ਸੁਰੀਲੇ ਅਤੇ
ਸੁਹਿਰਦ ਸੱਜਣ
ਭਾਈ ਸਾਹਿਬ ਭਾਈ ਗੁਰਮੇਲ ਸਿੰਘ ਬੌਡਾ ਜੀ
ਗੱਲ ਇਹ ਅਪ੍ਰੈਲ ੧੯੬੭ ਦੀ ਹੈ।
ਪੰਜਾਬ ਅਸੈਂਬਲੀ ਦੀਆਂ ਚੋਣਾਂ ਅਤੇ ਕਾਂਗਰਸ ਵਿਰੋਧੀ ਸਰਕਾਰ ਬਣਾਉਣ ਵਾਲ਼ੇ ਗਾਹੜ ਮਾਹੜ ਤੇ ਭੱਜ ਦੌੜ
ਵਾਲ਼ੇ ਵਾਤਾਵਰਣ ਤੋਂ ਬਾਅਦ ਪੰਜਾਬ ਵਿੱਚ ਕੁੱਝ ਖੜੋਤ ਜਿਹੀ ਆ ਗਈ ਸੀ ਤੇ ਇਸ ਕਰਕੇ ਅਤੇ ਕੁੱਝ ਹੋਰ
ਨਿੱਕੇ ਮੋਟੇ ਕਾਰਨਾਂ ਕਰਕੇ, ਮੈਂ ਇਸ ਵਾਤਾਵਰਣ ਵਿਚੋਂ ਨਿਕਲਣ ਬਾਰੇ ਸੋਚਣ ਲੱਗ ਪਿਆ। ਇੱਕ ਦਿਨ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ਼ ਲੱਗਵੇਂ ਮਕਾਨ ਦੀ ਤੀਜੀ ਛੱਤ ਉਪਰਲੇ ਕਮਰੇ ਵਿਚ, ਜਿਥੇ ਉਸ ਸਮੇ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਦੀ ਰਿਹਾਇਸ਼ ਸੀ, ਦੋਵੇਂ ਸੰਤ, ਸੰਤ ਫ਼ਤਿਹ ਸਿੰਘ ਜੀ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਚੰਨਣ ਸਿੰਘ ਜੀ ਪ੍ਰਧਾਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਵਿਚਾਰਾਂ ਕਰ ਰਹੇ ਸਨ ਤੇ ਕੋਲ਼ ਮੈਂ ਵੀ ਹਾਜਰ ਸਾਂ। ਮੈਂ ਦੋਹਾਂ ਸੰਤ ਜੀਆਂ ਨੂੰ ਬੇਨਤੀ ਕੀਤੀ ਕਿ
ਮੈਨੂੰ ਵਾਪਸ ਮੇਰੀ ਰਾਗੀ ਵਾਲ਼ੀ ਡਿਊਟੀ ਤੇ ਭੇਜ ਦਿਤਾ ਜਾਵੇ। ਸੰਤ ਚੰਨਣ ਸਿੰਘ ਜੀ ਸਹਿਮਤ ਹੋ ਗਏ
ਤੇ ਸੰਤ ਫ਼ਤਿਹ ਸਿੰਘ ਜੀ ਚੁੱਪ ਰਹੇ। ਮੇਰੀ ਇੱਛਾ ਸੀ ਕਿ ਜਾਂ ਤਾਂ ਮੈਨੂੰ ਅੰਮ੍ਰਿਤਸਰ ਦੇ ਕਿਸੇ
ਗੁਰਦੁਆਰਾ ਸਾਹਿਬ ਵਿਖੇ ਲਾਇਆ ਜਾਵੇ ਜਾਂ ਫਿਰ, ਜਿਥੋਂ ਮੈਨੂੰ ਕਢ ਕੇ ਬੁਢਾ ਜੌਹੜ ਲਿਜਾਇਆ ਗਿਆ
ਸੀ, ਅਰਥਾਤ ਪਟਿਆਲੇ ਭੇਜ ਦਿਤਾ ਜਾਵੇ ਪਰ ਮੇਰੀ ਇੱਛਾ ਦੇ ਵਿਰੁਧ ਮੈਨੂੰ ਦੂਰ, ਗੁਰਦੁਆਰਾ ਸ੍ਰੀ
ਗੁਰੂ ਤੇਗ ਬਹਾਦਰ ਸਾਹਿਬ ਜੀਂਦ, ਵਿਖੇ ਜਾਣ ਦਾ ਆਰਡਰ ਕਰ ਦਿਤਾ ਗਿਆ। ਇਸ ਬਾਰੇ ਮੇਰੇ ਨਿਰਉਤਸ਼ਾਹਤ
ਰਵੱਈਏ ਨੂੰ ਵੇਖ ਕੇ, ਪ੍ਰਧਾਨ ਸੰਤ ਚੰਨਣ ਸਿੰਘ ਜੀ ਨੇ ਆਖਿਆ, “ਓਥੇ ਆਪਣਾ ਬੱਚੂ ਗੁਰਮੇਲ ਸਿੰਘ
ਹੈ। ਤੁਹਾਡੀ ਸੋਹਣੀ ਨਿਭੇਗੀ। ਜੇ ਓਥੇ ਤੇਰਾ ਨਾ ਜੀ ਲੱਗਾ ਤਾਂ ਤੈਨੂੰ ਫਿਰ ਅੰਮ੍ਰਿਤਸਰ ਸੱਦ
