. |
|
ਸਿੱਖ
ਸੰਗਤਾਂ ਲਈ ਵਿਸ਼ੇਸ਼
ਸਿੱਖ ਅਵੇਯਰਨੈਸ ਸੈਮੀਨਾਰ, ਕੈਲਗਰੀ ਦੇ ਸੰਬੰਧ `ਚ
ਸਿੱਖ ਧਰਮ ਬਨਾਮ ਦਸਤਾਰ ਸਹਿਤ ਸੰਪੂਰਣ ਕੇਸਾਧਾਰੀ ਸਿੱਖੀ ਸਰੂਪ
(ਸ਼ੱਕ ਨਹੀਂ, ਗੁਰਬਾਣੀ ਅਨੁਸਾਰ ਨਿਰਾ-ਪੁਰਾ ਸਿੱਖੀ ਸਰੂਪ ਵੀ ਸਿੱਖ ਧਰਮ
ਨਹੀਂ। ਸਿੱਖ ਧਰਮ-ਸੰਪੂਰਣ ਕੇਸਾਧਾਰੀ ਦਸਤਾਰ ਸਹਿਤ ਸਿੱਖੀ ਸਰੂਪ ਅਤੇ ਗੁਰਬਾਣੀ ਆਧਾਰਤ ਜੀਵਨ ਜਾਚ
ਦੋਨਾਂ ਦੇ ਸੁਮੇਲ ਦਾ ਨਾਮ ਹੈ। ਜਦਕਿ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਦਸਤਾਰ ਸਹਿਤ ਸੰਪੂਰਣ
ਕੇਸਾਧਾਰੀ ਸਰੂਪ ਤੋਂ ਬਿਨਾ ਸਿੱਖ ਧਰਮ ਦਾ ਆਪਣਾ ਵੀ ਕੋਈ ਵਜੂਦ ਨਹੀਂ ਰਹਿੰਦਾ) ਤਾਂ ਤੇ:-
All Rights Reserved Self Learning Topicwise Gurmat Lesson No
311
ਸਿੱਖ ਧਰਮ
ਬਨਾਮ
ਦਸਤਾਰ ਸਹਿਤ-ਸੰਪੂਰਣ
ਕੇਸਾਧਾਰੀ ਸਿੱਖੀ ਸਰੂਪ
(ਭਾਗ-੧)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ)
ਸਿੱਖ ਮਿਸ਼ਨਰੀ ਲਹਿਰ 1956
“ਕਬੀਰ ਮਨੁ ਮੂੰਡਿਆ ਨਹੀ, ਕੇਸ ਮੁੰਡਾਏ ਕਾਂਇ”
ਤਾਂ ਤੇ ਗੁਰਬਾਣੀ ਆਧਾਰ `ਤੇ ‘ਸਿੱਖ ਧਰਮ’ ਦਾ ਮੂਲ ਸਰੂਪ ਕੀ ਹੈ?
ਸੰਪੂਰਣ ਗੁਰਬਾਣੀ `ਚ ਜਿੱਥੋਂ ਵੀ ਗਹਿਰਾਈ ਤੋਂ ਦਰਸ਼ਨ ਕਰੋ
‘ਸਿੱਖ ਧਰਮ’
ਅਥਵਾ
‘ਸਿੱਖ ਜੀਵਨ’
ਆਪਣੇ ਆਪ `ਚ
(ੳ)
ਕੇਵਲ ਕੁੱਝ ਲੋਕਾਂ ਦਾ ਧਰਮ ਨਹੀ ਬਲਕਿ ਮਾਨਵੀ ਕੱਦਰਾਂ
ਕੀਮਤਾਂ ਨਾਲ ਭਰਪੂਰ ਸਮੂਚੀ ਮਾਨਵਤਾ ਦਾ ਮੂਲ ਰੱਬੀ ਤੇ ਇਲਾਹੀ ਧਰਮ ਹੈ।
(ਅ)
ਦੂਜਾ,
ਸਿੱਖ ਧਰਮ,
ਮਨੁੱਖਾ ਜੀਵਨ ਦੇ ਦੋ ਪੱਖਾਂ ਦੇ ਆਪਸੀ ਸੁਮੇਲ ਦਾ ਨਾਮ ਤੇ
ਪ੍ਰਗਟਾਵਾ ਹੈ। ਇਸ ਤਰ੍ਹਾਂ ਮਨੁੱਖਾ ਜੀਵਨ ਦੇ ਇਹ ਦੋ ਪੱਖ ਇਸ ਤਰ੍ਹਾਂ ਹਨ:-
(੧) ਮਨੁੱਖਾ ਮਨ ਤੇ ਸਰੀਰ ਦੀ ਗੁਰਬਾਣੀ
ਆਦੇਸ਼ਾਂ ਅਨੁਸਾਰ ਸਾਧਨਾ, ਕਮਾਈ ਤੇ ਪੱਕਿਆਈ।
(੨) ਗੁਰਬਾਣੀ
ਆਧਾਰਿਤ ਕਰਤੇ ਦੇ ਰਜ਼ਾ ਵਾਲੇ ਨਿਯਮ `ਚ ਮਨੁੱਖ ਦੇ ਸੰਪੂਰਣ ਕੇਸਾਧਾਰੀ ਇਲਾਹੀ ਤੇ ਰੱਬੀ ਸਰੂਪ ਦੀ
ਸੰਭਾਲ।
ਇਸ ਤਰ੍ਹਾਂ ਮਨੁੱਖਾ ਜੀਵਨ ਦੇ ਇਨ੍ਹਾਂ ਦੋਨਾਂ ਪੱਖਾਂ ਨਾਲ ਸੰਬੰਧਤ ਕੁੱਝ
ਹੋਰ ਵਿਚਾਰ:-
(੧)
ਮਨੁੱਖਾ ਮਨ ਦੀ ਗੁਰਬਾਣੀ ਆਦੇਸ਼ਾਂ ਅਨੁਸਾਰ ਬਿਨਾ
ਕਿਉਂ, ਕਿੰਤੂ, ਪ੍ਰੰਤੂ ਸਾਧਨਾ ਤੇ ਕਮਾਈ। ਉਪ੍ਰੰਤ ਅਜਿਹੀ ਸਾਧਨਾ ਦੀ ਮਨੁੱਖਾ ਜੀਵਨ ਦੇ ਨਿਜੀ,
ਪ੍ਰਵਾਰਕ, ਸਮਾਜਕ, ਰਾਜਨੈਤਿਕ ਭਾਵ ਜੀਵਨ ਦੇ ਹਰੇਕ ਖੇਤ੍ਰ `ਚ ਵਰਤੋਂ ਵੀ ਹੋਨੀ ਹੈ। ਇਹ ਵੀ ਕਿ ਇਸ
ਰੱਬੀ ਸਚਾਈ ਦੀ ਪ੍ਰੌੜਤਾ ਲਈ ਗੁਰਬਾਣੀ `ਚ ਬਹੁਤੇਰੇ ਫ਼ੁਰਮਾਨ ਵੀ ਹਨ ਜਦਕਿ ਵਿਸ਼ੇ ਨੂੰ ਸਪਸ਼ਟ ਕਰਣ
ਲਈ ਇਥੇ ਅਸੀਂ ਕੇਵਲ ਇੱਕ ਗੁਰਬਾਣੀ ਫ਼ੁਰਮਾਨ ਹੀ ਲੈ ਰਹੇ ਹਾਂ।
ਫ਼ੁਰਮਾਨ ਹੈ
“ਦਰਸਨ ਪਰਸਨ ਸਰਸਨ ਹਰਸਨ ਰੰਗਿ
ਰੰਗੀ ਕਰਤਾਰੀ ਰੇ” (ਪੰ: ੪੦੪) ਇਸਦੇ ਅਰਥ
ਹਨ, ਗੁਰਬਾਣੀ ਜੀਵਨ ਵਾਲੇ ਅਨੰਦ ਨੂੰ ਨੰਬਰਵਾਰ ਜੀਵਨ ਦੀਆਂ ਉਪ੍ਰੋਕਤ ਚਾਰ ਪਉੜੀਆਂ ਚੜ੍ਹ ਕੇ ਹੀ
ਮਾਣਿਆ ਜਾ ਸਕਦਾ ਹੈ, ਉਸ ਤੋਂ ਬਿਨਾ ਅਜਿਹਾ ਹੋਣ ਸੰਭਵ ਹੀ ਨਹੀਂ।
ਤਾਂ ਤੇ ਇਨ੍ਹਾਂ ਚਾਰ ਪਉੜੀਆਂ ਚੋਂ ਜੀਵਨ ਦੀ ਪਹਿਲੀ ਪਉੜੀ ਹੈ ਗੁਰਬਾਣੀ ਦੇ
ਦਰਸ਼ਨ
ਭਾਵ
‘ਗੁਰਬਾਣੀ ਦਾ ਅਭਿਆਸ’।
ਗੁਰਬਾਣੀ ਜੀਵਨ ਦੀ ਪ੍ਰਾਪਤੀ ਲਈ ‘ਗੁਰਬਾਣੀ
ਅਭਿਆਸ’ ਤੋਂ ਅਗਲੀ ਤੇ ਦੂਜੀ ਪਉੜੀ ਹੈ
ਗੁਰਬਾਣੀ ਦਾ ‘ਪਰਸਨ’।
ਅਰਥ ਹਨ, ਗੁਰਬਾਣੀ ਦਾ ਮਨੁੱਖ ਦੇ ਮਨ ਅਤੇ
ਜੀਵਨ ਨਾਲ ‘ਪਰਸਨ’
ਭਾਵ
‘ਸਪ੍ਰਸ਼’
ਅਥਵਾ
‘ਗੁਰਬਾਣੀ ਦੀ ਵਿਚਾਰ, ਸੋਝੀ ਤੇ
ਕਮਾਈ। (ਨੋਟ-ਗੁਰਬਾਣੀ
ਨਾਲ ਜੀਵਨ ਦਾ ਅਜਿਹਾ
ਪਰਸਨ ਅਥਵਾ
ਸਪ੍ਰਸ਼
ਤਾਂ ਹੀ ਸੰਭਵ ਹੈ ਜਦੋਂ ਗੁਰਬਾਣੀ ਦੇ
ਦਰਸ਼ਨਾ
ਦਾ ਮਤਲਬ ਹੀ ਗੁਰਬਾਣੀ ਦਾ
