ਸਿੱਖ ਕੌਮ ਨੂੰ ਦਰਪੇਸ਼ ਮਸਲੇ ਅਤੇ ਉਨ੍ਹਾਂ ਦੇ ਹੱਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
੧੯੨੫ ਬਸੰਤ ਐਵੇਨਿਊ, ਲੁਧਿਆਣਾ
(ਕਿਸ਼ਤ ਨੰ: 1)
ਮਾਲਵੇ ਦੇ ਮੁਕਤਸਰ ਤੋ ਲੁਧਿਆਣਾ
ਇਲਾਕੇ ਵਿੱਚ ਪੇਂਡੂ ਖੇਤਰ ਵਿੱਚੋਂ ਵਿਚਰਦਿਆਂ ਵੇਖਿਆ ਕੇ ਆਮ ਪਿੰਡਾਂ ਵਿੱਚ ਸਿੱਖੀ ਸਰੂਪ ਵਾਲੇ
ਵਿਰਲੇ ਹੀ ਹਨ। ਨੌਜਵਾਂਨ ਪੀੜ੍ਹੀ ਵਿੱਚੋਂ ਤਾਂ ਸਿੱਖੀ ਸਰੂਪ ਜਿਵੇਂ ਨਦਾਰਦ ਹੀ ਹੋ ਗਿਆ ਹੋ ਗਿਆ
ਹੋਵੇ। ਨਸ਼ਿਆਂ ਦਾ ਰੁਝਾਨ ਇਤਨਾਂ ਜਿਆਦਾ ਹੈ ਕੇ ਤਕਰੀਬਨ ੭੦% ਯੁਵਕ ਨਸ਼ਿਆਂ ਦੇ ਆਦੀ ਹਨ। ਸੱਥਾਂ
ਵਿੱਚ ਤਾਸ਼ਾਂ ਕੁੱਟਦੇ ਗਰੁੱਪਾਂ ਦੇ ਗਰੁੱਪ ਵੇਖਣ ਨੂੰ ਮਿਲਣਗੇ ਪਰ ਖੇਤਾਂ ਵਿੱਚ ਜਾਂ ਤਾਂ ਬਿਹਾਰੀ
ਕਾਮੇ ਮਿਲਣਗੇ ਜਾਂ ਕੋਈ ਟਾਂਵਾਂ-ਟਾਂਵਾਂ ਬਜੁਰਗ। ਸਿੱਖੀ ਵਿੱਚੋਂ ਨਾਮ ਜਪਣ, ਕਿਰਤ ਕਰਨ ਤੇ ਵੰਡ
ਛਕਣ ਦੀ ਪਿਰਤ ਵੀ ਵੇਖਣ ਨੂੰ ਨਹੀ ਮਿਲਦੀ। ਡੇਰੇ ਸੱਚੇ ਸੌਦੇ ਦੇ ਸਤਸੰਗਾਂ ਵਿੱਚ ਲੱਖਾਂ ਦੀ ਗਿਣਤੀ
ਵਿੱਚ ਭੀੜ ਭੜੱਕਾ ਤਾਂ ਜਰੂਰ ਮਿਲ ਜਾਵੇਗਾ ਪਰ ਗੁਰਦੁਆਰੇ ਵਿੱਚ ਪਾਠ ਸੁਣਨ ਵਾਲਾ ਕੋਈ ਨਹੀਂ
ਮਿਲੇਗਾ। ਸਿੱਖ ਪੰਥ ਦੇ ਧੁਰੇ ਬਾਣੀ-ਬਾਣਾ, ਗਰੰਥ-ਪੰਥ ਤੇ ਸੰਗਤ-ਪੰਗਤ ਸਵਾਲਾਂ ਦੇ ਘੇਰੇ ਵਿੱਚ ਆ
ਗਏ ਹਨ। ਜੇ ਅਖਬਾਰਾਂ ਵਿੱਚ ਨਜ਼ਰ ਮਾਰੀਏ ਤਾਂ ਵਿਦੇਸ਼ਾਂ ਵਿੱਚ ਵਿਦਿਆਰਥੀਆਂ ਨੂੰ ਬਿਨਾ ਕੇਸਾਂ
ਬਿਨਾਂ ਪਗੜੀ ਸਕੂਲਾਂ ਕਾਲਜਾਂ ਵਿੱਚ ਆਉਣ ਲਈ ਕਿਹਾ ਜਾਂਦਾ ਹੈ। ਸਫਰ ਦੌਰਾਨ ਸਿਰੀ ਸਾਹਿਬ ਵਰਜਿਤ
ਕੀਤੀ ਜਾਂਦੀ ਹੈ। ਸਿੱਖਾਂ ਦੀ ਦਾੜੀ ਕੇਸ ਵੇਖ ਕੇ ਉਨ੍ਹਾਂ ਉੱਤੇ ਜਾਤੀ ਹਮਲੇ ਕੀਤੇ ਜਾਂਦੇ ਹਨ।
