“ਜਪੁ ਬਾਣੀ ਵਿਆਖਿਆ ਅਰਥ ਭਾਵ ਉਚਾਰਣ ਸੇਧਾਂ ਸਹਿਤ”
“ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ”
ਉਚਾਰਣ ਸੇਧ
ਬਿੰਦੀ ਸਹਿਤ: ਭੁਖਿਆਂ, ਬੰਨਾਂ, ਪੁਰੀਆਂ
‘ਬੰਨਾ’ ਦਾ ‘ਨ’ ਭਾਰ ਸਹਿਤ ਉਚਾਰਣਾ ਹੈ
ਪਦਅਰਥ
ਭੁਖਿਆ- ਬਹੁਵਚਨ ਨਾਂਵ ਕਰਮ ਕਾਰਕ, ਭੁਖਿਆਂ ਰਹਿਣ ਨਾਲ
ਭੁਖ- ਇਸਤਰੀ ਲਿੰਗ ਨਾਂਵ , ਤ੍ਰਿਸ਼ਣਾ
ਬੰਨਾ-ਬੰਨ੍ਹ ਲਵਾਂ
ਪੁਰੀਆ ਭਾਰ- ਨਗਰਾਂ ਦੇ ਪਦਾਰਥਾ ਦੇ ਢੇਰ
ਅਰਥ :
ਸਰੀਰ ਕਰਕੇ) ਨਿਰ ਆਹਾਰ ਰਹਿਣ ਨਾਲ ਮਨ ਦੀ ਤ੍ਰਿਸ਼ਣਾ ਭੁਖ ਨਹੀਂ ਦੂਰ ਹੋ ਸਕਦੀ, ਭਾਵੇਂ ਮੈਂ ਇਕ
ਪਾਸੇ ਬਾਹਰੋਂ ਮਾਇਕੀ ਪਦਾਰਥਾਂ ਤੋਂ ਪੂਰਨ ਸੰਕੋਚ ਕਰੀ ਰਖਾ ਦੂਜੇ ਪਾਸੇ ਮੈਂ ਸਾਰੀਆਂ ਪੁਰੀਆਂ
ਬ੍ਰਹਮੰਡ ਭਵਨਾਂ ਦੇ ਮਾਇਕੀ ਪਦਾਰਥਾਂ ਦੀਆਂ ਪੰਡਾਂ ਬੰਨ੍ਹ ਲਵਾਂ|
“ ਸਹਸ ਸਿਆਣਪਾ ਲਖ ਹੋਹਿ, ਤ ਇਕ ਨ ਚਲੈ ਨਾਲਿ”
ਉਚਾਰਣ ਸੇਧ :
‘ਸਹਸ’ ਦਾ ਉਚਾਰਣ ‘ਸਹਿਸ’ ਵਾਂਗ ਕਰਨਾ ਠੀਕ ਨਹੀਂ, ‘ਹ’ ਮੁਕਤਾ ਹੈ ਮੁਕਤੇ ਦੀ ਆਪਨੀ ਲਘੂ ਧੁਨੀ
ਹੈ,’ਹ’ ਦਾ ਖੜੀ ਤੜੀ ਬੋਲੀ ਵਿਚ ਉਚਾਰਣ ਕਰਨਾ ਹੈ|
ਬਿੰਦੀ ਸਹਿਤ : ਸਿਆਣਪਾਂ, ਹੋਹਿਂ, ਲੱਖ
ਪਦ ਅਰਥ
ਸਹਸ- (ਹਿੰਦੂ ਮਿਥਿਹਾਸ ਕੋਸ਼ ਵਿਚ ‘ਸਹਸ’ ਦੇ ਅਰਥ ‘ਸੌ’ ਹਨ ਪਰ ਗੁਰਬਾਣੀ ਵਿਚ ਇਸ ਦੇ ਅਰਥ
ਹਜ਼ਾਰ ਦਰੁਸਤ ਹਨ) ਹਜ਼ਾਰਾਂ
ਹੋਹਿ- ਹੋਣ
ਸਿਆਣਪਾ- ਚਤੁਰਾਈਆਂ
ਇਕ- ਇਸਤਰੀ ਲਿੰਗ ਨਾਂਵ , ਇਕ ਭੀ ਨਹੀਂ
ਅਰਥ:
ਹਜ਼ਾਰਾਂ ਹੀ ਨਹੀਂ ਲੱਖਾਂ ਹੀ ਚਤੁਰਾਈਆਂ ਭਾਵੇਂ ਪੱਲੇ ਹੋਣ ,ਪਰ ਸਚਿਆਰ ਹੋਣ ਲਈ ਇਕ ਭੀ ਚਤੁਰਾਈ
ਨਾਲ ਨਹੀਂ ਚਲਦੀ
ਭੁੱਖੇ ਰਹਿਣਾ, ਸਰੀਰ ਨੂੰ ਖੇਦ ਦੇਣਾ ਹੈ| ਇਸ ਤਰਾਂ ਦੇ ਕਰਮ ਕਰਨ ਨਾਲ ਰਮਤੇ ਮਨੁੱਖ ਦੀ ਮਮਤਾ
ਘਟਦੀ ਨਹੀਂ ਹੋਰ ਵਧਦੀ ਹੈ -:
“ ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ” (905)
“ਮਞ ਭਰ ਦੁਖ ਬਦੁਖ ਨਾਨਕ ਸਚੇ ਨਾਮ ਬਿਨੁ ਕਿਸੈ ਲਥੀ ਭੁਖ” (1091)
“ ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ” (396)
ਚਤੁਰਾਈਆਂ ਸਿਆਣਪਾਂ ਨਾਲ ਮਨ ਦਾ ਟਿਕਾਉ ਨਹੀਂ ਹੁੰਦਾ ਸਗੋਂ ਇਹ ਮਨ ਦੀ ਸਥਿਰਤਾ ਵਿਚ ਵਿਘਨਕਾਰੀ
ਹੁੰਦੀਆਂ ਹਨ, ਗੁਰਮਤਿ ਵੀਚਾਰਧਾਰਾ ਵਿਚ ਅਸਲੀ ਸਿਆਣਪ ਉਹ ਗਿਣੀ ਗਈ ਹੈ ਜਿਸ ਨਾਲ ਓਅੰਕਾਰ ਬ੍ਰਹਮ
ਕਦੇ ਭੀ ਨਾ ਵਿਸਰੇ -;
“ ਸਾਈ ਮਤਿ ਸਾਈ ਬੁਧਿ ਸਿਆਣਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ”
ਫੁਟਕਲ: “ਲਖ, ਲਖੁ , ਲਖਿ ਦਾ ਅਰਥ ਭੇਦ ਚੇਤੇ ਰੱਖੋ
ਲਖ- ਅਨਿਸਚਿਤ ਸੰਖਿਆਵਾਚਕ ਵਿਸ਼ੇਸ਼ਣ ਬਹੁ ਵਚਨ , ਲੱਖਾਂ ਹੀ
ਲਖੁ- ਨਿਸਚਿਤ ਸੰਖਿਆ ਵਾਚਕ ਵਿਸ਼ੇਸ਼ਣ , ਇਕ ਵਚਨ, ਇਕ ਲੱਖ
ਲਖਿ- ਕਿਰਿਆ ਹੁਕਮੀ ਭਵਿਖਤ ਕਾਲ, ਜਾਣ ਵੇਖ
“ ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ”
ਕਿਵ- ਕਿਰਿਆ ਵਿਸ਼ੇਸ਼ਣ, ਕਿਵੇਂ ?
ਸਚਿਆਰਾ- ਨਾਂਵ, ਸਚ ਦਾ ਧਾਰਨੀ
ਕੂੜੈ- ਨਾਂਵ ਸੰਬੰਧ ਕਾਰਕ, ਕੂੜ ਦੀ
ਪਾਲਿ- ਕੂੜ ਦੀ ਕੰਧ, ਪਰਦਾ, ਕਤਾਰ
{ ਕਿਵ, ਇਵ, ਜਿਵ, ਕਿਰਿਆ ਵਿਸ਼ੇਸ਼ਣ ਹਨ ਇਹਨਾ ਉਪਰ ਬਿੰਦੀ ਦਾ ਪ੍ਰਯੋਗ ਕਰਣਾ ਬੇਲੋੜਾ ਹੈ}
ਅਰਥ
ਇਹ ਪੰਕਤੀ ਪ੍ਰਸ਼ਨ ਰੂਪ ਹੈ) ਫਿਰ ਸੱਚ ਦਾ ਧਾਰਨੀ ਕਿਵੇਂ ਹੋਈਏ ? ਪਰਮਾਤਮਾ ਅਤੇ ਜੀਵ ਦੇ
ਵਿਚਕਾਰ ਪਈ ਕੂੜ ਦੀ ਕੰਧ ਕਿਵੇਂ ਟੁੱਟੇ ?
“ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥
ਉਚਾਰਣ ਸੇਧ
ਰਜ਼ਾਈ:
ਹੁਕਮਿ- ਅਧਿਕਰਨ ਕਾਰਕ, ਹੁਕਮ ਵਿਚ
ਰਜਾਈ- ਰਜ਼ਾਈ, ਰਜ਼ਾਅ ਦਾ ਮਾਲਕ ਵਾਹਿਗੁਰੂ
ਨਾਲਿ- {ਕਰਤਾ ਕਾਰਕ} ਨਾਲ ਹੀ
ਅਰਥ :
ਉੱਤਰ ਹੈ) ਨਾਨਕ’ ਮੁਹਰ ਛਾਪ) ਕੂੜ ਦੀ ਕੰਧ ਹਟਾਉਣ ,ਸਚ ਦੇ ਧਾਰਨੀ ਹੋਣ ਲਈ ਸਹੀ ਵਿਧੀ ਰਜ਼ਾਅ
ਦੇ ਮਾਲਕ ਵਾਹਿਗੁਰੂ ਦੇ ਹੁਕਮ ਵਿਚ ਵਿਚਰਨਾ ਹੀ ਹੈ ਇਹ ਹੁਕਮ ਜਨਮ ਤੋਂ ਹੀ ਤੇਰੇ ਸੰਬੰਧੀ ਲਿਖ
ਦਿਤਾ ਉਸ ਨੂੰ ਮਿੱਠਾ ਕਰਕੇ ਮੰਨ (ਇਉਂ ਕਰਨ ਨਾਲ ਤੇਰੀ ਮੈਂ ਮੇਰੀ ਕਰਨ ਦੀ ਆਦਤ ਮਿਟ ਜਾਵੇਗੀ ਅਤੇ
ਅੰਦਰੋਂ ਕੂੜ ਦਾ ਪਰਦਾ ਹਟ ਜਾਵੇਗਾ)
ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ ਇਹ ਤਿੰਨਾਂ ਸ਼ਬਦਾਂ “ ਹੁਕਮਿ ਰਜਾਈ ਚਲਣਾ” ਦਾ ਵਾਕ
ਜਿੰਨਾ ਛੋਟਾ ਹੈ ਓਨਾ ਹੀ ਇਕ ਮਹਾਨ ਸਚਿਆਈ ਦਾ ਲਖਾਇਕ ਹੈ ਧਰਮ ਇਕ ਤਰਾਂ ਦੀ ਜਿੰਦਗੀ ਕਮਾਉਣ ਦਾ
ਨਾਂ ਹੈ ਵਾਹਿਗੁਰੂ ਨੇ ਆਪਣੀ ਰਜ਼ਾ ਸਾਡੇ ਅੰਦਰ ਪਾ ਦਿੱਤੀ ਹੈ ਸਾਡੇ ਮਨ, ਤਨ, ਭਾਵਾਂ ਵਿਚ ਮੁੱਢ
ਤੋਂ ਵਾਹਿਗੁਰੂ ਨੇ ਆਪਣਾ ਹੁਕਮ ਉੱਕਰਿਆ ਹੈ
“ ਸਿਮਰਿ ਗੋਵਿੰਦ ਮਨਿ ਤਨਿ ਧੁਰਿ ਲਿਖਿਆ”
ਵਾਹਿਗੁਰੂ ਨੇ ਸਾਡੇ ਅੰਦਰ ਹੀ ਅਜਿਹਾ ਪ੍ਰਬੰਧ ਕੀਤਾ ਹੋਇਆ ਹੈ ਕਿ ਆਪਣੇ ਅੰਤਹਕਰਨ ਦੇ ਰਾਹੀਂ
ਜਾਂਚ ਲਈਏ, ਸਤ ਅਸੱਤ ਦਾ ਨਿਰਣਾ ਕਰ ਲਈਏ!
ਜੀਵ ਬੁਨਿਆਦੀ ਤੌਰ ਤੇ ਸਚ ਸਰੂਪ ਬ੍ਰਹਮ ਦੀ ਹੀ ਅਸ਼ ਹੈ ਪਰ ਵਿਚਕਾਰ ਹਉਮੈ ਦਾ ਅਤਿ ਸੂਖਮ ਪੜਦਾ
ਪਿਆ ਹੈ, ਹਉਮੈ ਦਾ ਪੜਦਾ ਦੂਰ ਤਦੋਂ ਹੁੰਦਾ ਹੈ ਜਦੋਂ ਮਨੁਖ ਗੁਰੂ ਦੀ ਕਿਰਪਾ ਦੁਆਰਾ ਸਚ ਦਾ ਧਾਰਨੀ
ਸਚਿਆਰ ਬਣ ਜਾਵੇ
ਭੁੱਲ-ਚੁਕ ਮੁਆਫ
ਹਰਜਿੰਦਰ ਸਿੰਘ ‘ਘੜਸਾਣਾ’