ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ।।
ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ।।
ਜਿਸੁ ਸਚੁ ਸੰਜਮੁ ਵਰਤੁ ਸਚੁ ਕਬਿ ਜਨ ਕਲ ਵਖਾਣੁ।।
ਦਰਸਨਿ ਪਰਸਿਐ ਗੁਰੂ ਕੈ ਸਚੁ ਜਨਮੁ ਪਰਵਾਣੁ।। ੯।।
(ਪੰਨਾ ੧੩੯੨)
ਪਦ ਅਰਥ:- ਸਚੁ ਤੀਰਥੁ – ਸਚੁ ਹੀ ਉਨ੍ਹਾਂ ਲਈ ਤੀਰਥ ਹੈ। ਸਚੁ
ਇਸਨਾਨੁ – ਸਚੁ ਦਾ ਹੀ ਉਹ ਇਸ਼ਨਾਨ ਕਰਦੇ ਹਨ। ਭਾਉ – ਵਿਸ਼ਵਾਸ (ਮ: ਕੋਸ਼)।
ਭੋ – ਸੰਬੋਧਨ ਹੈ। ਜਨੁ – ਸਚਿਆਰ ਮਨੁੱਖ। ਭੋਜਨੁ – ਓ, ਭਾਵ ਉਹ ਜਨੁ।
ਅਰੁ ਭੋਜਨੁ ਭਾਉ ਸਚੁ ਸਦਾ – ਅਤੇ ਸਚੁ `ਤੇ ਹੀ ਉਨ੍ਹਾਂ ਦਾ ਹਮੇਸ਼ਾ ਵਿਸ਼ਵਾਸ ਹੈ। ਸਚੁ
ਭਾਖੰਤੁ ਸੋਹੈ – ਸੱਚ ਹੀ ਬੋਲਣਾ ਸ਼ੋਭਦਾ ਹੈ। ਸਚੁ ਪਾਇਓ – ਜਿਨ੍ਹਾਂ ਨੇ ਸੱਚ ਨੂੰ
ਪਾਇਆ ਭਾਵ ਆਪਣੇ ਜੀਵਨ ਵਿੱਚ ਅਪਣਾਇਆ। ਗੁਰ ਸਬਦਿ – ਬਖ਼ਸ਼ਿਸ਼ ਨੂੰ ਗੁਰੂ ਕਰਕੇ। ਸਚੁ –
ਸੱਚ। ਨਾਮੁ – ਸਚੁ ਨੂੰ ਅਪਣਾਉਣਾ। ਸਚੁ ਨਾਮੁ – ਸਚੁ ਨੂੰ ਆਪਣੇ ਜੀਵਨ ਵਿੱਚ
ਅਪਣਾਉਣ ਨਾਲ। ਸੰਗਤੀ – ਸੰਗ ਕਰਨ ਵਾਲੇ। ਬੋਹੈ – ਬੀਜਦੇ ਹਨ, ਖਿਲਾਰਦੇ ਹਨ,
ਵੰਡਦੇ ਹਨ। ਸੰਗਤੀ ਬੋਹੈ – ਆਪਣੇ ਸੰਗੀ ਸਾਥੀਆਂ ਵਿੱਚ ਵੀ ਗਿਆਨ ਦਾ ਬੀਜ ਹੀ ਖਿਲਾਰਦੇ
ਹਨ। ਜਿਸੁ ਸਚੁ – ਜਿਸ ਸੱਚ ਨੂੰ। ਸੰਜਮੁ – ਇਤਆਦ, ਸੰਕੋਚ। ਵਰਤੁ –
ਵਰਤਣਾ, ਵਰਤਦੇ। ਸਚੁ – ਸੱਚ। ਕਬਿ – ਕ੍ਰਿ. ਵਿ. -ਕਭੀ ਕਦਾਪਿ, ਕਦੀ, ਕਿਸੇ
ਸਮੇਂ (ਮ: ਕੋਸ਼)। ਜਨ – ਜਨ। ਕਲ – ਅਗਿਆਨਤਾ। ਵਖਾਣੁ – ਵਖਿਆਣ,