ਸਿੱਖ ਕਿਸਾਨ ਜੋ ਹਮੇਸ਼ਾਂ ਚੜ੍ਹਦੀ ਕਲਾ ਦਾ ਮੁਜਸਮਾਂ ਹੁੰਦੇਂ ਸਨ ਕਰਜ਼ਿਆਂ ਦੇ ਮਾਰੇ ਆਤਮਹੱਤਿਆ ਕਰਨ
ਲਈ ਮਜ਼ਬੂਰ ਹੋ ਰਹੇ ਹਨ। ਆਗੂ ਆਪਣੀ-ਆਪਣੀ ਸ਼ਕਤੀ ਵਧਾਉਣ ਵਿੱਚ ਮਸਤ ਹਨ। ਚਿੰਤਕ ਅਤੇ ਵਿਦਵਾਨ ਆਪਣੇ
ਆਪਣੇ ਖੌਲਾ ਵਿੱਚ ਵੜੇ ਬੈਠੇ ਹਨ। ਰਾਗੀ ਅਤੇ ਪ੍ਰਚਾਰਕ ਸਿੱਖ ਧਰਮ ਦੇ ਪ੍ਰਚਾਰ ਦੀ ਥਾਂ ਮਾਇਆਧਾਰੀ
ਰੀਤੀ ਰਸਮਾਂ ਦੇ ਰਾਹੀਂ ਸਿੱਖਾਂ ਨੂੰ ਉਲਝਾਈ ਜਾਂਦੇ ਹਨ। ਚੜ੍ਹਦੀ ਕਲਾ ਦੇ ਪ੍ਰਤੀਕ ਗੁਰਦੁਆਰੇ ਹੁਣ
ਭਗਤੀ ਦੀ ਥਾਂ ਸ਼ਕਤੀ ਤੇ ਮਾਇਆ ਦੇ ਅੱਡੇ ਬਣ ਗਏ ਹਨ ਤੇ ਉਨ੍ਹਾਂ ਦਾ ਪ੍ਰਬੰਧ ਉਹ ਕਰ ਰਹੇ ਹਨ
ਜਿਨ੍ਹਾਂ ਦਾ ਨਾ ਸਿੱਖੀ ਪ੍ਰਤੀ ਕੋਈ ਪ੍ਰੇਮ ਹੈ ਤੇ ਨਾ ਹੀ ਸਿੱਖੀ ਦੀ ਚੜ੍ਹਦੀ ਕਲਾ ਵੇਖਣ ਦੀ
ਇੱਛਾ। ਸਿੱਖ ਕੌਮ ਦੀਆਂ ਕੇਂਦਰੀ ਸ਼ਕਤੀਆਂ ਸਵੈ ਪਦ ਸੰਭਾਲਣ ਵਿੱਚ ਜੁਟੀਆਂ ਹੋਈਆਂ ਹਨ ਤੇ ਅਹੁਦਿਆਂ
ਦੇ ਚੱਕਰਾਂ ਨੇਂ ਸਿੱਖ ਕੇਂਦਰੀ ਸੰਸਥਾਂਵਾਂ ਨੂੰ ਖੇਰੂੰ ਖੇਰੂੰ ਕਰ ਦਿਤਾ ਹੈ। ਅਕਾਲੀ ਦਲ ਦੇ ਛੇ
ਵੱਖ-ਵੱਖ ਵਿਰੋਧੀ ਧੜੇ ਬਣ ਗਏ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਤੱਤ ਖੁਸ
ਗਿਆ ਹੈ। ਹੁਣ ਪਾਕਿਸਤਾਨ, ਦਿੱਲੀ ਆਦਿ ਆਪਣੀਆਂ ਪ੍ਰਬੰਧਕ ਕਮੇਟੀਆਂ ਬਣਾਈ ਬੈਠੇ ਹਨ ਤੇ ਹਰਿਆਣਾ
ਬਣਾਉਣ ਲਈ ਤਿਆਰ ਬੈਠਾ ਹੈ। ਅਕਾਲ ਤਖਤ ਦਾ ਜਥੇਦਾਰ ਵੀ ਹੁਣ ਸਰਬ ਪ੍ਰਵਾਣਤ ਨਹੀਂ ਰਿਹਾ। ਪਟਨਾ
ਸਾਹਿਬ ਅਤੇ ਸੱਚਖੰਡ ਨਾਂਦੇੜ ਸਾਹਿਬ ਦੇ ਜਥੇਦਾਰ ਆਪਣੀਂ ਆਪਣੀਂ ਅੱਡ ਹੋਂਦ ਦਰਸਾ ਰਹੇ ਹਨ। ਅਕਾਲ
ਤਖਤ ਦੇ ਹੁਕਮਨਾਮਿਆਂ ਦਾ ਵੀ ਸਿਰ ਮੱਥੇ ਕਹਿ ਕੇ ਸਤਿਕਾਰ ਜਾਂ ਸਵੀਕਾਰ ਨਹੀਂ ਹੁੰਦਾ। ਗੱਲ ਕੀ
