. |
|
ਆਰਜੀ ਸਹਾਇਤਾ
ਹਰ ਇੱਕ ਇਨਸਾਨ ਦੀਆਂ ਮੁੱਢਲੀਆਂ
ਲੋੜਾਂ ਵਿਚੋਂ, ਖਾਣ ਲਈ ਰੋਟੀ, ਪਹਿਨਣ ਲਈ ਕੱਪੜਾ ਅਤੇ ਮੀਂਹ–ਹਨੇਰੀ, ਗਰਮੀ-ਸਰਦੀ ਤੋਂ ਬਚਣ ਲਈ
ਮਕਾਨ ਦੀ ਜ਼ਰੂਰਤ ਹੈ। ਇਹਨਾ ਤੋਂ ਬਿਨਾ ਜਿੰਦਗੀ ਕੱਟਣੀ/ਜੀਉਣੀ ਮੁਸ਼ਕਲ ਹੈ। ਹਰ ਇੱਕ ਇਨਸਾਨ ਜਿੰਦਗੀ
ਵਿੱਚ ਜੀਵਨ ਦੀਆਂ ਵੱਧ ਤੋਂ ਵੱਧ ਸਹੂਲਤਾਂ ਮਾਨਣਾਂ ਲੋੜਦਾ ਹੈ। ਜਿਸ ਦਾ ਚੰਗਾ ਕਾਰੋਬਾਰ ਹੈ ਜਾਂ
ਚੰਗੀ ਨੌਕਰੀ ਹੈ ਉਹ ਇਹ ਸਾਰਾ ਕੁੱਝ ਮਾਣ ਰਿਹਾ ਹੈ। ਇਸ ਵਿੱਚ ਕੋਈ ਮਾੜੀ ਗੱਲ ਵੀ ਨਹੀਂ ਹੈ। ਅਮੀਰ
ਦੇਸ਼ਾਂ ਵਿੱਚ ਰਹਿਣ ਵਾਲੇ ਬਹੁ ਸੰਮਤੀ ਲੋਕ ਇਹ ਸਾਰੀਆਂ ਸਹੂਲਤਾਂ ਮਾਣ ਰਹੇ ਹਨ। ਅਮੀਰ ਦੇਸ਼ਾਂ ਵਿੱਚ
ਰਹਿਣ ਵਾਲਾ ਹਰ ਇੱਕ ਨਾਗਰਿਕ ਜੇ ਕਰ ਕੋਈ ਚੰਗੀ ਨੌਕਰੀ ਕਰਦਾ ਹੈ ਅਤੇ ਬੇ-ਫਜੂਲੀ ਨਹੀਂ ਕਰਦਾ ਉਹ
ਇਹ ਸਾਰੀਆਂ ਸਹੂਲਤਾਂ ਮਾਣ ਸਕਦਾ ਹੈ। ਗਰੀਬ ਦੇਸ਼ਾਂ ਵਿੱਚ ਇਹ ਸਾਰਾ ਕੁੱਝ ਸੰਭਵ ਨਹੀਂ ਹੈ ਅਜਿਹੀ
ਸਹੂਲਤ ਸਿਰਫ ਕੁੱਝ ਬੰਦਿਆਂ ਕੋਲ ਹੀ ਹੁੰਦੀ ਹੈ।
ਕਈ ਗਰੀਬ ਦੇਸ਼ਾਂ ਵਿੱਚ ਜ਼ਨਾਨੀਆਂ ਅਤੇ ਬੱਚਿਆਂ ਦੀ ਹਾਲਤ ਬਹੁਤ ਤਰਸਯੋਗ ਹੁੰਦੀ ਹੈ। ਜੇ ਕਰ ਘਰ
ਵਾਲਾ ਨਸ਼ੇੜੀ ਅਤੇ ਸ਼ਰਾਬੀ ਕਬਾਬੀ ਹੋਵੇ, ਉਹ ਕੋਈ ਕੰਮ ਵੀ ਚੱਜ ਨਾਲ ਨਾ ਕਰਦਾ ਹੋਵੇ ਅਤੇ ਘਰ ਵਾਲੀ
ਨੂੰ ਅਤੇ ਬੱਚਿਆਂ ਨੂੰ ਕੁੱਟਦਾ ਵੀ ਹੋਵੇ ਤਾਂ ਉਸ ਜ਼ਨਾਨੀ ਨਾਲ ਜੋ ਬੀਤਦੀ ਹੈ ਅਤੇ ਉਸ ਦੀ ਜੋ
