.

ਗੁਰਬਾਣੀ ਵਿਚ ਲਗਾਂ-ਮਾਤ੍ਰਾਂ ਦੀ ਵਰਤੋਂ ਭਾਗ-2


“ਹੋੜਾ”
ਹੋੜਾ ਅੱਖਰ ਭੀ ਦੀਰਘ ਮਾਤਰਾ ਹੈ, ਇਹ ਅੱਖਰ ‘ਅ’ ਅਤੇ ‘ੲ’ ਤੇ ਨਹੀਂ ਲਗਦਾ; ਗੁਰਬਾਣੀ ਵਿੱਚ ਛੰਦ ਦੀ ਚਾਲ ਇਕਸਾਰਤਾ ਲਈ ਕਈ ਥਾਵਾਂ ਤੇ ਨਾਵਾਂ ਅਤੇ ਵਿਸ਼ੇਸ਼ਣਾ ਦੇ ਅੰਤਲੇ ਅੱਖਰ ਨਾਲ ਹੋੜਾ ਲਾ ਦਿੱਤਾ ਜਾਂਦਾ ਹੈ; ਜਿਵੇਂ :
ਕਰਤਾਰ (ਨਾਂਵ) ਦੀ ਥਾਂ ਕਰਤਾਰੋ
ਜਾਨਣਹਾਰ (ਵਿਸ਼ੇਸ਼ਣ) ਦੀ ਥਾਂ ਜਾਨਣਹਾਰੋ
ਕਰਣੈਹਾਰ ਦੀ ਥਾਂ ਕਰਣੈਹਾਰੋ ਆਦਿ
ਇਹਨਾਂ ਸ਼ਬਦਾਂ ਨਾਲ ਹੋੜਾ ਪ੍ਰਯੋਗ ਹੋਣ ਨਾਲ ਮੂਲ ਸ਼ਬਦਾਂ ਨਾਲੋਂ ਅਲਗ ਕੋਈ ਅਰਥ ਨਹੀ ਨਿਕਲਦੇ’
’ਹੋੜੇ ਦੀ ਵਰਤੋਂ ਭੂਤਕਾਲ ਦੇ ਅਰਥਾਂ ਦੀ ਸੂਚਕ ਹੁੰਦੀ ਹੈ ਸੰਬਧਕੀ ਕਾਰਕੀ ਅਰਥ ਅਤੇ ਹੋਰ ਅਰਥ ਭੀ ਨਿਕਲਦੇ ਹਨ :
’ਏਕੋ ਜਪਿ ਏਕੋ ਸਾਲਾਹਿ ਏਕੁ ਸਿਮਰਿ ਏਕੋ ਮਨ ਆਹਿ’
ਏਕੋ- ਕਰਤਾ ਕਾਰਕ, ਇਕ ਨੂੰ ਹੀ
’ ਮਾਣੋ ਪ੍ਰਭ ਮਾਣੋ ,ਮੇਰੇ ਪ੍ਰਭ ਕਾ ਮਾਣੋ’
ਮਾਣੋ-ਮਾਣਾ ਵਿਚੋਂ ਮਾਣ
’ ਓਹ ਸਭਨਾ ਕੀ ਰੇਣੁ ਬਿਰਹੀ ਚਾਰਣੋ’
ਚਾਰਣੋ- ਚਰਨਾਂ ਦਾ
’ ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚ ਵਰਤਾਇਆ’
ਸਚੋ ਸਚ- ਨਿਰੋਲ ਸੱਚ
ਕਾਵਿ ਦੀ ਚਾਲ ਪੂਰਤੀ ਲਈ ‘ਹ’ ਨੂੰ ਹੋੜੇ ਦੀ ਵਰਤੋਂ ਭੀ ਗੁਰਬਾਣੀ ਵਿਚੋਂ ਮਿਲਦੀ ਹੈ :
“ਹਰਿ ਹੋ ਹੋ ਹੋ ਮੇਲਿ ਨਿਹਾਲ” ਆਦਿ
’ ਕਈ ਕਿਰਿਆ ਵਾਚੀ ਸ਼ਬਦਾਂ ਦੇ ਨਾਲ ਅੰਤ ਹੋੜਾ ਵਰਤਿਆ ਗਿਆ ਹੈ:
’ਗਾਵੈਗੋ, ਨਿਕਲਾਵੈਗੋ, ਜਾਵੈਗੋ, ਸੁਣਾਵੈਗੋ, ਲਾਵੈਗੋ ਆਦਿ
“ਕਨੌੜਾ”
ਕਨੌੜਾ ਦੀ ਵਰਤੋਂ ਵੀ ਅੱਖਰ ‘ਉ ਅਤੇ ਅ’ ਨੂੰ ਛੱਡ ਕੇ ਬਾਕੀ ਸਾਰੇ ਅੱਖਰਾਂ ਤੇਂ ਉਪਰ ਕੀਤੀ ਜਾਂਦੀ ਹੈ| ਗੁਰਬਾਣੀ ਵਿਚ ਇਸ ਦੀ ਵਰਤੋਂ ਬਹੁਤ ਹੀ ਘਟ ਹੋਈ ਹੈ, ਗੁਰਬਾਣੀ ਵਿਚ ਨਾਂਵ ਅਤੇ ਪੜਨਾਂਵ ਦੇ ਅੰਤਲੇ ਅੱਖਰ ਨੂੰ ਕਨੌੜਾ ਲੱਗਣ ਨਾਲ ਇਸ ਵਿਚੋਂ ਸੰਬੰਧਕੀ ਅੱਖਰ ਨਿਕਲਦੇ ਹਨ ਜਿਵੇਂ ਕਿ - :
”ਨਾਨਕ ਜੇ ਕੋ ਆਪੌ ਜਾਣੈ , ਅਗੈ ਗਇਆ ਨ ਸੋਹੈ”
ਆਪੌ- ਆਪਣੇ ਆਪ ਤੋਂ (ਅਪਾਦਾਨ ਕਾਰਕ)
“ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ”
ਜੀਭੌ-ਅਪਾਦਾਨ ਕਾਰਕ ‘ਜੀਭ ਤੋਂ’
“ਮੁਹੌ ਕਿ ਬੋਲਣ ਬੋਲੀਐ ਜਿਤੁ ਸੁਣਿ ਧਰੇ ਪਿਆਰੁ”
ਮੁਹੌ- ਮੂੰਹ ਤੋਂ ਅਪਾਦਾਨ ਕਾਰਕ
“ਸਬਦੌ ਹੀ ਭਗਤ ਜਾਪਦੇ ਜਿਨੑ ਕੀ ਬਾਣੀ ਸਚੀ ਹੋਇ”
ਸਬਦੌ- ਬੋਲ ਬਾਣੀ ਤੋਂ ਅਪਾਦਾਨ ਕਾਰਕ
ਕਨੌੜੇ ਦੀ ਵਰਤੋਂ ਨਾਂਵ ਸ਼ਬਦਾਂ ਨਾਲ ਵੀ ਹੈ ਪੜਨਾਂਵ ਅਤੇ ਪੁਲਿੰਗ ਨਾਂਵ ,ਇਸਤਰੀ ਲਿੰਗ ਨਾਂਵ ਨਾਲ ਵੀ |
ਇਕ ਮਸਲਾ ਵੀਚਾਰ ਗੋਚਰਾ ਹੈ ਕਿ ਹੱਥ ਲਿਖਤ ਬੀੜਾਂ ਵਿਚ ਉਪਰੋਕਤ ਸ਼ਬਦਾ ਨਾਲ ਕਨੌੜੇ ਦੀ ਬਜਾਏ ਹੋੜਾ ਉਪਰ ਬਿੰਦੀ ਦੀ ਵਰਤੋਂ ਮਿਲਦੀ ਹੈ ਇਹ ਮਸਲਾ ਖੋਜ ਤਲਬ ਹੈ, ਪਾਠ ਭੇਦਾਂ ਦੀ ਸੂਚੀ ਵਿਚ ਭੀ ‘ਮੁਹੋ’ ਸ਼ੁੱਧ ਮੰਨਿਆਂ ਹੈ
ਭੁੱਲ-ਚੁੱਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’




.