ਸਿੱਖਾਂ ਦਾ ਕੇਂਦਰੀ ਧੁਰਾ ਹਿੱਲ ਗਿਆ ਹੈ। ਫਿਲਮਾਂ ਅਤੇ ਟੈਲੀਵਿਜ਼ਨ ਨੇਂ ਕੁੜੀਆਂ ਮੁੰਡਿਆਂ ਦੀ ਵੀ
ਮੱਤ ਮਾਰ ਦਿੱਤੀ ਹੈ ਅਤੇ ਉਹ ਬੇਸ਼ਰਮ ਹੋ ਕੇ ਸਟੇਜਾਂ ਤੇ ਨੱਚਦੇ ਹਨ ਇਸਨੂੰ ਸੱਭਿਆਚਾਰ ਦਾ ਨਾਮ
ਦਿੰਦੇ ਹਨ। ਅਖਬਾਰਾਂ ਵਿੱਚ ਇਹ ਇਸ਼ਤਿਹਾਰ ਆਮ ਹੁੰਦੇ ਕਿ “ਸਿੱਖ ਲੜਕੀ ਲਈ ਵਰ ਦੀ ਲੋੜ ਹੈ ਕਲੀਨ
ਸ਼ੇਵਰ ਨੂੰ ਪਹਿਲ ਦਿੱਤੀ ਜਾਵੇਗੀ”। ਸਿੱਖ ਪੰਥ ਦੀ ਇਹ ਅਧਿਆਤਮਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ,
ਸ਼ਖਸ਼ੀ ਤੇ ਅੱਧੋਗਤੀ ਬੇਹੱਦ ਚਿੰਤਾ ਦਾ ਵਿਸ਼ਾ ਹੈ ਜਿਸਨੂੰ ਸੰਵਾਰਨ ਅਤੇ ਉਭਾਰਨ ਲਈ ਵਿਚਾਰ ਅਤੇ ਅਮਲ
ਦੀ ਬੇਹੱਦ ਜਰੂਰਤ ਹੈ।
ਮੈਨੂੰ ਖੁਸ਼ੀ ਹੈ ਕਿ ਪੰਥ ਦੇ ਨਾਮਵਰ ਵਿਦਵਾਨ ਅੱਜ ਇਸ ਜਗ੍ਹਾ ਇੱਕਠੇ ਹੋ ਕੇ ਇਸ ਵਿਸ਼ੇ ਨੂੰ
ਗੰਭੀਰਤਾ ਨਾਲ ਵਿਚਾਰਨ ਲਈ ਤਿਆਰ ਬੈਠੇ ਹਨ। ਉਮੀਦ ਹੈ ਕਿ ਇਸ ਵਿਚਾਰ ਗੋਸ਼ਟੀ ਵਿੱਚੋਂ ਸਹੀ ਸੇਧਾਂ
ਮਿਲਣਗੀਆਂ ਜੋ ਪੰਥ ਨੂੰ ਚੜ੍ਹਦੀ ਕਲਾ ਵੱਲ ਲੈ ਜਾਣ ਲਈ ਸਹਾਈ ਹੋਣਗੀਆਂ। ਇਸੇ ਵਿਸ਼ੇ ਦੇ ਸਬੰਧ ਵਿੱਚ
ਭੁਗੋਲਿਕ, ਅਧਿਆਤਮਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ ਅਤੇ ਸ਼ਖਸ਼ੀ ਪੱਖ ਵਿਸਥਾਰ ਨਾਲ ਵਿਚਾਰ ਦਾ ਇਹ
ਪਰਚਾ ਪੇਸ਼ ਹੈ।
ਭੂਗੋਲਿਕ
ਅੱਜ ਸਿੱਖ ਸਾਰੀ ਦੁਨੀਆਂ ਵਿੱਚ ਫੈਲ ਗਏ ਹਨ। ਉਨ੍ਹਾਂ ਨੇ ਨਾ ਸਿਰਫ ਭਾਰਤ ਦੇ ਹਰ ਪ੍ਰਦੇਸ਼ ਵਿੱਚ ਹੀ
ਸਗੋਂ ਦੁਨੀਆਂ ਦੇ ਉੱਨਤ ਦੇਸ਼ਾਂ ਵਿੱਚ ਵੀ ਆਪਣੀ ਕਾਬਲੀਅਤ ਨੂੰ ਸਿੱਧ ਕੀਤਾ ਹੈ ਅਤੇ ਆਪਣੀ ਵੱਖਰੀ
