਨ ਹੋਣ ਦੀ ਲੋੜ ਹੈ .. ਜੇ ਅਸੀਂ ਅੱਜ ਵੀ ਸੰਭਲਕੇ ਨਾ ਚੱਲੇ ਤਾਂ ਵਾਰ- ਵਾਰ ਮੂਧੇ ਮੂੰਹ
ਡਿੱਗਦੇ ਰਹਾਂਗੇ ਤੇ ਸੱਟਾਂ ਖਾਂਦੇ ਰਹਾਂਗੇ । ਜੇ ਕਿਸੇ ਸਾਧ ਨੇ ਥੋੜਾ ਜਿਹਾ ਰੰਗ ਬਦਲਿਆ ਤਾਂ
ਅਸੀਂ ਉਸਦੀ ਬੱਲੇ-ਬੱਲੇ ਕਰ ਦਿੱਤੀ। ਮਹਾਂ ਠੱਗ ਗੁਰਬਖਸ਼ ਸਿੰਘ/ਬਲਵੰਤ ਸਿੰਘ ਰਾਜੋਆਣਾ ਦੇ
ਮਸਲੇ ਵਿੱਚ ਅਸੀਂ ਆਪਣੀ ਅਕਲ ਦਾ ਜਲੂਸ ਕੱਢ ਚੁੱਕੇ ਹਾਂ, ਜਦੋਂ ਵੀ ਕੋਈ ਨਵਾਂ ਮੁੱਦਾ ਉੱਠੇ ਬੱਸ
ਫਿਰ ਸਾਡੀ ਸਾਰੀ ਕੌਮ ਉਸੇ ਪਾਸੇ ਤੇ ਜਦੋਂ ਉਹ ਮੁੱਦਾ ਠੰਢਾ ਪੈ ਜਾਵੇ ਨਾਲ ਹੀ ਅਸੀਂ ਵੀ ਠੰਢੇ,,
ਕਈ ਤਾਂ ਸਾਡੇ ਵੀਰ ਫਤਵੇ ਕੱਢ ਮਾਰਨਗੇ ਕਿ ਜੇ ਕਿਸੇ ਨੇ ਇਸਦੀ ਸਪੋਰਟ ਨਾ ਕੀਤੀ ਜਾਂ ਆਹ ਲੀਡਰ ਦੇ
ਹੱਕ ਵਿੱਚ ਨਹੀਂ ਬੋਲਿਆ ਉਹ ਪੰਥ ਦਾ ਗਦਾਰ। ਗੁਰਦੁਵਾਰਿਆਂ ਦੀਆਂ ਸਟੇਜਾਂ ਤੋਂ ਆਪਣੇ ਆਪ ਦੀ
ਵਡਿਆਈ, ਨਗਰ ਕੀਰਤਨਾਂ, ਸਮਾਗਮਾਂ ਦੇ ਰੌਲੇ ਰੱਪੇ ਤੋਂ ਬਾਹਰ ਵੀ ਕੋਈ ਸੰਸਾਰ ਹੈ ਜਿੱਥੇ ਸਾਡੀ
ਸਿੱਖੀ ਦੀ ਅਸਲ ਪਰਖ ਹੁੰਦੀ ਹੈ । ਸੰਸਾਰ ਵਿੱਚ ਸਿਰਫ ਸਾਡਾ ਕਿਰਦਾਰ ਦੇਖਿਆ ਜਾਂਦਾ ਹੈ ਪੈਸੇ ਦੇਕੇ
ਢਾਡੀਆਂ ਤੋਂ ਗਵਾਈਆਂ ਵੇਲਾਂ ਦਾ ਅਸਰ ਸਾਡੇ ਆਲੇ ਦੁਆਲੇ ਤੇ ਨਹੀਂ ਹੁੰਦਾ।
ਲਮਹੋਂ ਨੇ ਖਤਾ ਕੀ.. ਸਦੀਓਂ ਨੇ ਸਜ਼ਾ ਪਾਈ
... ਵਾਰ ਵਾਰ ਆਪਣੇ ਤਾਂ ਨਾ ਢੁੱਕਣ
ਦੇਈਏ ।
