.

ਭੱਟ ਬਾਣੀ-24

ਬਲਦੇਵ ਸਿੰਘ ਟੋਰਾਂਟੋ

ਸੋਈ ਨਾਮੁ ਸਿਵਰਿ ਨਵ ਨਾਥ ਨਿਰੰਜਨੁ ਸਿਵ ਸਨਕਾਦਿ ਸਮੁਧਰਿਆ।।

ਚਵਰਾਸੀਹ ਸਿਧ ਬੁਧ ਜਿਤੁ ਰਾਤੇ ਅੰਬਰੀਕ ਭਵਜਲੁ ਤਰਿਆ।।

ਉਧਉ ਅਕ੍ਰੂਰੁ ਤਿਲੋਚਨੁ ਨਾਮਾ ਕਲਿ ਕਬੀਰ ਕਿਲਵਿਖ ਹਰਿਆ।।

ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ।। ੩।।

(ਪੰਨਾ ੧੩੯੩)

ਪਦ ਅਰਥ:- ਸੋਈ ਨਾਮੁ – ਇਸ ਵਾਸਤੇ ਉਸ ਸੱਚ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਅਪਣਾਇਆ। ਸੋਈ – ਉਹੀ, ਉਹ, ਉਸ, ਇਸ ਵਾਸਤੇ। ਨਵ – ਸੰ: ਉਸਤਤਿ (ਮ: ਕੋਸ਼)। ਸਿਵਰਿ – ਸਿਮਰਨਾ, ਜੀਵਨ ਵਿੱਚ ਅਪਣਾਉਣਾ। ਸਨਕਾਦਿ – ਸਨ – ਸੰ: ਸਤਿਕਾਰ ਸਹਿਤ। ਕਾਦਿ – ਕਾਦਰ, ਕਰਤੇ ਦਾ ਸੰਖੇਪ, ਕੁਦਰਤਿ ਦਾ ਰਚੇਤਾ। ਆਦਿ ਸੱਚ ਕਾਦਿਰ ਤੋਂ ਕੁਰਬਾਨ। ਸਮੁ – ਬਰਾਬਰਤਾ। ਧਰਿਆ – ਦੇਣਾ। ਸਮੁਧਰਿਆ – ਬਰਾਬਰਤਾ ਦੇਣਾ। ਚਵਰਾਸੀਹ – ਚੌਰਾਸੀ। ਸਿਧ – ਸ੍ਰੇਸ਼ਟ। ਬੁਧ – ਮਤ। ਜਿਤੁ ਰਾਤੇ – ਜਿਸ ਵਿੱਚ ਰੰਗੇ। ਅੰਬਰੀਕ ਭਵਜਲ ਤਰਿਆ – ਕਰਮ-ਕਾਂਡੀ ਵੀਚਾਰਧਾਰਾ ਚੌਰਾਸੀ ਦੇ ਗੇੜ ਵਾਲੇ ਭਵਸਾਗਰ ਵਿੱਚ ਡੁੱਬਣੋ ਬਚ ਗਿਆ। ਕਲਿ – ਅਗਿਆਨਤਾ। ਕਲਿ ਕਿਲਵਿਖ – ਅਗਿਆਨਤਾ ਦਾ ਭਰਮ। ਹਰਿਆ – ਖ਼ਤਮ ਹੋ ਗਿਆ। ਅਛਲੁ – ਛਲ ਰਹਿਤ। ਫੁਰਿਆ – ਦਰਸਾਇਆ। ਗੁਰ – ਗਿਆਨ। ਕਉ – ਨੇ, ਨੂੰ, ਨਾ।

ਅਰਥ:- ਹੇ ਭਾਈ! ਉਸ ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾ ਲੈਣ ਵਾਲੇ ਆਦਿ ਤੋਂ ਸੱਚ ਕੁਦਰਤ ਦਾ ਰਚੇਤਾ ਨਿਰੰਜਨ-ਬੇਦਾਗ਼ ਜੋ ਸੁਆਮੀ ਹੈ, ਸਤਿਕਾਰ ਸਹਿਤ ਉਸ ਦੀ ਉਸਤਤ ਵਿੱਚ (ਅਵਤਾਰਵਾਦ ਦੀ ਅਗਿਆਨਤਾ ਤੋਂ) ਮੁਕਤ ਹੋ ਕੇ ਉਸ ਮਾਲਕ/ਹਰੀ ਨਾਲ ਜੁੜੇ, ਜਿਹੜਾ ਮਾਲਕ ਸਾਰਿਆਂ ਨੂੰ (ਬਗ਼ੈਰ ਰੰਗ, ਨਸਲ, ਜਾਤ-ਪਾਤ ਤੇ ਭੇਦ ਭਾਵ ਦੇ) ਬਰਾਬਰਤਾ ਦਿੰਦਾ ਹੈ, ਅੰਬਰੀਕ ਇਸ ਸੱਚ ਨੂੰ ਅਪਣਾ ਕੇ ਕਰਮ-ਕਾਂਡੀਆਂ (ਅਵਤਾਰਵਾਦੀਆਂ) ਦੇ ਚੌਰਾਸੀ ਦੇ ਭਰਮ ਅਗਿਆਨਤਾ ਦੇ ਸਮੁੰਦਰ ਵਿੱਚ ਡੁੱਬਣ ਤੋਂ ਬਚ ਗਿਆ। ਇਸੇ ਤਰ੍ਹਾਂ ਊਧਉ, ਅਕ੍ਰੂਰੁ, ਤ੍ਰਿਲੋਚਨੁ, ਨਾਮਦੇਵ ਜੀ ਅਤੇ ਕਬੀਰ ਜੀ ਦਾ ਵੀ (ਕਰਮ-ਕਾਂਡੀਆਂ ਦੇ) ਅਗਿਆਨਤਾ ਵਾਲੇ ਚੌਰਾਸੀ ਦੇ ਗੇੜ ਦਾ ਭਰਮ ਖ਼ਤਮ ਹੋਇਆ ਸੀ। ਉਸੇ ਛਲ ਰਹਿਤ ਸੱਚ ਦਾ ਗਿਆਨ ਕਰਮ-ਕਾਂਡੀਆਂ ਦੇ ਚੌਰਾਸੀ ਦੇ ਭਵਸਾਗਰ ਤੋਂ ਪਾਰ ਜਾਣ ਭਾਵ ਡੁੱਬਣ ਤੋਂ ਬਚਣ ਲਈ ਹੋਰਨਾਂ ਭਗਤਾਂ-ਇਨਕਲਾਬੀ ਪੁਰਸ਼ਾਂ ਨੇ ਵੀ ਅਪਣਾਇਆ ਸੀ। ਇਹੀ ਸੱਚ, ਗੁਰ ਗਿਆਨ ਅਮਰਦਾਸ ਜੀ ਨੇ ਦਰਸਾਇਆ ਹੈ।

ਨੋਟ:- ਊਧੌ, ਅਕ੍ਰੂਰ, ਤ੍ਰਿਲੋਚਨ, ਨਾਮਾ, ਕਬੀਰ ਅਤੇ ਅੰਬਰੀਕ ਜੀ ਸੱਚ ਦੇ ਪੁਜਾਰੀ ਹੋਏ ਹਨ ਪਰ ਕਰਮ-ਕਾਂਡੀਆਂ ਨੇ ਇਨ੍ਹਾਂ ਦੇ ਜੀਵਨ ਨਾਲ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਜੋੜ ਦਿੱਤੀਆਂ ਹਨ ਜੋ ਉਨ੍ਹਾਂ ਦੇ ਜੀਵਨ ਦਾ ਹਿੱਸਾ ਨਹੀਂ ਹਨ। ਪ੍ਰਚਲਤ ਵਿਆਖਿਆ ਪ੍ਰਣਾਲੀ ਇਹ ਗੱਲ ਸਪੱਸ਼ਟ ਨਹੀਂ ਕਰਦੀ। ਇਹ ਗੱਲ ਜ਼ਰੂਰ ਖ਼ਿਆਲ ਵਿੱਚ ਰੱਖਣੀ ਹੈ।