ਪਛਾਣ ਸਾਬਿਤ ਕੀਤੀ ਹੈ। ਉਹ ਇਕੱਲੇ ਪੰਜਾਬ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਤੱਕ ਹੀ ਸੀਮਤ ਨਹੀਂ
ਹਨ। ਬਹੁਤੇ ਸਿੱਖ ਇਹ ਜਾਣ ਕੇ ਹੈਰਾਨ ਹੋਣਗੇ ਕਿ ਇਨ੍ਹਾਂ ਦੀ ਗਿਣਤੀ ੧੨ ਕਰੋੜ ਤੋਂ ਵੀ ਉਪਰ ਹੈ ਜੋ
ਕਿ ਹੇਠ ਦਿੱਤੇ ਅਕੜਿਆਂ ਦੇ ਅਨੁਸਾਰ ਹੈ:-
ਕਬੀਲਾ ਖੇਤਰ ਗਿਣਤੀ
੧ ਸਥਾਨਕ: ਪੰਜਾਬ, ਕਸ਼ਮੀਰ, ਹਰਿਆਣਾ, ਦਿੱਲੀ ਅਤੇ ਨਜਦੀਕੀ ਖੇਤਰ ੨
ਕਰੋੜ
੨ ਸਿਕਲੀਗਰ: ਮਹਾਂਰਾਸ਼ਟਰ, ਆਂਧਰਾ, ਕਰਨਾਟਕ ਪੰਜਾਬ, ਮੱਧ ਪ੍ਰਦੇਸ਼, ਹਰਿਆਣਾ, ਗੁਜਰਾਤ, ਰਾਜਸਥਾਣ
ਆਦਿ ੪ ਕਰੋੜ
੩ ਵਣਜਾਰਾ: ਮਹਾਂਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ ਉਤੱਰ ਪ੍ਰਦੇਸ਼ ਆਦਿ ੫ ਕਰੋੜ
੪ ਸਤਨਾਮੀ: ਛੱਤੀਸਗੜ, ਝਾੜਖੰਡ, ਬੰਗਾਲ, ਮੱਧ ਪ੍ਰਦੇਸ਼ ਆਦਿ ੧ ਕਰੋੜ
੫ ਜੌਹਰੀ: ਮਹਾਂਰਾਸ਼ਟਰ, ਮੱਧ ਪ੍ਰਦੇਸ਼ ੨੦, ੦੦੦
੬ ਆਸਾਮੀ: ਆਸਾਮ ਦੇ ੨੦ ਪਿੰਡਾਂ ਵਿੱਚ ੨੦, ੦੦੦
੭ ਬਿਹਾਰੀ: ਕਿਸ਼ਨਗੰਜ ਅਤੇ ਪਟਨਾਂ ਬਿਹਾਰ ਆਦਿ ੨੦, ੦੦੦
੮ ਥਾਰੂ: ਬਿਜਨੌਰ, ਉੱਤਰ ਪ੍ਰਦੇਸ਼ ੨੦, ੦੦੦
੯ ਲਾਮਾ: ਕਰਮਾਪਾ ਅਤੇ ਨਾਈਗਮਾਪਾ ਤੇ ਹਿਮਾਲਿਆ ਇਲਾਕਾ ੧ ਲੱਖ
੧੦ ਵਿਦੇਸ਼ੀ: ਕੈਨੇਡਾ, ਯੂ. ਕੇ. , ਅਮਰੀਕਾ, ਆਸਟਰੇਲੀਆ, ਥਾਈਲੈਂਡ, ਮਲੇਸ਼ੀਆ ਤੇ ਅਫਰੀਕਾ ੧੦ ਲੱਖ
੧੧ ਹੋਰ ਕਬੀਲੇ: ਵੱਖ-ਵੱਖ ਇਲਾਕੇ ੧੦ ਲੱਖ
੧੨ ਸਿੰਧੀ: ਮਹਾਂਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ੨ ਲੱਖ
ਕੁੱਲ ੧੨. ੨੪ ਕਰੋੜ
ਇਨ੍ਹਾਂ ਵਿੱਚੋਂ ੪ ਕਰੋੜ ਸਿਕਲੀਗਰ, ੫ ਕਰੋੜ ਵਣਜਾਰਾ ਸਿੱਖ ਅਤੇ ੧ ਕਰੋੜ ਸਤਿਨਾਮੀ ਸਿੱਖ