ਲਵਾਂਗੇ। ਮੈਂ ਮਜਬੂਰੀ ਵੱਸ ਓਧਰ ਚਲਿਆ ਗਿਆ ਪਰ ਅੰਦਰੋਂ ਖ਼ੁਸ਼ ਨਹੀਂ ਸਾਂ। ਜਦੋਂ ਮੈਂ ਓਥੇ ਜਾ ਕੇ
ਗੁਰਦੁਆਰਾ ਸਾਹਿਬ ਵਿਖੇ, ਹਨੇਰੇ ਪਏ ਅਜੇ ਰਿਕਸ਼ੇ ਤੋਂ ਉਤਰਿਆ ਹੀ ਸਾਂ, ਤਾਂ ਅੜ੍ਹਬ ਸਾਬਕਾ ਫੌਜੀ
ਮੈਨੇਜਰ ਨੇ ਪਹਿਲਾਂ ਹੀ ਕੁੱਝ ਇਹੋ ਜਿਹੇ ਸ਼ਬਦਾਂ ਨਾਲ਼ ਮੇਰਾ ਸਵਾਗਤ ਕੀਤਾ, “ਆ ਗਿਆ ਏਂ? ਹੁਣ ਤੇਰਾ
ਮੇਰਾ ਚੁੰਝ ਪਹੁੰਚਾ ਚੱਲੂਗਾ। “ਇਸ ਮੈਨੇਜਰ ਦੇ ਅਧੀਨ ਮੈਂ ਪਟਿਆਲੇ ਪਹਿਲਾਂ ਰਹਿ ਚੁਕਾ ਸਾਂ। ਮੇਰੇ
ਓਥੋਂ ਬੁਢੇ ਜੌਹੜ ਦੀ ਬਦਲੀ ਦੇ ਸਮੇ ਹੋਈ ਸਵਾਗਤੀ ਪਾਰਟੀ ਦੌਰਾਨ ਮੈਂ, ਆਪਣੀ ਮੁਢ ਕਦੀਮ ਦੀ ਭੈੜੀ
ਆਦਤ ਸਦਕਾ, ਹਾਸੇ ਵਿੱਚ ਹੀ ਕੁੱਝ ਇਉਂ ਆਖ ਦਿਤਾ, “ਹੁਣ ਮੇਰੇ ਤੋਂ ਬਾਅਦ ਏਥੋਂ ਬਦਲੀ ਦੀ ਵਾਰੀ
ਮੈਨੇਜਰ ਸਾਹਿਬ ਦੀ ਹੈ। “ਮੈਂ ਤਾਂ ਇਹ ਗੱਲ ਹਾਸੇ ਵਿੱਚ ਹੀ ਕੀਤੀ ਸੀ ਪਰ ਉਸ ਨੇ ਇਸ ਨੂੰ ਗੰਭੀਰਤਾ
ਨਾਲ ਲੈ ਲਿਆ। ਅੱਗੋਂ ਰੱਬ ਦੀ ਮਾਰ ਕਿ ਮੇਰੇ ਤੋਂ ਪਿੱਛੋਂ ਬਦਲੀ ਵੀ ਓਸੇ ਦੀ ਹੋਈ, ਤੇ ਹੋਈ ਵੀ
ਪਟਿਆਲੇ ਵਰਗੇ ਸ਼ਹਿਰ ਤੋਂ ਜੀਂਦ ਵਿਚ, ਜਿਸ ਨੂੰ ਉਸ ਨੇ ਸਜਾ ਸਮਝਿਆ ਤੇ ਇਸ ਲਈ ਉਸ ਨੇ ਦਿਲ ਵਿੱਚ
ਮੇਰੇ ਵਿਰੁਧ ਖਾਰ ਰੱਖੀ; ਹਾਲਾਂ ਕਿ ਮੇਰੇ ਵੱਸ ਦੀ ਕੋਈ ਵੀ ਗੱਲ ਨਹੀਂ ਸੀ ਕਿ ਮੈਂ ਉਸ ਦੀ ਬਦਲੀ
ਕਰਵਾ ਜਾਂ ਰੁਕਵਾ ਸਕਦਾ।
ਗੱਲ ਕਰੀਏ ਅੱਗੇ ਦੀ। ਗੁਰਦੁਆਰਾ ਸਾਹਿਬ ਵਿਖੇ ਜਦੋਂ ਮੈਂ ਵੇਖਿਆ ਕਿ ਸਿਆਮ ਰੰਗ ਦੇ, ਮਧਰੇ ਕੱਦ
ਦੇ, ਆਨਦਾਹੜੀਏ, ਛੀਂਟਕੇ ਜਿਹੇ, ਨਿਰਮਤਾ ਭਰੇ ਰਵੱਈਏ ਨਾਲ਼ ਭਰਪੂਰ ਨੌਜਵਾਨ ਭਾਈ ਗੁਰਮੇਲ ਸਿੰਘ ਜੀ
ਓਹੋ ਹੀ ਰਾਗੀ ਸਿੰਘ ਹਨ, ਜਿਨ੍ਹਾਂ ਬਾਰੇ ਮੈਨੂੰ ਪ੍ਰਧਾਨ ਜੀ ਨੇ ਪ੍ਰਸੰਸਕ ਸ਼ਬਦ ਆਖੇ ਸਨ। ਭਾਈ
ਗੁਰਮੇਲ ਸਿੰਘ ਜੀ ਨੇ ਮੇਰੀ ਯੋਗ ਆਉ ਭਗਤ ਕੀਤੀ। ਮੈਂ ਕੀਰਤਨ ਦੀ ਡਿਊਟੀ ਵਿੱਚ ਸ਼ਾਮਲ ਹੋ ਗਿਆ।
ਸਾਡੇ ਨਾਲ਼ ਭਾਈ ਅਜੀਤ ਸਿੰਘ ਜੀ ਇੱਕ ਬਜ਼ੁਰਗ ਵਿਅਕਤੀ ਜੋੜੀ ਉਪਰ ਸਨ। ਮੈਂ ਜਥੇਦਾਰ ਵਜੋਂ ਅਤੇ ਭਾਈ
ਗੁਰਮੇਲ ਸਿੰਘ ਜੀ ਮੇਰੇ ਸਹਾਇਕ ਵਜੋਂ ਕੀਰਤਨ ਕਰਦੇ ਸਾਂ।
ਮੈਂ ਜਿੰਨੇ ਵੀ ਹਫ਼ਤੇ ਜੀਂਦ ਰਿਹਾ ਉਸ ਅੜ੍ਹਬ ਮੈਨੇਜਰ ਨਾਲ ਪੰਗੇ ਹੀ ਪੈਂਦੇ ਰਹੇ। ਮੈਨੇਜਰ ਨੇ ਆਏ
ਦਿਨ ਕੋਈ ਨਾ ਕੋਈ ਪੰਗਾ ਖੜ੍ਹਾ ਕਰੀ ਹੀ ਰੱਖਣਾ। ਇਸ “ਬਕ ਬਕ ਝਕ ਝਕ” ਦੇ ਦਿਨਾਂ ਵਿੱਚ ਭਾਈ
ਗੁਰਮੇਲ ਸਿੰਘ ਜੀ ਅਤੇ ਜੋੜੀ ਵਾਲ਼ੇ ਸੂਰਮੇ ਸਿੰਘ ਭਾਈ ਅਜੀਤ ਸਿੰਘ ਜੀ ਦੀ ਹਮਦਰਦੀ ਮੇਰੇ ਨਾਲ਼ ਸੀ
ਕਿਉਂਕਿ ਉਸ ਸਮਝਦੇ ਸਨ ਕਿ ਮੈਨੇਜਰ ਗ਼ਲਤ ਸੀ ਤੇ ਮੈਂ ਸਹੀ ਸਾਂ। ਇਸ ਦੌਰਾਨ ਹੀ ਮੇਰੀ ਸ੍ਰੀ
ਅੰਮ੍ਰਿਤਸਰ ਵਾਸਤੇ ਬਦਲੀ ਦੇ ਆਰਡਰ ਆ ਗਏ ਤੇ ਮੈਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਆ ਕੇ
ਕੀਰਤਨ ਦੀ ਸੇਵਾ ਸ਼ੁਰੂ ਕਰ ਦਿਤੀ। ਪ੍ਰਧਾਨ ਜੀ ਨੂੰ ਬੇਨਤੀ ਕਰਕੇ ਕੁੱਝ ਹੀ ਦਿਨਾਂ ਪਿੱਛੋਂ ਮੈਂ
ਭਾਈ ਗੁਰਮੇਲ ਸਿੰਘ ਜੀ ਨੂੰ ਆਪਣੇ ਨਾਲ਼ ਸੱਦ ਲਿਆ। ਫਿਰ ਚਾ ਵੱਸ ਹੀ ਅਸੀਂ ਆਪਣੀ ਸੇਵਾ ਗੁਰਦੁਆਰਾ
ਮੰਜੀ ਸਾਹਿਬ ਵਿਖੇ ਲਗਵਾ ਲਈ।
ਪੰਜਾਬ ਸਰਕਾਰ ਵਿੱਚ ਵਿੱਦਿਆ ਮੰਤਰੀ ਸ. ਲਛਮਣ ਸਿੰਘ ਨੇ ਪਲਟਾ ਮਾਰਿਆ ਤੇ ਅਕਾਲੀ ਅਗਵਾਈ ਵਾਲੀ
ਸਰਕਾਰ, ਕਾਂਗਰਸ ਦੀ ਮਦਦ ਨਾਲ ਤੋੜ ਕੇ, ੨੨ ਨਵੰਬਰ ੧੯੬੭ ਨੂੰ, ਖ਼ੁਦ ਮੁਖ ਮੰਤਰੀਸ਼ਿਪ ਸਾਂਭ ਲਈ ਤੇ,
ਅਕਾਲੀ ਹੋਣ ਕਰਕੇ ਉਹ ਜਾਣਦਾ ਸੀ ਕਿ ਉਸ ਦੀ ਗੱਦੀ ਲਈ ਖ਼ਤਰਾ ਸੰਤ ਚੰਨਣ ਸਿੰਘ ਜੀ ਤੋਂ ਹੀ ਹੈ; ਇਸ
ਲਈ ਉਸ ਨੇ ਉਹਨਾਂ ਉਪਰ ਕੜਾਹ ਪ੍ਰਸ਼ਾਦ ਦੀਆਂ ਜਾਹਲੀ ਪਰਚੀਆਂ ਵਿੱਚ ਹੇਰਾ ਫੇਰੀ ਦਾ ਝੂਠਾ ਕੇਸ ਦਰਜ
ਕਰਵਾ ਕੇ, ਸੰਤ ਜੀ ਦੀ ਗ੍ਰਿਫ਼ਤਾਰੀ ਦੇ ਵਾਰੰਟ ਕਢਵਾ ਦਿਤੇ। ਹਾਲਾਂ ਕਿ ਕਿਸੇ ਕਲੱਰਕ ਦੀ ਹੇਰਾ
ਫੇਰੀ ਕਰਕੇ, ਪ੍ਰਧਾਨ ਜੀ ਨੇ ਖ਼ੁਦ ਉਹ ਕੇਸ ਪੁਲਿਸ ਕੋਲ਼ ਦਰਜ ਕਰਵਾਇਆ ਸੀ ਤਾਂ ਕਿ ਰੋਜ ਰੋਜ ਦੀ
ਸਿਰਦਰਦੀ ਤੋਂ ਬਚਣ ਲਈ, ਦੋਸ਼ੀ ਨੂੰ ਕਾਨੂੰਨ ਮੁਤਾਬਕ ਸਜਾ ਦਿਵਾ ਕੇ, ਅੱਗੇ ਤੋਂ ਇਸ ਹੇਰਾਫੇਰੀ ਨੂੰ
ਠਲ੍ਹ ਪਾਈ ਜਾ ਸਕੇ। ਗਿੱਲ ਨੇ ਉਲ਼ਟਾ ਉਹ ਕੇਸ ਪ੍ਰਧਾਨ ਜੀ ਦੇ ਸਿਰ ਹੀ ਮੜ੍ਹ ਦਿਤਾ। ਉਹਨਾਂ ਦੇ
ਦੋਵੇਂ ਪੀ. ਏ. ਸ. ਮੇਜਰ ਸਿੰਘ ਤੇ ਸ. ਅਬਿਨਾਸ਼ੀ ਸਿੰਘ ਵੀ ਗ੍ਰਿਫ਼ਤਾਰ ਕਰ ਲਏ ਤਾਂ ਕਿ ਉਹਨਾਂ ਦੇ
ਇਤਬਾਰੀ ਕਰਿੰਦੇ ਕੋਲ਼ ਨਾ ਹੋਣ ਕਰਕੇ ਉਹ ਪ੍ਰਬੰਧ ਨਾ ਚਲਾ ਸਕਣ ਤੇ ਦੂਜਾ ਉਹਨਾਂ ਤੇ ਦਬਾ ਪਾ ਕੇ
