. |
|
ਖਾਣ-ਪੀਣ ਆਦਿਕ ਵਹਿਮਾਂ ਦੇ ਅਜਗਰ ਨੇ ਸਿੱਖਾਂ ਨੂੰ ਵੀ ਨਿਗਲਿਆ!
ਅਵਤਾਰ ਸਿੰਘ ਮਿਸ਼ਨਰੀ
ਬਾਬਾ ਨਾਨਕ ਜੀ ਫੁਰਮਾਂਦੇ ਹਨ ਕਿ ਜੇ ਪਾਣੀ, ਅੰਨ, ਦਾਣੇ, ਸਾਗ ਸਬਜੀਆਂ
ਵਿੱਚ ਜੀਅ ਜਾਨ ਹੈ ਤਾਂ ਫਿਰ ਮਾਸ ਖਾਣ ਜਾਂ ਨਾਂ ਖਾਣ ਬਾਰੇ ਪਾਪ ਪੁੰਨ ਮੰਨਣਾ ਵਿਅਰਥ ਹੈ- ਜੇਤੇ
ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (੧੪੭੨)
ਹੋਰ ਦੇਖੋ! ਬਾਬੇ ਨਾਨਾਕ ਦੇ ਵਿਚਾਰ-ਪਾਂਡੇ
ਤੂ ਜਾਣੈ ਹੀ ਨਾਹੀਂ ਕਿਥੋਂ ਮਾਸੁ ਉਪੰਨਾ॥ ਤੋਇਅਹੁ ਅੰਨੁ ਕਮਾਦੁ ਕਪਾਹਾ ਤੋਇਅਹੁ ਤ੍ਰੈਭਵਣੁ
ਗੰਨਾ॥(੧੨੯੦) ਹੇ ਪਾਂਡੇ ਪਾਣੀ ਤੋਂ ਹੀ
ਅੰਨ, ਕਮਾਦ ਅਤੇ ਕਪਾਹ ਆਦਿਕ ਬਨਾਸਪਤੀ ਪੈਦਾ ਹੁੰਦੀ ਹੈ। ਹੋਰ-ਜਜਿ
ਕਾਜਿ ਵਿਆਹਿ ਸੁਹਾਵੈ ਓਥੈ ਮਾਸੁ ਸਮਾਣਾ॥ ਜੇ ਉਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ ਕਾ ਦਾਨੁ ਨ
ਲੈਣਾ॥
(੧੨੯੦)
ਗੁਰੂ ਸਾਹਿਬ ਕਹੇ ਰਹੇ ਹਨ ਕਿ ਜੇ ਮਾਸ ਖਾਣਾ ਪਾਪ ਹੈ ਤਾਂ ਮਾਸ ਖਾਣ ਵਾਲਿਆਂ ਤੋਂ ਦਾਣ ਲੈਣਾ
ਕਿੱਧਰ ਦਾ ਪੁੰਨ ਹੈ? ਅਮਰੀਕਾ ਕਨੇਡਾ ਵਰਗੇ ਦੇਸ਼ ਮੋਸਟਲੀ ਮਾਸਾਹਾਰੀ ਹਨ। ਫਿਰ ਵੈਸ਼ਨੂੰ ਦੇਵੀ ਦੇ
ਪੁਜਾਰੀ, ਮਾਸ ਖਾਣ ਵਾਲਿਆਂ ਦੇ ਬਣੇ ਡਾਲਰ, ਜਹਾਜ, ਫੋਨ, ਖਾਣੇ ਅਤੇ ਕਪੜੇ ਆਦਿਕ ਅਧੁਨਿਕ ਚੀਜਾਂ
ਕਿਉਂ ਵਰਤਦੇ ਹਨ? ਨਾਲੇ ਨਿੰਦਦੇ ਹਨ ਨਾਲੇ ਇਨ੍ਹਾਂ ਦੇਸ਼ਾਂ ਵੱਲ ਹੇੜਾਂ ਵਾਂਗ ਭੱਜੇ ਵੀ ਆਉਂਦੇ ਹਨ,
ਕਿਸੇ ਵੈਸ਼ਨੂੰ ਦੇਸ਼ ਵਿੱਚ ਕਿਉਂ ਨਹੀਂ ਰਹਿੰਦੇ? ਇਹ ਦੋਗਲਾਪਨ ਕਿਉਂ? ਪਰ ਮੈਨੂੰ ਨਹੀਂ ਲਗਦਾ ਕਿ