ਮਾਨਸਿਕ ਹਾਲਤ ਹੁੰਦੀ ਹੈ ਉਹ ਹੀ ਉਸ ਪੀੜਾ ਨੂੰ ਜਾਣਦੀ ਹੈ। ਅਜਿਹਾ ਵਰਤਾਰਾ ਸਾਰੀ ਦੁਨੀਆ ਦੇ ਗਰੀਬ
ਦੇਸ਼ਾਂ ਵਿੱਚ ਵਾਪਰਦਾ ਹੈ ਅਤੇ ਸਾਰੀ ਦੁਨੀਆ ਇਸ ਤੋਂ ਜਾਣੂ ਵੀ ਹੈ। ਅਮੀਰ ਦੇਸ਼ਾਂ ਵਿੱਚ ਬਹੁਤ ਸਾਰੇ
ਸਰਕਾਰੀ ਭੱਤੇ ਮਿਲ ਜਾਂਦੇ ਹਨ ਜਿਸ ਨਾਲ ਜਿੰਦਗੀ ਦੀਆਂ ਮੁੱਖ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ਪਰ
ਗਰੀਬ ਦੇਸ਼ਾਂ ਵਿੱਚ ਅਜਿਹਾ ਸਾਰਾ ਕੁੱਝ ਸੰਭਵ ਨਹੀਂ ਹੈ। ਦੁਨੀਆ ਵਿੱਚ ਅਨੇਕਾਂ ਹੀ ਨੇਕ ਇਨਸਾਨ ਵੀ
ਵਸਦੇ ਹਨ ਜਿਹੜੇ ਕਿ ਅਮੀਰ ਦੇਸ਼ਾਂ ਨੂੰ ਗਰੀਬਾਂ ਦੀ ਮਦਦ ਕਰਨ ਲਈ ਪ੍ਰੇਰਦੇ ਰਹਿੰਦੇ ਹਨ। ਕਈ ਆਪਣੇ
ਤੌਰ ਤੇ ਵੀ ਲੋਕ ਭਲਾਈ ਲਈ ਕਈ ਸਕੀਮਾਂ ਚਲਾਉਂਦੇ ਰਹਿੰਦੇ ਹਨ। ਕੁੱਝ ਸਮਾਂ ਪਹਿਲਾਂ ਰੇਡੀਓ ਤੇ
ਸੁਣੀ ਇੱਕ ਵਾਰਤਾ ਸਾਂਝੀ ਕਰ ਰਿਹਾ ਹਾਂ। ਇੱਕ ਡਾ: ਨੇ ਬੰਗਲਾ ਦੇਸ਼ ਤੋਂ ਇਸ ਤਰ੍ਹਾਂ ਦੀ ਇੱਕ ਲੋਕ
ਭਲਾਈ ਵਾਲੀ ਸਕੀਮ ਸ਼ੁਰੂ ਕੀਤੀ ਸੀ। ਉਹ ਬਹੁਤ ਹੀ ਘੱਟ ਵਿਆਜ਼ ਤੇ ਕੁੱਝ ਸੌ ਰੁਪਈਆ ਦਿੰਦਾ ਸੀ। ਇਹ
ਪੈਸੇ ਲੈਣ ਵਾਲੀਆਂ ਬਹੁਤੀਆਂ ਜ਼ਨਾਨੀਆਂ ਹੀ ਹੁੰਦੀਆਂ ਸਨ। ਉਹ ਇਹਨਾ ਪੈਸਿਆਂ ਨਾਲ ਆਪਣਾ ਕੋਈ ਛੋਟਾ
ਜਿਹਾ ਕਾਰੋਬਾਰ ਸ਼ੁਰੂ ਕਰ ਲੈਂਦੀਆਂ ਸਨ। ਜਿਹਨਾ ਵਿਚੋਂ ਮੁੱਖ ਤੌਰ ਤੇ ਕੁਕੜੀਆਂ ਪਾਲਣ ਜਾਂ ਕੱਪੜੇ
