.

ਭੱਟ ਬਾਣੀ-26

ਬਲਦੇਵ ਸਿੰਘ ਟੋਰਾਂਟੋ

ਸਤਿ ਸੂਰਉ ਸੀਲਿ ਬਲਵੰਤੁ ਸਤ ਭਾਇ ਸੰਗਤਿ ਸਘਨ

ਗਰੂਅ ਮਤਿ ਨਿਰਵੈਰਿ ਲੀਣਾ।।

ਜਿਸੁ ਧੀਰਜੁ ਧੁਰਿ ਧਵਲੁ ਧੁਜਾ ਸੇਤਿ ਬੈਕੁੰਠ ਬੀਣਾ।।

ਪਰਸਹਿ ਸੰਤ ਪਿਆਰੁ ਜਿਹ ਕਰਤਾਰਹ ਸੰਜੋਗੁ।।

ਸਤਿਗੁਰੂ ਸੇਵਿ ਸੁਖੁ ਪਾਇਓ ਅਮਰਿ ਗੁਰਿ ਕੀਤਉ ਜੋਗੁ।। ੭।।

(ਪੰਨਾ ੧੩੯੩)

ਅਰਥ:- ਸਤਿ – ਸਦਾ ਸਦੀਵੀ ਰਹਿਣ ਵਾਲਾ। ਸੂਰਉ – ਮਹਾਨ। ਸੀਲਿ – ਸੀਤਲਤਾ। ਬਲਵੰਤੁ – ਧਨੀ, ਪੁੰਜ, ਖ਼ਜ਼ਾਨਾ। ਸੀਲਿ ਬਲਵੰਤੁ – ਸੀਤਲਤਾ ਦਾ ਧਨੀ। ਸਤ – ਸੰਤੋਖ। ਭਾਇ - ਜਾਣ ਕੇ। ਸੰਗਤਿ – ਜਿਸ ਦਾ ਸੰਗ ਕਰਕੇ। ਸਤ ਭਾਇ ਸੰਗਤਿ ਸਘਨ ਗਰੂਅ – ਗੂੜੀ ਅਗਿਆਨਤਾ ਵਿੱਚ ਦੇਹਧਾਰੀ ਗੁਰੂਆਂ ਨੂੰ ਸਤਿ ਜਾਣ ਕੇ। ਸਘਨ – ਗੂੜਾ, ਇਥੇ ਅਰਥ ਗੂੜੀ ਅਗਿਆਨਤਾ ਬਣਦੇ ਹਨ। ਲੀਣਾ – ਲੈਣਾ, ਅਪਣਾਉਣਾ। ਧੀਰਜ - ਆਸਰਾ। ਸੇਤਿ – ਸੰਬੰਧ। ਬੀਣਾ – ਬਣਾਉਣਾ। ਬੈਕੁੰਠ ਨਾਲ ਸੰਬੰਧ ਬਣਾਉਣਾ ਚਾਹੁੰਦੇ। ਧੀਰਜ ਧੁਰਿ - ਧੀਰਜ ਧਰ ਕੇ, ਵਿਸ਼ਵਾਸ ਕਰਕੇ। ਧਵਲੁ – ਆਸਰਾ। ਧਵਲੁ ਧੁਜਾ – ਆਸਰਾ ਜਾਣ ਕੇ। ਪਰਸਹਿ - ਅਪਣਾ ਕੇ। ਸੰਤ – ਗਿਆਨ। ਪਿਆਰੁ – ਸੰਬੰਧ, ਨਾਤਾ। ਜਿਹ – ਜਿਹੜੇ। ਪਰਸਹਿ ਸੰਤ ਪਿਆਰੁ ਜਿਹ – ਜਿਹੜੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਗਿਆਨ ਨਾਲ ਆਪਣਾ ਨਾਤਾ ਜੋੜਦੇ ਹਨ। ਕਰਤਾਰਹ ਸੰਜੋਗੁ - ਆਪਣਾ ਨਾਤਾ ਕਰਤਾਰ ਨਾਲ ਜੋੜਦੇ ਹਨ। ਸਤਿਗੁਰੂ – ਸਦੀਵੀ ਸਥਿਰ ਰਹਿਣ ਵਾਲਾ। ਸੇਵਿ – ਸੇਵਿਆ। ਸੁਖੁ ਪਾਇਓ – ਸੁਖ ਪਾਉਂਦੇ ਹਨ। ਅਮਰਿ – ਅਮਰਦਾਸ ਜੀ ਨੇ। ਜੋਗੁ- ਉੱਤਮ। ਗੁਰਿ ਕੀਤਉ ਜੋਗੁ – ਉੱਤਮ ਗਿਆਨ ਕੀਤਾ, ਦਰਸਾਇਆ।

