.

ਭੱਟ ਬਾਣੀ-27

ਬਲਦੇਵ ਸਿੰਘ ਟੋਰਾਂਟੋ

ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ।।

ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੋਹੈ।।

ਰਿਦੈ ਬਸੈ ਅਕਹੀਉ ਸੋਇ ਰਸੁ ਤਿਨ ਹੀ ਜਾਤਉ।।

ਮੁਖਹੁ ਭਗਤਿ ਉਚਰੈ ਅਮਰੁ ਗੁਰੁ ਇਤੁ ਰੰਗਿ ਰਾਤਉ।।

ਮਸਤਕਿ ਨੀਸਾਣੁ ਸਚਉ ਕਰਮੁ ਕਲ੍ਯ੍ਯ ਜੋੜਿ ਕਰ ਧ੍ਯ੍ਯਾਇਅਉ।।

ਪਰਸਿਅਉ ਗੁਰੂ ਸਤਿਗੁਰ ਤਿਲਕੁ ਸਰਬ ਇਛ ਤਿਨਿ ਪਾਇਅਉ।। ੯।।

(ਪੰਨਾ ੧੩੯੪)

ਪਦ ਅਰਥ:- ਬਾਰਿਜ – ਕਮਲ। ਦਾਹਿਣੈ – ਜਿਸ ਵਿੱਚ ਕੁਟਲਤਾ ਨਹੀਂ। ਸਿਧਿ ਸਨਮੁਖ ਮੁਖੁ ਜੋਵੈ – ਸਿਧਾ ਸੱਚ ਨਾਲ ਆਪਣਾ ਨਾਤਾ ਜੋੜਿਆ। ਰਿਧਿ ਬਸੈ – ਹਿਰਦੇ ਸੱਚ ਵੱਸਿਆ। ਬਾਂਵਾਂਗਿ – ਕੁਟਲ, ਟੇਡਾ। ਤੀਨਿ ਲੋਕਾਂਤਰ ਮੋਹੈ – ਅਵਤਾਰਵਾਦ ਦੀ ਤਿੱਗੜੀ ਭਾਵ ਵਿਸ਼ਨੂੰ, ਬ੍ਰਹਮਾ, ਸ਼ਿਵਜੀ ਦੇ ਮੋਹ ਵਿੱਚ ਸਨ। ਅਕਹੀਉ – ਜਿਸ ਦਾ ਵਰਨਣ ਨਹੀਂ ਹੋ ਸਕਦਾ ਭਾਵ ਅਕਾਲ ਪੁਰਖ (ਗੁ: ਗ੍ਰੰ: ਦਰਪਣ)। ਰਸ ਸੋਇ – ਇੱਕ ਰਸ ਰੰਮਿਆ ਹੋਇਆ ਸਰਬ-ਵਿਆਪਕ। ਤਿਨ ਹੀ ਜਾਤਉ – ਉਨ੍ਹਾਂ ਹੀ ਜਾਣਿਆ। ਭਗਤਿ – ਸੱਚ ਨੂੰ ਅਪਣਾਉਣਾ, ਸੱਚ ਬੋਲਣਾ। ਮੁਖਹੁ ਭਗਤਿ ਉਚਰੈ ਅਮਰੁ – ਅਮਰਦਾਸ ਜੀ ਇਹ ਸੱਚ ਆਪਣੇ ਮੁੱਖੋਂ ਉਚਾਰਣ ਕਰ ਰਹੇ ਹਨ। ਗੁਰੁ ਇਤੁ ਰੰਗਿ ਰਾਤਉ – ਕਿ ਹੇ ਭਾਈ! ਇਸ ਗਿਆਨ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗੋ। ਮਸਤਕਿ ਨੀਸਾਣੁ – ਸਿਰੇ ਦੇ ਸੱਚ ਦਾ। ਕਰਮੁ – ਅਮਲ (ਮ: ਕੋਸ਼)। ਸਚਉ ਕਰਮੁ – ਸੱਚ `ਤੇ ਅਮਲ ਕਰਨ ਨਾਲ। ਕਲ੍ਯ੍ਯ – ਅਗਿਆਨਤਾ। ਜੋੜਿ – ਤੁਲਨਾ, ਬਰਾਬਰੀ (ਮ: ਕੋਸ਼) ਦੇਖੋ, ਜੋੜ। ਕਰ – ਕਰਕੇ। ਧ੍ਯ੍ਯਾਇਅਉ – ਵੇਖਿਆ, ਪਰਖਿਆ, ਤੁਲਨਾਤਮਿਕ ਅਧਿਐਨ ਕੀਤਾ, ਕਰਕੇ। ਪਰਸਿਅਉ ਗੁਰੂ ਸਤਿਗੁਰ ਤਿਲਕੁ – ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰੂ ਦੀ ਬਖ਼ਸ਼ਿਸ਼ ਗਿਆਨ ਨੂੰ ਹੀ ਗੁਰੂ ਕਰਕੇ। ਤਿਲਕੁ-ਮਾਨਤਾ ਦਿੱਤੀ। ਤਿਲਕੁ ਲਾਉਣਾ – ਭਾਵ ਮਾਨਤਾ ਦੇਣੀ। ਸਰਬ ਇਛ ਤਿਨਿ ਪਾਇਅਉ – ਮਨ ਦੀਆਂ ਸਾਰੀਆਂ ਇੱਛਾਵਾਂ ਉੱਪਰ ਕਾਬੂ ਪਾ ਕਰਕੇ।

ਅਰਥ:- ਹੇ ਭਾਈ! ਉਹ ਜੋ ਤਿੰਨ ਲੋਕਾਂਤਰ (ਅਵਤਾਰਵਾਦ ਦੀ ਤਿਗੜੀ) ਦੀ ਬਾਂਵਾਂਗਿ-ਕੁਟਿਲ ਨੀਤੀ ਦੇ ਮੋਹ ਵਿੱਚ ਮੋਹੇ ਹੋਏ ਸਨ, ਜਦੋਂ ਉਨ੍ਹਾਂ ਦੇ ਹਿਰਦੇ ਵਿੱਚ ਸੱਚ ਵੱਸਿਆ ਤਾਂ ਉਨ੍ਹਾਂ ਨੇ ਕਮਲ ਵਰਗੀ ਨਿਰਲੇਪ ਵੀਚਾਰਧਾਰਾ ਅਪਣਾਉਣ ਕਰਕੇ ਦਾਹਿਣੈ ਭਾਵ ਕੁਟਲ ਨੀਤੀ ਨਾ ਅਪਣਾ ਕੇ ਸਿਧਾ ਆਪਣਾ ਨਾਤਾ ਸੱਚ ਨਾਲ ਜੋੜਿਆ। ਜਿਨ੍ਹਾਂ ਨੇ ਆਪਣਾ ਨਾਤਾ ਸੱਚ ਨਾਲ ਜੋੜਿਆ ਉਨ੍ਹਾਂ ਨੇ ਸਰਬ-ਵਿਆਪਕ ਇੱਕ ਰਸ ਰੰਮੇ ਹੋਇ ਅਕਾਲ ਪੁਰਖ ਨੂੰ ਹੀ ਸੱਚ ਜਾਣਿਆ। ਇਹ ਸੱਚ ਅਮਰਦਾਸ ਜੀ ਮੁੱਖੋਂ ਉਚਾਰ ਰਹੇ ਹਨ ਕਿ ਹੇ ਭਾਈ! ਆਪਣੇ ਆਪ ਨੂੰ ਗਿਆਨ ਗੁਰੂ ਦੇ ਰੰਗ ਵਿੱਚ ਰੰਗੋ। ਜਿਨ੍ਹਾਂ ਨੇ ਆਪਣੇ ਆਪ ਨੂੰ ਗਿਆਨ ਗੁਰੂ ਦੇ ਰੰਗ ਵਿੱਚ ਰੰਗਿਆ, ਉਨ੍ਹਾਂ ਨੇ ਬਰਾਬਰ ਅਗਿਆਨਤਾ ਦਾ ਤੁਲਨਾਤਮਿਕ ਅਧਿਐਨ ਕਰਕੇ ਸਿਰੇ ਦੇ ਸੱਚ-ਗਿਆਨ `ਤੇ ਹੀ ਅਮਲ ਕੀਤਾ ਅਤੇ ਮਨ ਦੀਆਂ ਸਾਰੀਆਂ ਇੱਛਾਵਾਂ `ਤੇ ਕਾਬੂ ਪਾ ਕੇ ਸਤਿਗੁਰ-ਸਦੀਵੀ ਸਥਿਰ ਰਹਿਣ ਵਾਲੇ ਦੀ ਬਖ਼ਸ਼ਿਸ਼ ਗਿਆਨ ਨੂੰ ਹੀ ਗੁਰੂ ਮੰਨ ਕੇ ਮਾਨਤਾ ਦਿੱਤੀ।

(ਤਿਲਕੁ ਲਾਉਣ ਦਾ ਮਤਲਬ ਹੁੰਦਾ ਹੈ ਮਾਨਤਾ ਦੇਣੀ, ਇਥੇ ਟਿੱਕਾ ਲਾਉਣ ਤੋਂ ਭਾਵ ਨਹੀਂ ਹੈ, ਇਥੇ ਇਖ਼ਲਾਕੀ ਤੌਰ ਉੱਪਰ ਮਾਨਤਾ ਦੇਣ ਤੋਂ ਹੈ)।

ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿ ਰਯ।।

ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ।।

ਜੀਹ ਤ ਪਰ ਸਕਯਥ ਜੀਹ ਗੁਰ ਅਮਰੁ ਭਣਿਜੈ।।

ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ ਪਿਖਿਜੈ।।

ਸ੍ਰਵਣ ਤ ਪਰ ਸਕਯਥ ਸ੍ਰਵਣਿ ਗੁਰੁ ਅਮਰੁ ਸੁਣਿਜੈ।।

ਸਕਯਥੁ ਸੁ ਹੀਉ ਜਿਤੁ ਹੀਅ ਬਸੈ ਗੁਰ ਅਮਰਦਾਸੁ ਨਿਜ ਜਗਤ ਪਿਤ।।

ਸਕਯਥੁ ਸੁ ਸਿਰੁ ਜਾਲਪੁ ਭਣੈ ਜੁ ਸਿਰੁ ਨਿਵੈ ਗੁਰ ਅਮਰ ਨਿਤ।। ੧।। ੧੦।।

(ਪੰਨਾ ੧੩੯੪)

ਪਦ ਅਰਥ:- ਚਰਣ – ਨਕਸ਼ੇ-ਕਦਮ, ਪੈੜਾਂ। ਤ ਪਰ – ਭਲੀ ਪ੍ਰਕਾਰ। ਸਕਯਥ – ਸਫਲ। ਚਰਣ ਗੁਰ – ਗਿਆਨ ਦੀਆਂ ਪੈੜਾਂ, ਨਕਸ਼ੇ-ਕਦਮ। ਪਵਲਿ – ਪੂਰਨਿਆਂ `ਤੇ ਚੱਲਣਾ। ਰਯ – ਚੱਲਣਾ, ਚਲਦੇ ਹਨ। ਹਥ ਤ ਪਰ ਸਕਯਥ – ਹੱਥ ਵੀ ਭਲੀ ਪ੍ਰਕਾਰ ਉਸ ਦੇ ਹੀ ਸਫਲ ਹਨ। ਲਗਹਿ – ਲਗਣਾ ਜੁੜਨਾ। ਹਥ ਲਗਹਿ – ਹੱਥ ਜੁੜਨ। ਗੁਰ – ਗਿਆਨ ਗੁਰੂ। ਜੀਹ – ਜੀਭ। ਤ ਪਰ – ਭਲੀ ਪ੍ਰਕਾਰ। ਸਕਯਥ – ਸਫਲ। ਗੁਰ – ਗਿਆਨ ਗੁਰੂ, ਬਖ਼ਸ਼ਿਸ਼। ਪਯ – ਪਹਿਆ, ਮਾਰਗ। ਅਮਰੁ – ਅਮਰ ਦੇ ਰਾਰੇ ਨੂੰ ਔਂਕੜ ਆਉਣ ਨਾਲ, ਅਮਰਦਾਸ ਜੀ ਨੇ, ਨੂੰ, ਦਾ, ਦੇ, ਦੀ। ਭਣਿਜੈ – ਸਲਾਹੁਣਾ। (ਗੁ: ਗ੍ਰੰ: ਦਰਪਣ)। ਪ੍ਰਚਾਰ ਕਰਨਾ। ਜਿਸ ਚੀਜ਼ ਦੀ ਸਲਾਹੁਣਾ ਹੋਵੇ, ਉਸ ਦਾ ਆਪਣੇ ਆਪ ਹੀ ਪ੍ਰਚਾਰ ਹੁੰਦਾ ਹੈ। ਇਸ ਕਰਕੇ ਇਥੇ ਭਣਿਜੈ ਦੇ ਅਰਥ ਪ੍ਰਚਾਰ ਹੀ ਢੁੱਕਦੇ ਹਨ। ਨੈਣ – ਅੱਖਾਂ, ਨਦਰਿ। ਤ ਪਰ – ਭਲੀ ਪ੍ਰਕਾਰ। ਸਕਯਥ – ਸਫਲ। ਨਯਣਿ ਗੁਰੁ – ਆਤਮਿਕ ਗਿਆਨ, ਗੁਰੂ ਦੀ ਨਦਰਿ ਨਾਲ ਤੱਕਣਾ। ਅਮਰੁ – ਅਮਰਦਾਸ ਜੀ ਦੇ। ਪਿਖਿਜੈ – ਤੱਕਣਾ, ਵੇਖਣਾ। ਸ੍ਰਵਣ – ਕੰਨ, ਸ੍ਰਵਣ ਕਰਨਾ। ਤ ਪਰ – ਭਲੀ ਪ੍ਰਕਾਰ। ਸ੍ਰਵਣਿ ਗੁਰੁ – ਗਿਆਨ ਦੀ ਗੱਲ ਸੱਚ ਸ੍ਰਵਣ ਕਰਨਾ, ਕਰਦੇ ਹਨ। “ਅਮਰੁ ਸੁਣਿਜੈ” ਅਮਰਦਾਸ ਜੀ ਵਾਂਗ ਸੱਚ ਅੱਗੇ ਸੁਣਾਉਂਦੇ ਭਾਵ ਪ੍ਰਚਾਰਦੇ ਹਨ। (ਇਹ ਗੱਲ ਨਹੀਂ ਕਿ ਜਿਹੜਾ ਸੱਚ ਸੁਣਿਆ, ਆਪਣੇ ਤੱਕ ਹੀ ਸੀਮਤ ਰੱਖ ਲਿਆ, ਅੱਗੇ ਵੀ ਸਣਾਉਣਾ ਭਾਵ ਪ੍ਰਚਾਰਨਾ ਸਿੱਖ ਦਾ ਫ਼ਰਜ਼ ਹੈ ਇਸ ਗੱਲ ਲਈ ਪ੍ਰੇਰਨਾ ਹੈ)।

ਸਕਯਥੁ ਸੁ – ਸਫਲ ਉਹ ਹੀ ਹੈ। ਹੀਉ ਜਿਤੁ – ਜਿਸ ਨੇ ਆਪਣੇ ਹਿਰਦੇ ਵਿੱਚ। ਹੀਅ – ਹੌਸਲੇ, ਠਰ੍ਹੱਮੇ ਨਾਲ। ਬਸੈ – ਟਿਕ ਜਾਣਾ। ਬਸੈ ਗੁਰ – ਜਗਤ ਪਿਤਾ ਦੇ ਬਖ਼ਸ਼ੇ ਗਿਆਨ ਨੂੰ ਗੁਰੂ ਜਾਣ ਕੇ ਟਿਕ ਜਾਣਾ। ਨਿਜ – ਖ਼ੁਦ ਦਾ, ਆਪਣਾ। ਜਿਵੇਂ ਅਮਰਦਾਸੁ ਜੀ ਦੇ ਹਿਰਦੇ ਵਿੱਚ ਗਿਆਨ ਟਿਕ ਜਾਣ ਨਾਲ ਜਗਤ ਦੇ ਪਿਤਾ-ਅਕਾਲ ਪੁਰਖ ਨੂੰ ਆਪਣਾ ਪਿਤਾ ਮੰਨ ਲਿਆ ਹੈ। ਸਕਯਥੁ ਸੁ ਸਿਰੁ – ਉਹ ਸਿਰ ਸਫਲ ਹੈ। ਜਾਲਪੁ ਭਣੈ – ਜਾਲਪ ਵੀ ਆਖਦਾ ਹੈ। ਗੁਰ – ਬਖ਼ਸ਼ਿਸ਼। ਸਿਰੁ ਨਿਵੈ ਗੁਰ – ਜਿਹੜਾ ਸਿਰੁ ਅਮਰਦਾਸ ਜੀ ਦੇ ਵਾਂਗ ਹਮੇਸ਼ਾ ਜਗਤ ਦੇ ਪਿਤਾ (ਇਕੁ ਅਕਾਲ ਪੁਰਖੁ) ਅੱਗੇ ਹੀ ਝੁਕਦਾ ਹੈ।

ਨੋਟ:- ਪਾਠਕਾਂ ਲਈ ਜ਼ਰੂਰੀ ਨੋਟ ਕਰਨ ਵਾਲੀ ਗੱਲ ਹੈ ