.

“ਜਪੁ ਬਾਣੀ ਅਰਥ ਭਾਵ ਉਚਾਰਣ ਸੇਧਾਂ ਸਹਿਤ”

॥ਜਪੁ॥

‘ਜਪੁ’ ਨੂੰ ਲਗਾ ਔਂਕੜ ਇਕਵਚਨ ਪੁਲਿੰਗ ਨਾਂਵ ਦਾ ਸੂਚਕ ਹੈ ਗੁਰਬਾਣੀ ਵਿਚ ‘ਜਪ’ ਪਦ 39 ਵਾਰ ਆਇਆ ਹੈ ਅਤੇ ਹਰ ਥਾਂ ਤੇ ਬਹੁਵਚਨ ਪੁਲਿੰਗ ਅਤੇ ਕਿਰਿਆ ਵਿਸ਼ੇਸ਼ਣ ਵਜੋਂ ਆਇਆ ਹੈ, ‘ਜਪਿ’ ਪਦ 439 ਵਾਰ ‘ਕਿਰਿਆ, ਕਿਰਦੰਤ, ਕਾਰਕੀ ਰੂਪ ਵਜੋਂ ਗੁਰਬਾਣੀ ਵਿਚ ਆਇਆ ਹੈ ਅਤੇ ‘ਜਪੁ’ ਗੁਰਬਾਣੀ ਵਿਚ 96 ਵਾਰ ਆਇਆ ਹੈ ਅਤੇ ਇਕ ਵਚਨ ਪੁਲਿੰਗ ਨਾਂਵ ਦਾ ਸੂਚਕ ਹੈ ਸੋ ਇਥੇ ਆਇਆ ‘ਜਪੁ’ ਪਦ ਇਸ ਗੁਰਬਾਣੀ ਦੇ ਸਿਰਲੇਖ ਵਜੋਂ ਹੈ ਇਸ ਦਾ ਉਚਾਰਣ ‘ਜਪੋ’ ਕਰਨਾ ਅਸ਼ੁਧ ਹੈ, ਹੱਥ ਲਿਖਤ ਬੀੜਾਂ ਦੇ ਤਤਕਰਿਆਂ ਵਿਚ ‘ਜਪੁ ਨਿਸਾਣ’ ਸਿਰਲੇਖ ਵਜੋਂ ਅੰਕਿਤ ਹੋਇਆ ਮਿਲਦਾ ਹੈ ਜਿਸ ਤੋਂ ਭਾਵ ਹੈ ਕਿ ਇਹ ਬਾਣੀ ਦਾ ਨਾਮ ਹੈ| ‘ਜਪੁ’ ਪਦ ਦੇ ਅਗੇਤਰ ਅਤੇ ਪਿਛੇਤਰ ਲਗੇ ਦੋ ਡੰਡੇ (ਪੂਰਨ ਵਿਰਾਮ) ਇਹ ਸਿੱਧ ਕਰਦੇ ਹਨ ਕਿ ਇਸ ਪਦ ਦਾ ‘ਗੁਰ ਪ੍ਰਸਾਦਿ’ ਨਾਲ ਕੋਈ ਸੰਬੰਧ ਨਹੀਂ ਹੈ

“ਆਦਿ ਸਚੁ ਜੁਗਾਦਿ ਸਚੁ”

ਆਦਿ- {ਕਿਰਿਆ ਵਿਸ਼ੇਸ਼ਣ}ਇਹ ਲਫ਼ਜ਼ ‘आदी’ ਤੋਂ ਬਣਿਆਂ ਹੈ ਸਿਹਾਰੀ ਮੂਲਕ ਤੋਰ ਤੇ ਆਈ ਹੈ ਇਸਦਾ ਅਰਥ ਹੈ ਆਦਿ ਕਾਲ ਤੋਂ ਮੁਢ ਤੋਂ ਜਗਤ ਉਤਪਤੀ ਤੋਂ ਪਹਿਲਾਂ | ਸਚੁ- ‘ਸਤਿ ਸ਼ਬਦ ਦਾ ਪੰਜਾਬੀ ਰੂਪ, ਸਦੀਵੀ ਹੋਂਦ ਵਾਲਾ| ਜੁਗਾਦਿ- (ਸੰਧੀ) ਜੁਗਾਂ ਦੀ ਹੋਂਦ ਤੋਂ ਪਹਿਲਾਂ

ਅਰਥ:

ਓਅੰਕਾਰ ਬ੍ਰਹਮ ਸਿਸ਼੍ਰਟੀ ਰਚਨਾ ਦੇ ਅਰੰਭ ਤੋਂ ਪਹਿਲਾਂ ਸੱਚ (ਹੋਂਦ ਵਾਲਾ) ਸੀ, ਕਾਲ ਰਚਨਾ ਦੇ ਅਰੰਭ ਤੋਂ ਪਹਿਲਾਂ ਸੱਚ (ਹੋਂਦ ਵਾਲਾ) ਸੀ

“ਹੈ ਭੀ ਸਚੁ, ਨਾਨਕ , ਹੋਸੀ ਭੀ ਸਚੁ॥੧॥

ਹੈ ਭੀ- (ਵਰਤਮਾਨ ਕਾਲ) ਇਸ ਵੇਲੇ ਭੀ ਹੈ| ਹੋਸੀ- (ਭਵਿਖਤ ਕਾਲ) ਹੋਵੇਗਾ

ਅਰਥ:

ਨਾਨਕ ਮੁਹਰ ਛਾਪ ਹੈ , ਹੁਣ ਵਰਤਮਾਨ ਕਾਲ ਵਿਚ ਵੀ ਸੱਚ ਹੈ ਆਉਣ ਵਾਲੇ ਸਮੇਂ ਵਿਚ ਵੀ ਸੱਚ ਹੋਵੇਗਾ॥੧॥

ਉਪਰੋਕਤ ਪੰਕਤੀਆਂ ‘ਆਦਿ ਸਚੁ ਤੋਂ ਲੈ ਕੇ ਨਾਨਕ ਹੋਸੀ ਭੀ ਸਚੁ’ ਤਕ ਇਕ ਸਲੋਕੁ ਹੈ ਇਹ ਸਲੋਕ ਕੇਵਲ ਦੋ ਸਿਹਾਰੀਆਂ ਦੇ ਫਰਕ ਨਾਲ ਬਾਣੀ ਸੁਖਮਣੀ ਵਿਚ ਗੁਰੂ ਅਰਜਨ ਸਾਹਿਬ ਦਾ ਭੀ ਸਲੋਕ ਦਰਜ ਹੈ ਇਸ ਦਾ ਸਾਨੂੰ ਕਿਵੇਂ ਪਤਾ ਲਗਦਾ ਹੈ ਕਿ ਇਹ ਸਲੋਕ ਹੈ ਕਿਸਦਾ ਹੈ?

ਪੁਰਾਤਨ ਟੀਕਿਆਂ ਵਿਚ ਜਿਵੇਂ ਪੋਥੀ ਹਰਿ ਜੀ ਅਤੇ ਚਤੁਰ ਭੁਜ (ਪੁਤਰ ਮਿਹਰਵਾਨ) ਦੀਆਂ ਪੋਥੀਆਂ ਵਿਚ ਇਹ ਸੂਚਨਾ ਮਿਲਦੀ ਹੈ -:

‘ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’

‘ ਏਹੁ ਸਲੋਕੁ ਮੁਢ ਜਪ ਕਾ ਗੁਰੂ ਬਾਬੇ ਨਾਨਕ ਜੀ ਰਖਿਆ’

ਸਾਰੰਸ਼”