ਅਰਥ:- ਹੇ ਭਾਈ! ਜਿਹੜੇ ਗੂੜੀ ਅਗਿਆਨਤਾ ਵਿੱਚ ਫਸੇ ਅਖੌਤੀ ਦੇਹਧਾਰੀ ਅਵਤਾਰਵਾਦੀ ਗੁਰੂਆਂ ਨੂੰ ਹੀ ਸਦੀਵੀ ਸਥਿਰ ਰਹਿਣ ਵਾਲੇ ਸੰਤੋਖ ਸੀਤਲਤਾ ਦੇ ਪੁੰਜ ਨਿਰਵੈਰ ਜਾਣ ਕੇ ਉਨ੍ਹਾਂ ਦੇ ਮੱਤ ਨੂੰ ਅਪਣਾਉਂਦੇ ਹਨ, ਉਹ ਉਨ੍ਹਾਂ (ਦੇਹਧਾਰੀਆਂ) ਉੱਪਰ ਧੀਰਜ ਧਰ ਕੇ-ਵਿਸ਼ਵਾਸ ਕਰਕੇ, ਧਵਲ ਧੁਜਾ-ਆਸਰਾ ਜਾਣ ਕੇ ਇਨ੍ਹਾਂ ਰਾਹੀਂ ਬੈਕੁੰਠ ਨਾਲ ਸੰਬੰਧ ਬਣਾਉਣਾ ਚਾਹੁੰਦੇ ਹਨ। ਇਸ ਦੇ ਉਲਟ ਜਿਹੜੇ ਗਿਆਨ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਆਪਣਾ ਸਿੱਧਾ ਨਾਤਾ ਕਰਤਾਰ ਨਾਲ ਜੋੜਦੇ ਹਨ, ਉਹ ਇਨ੍ਹਾਂ ਦੇਹਧਾਰੀਆਂ ਤੋਂ ਮੁਕਤ, ਨਿਜਾਤ ਲੈ ਕੇ ਆਪਣੇ ਜੀਵਨ ਵਿੱਚ ਸੁਖ ਪਾਉਂਦੇ ਹਨ। ਇਹ ਉੱਤਮ ਗਿਆਨ ਅਮਰਦਾਸ ਜੀ ਨੇ ਕੀਤਾ ਭਾਵ ਦਰਸਾਇਆ ਹੈ ਕਿ ਹੇ ਭਾਈ! ਇਕੁ ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰੂ ਨਾਲ ਹੀ ਆਪਣਾ ਸਿੱਧਾ ਨਾਤਾ ਜੋੜੋ।

ਨਾਮੁ ਨਾਵਣੁ ਨਾਮੁ ਰਸ ਖਾਣੁ ਅਰੁ ਭੋਜਨੁ ਨਾਮ

ਰਸੁ ਸਦਾ ਚਾਯ ਮੁਖਿ ਮਿਸ੍ਟ ਬਾਣੀ।।

ਧਨਿ ਸਤਿਗੁਰੁ ਸੇਵਿਓ ਜਿਸੁ ਪਸਾਇ ਗਤਿ ਅਗਮ ਜਾਣੀ।।

ਕੁਲ ਸੰਬੂਹ ਸਮੁਧਰੇ ਪਾਯਉ ਨਾਮ ਨਿਵਾਸੁ।।

ਸਕਯਥੁ ਜਨਮੁ ਕਲ੍ਯ੍ਯੁਚਰੈ ਗੁਰੁ ਪਰਸ੍ਯ੍ਯਿਉ ਅਮਰ ਪ੍ਰਗਾਸੁ।। ੮।।

(ਪੰਨਾ ੧੩੯੩-੯੪)

ਪਦ ਅਰਥ:- ਨਾਮੁ – ਸੱਚ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਨਾਮੁ ਨਾਵਣੁ – ਇਸ ਦੇ ਅਰਥ ਤੀਰਥ ਨਾਵਣ ਨਾਲ ਜੋੜ ਕੇ ਨਹੀਂ ਕੀਤੇ ਜਾ ਸਕਦੇ। ਨਾਮੁ ਨਾਵਣੁ – ਜੋ ਸੱਚ ਨੂੰ ਆਪਣੇ ਜੀਵਨ ਵਿੱਚ ਨਾਵਣੁ, ਅਪਣਾਉਂਦੇ ਹਨ। ਨਾਮੁ ਰਸ ਖਾਣੁ – ਇਸ ਸੱਚ ਰੂਪੀ ਰਸ ਦੀ ਖਾਣ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ। ਖਾਣੁ – ਖਾਣ ਭਾਵ (mine)ਭੋ – ਉਹ (ਮ: ਕੋਸ਼)। ਜਨ – ਜਨ। ਰਸੁ ਸਦਾ ਚਾਯ ਮੁਖਿ ਮਿਸ੍ਟ ਬਾਣੀ – ਉਨ੍ਹਾਂ ਅੰਦਰ ਸੱਚ ਰੂਪੀ ਮਿੱਠੀ ਬਖ਼ਸ਼ਿਸ਼ ਨਾਲ। ਸਦਾ - ਹਮੇਸ਼ਾ। ਚਾਯ -ਉਤਸ਼ਾਹ। ਮਿਸ† ਬਾਣੀ – ਰਸ ਭਰਪੂਰ ਬਖ਼ਸ਼ਿਸ਼। ਧਨਿ ਸਤਿਗੁਰੁ ਸੇਵਿਓ – ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਧੰਨਤਾਯੋਗ ਸਤਿਗੁਰੁ-ਗਿਆਨ ਨੂੰ ਗੁਰੂ ਕਰਕੇ ਸੇਵਿਆ-ਅਪਣਾਇਆ। ਗਤਿ – ਮਾਰਗ (ਮ: ਕੋਸ਼)। ਜਿਸੁ ਪਸਾਇ ਗਤਿ ਅਗਮ ਜਾਣੀ – ਜਿਸ ਪਰਥਾਇ ਅਗੰਮ ਦਾ ਮਾਰਗ ਜਾਣਿਆ। ਪਸਾਇ – ਪਰਥਾਇ, ਬਦੌਲਤ। ਕੁਲ – ਤਮਾਮ। ਸੰਬੂਹ – ਸਮੂਹ। ਸਮੁਧਰੇ – ਉਹ ਉਧਰੇ। ਪਾਇਉ – ਪ੍ਰਾਪਤ ਕੀਤਾ। ਨਾਮ – ਸੱਚ। ਨਿਵਾਸੁ – ਟਿਕਣਾ। ਕਲ੍ਹਚਰੈ – ਅਗਿਆਨਤਾ ਖ਼ਤਮ ਹੋਈ। ਪਰਸਿਉ – ਪਰਸਣਾ, ਅਪਣਾਉਣਾ।

ਅਰਥ:- ਹੇ ਭਾਈ! ਨਾਮ-ਸੱਚ, ਇੱਕ ਰਸ ਮਈ ਖਾਣੁ ਹੈ ਅਰੁ ਉਹ ਜਨ ਜਿਹੜੇ ਇਸ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ, ਉਨ੍ਹਾਂ ਸੱਚ ਰੂਪ ਬਖ਼ਸ਼ਿਸ਼ ਨੂੰ ਉਤਸ਼ਾਹ ਨਾਲ ਅਪਣਾਉਣ ਵਾਲਿਆਂ ਦੇ ਮੁੱਖ `ਤੇ ਹਮੇਸ਼ਾ ਨਾਮ ਰਸ-ਸੱਚ ਰਸ ਟਿਕ ਜਾਂਦਾ ਹੈ ਭਾਵ ਉਹ ਸੱਚ ਹੀ ਬੋਲਦੇ ਹਨ। ਜਿਨ੍ਹਾਂ ਦੇ ਮੁਖ `ਤੇ ਨਾਮ ਰਸ ਟਿਕਿਆ, ਉਨ੍ਹਾਂ ਨੇ ਆਪਣੇ ਜੀਵਨ ਵਿੱਚ ਧੰਨਤਾਯੋਗ ਸਦੀਵੀ ਸਥਿਰ ਰਹਿਣ ਵਾਲੇ ਅਕਾਲ ਪੁਰਖ ਦੇ ਗਿਆਨ ਨੂੰ ਗੁਰੂ ਕਰਕੇ ਜਾਨਣ ਦੀ ਪਰਥਾਇ-ਬਦੌਲਤ ਹੀ ਉਸ ਸਦੀਵੀ ਸਥਿਰ ਰਹਿਣ ਵਾਲੇ ਅਗੰਮ ਦੇ ਮਾਰਗ ਨੂੰ ਜਾਣਿਆ। ਜਿਨ੍ਹਾਂ ਨੇ ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਨੂੰ ਗੁਰੂ ਕਰਕੇ ਜਾਣਿਆ, ਉਨ੍ਹਾਂ ਤਮਾਮ-ਸਮੂਹਕ ਰੂਪ ਵਿੱਚ ਗਿਆਨ ਨੂੰ ਗੁਰੂ ਕਰਕੇ ਅਪਣਾਉਣ ਵਾਲਿਆਂ ਦਾ (ਅਵਤਾਰਵਾਦ ਦੇ ਕਰਮ-ਕਾਂਡ ਤੋਂ) ਉਧਾਰ ਹੋਇਆ, ਉਹ ਹੀ ਸੱਚ (ਗਿਆਨ ਗੂਰੂ) `ਤੇ ਆ ਕੇ ਟਿਕੇ। ਇਹ ਗੱਲ ਅਮਰਦਾਸ ਜੀ ਨੇ ਦਰਸਾਈ ਹੈ ਕਿ ਜਨਮ/ਜੀਵਨ ਤਾਂ ਉਨ੍ਹਾਂ ਦਾ ਹੀ ਸਫਲ ਹੈ ਜਿਨ੍ਹਾਂ ਨੇ ਗਿਆਨ ਨੂੰ ਗੁਰੂ ਕਰਕੇ ਪਰਸਿਆ ਅਤੇ ਗਿਆਨ ਦੇ ਪ੍ਰਕਾਸ਼ ਨਾਲ ਹੀ ਉਨ੍ਹਾਂ ਦਾ ਅਗਿਆਨਤਾ ਦਾ ਹਨੇਰਾ ਖ਼ਤਮ ਹੋਇਆ।




.