ਪੰਜਾਬੀ ਯੂਨੀਵਰਸਟੀ, ਪਟਿਆਲਾ ਵਿਖੇ ਵਿਲੱਖਣ ਸੈਮੀਨਾਰ
ਵੀਰ ਭੁਪਿੰਦਰ ਸਿੰਘ ਜੀ (ਲਿਵਿੰਗ ਟਰੈਯਰ) ਨਾਲ ਮੇਰੀ ਪਟਿਆਲਾ ਫੇਰੀ
ਪੁਸ਼ਪਿੰਦਰ ਸਿੰਘ
ਮੈਨੂੰ ਇਕ ਕੀਮਤੀ ਮੌਕਾ ਵੀਰ ਭੁਪਿੰਦਰ ਸਿੰਘ ਜੀ (ਯੂ.ਐਸ.ਏ) ਨਾਲ ਪਟਿਆਲਾ ਜਾਣ ਦਾ ਮਿਲਿਆ। ਇਸ
ਫੇਰੀ ਦੀ ਆਪਣੀ ਇਕ ਵਿੱਲਖਣਤਾ ਇਹ ਸੀ ਕਿ ਇਹ ਸ਼ਲਾਘਾਯੋਗ ਉੱਦਮ ਚੜ੍ਹਦੀਕਲਾ ਟਾਇਮ ਟੀ.ਵੀ ਦੇ ਬਾਨੀ
ਜਗਜੀਤ ਸਿੰਘ ਜੀ ਦਰਦੀ ਦੁਆਰਾ ਕੀਤਾ ਗਿਆ।
ਵੀਰ ਜੀ ਦੇ ਤਿੰਨ ਪ੍ਰੋਗਰਾਮ ਗੁਰਦੁਆਰਾ ਗੁਰੂ ਨਾਨਕ ਦਰਬਾਰ, ਅਰਬਨ ਇਸਟੇਟ ਫੇਸ - 1 ਵਿਚ ਵੀ ਸਨ।
ਸੰਗਤਾਂ ਨੇ ਇਨ੍ਹਾਂ ਪ੍ਰੋਗਰਾਮਾਂ ਤੇ ਹੁਮ-ਹੁਮਾ ਕੇ ਪਹੁੰਚ ਕੇ ਗੁਰਬਾਣੀ ਰਾਹੀਂ ਜੀਵਨ ਜਾਚ ਘੜ੍ਹਨ
ਬਾਰੇ ਵੀਚਾਰ ਸਰਵਨ ਕੀਤੇ। ਸੰਗਤਾਂ ਦੀ ਇਕਾਗਰਤਾ ਬਾਣੀ ਦੇ ਅਰਥਾਂ ਵਿਚ ਦਿਲਚਸਪੀ ਦਾ ਪ੍ਰਮਾਣ ਦੇ
ਰਹੀ ਸੀ। ਇੱਕ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ ਵਿਖੇ ਵੀ ਆਯੋਜਿਤ ਕੀਤਾ ਗਿਆ।
ਗੁਰਦੁਆਰਿਆਂ, ਸਕੂਲਾਂ, ਕਾਲਜਾਂ ਵਿਚ ਵੀਰ ਜੀ ਨਾਲ ਸੰਗ ਕਰਨ ਦਾ ਮੌਕਾ ਤਾਂ ਮੈਨੂੰ ਪਹਿਲਾਂ ਵੀ
ਮਿਲਦਾ ਰਿਹਾ ਹੈ ਪਰ ਇਸ ਫੇਰੀ ਦੀ ਖਾਸ ਗਲ ਇਹ ਸੀ ਕਿ ਪੰਜਾਬੀ ਯੂਨੀਵਰਸਟੀ ਪਟਿਆਲਾ ਜਿਸ ਵਿਚ
ਪ੍ਰਮੁੱਖ ਧਰਮਾਂ ਦੇ ਨਾਲ-ਨਾਲ ਸਿੱਖ ਧਰਮ ਦਾ ਅਧਿਐਨ ਕਰਨ ਦੀ ਵੀ ਵਿਦਿਆਰੀਆਂ ਨੂੰ ਸੁਵਿਧਾ ਹੈ, ਇਸ
ਥਾਂ ਤੇ ਵੀਰ ਜੀ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਮੈਂ ਵੀ ਇਸੇ ਯੂਨੀਵਰਸਟੀ ਦਾ ਵਿਦਿਆਰਥੀ
ਰਿਹਾ ਹਾਂ।
ਚੜ੍ਹਦੀ ਕਲਾ ਟਾਇਮ ਟੀ.ਵੀ ਦੇ ਹੋਸਟ ਭਾਈ ਗੁਰਵੇਲ ਸਿੰਘ ਜੀ ਨੇ ਦਸਿਆ ਕਿ ਸੈਮਿਨਾਰ ਦੀ ਅਗਵਾਈ ਡਾ.