ਤਿਤੁ ਨਾਮਿ ਲਾਗਿ ਤੇਤੀਸ ਧਿਆਵਹਿ ਜਤੀ ਤਪੀਸੁਰ ਮਨਿ ਵਸਿਆ।।

ਸੋਈ ਨਾਮੁ ਸਿਮਰਿ ਗੰਗੇਵ ਪਿਤਾਮਹ ਚਰਣ ਚਿਤ ਅੰਮ੍ਰਿਤ ਰਸਿਆ।।

ਤਿਤੁ ਨਾਮਿ ਗੁਰੂ ਗੰਭੀਰ ਗਰੂਅ ਮਤਿ ਸਤ ਕਰਿ ਸੰਗਤਿ ਉਧਰੀਆ।।

ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ।। ੪।।

(ਪੰਨਾ ੧੩੯੩)

ਪਦ ਅਰਥ:- ਤਿਤੁ – ਜਿਨ੍ਹਾਂ ਨੇ, ਜਿਹੜੇ। ਨਾਮਿ – ਸੱਚ ਸਮਝ ਕੇ। ਲਾਗਿ – ਲਗੇ ਹੋਏ, ਜੁੜੇ ਹੋਏ ਸਨ। ਤੇਤੀਸ ਧਿਆਵਹਿ – ਤੇਤੀ ਕਰੋੜ ਦੇਵਤਿਆਂ ਨੂੰ ਧਿਆਉਂਦੇ ਸਨ। ਜਤੀ – ਸੱਚੇ ਜਾਣ ਕੇ। ਤਪੀਸੁਰ – ਤਪ ਕਰਨ ਵਾਲੇ, ਦੇਵਤੇ। ਮਨਿ ਵਸਿਆ - ਮਨ ਅੰਦਰ ਵਸਿਆ ਹੋਇਆ ਸੀ। ਸੋਈ – ਉਹੀ, ਉਨ੍ਹਾਂ ਨੇ। ਸੋਈ ਨਾਮੁ – ਜਦੋਂ ਉਨ੍ਹਾਂ ਨੇ ਇਹ ਸੱਚ ਆਪਣੇ ਜੀਵਨ ਵਿੱਚ ਅਪਣਾਇਆ। ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ/ਅਪਣਾਇਆ। ਸਿਮਰਿ – ਅਭਿਆਸ ਕਰਨਾ। ਗੰਗੇਵ – ਗੁਰਦੇਵ। ਪਿਤਾ – ਪ੍ਰਭੂ ਪਿਤਾ। ਮਹ –ਵਿੱਚ। ਚਰਣ – ਆਚਰਣ। ਚਿਤ – ਸੰ: ਵਿਚਾਰ ਕਰਨਾ, ਵੀਚਾਰਧਾਰਾ। ਅਮ੍ਰਿੰਤ ਰਸਿਆ – ਉਸ ਦੇ ਸੱਚ ਅੰਮ੍ਰਿਤ ਵਰਗੇ ਰਸ ਵਿੱਚ ਰੰਮੇ ਜਾਣਾ, ਗਏ। ਗੁਰੂ – ਗਿਆਨ। ਗੰਭੀਰ – ਗੰਭੀਰਤਾ ਨਾਲ ਲਿਆ। ਗੁਰੂਅ – ਗੁਰੂ ਕਰਕੇ ਜਾਣਿਆ। ਗੁਰੂਅ ਮਤਿ ਸਤ ਕਰਿ – ਗਿਆਨ ਗੁਰੂ ਨੂੰ ਹੀ ਗੁਰ ਮਤ, ਸਤ ਕਰਕੇ ਜਾਣਿਆ। ਸੰਗਤਿ – ਸੱਚ ਨਾਲ ਜੁੜ ਕੇ ਅਗਿਆਨਤਾ ਤੋਂ ਗਤਿ ਭਾਵ ਮੁਕਤੀ ਪ੍ਰਾਪਤ ਕਰ ਲੈਣੀ। ਉਧਰੀਆ – ਉੱਪਰ ਉੱਠ ਜਾਣਾ। (ਅਗਿਆਨਤਾ ਕਿਹੜੀ ਤੋਂ, ਤੇਤੀ ਕਰੋੜ ਦੇਵਤਿਆਂ ਦੇ ਅਖੌਤੀ ਜਤੀ ਸਤੀ ਤਪੀ ਹੋਣ ਦੇ ਭਰਮ ਤੋਂ)। ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਸੋਈ – ਸਰਬ-ਵਿਆਪਕ। ਅਛਲੁ – ਛਲ ਰਹਿਤ। ਗੁਰ – ਗਿਆਨ। ਭਗਤਹ – ਭਗਤ ਜਨਾਂ, ਇਨਕਲਾਬੀ ਪੁਰਸ਼ਾਂ। ਭਵ ਤਾਰਣੁ – ਕਰਮ-ਕਾਂਡੀਆਂ ਦੇ ਕਰਮ-ਕਾਂਡ ਦੇ ਜਾਲ ਦੇ ਭਵਸਾਗਰ ਵਿੱਚ ਡੁੱਬਣ ਤੋਂ ਬਚ ਜਾਣ ਲਈ। ਫੁਰਿਆ – ਦਰਸਾਇਆ ਹੈ।

