.

ਲਬੁ ਕੁਤਾ ਕੂੜੁ ਚੂਹੜਾ……

ਦੁਨੀਆਂ ਦੇ ਫਿਲਾਸਫਰਾਂ ਅਨੁਸਾਰ ਮਨੁੱਖ ਮਾਇਆ ਦੇ ਪ੍ਰਭਾਵ ਹੇਠ ਆਪਣੀ ਮਾਨਵਤਾ ਤੇ ਨੈਤਿਕ ਸੋਝੀ ਗਵਾ ਕੇ ਕਈ ਬੁਰਾਈਆਂ ਦਾ ਸ਼ਿਕਾਰ ਹੋ ਜਾਂਦਾ ਹੈ। ਨਤੀਜਤਨ, ਉਹ ਪਰਮਾਰਥ ਤੇ ਇਨਸਾਨੀਅਤ ਦਾ ਰਾਹ ਤਿਆਗ ਕੇ ਸਵਾਰਥ ਤੇ ਸ਼ੈਤਾਨੀਅਤ ਦਾ ਰਸਤਾ ਅਖ਼ਤਿਆਰ ਕਰ ਲੈਂਦਾ ਹੈ। ਇਨਸਾਨੀਅਤ ਤੋਂ ਗਿਰੇ ਹੋਏ ਭ੍ਰਿਸ਼ਟਤਾ ਦੇ ਪੁੰਜ ਅਜਿਹੇ ਮਨੁੱਖ ਨੂੰ ਵਿਭਚਾਰੀ, ਦੁਰਾਚਾਰੀ, ਕੁਕਰਮੀ, ਐਬੀ ਤੇ ਵਿਕਾਰੀ ਆਦਿ ਕਿਹਾ ਜਾਂਦਾ ਹੈ।

ਸੰਸਾਰ ਦੇ ਦਾਰਸ਼ਨਿਕਾਂ ਅਨੁਸਾਰ ਕਈ ਬੁਰਾਈਆਂ ਘਾਤਿਕ ਹੁੰਦੀਆਂ ਹਨ, ਜਿਨ੍ਹਾਂ ਨੂੰ ਮੂਲ ਬੁਰਾਈਆਂ ਵੀ ਕਿਹਾ ਜਾਂਦਾ ਹੈ। ਘਾਤਿਕ ਇਸ ਵਾਸਤੇ ਕਿਉਂਕਿ ਇਹ ਮਨੁੱਖ ਦੀ ਜ਼ਮੀਰ, ਆਤਮਾ ਅਤੇ ਸਦਗੁਣਾਂ ਨੂੰ ਮਾਰ ਦਿੰਦੀਆਂ ਹਨ ਅਤੇ, ਇਨ੍ਹਾਂ ਘਾਤਿਕ ਬੁਰਾਈਆਂ ਦੇ ਰੋਗੀ, ਜ਼ਮੀਰ-ਮਰੇ ਇਹ ਵਿਕਾਰੀ ਲੋਕ ਮਨੁੱਖਤਾ ਦਾ ਘਾਣ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਅਤੇ, ਮੂਲ ਇਸ ਵਾਸਤੇ ਕਿਉਂਕਿ ਇਨ੍ਹਾਂ ਮੂਲ ਬੁਰਾਈਆਂ ਤੋਂ ਕਈ ਹੋਰ ਬੁਰਾਈਆਂ ਪੈਦਾ ਹੁੰਦੀਆਂ ਹਨ। ਪਰਮੁੱਖ ਰੂਪ ਵਿੱਚ ਮੂਲ ਬੁਰਾਈਆਂ ਹਨ: ਅਸੱਤਤਾ, ਲੋਭ-ਲਾਲਚ, ਹਉਮੈ-ਹੰਕਾਰ, ਕਾਮ, ਕ੍ਰੋਧ, ਈਰਖਾ ਤੇ ਨਿੰਦਾ, ਜ਼ੁਬਾਨ ਦੇ ਚਸਕੇ ਤੇ ਪੇਟੂਪੁਣਾ, ਕਾਮਚੋਰੀ ਤੇ ਹਰਾਮਖ਼ੋਰੀ, ਆਪਣੀ ਝੂਠੀ ਉਸਤਤਿ ਕਰਨ/ਕਰਵਾਉਣ ਦਾ ਝਸ ਅਤੇ ਈਰਖਾ-ਨਿੰਦਾ ਆਦਿ।

ਅਧਿਆਤਮਵਾਦੀ ਬਾਣੀਕਾਰਾਂ ਨੇ ਮਨੁੱਖੀ ਸੁਭਾਅ ਦੇ ਉਕਤ ਕਾਲੇ ਪੱਖ ਨੂੰ ਬਾ-ਖ਼ੂਬੀ ਵਿਅਕਤ ਕੀਤਾ ਹੈ। ਬਾਣੀ ਰਚਯਤਿਆਂ ਨੇ ਆਪਣੀ ਬਾਣੀ ਵਿੱਚ ਕਈ ਥਾਂਈ ਬੜੇ ਕਰੂਰ ਸ਼ਬਦ ਵਰਤ ਕੇ ਕੁਰਾਹੇ ਪਏ ਭ੍ਰਿਸ਼ਟ ਮਨੁੱਖਾਂ ਨੂੰ ਉਨ੍ਹਾਂ ਦੀਆਂ ਕਾਲੀਆਂ ਤੇ ਘਾਤਿਕ ਕਰਤੂਤਾਂ ਬਾਰੇ ਸੁਚੇਤ ਕਰਨ ਦਾ ਯਤਨ ਕੀਤਾ ਹੈ। ਗੁਰੂ ਨਾਨਕ ਦੇਵ ਜੀ, ਅਤਿਅੰਤ ਖਰ੍ਹਵੇ ਤੇ ਸਖ਼ਤ ਰੂਪਕ (metaphor) ਵਰਤ ਕੇ, ਇਨ੍ਹਾਂ ਜ਼ਮੀਰ-ਮਰੇ ਦੁਰਾਚਾਰੀਆਂ ਦੀ ਸ਼ਖ਼ਸੀਅਤ ਦੇ ਸੱਚ ਨੂੰ ਨੰਗਿਆਂ ਕਰਕੇ ਉਨ੍ਹਾਂ ਨੂੰ ਨਾਮ-ਮਾਰਗ ਅਪਣਾਉਣ ਦੀ ਪ੍ਰੇਰਣਾ ਦਿੰਦੇ ਹੋਏ ਫ਼ਰਮਾਉਂਦੇ ਹਨ:-