ਕਿਸੇ ਨੂੰ ਪ੍ਰਧਾਨ ਜੀ ਦੇ ਖ਼ਿਲਾਫ਼ ਗਵਾਹ ਬਣਾਇਆ ਜਾ ਸਕੇ। ਇਸ ਸਮੇ ਸੰਤ ਜੀ ਨੂੰ ਤੇਜਾ ਸਿੰਘ
ਸਮੁੰਦਰੀ ਹਾਲ ਵਾਲ਼ਾ ਦਫ਼ਤਰ ਛੱਡ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ਼ ਲੱਗਵੇਂ ਮਕਾਨ ਵਿੱਚ ਆਪਣੀ
ਰਿਹਾਇਸ਼ ਲਿਜਾਣੀ ਪਈ।
ਇਸ ਸੰਕਟ ਸਮੇ ਸੰਤ ਜੀ ਨੇ ਕੰਮ ਚਲਾਉਣ ਲਈ ਦੋ ਪੜ੍ਹੇ ਲਿਖੇ ਮੁਲਾਜ਼ਮਾਂ ਨੂੰ ਪੀ. ਏ. ਵਜੋਂ ਕੰਮ
ਚਲਾਉਣ ਲਈ ਲਾਇਆ ਪਰ ਕਈ ਕਾਰਨਾਂ ਕਰਕੇ ਉਹ ਦੋਵੇਂ ਫੇਹਲ ਹੋ ਗਏ ਤੇ ਫਿਰ ਮੈਨੂੰ ਇਹ ਸੇਵਾ ਸੌਂਪੀ
ਗਈ। ਮੇਰੀ ਡਿਊਟੀ ਰੋਜ਼ਾਨਾ ਕੀਰਤਨ ਦੀ ਵੀ ਸੀ। ਇਸ ਲਈ ਅਸੀਂ ਆਪਣੇ ਜਥੇ ਦੀ ਡਿਊਟੀ, ਗੁਰਦੁਆਰਾ
ਮੰਜੀ ਸਾਹਿਬ ਜੀ ਤੋਂ, ਗੁਰਦੁਆਰਾ ਟਾਹਲੀ ਸਾਹਿਬ (ਸੰਤੋਖਸਰ) ਵਿਖੇ ਲਵਾ ਲਈ ਤਾਂ ਕਿ ਜੇ ਮੈਂ ਨਾ
ਵੀ ਕੀਰਤਨ ਕਰਨ ਜਾ ਸਕਾਂ ਤਾਂ ਭਾਈ ਗੁਰਮੇਲ ਸਿੰਘ ਜੀ, ਖ਼ੁਦ ਹੀ ਕੀਰਤਨ ਦੀ ਸੇਵਾ ਨਿਭਾ ਲਿਆ ਕਰਨ।
ਜਦੋਂ ਗਿੱਲ ਸਰਕਾਟ ਟੁੱਟ ਗਈ ਤਾਂ ਡੀ. ਸੀ. ਅਤੇ ਐਸ. ਐਸ. ਪੀ. ਦੋਹਾਂ ਨਾ ਆ ਕੇ ਪ੍ਰਧਾਨ ਜੀ ਨੂੰ
ਆਖਿਆ ਕਿ ਗਵਰਨਰ ਦੇ ਹੁਕਮ ਨਾਲ਼ ਉਹਨਾਂ ਤੋਂ ਸਾਰੇ ਮੁਕੱਦਮੇ ਸਰਕਾਰ ਨੇ ਵਾਪਸ ਲੈ ਲਏ ਹਨ। ਪ੍ਰਧਾਨ
ਜੀ ਦੇ ਦੋਵੇਂ ਪੀ. ਏ. ਬਾਹਰ ਆ ਗਏ ਤਾਂ ਮੈਂ ਸਮਝਿਆ ਕਿ ਫਿਰ ਮੇਰੀ ਲੋੜ ਨਹੀਂ ਰਹੀ। ਮੈਂ ਬੇਨਤੀ
ਕੀਤੀ ਕਿ ਮੈਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪ੍ਰਚਾਰਕ ਲਾ ਦਿਓ। ਪ੍ਰਧਾਨ ਜੀ ਨੇ ਕਿਹਾ ਕਿ ਨਹੀਂ,
ਤੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਸਕੱਤਰ ਲਾਉਣਾ ਹੈ। ਉਸ ਸਮੇ ਸ. ਜਗਦੇਵ ਸਿੰਘ ਤਲਵੰਡੀ ਜੀ ਦੇ
ਭਰਾ ਸ. ਦੇਵਰਾਜ ਸਿੰਘ ਜੀ ਦੀ ਇਸ ਪੋਸਟ ਵਾਸਤੇ ਸਿਫ਼ਾਰਸ਼, ਜਥੇਦਾਰ ਮੋਹਨ ਸਿੰਘ ਤੁੜ ਜੀ ਕਰ ਰਹੇ
ਸਨ। ਉਹਨਾਂ ਨੇ ਪ੍ਰਧਾਨ ਜੀ ਨੂੰ ਆਖਿਆ ਪਰ ਉਹਨਾਂ ਨੇ ਕਿਹਾ ਕਿ ਓਥੇ ਸੰਤੋਖ ਸਿੰਘ ਨੂੰ ਲਾਉਣਾ ਹੈ।
ਮੈਨੂੰ ਆਖਿਆ ਕਿ ਮੈਂ ਜਾ ਕੇ ਦਫ਼ਤਰ ਦਾ ਜਾਇਜ਼ਾ ਲੈ ਲਵਾਂ। ਉਸ ਸਮੇ ਇੱਕ ਟਾਈਪਿਸਟ ਸ. ਦਿਆਲ ਸਿੰਘ
ਜੀ ਸਕੱਤਰ ਦੇ ਥਾਂ, ਚਿੱਠੀਆਂ ਉਪਰ ਦਸਤਖ਼ਤ ਕਰਿਆ ਕਰਦੇ ਸਨ; ਉਹਨਾਂ ਨੇ ਵੀ ਮੇਰੇ ਆਉਣ ਨੂੰ ਸਵਾਗਤੀ
ਸਬਦਾਂ ਰਾਹੀਂ ‘ਜੀ ਆਇਆਂ’ ਆਖਿਆ। ਦੋ ਤਿੰਨ ਹਫ਼ਤੇ ਮੈਂ ਦਫ਼ਤਰ ਦੇ ਰੀਕਾਰਡ ਦੀ ਖੇਹ ਛਾਣੀ ਪਰ ਮੈਨੂੰ
ਇਹ ਕਾਗਜ਼ੀ ਜਿਹਾ ਕਾਰਜ ਜਚਿਆ ਨਾ ਤੇ ਇਸ ਤੋਂ ਨਾਂਹ ਕਰਕੇ, ਪ੍ਰਚਾਰਕ ਦੀ ਸੇਵਾ ਦੀ ਹੀ ਮੰਗ ਕੀਤੀ।
ਫਿਰ ਪ੍ਰਧਾਨ ਜੀ ਨੇ ਮੈਨੂੰ ਸਫ਼ਰ ਵਿੱਚ ਹਰ ਸਮੇ ਨਾਲ਼ ਰਹਿਣ ਵਾਲ਼ੇ ਪੀ. ਏ. ਦੀ ਸੇਵਾ ਸੌਂਪ ਦਿਤੀ ਤੇ
ਕਾਗਜ਼ਾਂ ਵਿੱਚ ਮੇਰੀ ਡਿਊਟੀ ਰਾਗੀ ਤੋਂ ਬਦਲ ਕੇ ਪ੍ਰਚਾਰਕ ਦੀ ਲਾ ਦਿਤੀ ਗਈ। ਇਸ ਤਰ੍ਹਾਂ ਦਫ਼ਤਰੀ
ਕਾਰਜ ਸ. ਅਬਿਨਾਸ਼ੀ ਸਿੰਘ ਕਰਦੇ ਰਹੇ ਤੇ ਮੈਂ ਪ੍ਰਧਾਨ ਜੀ ਦੇ ਸਫ਼ਰ ਵਿੱਚ ਪੀ. ਏ. ਦੀ ਸੇਵਾ
ਨਿਭਾਉਂਦਾ ਰਿਹਾ।
ਗੱਲ ਕਰ ਲਈਏ ਭਾਈ ਸਾਹਿਬ ਗੁਰਮੇਲ ਸਿੰਘ ਜੀ ਦੀ। ਇਹਨਾਂ ਦੇ ਨਾਲ ਇੱਕ ਹੋਰ ਸ਼ਹੀਦ ਸਿੱਖ ਮਿਸ਼ਨਰੀ
ਕਾਲਜ ਦਾ ਵਿਦਿਆਰਥੀ ਸਹਾਇਕ ਵਜੋਂ ਜੋੜ ਕੇ, ਜਥਾ ਮੁਕੰਮਲ ਕਰ ਲਿਆ ਗਿਆ। ਫਿਰ ਚੱਲ ਸੋ ਚੱਲ; ਅੱਜ
ਹੋਰ ਤੇ ਕਲ੍ਹ ਹੋਰ। ਭਾਈ ਸਾਹਿਬ ਦੇ ਰਸਤੇ ਵਿੱਚ ਜੋ ਮੈਂ ਰੁਕਾਵਟ ਸਾਂ ਉਹ ਦੂਰ ਹੋ ਗਈ ਤੇ ਜਥੇਦਾਰ
ਰਾਗੀ ਦੇ ਰੂਪ ਵਿੱਚ ਭਾਈ ਸਾਹਿਬ ਜੀ ਦਿਨ ਦੂਣੀ ਤੇ ਰਾਤ ਚੌਗੁਣੀ, ਕੀਰਤਨ ਦੀ ਵਿੱਦਿਆ ਵਿੱਚ ਤਰੱਕੀ
ਕਰਦੇ ਚਲੇ ਗਏ। ੧੯੭੨ ਦੇ ਅਕਤੂਬਰ ਅਤੇ ਨਵੰਬਰ ਵਿਚ, ਦੋਹਾਂ ਸੰਤ ਜੀਆਂ ਦੇ ਅਕਾਲ ਚਲਾਣੇ ਮਗਰੋਂ,
ਮੈਂ ੧੯੭੩ ਦੇ ਮਾਰਚ ਮਹੀਨੇ ਵਿਚ, ਅਫ਼੍ਰੀਕਾ ਮਹਾਂਦੀਪ ਦੇ ਇੱਕ ਛੋਟੇ ਜਿਹੇ ਮੁਲਕ ਮਲਾਵੀ ਵਿੱਚ
ਚੱਲਿਆ ਗਿਆ। ਓਥੋਂ ਅਫ਼੍ਰੀਕਾ, ਯੂਰਪ ਦੇ ਕੁੱਝ ਮੁਲਕ ਅਤੇ ਇੰਗਲੈਂਡ ਦੀ ਯਾਤਰਾ ਉਪ੍ਰੰਤ, ਸਵਾ ਕੁ
ਦੋ ਸਾਲ ਪਿਛੋਂ, ਅਗੱਸਤ ੧੯੭੫ ਵਿਚ, ਕੁੱਝ ਮਹੀਨਿਆਂ ਵਾਸਤੇ ਮੈਂ ਵਾਪਸ ਅੰਮ੍ਰਿਤਸਰ ਆਇਆ ਤਾਂ ਭਾਈ
ਸਾਹਿਬ ਜੀ ਅਜੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਹੀ ਸੇਵਾ ਨਿਭਾ ਰਹੇ ਸਨ। ਮੈਂ ਉਹਨਾਂ ਨੂੰ ਆਪਣਾ
ਪੁਰਾਣਾ ਸਾਥੀ ਸਮਝ ਕੇ ਹੀ ਮਿਲ਼ਿਆ ਤੇ ਉਹਨਾਂ ਉਪਰ ਸਤਿਗੁਰੂ ਰਾਮਦਾਸ ਸਾਹਿਬ ਜੀ ਦੀ ਹੋ ਚੁੱਕੀ