ਪ੍ਰਚਾਰ। ਬੇਸ਼ੱਕ ਉਹ ਕਿਸੇ ਸਮੇਂ ਜਿਹੜੇ ਆਪ ਸੱਚ ਵੱਲੋਂ ਸੰਜਮ ਵਰਤ ਕੇ ਅਗਿਆਨਤਾ ਨੂੰ ਸੱਚ ਸਮਝ ਕੇ
ਵਿਖਿਆਨ ਕਰਦੇ ਪ੍ਰਚਾਰਦੇ ਸਨ। ਦਰਸਨਿ – ਪ੍ਰਤੱਖ, ਭਾਵ ਸੱਚ ਸਾਹਮਣੇ ਦੇਖਿਆ, ਕਿਸੇ ਚੀਜ਼
ਦਾ ਸਾਹਮਣੇ ਆ ਜਾਣਾ, ਕਿਸੇ ਸੱਚ ਦਾ ਸਾਹਮਣੇ ਆ ਜਾਣਾ। ਪਰਸਿਐ – ਛੋਹ ਪ੍ਰਾਪਤ ਕਰਨੀ,
ਜੁੜਨਾ। ਗੁਰੂ –ਗਿਆਨ ਦਾ ਦਾਤਾ ਕਰਤਾ। ਕੈ – ਕੇ, ਕਰਕੇ। ਦਰਸਨਿ ਪਰਸਿਐ ਗੁਰੂ ਕੈ ਸਚੁ
ਜਨਮ ਪਰਵਾਣੁ – ਉਸ ਕਰਤੇ ਦਾ ਗਿਆਨ ਸੱਚ ਸਾਹਮਣੇ ਆਉਣ ਅਤੇ ਸੱਚ ਨਾਲ ਜੁੜਨ ਕਰਕੇ ਸੱਚ ਨੂੰ
ਆਪਣੇ ਜਨਮ ਜੀਵਨ ਵਿੱਚ ਪਰਵਾਣ ਕੀਤਾ।
ਅਰਥ:- ਹੇ ਭਾਈ! ਜਿਹੜੇ ਜਨ ਕਿਸੇ ਸਮੇਂ ਆਪ ਸੱਚ ਵੱਲੋਂ ਸੰਜਮ ਵਰਤ ਕੇ
ਅਗਿਆਨਤਾ (ਅਵਤਾਰਵਾਦ) ਦਾ ਆਪ ਪ੍ਰਚਾਰ ਕਰਦੇ ਸਨ। ਜਦੋਂ ਪ੍ਰਤੱਖ ਸੱਚ ਸਾਹਮਣੇ ਵੇਖਿਆ ਭਾਵ ਸੱਚ
ਉਨ੍ਹਾਂ ਦੇ ਸਾਹਮਣੇ ਆਇਆ, ਸੁਣਿਆ ਤਾਂ ਸੱਚ ਨਾਲ ਜੁੜ ਕੇ, ਸੱਚ ਦੀ ਛੋਹ ਪ੍ਰਾਪਤ ਕਰਕੇ, ਸੱਚੇ ਦੀ
ਸੱਚੀ ਬਖ਼ਸ਼ਿਸ਼ ਗਿਆਨ ਨੂੰ ਗੁਰੂ ਜਾਣ ਕੇ ਉਨ੍ਹਾਂ ਜਨਾਂ ਨੇ ਵਿਸ਼ਵਾਸ ਨਾਲ ਆਪਣੇ ਜੀਵਨ ਵਿੱਚ ਆਪ
ਪਰਵਾਣੁ ਕੀਤਾ, ਅਪਣਾਇਆ ਅਤੇ ਉਹ ਸੱਚ ਹੀ ਬੋਲਦੇ ਹਨ। ਉਸ ਸੱਚ ਨੂੰ ਹੀ ਉਨ੍ਹਾਂ ਨੇ ਆਪਣੇ ਸੰਗੀ
ਸਾਥੀਆਂ ਵਿੱਚ ਬੋਇਆ ਭਾਵ ਅਪਣਾਉਣ ਦੀ ਪ੍ਰੇਰਨਾ ਕੀਤੀ ਕਿ ਹੇ ਭਾਈ! ਸੱਚ ਹੀ ਸਭ ਤੋਂ ਉੱਤਮ ਤੀਰਥ
ਹੈ, ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਹੀ (ਅਗਿਆਨਤਾ ਦੀ ਮੈਲ ਧੋਣ ਲਈ) ਤੀਰਥ ਇਸ਼ਨਾਨ ਹੈ, ਉਹ
ਆਪ ਸੱਚ ਉੱਪਰ ਹੀ ਸਦਾ ਦ੍ਰਿੜ੍ਹ ਵਿਸ਼ਵਾਸ ਕਰਕੇ ਸੱਚ ਹੀ ਅੱਗੇ ਬੋਲਦੇ ਹਨ, ਸੱਚ ਨੂੰ ਹੀ ਅੱਗੇ
ਪ੍ਰਚਾਰਦੇ ਹਨ ਅਤੇ ਪ੍ਰਚਾਰਨਾ ਚਾਹੀਦਾ ਹੈ।
(ਇਸ ਤਰ੍ਹਾਂ ਸੱਚ ਜਾਨਣ ਵਾਲੇ ਭਾਈ ਲਹਣਾ ਜੀ ਅਤੇ ਭੱਟ ਕਲ੍ਹ ਜੀ ਨੇ ਆਪ
ਸੱਚ ਆਪਣੇ ਜੀਵਨ ਵਿੱਚ ਅਪਣਾਇਆ, ਪ੍ਰਚਾਰਿਆ ਅਤੇ ਅੱਗੇ ਤੋਂ ਅੱਗੇ ਸੱਚ ਨੂੰ ਭੱਟ ਕੀਰਤਿ ਜੀ ਵੱਲੋਂ
ਅਪਣਾਉਣ, ਪ੍ਰਚਾਰਨ ਲਈ ਪ੍ਰੇਰਨਾ ਕੀਤੀ ਅਤੇ ਉਨ੍ਹਾਂ ਦੀ ਬਾਣੀ ਅੱਗੇ ਤੋਂ ਅੱਗੇ ਪ੍ਰੇਰਨਾ ਕਰਦੀ
ਰਹੇਗੀ। ਇਸ ਤੋਂ ਅੱਗੇ ਸਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਸੱਚ ਆਪ ਜਾਣੀਏ ਅਤੇ ਅੱਗੇ
ਤੋਂ ਅੱਗੇ ਇਸ ਸੱਚ ਨੂੰ ਮਾਨਵਤਾ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸਮੁੱਚੀ ਮਾਨਵਤਾ ਸੱਚ
ਜਾਣ ਸਕੇ, ਅਵਤਾਰਵਾਦ ਦੀ ਗ਼ੁਲਾਮੀ ਨੂੰ ਛੱਡ ਕੇ ਇਕੁ ਸੱਚੇ ਸਤਿਗੁਰ ਦੀ ਸ਼ਰਨ ਆ ਸਕੇ ਅਤੇ ਧਰਮ ਦੇ
ਨਾਮ `ਤੇ ਜੋ ਸੰਸਾਰ ਅੰਦਰ ਖਿਚੋਤਾਣ ਹੈ, ਇਸ ਤੋਂ ਮਾਨਵਤਾ ਬਚ ਸਕੇ।
ਅਮਿਅ ਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ।।
ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ।।
ਸਦਾ ਸੁਖੁ ਮਨਿ ਵਸੈ ਦੁਖੁ ਸੰਸਾਰਹ ਖੋਵੈ।।
ਗੁਰੁ ਨਵ ਨਿਧਿ ਦਰੀਆਉ ਜਨਮ ਹਮ ਕਾਲਖ ਧੋਵੈ।।
ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ।।
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ।। ੧੦।।
(ਪੰਨਾ ੧੩੯੨)
ਪਦ ਅਰਥ:- ਅਮਿਅ ਦ੍ਰਿਸਟਿ – ਅੰਮ੍ਰਿਤ ਸਮਾਨ ਜੀਵਨ ਦੇਣ ਵਾਲੀ ਨਜ਼ਰ,
ਮਿਹਰ ਦੀ ਨਜ਼ਰ (ਮ: ਕੋਸ਼)। ਸੁਭ – ਪਵਿੱਤਰ। ਕਰੈ ਹਰੈ – ਖਤਮ ਕਰਦੀ ਹੈ।