ਭਾਰਤ ਵਿੱਚ ਹਨ। ਜੋ ਕਿ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਇਹ ਸਿੱਖ ਮਹਾਂਰਾਸ਼ਟਰ, ਆਂਧਰਾ,
ਕਰਨਾਟਕ ਪੰਜਾਬ, ਮੱਧ ਪ੍ਰਦੇਸ਼, ਹਰਿਆਣਾ, ਗੁਜਰਾਤ, ਰਾਜਸਥਾਣ, ਬਿਜਨੌਰ, ਉਤੱਰ ਪ੍ਰਦੇਸ਼, ਛੱਤੀਸਗੜ,
ਝਾੜਖੰਡ, ਬੰਗਾਲ ਵਿੱਚ ਫੈਲੇ ਹੋਏ ਹਨ।
ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਹੌਲੀ-ਹੌਲੀ ਘਟ ਰਹੀ ਹੈ। ਪੰਜਾਬੀ ਸਿੱਖ ਰੋਜਗਾਰ ਦੀ ਭਾਲ ਵਿੱਚ
ਉਨੱਤ ਦੇਸ਼ਾਂ ਵੱਲ ਆਕਰਸ਼ਿਤ ਹੋ ਰਹੇ ਹਨ ਜਦੋਂ ਕਿ ਦੂਜੇ ਪ੍ਰਾਂਤਾ ਜਿਵੇਂ ਕਿ ਬਿਹਾਰ, ਯੂ. ਪੀ,
ਹਿਮਾਚਲ, ਜੰਮੂ-ਕਸ਼ਮੀਰ, ਰਾਜਸਥਾਨ ਅਤੇ ਇੱਥੋ ਤੱਕ ਕਿ ਬੰਗਲਾ ਦੇਸ਼ ਦੇ ਗੈਰ ਸਿੱਖ ਗਿਣਤੀ ਵਿੱਚ
ਉਨ੍ਹਾਂ ਦੀ ਥਾਂ ਲੈ ਰਹੇ ਹਨ। ਬਿਹਾਰ ਅਤੇ ਯੂ. ਪੀ. ਦੇ ਕਾਮਿਆਂ ਦੇ ਆਉਣ ਕਰਕੇ ਸਿੱਖਾਂ ਲਈ
ਰੋਜ਼ਗਾਰ ਦੇ ਮੌਕੇ ਘਟ ਗਏ ਹਨ। ਜਦੋਂ ਵੀ ਇਹ ਲੋਕ ਪੰਜਾਬ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਰਾਸ਼ਨ
ਕਾਰਡ ਤੇ ਵੋਟਰ ਕਾਰਡ ਮਿਲ ਜਾਂਦੇ ਹਨ ਜਦੋਂ ਕਿ ਸਿੱਖਾਂ ਦੀਆਂ ਵੋਟਾਂ ਘਟ ਰਹੀਆਂ ਹਨ ਜਿਸ ਕਰਕੇ
ਚੋਣਾਂ ਦਾ ਚਿਹਰਾ-ਮੋਹਰਾ ਹੀ ਬਦਲ ਜਾਂਦਾ ਹੈ। ਇਹ ਸ਼ਹਿਰਾਂ ਵਿੱਚ ਵਧੇਰੇ ਵੇਖਣ ਨੂੰ ਮਿਲਦਾ ਹੈ। ਇਸ
ਦੀ ਮਿਸਾਲ ਲੇਖਕ ਆਪ ਹੈ ਜਿਸਦੇ ਪਰਿਵਾਰ ਦੀਆਂ ਵੋਟਾਂ ਸਿਰਫ ਇੱਕ ਵਾਰ ਬਣਾਈਆਂ ਗਈਆਂ ਤੇ ਉਹ ਵੀ
ਵੋਟਾਂ ਤੋਂ ਪਹਿਲਾਂ ਹੀ ਕੱਟ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਬਹੁਤ ਸਾਰੀਆਂ ਗੁਜਾਰਿਸ਼ਾਂ ਜਾਂ