ਅਪਾਰ ਕਿਰਪਾ ਦਾ ਅਹਿਸਾਸ ਨਹੀਂ ਸੀ ਕਰ ਸਕਿਆ। ਇਸ ਸਮੇ ਉਹਨਾਂ ਨਾਲ਼ ਸਹਾਇਕ ਵਜੋਂ ਭਾਈ ਗੁਰਬਚਨ
ਸਿੰਘ ਜੀ ਅਤੇ ਜੋੜੀ ਉਪਰ ਭਾਈ ਕੁਲਦੀਪ ਸਿੰਘ ਜੀ ਸੇਵਾ ਕਰ ਰਹੇ ਸਨ। ਪਾਠਕ ਸ਼ਾਇਦ ਹੈਰਾਨ ਹੋਣਗੇ ਇਹ
ਜਾਣ ਕੇ ਕਿ ਇਹ ਦੋਵੇਂ ਸੱਜਣ, ਭਾਈ ਗੁਰਮੇਲ ਸਿੰਘ ਜੀ ਵਾਂਙ ਹੀ, ਗੁਰਦੁਆਰਾ ਬੁਢਾ ਜੌਹੜ ਵਿਚਲੇ
ਵਿਦਿਆਲੇ ਵਿਚੋਂ ਗੁਰਮਤਿ ਦੀ ਵਿੱਦਿਆ ਪਰਾਪਤ ਕਰ ਚੁੱਕੇ ਸਨ ਤੇ ਵਾਰੋ ਵਾਰੀ ਦੋਵੇਂ ਹੀ, ਸ਼੍ਰੋਮਣੀ
ਅਕਾਲੀ ਦਲ ਦੇ ਪ੍ਰਧਾਨ, ਸ੍ਰੀ ਮਾਨ ਸੰਤ ਬਾਬਾ ਫ਼ਤਿਹ ਸਿੰਘ ਜੀ ਦੇ ਡਰਾਈਵਰ ਦੀ ਸੇਵਾ ਵੀ ਕਰ ਚੁੱਕੇ
ਸਨ। ਤਨਖਾਹਦਾਰ ਨੌਕਰ ਵਜੋਂ ਨਹੀਂ; ਵਾਲੰਟੀਅਰ ਸੇਵਾਦਾਰ ਵਜੋਂ ਸੇਵਾ ਕਰਦੇ ਰਹੇ ਸਨ। ਸੰਤ ਜੀ ਦੇ
ਡਰਾਈਵਰ ਸ. ਕਿੱਕਰ ਦੇ, ੧੯੬੭ ਵਾਲ਼ੀ ਇਲੈਕਸ਼ਨ ਸਮੇ, ਹਲਕਾ ਬਠਿੰਡਾ ਤੋਂ ਲੋਕ ਸਭਾ ਦੇ ਮੈਂਬਰ ਚੁਣੇ
ਜਾਣ ਪਿਛੋਂ, ਭਾਈ ਗੁਰਬਚਨ ਸਿੰਘ ਜੀ ਇਹ ਸੇਵਾ ਨਿਭਾਉਣ ਲੱਗੇ ਤੇ ਫਿਰ ਭਾਈ ਕੁਲਦੀਪ ਸਿੰਘ ਜੀ। ਭਾਈ
ਕੁਲਦੀਪ ਸਿੰਘ ਜੀ ਤਾਂ ਭਾਈ ਗੁਰਮੇਲ ਸਿੰਘ ਜੀ ਦੇ ਉਸਤਾਦ ਭਾਈ ਪ੍ਰੀਤਮ ਸਿੰਘ ਤੂਰ (ਜ਼ਖ਼ਮੀ) ਜੀ ਦੇ
ਸ਼ਾਗਿਰਦ ਹੋਣ ਤੋਂ ਇਲਾਵਾ ਉਹਨਾ ਦੇ ਭਾਣਜੇ ਵੀ ਹਨ। ਭਾਈ ਗੁਰਬਚਨ ਸਿੰਘ ਜੀ ਸੰਤ ਜੀ ਨਾਲ਼ ਡਰਾਈਵਰੀ
ਦੀ ਸੇਵਾ ਦੌਰਾਨ, ਉਹਨਾਂ ਦੇ ਕੀਰਤਨ ਕਰਨ ਸਮੇ, ਕਦੀ ਜੋੜੀ ਉਪਰ ਤੇ ਕਦੀ ਬੈਂਜੋ ਨਾਲ਼ ਸਾਥ ਦਿਆ
ਕਰਦੇ ਸਨ। ਸੰਤ ਬਾਬਾ ਫ਼ਤਿਹ ਸਿੰਘ ਜੀ ਨੂੰ ਜਿਥੇ ਨਿਰੰਕਾਰ ਵੱਲੋਂ ਹੋਰ ਕਈ ਬਖ਼ਸ਼ਿਸ਼ਾਂ ਪਰਾਪਤ ਸਨ
ਓਥੇ ਉਹਨਾਂ ਉਪਰ ਸੁਰੀਲੇ ਕੀਰਤਨ ਦੀ ਬਖ਼ਸ਼ਿਸ਼ ਵੀ ਸੀ। ਸੰਤ ਜੀ ਆਪਣੇ ਹਰੇਕ ਭਾਸ਼ਨ ਤੋਂ ਪਹਿਲਾਂ ਇੱਕ
ਸ਼ਬਦ ਦਾ ਕੀਰਤਨ ਵੀ ਜ਼ਰੂਰ ਕਰਿਆ ਕਰਦੇ ਸਨ। ਉਹਨਾਂ ਵੱਲੋਂ ਆਮ ਹੀ ਗਾਇਆ ਜਾਂਦਾ ਸ਼ਬਦ, “ਜਿਸ ਦਾ
ਸਾਹਿਬ ਡਾਢਾ ਹੋਇ॥ ਤਿਸ ਨੋ ਮਾਰ ਨ ਸਾਕੈ ਕੋਇ॥” ਬੜਾ ਪ੍ਰਸਿਧ ਸੀ। ਏਸੇ ਕਰਕੇ ਹੀ ਇੱਕ ਕਾਂਗਰਸੀ
ਲੀਡਰਆਣੀ ਨੇ ੧੯੬੭ ਵਿਚ, ਤਰਨ ਤਾਰਨ ਵਿਖੇ ਭਾਸ਼ਨ ਕਰਦਿਆਂ ਆਖਿਆ ਸੀ, “ਇਹ ਸਾਧ ਵਾਜਾ ਵਜਾਉਂਦਾ