ਸਿਰੀ ਰਾਗੁ ਮਹਲਾ ੧॥

ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥

ਪਰ ਨਿੰਦਾ ਪਰ ਮਲੁ ਮੁਖਿ ਸੁਧੀ ਅਗਨਿ ਕ੍ਰੋਧੁ ਚੰਡਾਲੁ॥

ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥ ੧॥

ਬਾਬਾ ਬੋਲੀਐ ਪਤਿ ਹੋਇ॥

ਊਤਮ ਸੇ ਦਰਿ ਊਤਮ ਕਈਅਹਿ ਨੀਚ ਕਰਮ ਬਹਿ ਰੋਇ॥ ੧॥ ਰਹਾਉ॥

ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥

ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥

ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ॥ ੨॥

ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥

ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣਿ॥

ਜੋ ਤਿਸੁ ਭਾਵਹਿ ਸੋ ਭਲੇ ਹੋਰਿ ਕਿ ਕਹਣ ਵਖਾਣ॥ ੩॥

ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ॥

ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਹੁ ਕਾਇ॥

ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ॥ ੪॥

ਸ਼ਬਦ ਅਰਥ:- ਲਬ: ਤਮ੍ਹਾ, ਹੋਰ ਹੋਰ ਦੀ ਹਿਰਸ, ਲੋਭ/ਲਾਲਚ, ਤ੍ਰਿਸ਼ਨਾ; ਜ਼ੁਬਾਨ ਦੇ ਚਸਕੇ। ਕੁੱਤਾ: ਲੋਭ/ਲਾਲਚ ਤੇ ਅਬੁਝ ਭੁੱਖ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਕੂੜ: ਝੂਠ, ਕੁਸੱਤ ਨੂੰ ਜੀਵਨ-ਆਧਾਰ ਬਣਾਉਣਾ, ਬਕਬਾਦ, ਕਪਟ, ਫ਼ਰੇਬ, ਦੰਭ। ਚੂਹੜਾ: ਨੀਚਤਾ ਦਾ ਪ੍ਰਤੀਕ, ਨੀਚ ਕਰਮੀ, ਘਰਾਂ ਦਾ ਗੰਦ ਚੁੱਕਣ ਵਾਲਾ, ਚੰਡਾਲ। ਠਗਿ: ਠੱਗ ਕੇ; ਠੱਗਣਾ=ਛਲ/ਕਪਟ ਨਾਲ ਦੂਸਰੇ ਦੀ ਕਮਾਈ ਬਟੋਰਨੀ। ਮੁਰਦਾਰ: ਦੂਸਰੇ ਦੀ ਕਮਾਈ ਜੋ, ਦਾਰਸ਼ਨਿਕ ਦ੍ਰਿਸ਼ਟੀ ਤੋਂ, ਮੁਰਦੇ ਦੀ ਤਰ੍ਹਾਂ ਨਾਪਾਕ/ਅਪਵਿੱਤਰ ਹੈ। ਪਰ ਮਲੁ: ਪਰ=ਪਰਾਈ+ਮਲੁ=ਭੰਡੀ/ਨਿੰਦਾ, ਦੂਸਰਿਆਂ ਦਾ ਭੰਡੀ-ਪ੍ਰਚਾਰ, ਪਰਾਈ ਨਿੰਦਾ। ਮੁਖਿ: ਮੂੰਹ ਵਿੱਚ, ਜ਼ੁਬਾਨ ਉੱਤੇ। ਸੁਧੀ: ਪੂਰੀ ਦੀ ਪੂਰੀ, ੧੦੦%। ਅਗਨਿ ਕ੍ਰੋਧੁ: ਗੁੱਸੇ ਦੀ ਅੱਗ। ਚੰਡਾਲੁ: ਤਾਮਸੀ ਲੱਛਣਾਂ ਵਾਲਾ, ਕੁਕਰਮੀ, ਹਰਾਮੀ, ਦੋਗਲਾ, ਬ੍ਰਾਹਮਣੀ ਦੀ ਕੁੱਖੋਂ ਚੌਥੇ ਵਰਣ ਦੇ ਮਰਦ ਦੀ ਔਲਾਦ। ਰਸ: ਜੀਭ ਦੇ ਚਸਕੇ। ਕਸ: ਸ਼ਰਾਬ ਆਦਿ ਨਸ਼ੇ। ਆਪੁ ਸਲਾਹਣਾ: ਆਪਣੀ ਵਡਿਆਈ ਆਪ ਕਰਨੀ। ੧।

ਬਾਬਾ: ਪਿਤਾ-ਪਰਮਾਤਮਾ। ਪਤਿ: ਆਦਰ ਮਾਨ, ਇੱਜ਼ਤ। ਊਤਮ: ਸ੍ਰੇਸ਼ਠ। ਨੀਚ ਕਰਮ: ਦੁਸ਼ਕਰਮ, ਬੁਰੇ ਅਨੈਤਿਕ ਕਰਮ। ੧। ਰਹਾਉ।