ਦੁਨੀਆਂ ਦਾ ਕੋਈ ਦੇਸ਼, ਪੂਰੇ ਦਾ ਪੂਰਾ ਵੈਸ਼ਨੂੰ ਜਾਂ ਸਾਕਾਹਾਰੀ ਹੋਵੇ। ਫਿਰ ਪ੍ਰਮਾਤਮਾਂ ਨਾਲੋਂ
ਤਾਂ ਕੋਈ ਵੱਡਾ ਤੇ ਤਾਕਤਵਰ ਨਹੀਂ, ਜੇ ਮਾਸ ਖਾਣਾ ਇਨ੍ਹਾਂ ਹੀ ਮਾੜਾ ਸੀ ਤਾਂ ਪ੍ਰਮਾਤਮਾਂ ਨੇ ਬੰਦ
ਕਿਉਂ ਨਾ ਕਰਵਾਇਆ? ਅਰਬਾਂ ਖਰਬਾਂ ਜੀਵ ਹਰ ਰੋਜ ਮਾਰੇ ਤੇ ਖਾਦੇ ਜਾਂਦੇ ਹਨ ਫਿਰ ਵੈਸ਼ਨੂੰਆਂ ਦਾ
ਪ੍ਰਮਾਤਮਾਂ ਕਿਉਂ ਨਹੀਂ ਰੋਕਦਾ? ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਸਾਫ ਸਾਫ ਸ਼ਬਦਾਂ ਵਿੱਚ
ਫੁਰਮਾਇਆ ਹੈ ਕਿ ਮਾਸ ਤੇ ਝਘੜਨਾ ਮੂਰਖਾਂ ਦਾ ਕੰਮ ਹੈ-ਮਾਸੁ
ਮਾਸੁ ਕਰਿ ਮੂਰਖ ਝਗੜੇ ਗਿਆਨੁ ਧਿਆਨੁ ਨਹੀਂ ਜਾਣੈ॥ ਕਾਉਣੁ ਮਾਸੁ ਕਾਉਣੁ ਸਾਗੁ ਕਹਾਵੈ ਕਿਸੁ ਮਹਿ
ਪਾਪ ਸਮਾਣੇ॥ (੧੨੯੦)
ਮਾਸ ਨਾਂ ਖਾਣ ਵਾਲਿਆਂ ਨੂੰ ਪਾਣੀ, ਅੰਨ, ਹਵਾ ਅਤੇ ਦਹੀਂ ਵੀ ਛੱਡਣਾ
ਪਵੇਗਾ, ਜਿੰਨ੍ਹਾਂ ਪਦਾਰਥਾਂ ਵਿੱਚ ਅਨੇਕਾਂ ਜੀਵ ਹਨ। ਸਾਹ ਲੈਣਾ ਵੀ ਬੰਦ ਕਰਨਾ ਪਵੇਗਾ ਕਿਉਂਕਿ
ਮਾਸ ਖਾਣ ਵਾਲਿਆਂ ਦੇ ਅੰਦਰਦੀ ਹਵਾ ਵੀ ਬਾਹਰਲੀ ਹਵਾ ਵਿੱਚ ਮਿਕਸ ਹੋ ਕੇ, ਨਾਂ ਖਾਣ ਵਾਲਿਆਂ ਦੇ
ਅੰਦਰ ਚਲੀ ਜਾਂਦੀ ਹੈ। ਦੱਸੋਂ ਕਿੱਧਰ ਜਾਈਏਨ ਕਿੱਥੇ ਰਹੀਏ ਅਤੇ ਕੀ ਖਾਈਏ? ਆਓ ਭਲਿਓ ਖਾਣ ਪੀਣ ਤੇ
ਵਿਅਰਥ ਲੜਾਈ ਝਗੜੇ ਜਾਂ ਬਹਿਸਾਂ ਕਰਨ ਦੀ ਬਜਾਏ ਗੁਰਬਾਣੀ ਨੂੰ ਬਾਰ ਬਾਰ ਵੀਚਾਰੀਏ। ਜਿੱਥੋਂ ਪਤਾ
ਚਲਦਾ ਹੈ ਕਿ ਚੁਗਲੀ-ਨਿੰਦਿਆ, ਹਉਮੈਂ-ਹੰਕਾਰ, ਈਰਖਾ-ਦਵੈਤ, ਸਾੜਾ-ਨਫਰਤ, ਵਿਸ਼ੇ-ਵਿਕਾਰ, ਵਹਿਮ-ਭਰਮ
ਅਤੇ ਥੋਥੇ ਕਰਮ ਆਦਿਕਾਂ ਨੂੰ ਤਿਅਗਣ ਦੀ ਲੋੜ ਹੈ- ਤਿਆਗਨਾ
ਤਿਅਗਨੁ ਨੀਕਾ ਕਾਮੁ, ਕ੍ਰੋਧੁ, ਲੋਭੁ, ਤਿਆਗਣਾ॥(੧੦੧੮)
ਗੁਰਬਾਣੀ ਖਾਣ ਪੀਣ, ਪਹਿਨਣ ਅਤੇ ਸਵਾਰੀ ਬਾਰੇ ਸ਼ਪੱਸ਼ਟ ਕਹਿ
ਰਹੀ ਹੈ ਕਿ-ਬਾਬਾ ਹੋਰੁ
ਖਾਣਾ ਖੁਸ਼ੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ਬਾਬਾ ਹੋਰੁ ਪੈਨਣੁ ਖੁਸੀ
ਖੁਆਰੁ॥ ਜਿਤਿ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥੧ਰਹਾਉ॥ ਬਾਬਾ ਹੋਰੁ ਚੜ੍ਹਣਾ ਖੁਸੀ ਖੁਆਰੁ॥
ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (੧੦੧੮)
ਜਿਹੜੇ ਇਸ ਪੰਕਤੀ ਦਾ ਹਵਾਲਾ ਦੇ ਕੇ ਕਹਿੰਦੇ
ਹਨ ਕਿ-ਜੇ
ਰਤੁ ਲੱਗੈ ਕਪੜੈ ਜਾਮਾ
ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਣਸਾਂ ਤਿਨ ਕਿਉਂ ਨਿਰਮਲੁ ਚੀਤੁ॥ (੧੪੦)
ਉਹ ਭੁੱਲ ਜਾਂਦੇ ਹਨ ਕਿ ਇਸ ਪੰਕਤੀ ਵਿੱਚ ਮਨੁੱਖਤਾ ਦਾ ਖੂਨ ਪੀਣ ਵਾਲਿਆਂ ਨੂੰ ਕਿਹਾ ਗਿਆ ਹੈ ਵਰਨਾ
ਸੁੱਚ ਭਿੱਟ ਤਾਂ ਹਿੰਦੂ ਤੇ ਮੁਸਲਮ ਰੱਖਦੇ ਹਨ ਕਿ ਜੇ ਲਹੂ ਜਾਂ ਪਿਸ਼ਾਪ ਜਾਮੇ ਤੇ ਪੈ ਗਿਆ ਪਲੀਤ ਹੋ
ਜਾਵੇਗਾ। ਹੋਰ ਵੀ ਫੁਰਮਾਂਦੇ ਹਨ ਕਿ-ਹਕੁ
ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾਂ ਭਰੇ ਜਾ ਮੁਰਦਾਰੁ ਨ ਖਾਇ॥ (੧੪੧)
ਪਰਾਇਆ ਹੱਕ ਮੁਸਲਮਾਨ ਲਈ ਸੂਰ ਅਤੇ ਹਿੰਦੂ ਲਈ
ਗਾਂ ਖਾਣ ਦੇ ਬਰਾਬਰ ਹੈ ਪਰ ਸਿੱਖ ਨਾਂ ਹਿੰਦੂ ਅਤੇ ਨਾਂ ਮੁਸਲਮਾਨ ਹਨ। ਸਿੱਖਾਂ ਲਈ ਤਾਂ ਪਰਾਇਆ
ਹੱਕ ਮਾਰਨਾ ਜਾਂ ਖਾਣਾ ਹੀ ਹਰਾਮ ਹੈ ਨਾਂ ਕਿ ਕਿਸੇ ਜਨਵਰ ਦਾ ਮਾਸ। ਸਿੱਖਾਂ ਦਾ ਤਾਂ ਇਤਿਹਾਸ ਦਸਦਾ
ਹੈ ਕਿ-ਖਾਹਿਂ ਕੱਚੇ ਹੀ
ਮ੍ਰਿਗ ਮਾਰਿ॥ (ਮਹਿਮਾਂ ਪ੍ਰਕਾਸ਼) ਜਰਾ
ਸੋਚੋ!