ਸਿਉਣ ਦਾ ਕਾਰੋਬਾਰ ਹੁੰਦਾ ਸੀ। ਇਹਨਾ ਦੀ ਸਫਲਤਾ ਦੀ ਦਰ ਸ਼ਾਇਦ 95% ਤੋਂ ਵੀ ਉਪਰ ਹੁੰਦੀ ਸੀ ਅਤੇ
ਕਰਜ਼ਾ ਮੋੜਨ ਦੀ ਦਰ 98% ਤੋਂ ਵੀ ਉਪਰ। ਅੱਜ ਕੱਲ ਇਹ ਸਕੀਮ ਕਈ ਦੇਸ਼ਾਂ ਵਿੱਚ ਲਾਗੂ ਹੈ ਅਤੇ ਉਸ ਡਾ:
ਨੂੰ ਯੂ: ਐਨ: ਓ: ਵਲੋਂ ਸਨਮਾਨਿਤ ਵੀ ਕੀਤਾ ਗਿਆ ਸੀ ਜਿਸ ਨੇ ਇਹ ਸਕੀਮ ਬੰਗਲਾ ਦੇਸ਼ ਤੋਂ ਸ਼ੁਰੂ
ਕੀਤੀ ਸੀ। ਇਹ ਸਾਰਾ ਕੁੱਝ ਮੈਂ ਯਾਦ ਦਾਸ਼ਤ ਦੇ ਅਧਾਰ ਤੇ ਲਿਖਿਆ ਹੈ ਅਤੇ ਹੋ ਸਕਦਾ ਹੈ ਕਿ ਇਹ ਲਿਖਣ
ਵਿੱਚ ਕੁੱਝ ਤਰੁੱਟੀਆਂ ਵੀ ਰਹਿ ਗਈਆਂ ਹੋਣ।
ਜਦੋਂ ਦਾ ਇੰਟਰਨੈੱਟ ਜ਼ਿਆਦਾ ਪ੍ਰਚੱਲਤ ਹੋਇਆ ਹੈ ਉਦੋਂ ਤੋਂ ਹੀ ਲੋਕਾਈ ਨੂੰ ਠੱਗਣ ਲਈ ਠੱਗ ਵੀ ਬਹੁਤ
ਪੈਦਾ ਹੋ ਗਏ ਹਨ ਜਿਹੜੇ ਕਿ ਈ-ਮੇਲਾਂ ਰਾਹੀਂ ਲੋਕਾਂ ਨੂੰ ਠੱਗਦੇ ਹਨ। ਕਈ ਕਹਿੰਦੇ ਕਹਾਂਉਂਦੇ ਬੰਦੇ
ਵੀ ਇਹਨਾ ਠੱਗਾਂ ਦੁਆਰਾ ਠੱਗੇ ਗਏ ਹਨ। ਇਹ ਵੀ ਇੱਕ ਕਾਰਨ ਹੈ ਕਿ ਮੈਂ ‘ਸਿੱਖ ਮਾਰਗ’ ਤੇ ਲੇਖਕਾਂ
ਦੇ ਈ-ਮੇਲ ਪਉਣ ਤੋਂ ਸੰਕੋਚ ਕਰਦਾ ਹਾਂ। ਮੈਨੂੰ ਇਸ ਤਰ੍ਹਾਂ ਦੇ ਠੱਗਾਂ ਦੀਆਂ ਰੋਜਾਨਾਂ ਹੀ ਕਈ
ਈ-ਮੇਲਾਂ ਆਉਂਦੀਆਂ ਹਨ ਜਿਹੜੀਆਂ ਕਿ ਮੈਂ ਬਿਨਾ ਪੜ੍ਹਨ ਤੋਂ ਹੀ ਡਿਲੀਟ ਕਰ ਦਿੰਦਾ ਹਾਂ। ਇਹ
ਬਹੁਤੀਆਂ ਗੈਰ ਪੰਜਾਬੀਆਂ ਵਲੋਂ ਹੁੰਦੀਆਂ ਹਨ ਅਤੇ ਇਹਨਾ ਦੀ ਭਾਸ਼ਾ ਬਹੁਤ ਹੀ ਮੋਮੋ-ਠਗਣੀ ਹੁੰਦੀ