ਰਸੁ: ਸੁਆਦ, ਝਸ, ਚਸਕਾ। ਰੁਪਾ: ਚਾਂਦੀ। ਕਾਮਣਿ: ਸੁੰਦਰ ਇਸਤ੍ਰੀ। ਕਾਮਣਿ ਰਸੁ: ਕਾਮ-ਰਸ। ਪਰਮਲ: ਕਈ ਖ਼ੁਸ਼ਬੂਆਂ ਦੀ ਮਿੱਸ, ਸੁਗੰਧੀਆਂ ਦਾ ਮਿਸ਼ਰਨ। ਵਾਸੁ: ਖ਼ੁਸ਼ਬੂ, ਸੁਗੰਧੀ। ਸੇਜਾ: ਕਾਮ-ਕ੍ਰੀੜਾ ਲਈ ਆਰਾਮ-ਦੇਹ ਆਸਨ। ਮੰਦਰ: ਇਸ਼ਟ-ਘਰ (ਮੰਦਰ, ਮਸਜਿਦ, ਗੁਰੂਦਵਾਰੇ ਆਦਿ); ਅਮੀਰਾਂ ਦੀ ਰਿਹਾਇਸ਼-ਗਾਹ, ਮੰਡਪ-ਮਾੜੀਆਂ। ਕੈ: ਕਿਸ। ਘਟਿ: ਹਿਰਦੇ/ਮਨ ਵਿੱਚ। ੨।

ਪਰਵਾਣੁ: ਕਬੂਲ। ਫਿਕਾ ਬੋਲਿ: ਬਦ-ਜ਼ੁਬਾਨੀ ਕਰਕੇ, ਕੁਬੋਲ ਬੋਲਿਆਂ। ਵਿਗੁਚਣਾ: ਨਮੋਸ਼ੀ ਹੋਣੀ, ਛੋਟਾ ਹੋਣਾ, ਖੁਆਰ ਹੋਣਾ। ਅਜਾਣਿ: ਬੁੱਧਿ-ਹੀਣ, ਅਗਿਆਨੀ। ਸੁਆਲਿਹੁ: ਪ੍ਰਸ਼ੰਸਾ-ਯੋਗ, ਸ਼ੋਭਾ ਵਾਲਾ, ਸੁੰਦਰ। ਰਾਚਹਿ: ਲੀਨ/ਮਸਤ ਹੁੰਦਾ ਹੈ। ਦਾਨਿ: ਦਿੱਤੀਆਂ ਦਾਤਾਂ ਵਿੱਚ। ਨਾਇ: ਨਾਮ-ਸਿਮਰਨ ਵਿੱਚ। ੪।

ਭਾਵ ਅਰਥ:- ਹੇ ਮੇਰੇ ਸਿਰਜਨਹਾਰ! ਤੇਰੇ ਸਿਰਜੇ ਮਨੁੱਖ ਦੀਆਂ ਕਾਲੀਆਂ ਕਰਤੂਤਾਂ ਇਹ ਹਨ: ਇਹ ਕੁੱਤੇ ਦੀ ਤਰ੍ਹਾਂ ਭੁੱਖੜ ਤੇ ਲਾਲਚੀ ਹੈ, ਨੀਚ-ਕਰਮੀਆਂ ਦੀ ਤਰ੍ਹਾਂ ਝੂਠਾ ਹੈ ਅਤੇ ਦੂਸਰਿਆਂ ਦੀ ਕਮਾਈ, ਜੋ ਕਿ ਮੁਰਦਾਰ ਦੀ ਤਰ੍ਹਾਂ ਨਾਪਾਕ ਹੈ, ਛਲ ਫ਼ਰੇਬ ਨਾਲ ਠੱਗ ਕੇ ਖਾਂਦਾ ਹੈ। ਇਸ ਦੇ ਮੂੰਹ ਵਿੱਚ (ਜ਼ੁਬਾਨ `ਤੇ) ਦੂਜਿਆਂ ਦੀ ਨਿੰਦਾ ਦੇ ਸਿਵਾ ਹੋਰ ਕੁੱਝ ਨਹੀਂ, ਅਤੇ (ਈਰਖਾ ਕਾਰਣ ਉਪਜੀ) ਕ੍ਰੋਧ ਦੀ ਅੱਗ ਨੇ ਇਸ ਨੂੰ ਚੰਡਾਲ ਦਾ ਰੂਪ ਦੇ ਦਿੱਤਾ ਹੈ। (ਬੇਸੁਰਾ) ਖਾਣ ਤੇ ਸ਼ਰਾਬ ਆਦਿ ਨਸ਼ਿਆਂ ਦੇ ਚਸਕੇ ਅਤੇ ਆਪਣੀ ਵਡਿਆਈ ਆਪ ਕਰਨਾ/ਕਰਵਾਉਣਾ ਵੀ ਇਸ ਦੀਆਂ ਬੁਰੀਆਂ ਵਾਦੀਆਂ ਹਨ। ੧।

ਹੇ ਪਰਮ ਪਿਤਾ ਪ੍ਰਭੂ! ਤੇਰੇ ਦਰ `ਤੇ ਸਚਿਆਰ (ਸਦਗੁਣੀ) ਮਨੁੱਖਾਂ ਨੂੰ ਹੀ ਸ੍ਰੇਸ਼ਠ ਕਿਹਾ ਜਾਂਦਾ ਹੈ; ਅਤੇ ਨੀਚ-ਕਰਮੀ (ਆਪਣੀਆਂ ਕੀਤੀਆਂ ਕਾਲੀਆਂ ਕਰਤੂਤਾਂ ਦੇ ਪਛਤਾਵੇ ਵਿੱਚ) ਰੋਣ-ਧੋਣ ਜੋਗੇ ਹੀ ਰਹਿ ਜਾਂਦੇ ਹਨ। ੧। ਰਹਾਉ।