ਕੱਚਾ ਜਾਂ ਪੱਕਾ ਮੀਟ ਉਹ ਹੀ ਖਾ ਸਕਦਾ ਹੈ ਜਿਸ ਨੇ
ਪਹਿਲਾਂ ਖਾਧਾ ਹੋਵੇ, ਮਾਸ ਦੀ ਖੁਸ਼ਬੋ ਤੋਂ ਨੱਕ ਪਕੜਨ ਵਾਲੇ ਲੋਕ ਕਿਵੇਂ ਖਾ ਸਕਦੇ ਹਨ? ਸਿੱਖ ਰਹਿਤ
ਮਰਯਾਦਾ ਵਿੱਚ ਵੀ ਕੁੱਠੇ ਦੀ ਮਨਾਹੀ ਹੈ ਜੋ ਮੁਸਲਮਾਨੀ ਤਰੀਕੇ ਨਾਲ ਜ੍ਹਿਬਾ ਕਰਕੇ ਕਲਮਾ ਪੜ੍ਹਿਆ
ਜਾਵੇ ਕਿਉਂਕਿ ਮੁਸਲਮਾਨੀ ਰਾਜ ਵੇਲੇ ਹਿੰਦੂ ਗੁਲਾਮ ਸਨ ਤੇ ਉਨ੍ਹਾਂ ਨੂੰ ਵੀ ਹਲਾਲ ਕੀਤਾ ਮਾਸ ਹੀ
ਖਾਣਾ ਪੈਂਦਾ ਸੀ। ਉਸ ਵੇਲੇ ਕੋਈ ਗੈਰ ਮੁਸਲਮ ਸ਼ਸ਼ਤਰ ਹਥਿਆਰ ਅਤੇ ਘੋੜੇ ਰੱਖ ਕੇ ਸ਼ਿਕਾਰ ਨਹੀਂ ਸੀ
ਖੇਡ ਸਕਦਾ। ਇਹ ਗੁਲਾਮੀ ਤਾਂ ਗੁਰੂ ਨਾਨਕ ਸਾਹਿਬ ਨੇ ਹੀ ਦੂਰ ਕਰ ਦਿੱਤੀ ਅਤੇ ਗੁਰੂ ਹਰਗੋਬਿੰਦ
ਸਾਹਿਬ ਨੇ ਬਾਕਾਇਦਾ ਐਲਾਨ ਕਰ ਦਿੱਤਾ ਕਿ ਮੇਰਾ ਸਿੱਖ ਸ਼ਸ਼ਤਰ, ਹਥਿਆਰ, ਹਾਥੀ ਘੋੜੇ ਵੀ ਰੱਖੇਗਾ ਅਤੇ
ਸ਼ਿਕਾਰ ਵੀ ਖੇਡੇਗਾ ਅਤੇ ਗੁਲਾਮੀਂ ਦੀ ਨਿਸ਼ਾਨੀ ਕੁੱਠਾ ਮਾਸ ਵੀ ਨਹੀਂ ਖਾਏਗਾ। ਗੁਰੂ ਜੀ ਖੁਦ ਸ਼ਿਕਾਰ
ਖੇਡਦੇ ਸਨ, ਕੀ ਉਹ ਜਨਵਰਾਂ ਨੂੰ ਮਾਰ ਕੇ ਸੁੱਟ ਦਿੰਦੇ ਸਨ? ਜੇ ਉਨ੍ਹਾਂ ਨੇ ਜਨਵਰਾਂ ਦੀ ਮੁਕਤੀ ਹੀ
ਕਰਨੀ ਸੀ ਤਾਂ ਮਿਹਰ ਦੀ ਨਿਗ੍ਹਾ ਨਾਲ ਤੱਕ ਕੇ ਕਰ ਦਿੰਦੇ, ਫਿਰ ਮਾਰਨ ਦੀ ਕੀ ਲੋੜ ਸੀ? ਦਸਵੇਂ
ਪਾਤਸ਼ਾਹ ਵੀ ਸ਼ਿਕਾਰ ਅਤੇ ਮਰਦਾਵੀਂ ਖੇਡਾਂ ਖੇਡਦੇ ਰਹੇ ਅਤੇ ਉਨ੍ਹਾਂ ਨੇ ਤਾਂ ਜੰਗਲ ਦੇ ਬਾਦਸ਼ਾਹ,