ਓਅੰਕਾਰ ਬ੍ਰਹਮ ਦੀ ਨੂਰੀ ਹੋਂਦ ਸਦੀਵੀ ਹੈ ਉਹ ਅਟਲ ਪ੍ਭੂ ਸਦੀਵੀ ਹਸਤੀ ਹੈ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲੇ ਵੀ ਸੀ ਜੁਗਾਂ ਤੋਂ ਪਹਿਲੇ ਭੀ ਉਹ ਹੁਣ ਵੀ ਮੌਜੂਦ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਮੌਜੂਦ ਹੋਵੇਗਾ ਇਥੇ ਇਹ ਭਾਵ ਕਦਾਚਿਤ ਨਹੀਂ ਕਿ ਉਹ ਰੱਬ ਆਦਿ ਮਧ ਅੰਤ ਵਿਚ ਕਾਇਮ ਰਹਿੰਦਾ ਹੈ, ਬਲਕਿ ਇਹ ਭਾਵ ਹੈ ਕਿ ਆਦਿ ਮਧ ਅੰਤ ਸਾਰੇ ਸਮੇਂ ਵਿਚ ਰੱਬ ਸਦਾ ਹੀ ਸਚਾ ਹੈ ਜ਼ੋਰ ਉਸ ਦੇ ਸਚਾ ਹੋਣ ਤੇ ਹੈ ਨਾ ਕਿ ਉਸ ਦੇ ਸਦਾ ਮੌਜੂਦ ਰਹਿਣ ਉੱਤੇ, ਬ੍ਰਹਮ ਸਰਬ ਕਾਲੀ ਦਿੱਬ ਸਰੂਪ ਸਚੁ ਹੈ ਆਪਣੀ ਸਿਰਜੀ ਅਤੇ ਵਿਆਪਕ ਸੱਤਾ ਦੁਆਰਾ ਆਪਣੀ ਰਚੀ ਕੁਲ ਪ੍ਰਕਿਰਤੀ ਵਿਚ ਸਮੱਸਤ ਹੋਇਆ ਪਿਆ ਹੈ|

“ ਸੋਚੈ ਸੋਚਿ ਨ ਹੋਵਈ, ਜੇ ਸੋਚੀ ਲਖ ਵਾਰ”

ਇਸ ਪੰਕਤੀ ਦੇ ਅਰਥਾਂ ਪ੍ਰਤੀ ਵਿਦਵਾਨਾਂ ਵਿਚ ਵਿਚਾਰਕ ਵਿਖਰੇਵਾਂ ਹੈ, ਕੁਝ ਵਿਦਵਾਨ ‘ਸੋਚਿ’ ਦਾ ਅਰਥ ‘ਇਸ਼ਨਾਨ ,ਪਵਿਤ੍ਰਤਾ ਲੈਂਦੇ ਹਨ ਅਤੇ ਕੁਝ ‘ਸੋਚ,ਸਮਝ’ | ਜੇਕਰ ਗੁਰਬਾਣੀ ਵਿਆਕਰਣ ਅਨੁਸਾਰ ਅਰਥ ਵੇਖੇ ਜਾਂਦੇ ਤਾਂ ਸ਼ਾਇਦ ਹੀ ਏਨਾ ਵਿਖਰੇਵਾਂ ਰਹਿੰਦਾ ? ਆਉ ਪਹਿਲਾਂ ਗੁਰਬਾਣੀ ਵਿਆਕਰਣ ਨਿਯਮਾਂਵਲੀ ਅਨੁਸਾਰ ਇਹਨਾਂ ਸ਼ਬਦਾਂ ਨੂੰ ਸਮਝੀਏ -:

‘ਸੋਚੈ’- ਇਹ ਲਫ਼ਜ਼ ਗੁਰਬਾਣੀ ਵਿਚ ਕੇਵਲ ਇਕ ਵਾਰ ਹੀ ਆਇਆ ਹੈ ਗੁਰਬਾਣੀ ਵਿਆਕਰਣ ਅਨੁਸਾਰ ਇਹ ਲਫਜ ‘ਨਾਂਵ ਤੋਂ ਕਰਮ ਕਾਰਕ ‘ਹੈ

‘ ਸੋਚਿ’ - ਇਹ ਪਦ ਗੁਰਬਾਣੀ ਵਿਚ ਕੇਵਲ ‘ਤਿੰਨ’ ਵਾਰ ਹੀ ਆਇਆ ਹੈ -:

“ ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ

ਦਿਲ ਮਹਿ ‘ਸੋਚਿ’ ਬਿਚਾਰਿ ਕਵਾਦੇ , ਭਿਸਤ ਦੋਜਕ ਕਿਨਿ ਪਾਈ (477)

ਸੋਚਿ- ਪੂਰਬ ਪੂਰਣ ਕਿਰਦੰਤ ( ਸੋਚ ਵੀਚਾਰ ਕੇ)

“ ਕਾਜੀ ਸਾਹਿਬੁ ਏਕੁ ਤੇਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ” (483)

ਸੋਚਿ- ਪੂਰਬ ਪੂਰਣ ਕਿਰਦੰਤ ਇਸਤਰੀ ਲਿੰਗ ਇਕਵਚਨ (ਸੋਚ ਵੀਚਾਰ)

“ਸੋਚ”

ਇਹ ਪਦ ਗੁਰਬਾਣੀ ਵਿਚ 24 ਵਾਰ ਆਇਆ ਹੈ ਇਸਦੇ ਅਰਥਾਂ ਦੀ ਪ੍ਰੋਡਤਾ ਲਈ ਕੁਝ ਕੁ ਪੰਕਤੀਆਂ ਦੇ ਦਰਸ਼ਨ ਕਰੀਏ-:

‘ ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ‘ਸੋਚ’ ਨ ਹੋਈ’ (903)

ਸੋਚ - ਇਸਤਰੀ ਲਿੰਗ ਇਕਵਚਨ ਨਾਂਵ ( ਪਵਿਤ੍ਰਤਾ)

‘ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ’ (494)

ਸੋਚ- ਇਸਤਰੀ ਲਿੰਗ ਨਾਂਵ (ਪਵਿਤ੍ਰਤਾ)

‘ ਮਨੁ ਨਹੀ ਸੂਚਾ ਕਿਆ ਸੋਚ ਕਰੀਜੈ’ (905)

ਸੋਚ- ਇਸਤਰੀਲਿੰਗ ਇਕਵਚਨ ਨਾਂਵ (ਪਵਿਤ੍ਰਤਾ)

‘ ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ’

ਸੋਚ- ਇਸਤਰੀ ਲਿੰਗ ਨਾਂਵ ਇਕਵਚਨ (ਪਵਿਤ੍ਰਤਾ)

‘ ਮੇਰੀ ਸੰਗਤਿ ਪੋਚ , ਸੋਚ ਦਿਨੁ ਰਾਤੀ’

ਸੋਚ- ਇਸਤਰੀ ਲਿੰਗ ਨਾਂਵ ਇਕਵਚਨ (ਫਿਕਰ) negative sens

‘ਕਤਿਕ ਹੋਵੈ ਸਾਧਸੰਗ ਬਿਨਸਹਿ ਸਭੇ ਸੋਚ’ (135)

ਸੋਚ- ਇਸਤਰੀ ਲਿੰਗ ਨਾਂਵ ਬਹੁਵਚਨ (ਸਾਰੇ ਫਿਕਰ)

‘ ਸੋਚ ਕਰੈ ਦਿਨਸੁ ਅਰੁ ਰਾਤ’ (265)

ਸੋਚ- (ਪੁਲਿੰਗ ਨਾਂਵ) ਇਸ਼ਨਾਨ

ਗੁਰਬਾਣੀ ਵਿਚ ਇਹ ਪਦ ਜਿਆਦਾ ਤਰ ‘ ਪਵਿਤ੍ਰਤਾ, ਇਸ਼ਨਾਨ ਦੇ ਅਰਥਾਂ ਵਿਚ ਅਤੇ ਕੁਝ ਕੁ ‘ਫਿਕਰ negative sesns ਦੇ ਅਰਥਾਂ ਵਿਚ ਆਇਆ ਹੈ|