ਅਭਿਆਸ ਹੋਵੇ ਉਸ ਤੋਂ ਬਿਨਾ ਅਜਿਹਾ
‘ਪਰਸਨ’
ਅਤਵਾ
‘ਸਪ੍ਰਸ਼’
ਸੰਭਵ ਹੀ ਨਹੀਂ)
ਇਸ ਤਰ੍ਹਾਂ ਮਨੁੱਖਾ ਮਨ ਨਾਲ ਗੁਰਬਾਣੀ ਦਾ
ਸਪ੍ਰਸ਼
ਹੋ ਜਾਣ ਦੀ ਪਛਾਣ ਹੈ
ਸਰਸਨ।
ਸਰਸਨ
ਦੇ ਅਰਥ ਹਨ ਗੁਰਬਾਣੀ `ਚੋਂ ਪ੍ਰਗਟ ਹੋ ਰਹੀ
ਵਿਚਾਰ, ਸੋਝੀ ਤੇ ਗਿਆਨ ਦਾ, ਮਨੁੱਖਾ ਸਰੀਰ
ਦੀ ਰਗ ਰਗ `ਚ ਧੱਸਦੇ ਤੇ ਵੱਸਦੇ ਜਾਣਾ; ਭਾਵ ਮਨੁੱਖਾ ਜੀਵਨ ਦਾ ਗੁਰਬਾਣੀ ਦੀ ਆਗਿਆ ਤੇ ਆਦੇਸ਼ਾਂ
ਅਨੁਸਾਰ ਘੜਿਆ ਜਾਣਾ।
ਉਪ੍ਰੰਤ ਗੁਰਬਾਣੀ ਸੋਝੀ ਨਾਲ ਭਰਪੂਰ, ਜੀਵਨ ਦੀ ਅਜਿਹੀ ਉੱਚਤੱਮ ਅਵਸਥਾ
ਸਮੇਂ ਜੀਵਨ `ਚ ਹਰ ਪਾਸਿਓਂ ਨਿਖਾਰ ਤੇ ਖੇੜਾ ਆ ਜਾਂਦਾ ਹੈ। ਕਿਉਂਕਿ
‘ਹਰਸਨ’
ਦੇ ਅਰਥ ਹੀ
ਖੁਸ਼ੀ
ਤੇ
ਖੇੜਾ
ਹਨ। ਜੀਵਨ ਦੀ ਅਜਿਹੀ ਚੌਥੀ ਅਵਸਥਾ `ਚ ਪੁਜਿਆ ਮਨੁੱਖ ਹਰ ਸਮੇਂ
“ਰੰਗਿ ਰੰਗੀ ਕਰਤਾਰੀ ਰੇ”
ਭਾਵ ਮਨੁੱਖ ਦਾ ਸੁਆਸ ਸੁਆਸ ਪ੍ਰਭੂ ਦੇ ਨਾਮ ਰੰਗ
`ਚ ਰੰਗਿਆ ਰਹਿੰਦਾ ਹੈ। ਬਾਣੀ ਜਪੁ `ਚ ਮਨੁੱਖਾ ਜੀਵਨ ਦੀ ਇਸੇ ਅਵਸਥਾ ਲਈ
“ਤਿਥੈ ਸੀਤੋ ਸੀਤਾ ਮਹਿਮਾ ਮਾਹਿ॥
ਤਾ ਕੇ ਰੂਪ ਨ ਕਥਨੇ ਜਾਹਿ. .” ਵਾਲੀ
ਸ਼ਬਦਾਵਲੀ ਵੀ ਆਈ ਹੈ ਅਤੇ ਹੌਰ ਵੀ ਅਨੇਕਾਂ ਥਾਵੇਂ।
(੨)
ਮਨੁੱਖਾ ਜੀਵਨ ਵਾਲੇ ਇਸੇ ਸੱਚ ਦਾ ਹੀ ਅਣਿਖੜਵਾਂ
ਤੇ ਦੂਜਾ ਅੰਗ ਹੈ ਮਨੁੱਖ ਦਾ ਸੰਪੂਰਣ ਕੇਸਾਧਾਰੀ ਸਰੂਪ ਭਾਵ ਮਨੁੱਖ ਦਾ ਉਹ ਸਰੂਪ ਜਿਹੜਾ ਕਰਤੇ
ਅਕਾਲਪੁਰਖ ਨੇ ਉਸ ਲਈ ਘੜਿਆ ਹੋਇਆ ਹੈ। ਇਸ ਤੋਂ ਬਾਅਦ, ਸਰੂਪ ਦੀ ਕੱਟ-ਵੱਢ ਜਿਹੜਾ ਕਿ ਅੱਜ ਸੰਸਾਰ
ਤੱਲ `ਤੇ ਮਨੁੱਖ ਦਾ ਸੁਭਾਅ ਤੇ ਫ਼ੈਸ਼ਨ ਬਣ ਚੁੱਕਾ ਹੈ; ਕਿਸੇ ਤਰ੍ਹਾਂ ਵੀ ਸੱਚ ਅਥਵਾ ਰੱਬੀ ਤੇ
ਇਲਾਹੀ ਧਰਮ ਦੀ ਕਸਵੱਟੀ `ਤੇ ਪੂਰਾ ਨਹੀਂ ਉਤਰਦਾ।
ਫ਼ਿਰ ਆਉਂਦੇ ਹਨ, ਅਨੇਕਾਂ ਭੇਖ ਜਿਵੇਂ ਜੋਗੀ, ਜਤੀ, ਸੰਨਿਆਸੀ, ਬੈਰਾਗੀ,
ਨਾਂਗੇ, ਬਿਭੂਤਧਾਰੀ, ਸਾਧੂ, ਸੰਤ, ਮਹਾਤਮਾ ਆਦਿ, ਜਿਹੜੇ ਦਿਖਾਵੇ ਕਰਕੇ ਕੁੱਝ ਹੋਰ ਪ੍ਰਭਾਵ ਦੇ
ਰਹੇ ਹੁੰਦੇ ਹਨ ਪਰ ਉਨ੍ਹਾਂ ਦੇ ਜੀਵਨ ਅੱੰਦਰ ਉਸ ਤਰ੍ਹਾਂ ਦੀ ਅਸਲੀਅਤ ਬਹੁਤਾ ਕਰਕੇ ਘੱਟ ਹੀ ਹੁੰਦੀ
ਹੈ। ਦਰਅਸਲ ਜਦੋਂ ਕਿਸੇ ਮਨੁੱਖ ਦਾ ਜੀਵਨ ਹੀ ਗੁਰਬਾਣੀ ਸੋਝੀ ਤੋਂ ਘੜਿਆ ਜਾਂਦਾ ਹੈ ਤਾਂ ਉਹ ਸੁਭਾਅ
ਕਰਕੇ ਹੀ ਸਦਾਚਾਰੀ, ਉੱਚ ਆਚਰਣ ਵਾਲਾ ਅਤੇ ਸੱਚ ਧਰਮ ਦਾ ਰਾਹੀ ਹੋ ਨਿਬੜਦਾ ਹੈ। ਇਸ ਤਰ੍ਹਾਂ ਜਦੋਂ
ਮਨੁੱਖ ਦਾ ਜੀਵਨ ਹੀ ਕਰਤੇ ਦੀ ਰਜ਼ਾ `ਚ ਤਿਆਰ ਹੋ ਜਾਂਦਾ ਹੈ ਤਾਂ ਉਹ ਸਰੂਪ ਦੀ ਕੱਟ ਵੱਢ ਅਤੇ ਹੋਰ
ਹੋਰ ਭੇਖਾਂ ਵੱਲ ਵਧਦਾ ਹੀ ਨਹੀਂ। ਇਹ ਵੀ ਕਿ ਉਸ ਨੂੰ ਧਰਮੀ ਹੋਣ ਲਈ ਕਿਸੇ ਵਿਸ਼ੇਸ਼ ਦਿਖਾਵੇ ਜਾਂ
ਭੇਖ ਦੀ ਲੋੜ ਹੀ ਨਹੀਂ ਰਹਿ ਜਾਂਦੀ।
ਬਲਕਿ ਗੁਰਬਾਣੀ `ਚ ਕਬੀਰ ਸਾਹਿਬ ਮਨੁੱਖਾ ਜੀਵਨ ਦੇ ਇਸੇ ਸੱਚ ਨੂੰ ਇਸ
ਤਰ੍ਹਾਂ ਵੀ ਬਿਆਣ ਕਰਦੇ ਹਨ ਜਿਵੇਂ
“ਕਬੀਰ ਮਨੁ ਮੂੰਡਿਆ ਨਹੀ ਕੇਸ
ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ”
(ਪੰ: ੧੩੬੯)। ਸਪਸ਼ਟ ਹੈ ਮਨੁੱਖਾ ਜੀਵਨ ਦੀ ਸਫ਼ਲਤਾ ਲਈ
ਤਾਂ:-
“ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ”
(ਪੰ:
੬੦੧) ਅਥਵਾ
“ਗੁਰ ਕੀ ਮਤਿ ਤੂੰ ਲੇਹਿ ਇਆਨੇ”
(ਪੰ: ੨੮੮) ਜਾਂ
“ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ”
(ਪੰ: ੨੮੬)
ਆਦਿ ਗੁਰ ਫ਼ੁਰਮਨਾਂ `ਤੇ ਅਮਲ ਦੀ ਲੋੜ ਹੁੰਦੀ ਹੈ। ਤਾ ਕਿ ਮਨ ਨੂੰ ਗੁਰੂ
ਨਾਲ ਜੋੜ ਕੇ ਮਨੁੱਖਾ ਜੀਵਨ ਨੂੰ ਗੁਰਮੱਤੀਆ ਬਣਾਇਆ ਜਾ ਸਕੇ। ਇਸ ਦੇ ਉਲਟ ਮਨੁੱਖ ਆਪਣੇ ਸਰੂਪ ਦੀ
ਕੱਟ ਵੱਢ, ਭੇਖਾਂ, ਕਰਮਕਾਂਡਾ ਤੇ ਸੰਸਾਰਕ ਰਸਾਂ ਕਸਾਂ `ਚ ਉਲਝਿਆ ਰਹਿ ਕੇ ਪ੍ਰਾਪਤ ਮਨੁੱਖਾ ਜਨਮ