ਵਿਭਚਾਰੀ ਮਨੁੱਖ ਨੂੰ ਕਈ ਝਸ ਹੁੰਦੇ ਹਨ: ਸੋਨੇ ਚਾਂਦੀ ਦੀ ਲਾਲਸਾ, ਸੁੰਦਰ ਇਸਤ੍ਰੀ ਲਈ ਕਾਮ-ਚੇਸ਼ਟਾ, ਸੁਗੰਧੀਆਂ ਦੀ ਖ਼ੁਸ਼ਬੂ ਦਾ ਸ਼ੌਕ। (ਦੁਨਿਆਵੀ ਪੈਂਠ ਜਮਾਉਣ ਵਾਸਤੇ ਕੀਮਤੀ) ਘੋੜੇ ਰੱਖਣ ਦੀ ਰੁਚੀ, ਅਯਾਸ਼ੀ ਵਾਸਤੇ ਆਲੀਸ਼ਾਨ ਮਕਾਨ ਤੇ (ਕਾਮ-ਕ੍ਰੀੜਾ ਲਈ) ਵਿਲਾਸਮਈ ਸੁਖਾਵੇਂ ਬਿਸਤਰ ਦੀ ਖਿੱਚ, ਮਿਠਿਆਈਆਂ ਤੇ ਮਾਸ ਖਾਣ ਦਾ ਚਸਕਾ। ਜਿਸ ਮਨੁੱਖ ਦੇ ਸਰੀਰ ਨੂੰ ਇਤਨੇ ਚਸਕੇ ਚੰਮੜੇ ਹੋਣ, ਉਸ ਦੇ ਹਿਰਦੇ ਵਿੱਚ ਹਰਿ-ਨਾਮ ਦਾ ਵਾਸ ਕਿਵੇਂ ਹੋ ਸਕਦਾ ਹੈ। ੨।

(ਮਨੁੱਖ ਨੂੰ) ਉਹੀ (ਪਰਮਾਰਥੀ ਤੇ ਸ਼ੁਭ) ਬੋਲ ਬੋਲਣੇ ਚਾਹੀਦੇ ਹਨ ਜਿਨ੍ਹਾਂ ਸਦਕਾ ਉਸ ਦੇ ਦਰਬਾਰ `ਚ ਪ੍ਰਵਾਣਗੀ ਅਤੇ ਸੱਚੀ ਸੋਭਾ ਮਿਲੇ। ਹੇ ਅਬੋਧ ਮੂੜ੍ਹ ਮਨ! (ਹਰਿਨਾਮ-ਰਸ ਤੋਂ ਸੱਖਣੇ) ਨੀਰਸ ਤੇ ਕੁਬੋਲ ਬੋਲ ਬੋਲਿਆਂ ਖੁਆਰ ਤੇ ਖੀਣੇ ਹੋਈਦਾ ਹੈ। (ਪਰਮਾਰਥੀ ਕਰਮ ਕਰਨ ਵਾਲੇ) ਜੋ ਮਨੁੱਖ ਉਸ (ਪ੍ਰਭੂ) ਨੂੰ ਚੰਗੇ ਲਗਦੇ ਹਨ, ਉਹ ਮਨੁੱਖ ਹੀ ਉਸ ਦੇ ਦਰਬਾਰ ਵਿੱਚ ਸੱਚੀ ਸੋਭਾ ਪਾਉਂਦੇ ਹਨ। ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬੋਲਾਂ ਤੋਂ ਬਿਨਾਂ ਹੋਰ ਸਭ ਕਹਿਣੀ-ਕਥਨੀ ਨੀਰਸ ਤੇ ਨਿਰਾਰਥਕ ਹੈ।। ੩।

ਉਹ ਮਨੁੱਖ ਗਿਆਨਵਾਨ, ਸੋਭਾਵਾਨ ਤੇ ਧਨਵਾਨ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਸਮਾਇਆ ਹੋਇਆ ਹੈ। ਅਜਿਹੇ ਪਰਮਾਰਥੀ ਮਨੁੱਖਾਂ ਨੂੰ ਸੰਸਾਰਕ ਸ਼ਲਾਘਾ ਦੀ ਕੋਈ ਲੋੜ ਨਹੀਂ। ਉਨ੍ਹਾਂ ਵਰਗਾ ਸੋਭਾਵਾਨ ਹੋਰ ਕੋਈ ਨਹੀਂ। ਹੇ ਨਾਨਕ! (ਸੰਸਾਰਕ ਚਸਕਿਆਂ ਵਿੱਚ ਗ਼ਲਤਾਨ, ਪ੍ਰਭੂ ਤੋਂ ਬੇਮੁਖ) ਮਨੁੱਖ ਉਸ ਦੀ ਕ੍ਰਿਪਾ-ਦ੍ਰਿਸ਼ਟੀ ਤੋਂ ਵਾਂਜੇ ਵਿਰਵੇ ਰਹਿੰਦੇ ਹਨ। (ਤਾਮਸੀ ਸੁਭਾਉ ਕਾਰਣ) ਉਹ ਸਾਰਾ ਜੀਵਨ ਦਾਤੇ ਦੀਆਂ ਦਿੱਤੀਆਂ ਦਾਤਾਂ ਵਿੱਚ ਹੀ ਮਸਤ ਰਹਿੰਦੇ ਹਨ, ਪਰ ਉਸ ਦਾਤੇ ਦੇ ਨਾਮ-ਸਿਮਰਨ ਵਿੱਚ ਨਹੀਂ ਜੁੜਦੇ। ੪।

(ਨੋਟ:- ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਸਾਰੇ ਭਾਰਤ ਵਿੱਚ ਭ੍ਰਿਸ਼ਟਤਾ ਤੇ ਦੁਰਾਚਾਰਤਾ ਦਾ ਬੋਲਬਾਲਾ ਹੈ, ਪਰੰਤੂ ਇੱਥੇ ਅਸੀਂ, ਆਪਣੀ ਪੀੜ੍ਹੀ ਹੇਠ ਸੋਟਾ ਫ਼ੇਰਦਿਆਂ, ਸਿਰਫ਼ ਸਵੈਪੜਚੋਲ ਹੀ ਕਰਨੀ ਹੈ।)

ਉਪਰ ਵਿਚਾਰੇ ਗਏ ਸ਼ਬਦ ਦੇ ਸ਼ੀਸ਼ੇ ਵਿੱਚ ਵੇਖਿਆਂ ਸਾਨੂੰ ( ‘ਸਿੱਖਾਂ’ ਨੂੰ) ਆਪਣਾ ਦੰਭੀ ਤੇ ਭ੍ਰਿਸ਼ਟ ਚਿਹਰਾ ਦਿਖਾਈ ਦੇਵੇਗਾ। ਇਉਂ ਲਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਉਕਤ ਸ਼ਬਦ ਵਿੱਚ ਸਮੇਂ ਦੇ ਦੁਰਾਚਾਰੀਆਂ ਵਾਸਤੇ ਵਰਤੇ ਗਏ ਰੂਪਕ ਸਾਡੇ (ਅੱਜ ਦੇ ‘ਸਿੱਖਾਂ) ਵਾਸਤੇ ਹੀ ਵਰਤੇ ਗਏ ਹੋਣ! ਜੇ ਇਹ ਵੀ ਕਹਿ ਦਿੱਤਾ ਜਾਵੇ ਕਿ ਇਹ ਨਾਗਵਾਰ ਰੂਪਕ ਤੇ ਅਣਸੁਖਾਵੇਂ ਵਿਸ਼ੇਸ਼ਣ ‘ਸਿੱਖਾਂ’, ਖ਼ਾਸ ਕਰਕੇ ‘ਸਿਖਾਂ’ ਦੇ ਮੌਕਾ ਪਰਸਤ ਸੁਆਰਥੀ ਲੀਡਰਾਂ, ਦੇ ਗਿਰੇ ਹੋਏ ਕਿਰਦਾਰ ਨੂੰ ਵਿਅਕਤ ਕਰਨ ਲਈ ਕਾਫ਼ੀ ਨਹੀਂ ਹਨ, ਤਾਂ ਇਸ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ!

ਲਬੁ ਕੁੱਤਾ: ਕੁੱਤਾ ਲੋਭ-ਲਾਲਚ ਦਾ ਪ੍ਰਤੀਕ ਕਿਹਾ ਜਾਂਦਾ ਹੈ; ਪਰੰਤੂ ਉਸ ਦੀ ਇਹ ਵਾਦੀ ਉਸ ਦੇ ਪੇਟ ਦੀ ਭੁੱਖ ਤਕ ਹੀ ਸੀਮਤ ਹੁੰਦੀ ਹੈ। ਕੁੱਤੇ ਦੇ ਲਾਲਚੀ ਸੁਭਾਉ ਨੂੰ ਮਾਤ ਪਾਉਂਦੇ ਹੋਏ, ਸਾਡੇ ਹੱਡ-ਰਖ ਲੋਭੀ ਧਾਰਮਿਕ ਨੇਤਾ ਗੋਗੜਾਂ ਤੂੜਣ ਤੋਂ ਬਿਨਾਂ ਧਨ ਦੇ ਅੰਬਾਰ ਇਕੱਠੇ ਕਰਨ ਤੇ ਨਾਜਾਇਜ਼ ਢੰਗ ਨਾਲ ਜਾਇਦਾਦਾਂ ਹੜੱਪਣ ਵਿੱਚ ਲੱਗੇ ਹੋਏ ਹਨ। ਇਸ ਸੱਚ ਦੀ ਤਾਜ਼ਾ ਮਿਸਾਲ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਤੇ ਹਰਿਆਣਾ ਸ਼ਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ ਗੋਲਕਾਂ ਦੀ ਖ਼ਾਤਿਰ ਚਲ ਰਹੀ ਆਪਸੀ ਖਿੱਚੋ-ਤਾਨ ਤੇ ਖ਼ਾਨਾਜੰਗੀ ਹੈ। ਇਸ ਕਥਨ ਦੀ ਪੁਸ਼ਟੀ ਲਈ ਅਣਗਿਣਤ ਪ੍ਰਮਾਣ ਹੋਰ ਵੀ ਦਿੱਤੇ ਜਾ ਸਕਦੇ ਹਨ। ਗੁਰੂਦਵਾਰਿਆਂ ਦੀਆਂ ਗੋਲਕਾਂ ਦੇ ਕਬਜ਼ੇ ਵਾਸਤੇ ਸੰਸਾਰ ਦੇ ਹਰ ਗੁਰੂਦਵਾਰੇ ਵਿੱਚ ਇਹ ਲੋਭੀ ਲੋਕ ਜੂਤ-ਪਤਾਂਗ ਹੁੰਦੇ, ਇੱਕ ਦੂਜੇ ਦੀਆਂ ਪੱਗਾਂ ਉਛਾਲਦੇ, ਜੂੰਡੇ ਪੁੱਟਦੇ ਤੇ ਸਿਰ ਪਾੜਦੇ ਰਹਿੰਦੇ ਹਨ। ਗੋਲਕ ਪ੍ਰਬੰਧਕ ਕਮੇਟੀਆਂ ਸੰਗਤਾਂ ਦਾ ਅਰਬਾਂ ਰੁਪਇਆ ਕਚਹਿਰੀਆਂ ਵਿੱਚ ਵਕੀਲਾਂ ਨੂੰ ਲੁਟਾ ਰਹੀਆਂ ਹਨ। ਚੋਰੀ ਦਾ ਮਾਲ, ਲਾਠੀਆਂ ਦੇ ਗਜ!