ਸੋਚੁ

ਇਹ ਪਦ ਗੁਰਬਾਣੀ ਵਿਚ ਕੇਵਲ ਇਕ ਵਾਰ ਹੀ ਆਇਆ ਹੈ :

‘ਨਾ ਉਸ ਸੋਚੁ, ਨ ਹਮ ਕਉ ਸੋਚਾ’ (391)

ਸੋਚੁ- ਇਸਤਰੀਲਿੰਗ ਇਕਵਚਨ ਨਾਂਵ (ਚਿੰਤਾ)

ਨੋਟ-: ਇਸ ਪਦ ਨੂੰ ਔਂਕੜ ਇਸ ਲਈ ਆਇਆ ਹੈ, ਇਸ਼ਾਰਾ ਪਰਮਾਤਮਾ ਵੱਲ ਹੈ ਵਾਹਿਗੁਰੂ ਪੁਲਿੰਗ ਹੈ ਇਸ ਕਰਕੇ ਔਂਕੜ ਲਾਈ ਗਈ ਹੈ,

ਗੁਰਬਾਣੀ ਦੀ ਸ਼ਬਦੀ ਬਣਤਰ ਤੋਂ ਸਿੱਧ ਹੁੰਦਾ ਹੈ ਕਿ ‘ਸੋਚਿ’ ਪਦ ਗੁਰਬਾਣੀ ਵਿਚ ‘ਸੋਚਣ’ ਦੇ ਅਰਥ ਭਾਵ ਵਿਚ ਹੀ ਆਇਆ ਹੈ ਦੂਜਾ ਪਦ ‘ਸੋਚ’ ਜਿਥੇ ਭੀ ‘ਸੋਚਣ’ ਦੇ ਅਰਥ ਵਿਚ ਆਇਆ ਉਹ ਨੀਵੇਂ ਅਰਥ ਭਾਵ ਵਿਚ ਹੈ ਨਾਂ ਕਿ ਉਚੇ ਅਰਥ ਭਾਵ ਵਿਚ ਸੋ ਗੁਰਬਾਣੀ ਵਿਆਕਰਣ, ਲਗ ਮਾਤ੍ਰੀ ਨਿਯਮਾਂਵਲੀ ਅਨੁਸਾਰ ‘ਸੋਚ ਸਮਝ ਵਿਚ’ ਅਰਥ ਢੁਕਵੇਂ ਹਨ|

ਪੁਰਾਣੇ ਟੀਕੇ ਭਾਵੇਂ ਕਿ ਗੁਰਮਤਿ ਵਿਚਾਰਧਾਰਾ ਦੇ ਵਰੋਧੀ ਸਨ ਜਿਵੇਂ ਕਿ ਮਿਹਰਵਾਨ, ਸਾਧੂ ਅਨੰਦਘਨ ਆਦਿ ‘ਸੋਚਿ’ ਦੇ ਅਰਥ ‘ਸੋਚ ਸਮਝ’ ਹੀ ਲੈਦੇਂ ਹਨ ਇਸੇ ਕਰਕੇ ਪ੍ਰਿ. ਤੇਜਾ ਸਿੰਘ, ਭਾਈ ਰਣਧੀਰ ਸਿੰਘ , ਪ੍ਰੋ. ਮਨਮੋਹਨ ਸਿੰਘ, ਗਿ. ਹਰਬੰਸ ਸਿੰਘ , ਆਦਿ ਭੀ ਅਰਥ ‘ਸੋਚ ਸਮਝ’ ਵਿਚ ਕਰਦੇ ਹਨ| ਪ੍ਰੋ. ਸਾਹਿਬ ਸਿੰਘ ਜੀ ਦੇ ਵੀਚਾਰ ਠੀਕ ਨਹੀਂ ਜਾਪਦੇ ਕਿਉਂਕਿ ਜਦੋਂ ਗੁਰਬਾਣੀ ਵਿਚ ‘ਸੋਚਿ’ ਸ਼ਬਦ ਚਚੇ ਨੂੰ ਸਿਹਾਰੀ ਵਾਲਾ ਸੋਚਣ ਦੇ ਅਰਥਾਂ ਵਿਚ ਗੁਰਬਾਣੀ ‘ਚੋਂ ਮਿਲਦਾ ਹੈ