ਵੀ ਬਿਰਥਾ ਕਰ ਲੈਂਦਾ ਹੈ ਅਤੇ ਗੁਰਬਾਣੀ ਅਨੁਸਾਰ ਉਹ ਮੁੜ ਜਨਮ-ਮਰਨ ਤੇ ਜੂਨਾਂ-ਗਰਭਾਂ ਦੇ ਗੇੜਾਂ
`ਚ ਹੀ ਪੈਂਦਾ ਹੈ।
“ਕਰ
ਪਲਵ ਸਾਖਾ ਬੀਚਾਰੇ” -ਗੁਰਬਾਣੀ `ਚ ਭਗਤ
ਬੇਣੀ ਜੀ ਵੀ ਸੱਚ ਧਰਮ ਅਥਵਾ ਸਮੂਹ ਮਨੁੱਖ ਮਾਤ੍ਰ ਦੇ ਇਕੋ ਇੱਕ ਮਾਨਵੀ ਧਰਮ ਦੀ ਵਿਆਖਿਆ ਇਸੇ
ਤਰ੍ਹਾਂ ਕਰਦੇ ਹਨ। ਫ਼ੁਰਮਾਨ ਹੈ
“ਕਰ ਪਲਵ ਸਾਖਾ ਬੀਚਾਰੇ॥ ਅਪਨਾ
ਜਨਮੁ ਨ ਜੂਐ ਹਾਰੇ” (ਪੰ: ੪੬੬) ਅਰਥ ਹਨ:-
“ਐ ਮਨੁੱਖ! ਤੂੰ ਬਿਰਖ ਵੱਲ ਦੇਖ, ਇਸ ਦੀਆਂ ਟਾਹਣੀਆਂ ਨਾਲ (ਬੇਅੰਤ) ਪੱਤੇ
ਲੱਗੇ ਹੋਏ ਹਨ। ਜ਼ਰਾ ਵਿਚਾਰ ਤਾਂ ਸਹੀ, ਆਖ਼ਿਰ ਇਸ ਬਿਰਖ ਦੇ ਅਜੋਕੇ ਵਿਸਤਾਰ ਤੇ ਇਨ੍ਹਾਂ ਬੇਅੰਤ
ਪੱਤਿਆਂ ਦਾ ਮੂਲ ਕਿਥੇ ਹੈ? ਕਿਉਂਕਿ ਬਿਰਖ ਦਾ ਮੂਲ ਹੀ ਬਿਰਖ ਦੀ ਜੜ੍ਹ `ਚ ਹੈ, ਇਹੀ ਕਾਰਣ ਹੈ ਕਿ
ਜਦੋਂ ਤੱਕ ਇਹ ਬਿਰਖ ਆਪਣੇ ਮੂਲ ਅਥਵਾ ਆਪਣੀ ਜੜ੍ਹ ਨਾਲ ਜੁੜਿਆ ਰਹਿੰਦਾ ਹੈ। ਇਸੇ ਤੋਂ ਇਸ ਨੂੰ ਹਰ
ਸਮੇਂ ਆਪਣੇ ਮੂਲ ਭਾਵ ਆਪਣੀ ਜੜ੍ਹ ਤੋਂ ਆਪਣੀਆਂ ਟਹਿਣੀਆਂ ਤੇ ਪੱਤਿਆਂ ਲਈ ਖ਼ੁਰਾਕ, ਮਿਲਦੀ ਰਹਿੰਦੀ
ਹੈ। ਇਸੇ ਤੋਂ ਇਸਦੀ ਹੋਂਦ `ਚ ਹਰਿਆਵਲ ਭਾਵ ਹਰੇ ਭਰੇ ਪੱਤੇ ਟਹਿਣੀਆਂ ਆਦਿ ਵੀ ਕਾਇਮ ਰਹਿੰਦੀਆਂ
ਹਨ।
ਇਸੇ ਤਰ੍ਹਾਂ ਜਿਹੜੇ ਆਪਣੇ ਮੂਲ ਪ੍ਰਭੂ ਨਾਲ ਜੁੜੇ ਰਹਿ ਕੇ
“ਅਗੈ ਕਰਣੀ ਕੀਰਤਿ ਵਾਚੀਐ
(ਪੰ: ੪੬੪) ਅਤੇ “ਕਰਣੀ
ਲਾਹਣਿ ਸਤੁ ਗੁੜੁ ਸਚੁ ਸਰਾ
ਕਰਿ ਸਾਰੁ”
(ਪੰ: ੫੫੩) ਅਥਵਾ
“ਕਰਿ
ਕਰਣੀ ਕਸੁ ਪਾਈਐ” (ਪੰ: ੩੬੦) ਵਾਲੀਆਂ
ਗੁਰਬਾਣੀ ਚੇਤਾਵਣੀਆਂ ਦੇ ਆਧਾਰ `ਤੇ ਆਪਣੇ
‘ਕਰ’
ਭਾਵ ਆਪਣੇ ਹੱਥਾਂ ਨੂੰ
“ਕਰਿ ਕਰਣੀ”
ਬਣਾ ਕੇ ਰਖਦੇ ਹਨ। ਅਜਿਹੇ ਗੁਰਮੁਖ
“ਅਪਨਾ ਜਨਮੁ ਨ ਜੂਐ ਹਾਰੇ”
ਅਨੁਸਾਰ ਪ੍ਰਾਪਤ ਮਨੁੱਖਾ ਜਨਮ ਦੀ ਬਾਜ਼ੀ ਨੂੰ ਹਾਰ
ਕੇ ਨਹੀਂ, ਬਲਕਿ ਸੰਸਾਰ ਤੋਂ ਜਿੱਤ ਕੇ ਜਾਂਦੇ ਹਨ; ਜੀਵਨ ਨੂੰ ਸਫ਼ਲ ਕਰਕੇ ਜਾਂਦੇ ਹਨ। ਇਸ ਤਰ੍ਹਾਂ
ਸਰੀਰਕ ਮੌਤ ਤੋਂ ਬਾਅਦ ਵੀ ਕਰਤੇ `ਚ ਸਮਾਅ ਜਾਂਦੇ ਹਨ ਤੇ ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਆਉਂਦੇ।
ਇਸ ਤਰ੍ਹਾਂ ਸੰਬੰਧਤ ਸ਼ਬਦ `ਚ
“ਕਰ ਪਲਵ ਸਾਖਾ ਬੀਚਾਰੇ॥ ਅਪਨਾ
ਜਨਮੁ ਨ ਜੂਐ ਹਾਰੇ” ਵਾਲੀ ਪੰਕਤੀ ਵਿਚਲੇ
ਵਿਸ਼ੇ ਦੀ ਸੀਮਾਂ ਕੇਵਲ ਉਥੋਂ ਤੱਕ ਨਹੀਂ, ਜਿਤਨੀ ਕਿ ਅਸਾਂ ਇਥੇ ਲਈ ਹੈ। ਬਲਕਿ ਇਹ ਸੀਮਾਂ ਤਾਂ
“ਕਰ ਪਲਵ ਸਾਖਾ ਬੀਚਾਰੇ॥
ਅਪਨਾ ਜਨਮੁ ਨ ਜੂਐ ਹਾਰੇ॥ ਅਸੁਰ ਨਦੀ ਕਾ ਬੰਧੈ ਮੂਲੁ॥ ਪਛਿਮ ਫੇਰਿ ਚੜਾਵੈ ਸੂਰੁ॥ ਅਜਰੁ ਜਰੈ ਸੁ
ਨਿਝਰੁ ਝਰੈ॥ ਜਗੰਨਾਥ ਸਿਉ ਗੋਸਟਿ ਕਰੈ…”
ਬਲਕਿ ਇਸ ਤਰ੍ਹਾਂ ਵਿਚਾਰ ਤਾਂ ਇਸਤੋਂ ਅੱਗੇ ਵੀ ਚੱਲ ਰਹੀ ਹੈ ਜਦਕਿ ਸਾਰੇ ਸ਼ਬਦ `ਚ ਮੂਲ ਵਿਸ਼ਾ ਉਹੀ
ਤੇ ਇਕੋ ਹੀ ਚੱਲ ਰਿਹਾ ਹੈ।
ਉਪ੍ਰੰਤ ਇਸੇ ਸ਼ਬਦ `ਚ ਬੇਣੀ ਜੀ ਇੱਕ ਫੁਲ ਦੀ ਮਿਸਾਲ ਨੂੰ ਵਰਤ ਕੇ ਵੀ ਵਿਸ਼ੇ
ਨੂੰ ਬਿਆਣਦੇ ਹਨ, ਫ਼ੁਰਮਾਨ ਹੈ
“ਪਲੂ ਅਨਤ ਮੂਲੁ ਬਿਚਕਾਰਿ”
(ਪੰ: ੯੭੪) ਅਰਥ ਹਨ ਜਿਵੇਂ ਇੱਕ ਫੁਲ ਦਾ ਮੁਕਰੰਦ
(ਮੂਲ) ਤਾਂ ਉਸ ਫੁਲ ਦੇ ਵਿਚਕਾਰ ਹੁੰਦਾ ਹੈ ਜਦਕਿ ਫੁਲ ਦੀ ਸੁੰਦਰਤਾ ਤੇ ਖੁਸ਼ਬੂ ਉਸ ਦੀਆਂ ਸਮੂਹ
ਪੱਤੀਆਂ `ਚੋਂ ਆ ਰਹੀ ਹੁੰਦੀ ਹੈ। ਇਸ ਤਰ੍ਹਾਂ ਮਨੁੱਖ ਵੀ ਜਦੋਂ ਆਪਣੇ ਮੂਲ, ਕਰਤੇ ਨਾਲ ਜੁੜ ਕੇ
ਚਲਦਾ ਹੈ ਤਾਂ ਉਸ ਦੇ ਜੀਵਨ ਅੰਦਰੋਂ ਵੀ ਉੱਚ ਗੁਣਾਂ ਦੀ ਖ਼ੁਸ਼ਬੂ ਆਉਂਦੀ ਹੈ। ਚੇਤੇ ਰਹੇ! ਆਪਣੇ ਮੂਲ
ਪ੍ਰਭੂ ਨਾਲ ਜੁੜੇ ਹੋਣ ਦਾ ਮਤਲਬ ਹੀ ਕਰਤੇ ਪ੍ਰਭੂ ਦੀ ਰਜ਼ਾ `ਚ ਚੱਲਦੇ ਹੋਏ
ਸੁਭਾਅ
ਤੇ
ਸਰੂਪ ਇਕੱਠੇ ਦੋਨਾਂ ਦੀ ਸੰਭਾਲ ਕਰਣਾ ਹੈ।
“ਸਿਖੀ ਸਿਖਿਆ ਗੁਰ ਵੀਚਾਰਿ” - ਹੁਣ