ਕੂੜੁ ਚੂਹੜਾ: ਕੂੜ ਕਪਟ ਕਮਾਉਣ ਵਿੱਚ ਸਾਡੇ ਦੰਭੀ ਨੇਤਾ ਅਤੇ ਉਨ੍ਹਾਂ ਦੇ ਜ਼ਮੀਰ-ਮਰੇ ਝੋਲੀਚੁਕਾਂ ਨੂੰ ਸ਼ਾਇਦ ਹੀ ਕੋਈ ਮਾਤ ਪਾ ਸਕਦਾ ਹੋਵੇ! ਸਦੀਆਂ ਪਹਿਲਾਂ ਸਮੇਂ ਦੇ ਦੁਰਾਚਾਰੀਆਂ ਵਾਸਤੇ ਉਚਾਰੇ ਗਏ ਗੁਰੁ-ਸ਼ਬਦ ਅੱਜ ਸਾਡੇ ‘ਸਿੱਖ’ ਨੇਤਾਵਾਂ ਉੱਤੇ ਪੂਰਨ ਤੌਰ `ਤੇ ਲਾਗੂ ਹੁੰਦੇ ਹਨ:

ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੈ ਆਹਾਰੁ॥ …

ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ॥ ਅਤੇ,

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥ ……

ਜੇ ਕਿਸੇ ਸੱਜਨ ਨੂੰ ਅੱਜ ਸਿੱਖ ਜਗਤ ਦੇ ਆਸਮਾਨ ਵਿੱਚ ਸਚੁ ਚੰਦ੍ਰਮਾ ਨਜ਼ਰ ਆਵੇ ਤਾਂ ਦੱਸਣਾ, ਅਸੀਂ ਵੀ ਦਰਸ਼ਨ ਕਰ ਲਵਾਂਗੇ!

ਠਗਿ ਖਾਧਾ ਮੁਰਦਾਰੁ: ਗੁਰੂ, ਗੁਰੁਮਤਿ ਤੇ ਗੁਰਮਤਿ ਦੇ ਪ੍ਰਚਾਰ ਅਤੇ ‘ਪੰਥ ਦੀ ਸੇਵਾ’ ਦੇ ਨਾਂ `ਤੇ ਠੱਗ ਕੇ (ਮੁਰਦਾਰ) ਖਾਣ ਦੇ ਅਧਰਮ ਨੂੰ ਸਿਖਮਤਿ ਦੇ ਕੂੜ ਠੇਕੇਦਾਰਾਂ ਨੇ ਆਪਣਾ ਧਰਮ ਬਣਾ ਲਿਆ ਹੈ। ਇਹ ਸੱਚ ਕਿਸੇ ਤੋਂ ਲੁਕਿਆ ਨਹੀਂ!

ਸਾਡੇ ਅੰਦਰ ‘ਰਸ ਕਸ’ ਦੀ ਵਾਦੀ ਦੀ ਇੰਤਿਹਾ ਦਾ ਅੰਦਾਜ਼ਾ ਇਸ ਸੱਚ ਤੋਂ ਲਾਇਆ ਜਾ ਸਕਦਾ ਹੈ ਕਿ ਅਕਾਲੀਆਂ ਦੇ ਰਾਜ ਵਿੱਚ ‘ਸਿੱਖਾਂ’ ਦਾ ਨਾਮ-ਧ੍ਰੀਕ ਪੰਜਾਬੀ ਸੂਬਾ ਨਸ਼ਿਆਂ ਦੀ ਤਸਕਰੀ ਤੇ ਖਪਤ ਵਿੱਚ ਸੰਸਾਰ ਵਿੱਚ ਪਹਿਲੇ ਨੰਬਰ `ਤੇ ਹੈ! ‘ਸਿੱਖਾਂ’ ਦੀ ਇਸ ‘ਖ਼ੁਸ਼ਹਾਲੀ’ ਦਾ ਸਿਹਰਾ ਅਕਾਲੀ ਲੀਡਰਾਂ ਤੇ ਗੁਰੂਦਵਰਾ ਪ੍ਰਬੰਧਕ ਕਮੇਟੀਆਂ ਦੇ ਕਈ ਕਾਰਕੁਨਾਂ ਦੇ ਸਿਰ ਬੰਨ੍ਹਿਆ ਜਾ ਰਿਹਾ ਹੈ!