ਅਘ – ਅਪਰਾਧ, ਅਪਰਾਧੀ, ਕੁਦਰਤ ਦੇ ਨੇਮ ਵਿਰੁੱਧ ਕੰਮ ਕਰਨਾ ਭਾਵ ਕਰਮ-ਕਾਂਡ ਅਪਣਾਉਣੇ।
ਪਾਪ – ਪਾਪ, ਬੁਰੇ ਕੰਮ। ਸਕਲ ਮਲ – ਸਾਰੀ ਅਗਿਆਨਤਾ ਦੀ ਮੈਲ। ਕਰੈ ਹਰੈ –
ਖ਼ਤਮ ਕਰ ਦਿੱਤੀ। ਜਿਨ੍ਹਾਂ ਜਨਾਂ ਉੱਪਰ ਗਿਆਨ ਦੀ ਪਵਿੱਤਰ ਅੰਮ੍ਰਿਤ ਦ੍ਰਿਸ਼ਟੀ ਹੋਈ, ਉਨ੍ਹਾਂ ਦੀ
ਸਾਰੀ ਕੁਦਰਤ ਦੇ ਨੇਮ ਦੇ ਵਿਰੁੱਧ ਵਾਲੀ ਕਰਮ-ਕਾਂਡਾਂ ਦੀ ਅਗਿਆਨਤਾ ਦੀ ਬੁਰੇ ਕੰਮਾਂ ਵਾਲੀ ਬਿਰਤੀ
ਖ਼ਤਮ ਹੋ ਗਈ। ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ – ਕਾਮ, ਕ੍ਰੋਧ ਅਤੇ ਲੋਭ,
ਮੋਹ, ਅੰਹਕਾਰ ਸਾਰੇ ਵੱਸ ਵਿੱਚ ਕਰ ਲਏ ਭਾਵ ਆਪੇ ਉੱਪਰ ਕਾਬੂ ਪਾ ਲਿਆ। ਸਦਾ ਸੁਖੁ ਮਨਿ ਵਸੈ –
ਆਪੇ ਉੱਪਰ ਕਾਬੂ ਪਾਉਣ ਵਾਲਿਆਂ ਦੇ ਮਨ ਅੰਦਰ ਹੀ ਸ਼ਾਂਤੀ ਦਾ ਵਾਸਾ ਹੋਇਆ ਭਾਵ ਭਟਕਣਾ ਤੋਂ
ਬਚੇ। ਖੋਵੈ – ਖ਼ਤਮ ਹੋ ਜਾਣਾ। ਦੁਖੁ ਸੰਸਾਰਹ ਖੋਵੈ – ਸੰਸਾਰਹ ਭਾਵ ਸੰਸਾਰੀਆਂ
(ਅਵਤਾਰਵਾਦੀਆਂ) ਨੂੰ ਰੱਬ ਮੰਨਣ ਦਾ ਦੁੱਖ, ਰੋਗ (
disease)
ਖ਼ਤਮ ਹੋਈ। ਗੁਰੁ – ਗਿਆਨ ਪ੍ਰਾਪਤ ਕਰਨ ਨਾਲ,
ਜੀਵਨ ਵਿੱਚ ਅਪਣਾਉਣ ਨਾਲ। ਦਰੀਆਉ – ਦਰ ਆਉਣ ਨਾਲ। ਨਵ – ਨਾਮ, ਸੱਚ। ਨਿਧਿ –
ਖ਼ਜ਼ਾਨਾ। ਗੁਰੁ ਨਵ ਨਿਧਿ ਦਰੀਆਉ – ਇਸ ਸੱਚ ਰੂਪੀ ਗਿਆਨ ਦੇ ਖ਼ਜ਼ਾਨੇ ਦੇ ਦਰ ਆਉਣ ਭਾਵ
ਆਪਣੇ ਜੀਵਨ ਵਿੱਚ ਅਪਣਾਉਣ ਨਾਲ। ਜਨਮ ਹਮ ਕਾਲਖ ਧੋਵੈ – ਮੇਰੇ ਜੀਵਨ (ਭੱਟ ਕੀਰਤਿ) ਦੀ ਵੀ
ਕਰਮ-ਕਾਂਡਾਂ ਦੀ ਕਾਲਖ ਧੋ ਹੋ ਗਈ ਹੈ। ਸੁ – ਇਸ ਵਾਸਤੇ। ਕਹੁ ਟਲ – ਇਹ ਗੱਲ ਠੋਕ ਵਜਾ ਕੇ
ਕਹਿਣੀ ਚਾਹੀਦੀ ਹੈ, ਡੰਕੇ ਦੀ ਚੋਟ ਉੱਪਰ ਕਹਿਣੀ ਚਾਹੀਦੀ ਹੈ। ਟਲ – ਡੰਕੇ ਦੀ ਚੋਟ ਤੇ
ਭਾਵ ਠੋਕ ਵਜਾ ਕੇ। ਅਹਿਨਿਸਿ ਸਹਿਜ ਸੁਭਾਇ – ਦਿਨ ਰਾਤ ਅਡੋਲ ਆਪਣੇ ਸੁਭਾਉ ਵਿੱਚ ਅਪਣਾਉਣੀ
ਚਾਹੀਦੀ ਹੈ। ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ – ਇਸ ਤਰ੍ਹਾਂ ਪ੍ਰਤੱਖ ਰੂਪ
ਵਿੱਚ ਗਿਆਨ ਗੁਰੂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਜੰਮ ਕੇ ਮਰ ਜਾਣ ਵਾਲਿਆਂ (ਅਵਤਾਰਵਾਦੀਆਂ
ਦੇ ਰੱਬ ਹੋਣ ਦੇ ਭਰਮ) ਦਾ ਦੁੱਖ ਜੀਵਨ ਵਿੱਚੋਂ ਜਾ ਸਕਦਾ ਹੈ। ਦਰਸਨਿ ਪਰਸਿਐ – ਪ੍ਰਤੱਖ
ਰੂਪ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ।
ਅਰਥ:- ਹੇ ਭਾਈ! ਜਿਨ੍ਹਾਂ ਜਨਾਂ ਉੱਪਰ ਗਿਆਨ ਦੀ ਪਵਿੱਤਰ ਅੰਮ੍ਰਿਤ
ਦ੍ਰਿਸ਼ਟੀ ਹੋਈ, ਉਨ੍ਹਾਂ ਦੀ ਸਾਰੀ ਕੁਦਰਤ ਦੇ ਨੇਮ ਦੇ ਵਿਰੁੱਧ ਵਾਲੀ ਕਰਮ-ਕਾਂਡਾਂ ਦੀ ਅਗਿਆਨਤਾ ਦੀ
ਬੁਰੇ ਕੰਮਾਂ ਵਾਲੀ ਬਿਰਤੀ ਖ਼ਤਮ ਹੋ ਗਈ। ਉਨ੍ਹਾਂ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਸਾਰੇ ਵੱਸ
ਕਰ ਲਏ ਭਾਵ ਆਪਣੇ ਆਪੇ ਉੱਪਰ ਕਾਬੂ ਪਾ ਲਿਆ ਅਤੇ ਆਪਣੇ ਆਪੇ ਉੱਪਰ ਕਾਬੂ ਪਾਉਣ ਵਾਲਿਆਂ ਦੇ ਮਨ
ਅੰਦਰ ਹੀ ਸ਼ਾਂਤੀ ਦਾ ਵਾਸਾ ਹੋਇਆ ਭਾਵ ਉਹ ਭਟਕਣਾ ਤੋਂ ਬਚੇ। ਇਸੇ ਸੱਚ ਗਿਆਨ ਦੇ ਦਰ ਆਉਣ ਭਾਵ ਆਪਣੇ
ਜੀਵਨ ਵਿੱਚ ਅਪਣਾਉਣ ਨਾਲ ਮੇਰੀ (ਭੱਟ ਕੀਰਤ) ਦੀ ਵੀ (ਕਰਮ-ਕਾਂਡਾਂ) ਦੀ ਕਾਲਖ ਧੋ ਹੋ ਗਈ ਹੈ। ਇਸ
ਵਾਸਤੇ ਇਹ ਗੱਲ ਟਲ-ਡੰਕੇ ਦੀ ਚੋਟ `ਤੇ ਭਾਵ ਠੋਕ ਵਜਾ ਕੇ ਕਹਿੰਦਾ ਹਾਂ ਕਿ ਇਸ ਪ੍ਰਤੱਖ ਗਿਆਨ ਗੁਰੂ