ਹੈ। ਬਹੁਤ ਸਾਰੇ ਫੂਨ ਵੀ ਠੱਗੇ ਦੇ ਆਉਂਦੇ ਹਨ ਭਾਂਵੇਂ ਕਿ ਕਨੇਡਾ ਵਿੱਚ ਡੂ ਨੌਟ ਕਾਲ ਲਿਸਟ ਵਾਲਾ
ਇੱਕ ਕਾਨੂੰਨ ਵੀ ਬਣਿਆਂ ਹੋਇਆ ਹੈ ਪਰ ਠੱਗ ਫਿਰ ਵੀ ਇੰਟਰਨੈੱਟ ਵਾਲੇ ਫੂਨ ਰਾਹੀਂ ਜਾਂ ਅਮਰੀਕਾ
ਰਾਹੀਂ ਫੂਨ ਤੇ ਠੱਗਦੇ ਰਹਿੰਦੇ ਹਨ। ਅਨੇਕਾਂ ਹੀ ਸਿਆਣੀ ਉਮਰ ਦੇ ਲੋਕ ਇਹਨਾ ਠੱਗਾਂ ਦੁਆਰਾ ਠੱਗੇ
ਗਏ ਹਨ।
ਆਓ ਹੁਣ ਸਿਰਲੇਖ ਨਾਲ ਸੰਬੰਧਿਤ ਅਸਲੀ ਗੱਲ ਕਰੀਏ। ਲੱਗ-ਭੱਗ ਦੋ ਹਫਤੇ ਪਹਿਲਾਂ ਪੰਜਾਬ ਤੋਂ ਇੱਕ
ਸਿੱਖ ਦੀ ਈ-ਮੇਲ ਆਈ ਸੀ। ਮੈਂ ਪਿਛਲੇ ਦੋ ਹਫਤੇ ਤੋਂ ਬਹੁਤ ਹੀ ਰੁਝੇਵੇਂ ਵਿੱਚ ਹੋਣ ਦੇ ਕਾਰਨ ਉਸ
ਦਾ ਕੋਈ ਜਵਾਬ ਨਹੀਂ ਦੇ ਸਕਿਆ। ਕਈ ਦਿਨ ਲਗਾਤਾਰ ਤਾਂ ਕੰਪਿਊਟਰ ਔਨ ਕਰਨ ਦਾ ਵਿਹਲ ਵੀ ਨਹੀਂ
ਮਿਲਿਆ। ਉਸ ਨੇ ਕੁੱਝ ਮਹੀਨਿਆਂ ਲਈ ਉਧਾਰ ਪੈਸਿਆਂ ਦੀ ਮੰਗ ਕੀਤੀ ਸੀ। ਇਸ ਤਰ੍ਹਾਂ ਦੀ ਲੋੜ ਅਨੇਕਾਂ
ਨੂੰ ਹੋ ਸਕਦੀ ਹੈ ਅਤੇ ਪੈ ਸਕਦੀ ਹੈ। ਇਸ ਦੇ ਹੱਲ ਲਈ ਮੇਰੇ ਮਨ ਵਿੱਚ ਜੋ ਖਿਆਲ ਆਇਆ ਅਤੇ ਦਿਮਾਗ
ਨੇ ਜੋ ਸੋਚਿਆ ਉਹ ਸਾਰਿਆਂ ਨਾਲ ਸਾਂਝਾ ਕਰ ਰਿਹਾ ਹਾਂ ਤਾਂ ਕਿ ਕੋਈ ਹੱਲ ਨਿਕਲ ਆਵੇ, ਕੋਈ ਠੱਗਿਆ
ਵੀ ਨਾ ਜਾਵੇ ਅਤੇ ਲੋੜਵੰਦ ਦੀ ਸਮੇਂ ਸਿਰ ਸਹਾਇਤਾ ਵੀ ਹੋ ਸਕੇ। ਇਹ ਹੱਲ ਕੁੱਝ ਇਸ ਤਰ੍ਹਾਂ ਹੋ
ਸਕਦਾ ਹੈ:
ਇੰਡੀਆ ਵਿੱਚ ਕੋਈ ਇੱਕ ਸੱਜਣ ਜਿੰਮੇਵਾਰੀ ਲਏ ਜਿਹੜਾ ਕਿ ਚਿਰਾਂ ਤੋਂ ‘ਸਿੱਖ ਮਾਰਗ’ ਨਾਲ ਜੁੜਿਆ