ਵਜਾਉਂਦਾ ਲੀਡਰ ਬਣ ਗਿਆ ਹੈ। “ਇਹ ਵੇਰਵਾ, ਸਣੇ ਸੰਤ ਜੀ ਦੇ ਜਵਾਬ ਦੇ, ਮੈਂ ਹੋਰ ਕਿਸੇ ਲੇਖ ਵਿੱਚ
ਵਰਨਣ ਕਰ ਚੁੱਕਾ ਹਾਂ।
ਭਾਈ ਸਾਹਿਬ ਜੀ ਦੇ ਜਥੇ ਦੇ ਕੀਰਤਨ ਦੀ ਪ੍ਰਸਿਧੀ ਵੇਖ ਕੇ, ਪ੍ਰਬੰਧਕਾਂ ਵੱਲੋਂ ਉਹਨਾਂ ਦੀ ਸੇਵਾ,
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਲਗਾ ਦਿਤੀ ਗਈ। ਸਤਿਗੁਰੂ ਰਾਮ ਦਾਸ ਸਾਹਿਬ ਜੀ ਦੀ ਕਿਰਪਾ
ਸਦਕਾ, ਭਾਈ ਸਾਹਿਬ ਜੀ ਦੇ ਕੀਰਤਨ ਦੀ ਸੁਗੰਧੀ, ਸਾਰੇ ਧਾਰਮਿਕ ਸਿੱਖ ਸੰਸਾਰ ਅੰਦਰ ਪਸਰਨ ਲੱਗੀ।
ਕੀਰਤਨ ਪ੍ਰੇਮੀ ਬੜੇ ਉਤਸ਼ਾਹ ਸਹਿਤ ਉਹਨਾਂ ਦਾ ਕੀਰਤਨ ਸੁਣਨ ਲਈ ਉਤਸੁਕ ਰਹਿੰਦੇ।
ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਦੌਰਾਨ, ਬਾਕੀ ਸੇਵਕਾਂ ਵਾਂਙ ਹੀ, ਭਾਈ ਸਾਹਿਬ ਜੀ ਦਾ ਘਰ ਵੀ
ਲੁਟਿਆ ਗਿਆ। ਜੋ ਚੁੱਕਿਆ ਜਾ ਸਕਦਾ ਸੀ ਫੌਜੀ ਚੁੱਕ ਲੈ ਗਏ ਤੇ ਜੋ ਨਹੀਂ ਸੀ ਚੁੱਕਿਆ ਜਾ ਸਕਦਾ ਉਸ
ਨੂੰ ਭੰਨ ਕੇ ਸਾੜ ਗਏ। ਭਾਈ ਸਾਹਿਬ ਜੀ ਉਹਨੀਂ ਦਿਨੀਂ ਲੰਡਨ ਵਿੱਚ ਸਨ। ਸ਼ੁਕਰ ਹੈ ਕਿ ਆਪ ਜੀ ਲੰਡਨ
ਵਿੱਚ ਅਤੇ ਉਹਨਾਂ ਦੀ ਸਿੰਘਣੀ, ਬੀਬੀ ਗੁਰਮੇਲ ਕੌਰ ਜੀ, ਪਿੰਡ ਬੌਡੇ ਵਿੱਚ ਹੋਣ ਕਰਕੇ, ਉਹਨਾਂ ਦੇ
ਜਾਨ ਤੇ ਸਨਮਾਨ ਬਚੇ ਰਹਿ ਗਏ। ਨਵੇਂ ਸਿਰੇ ਮੁੜ ਘਰ ਬੰਨ੍ਹਿਆ। ਫਿਰ ਸਰਕਾਰੀ ਅੱਤਵਾਦ ਦੇ ਦੌਰਾਨ,
ਕਿਸੇ ਨਕਲੀ ਜੁਝਾਰੂ ਜਥੇਬੰਦੀ ਦੇ ਨਾਂ ਤੇ, ਭਾਈ ਸਾਹਿਬ ਜੀ ਤੋਂ ਜਬਰਦਸਤੀ ਵਾਹਵਾ ਸਾਰੀ ਮਾਇਆ
ਵਸੂਲੀ ਗਈ। ਉਹਨੀਂ ਦਿਨੀਂ ਲੁਟੇਰਿਆਂ ਵੱਲੋਂ ਸਰਕਾਰੀ ਸਰਪ੍ਰਸਤੀ ਹੇਠ ਪੰਜਾਬ ਵਿੱਚ ਅੰਨ੍ਹੀ ਪਈ
ਹੋਈ ਸੀ। “ਅੰਨ੍ਹੀ ਪੀਹੀ ਜਾਂਦੀ ਸੀ ਤੇ ਕੁੱਤਾ ਚੱਟੀ ਜਾਂਦਾ ਸੀ। “ਕੋਈ ਪਤਾ ਨਹੀਂ ਸੀ ਲੱਗਦਾ ਕਿ
ਜੁਝਾਰੂ ਕੌਣ ਹੈ ਤੇ ਆਮ ਲੁਟੇਰਾ, ਜ਼ਨਾਹਕਾਰ, ਡਾਕੂ ਤੇ ਪੁਲਸੀਆ ਕੌਣ ਹੈ। ਦਿਨ ਸਮੇ ‘ਬਾਵਰਦੀ’ ਤੇ
ਰਾਤਾਂ ਨੂੰ ‘ਬੇਵਰਦੀ’, ਦੋਹਾਂ ਪੁੜਾਂ ਵਿਚਾਲ਼ੇ ਪੰਜਾਬ ਦੇ ਖਾਂਦੇ ਪੀਂਦੇ ਘਰਾਂ ਦੀ ਜਾਨ, ਮਾਲ ਤੇ
ਸਨਮਾਨ ਨਾਲ਼ ਖਿਲਵਾੜ ਹੁੰਦਾ ਰਿਹਾ। ਇੱਕ ਦਹਾਕੇ ਤੋਂ ਵਧ ਇਹ ਜ਼ੁਲਮ ਜਾਰੀ ਰਿਹਾ। ਇਸ ਜ਼ੁਲਮ ਦਾ ਸਭ
ਤੋਂ ਵਧ ਸ਼ਿਕਾਰ, ਖਾਂਦੇ ਪੀਂਦੇ, ਇਜ਼ਤਦਾਰ ਸਿੱਖ ਪਰਵਾਰ ਹੀ ਹੋਏ। ੧੯੯੦ ਦੇ ਮਈ ਮਹੀਨੇ ਵਿੱਚ ਜਦੋਂ
ਮੈਂ ਅੰਮ੍ਰਿਤਸਰ ਗਿਆ ਤਾਂ ਭਾਈ ਸਾਹਿਬ ਜੀ ਬੜੀ ਮਾਯੂਸੀ ਦੀ ਹਾਲਤ ਵਿੱਚ ਮੈਨੂੰ ਮਿਲ਼ੇ ਤੇ ਆਪਣੀ
ਵਿਥਿਆ ਸੁਣਾਈ। ਉਹਨਾਂ ਨੇ ਦੱਸਿਆ ਕਿ ਸੰਪੂਰਨ ਫੌਜੀ ਲੁੱਟ ਤੋਂ ਬਾਅਦ, ਮੈਂ ਪਹਿਲਾਂ ਵੀ
‘ਜੁਝਾਰੂਆਂ’ ਨੂੰ ਜੁਰਮਾਨਾ ਭਰ ਚੁੱਕਾ ਹਾਂ ਤੇ ਹੁਣ ਫਿਰ ਕਿਸੇ ਜਥੇਬੰਦੀ ਦੇ ਨਾਂ ਤੇ, ਪੰਜਾਹ
ਹਜ਼ਾਰ ਦੀ ਫਿਰੌਤੀ ਮੰਗਣ ਦੀ ਚਿੱਠੀ ਆਈ ਪਈ ਹੈ; ਦੱਸੋ ਮੈਂ ਕੀ ਕਰਾਂ? ਸ਼ੋਕ ਹੈ ਕਿ ਉਸ ਸਮੇ ਵਰ੍ਹਦੀ
ਅੱਗ ਦੌਰਾਨ, ਮੈਂ ਭਾਈ ਸਾਹਿਬ ਜੀ ਦੀ ਕਿਸੇ ਕਿਸਮ ਦੀ ਸਹਾਇਤਾ ਕਰਨੋ ਅਸਮਰਥ ਸਾਂ।
ਇਸ ਸਮੇ ਭਾਈ ਸਾਹਿਬ ਜੀ ਉਪਰ ਸਤਿਗੁਰਾਂ ਦੀ ਅਪਾਰ ਬਖ਼ਸ਼ਿਸ ਹੈ। ਪ੍ਰੌੜ੍ਹ ਉਮਰ ਵਿੱਚ ਜਾ ਕੇ ਬੀਬੀ
ਗੁਰਮੇਲ ਕੌਰ ਜੀ ਦੀ ਗੋਦ ਨੂੰ ਨਿਰੰਕਾਰ ਨੇ ਭਾਗ ਲਾਏ ਤੇ ਭੁਜੰਗੀ ਨਰਿੰਦਰਜੀਤ ਸਿੰਘ ਦੇ ਰੂਪ ਵਿਚ,
ਭਾਈ ਸਾਹਿਬ ਨੂੰ ਸਪੁੱਤਰ ਦੀ ਦਾਤ ਵੀ ਬਖ਼ਸ਼ੀ ਗਈ। ਭਾਵੇਂ ਕਿ ਭਾਈ ਸਾਹਿਬ ਜੀ ਪਰਵਾਰ ਅਤੇ ਜਥੇ ਸਮੇਤ
ਨਿਊ ਯਾਰਕ ਵਿੱਚ ਰਹਿੰਦੇ ਹਨ ਪਰ ਸਾਰੇ ਸੰਸਾਰ ਵਿੱਚ ਹੀ ਆਪ ਜੀ ਦੇ ਜਥੇ ਵੱਲੋਂ ਗਾਏ ਗਏ ਗੁਰਬਾਣੀ
ਦੇ ਸ਼ਬਦਾਂ ਦੀਆਂ ਸੁਰੀਲੀਆਂ ਸੁਰਾਂ, ਕੀਰਤਨ ਪ੍ਰੇਮੀਆਂ ਦੇ ਹਿਰਦੇ ਪ੍ਰਫੁੱਲਤ ਕਰ ਰਹੀਆਂ ਹਨ।
ਪੰਜਾਬ ਦੀਆਂ ਸੰਗਤਾਂ ਦੀ ਪ੍ਰੇਮ-ਖਿਚ ਸਦਕਾ ਫਰਵਰੀ ਅਤੇ ਮਾਰਚ ਵਿਚ, ਹਰ ਸਾਲ ਭਾਈ ਸਾਹਿਬ ਜੀ
ਅੰਮ੍ਰਿਤਸਰ ਵਿਖੇ ਆ ਕੇ, ਦੋ ਮਹੀਨੇ ਤੱਕ ਪੰਜਾਬ ਦੀਆਂ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕਰਦੇ
ਹਨ।
ਸਤਿਗੁਰਾਂ ਦੀ ਬਖ਼ਸ਼ਿਸ਼ ਸਦਕਾ ਦੇਸ ਪਰਦੇਸ ਦੀਆਂ ਸੰਗਤਾਂ ਅਤੇ ਸੰਸਥਾਵਾਂ ਵੱਲੋਂ ਭਾਈ ਸਾਹਿਬ ਜੀ ਨੂੰ
ਸਮੇ ਸਮੇ ਮਾਣ ਸਤਿਕਾਰ ਦਿਤਾ ਜਾਂਦਾ ਅਤੇ ਦਿਤਾ ਜਾ ਰਿਹਾ ਹੈ। ਪਿਛਲੇ ਸਾਲ ਹੀ ਵੈਨਕੂਵਰ ਦੀਆਂ
ਸੰਗਤਾਂ ਵੱਲੋਂ ਆਪ ਜੀ ਅਤੇ ਆਪ ਜੀ ਦੇ ਸਾਥੀਆਂ ਨੂੰ ਗੋਲਡ ਮੈਡਲ ਨਾਲ਼ ਸਨਮਾਨਤ ਕੀਤਾ ਗਿਆ ਹੈ।
ਗਿ: ਸੰਤੋਖ ਸਿੰਘ