ਵਿਸ਼ੇ ਨੂੰ ਅਸੀਂ ਇੱਕ ਹੋਰ ਫ਼ੁਰਮਾਨ ਰਾਹੀਂ ਵੀ ਸਮਝਣ ਦਾ ਯਤਣ ਕਰਾਂਗੇ। ਬਾਣੀ ਆਸਾ ਕੀ ਵਾਰ `ਚ
ਗੁਰਦੇਵ ਫ਼ੁਰਮਾਉਂਦੇ ਹਨ “ਸਿਖੀ
ਸਿਖਿਆ ਗੁਰ ਵੀਚਾਰਿ”॥ ਨਦਰੀ ਕਰਮਿ ਲਘਾਏ ਪਾਰਿ”
(ਪੰ: ੪੬੫)। ਅਰਥ ਹਨ, ਐ ਮਨੁੱਖ! ਤੂੰ ਤਾਂ ਹੀ ਗੁਰੂ ਕਾ
ਸਿੱਖ ਹੈਂ ਜੇਕਰ ਤੂੰ ਆਪਣੇ ਜੀਵਨ ਨੂੰ ਗੁਰੂ ਦੀ ਸਿਖਿਆ ਦਾ ਅਨੁਸਾਰੀ ਹੋ ਕੇ ਤਿਆਰ ਕਰੇਂ। ਉਸੇ ਦਾ
ਨਤੀਜਾ ਹੋਵੇਗਾ ਕਿ ਅਕਾਲਪੁਰਖ ਆਪ, ਆਪਣੀ ਬਖ਼ਸ਼ਿਸ਼ ਕਰਕੇ ਤੈਨੂੰ ਵਿਕਾਰਾਂ ਅਉਗੁਣਾ ਨਾਲ ਭਰੇ ਹੋਏ ਇਸ
ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।
ਸੰਸਾਰ ਸਮੁੰਦਰ ਤੋਂ ਪਾਰ ਹੋਣਾ, ਤੂੰ ਜੀਉਂਦੇ ਜੀਅ ਵੀ ਵਿਕਾਰਾਂ,
ਚਿੰਤਾਂਵਾਂ, ਭਟਕਣਾ, ਤ੍ਰਿਸ਼ਨਾ ਆਦਿ ਤੋਂ ਰਹਿਤ ਤੇ ਇਲਾਹੀ ਗੁਣਾਂ ਨਾਲ ਭਰਪੂਰ ਸੰਤੋਖੀ, ਮਾਨਸਿਕ
ਟਿਕਾਅ ਵਾਲਾ ਜੀਵਨ ਬਤੀਤ ਕਰੇਂਗਾ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਤੈਨੂੰ ਮੁੜ ਜਨਮ-ਮਰਨ ਦੇ
ਗੇੜ ਤੇ ਜੂਨਾਂ-ਗਰਭਾਂ ਦੇ ਗੇੜ `ਚ ਨਹੀ ਪੈਣਾ ਪਵੇਗਾ, ਇਸ ਤਰ੍ਹਾਂ ਤੂੰ ਆਪਣੇ ਅਸਲੇ, ਕਰਤੇ ਪ੍ਰਭੂ
`ਚ ਹੀ ਅਭੇਦ ਹੋ ਜਾਵੇਂਗਾ; ਤੇਰਾ ਲੋਕ ਤੇ ਪ੍ਰਲੋਕ ਦੋਵੇਂ ਸੁਧਰ ਜਾਣਗੇ।
ਇਸੇ ਤਰ੍ਹਾਂ ਇਸ ਸੰਬੰਧ `ਚ ਹੋਰ ਵੀ ਬੇਅੰਤ ਫ਼ੁਰਮਾਨ ਹਨ ਜਿਵੇਂ
“ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ
ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ
ਕਦੇ ਨ ਪਾਵੈ ਭਾਈ ਫਿਰਿ ਫਿਰਿ
ਪਛੋਤਾਵੈ”
(ਪੰ: ੬੦੧) ਬਲਕਿ ਇਸ ਗੁਰ ਫ਼ੁਰਮਾਨ ਰਾਹੀਂ ਤਾਂ ਗੁਰਦੇਵ
ਨੇ ਇਹ ਵੀ ਸਪਸ਼ਟ ਕੀਤਾ ਹੈ, ਜਿਹੜੇ ਗੁਰੂ ਦੇ ਅਨੁਸਾਰੀ ਹੋ ਕੇ ਨਹੀਂ ਚਲਦੇ, ਮਨਮੱਤੀਆ ਜੀਵਨ ਬਤੀਤ
ਕਰਦੇ ਹਨ; “ਫਿਰਿ ਫਿਰਿ
“ਪਛੋਤਾਵੈ” ਦੇ ਗੁਰਬਾਣੀ ਅਨੁਸਾਰ ਅਰਥ ਹਨ
ਕਿ ਅਜਿਹੇ ਮਨੁੱਖ, ਸਰੀਰਕ ਮੌਤ ਤੋਂ ਬਾਅਦ ਵੀ, ਕਰਤੇ ਦੇ ਸੱਚ ਨਿਆਂ `ਚ, ਕੀਤੇ ਕਰਮਾ ਅਨੁਸਾਰ ਬਾਰ
ਬਾਰ ਦੀਆਂ ਜੂਨਾਂ-ਗਰਭਾਂ ਦੇ ਗੇੜ `ਚ ਪੈਂਦੇ ਤੇ ਪਛਤਾਉਂਦੇ ਹਨ।
ਧਿਆਨ ਰਹੇ, ਇਥੇ ਉਨ੍ਹਾਂ ਅਨੰਤ ਜੂਨਾਂ `ਚ ਵਿਚਰਦੇ ਸਮੇਂ ਵੀ
“ਪਛੋਤਾਵੈ”
ਦੀ ਗੱਲ਼ ਹੋ ਰਹੀ ਹੈ ਤਾਂ ਕਿਉਂ? ਕਿਉਂਕਿ ਗੁਰਬਾਣੀ
ਅਨੁਸਾਰ, ਮੌਤ ਤੋਂ ਬਾਅਦ
“ਪਛੋਤਾਵੈ” ਦਾ ਅਰਥ ਹੀ ਇਹ ਹੈ ਕਿ ਉਸ ਸਮੇਂ
ਜੀਵ ਨੂੰ ਇਹ ਸੋਝੀ ਤਾਂ ਹੁੰਦੀ ਹੈ ਕਿ ਮਨੁੱਖਾ ਜਨਮ ਸਮੇਂ ਕੀਤੇ ਕਿਹੜੇ ਕਰਮਾਂ ਦੀ ਸਜ਼ਾ ਕਾਰਣ, ਉਸ
ਨੂੰ ਅਮੁੱਕੀ ਜੂਨ (ਕੋਠੜੀ, Cell
ਅਥਵਾ
Package)
ਭੋਗਣੀ ਪੈ ਰਹੀ ਹੈ। ਜਦਕਿ ਉਦੋਂ ਉਸਦਾ ਕੁੱਝ ਵੱਸ ਨਹੀਂ ਚਲਦਾ ਤੇ ਉਸਨੂੰ ਉਸੇ ਤਰ੍ਹਾਂ ਉਹ ਜੂਨ
ਭੋਗਣੀ ਹੀ ਪੈਂਦੀ ਹੈ। ਬਲਕਿ ਉਦੋਂ ਉਸਨੂੰ ਜ਼ਬਾਨ ਵੀ ਗੁੰਗੀ ਮਿਲਦੀ ਹੈ ਜਿਸ ਕਾਰਣ ਜੀਵ ਕਿਸੇ ਦੀ
ਹਮਦਰਦੀ ਤੇ ਮਦਦ ਲੈਣ ਦੇ ਯੋਗ ਵੀ ਨਹੀਂ ਹੁੰਦਾ।
ਗੁਰਬਾਣੀ ਅਨੁਸਾਰ ਮਨੁੱਖ ਦਾ ਕੇਸਾਧਾਰੀ ਸਰੂਪ- ਚਲਦੇ
ਪ੍ਰਕਰਣ `ਚ ਗੁਰਮੱਤ ਪਾਠ ਦੇ ਸਿਰਲੇਖ ਨੂੰ ਕੁੱਝ ਹੋਰ ਖੋਲਣਾ ਵੀ ਜ਼ਰੂਰੀ ਹੈ। ਲੋੜ ਇਸ ਲਈ ਵੀ ਹੈ
ਕਿਉਂਕਿ ਗੁਰਮੱਤ ਪੱਖੋਂ ਵਿਗੜੇ ਹੋਏ ਪੰਥਕ ਹਾਲਾਤ ਅਤੇ ਗੁਰਬਾਣੀ-ਗੁਰਮੱਤ ਦੇ ਪ੍ਰਚਾਰ ਦਾ ਬਹੁਤੇ
ਅਯੋਗ ਹੱਥਾਂ `ਚ ਹੋਣ ਦਾ ਨਤੀਜਾ, ਖ਼ੁਦ ਸਿੱਖਾਂ `ਚੋਂ ਹੀ ਅਜਿਹੇ ਸੱਜਨ ਉਭਰ ਰਹੇ ਹਨ ਜਿਨ੍ਹਾਂ ਦਾ
ਸੁਆਲ ਹੁੰਦਾ ਹੈ:-
ਗੁਰਬਾਣੀ `ਚ ਕਿੱਥੇ ਲਿਖਿਆ ਹੈ, ਸਿੱਖ ਦਾ ਕੇਸਾਧਾਰੀ ਸਰੂਪ `ਚ ਹੋਣਾ
ਜ਼ਰੂਰੀ ਹੈ? ਤਾਂ ਤੇ:-
ਪਹਿਲਾ- ਇਸ ਦੇ ਉੱਤਰ
`ਚ ਜੇਕਰ ਅਸੀਂ ਗ੍ਰੁਰੂ
ਤੇ ਅਕਾਲਪੁਰਖ `ਚ ਵਿਸ਼ਵਾਸ ਰਖਦੇ ਹਾਂ ਤਾਂ
ਸਾਨੂੰ ਪਤਾ ਹੋਣਾ ਚਾਹੀਦਾ ਹੈ:-
“ਭੁਲਣ ਅੰਦਰਿ ਸਭੁ ਕੋ, ਅਭੁਲੁ
ਗੁਰੂ ਕਰਤਾਰੁ” (ਪੰ: ੬੧) ਅਤੇ
“ਭੁਲਣ ਵਿਚਿ ਕੀਆ ਸਭੁ ਕੋਈ, ਕਰਤਾ
ਆਪਿ ਨ ਭੁਲੈ” (ਪੰ: ੧੩੪੪) ਸਪਸ਼ਟ ਹੈ ਕਿ
ਜਿਸ ਅਕਾਲਪੁਰਖ ਨੇ ਸਾਨੂੰ ਜੀਵਨ ਦਿੱਤਾ ਤੇ ਸਾਡਾ ਸਰੀਰ ਘੜਿਆ ਹੈ, ਮਨੁੱਖ ਲਈ ਕੇਸਾਂ ਵਾਲਾ ਸਰੂਪ
ਵੀ ਉਸੇ ਦੀ ਘਾੜਤ ਤੇ ਦੇਣ ਹੈ, ਇਹ ਸਰੂਪ ਅਸਾਂ ਆਪ ਨਹੀਂ ਘੜਿਆ। ਦਰਅਸਲ ਕਰਤੇ ਦੀ ਰਚਨਾ `ਚ ਹੌਰ
ਅਨੰਤ ਜੂਨਾਂ ਦੇ ਭਿੰਨ ਭਿੰਨ ਸਰੂਪਾ ਤੇ ਸ਼ਕਲਾਂ ਵਾਂਙ ਮਨੁੱਖ ਦਾ ਮੇਲ-ਫ਼ੀਮੇਲ, ਨਰ ਤੇ ਮਾਦਾ ਦੇ
ਫ਼ਰਕ ਨਾਲ ਸਰੂਪ ਅਤੇ ਇਸ ਸਰੂਪ `ਚ ਕੇਸਾਂ-ਰੋਮਾਂ ਵਾਲਾ ਨਿਯਮ ਵੀ ਉਸੇ ਅਭੁੱਲ਼ ਅਕਾਲਪੁਰਖ ਨੇ ਘੜਿਆ
ਹੋਇਆ ਹੈ, ਕਿਸੇ ਮਨੁੱਖ ਨੇ ਨਹੀਂ।
ਦੂਜਾ- ਕੇਸਾਂ ਵਾਲੇ
ਮਨੁੱਖੀ ਸਰੂਪ ਸੰਬੰਧੀ ਗੁਰਬਾਣੀ ਖਜ਼ਾਨੇ `ਚੋਂ ਕਬੀਰ ਸਾਹਿਬ ਦਾ ਫ਼ੁਰਮਾਨ
“ਕਬੀਰ ਮਨੁ ਮੂੰਡਿਆ ਨਹੀ ਕੇਸ
ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ”
(ਪੰ: ੧੩੬੯) ਤਾਂ ਅਸੀਂ ਲੈ ਆਏ ਹਾਂ ਅਤੇ ਇਸ ਸੰਬੰਧੀ
ਕੁੱਝ ਵੇਰਵਾ ਵੀ ਦੇ ਆਏ ਹਾਂ।
ਨਾਲ ਗੁਰਬਾਣੀ ਪ੍ਰਮਾਣਾਂ ਦੀ ਰੋਸ਼ਨੀ `ਚ ਇਹ ਵੀ ਦੇਖ ਆਏ ਹਾਂ ਕਿ ਸਿੱਖ ਧਰਮ
ਅਥਵਾ ਜੀਵਨ ਜਾਚ ਹੀ ਸਮੂਚੇ ਮਨੁੱਖ ਮਾਤ੍ਰ ਲਈ ਰੱਬੀ, ਸੱਚ ਤੇ ਇਲਾਹੀ ਧਰਮ ਹੈ। ਇਹ ਵੀ ਕਿ ਸਿੱਖ
ਧਰਮ, ਗੁਰਬਾਣੀ ਤੋਂ ਪ੍ਰਗਟ
ਜੀਵਨ ਜਾਚ ਅਤੇ
ਸਰੂਪ
ਦੇ
ਸੁਮੇਲ ਦਾ ਹੀ ਨਾਮ ਹੈ। ਕਿਉਕਿ ਜਦੋਂ ਮਨੁੱਖ
ਦਾ ਸੁਭਾਅ ਹੀ ਗੁਰਬਾਣੀ ਆਦੇਸ਼ਾਂ ਅਨੁਸਾਰ ਤਿਆਰ ਹੋਵੇਗਾ ਤਾਂ ਉਸ ਦਾ ਸਰਬਉੱਤਮ ਪੱਖ ਹੀ
“ਹੁਕਮਿ ਰਜਾਈ ਚਲਣਾ”
(ਬਾਣੀ ਜਪੁ) ਹੋਵੇਗਾ।
ਇਸ `ਤੇ ਵੀ ਗੁਰਬਾਣੀ ਦਾ ਫ਼ੈਸਲਾ ਹੈ
“ਜਹ ਕਰਣੀ ਤਹ ਪੂਰੀ ਮਤਿ॥ ਕਰਣੀ
ਬਾਝਹੁ ਘਟੇ ਘਟਿ” (ਪੰ: ੨੫) ਅਥਵਾ
“ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ
ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ”
(ਪੰ: ੪੭੪) ਭਾਵ ਸਿੱਖ ਨੇ ਬਿਨਾ ਕਿਸੇ ਕਿਉ ਕਿੰਤੂ ਦੇ
“ਜੋ ਗੁਰੁ ਦਸੈ ਵਾਟ
ਮੁਰੀਦਾ ਜੋਲੀਐ” (ਪੰ: ੪੮੮) ਅਨੁਸਾਰ ਹੀ
ਜੀਵਨ ਨੂੰ ਤਿਆਰ ਕਰਣਾ ਹੈ।
ਇਸ ਲਈ ਇਹ ਕਹਿਣਾ ਕਿ ਅਸੀਂ ਗੁਰਬਾਣੀ ਦੇ ਸਿੱਖ ਵੀ ਹੋਵੀਏ ਤੇ ਸਿੱਖੀ ਸਰੂਪ
ਦੀ ਵੀ ਸਾਨੂੰ ਲੌੜ ਨਹੀਂ, ਦਰਅਸਲ ਅਜਿਹੀ ਸੋਚ ਹੀ ਗੁਰਬਾਣੀ ਆਦੇਸ਼ਾਂ ਅਨੁਸਾਰ ਨਹੀਂ ਬਲਕਿ ਗੁਰਬਾਣੀ
ਵੱਲ ਪਿਠ ਕਰਣ ਤੁੱਲ ਹੈ। ਕਿਉਂਕਿ ਗੁਰਬਾਣੀ ਅਨੁਸਾਰ ਸਫ਼ਲ ਮਨੁੱਖਾ ਜੀਵਨ ਲਈ, ਗੁਰਬਾਣੀ ਤੋਂ ਪ੍ਰਗਟ
ਹੋਇਆ ਸੁਭਾਅ
(ਜੀਵਨ ਜਾਚ)
ਅਤੇ ਮਨੁੱਖ ਦਾ
ਸੰਪੂਰਣ ਕੇਸਾਧਾਰੀ ਸਰੂਪ,
ਦੋਵੇਂ ਵਿਸ਼ੇ ਜੁੜਵੇਂ ਹਨ, ਵੱਖ ਵੱਖ ਨਹੀਂ। ਇਹ ਦੋਵੇਂ ਪੱਖ
“ਹੁਕਮਿ ਰਜਾਈ ਚਲਣਾ”
ਕਰਤੇ ਦੀ ਰਜ਼ਾ `ਚ ਚਲਣ ਦਾ ਹੀ ਪ੍ਰਗਟਾਵਾ ਹਨ।
ਇਹ ਵੱਖਰੀ ਗੱਲ ਹੈ ਕਿ ਕਿਸੇ ਦੇ ਜੀਵਨ `ਚੋਂ ਜੀਵਨ ਜਾਚ ਵਾਲਾ ਪੱਖ ਪਹਿਲਾਂ
ਪ੍ਰਗਟ ਹੋ ਜਾਵੇ ਤੇ ਸਰੂਪ ਵਾਲਾ ਬਾਅਦ `ਚ। ਇਸ ਦੇ ਉਲਟ, ਕਿਸੇ ਕੋਲ ਪਿਤਾ ਪੂਰਖੀ ਸਰੂਪ ਤਾਂ ਉਸ
ਕੋਲ ਜਨਮ ਤੋਂ ਹੋਵੇ ਪਰ ਉਸ ਅੰਦਰ ਗੁਰਬਾਣੀ ਜੀਵਨ ਵਾਲਾ ਸੱਚ ਬਾਅਦ `ਚ ਤਿਆਰ ਹੋਵੇ।
ਤੀਜਾ- ਗੁਰਬਾਣੀ `ਚ
ਕੇਸਾਂ ਵਾਲੇ ਸਰੂਪ ਦੀ ਪ੍ਰੌੜਤਾ `ਚ ਕੇਵਲ ਉਪਰ ਵਰਤਿਆ ਜਾ ਚੁੱਕਾ ਕਬੀਰ ਸਾਹਿਬ ਵਾਲਾ ਇਕੱਲਾ
ਪ੍ਰਮਾਣ “ਕਬੀਰ ਮਨੁ
ਮੂੰਡਿਆ ਨਹੀ ਕੇਸ ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ”
(ਪੰ: ੧੩੬੯) ਹੀ ਨਹੀਂ ਬਲਕਿ ਹੋਰ ਵੀ ਬਹੁਤੇਰੇ ਫ਼ੁਰਮਾਨ
ਹਨ ਜਿਨ੍ਹਾਂ `ਚੋ ਕੁਝ:-
(ੳ) “ਕੇਸ ਸੰਗਿ
ਦਾਸ ਪਗ ਝਾਰਉ ਇਹੈ ਮਨੋਰਥ ਮੋਰ” (ਪੰ: ੫੦੦)