ਹੋਇਆ ਹੈ ਭਾਵ ਕਿ ਉਸ ਦੀਆਂ ਜਾਂ ਉਹਨਾ ਦੀਆਂ ਲਿਖਤਾਂ ‘ਸਿੱਖ ਮਾਰਗ’ ਤੇ ਕਾਫੀ ਦੇਰ ਤੋਂ ਛਪ ਰਹੀਆਂ
ਹਨ। ਇਹ ਤੱਤ ਗੁਰਮਤਿ ਵਾਲੇ, ਫਰੀਦਾਬਾਦ ਵਾਲੇ ਜਾਂ ਕੋਈ ਹੋਰ ਵੀ ਹੋ ਸਕਦਾ ਹੈ ਜਿਹੜਾ ਕਿ
ਇਮਾਨਦਾਰੀ ਨਾਲ ਕੁੱਝ ਸਮਾ ਕੱਢ ਸਕਦਾ ਹੋਵੇ। ਮੈਂ ਕੋਈ ਅਮੀਰ ਤਾਂ ਨਹੀਂ ਹਾਂ ਸਿਰਫ ਮਜ਼ਦੂਰੀ ਕਰਕੇ
ਰੋਟੀ ਖਾਣ ਵਾਲਾ ਹਾਂ ਪਰ ਫਿਰ ਵੀ ਮੈਂ ਆਪਣੇ ਕੋਲੋਂ ਇਡੀਆ ਦਾ ਇੱਕ ਲੱਖ ਰੁਪਈਆ ਇਸ ਕੰਮ ਲਈ ਜਮਾਂ
ਕਰਵਾ ਸਕਦਾ ਹਾਂ। ਜੇ ਕਰ ਕੋਈ ਹੋਰ ਵੀ ਹਿੱਸਾ ਪਉਣਾ ਚਾਹੇ ਤਾਂ ਪਾ ਸਕਦਾ ਹੈ ਪਰ ਜ਼ਰੂਰੀ ਨਹੀਂ ਹੈ।
ਇਸ ਇੱਕ ਲੱਖ ਰੁਪਏ ਵਿਚੋਂ ਪੰਜਾਹ ਹਜ਼ਾਰ ਰੁਪਏ ਉਧਾਰ ਦੇਣ ਲਈ ਰੱਖੇ ਜਾਣ ਅਤੇ ਬਾਕੀ ਪੰਜਾਹ ਹਜ਼ਾਰ
ਚੰਗੇ ਵਿਆਜ਼ ਲਈ ਬੈਂਕ ਵਿੱਚ ਜਮਾ ਰਹਿਣ ਜਿਸ ਨਾਲ ਕੇ ਚਿੱਠੀ ਪੱਤਰ ਅਤੇ ਬੈਂਕ ਦੀ ਕੋਈ ਫੀਸ ਬਗੈਰਾ
ਜੇ ਕਰ ਕੋਈ ਹੋਵੇ ਅਤੇ ਹੋਰ ਫੁੱਟਕਲ ਖਰਚਾ ਚਲਦਾ ਰਹੇ ਤਾਂ ਕਿ ਕਿਸੇ ਵਿਆਕਤੀ ਨੂੰ ਆਪਣੇ ਕੋਲੋਂ
ਕੋਈ ਖਰਚਾ ਨਾ ਝੱਲਣਾ ਪਏ। ਇਹ ਉਧਾਰ ਪੈਸੇ ਸਿਰਫ ਗੁਰਮਤਿ ਅਨੁਸਾਰੀ ਜੀਵਨ ਜੀਉਣ ਵਾਲੇ ਅਤੇ ਜਾਣ
ਪਛਾਣ ਵਾਲੇ ਵਿਆਕਤੀ ਨੂੰ ਹੀ ਦਿੱਤੇ ਜਾਣ ਜਿਸ ਤੇ ਪੂਰੀ ਉਮੀਦ ਹੋਵੇ ਕਿ ਇਹ ਮੁੱਕਰੇਗਾ ਨਹੀਂ। ਇਹ
ਪੈਸੇ ਜਬਾਨੀ ਕਲਾਮੀ ਨਹੀਂ ਸਗੋਂ ਲਿਖਤੀ ਫਾਰਮ ਭਰ ਕੇ ਅਤੇ ਬਕਾਇਦਾ ਨਾਲ ਫੋਟੋ ਅਤੇ ਸਾਈਨ ਕਰਵਾ ਕੇ