ਸ਼ਿਕਾਇਤਾਂ ਤੋਂ ਬਾਅਦ ਵੀ ਨਹੀਂ ਬਣਾਈਆ ਗਈਆਂ। ਇਹ ਸਿਰਫ ਇੱਕ ਇੱਕਲੀ ਉਦਾਹਰਣ ਨਹੀਂ ਹੈਨ ਬਹੁਤੇ
ਸਿੱਖ ਜੋ ਵੋਟ ਪਾਉਣ ਗਏ ਉਨ੍ਹਾਂ ਨੂੰ ਆਪਣਾਂ ਨਾਂ ਵੋਟਰ ਲਿਸਟ ਵਿੱਚ ਨਹੀਂ ਮਿਲਿਆ। ਇਸ ਲਈ ਆਪਣਾ
ਪੰਜਾਬ ਜੋ ਸਿੱਖਾਂ ਲਈ ਜਾਣਿਆ ਜਾਂਦਾ ਸੀ ਆਪਣਾਂ ਕਿਰਦਾਰ ਗਵਾ ਰਿਹਾ ਹੈ। ਭਾਵੇਂ ਕਿ ਸਿੱਖਾਂ ਨੂੰ
ਇਸ ਮੁਸ਼ਕਿਲ ਬਾਰੇ ਪਤਾ ਹੈ ਪਰ ਉਹਨਾਂ ਨੇ ਇਸ ਦਾ ਕੋਈ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ।
ਮਹਾਂਰਾਸ਼ਟਰ ਵਰਗੇ ਪ੍ਰਾਂਤਾਂ ਵਿੱਚ ਸਥਾਈ ਰਾਸ਼ਨ ਕਾਰਡ ਉਦੋਂ ਤੱਕ ਨਹੀਂ ਬਣਾਇਆ ਜਾਂਦਾ ਜਦੋਂ ਤੱਕ
ਕੋਈ ਵਿਅਕਤੀ ਉੱਥੇ ੧੫ ਸਾਲ ਤੱਕ ਸਥਾਈ ਨਹੀਂ ਰਹਿੰਦਾ। ਇਸੇ ਤਰ੍ਹਾਂ ਵੋਟਾਂ ਸਿਰਫ ਸਥਾਈ ਕਾਰਡਾਂ
ਤੋਂ ਹੀ ਬਣਾਈਆਂ ਜਾਂਦੀਆਂ ਹਨ। ਜੇਕਰ ਇਹੋ ਪ੍ਰਥਾ ਅਸੀਂ ਅਪਣਾ ਲਈਏ ਤਾਂ ਇਹ ਇਸ ਤਬਦੀਲੀ ਦਾ ਹੱਲ
ਕੱਢਣ ਲਈ ਅਸਰਦਾਰ ਰਾਹ ਹੋਵੇਗਾ। ਇਸ ਦਿਸ਼ਾ ਵਿੱਚ ਕਾਨੂੰਨ ਬਣਾਉਣ ਦੀ ਸਖਤ ਲੋੜ ਹੈ।
ਜਨਸੰਖਿਆਂ ਨਾਲ ਸਬੰਧਤ ਇੱਕ ਹੋਰ ਸਮੱਸਿਆ ਹੈ ਮਰਦ ਅਤੇ ਔਰਤ ਦੀ ਗਿਣਤੀ ਦਾ ਘਟਦਾ ਹੋਇਆ ਅਨੁਪਾਤ।
ਪੰਜਾਬ ਦੇ ਵਧੇਰੇ ਜ਼ਿਲਿਆਂ ਵਿੱਚ ਇਹ ਅਨੁਪਾਤ ੭੦ ਤੋਂ ੮੦% ਹੈ। ਇਹ ਬਹੁਤ ਹੀ ਚਿੰਤਾ ਯੋਗ ਵਿਸ਼ਾ ਹੈ
ਔਰਤਾਂ ਦੀ ਘੱਟ ਕਮਾਉਣ ਦੀ ਸਮੱਰਥਾ, ਬੇਰੋਕ-ਟੋਕ ਬੱਚੀਆਂ ਨੂੰ ਕੁੱਖ ਵਿੱਚ ਮਾਰਨ ਦੀ ਪ੍ਰਥਾ ਬਹੁਤ
ਹੀ ਹਾਨੀਕਾਰਕ ਸਿੱਧ ਹੋ ਰਹੇ ਹਨ। ਇਸ ਸਮੱਸਿਆ ਨੂੰ ਵੱਡੇ ਪੱਧਰ ਤੇ ਨਜਿੱਠਣ ਦੀ ਲੋੜ ਹੈ। ਇਸ
ਪ੍ਰਥਾ ਨੂੰ ਜੜ੍ਹੋਂ ਖਤਮ ਕਰਨ ਲਈ ਸਮਾਜਿਕ ਜਾਗਰੂਕਤਾ ਅਤੇ ਧਾਰਮਿਕ ਚੇਤਨੰਤਾ ਦੀ ਜ਼ਰੂਰਤ ਹੈ।