ਨੂੰ ਆਪਣੇ ਜੀਵਨ ਵਿੱਚ ਅਪਣਾਉਣ ਨਾਲ ਹੀ ਜੰਮ ਕੇ ਮਰ ਜਾਣ ਵਾਲਿਆਂ (ਅਵਤਾਰਵਾਦ ਦੇ ਰੱਬ ਹੋਣ ਦੇ
ਭਰਮ) ਦਾ ਰੋਗ ਜੀਵਨ ਵਿੱਚੋਂ ਜਾ ਸਕਦਾ ਹੈ।
(ਇਥੋਂ ਇਹ ਪ੍ਰਤੱਖ ਰੂਪ ਵਿੱਚ ਸਮਝ ਆ ਜਾਣਾ ਚਾਹੀਦਾ ਹੈ ਕਿ ਭੱਟ ਸਾਹਿਬਾਨ
ਦਾ ਕਿੰਨਾ ਮੂਲ ਮੰਤ੍ਰ-ਗੁਰਮਤਿ ਦੇ ਮੂਲ ਸਿਧਾਂਤ ਉੱਪਰ ਦ੍ਰਿੜ੍ਹ ਵਿਸ਼ਵਾਸ ਹੈ)।
ਇਹ ਮਹਲੇ ਦੂਜੇ ਕੇ ਦੇ ੧੦ ਸਵਈਏ ਭੱਟ ਕੀਰਤ ਜੀ ਦੇ ਉਚਾਰਨ ਕੀਤੇ ਹੋਏ ਹਨ।
ਨੋਟ:- ਸਵੀਯੇ ਮਹਲੇ ਪਹਿਲੇ ਕੇ ਦੀ ਜਦੋਂ ਸਤਿਕਾਰਯੋਗ ਪ੍ਰੋਫੈਸਰ
ਸਾਹਿਬ ਸਿੰਘ ਜੀ ਵਿਆਖਿਆ ਕਰਕੇ ਸਮਾਪਤ ਕਰਦੇ ਹਨ ਤਾਂ ਅਖ਼ੀਰ ਵਿੱਚ ਨੋਟ ਲਿਖਦੇ ਹਨ ਕਿ ਇਹ ੧੦ ਸਵਈਏ
ਭੱਟ ਨਲ੍ਹ ਦੇ ਉਚਾਰੇ ਹੋਏ ਹਨ, ਜਦੋਂ ਕਿ ਇਨ੍ਹਾਂ ਦਸਾਂ ਸਵਈਯਾਂ ਅੰਦਰ ਨਲ੍ਹ ਸ਼ਬਦ ਇੱਕ ਵਾਰ ਵੀ
ਨਹੀਂ ਆਇਆ। ਇਹ ਛਾਪੇ ਦੀ ਵੀ ਗ਼ਲਤੀ ਹੋ ਸਕਦੀ ਹੈ ਜੋ ਪਾਠਕਾਂ ਦੇ ਧਿਆਨ ਵਿੱਚ ਲਿਆਂਦੀ ਹੈ। ਸੋ
ਸਵਈਏ ਮਹਲੇ ਪਹਿਲੇ ਕਿਆਂ ਦੇ ਉਚਾਰਣ ਕਰਤਾ ਭੱਟ ਕਲ੍ਹ ਜੀ ਹਨ। ਸਵਈਏ ਮਹਲੇ ਦੂਜੇ ਕਿਆਂ ਦੇ ਉਚਾਰਣ
ਕਰਤਾ ਭੱਟ ਕੀਰਤ ਜੀ ਹਨ। ਕਲਸਹਾਰ ਅਤੇ ਟਲ੍ਹ ਕਿਸੇ ਭੱਟ ਜੀ ਦਾ ਨਾਮ ਜਾਂ ਤਖ਼ੱਲਸ ਨਹੀਂ ਹੈ। ਕਲ੍ਹ
ਅਤੇ ਸਹਾਰ ਦੋ ਵੱਖਰੇ-ਵੱਖਰੇ ਸ਼ਬਦ ਹਨ। ਕਲ੍ਹ, ਭੱਟ ਜੀ ਦਾ ਨਾਮ ਹੈ, ਸਹਾਰ ਦਾ ਮਤਲਬ ਹੁੰਦਾ ਹੈ
ਸਹਾਰਾ ਲੈਣਾ, ਆਸਰਾ ਲੈਣਾ। ਟਲ ਸ਼ਬਦ ਕਿਸੇ ਗੱਲ ਨੂੰ ਡੰਕੇ ਦੀ ਚੋਟ `ਤੇ ਕਹਿਣ ਵਾਸਤੇ ਆਇਆ ਹੈ।
ਮੁਕਦੀ ਗੱਲ ਇਹ ਹੈ ਕਿ ਗੁਰਬਾਣੀ ਅੰਦਰ ਕਿਸੇ ਵੀ ਬਾਣੀ ਰਚੇਤਾ ਦੇ ਵੱਖਰੇ-ਵੱਖਰੇ ਭੁਲੇਖਾ ਪਾਉ
ਤਖ਼ੱਲਸ ਨਹੀਂ ਹਨ।