ਬਹਾਦਰ ਜਨਵਰ ਸ਼ੇਰ (ਸਿੰਹ) ਵਾਲਾ ਤਖੱਲਸ
“ਸਿੰਘ”
ਖਾਲਸੇ ਨੂੰ ਬਖਸ਼ ਕੇ ਸ਼ੇਰ ਬਣਾ ਦਿੱਤਾ। ਕੀ ਮਾਸ ਖਾਣ ਦਾ ਵਿਰੋਧ ਕਰਨ ਵਾਲੇ ਸਿੰਘ ਨਹੀਂ ਹਨ? ਜੇ
ਨਹੀਂ ਤਾਂ ਆਪਣੇ ਨਾਂ ਨਾਲ ਤਖੱਲਸ “ਗਊ” ਰੱਖ ਲੈਣ ਕਿਉਂਕਿ ਗਾਂ ਹਮੇਸ਼ਾਂ ਘਾਸ ਹੀ ਖਾਂਦੀ ਹੈ।
ਇਤਹਾਸ ਦੱਸਦਾ ਹੈ ਕਿ ਸੁਲਤਾਨੁਲ ਕੌਮ ਸ੍ਰ. ਜੱਜਾ ਸਿੰਘ ਆਹਲੂਵਾਲੀਆ ਦੀ ਰੋਜਾਨਾ ਦੀ ਖੁਰਾਕ ਸਾਬਤ
ਬੱਕਰਾ ਅਤੇ ਕਿੱਲੋ ਮੱਖਣ ਸੀ ਤੇ ਅੱਸੀ ਫੱਟ ਸਰੀਰ ਪਰ ਲੱਗਣ ਤੇ ਵੀ ਮੈਦਾਨੇ ਜੰਗ ਵਿੱਚ ਮੂਹਰੇ ਹੋ
ਕੇ ਲੜਦਾ ਸੀ। ਸਿੱਖ ਮਾਰਸ਼ਲ ਕੌਮ ਹੈ ਇਸ ਨੂੰ ਘਸਿਆਰਾ, ਨਿਹੱਥਾ ਜਾਂ ਵੈਸ਼ਨੂੰ ਬਨਾਉਣ ਲਈ ਚਾਤਰ ਤੇ
ਸ਼ਾਤਰ ਬਾਮਣ ਨੇ ਸਾਧਾਂ ਸੰਤਾਂ ਸੰਪ੍ਰਦਾਈਆਂ ਦਾ ਬਾਣਾ ਪਾ ਕੇ, ਇਸ ਦੀਆਂ ਖਾਣ-ਪੀਣ, ਖੇਡਣ-ਕੁੱਦਣ
ਅਤੇ ਧਰਮ-ਕਰਮ ਦੀਆਂ ਰਹੁਰੀਤ-ਮਰਯਾਦਾਵਾਂ ਹੀ ਬਦਲ ਦਿੱਤੀਆਂ। ਅੱਜ ਵੀ ਡੇਰੇਦਾਰਾਂ ਅਤੇ
ਸੰਪ੍ਰਦਾਵਾਂ ਦੇ ਰੂਪ ਵਿੱਚ ਪੰਜ ਕਕਾਰ ਪਾ ਕੇ, ਸਿੱਖਾਂ ਕੋਲੋਂ ਬ੍ਰਾਹਮਣੀ ਕਰਮ ਕਰਵਾ ਰਿਹਾ ਹੈ।
ਅਸੀਂ ਅੱਜ ਖਾਣ-ਪੀਣ, ਉੱਠਣ-ਬੈਠਣ, ਛੂਆ-ਛਾਤ, ਸੁੱਚ-ਭਿੱਟ, ਜਾਤ-ਪਾਤ ਦੇ
ਨਾਂ ਤੇ ਹੀ ਭਰਾ ਮਾਰੂ ਜੰਗ ਲੜੀ ਜਾ ਰਹੇ ਹਾਂ। ਅੱਜ ਜਿੰਨੇ ਕ੍ਰੋਧੀ, ਕਾਮੀ ਅਤੇ ਧੋਖੇਬਾਜ ਵੈਸ਼ਨੂੰ