‘ਸਿੱਖਾਂ’ ਅੰਦਰ ‘ਆਪੁ ਸਲਾਹਣਾ’ ਦਾ ਝਸ ਤੇ ਪਰਾਈ ਨਿੰਦਾ ਦੀ ਵਾਦੀ ਚਰਮ-ਸੀਮਾ ਤਕ ਪਹੁੰਚ ਚੁੱਕੇ ਹਨ। ਝੂਠੀ ਸ਼ੁਹਰਤ ਦੇ ਭੁੱਖੇ ‘ਆਪਣੇ ਮੂੰਹੋਂ ਮੀਆਂ ਮਿੱਠੂ’ ਦੰਭੀ ਆਗੂਆਂ ਨੇ ਜੂਠ-ਖ਼ੋਰੇ ਪਾਲ ਰੱਖੇ ਹਨ ਜੋ ਇਨ੍ਹਾਂ ਦੁਆਰਾ ਚਾਲੂ ਕੀਤੇ ਸੰਚਾਰ-ਸਾਧਨਾਂ (ਸਮਾਚਾਰ ਪੱਤਰਾਂ, ਵੈਬਸਾਇਟਾਂ, ਰੇਡੀਓ ਸਟੇਸ਼ਨਾਂ, ਯੂ ਟਿਯੂਬ ਤੇ ਬਲਾਗਾਂ ਆਦਿ) ਰਾਹੀਂ ਆਪਣੇ ਆਕਾਵਾਂ, ਆਪਣੀ ਤੇ ਆਪਣੇ ਜੁੰਡੀਦਾਰਾਂ ਦੀ ਝੂਠੀ ਵਡਿਆਈ ਤੇ ਦੂਜਿਆਂ ਦੀ ਆਧਾਰ ਰਹਿਤ ਨਿੰਦਾ ਕਰਦੇ ਥੱਕਦੇ ਨਹੀਂ। ਖ਼ੁਸ਼ਾਮਦੀਆਂ ਤੋਂ ਪ੍ਰਾਪਤ ਕੀਤੀਆਂ ਪਦਵੀਆਂ ਤੇ ਭਾਂਤ ਭਾਂਤ ਦੇ ਖ਼ਿਤਾਬਾਂ (ਸੰਤ ਬਾਬਾ, ਸਤਿਗੁਰੂ, ਮਹਾਂਰਾਜ, ਸ਼੍ਰੀ ਸ਼੍ਰੀ ੧੦੦੮, ਫ਼ਖ਼ਰੇ ਕੌਮ, ਪੰਥ-ਰਤਨ, ਪੰਥ-ਸੇਵਕ ਤੇ ਪੰਥ ਦਾ ਦਾਸ ਆਦਿ) ਅਤੇ ਸਿਰੋਪਿਆਂ ਆਦਿ ਦੀ ਹਉਮੈ-ਧੂੜ ਵਿੱਚ ਗੁਰਮਤਿ ਕਿਤੇ ਵੀ ਦਿਖਾਈ ਨਹੀਂ ਦਿੰਦੀ।

ਅਗਨਿ ਕ੍ਰੋਧੁ ਚੰਡਾਲੁ ਦੇ ਪ੍ਰਸੰਗ ਵਿੱਚ ਜਿਤਨਾ ਵੀ ਕਿਹਾ ਜਾਵੇ ਥੋੜਾ ਹੈ! ਜਥੇਦਾਰਾਂ ਤੋਂ ਲੈ ਕੇ ਸਾਧਾਰਨ ਚੋਬਦਾਰਾਂ ਤਕ ਅਤੇ ਲਗ ਪਗ ਸਾਰੇ ‘ਸਿੱਖਾਂ’ ਵਿੱਚ ਇਹ ਮਾਰੂ ਵਾਦੀ ਦੇਖੀ ਜਾ ਸਕਦੀ ਹੈ। ਇਸ ਕਥਨ ਦੀ ਪੁਸ਼ਟੀ ਵਾਸਤੇ ਕੁੱਝ ਮਹੀਨੇ ਪਹਿਲਾਂ ਮੀਡੀਏ ਵਿੱਚ ਦਿਖਾਈ ਗਈ ਪਟਨੇ ਦੇ ‘ਜਥੇਦਾਰ’ ਇਕਬਾਲ ਸਿੰਘ ਦੇ ਲਹੂ-ਲੁਹਾਨ ਪਾਟੇ ਸਿਰ ਦੀ ਫ਼ੋਟੋ ਅਤੇ 6 ਜੂਨ, 2014 ਨੂੰ ‘ਅਕਾਲ ਤਖ਼ਤ’ ਉੱਤੇ ਕਿਰਪਾਨਾਂ, ਨੇਜ਼ਿਆਂ ਤੇ ਚੋਬਾਂ ਨਾਲ ਹੋਈ ਖ਼ਾਨਾਜੰਗੀ ਦੀਆਂ ਵਿਡੀਓ, ਜੋ ਕਿ ਟੀ: ਵੀ: `ਤੇ ਸਾਰੀ ਮਨੁੱਖਤਾ ਨੂੰ ਵਿਖਾਈਆਂ ਗਈਆਂ ਅਤੇ ਵੈਬਸਾਈਟਾਂ ਅਤੇ ਯੂ ਟਿਯੂਬ ਆਦਿ ਉੱਤੇ ਪੇਸਟ ਕੀਤੀਆਂ ਗਈਆਂ, ਕਾਫ਼ੀ ਹਨ। ਅਗਨਿ ਕ੍ਰੋਧੁ ਚੰਡਾਲੁ ਦਾ ਅਜਿਹਾ ਘਿਣਾਉਣਾ ਨਜ਼ਾਰਾ ਸੰਸਾਰ ਦੇ ਲਗ ਪਗ ਹਰ ਗੁਰੂਦਵਾਰੇ ਵਿੱਚ ਵੇਖਣ ਨੂੰ ਮਿਲਦਾ ਰਹਿੰਦਾ ਹੈ।