ਸਿੱਖ ਭਰਾਵੋ ! ਸੰਭਲੋ ਭਵਿੱਖ ਵਰਤਮਾਨ ਤੇ ਖਾਸ ਕਰਕੇ ਭੂਤਕਾਲ ਨੂੰ ਸਮਝਕੇ
ਚੇਤੇ ਰੱਖਕੇ ਚੱਲੋ ਨਹੀਂ ਤਾਂ ਵਾਰ- ਵਾਰ ਪਛਤਾਉਣਾ ਪਵੇਗਾ। ਜ਼ਿਆਦਾ ਨਹੀਂ ਤਾਂ ਘੱਟੋ-ਘੱਟ 5-7 ਸਾਲ
ਦਾ ਇਤਿਹਾਸ ਤੇ ਘਟਨਾਵਾਂ ਦੀ ਪਰਖ -ਪੜਚੋਲ ਕਰਕੇ ਹੀ ਦਿਮਾਗ ਵਰਤ ਲਿਆ ਕਰੀਏ ।
ਗੁਰਬਾਣੀ ਦਾ ਫੁਰਮਾਨ:-
ਧ੍ਰਿਗੁ ਤਿਨਾ ਕਾ ਜੀਵਿਆ, ਜਿ ਲਿਖਿ ਲਿਖਿ ਵੇਚਹਿ ਨਾਉ॥
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ॥
ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥
ਸਾਨੂੰ ਹਰ ਪਲ , ਹਰ ਵੇਲੇ , ਹਰ ਪੱਖ ਤੋਂ ਸਾਵਧਾਨ ਕਰਦਾ ਹੈ ਤੇ ਆਓ ਹੁਣ
ਤਾਂ ਸਾਵਧਾਨ ਹੋਕੇ ਚੱਲੀਏ । ਗੁਰਬਾਣੀ ਦੇ ਮਹਾਨ ਸਿਧਾਂਤ ਨੂੰ ਸਮਝੀਏ ਤੇ ਇਸਦਾ ਕਾਰੋਬਾਰ ਬੰਦ
ਕਰੀਏ।
ਮਨਦੀਪ ਸਿੰਘ ਵਰਨਨ
(ਸੰਪਾਦਕੀ ਟਿਪੱਣੀ:- ਸ: ਮਨਦੀਪ ਸਿੰਘ ਜੀ ਤੁਸੀਂ ਆਪਣੇ ਇਸ ਲੇਖ ਵਿੱਚ ਬਹੁਤ ਹੀ ਖੂਬੀ ਨਾਲ ਸੱਚ
ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਨਾ ਵਿਚੋਂ ਕਈ ਗੱਲਾਂ ਤਾਂ ਅਸੀਂ ਤਕਰੀਬਨ ਪਿਛਲੇ 20-25 ਸਾਲ
ਤੋਂ ਕਰ ਅਤੇ ਦੱਸ ਰਹੇ ਹਾਂ। ਪਰ ਕਈ ਗੱਲਾਂ ਬਾਰੇ ਤੁਹਾਨੂੰ ਨਿੱਜੀ ਜਾਣਕਾਰੀ ਹੈ ਜੋ ਕਿ ਸਾਨੂੰ
ਨਹੀਂ ਹੈ। ਉਮੀਦ ਹੈ ਕਿ ਅਗਾਂਹ ਨੂੰ ਵੀ ਇਸੇ ਤਰ੍ਹਾਂ ਸਮਾ ਮਿਲਣ ਤੇ ਲੋਕਾਈ ਨੂੰ ਜਾਗਰਤ ਕਰਦੇ
ਰਹੋਂਗੇ।)