ਹਨ ਓਨ੍ਹੇ ਸ਼ਾਇਦ ਮਾਸ ਖਾਣ ਵਾਲੇ ਨਹੀਂ। ਹਾਥੀ ਕਦੇ ਮਾਸ ਨਹੀਂ ਖਾਂਦਾ ਪਰ ਮਾਸ ਖਾਣ ਵਾਲੇ ਸ਼ੇਰ ਤੋਂ
ਹਜਾਰਾਂ ਗੁਣਾ ਕਾਮੀ ਹੈ। ਅੱਜ ਮਾਸ ਨਾਂ ਖਾਣ ਵਾਲੇ ਡੇਰੇਦਾਰ ਸਾਧ ਸੰਤ ਜਵਾਨ ਕੁੜੀਆਂ ਔਰਤਾਂ ਨਾਲ
ਆਏ ਦਿਨ ਬਲਾਤਕਾਰ ਕਰ ਰਹੇ ਹਨ। ਸੋ ਭਾਈ ਗੁਰਸਿੱਖੋ! ਖਾਣ-ਪੀਣ ਪਿੱਛੇ ਨਾਂ ਲੜੋ ਸਗੋਂ ਆਪਣੇ ਸਰੀਰ
ਮੁਤਾਬਿਕ ਹੀ ਖਾਣਾ ਖਾਓ ਅਤੇ ਕਿਸੇ ਨੂੰ ਖਾਣ ਨਾਂ ਖਾਣ ਬਾਰੇ ਮਜਬੂਰ ਨਾਂ ਕਰੋ। ਗੁਰੂ ਸਾਹਿਬ ਨੇ
ਸਾਨੂੰ ਸਿੰਘ ਬਣਾਇਆ ਹੈ ਨਾਂ ਕਿ ਵੈਸ਼ਨੂੰ ਭੇਡਾਂ, ਬੱਕਰੀਆਂ ਅਤੇ ਗਾਵਾਂ ਆਦਿ। ਸਿੰਘ ਦੇ ਭੋਜਨ
ਬਾਰੇ ਗੁਰਬਾਣੀ ਵੀ ਫੁਰਮਾਂਦੀ ਹੈ- ਸਿੰਘ
ਰੁਚੈ ਸਦ ਭੋਜਨੁ ਮਾਸ॥ ਰਣੁ ਦੇਖਿ ਸੂਰੇ ਚਿੱਤ ਉਲਾਸ॥ (੧੧੮੦)
ਬਾਹਰਲੇ ਮੁਲਕਾਂ ਵਿੱਚ ਹਰ ਵੇਲੇ ਮਾਸ ਖਾਣ ਵਾਲੇ ਗੋਰੇ,
ਭਾਰਤੀ ਵੈਸ਼ਨੂੰਆਂ ਨਾਲੋ ਸੌ ਗੁਣਾਂ ਇਮਾਨਦਾਰ ਹਨ। ਜਿਨ੍ਹਾਂ ਧੋਖਾ, ਧੜੀ, ਧੱਕਾ, ਫਰੇਬ,
ਹੇਰਾਫੇਰੀ, ਪਾਖੰਡ, ਵਹਿਮ, ਅੰਧਵਿਸ਼ਵਾਸ਼, ਮਜਬੀ ਅਤੇ ਜਾਤਪਾਤੀ ਵਿਤਕਰਾ, ਨਿੰਦਾ-ਚੁਗਲੀ, ਛੂਆ-ਛਾਤ
ਅਤੇ ਕੁਰਪਸ਼ਨ ਆਦਿਕ ਭੈੜੀਆਂ ਅਲਾਮਤਾਂ ਦਾ ਬੋਲ-ਬਾਲਾ ਵੈਸ਼ਨੂੰ ਕਹੇ ਜਾਣ ਵਾਲੇ ਭਾਰਤ ਅਤੇ ਓਥੋਂ ਦੀ
ਸਰਕਾਰ, ਸਾਧ, ਸੰਤ, ਬਾਬਿਆ, ਸੰਪ੍ਰਦਾਈ ਡੇਰੇਦਾਰਾਂ, ਟਕਸਾਲੀਆਂ, ਅਖੰਡ ਕੀਰਤਨੀਆਂ ਅਤੇ