ਦਿੱਤੇ ਜਾਣ। ਜਿਹੜਾ ਲੋੜਬੰਦ ਵਿਆਕਤੀ ਪੈਸੇ ਲੈ ਕੇ ਸਮੇ ਸਿਰ ਮੋੜ ਦੇਵੇ ਉਸ ਦਾ ਨਾਮ ‘ਸਿੱਖ ਮਾਰਗ’
ਤੇ ਪਾ ਦਿੱਤਾ ਜਾਇਆ ਕਰੇਗਾ। ਜਿਤਨੇ ਚਿਰ ਲਈ ਪੈਸੇ ਉਧਾਰ ਲਏ ਹਨ ਉਤਨੇ ਚਿਰ ਲਈ ਨਾਮ ਨਹੀਂ ਪਾਇਆ
ਜਾਏਗਾ। ਇਹ ਵਿਆਜ਼ ਰਹਿਤ ਰਕਮ ਜਿਤਨਾ ਘੱਟ ਸਮੇ ਵਿੱਚ ਮੋੜੀ ਜਾਵੇ ਉਤਨੀ ਹੀ ਚੰਗੀ ਹੈ ਤਾਂ ਕਿ ਵੱਧ
ਤੋਂ ਵੱਧ ਲੋੜਵੰਦ ਇਸ ਦਾ ਫਾਇਦਾ ਲੈ ਸਕਣ। ਜੇ ਕਰ ਪੰਜ ਸਾਲ ਕੋਈ ਵੀ ਵਿਆਕਤੀ ਇਹ ਪੈਸੇ ਉਧਾਰ ਲੈਣ
ਦਾ ਲੋੜਬੰਦ ਨਾ ਹੋਵੇ ਤਾਂ ਇਹ ਪੈਸੇ ਕਿਸੇ ਸਹੀ ਗੁਰਮਤਿ ਦਾ ਪ੍ਰਚਾਰ ਕਰਨ ਵਾਲੀ ਸੰਸਥਾ ਨੂੰ ਦੇ
ਦਿੱਤੇ ਜਾਣ।
ਮੈਂ ਆਪਣੇ ਬਹੁਤ ਹੀ ਰੁਝੇਵੇਂ ਵਿਚੋਂ ਸਮਾ ਕੱਢ ਕੇ ਇਹ ਕੁੱਝ ਲਾਈਨਾ ਲਿਖੀਆਂ ਹਨ। ਮੈਨੂੰ ਇੰਡੀਆ
ਦੇ ਸਮਾਜਕ ਮਾਨਸਿਕ ਅਤੇ ਹੋਰ ਕਾਨੂੰਨ ਦੀ ਬਹੁਤੀ ਜਾਣਕਾਰੀ ਨਹੀਂ ਹੈ ਇਸ ਲਈ ਹੋ ਸਕਦਾ ਹੋਵੇ ਕਿ
ਕਈਆਂ ਨੂੰ ਮੇਰੀਆਂ ਇਹ ਗੱਲਾਂ ਬੇ-ਫਜੂਲ ਲੱਗਣ। ਜੇ ਕਰ ਕਿਸੇ ਕੋਲ ਕੋਈ ਹੋਰ ਚੰਗਾ ਸੁਝਾਓ ਹੋਵੇ
ਤਾਂ ਉਹ ਸਾਡੇ ਨਾਲ ਸਾਂਝਾ ਕਰੇ ਤਾਂ ਕਿ ਕਿਸੇ ਲੋੜਬੰਦ ਦੀ ਸਹਾਇਤਾ ਵੀ ਹੋ ਸਕੇ ਅਤੇ ਇਸ ਦਾ ਕੋਈ
ਨਿਜ਼ਾਇਜ਼ ਫਾਇਦਾ ਵੀ ਨਾ ਉਠਾ ਸਕੇ ਅਤੇ ਨਾ ਹੀ ਕੋਈ ਗਲਤ ਵਰਤੋਂ ਕਰ ਸਕੇ।
ਧੰਨਵਾਦ ਸਹਿਤ,
ਮੱਖਣ ਸਿੰਘ ਪੁਰੇਵਾਲ।
ਅਗਸਤ 17, 2014.
|
. |