ਅਧਿਆਤਮਕ
ਸਿੱਖ ਅਧਿਆਤਮਕਤਾ ਤਾਂ ਨਿਘਰਦੀ ਜਾ ਰਹੀ ਹੈ, ਤੇ ਪਦਾਰਥਵਾਦ ਨੇ ਅਗਲੀਆਂ ਪੀੜੀਆਂ ਨੂੰ ਬੁਰੀ
ਤਰ੍ਹਾਂ ਨਾਲ ਗ੍ਰਸ ਲਿਆ ਹੈ। ਇਸ ਦਿਸ਼ਾ ਵੱਲ ਹੇਠ ਲਿਖੇ ਕਦਮ ਚੁੱਕਣੇ ਜ਼ਰੂਰੀ ਹਨ:-
੧ ਚੇਤਨੰਤਾ:- ਸਿੱਖੀ ਦਾ ਆਧਾਰ ਅਧਿਆਤਮਕ ਹੈ ਸਿਰਫ ੫% ਸਿੱਖ ਹੀ ਇਸਨੂੰ
ਮਹਿਸੂਸ ਕਰਦੇ ਹਨ।
੨ ਸਿੱਖੀ ਦਾ ਗਿਆਨ:- ਸਿੱਖ ਕਦਰਾਂ ਕੀਮਤਾਂ ਨੂੰ ਅਪਣਾਉਣ ਲਈ ਇਨ੍ਹਾਂ ਦਾ ਗਿਆਨ ਹੋਣਾ ਜ਼ਰੂਰੀ ਹੈ।
ਅਧੂਰਾ ਗਿਆਨ ਉਲਝਣਾਂ ਵਿੱਚ ਪਾਉੰਦਾ ਹੈ। ਸਿਰਫ ੧% ਸਿੱਖ ਸਿੱਖੀ ਦੀਆਂ ਅਧਿਆਤਮਕ ਕਦਰਾਂ ਕੀਮਤਾਂ
ਨੂੰ ਸਮਝਦੇ ਹਨ।
੩ ਸਿੱਖੀ ਨੂੰ ਅਪਨਾਉਣਾ:- ਅਧਿਆਤਮਕਤਾ ਨੂੰ ਜੀਵਨ ਵਿੱਚ ਢਾਲਣ ਲਈ ਮੂਲ ਕਦਰਾਂ ਕੀਮਤਾਂ ਨੂੰ ਪੂਰੀ
ਤਰ੍ਹਾਂ ਸਮਝਣ ਅਤੇ ਅਪਨਾਉਣ ਦੀ ਲੋੜ ਹੈ। ਜੋ ਸਿੱਖ ਇਨ੍ਹਾਂ ਕਦਰਾਂ ਕੀਮਤਾਂ ਨੂੰ ਸਮਝਦੇ ਹਨ
ਉਨ੍ਹਾਂ ਵਿੱਚੋਂ ਅੱਧੇ ਹੀ ਆਪਣੇ ਜੀਵਨ ਨੂੰ ਇਸ ਮੁਤਾਬਕ ਢਾਲਦੇ ਹਨ।
੪ ਸਿੱਖੀ ਦਾ ਜ਼ਜ਼ਬਾ:- ਸਿਰਫ ਉਸੇ ਇਨਸਾਨ ਵਿੱਚ ਪ੍ਰਮਾਤਮਾਂ ਦਾ ਜ਼ਜ਼ਬਾ ਆ ਸਕਦਾ ਹੈ ਜੋ ਇਨ੍ਹਾਂ ਸਾਰੇ
ਪੜਾਵਾਂ ਵਿੱਚੋਂ ਗੁਜ਼ਰਦਾ ਹੈ। ਲੇਖਕ ਉਸ ਇਨਸਾਨ ਦੀ ਭਾਲ ਵਿੱਚ ਹੈ ਜੋ ਇਸ ਪੱਧਰ ਤੱਕ ਪਹੁੰਚ
ਚੁੱਕਿਆ ਹੈ
੫ ਸਿੱਖੀ ਨੂੰ ਫੈਲਾਉਣਾ:- ਸਿਰਫ ਸਿੱਖੀ ਮੁਤਾਬਿਕ ਜਿਉਣਾਂ ਹੀ ਜ਼ਰੂਰੀ ਨਹੀਂ ਪਰ ਇਸਨੂੰ ਫੈਲਾਉਣਾ
ਵੀ ਉਤਨਾ ਹੀ ਜ਼ਰੂਰੀ ਹੈ। ਹਰ ਇੱਕ ਸਿੱਖ ਨੂੰ ਆਪਣੇ ਨਾਲ ਘੱਟੋ ਘੱਟ ਇੱਕ ਹੋਰ ਸਿੱਖ ਨੂੰ ਸਿੱਖੀ