ਨਾਨਕਸਰੀਆਂ ਆਦਿਕ ਵਿੱਚ ਹੈ ਸ਼ਾਇਦ ਇਨ੍ਹਾਂ ਬਾਹਰਲੇ ਮਾਸਾਹਾਰੀ ਦੇਸ਼ਾਂ ਦੀਆਂ ਸਰਕਾਰਾਂ, ਧਰਮ
ਜਥੇਬੰਦੀਆਂ ਅਤੇ ਨਾਗਰਿਕਾਂ ਵਿੱਚ ਨਹੀਂ। ਇਸ ਲਈ ਖਾਣ, ਪੀਣ, ਉੱਪਰ ਥੱਲੇ ਬੈਠਣ, ਵਹਿਮ-ਭਰਮ,
ਛੂਆ-ਛਾਤ, ਜਾਤ-ਪਾਤ, ਊਚ-ਨੀਚ, ਸੁੱਚ-ਭਿੱਟ, ਬ੍ਰਾਹਮਣੀ ਥੋਥੇ ਕਰਮਕਾਂਡ, ਅਣਹੋਣੀਆਂ ਕਰਾਮਾਤਾਂ,
ਸੰਤ-ਸਾਧ-ਬਾਬੇ-ਜੋਤਸ਼ੀ, ਸੰਪ੍ਰਦਾਈ ਡੇਰੇਦਾਰਾਂ ਆਦਿਕ ਮਨੁੱਖਤਾ ਵਿਰੋਧੀ ਵਰਤਾਰੇ ਨੂੰ ਛੱਡ ਕੇ,
ਸੰਸਾਰ ਵਿੱਚ ਵਿਚਰਦੇ ਹੱਥੀਂ ਕਿਰਤ ਕਰਨ, ਵੰਡ ਛੱਕਣ, ਨਾਮ ਜਪਣ ਅਤੇ ਵਿਗਿਆਨਕ, ਪ੍ਰਮਾਰਥ ਅਤੇ
ਸੰਸਾਰਕ ਤਰੱਕੀ ਵੱਲ ਧਿਆਨ ਦੇਣਾ ਅਤੇ ਆਪਣੇ ਪ੍ਰਵਾਰ ਵਾਂਗ ਹੀ ਸੰਸਾਰ ਪ੍ਰਵਾਰ ਨੂੰ ਸਮਝਣਾ ਚਾਹੀਦਾ
ਹੈ ਨਾਂ ਕਿ ਬੇਫਜੂਲੀਆਂ ਨਫਰਤਾਂ ਪਾਲਣੀਆਂ ਚਾਹੀਦੀਆਂ ਹਨ ਕਿਉਂਕਿ ਅਸੀਂ ਸਾਰੇ ਇੱਕ ਪਿਤਾ
ਪ੍ਰਮਾਤਮਾਂ ਦੇ ਹੀ ਬੱਚੇ-ਬੱਚੀਆਂ ਹਾਂ-ਏਕ
ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ (੬੧੧)
ਇਉਂ ਵਿਸ਼ਵਾਸ਼ ਕਰਕੇ ਅਸੀਂ ਵਹਿਮਾਂ, ਭਰਮਾਂ, ਕਰਮਕਾਂਡਾਂ,
ਅੰਧਵਿਸ਼ਵਾਸ਼ਾਂ, ਜਾਤਾਂ-ਪਾਤਾਂ, ਛੂਆ-ਛਾਤਾਂ, ਉਚ-ਨੀਚ, ਖਾਣ-ਪੀਣ ਅਤੇ ਉੱਪਰ-ਥੱਲੇ ਬੈਠਣ ਦੇ ਫਜੂਲ
ਝਗੜਿਆਂ ਰੂਪੀ ਅਜਗਰ ਦੇ ਨਿਗਲੇ ਜਾਣ ਤੋਂ ਬਚ ਸਕਦੇ ਹਾਂ।
|
. |