(ਅ) “ਬੰਕੇ ਬਾਲ ਪਾਗ
ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ”
(ਰਵੀਦਾਸ ਪੰ: ੬੮੦)
(ੲ) “ਟਹਲ ਕਰਉ
ਤੇਰੇ ਦਾਸ ਕੀ ਪਗ ਝਾਰਉ ਬਾਲ॥ ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ” (ਪੰ: ੮੧੦)
(ਸ) “ਸਤਿਗੁਰੁ
ਅਪਨਾ ਸਦ ਸਦਾ ਸਮਾੑਰੇ॥ ਗੁਰ ਕੇ ਚਰਨ ਕੇਸ ਸੰਗਿ ਝਾਰੇ” (ਪੰ: ੩੮੭)
(ਹ) “ਕੇਸਾ ਕਾ ਕਰਿ
ਬੀਜਨਾ ਸੰਤ ਚਉਰੁ ਢੁਲਾਵਉ” (ਪੰ: ੭੪੫)
(ਕ) “ਕੇਸਾਂ ਕਾ
ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ” (ਪੰ: ੭੪੯)
(ਖ) “ਸੇ ਦਾੜੀਆਂ
ਸਚੀਆ ਜਿ ਗੁਰ ਚਰਨੀ ਲਗੰਨਿ” (ਪੰ: ੧੪੧੯)
(ਗ) “ਮੁਖ ਸਚੇ
ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ (ਪੰ: ੧੪੧੯)
(ਘ) “ਖੂਬੁ ਤੇਰੀ ਪਗਰੀ
ਮੀਠੇ ਤੇਰੇ ਬੋਲ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ”
(ਨਾਮਦੇਵ ਪੰ: ੭੨੭)
(ਙ) “ਕੇਸ ਜਲੇ ਜੈਸੇ ਘਾਸ
ਕਾ ਪੂਲਾ” (ਕਬੀਰ ਪੰ: ੮੭੦)
(ਚ) “ਬੰਕੇ ਬਾਲ ਪਾਗ
ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ”
(ਰਵੀਦਾਸ ਪੰ: ੬੫੯)
ਅਤੇ ਇਸੇ ਤਰ੍ਹਾਂ ਹੋਰ ਵੀ ਬਹੁਤੇਰੇ ਗੁਰ ਫ਼ੁਰਮਾਨ ਹਨ। ਵਿਚਾਰਣ ਦਾ ਵਿਸ਼ਾ
ਹੈ ਕਿ ਗੁਰਬਾਣੀ `ਚ ਅਜਿਹੀ ਸ਼ਬਦਾਵਲੀ ਤੇ ਮਿਸਾਲਾਂ ਕੇਵਲ ਉਹੀ ਵਰਤੇਗਾ ਜੋ ਆਪ ਕੇਸਾਧਾਰੀ ਹੋਵੇ।
ਬਲਕਿ ਇਨ੍ਹਾਂ ਫ਼ੁਰਮਾਣਾਂ ਤੋਂ ਇਹ ਵੀ ਸਪਸ਼ਟ ਹੈ ਕਿ ਗੁਰਬਾਣੀ ਵਿਚਲੇ ਪੰਦਰਾਂ ਦੇ ਪੰਦਰਾਂ ਭਗਤ ਵੀ
ਸੰਪੂਰਣ ਕੇਸਾਧਾਰੀ ਸਨ। ਫ਼ਿਰ ਇਹ ਕਿਵੇਂ ਸੰਭਵ ਹੈ ਕਿ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸਿੱਖ ਵੀ
ਪਹਿਲੇ ਜਾਮੇ ਤੋਂ ਹੀ ਸੰਪੂਰਣ ਕੇਸਾਧਾਰੀ ਨਾ ਹੋਣ।
ਚੌਥਾ-
ਮਨੁੱਖ ਦਾ ਦਿਮਾਗ਼ ਅਤੇ ਕੇਸ-ਕੋਈ
ਵੀ ਮਸ਼ੀਨ 24
ਘੰਟੇ ਨਹੀਂ ਚੱਲ ਸਕਦੀ। , ਇਥੋਂ ਤੱਕ ਕਿ ਸਾਡਾ ਸਰੀਰ ਵੀ ਆਪਣੇ ਸਮੇਂ ਨਾਲ ਆਰਾਮ ਮੰਗਦਾ ਹੈ। ਜਦਕਿ
ਸਾਡਾ ਦਿਮਾਗ ਸੁੱਤੇ ਵੀ ਚਲਦਾ ਰਹਿੰਦਾ ਹੈ ਤੇ ਸੁਪਨੇ ਉਸੇ ਦਾ ਨਤੀਜਾ ਹੁੰਦੇ ਹਨ। ਸਿਰ `ਤੇ ਭਾਰੀ
ਵਾਲ (ਕੇਸ), ਦਿਮਾਗ ਨੂੰ ਠੰਢਾ ਰੱਖਣ ਤੇ ਚੋਟਾਂ ਤੋਂ ਬਚਾਉਣ `ਚ ਵੀ ਮਦਦ ਕਰਦੇ ਹਨ। ਇਥੋਂ ਤੱਕ ਕਿ
ਸਨ-ਸਟ੍ਰੋਕ, ਕੇਸਾਧਾਰੀਆਂ ਨੂੰ ਕਦੇ ਨਹੀਂ ਹੁੰਦਾ, ਇਹ ਕੇਵਲ ਕੇਸ ਹੀਣਾਂ ਨੂੰ ਹੀ ਹੁੰਦਾ ਹੈ।
ਲੋਹਟੋਪਾਂ ( Helmets)
ਤੇ ਗਿੱਲੇ ਤੌਲੀਏ ਆਦਿ
ਦੀ ਲੋੜ, ਕੇਵਲ ਕੇਸਹੀਣਾ ਨੂੰ ਹੁੰਦੀ ਹੈ, ਕੇਸਾਧਾਰੀਆਂ-ਦਸਤਾਰ ਧਾਰੀਆਂ ਨੂੰ ਨਹੀਂ। ਸਰੀਰਾਂ `ਤੇ
ਬੇਅੰਤ ਰੋਮ, ਪਸੀਨੇ ਆਦਿ ਰਾਹੀਂ ਸਾਡੀ ਅੰਦਰ ਦੀ ਗੰਦਗੀ ਬਾਹਰ ਕੱਢਦੇ ਤੇ ਸਾਨੂੰ ਅਨੇਕਾਂ ਰੋਗਾਂ
ਤੋਂ ਬਚਾਉਂਦੇ ਹਨ।
ਪੰਜਵਾਂ-
ਕੇਸਾਂ ਦਾ ਵਿਗਿਆਨਕ ਪੱਖ-ਸਰੀਰ
ਦੇ ਜਿਸ ਅੰਗ `ਤੇ ਜਿਸ ਸਮੇਂ ਜਿੰਨੇਂ ਤੇ ਜਿਸ ਨਾਪ ਦੇ ਕੇਸਾਂ ਦੀ ਲੋੜ ਹੁੰਦੀ ਹੈ, ਇਸਤ੍ਰੀ-ਪੁਰਖ
ਦੇ ਫ਼ਰਕ ਨਾਲ ਉਤਨੇ ਹੀ ਅਤੇ ਉਦੋਂ ਹੀ ਉੱਗਦੇ ਹਨ, ਉਸ ਤੋਂ ਪਹਿਲਾਂ ਅਤੇ ਵਧ-ਘਟ ਨਹੀਂ। ਜਿਨੇ
ਲੰਮੇਂ ਕੇਸ ਸਿਰ `ਤੇ ਹੁੰਦੇ ਹਨ, ਉਤਨੇ ਲੰਮੇਂ ਮਨੁੱਖਾ ਸਰੀਰ ਦੇ ਕਿਸੇ ਹੋਰ ਅੰਗ `ਤੇ ਅਤੇ ਆਪਣੀ
ਮਰਜ਼ੀ ਨਾਲ ਨਹੀਂ ਉਗਾਏ ਜਾ ਸਕਦੇ। ਇਹੀ ਨਹੀਂ, ਸਰੀਰ ਦੇ ਜਿਨ੍ਹਾਂ ਅੰਗਾਂ `ਤੇ ਕੇਸਾਂ ਦੀ ਲੋੜ
ਨਹੀਂ ਹੁੰਦੀ ਉਥੇ ਕੇਸ ਨਾ ਉੱਗਦੇ ਹਨ ਤੇ ਨਾ ਕੋਈ ਉਗਾਅ ਸਕਦਾ ਹੈ। ਕੇਵਲ ਮਨੁੱਖ ਹੀ ਨਹੀਂ, ਸਾਰੀ
ਜੀਵ ਸ਼੍ਰੇਣੀ ਅਤੇ ਫੁੱਲ ਬਨਸਪਤੀ `ਚ ਵੀ ਕੇਸਾਂ-ਰੋਮਾਂ ਵਾਲੇ ਇਸੇ ਰੱਬੀ ਨਿਯਮ ਨੂੰ ਦੇਖਿਆ ਜਾ