ਸਰਬਜਿੰਦਰ ਸਿੰਘ ਜੀ ਕਰਨਗੇ ਤਾਂ ਮੇਰੀ ਖੁਸ਼ੀ ਦਾ ਠਿਕਾਣਾ ਨਾ ਰਿਹਾ! ਕਿਉਂਕਿ ਮੈਂ ਡਾ. ਸਾਹਿਬ ਦਾ
ਵਿਦਿਆਰਥੀ ਰਿਹਾ ਹਾਂ ਜੋ ਕਿ ਉੱਚ ਕੋਟੀ ਦੇ ਵਿਦਵਾਨ ਹਨ।
ਯੂਨੀਵਰਸਟੀ ਵਿਖੇ ਸੈਮੀਨਾਰ ਦਾ ਵਿਸ਼ਾ ਸੀ “ਗੁਰਬਾਣੀ ਰਾਹੀਂ ਸ਼ਖਸੀਅਤ ਦਾ ਨਿਖਾਰ”। ਸਭ ਤੋਂ
ਪਹਿਲਾਂ ਵੀਰ ਜੀ ਦਾ ਸ੍ਵਾਗਤ ਕੀਤਾ ਗਿਆ। ਪਤਵੰਤੇ ਸੱਜਣਾ ਵਿਚ ਹਾਜ਼ਰ ਸਨ ਡਾ. ਸਰਬਜਿੰਦਰ ਸਿੰਘ ਜੀ,
ਏ. ਐਸ ਚਾਵਲਾ ਜੀ (ਡੀਨ ਅਕਾਦਮਿਕਸ), ਡਾ. ਦਵਿੰਦਰ ਸਿੰਘ ਜੀ (ਰਜਿਸਟ੍ਰਾਰ), ਡਾ. ਪ੍ਰਭਲੀਨ ਸਿੰਘ
ਜੀ (ਐਡਮਿਨ ਆਫਿਸਰ), ਸ. ਜਗਜੀਤ ਸਿੰਘ ਜੀ (ਦਰਦੀ) ਅਤੇ ਕਈ ਹੋਰ ਸੱਜਣ ਜਿਨ੍ਹਾਂ ਦਾ ਮੈਂ ਨਾਂ
ਨਹੀਂ ਜਾਣਦਾ। ਸੈਮੀਨਾਰ ਵਿਚ ਸ੍ਰੀ ਗੁਰੂ ਹਰਿਕ੍ਰਸ਼ਨ ਪਬਲਿਕ ਸਕੂਲ, ਸ੍ਰੀ ਗੁਰੂ ਹਰਿਕ੍ਰਸ਼ਨ ਕਾਲਜ
ਆਫ ਮੈਨੇਜਮੈਂਟ ਐਡ ਟੈਕਨਾਲਜੀ ਅਤੇ ਹੋਰ ਪੰਜਾਬ ਦੇ ਵਖ-ਵਖ ਸ਼ਹਿਰਾਂ ਵਿਚੋਂ ਵਿਦਿਆਰਥੀ ਅਤੇ ਸੰਗਤ
ਵੀ ਸ਼ਾਮਲ ਸੀ।
ਪ੍ਰੋਗਰਾਮ ਦੀ ਆਰੰਭਤਾ ਮਾਝ ਕੀ ਵਾਰ ਦੇ ਇਕ ਸ਼ਬਦ “ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥” ਦੇ
ਗਾਇਨ ਨਾਲ ਕੀਤੀ ਗਈ। ਗਾਇਨ ਦੌਰਾਨ ਮੈਨੂੰ ਦਿਲਰੁਬਾ ਵਜਾਉਣ ਦਾ ਮੌਕਾ ਮਿਲਿਆ। ਇਸ ਤੋਂ ਉਪਰੰਤ ਸ਼ਬਦ