ਪਦ ਅਰਥ:

ਸੋਚੈ- (ਨਾਂਵ ਤੋਂ ਕਰਮ ਕਾਰਕ) ਸੋਚਣ ਨਾਲ

ਸੋਚਿ- ( ਇਸਤਰੀ ਲਿੰਗ ਨਾਂਵ ਅਧਿਕਰਣ ਕਾਰਕ ਇਕਵਚਨ) ਸੋਝੀ , ਸਮਝ ਵਿਚ | ਸੋਚੀਂ- ( ਉਤਮ ਪੁਰਖ ਇਕਵਚਨ ) ਮੈਂ ਸੋਚਾਂ

ਉਚਾਰਣ ਸੇਧ:

ਬਿੰਦੀ ਸਹਿਤ : ਸੋਚੀਂ, ਲੱਖ:

ਅਰਥ:

ਸੋਚਣ ਨਾਲ (ਓਅੰਕਾਰ ਬ੍ਰਹਮ ਦੀ) ਸਮਝ ਨਹੀਂ ਹੋ ਸਕਦੀ ਭਾਵੇਂ ਮੈਂ ਲੱਖਾਂ ਵਾਰੀ ਪਿਆ ਸੋਚਾਂ, ਸੋਚਣ ਨਾਲ ਉਹ ਸਚ ਸਰੂਪ ਸਮਝ ਦੇ ਵਿਚ ਨਹੀਂ ਆ ਜਾਂਦਾ ਵਾਹਿਗੁਰੂ ਮਨ ਬੁੱਧੀ ਤੇ ਇੰਦਰੀਆਂ ਦੀ ਸੋਚ ਦਾ ਵਿਸ਼ਾ ਨਹੀਂ ਭਾਵੇਂ ਮਨੁੱਖ ਲਖਾਂ ਵਾਰੀ ਪਿਆ ਮੁੜ ਮੁੜ ਸੋਚੇ ! ਕੇਵਲ ਜਜ਼ਬੇ ਦੇ ਰਾਹੀਂ ਉਸ ਦੀ ਹੋਂਦ ਨੂੰ ਪਛਾਣ ਸਕਦੇ ਹਾਂ

ਬੇਨਤੀ :

ਕੋਈ ਵੀ ਪ੍ਰਾਣੀ ਗੁਰਬਾਣੀ ਦੇ ਸਹੀ ਅਰਥ ਕਰਨ ਦਾ ਦਾਅਵਾ ਨਹੀਂ ਬੰਨ੍ਹ ਸਕਦਾ ਜਿੰਨੀ ਜਿੰਨੀ ਡੂੰਘੀ ਚੁਭੀ ਕੋਈ ਪ੍ਰਾਣੀ ਗੁਰਬਾਣੀ ਰੂਪ ਸਮੁੰਦਰ ਵਿਚ ਮਾਰ ਸਕੇ , ਓਨੇ ਹੀ ਸਾਰਥਕ ਅਰਥ ਕਰਨ ਦੀ ਸਤਿ ਗੁਰਾਂ ਵਲੋਂ ਬਖ਼ਸ਼ਸ਼ ਹੁੰਦੀ ਹੈ, ਸਤਿਗੁਰੂ ਜੀ ਦੇ ਦਿਤੇ ਨਿਯਮ ‘ਲਗ ਮਾਤ੍ਰੀ ਗਿਆਨ’ ਦੀ ਲੀਹ ਤੇ ਚੱਲ ਕੇ ਅਰਥ ਕਰਨ ਦਾ ਯਤਨ ਕੀਤਾ ਹੈ|

ਭੁੱਲ ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’

[email protected]




.