ਗੁਰੁ-ਹੁਕਮ ਹੈ: ਕੋਉ ਨ ਵਡਾ ਮਾਇਆ ਵਡਿਆਈ॥ ਸੋ ਵਡਾ ਜਿਨਿ ਰਾਮ ਲਿਵ ਲਾਈ॥ ਇਸ ਹੁਕਮ ਦੀ ਘੋਰ ਅਵੱਗਿਆ ਕਰਦੇ ਹੋਏ ਸਾਡੇ ਜ਼ਮੀਰ ਮਰੇ ਮਾਇਆਧਾਰੀ ‘ਸਿੱਖ’ ਨੇਤਾ ਅਤੇ ਉਨ੍ਹਾਂ ਦੇ ਝੋਲੀਚੁਕ ਪਿਛਲੱਗ, ਰਾਮ ਨਾਲ ਲਿਵ ਲਾਉਣ ਦੀ ਬਜਾਏ ਰਾਮ ਦੇ ਨਾਂ ਤੇ ਮਾਇਆ ਠੱਗਣ ਵਿੱਚ ਲੱਗੇ ਹੋਏ ਹਨ। ਮਹਿੰਗੀਆਂ ਕਾਰਾਂ ਵਿਸ਼ਾਲ ਮਹਿਲ ਨੁਮਾ ਕੋਠੀਆਂ ਤੇ ਇਨ੍ਹਾਂ ਵਿੱਚ ਕਾਮ-ਕ੍ਰੀੜਾ ਤੇ ਅਯਾਸ਼ੀ ਦਾ ਸਾਜ਼ ਓ ਸਾਮਾਨ ਅਤੇ ਮਾਇਆ ਦੇ ਅੰਬਾਰ ਇਕੱਠੇ ਕਰਨ ਵਿੱਚ ਲੱਗੇ ਹੋਏ ਹਨ। ਕਈ ਕਿਰਤ ਤੋਂ ਕੰਨੀਂ ਕਤਰਾਉਣ ਵਾਲੇ ‘ਪੰਥ-ਸੇਵਕਾਂ’ ਤੇ ‘ਪੰਥ ਦੇ ਦਾਸਾਂ’ ਕੋਲ ਕ੍ਰੋੜਾਂ ਅਰਬਾਂ ਦੀ ਸੰਪਤੀ ਕਹੀ ਜਾਂਦੀ ਹੈ!

ਇੱਥੇ ਇਹ ਲਿਖ ਦੇਣਾ ਵੀ ਜ਼ਰੂਰੀ ਹੈ ਕਿ ਗੁਰੂ (ਗ੍ਰੰਥ), ਗੁਰਮਤਿ ਅਤੇ ਗੁਰਸਿੱਖਾਂ ਨੂੰ ਅਪਮਾਨਿਤ ਕਰਨ ਵਾਸਤੇ ਗੁਰਮਤਿ ਅਤੇ ਗੁਰਸਿੱਖੀ ਦੇ ਦੁਸ਼ਮਨਾਂ ਵੱਲੋਂ ਕਈ ਤਰ੍ਹਾਂ ਦੇ ਹਮਲੇ ਕੀਤੇ ਜਾ ਰਹੇ ਹਨ। ਅਤਿ ਕਸ਼ਟਦਾਇਕ ਸੱਚ ਤਾਂ ਇਹ ਹੈ ਕਿ ਇਨ੍ਹਾਂ ਦੁਸ਼ਮਨਾਂ ਦੇ ਹਥਿਆਰ ਸਾਡੇ ਗ਼ੱਦਾਰ ਨੇਤਾ ਹੀ ਹਨ। ਅਕਾਲੀ ਸ਼ਾਸਕ ਕੁਰਸੀਆਂ ਦੀ ਖ਼ਾਤਿਰ ਕੱਟੜਵਾਦੀ ਬੀ: ਜੇ: ਪੀ: ਤੇ ਆਰ: ਐਸ: ਐਸ: ਦੇ ਗ਼ੁਲਾਮ ਬਣੇ ਹੋਏ ਹਨ ਅਤੇ ਉਨ੍ਹਾਂ ਦੇ ਇਸ਼ਾਰੇ ਤੇ ਗੁਰਮਤਿ ਅਤੇ ਸੱਚੀ ਸਿੱਖੀ ਦਾ ਅੰਤ ਕਰਨ `ਤੇ ਤੁਲੇ ਹੋਏ ਹਨ। ਅਖਾਉਤੀ ਜਥੇਦਾਰ ਤੇ ਸ਼ਿਰੋਮਣੀ ਕਮੇਟੀਆਂ ਦੇ ਕਾਰਕੁਨ, ਗੋਲਕਾਂ ਤੇ ਗੱਦੀਆਂ ਦੀ ਲਾਲਸਾ ਕਾਰਣ, ਅਕਾਲੀਆਂ ਦੀਆਂ ਕਠਪੁਤਲੀਆਂ ਬਣ ਕੇ ਰਹਿ ਗਏ ਹਨ। ਅਤੇ ਇਨ੍ਹਾਂ ਕਮੇਟੀਆਂ ਅਧੀਨ ਕੰਮ ਕਰਨ ਵਾਲੇ ਕਰਮਚਾਰੀ (ਭਾਈ, ਗ੍ਰੰਥੀ, ਰਾਗੀ, ਪ੍ਰਚਾਰਕ ਤੇ ਸੇਵਾਦਾਰ ਆਦਿ) ਵੀ ਆਪਣੇ ਮਾਲਿਕਾਂ (employers) ਦੇ ਪਗ-ਚਿੰਨ੍ਹਾਂ ਉੱਤੇ ਹੀ ਚਲ ਰਹੇ ਹਨ। ਅਜਿਹੀ ਖ਼ੌਫ਼ਨਾਕ ਤੇ ਨਿਰਾਸ਼ਾਜਨਕ ਸਥਿਤੀ ਵਿੱਚ ਗੁਰੁਸਿੱਖਾਂ ਦਾ ਰੱਬ ਹੀ ਰਾਖਾ ਹੋ ਸਕਦਾ ਹੈ!

ਗੁਰਇੰਦਰ ਸਿੰਘ ਪਾਲ

ਅਗਸਤ 24, 2014.




.