ਸਕਦਾ ਹੈ। ਸ਼ੇਰ-ਸ਼ੇਰਨੀ, ਚਿੜਾ-ਚਿੜੀ, ਕਵਾ-ਕਵੀ, ਤੋਤਾ-ਤੋਤੀ, ਗੋਭੀ-ਗੁਲਾਬ, ਸ਼ਹਿਤੂਤ-ਸ਼ਹਿਤੂਤੀ
ਭਾਵ ਕੇਸਾਂ ਵਾਲੀ ਕਰਤੇ ਦੀ ਲੀਲਾ, ਨਰ-ਮਾਦਾ ਦੇ ਫਰਕ ਨਾਲ, ਹਰੇਕ ਜੂਨ `ਚ ਪ੍ਰਭੂ ਦੀ ਇਸ ਵਡਮੁੱਲੀ
ਦਾਤ ਨੂੰ ਕੇਵਲ ਪਛਾਣਨ ਤੇ ਸਮਝਣ ਦੀ ਲੋੜ ਹੈ।
ਇਸ ਲਈ ਪ੍ਰਭੂ ਦੀਆਂ ਅਨੇਕਾਂ ਬਖਸ਼ਿਸ਼ਾਂ `ਚੋਂ ਕੇਸ ਅਜਿਹੀ ਵਿਗਿਆਨਕ ਦੇਣ
ਹਨ, ਜਿਸ ਦਾ ਅੰਦਾਜ਼ਾ ਲਾਉਣਾ ਵੀ ਸੌਖਾ ਨਹੀਂ। ਕਰਤੇ ਦੀ ਬੇਅੰਤ ਰਚਨਾ ਅਤੇ ਇਸ ਰਚਨਾ `ਚ ਅਨੰਤ
ਜੂਨਾਂ ਹਨ। ਇਸ ਤਰ੍ਹਾਂ ਇਨ੍ਹਾਂ ਅਨੰਤ ਜੂਨਾਂ `ਚ ਕੇਵਲ ਮਨੁੱਖ ਹੀ ਨਹੀਂ ਜਿਵੇਂ ਕਿ ਸਪਸ਼ਟ ਕਰ
ਚੁੱਕੇ ਹਾਂ, ਫ਼ਿਰ ਬੇਸ਼ੱਕ ਪਸ਼ੂ-ਪੰਛੀ, ਕੀੜੇ-ਮਕੌੜੇ, ਜਾਂ ਫਲ-ਫੁਲ ਸਬਜ਼ੀਆਂ, ਬਨਸਪਤੀ ਸਾਰਿਆਂ `ਚ
ਕੇਸਾਂ-ਰੋਮਾਂ ਵਾਲਾ ਇਹ ਵਿਗਿਆਣਕ ਤੇ ਅਤੀ ਸ਼ੂਕਸ਼ਮ ਸਿਧਾਂਤ, ਭਿੰਨ ਭਿਂਨ ਸਰੀਰਾਂ ਦੀ ਕੁਦਰਤੀ ਲੋੜ
ਅਨੁਸਾਰ, ਇਕੋ ਜਿਹਾ ਚੱਲ ਰਿਹਾ ਹੈ। ਤਾਂ ਵੀ ਇਥੇ ਬਹੁਤਾ ਕਰਕੇ ਅਸੀਂ ਵਿਸ਼ਾ ਲਿਆ ਤੇ ਲੈ ਵੀ ਰਹੇ
ਹਾਂ ਤਾਂ ਕੇਵਲ ਮਨੁੱਖਾ ਸਰੀਰ ਦਾ ਹੀ।
ਕੇਸਾਂ ਸੰਬੰਧੀ ਇੱਕ ਹੋਰ ਸਚਾਈ-
ਅਸੀਂ ਆਪਣੀਆਂ ਗਡੀਆਂ `ਚ ਪੁਰੋਲੇਟਰ ਲਗਾਂਦੇ ਹਾਂ ਕਿਉਂਕਿ ਜੇਕਰ ਹਵਾ ਵਿਚਲੀ ਗੰਦਗੀ ਸਾਡੀਆਂ
ਗੱਡੀਆਂ `ਚ ਚਲੀ ਗਈ ਤਾਂ ਸਾਡੀ ਗੱਡੀ ਦਾ ਇੰਜਣ ਬੈਠ ਜਾਵੇਗਾ। ਇਸੇ ਤਰ੍ਹਾਂ ਪ੍ਰਭੂ ਨੇ ਸਾਡੇ
ਨੱਕ
ਤੇ
ਕੰਨਾਂ
`ਚ ਛੋਟੇ ਛੋਟੇ ਕੇਸ ਦਿੱਤੇ ਹੁੰਦੇ ਹਨ। ਪੁਰੋਲੇਟਰ ਦੀ
ਨਿਆਈ, ਸਾਡੇ ਕੰਨਾਂ ਤੇ ਨੱਕ ਰਸਤੇ ਜਿਹੜੀ ਹਵਾ ਸਾਡੇ ਸਰੀਰ ਅੰਦਰ ਜਾਂਦੀ ਹੈ, ਇਨ੍ਹਾਂ ਕੇਸਾਂ
ਕਾਰਣ ਉਹ ਪੁਣ-ਛਾਣ ਕੇ ਜਾਂਦੀ ਹੈ, ਜਿਸ ਤੋਂ ਸਾਡੀ ਸੁਨਣ, ਸੁੰਘਣ ਤੇ ਸੁਆਸ ਕਿਰਿਆ ਆਦਿ ਨਿਯਮਿਤ
ਢੰਗ ਨਾਲ ਚਲਦੀਆਂ ਹਨ। ਅੱਖਾਂ ਦੇ ਭਰਵੱਟੇ ਕੱਟਵਾ ਕੇ ਬੀਬੀਆਂ ਅੱਖਾਂ ਤੇ ਸਰੀਰ ਲਈ ਕਿਨੀਆਂ
ਬੀਮਾਰੀਆਂ ਨੂੰ ਸੱਦਾ ਦਿੰਦੀਆਂ ਹਨ, ਅੱਖਾਂ ਦੇ ਹਸਪਤਾਲਾਂ `ਚੋਂ ਪਤਾ ਕੀਤਾ ਜਾ ਸਕਦਾ ਹੈ। ਸਚਾਈ
ਇਹ ਹੈ ਕਿ ਅੱਖਾਂ ਦੇ ਭਰਵੱਟੇ ਵੀ ਮਨੁੱਖ ਨੂੰ ਅੱਖਾਂ ਦੀਆਂ ਕਈ ਬਿਮਾਰੀਆਂ ਤੋਂ ਬਚਾਂਦੇ ਤੇ ਸਭ
ਨੂੰ ਪਤਾ ਹੈ ਕਿ ਅੱਖਾਂ ਦਾ ਕਈ ਪੱਖਾਂ ਤੋਂ ਸਿਧਾ ਬਚਾਅ ਵੀ ਕਰਦੇ ਹਨ। ਇਸੇ ਤਰ੍ਹਾਂ ਇਸਤ੍ਰੀ-ਪੁਰਖ
ਦੇ ਫ਼ਰਕ ਨਾਲ ਸਾਡੇ ਸਰੀਰਾਂ ਤੇ ਅਨੰਤ ਰੋਮ ਵੀ ਸਾਨੂੰ ਕਈ ਤਰ੍ਹਾਂ ਦੇ ਵੈਰੀ ਬੈਕਟ੍ਰੀਆ
(ਕਿਟਾਣੂਆਂ) ਦੇ ਹਮਲਿਆਂ ਤੋਂ ਬਚਾਂਦੇ ਤੇ ਸਰੀਰ ਨੂੰ ਸੁਅਸਥ ਰਖਣ `ਚ ਸਾਨੂੰ ਬਹੁਤੇਰੇ ਪਾਸਿਓਂ
ਸਹਾਈ ਹੁੰਦੇ ਹਨ। ਇਸ ਤੋਂ ਬਾਅਦ ਅਤੀ ਸੰਖੇਪ ਪਰ ਗੁਰਬਾਣੀ ਅਨੁਸਾਰ ਮਨੁੱਖੀ ਧਰਮ ਦੀ ਪਰੀਭਾਸ਼ਾ ਨੂੰ
ਦੇਖਣ ਦਾ ਵੀ ਯਤਣ ਕਰਾਂਗੇ। ਤਾਂ ਤੇ:-
“ਸਰਬ ਸਬਦੰ ਏਕ ਸਬਦੰ” - ਸਬਦੰ
ਦੇ ਅਰਥ ਹਨ ‘ਧਰਮ’। ਬਾਣੀ ਰਾਹੀਂ ਪਾਤਸ਼ਾਹ ਨੇ ਅਨੇਕਾਂ ਵਾਰ ਸਪਸ਼ਟ ਕੀਤਾ ਹੈ ਕਿ ਪ੍ਰਭੂ ਵਲੋਂ ਸਾਰੇ
ਮਨੁੱਖਾਂ ਦਾ ਧਰਮ ਇਕੋ ਹੈ। ਫ਼ੁਰਮਾਣ ਹੈ
“ਜੋਗ ਸਬਦੰ ਗਿਆਨ ਸਬਦੰ, ਬੇਦ ਸਬਦੰ
ਬ੍ਰਾਹਮਣਹ॥ ਖਤ੍ਰੀ ਸਬਦੰ ਸੂਰ ਸਬਦੰ, ਸੂਦ੍ਰ ਸਬਦੰ ਪਰਾਕ੍ਰਿਤਹ॥ ਸਰਬ ਸਬਦੰ ਏਕ ਸਬਦੰ, ਜੇ ਕੋ
ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ” (ਪੰ:
469)
ਭਾਵ- ਜੋਗੀਆਂ ਨੇ ਆਪਣਾ ਧਰਮ ਗਿਆਨ ਚਰਚਾ,
ਬ੍ਰਾਹਮਣਾਂ ਨੇ ਵੇਦ ਪੜ੍ਹਣੇ-ਪੜ੍ਹਾਣੇ, ਖੱਤ੍ਰੀਆਂ ਨੇ ਜੁੱਧ ਭੂਮੀ `ਚ ਜੂਝਣਾ ਮਿੱਥ ਰੱਖਿਆ ਹੈ।
ਅਖੌਤੀ ਸ਼ੂਦਰਾਂ `ਤੇ ਧਰਮ ਥੋਪਿਆ ਗਿਆ ਹੈ-ਦੂਜਿਆਂ ਦੀ ਕਿਰਤ ਕਰਣੀ। ਉਪ੍ਰੰਤ ਗੁਰਦੇਵ ਦਾ ਫੈਸਲਾ ਹੈ
“ਸਰਬ ਸਬਦੰ ਏਕ ਸਬਦੰ”
ਭਾਵ ਸਾਰੇ ਮਨੁੱਖਾਂ ਦਾ ਧਰਮ ਇਕੋ ਹੈ। ਤਾਂ
ਇਹ ਧਰਮ ਹੈ ਕੀ? ਇਹ ਧਰਮ ਹੈ
‘ਕਰਤਾ ਪ੍ਰਭੂ ਜੋ ਸਾਰੀ ਰਚਨਾ `ਚ
ਵਿਆਪਕ ਹੁੰਦਾ ਹੋਇਆ ਵੀ ਮਾਇਆ ਤੋਂ ਨਿਰਲੇਪ (ਨਿਰੰਜਨ) ਹੈ, ਜੋ ਸਦਾ ਥਿਰ ਹੈ ਤੇ ਹਰ ਸਮੇਂ
ਪ੍ਰਕਾਸ਼ਮਾਣ ਵੀ ਹੈ (ਦੇਉ)। ਉਸ ਦੀ ਪਛਾਣ ਆਪਣੇ ਅੰਦਰੋਂ ਤੇ ਉਸੇ ਤਰ੍ਹਾਂ ਉਸ ਦੀ ਪਛਾਣ ਉਸ ਦੀ
ਸਮੂਚੀ ਰਚਨਾ `ਚੋਂ ਵੀ ਕਰਣੀ ਹੈ। ਇਸ ਤਰ੍ਹਾਂ ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋ ਕੇ ਜੀਊਣਾ ਹੈ।
ਪਾਤਸ਼ਾਹ ਫ਼ੁਰਮਾਉਂਦੇ ਹਨ ਮੈਂ ਵੀ ਉਸੇ “ਨਿਰੰਜਨ ਦੇਉ” (ਪ੍ਰਭੂ) ਦਾ ਹੀ ਦਾਸ ਹਾਂ।
ਪੰਜਵੇਂ ਪਾਤਸ਼ਾਹ ਫੁਰਮਾਉਂਦੇ ਹਨ-
“ਸਰਬ ਧਰਮ ਮਹਿ ਸ੍ਰੇਸਟ
ਧਰਮੁ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ”
(ਪੰਨਾ ੨੬੬)। ਇਥੇ ਵੀ ਗੁਰਦੇਵ ਨੇ ਮਨੁੱਖ ਲਈ ਇਕੋ ‘ਸੱਚ ਧਰਮ’ ਦੀ ਗੱਲ ਕਹੀ ਹੈ,
ਬਾਹਰਮੁਖੀ ਚਿਨ੍ਹਾਂ-ਭੇਖਾਂ ਨੂੰ ਧਰਮ ਨਹੀਂ ਮੰਣਿਆ। ਫਿਰ ਵੀ-ਸੰਸਾਰ ਸਾਹਮਣੇ ਕੇਸਾਧਾਰੀ ਸਰੂਪ `ਚ
‘ਸਿੱਖ ਨੂੰ ਪ੍ਰਗਟ ਕੀਤਾ ਹੈ। ਪਾਤਸ਼ਾਹ ਦੀ ‘ਕਥਨੀ’ ਤੇ ‘ਕਰਨੀ’ `ਚ ਵੀ ਫ਼ਰਕ ਨਹੀਂ। ‘ਕਥਨੀ’ ਭਾਵ
ਗੁਰਬਾਣੀ ਰਾਹੀਂ ਦਿੱਤਾ ਫੈਸਲਾ, ਬਖਸ਼ੀ ਹੋਈ ‘ਜੀਵਨ ਜਾਚ’। ਇਸੇ ਤਰ੍ਹਾਂ, ਪਾਤਸ਼ਾਹ ਦੀ ‘ਕਰਨੀ’ ਦੀ
ਹੀ ਦੇਣ ਹੈ ‘ਸਿੱਖ ਧਰਮ’। ਉਪ੍ਰੰਤ, ਗੁਰਦੇਵ ਨੇ ਲਫ਼ਜ਼ ਸਿੱਖ ਵੀ ‘ਗੁਰਬਾਣੀ ਸਿੱਖਿਆ ਨੂੰ
ਸਮ੍ਰਪਤ’ ਮਨੁੱਖ ਲਈ ਵਰਤਿਆ ਹੈ, ਕਿਸੇ ਹੋਰ ਲਈ ਨਹੀਂ। ਇਹ ਲਫ਼ਜ਼ ਕੇਵਲ ਤੇ ਕੇਵਲ ਗੁਰਬਾਣੀ ਗੁਰੂ ਦੇ
ਮਾਰਗ `ਤੇ ਚਲਣ ਵਾਲਿਆਂ ਲਈ ਹੈ। ਦਰਅਸਲ ਇਹ ਦੋਵੇਂ ਗੱਲਾਂ ਭਿੰਨ ਵੀ ਨਹੀਂ ਹਨ, ਅਰੰਭ `ਚ ਪੂਰਾ
ਵੇਰਵਾ ਆ ਚੁੱਕਾ ਹੈ, ਸਮਝਣਾ ਹੈ ਤਾਂ ਇਸ ਵਿੱਚਲੇ ਅੰਤਰ ਨੂੰ। ਜਦਕਿ ਇਹੀ ਉਹ ਵਿਸ਼ਾ ਹੈ ਜਿਸ ਨੂੰ
ਸਮਝੇ ਬਿਨਾ ਅਸੀਂ ਆਪ ਵੀ ਗੁਮਰਾਹ ਹੁੰਦੇ ਹਾਂ ਤੇ ਦੂਜਿਆਂ ਨੂੰ ਵੀ ਗੁਮਰਾਹ ਕਰਣ ਦਾ ਕਾਰਣ ਬਣਦੇ
ਹਾਂ। ਤਾਂ ਤੇ ਸਿੱਖ ਧਰਮ
ਹੈ-ਬਾਹਰੋਂ ਦਸਤਾਰ ਸਹਿਤ ਸੰਪੂਰਣ ਕੇਸਾਧਾਰੀ ਸਰੂਪ ਤੇ ਅੰਦਰੋ ਗੁਰਬਾਣੀ ਜੀਵਨ ਜਾਚ ਦਾ ਪਾਂਧੀ
ਹੋਣਾ ਭਾਵ ਦੋਨਾਂ ਦਾ ਮਿਲਾਪ, ਇਕੱਲਾ-ਇਕੱਲਾ ਨਹੀਂ।
ਅਜੌਕੇ ਸਿੱਖ ਦਾ ਕਿਰਦਾਰ?
ਅਸਲ `ਚ ਜੋ ਕੁੱਝ ਪਾਤਸ਼ਾਹ ਨੇ ਬਖਸ਼ਿਆ, ਗੁਰਬਾਣੀ ਆਧਾਰ
`ਤੇ ਦੇਖ ਚੁੱਕੇ ਹਾਂ ਕਿ ਪਾਤਸ਼ਾਹ ਦੀ ਦੇਣ `ਚ ਇਹ ਦੋਵੇਂ ਗੱਲਾਂ ‘ਕਥਨੀ ਤੇ ਕਰਨੀ’ ਵੱਖ ਵੱਖ ਨਹੀਂ
ਹਨ। ਇਨ੍ਹਾਂ ਦਾ ਭਿੰਨ-ਭਿੰਨ ਨਜ਼ਰ ਆਉਣ ਦਾ ਕਾਰਣ, ਅੱਜ ਸਾਡਾ ਵਿਗੜਿਆ ਹੋਇਆ ਕਿਰਦਾਰ ਹੈ। ਅੱਜ
‘ਅਸੀਂ ਅਖਵਾਉਂਦੇ ਤਾਂ ਗੁਰੂ ਕੇ ‘ਸਿੱਖ’ ਹਾਂ ਪਰ ਪਾਤਸ਼ਾਹ ਨੇ ਗੁਰਬਾਣੀ ਰਾਹੀਂ ਜਿਹੜੀ
‘ਸਿੱਖੀ’, ਸਿੱਖ ਨੂੰ ਬਖਸ਼ੀ ਹੈ, ਉਹ ‘ਸਿੱਖੀ’ ਅੱਜ ਬਹੁਤਿਆਂ ਦੇ ਕਿਰਦਾਰ `ਚ ਹੈ ਹੀ ਨਹੀਂ। ਜਿਹੜੀ
‘ਸਿੱਖੀ’ ਸਾਡੇ ਕਿਰਦਾਰ `ਚੋਂ ਸੰਸਾਰ ਸਾਹਮਣੇ ਆ ਰਹੀ ਹੈ, ਉਹ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਤੇ
“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਰਾਹੀਂ ਬਖਸ਼ੇ ਇਲਾਹੀ-ਸੱਚ ਧਰਮ ਵਾਲੀ ‘ਸਿੱਖੀ’ ਨਹੀਂ।
ਬਲਕਿ ਸਾਡੀ ਅਜੋਕੀ ਸਿੱਖੀ ਤਾਂ ਸਾਡੀਆਂ ਮਨਮੱਤਾਂ-ਹੂਵਮੱਤ-ਅਣਮੱਤਾਂ-ਦੁਰਮੱਤਾਂ ਆਦਿ ਤੋਂ ਪੈਦਾ
ਕੀਤੀ ਹੋਈ ਬਨਾਵਟੀ ਤੇ ਦਿਖਾਵੇ ਦੀ ਸਿੱਖੀ ਹੀ ਹੈ।
(ਚਲਦਾ)
#311.213.12,05.013#
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ
‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ
ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ
ਲਾਹੇਵੰਦ ਹੋਵੇਗਾ ਜੀ।
|
. |