ਨਾਲ ਜੋੜਨਾ ਚਾਹੀਦਾ ਹੈ। ਸਿਰਫ ਉਹੀ ਸਿੱਖ ਜਿਸਨੇ ਅਧਿਆਤਮਕਤਾ ਨੂੰ ਮਹਿਸੂਸ ਕਰਕੇ ਸਮਝਿਆ ਹੈ ਅਤੇ
ਅਪਣਾਇਆ ਹੈ ਸਿੱਖੀ ਨੂੰ ਸਹੀ ਅਰਥਾਂ ਵਿੱਚ ਫੈਲਾ ਸਕਦੇ ਹਨ।
ਵਰਤਮਾਨ ਸਮੇਂ ਵਿੱਚ ਖਾਸ ਕਰਕੇ ਡੇਰੇਦਾਰ, ਜੋ ਸਿੱਖੀ ਨੂੰ ਫੈਲਾਉਣ ਦੇ ਰਹਿਬਰ ਬਣੇ ਹੋਏ ਹਨ ਉਹ
ਨਾਂ ਤਾਂ ਸਿੱਖੀ ਨੂੰ ਸਮਝਦੇ ਹਨ ਅਤੇ ਨਾ ਹੀ ਸਿੱਖੀ ਮੁਤਾਬਕ ਆਪਣਾ ਜੀਵਨ ਢਾਲਦੇ ਹਨ। ਉਨ੍ਹਾ ਨੇ
ਤਾਂ ਸਿਰਫ ਦੁਕਾਨਾਂ ਬਣਾਈਆਂ ਹੋਇਆਂ ਹਨ ਤੇ ਸਿੱਖ ਅਧਿਆਤਮਕਤਾ ਦੇ ਨਾਂ ਤੇ ਆਪਣੀ ਰੋਜ਼ੀ ਰੋਟੀ
ਕਮਾਉੰਦੇ ਹਨ, ਮਾਇਆ ਤੇ ਤਾਕਤ ਇੱਕਠੀ ਕਰਦੇ ਹਨ। ਡੇਰੇ ਅਤੇ ਗ੍ਰੰਥੀ ਇਨ੍ਹਾਂ ਦੀਆਂ ਜਿਉੰਦੀਆਂ
ਜਾਗਦੀਆਂ ਉਦਾਹਰਣਾਂ ਹਨ। ਸਾਡੀ ਕੇਂਦਰੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ
ਅਧਿਆਤਮਕ ਮਾਰਗ ਦਰਸ਼ਕ ਦੇ ਤੋਰ ਤੇ ਆਪਣੀ ਪਵਿੱਤਰਤਾ ਗਵਾ ਚੁੱਕੀ ਹੈ ਅਤੇ ਹੁਣ ਸਿਰਫ ਸ਼ਕਤੀ ਅਤੇ
ਮਾਇਆ ਦਾ ਕੇਂਦਰ ਬਣ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਜ਼ੋਰੀ ਕਰਕੇ ਹੀ ਹੋਰ
ਕਮੇਟੀਆਂ ਜਿਵੇਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਆਈਆਂ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ
ਇਨ੍ਹਾਂ ਦਾ ਸਿੱਖੀ ਅਤੇ ਅਧਿਆਤਮਕਤਾ ਨਾਲ ਕੋਈ ਰਿਸ਼ਤਾ ਨਹੀਂ ਹੈ। ਇਹ ਸਿਰਫ ਸ਼ਕਤੀ ਅਤੇ ਮਾਇਆ ਦਾ
ਵਿਖਾਵਾ ਕਰਦੀਆਂ ਹਨ। ਇਹ ਸੰਸਥਾਵਾਂ ਅਧਿਆਤਮਕਤਾ ਦੀ ਥਾਂ ਤੇ ਕਰਮ ਕਾਂਡਾ ਨੂੰ ਉਤਸ਼ਾਹਿਤ ਕਰਦੀਆਂ
ਹਨ ਇਸ ਲਈ ਜਿਸ ਧਰਤੀ ਉੱਤੇ ਅਸੀਂ ਆਪਣੀਂ ਨੀਂਹ ਦੀ ਉਸਾਰੀ ਕਰਨੀ ਹੈ ਉਹ ਹੀ ਕਮਜ਼ੋਰ ਹੈ।