ਅਰਥ:- ਹੇ ਭਾਈ! ਜਿਨ੍ਹਾਂ ਨੇ ਤੇਤੀ ਕਰੋੜ ਦੇਵੀ ਦੇਵਤਿਆਂ ਨੂੰ ਜਤੀ ਸਤੀ ਤਪ ਕਰਨ ਵਾਲੇ ਸੱਚੇ ਸਮਝ ਕੇ ਆਪਣੇ ਮਨ ਵਿੱਚ ਵਸਾ ਕੇ ਅਪਣਾਇਆ ਹੋਇਆ ਸੀ, ਜਦੋਂ ਉਹ ਸਰਬ-ਵਿਆਪਕ ਦੇ ਸੱਚ ਨੂੰ ਅਪਣਾ ਕੇ ਗਿਆਨ ਦੀ ਵੀਚਾਰਧਾਰਾ ਨਾਲ ਉਸ ਪ੍ਰਭੂ ਪਿਤਾ ਗੁਰਦੇਵ ਦੇ ਅੰਮ੍ਰਿਤ ਵਰਗੇ ਸੱਚ ਗਿਆਨ ਵਿੱਚ ਰੰਮੇ ਗਏ ਅਤੇ ਉਨ੍ਹਾਂ ਨੇ ਗੰਭੀਰਤਾ ਨਾਲ ਗਿਆਨ ਗੁਰੂ ਦੇ ਮਤ ਨੂੰ ਹੀ ਸਤਿ ਕਰਕੇ ਜਾਣਿਆ। ਜਿਨ੍ਹਾਂ ਨੇ ਜਾਣਿਆ ਉਹ ਸੱਚ ਨਾਲ ਜੁੜ ਕੇ ਅਗਿਆਨਤਾ (ਅਵਤਾਰਵਾਦ) ਦੇ ਰੱਬ ਹੋਣ ਦੇ ਭਰਮ ਤੋਂ ਗਤਿ-ਮੁਕਤੀ ਪ੍ਰਾਪਤ ਕਰਕੇ ਇਸ ਭਰਮ ਤੋਂ ਉੱਪਰ ਉਠ ਗਏ। ਇਹ ਛਲਿ ਰਹਿਤ ਗਿਆਨ ਹੀ ਕਰਮ-ਕਾਂਡੀਆਂ ਦੇ ਤੇਤੀ ਕਰੋੜ ਦੇਵੀ ਦੇਵਤਿਆਂ ਦੇ ਭਰਮ ਦੇ ਭਵਸਾਗਰ ਵਿੱਚ ਡੁੱਬਣ ਤੋਂ ਬਚਣ ਲਈ ਹੋਰਨਾਂ ਭਗਤਾਂ/ਇਨਕਲਾਬੀ ਪੁਰਸ਼ਾਂ ਨੇ ਵੀ ਅਪਣਾਇਆ ਸੀ। ਇਹੀ ਸੱਚ, ਗੁਰ-ਗਿਆਨ ਅਮਰਦਾਸ ਜੀ ਨੇ ਦਰਸਾਇਆ ਹੈ।




.