ਦੀ ਵੀਚਾਰ ਵਿਚ ਵੀਰ ਜੀ ਨੇ ਨੌਜੁਆਨਾਂ ਨੂੰ ਅਜੋਕੇ ਸਮੇਂ ਵਿਚ ਆਪਣੀ ਸ਼ਖਸੀਅਤ ਦੇ ਨਿਖਾਰ ਲਈ
ਗੁਰਬਾਣੀ ਵਿਚੋਂ ਨੁਕਤੇ ਸਾਂਝ ਕੀਤੇ। ਗਾਇਨ ਕੀਤੇ ਸ਼ਬਦ ਦੇ ਰਾਹੀਂ ਇਹ ਸਮਝ ਲੱਗੀ ਕਿ ਸਰੀਰਕ ਅੰਗਾਂ
ਦੇ ਵਸ ਕੁਝ ਨਹੀਂ ਹੈ। ਹੱਥ, ਪੈਰ, ਅੱਖਾਂ, ਨੱਕ ਆਦਿ ਸਾਰੇ ਅੰਗ ਮਨ ਦੁਆਰਾ ਸੰਚਾਲਿਤ ਕੀਤੇ ਜਾਂਦੇ
ਹਨ। ਸਰੀਰਕ ਹੱਥਾਂ ਦੇ ਪਿੱਛੇ ਮਨ ਦੇ ਹੱਥ ਹਨ ਜੋ ਕਿ ਨਿਰਦੇਸ਼ ਦੇਂਦੇ ਹਨ ਤਾਂ ਸਾਡੇ ਹੱਥ ਕੁਝ ਕਰ
ਪਾਉਂਦੇ ਹਨ। ਜੇ ਮਨ ਆਪਣੀ ਮਤ ਅਨੁਸਾਰ ਕੁਝ ਕਰੇ ਤਾਂ ਇਨ੍ਹਾਂ ਹੱਥਾਂ ਨਾਲ ਵਿਗਾੜ ਹੀ ਕਰੇਗਾ। ਪਰ
ਜੇ ਇਸਨੂੰ ਸਤਿਗੁਰ ਦੀ ਮਤ ਮਿਲੇ ਤਾਂ ਇਹੀ ਹੱਥ ਦੂਜੇ ਦਾ ਕੰਮ ਸੰਵਾਰ ਸੱਕਣਗੇ। ਇਸੇ ਤਰ੍ਹਾਂ ਬਾਕੀ
ਦੇ ਅੰਗ ਕੰਮ ਕਰਦੇ ਹਨ। ਪੈਰ ਜੇਕਰ ਮਨ ਦੀ ਮਤ ਪਿੱਛੇ ਟੁਰਨ ਤਾਂ ਭੈੜੇ ਪਾਸੇ ਜਾਂਦੇ ਹਨ ਪਰ ਜੇ
ਸਤਿਗੁਰ ਦੀ ਮਤ ਮਿਲ ਜਾਏ ਤਾਂ ਗੁਰੂ ਦੇ ਦੱਸੇ ਮਾਰਗ ਦੇ ਚਲਦੇ ਹਨ।
ਸਕੂਲੀ ਅਤੇ ਕਾਲਜ ਦੇ ਵਿਦਿਆਰਥੀ ਇਸ ਗੁਰਬਾਣੀ ਦੀ ਸਾਂਝ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ
ਵੀਰ ਜੀ ਤੋਂ ਸਵਾਲ ਵੀ ਪੁੱਛੇ। ਵਿਦਿਆਰਥੀ ਬਹੁਤ ਉੱਤੇਜਿਤ ਸਨ ਜਿਸ ਦਾ ਸਦਕਾ ਅਮਲੀ ਸ਼ਖਸੀਅਤ ਬਣਾਉਣ
ਲਈ ਕਾਇਲ ਸਨ। ਵੀਰ ਜੀ ਗੁਰਬਾਣੀ ਨੂੰ ਆਪਣੇ ਜੀਵਨ ਤੇ ਢੁਕਾਕੇ ਸਮਝਾਉਂਦੇ ਹਨ ਜਿਸਦਾ ਸਦਕਾ ਨੌਜੁਆਨ
ਪੀੜ੍ਹੀ ਨੂੰ ਗੁਰਬਾਣੀ ਦੀ ਗਲ ਟੁੰਬ ਜਾਂਦੀ ਹੈ।
ਡਾ. ਸਰਬਜਿੰਦਰ ਸਿੰਘ ਜੀ ਦੀ ਨਿਮਰਤਾ ਵੇਖ ਮੈਂ ਹੈਰਾਨ ਸੀ। ਕਿਸੇ ਵੀ ਉੱਚ ਕੋਟੀ ਦੇ ਵਿਦਵਾਨ ਨੂੰ
ਮੈਂ ਇਤਨੀ ਹਲੀਮੀ ਵਿਚ ਨਹੀਂ ਵੇਖਿਆ। ਉਨ੍ਹਾ ਨੇ ਪੂਰੀ ਦਿਚਸਪੀ ਨਾਲ ਸੈਮੀਨਾਰ ਦੇ ਵਿਚ ਹਾਜ਼ਰੀ ਭਰੀ
ਅਤੇ ਵੀਰ ਜੀ ਦੇ ਲੈਕਚਰ ਦੀ ਸ਼ਲਾਘਾ ਕੀਤੀ। ਡਾ. ਸਾਹਿਬ ਨੇ ਕਿਹਾ ਕਿ ਉਨ੍ਹਾਂ ਦੀ ਲਾਈਬ੍ਰੇਰੀ ਵਿਚ
ਐਸਾ ਕੋਈ ਗ੍ਰੰਥ ਨਹੀਂ ਜਿਸ ਵਿਚ ਗੁਰਬਾਣੀ ਦੀ ਜੀਵਨ ਜਾਚ ਦਰਸ਼ਾਈ ਗਈ ਹੋਵੇ।
ਇਸ ਤੋਂ ਇਲਾਵਾ ਵੀਰ ਜੀ ਨੂੰ ਚੜ੍ਹਦੀਕਲਾ ਟਾਈਮ ਟੀਵੀ ਤੇ ਵੀ ਸਦਿਆ ਗਿਆ। ਇਥੇ ਹਰਪ੍ਰੀਤ ਸਿੰਘ
ਦਰਦੀ ਜੀ ਅਤੇ ਭਾਈ ਗੁਰਵੇਲ ਸਿੰਘ ਜੀ ਨੇ ਵੀਰ ਜੀ ਦੀ ਇੰਟਰਵਿਊ ਲਈ। ਇਨ੍ਹਾਂ ਵਿਚੋ ਇਕ ਰਿਕਾਰਡਿੰਗ
16 ਸਤੰਬਰ ਮੰਗਲਵਾਰ ਸ਼ਾਮ 6:15 (IST)
ਤੇ ਵਿਖਾਈ ਜਾਵੇਗੀ। ਚਾਹਵਾਨ ਸੱਜਣ ਇਨ੍ਹਾਂ ਖਾਸ ਮੁਲਾਕਾਤਾਂ ਦੀ ਰਿਕਾਰਡਿੰਗ ਜ਼ਰੂਰ ਵੇਖਣ।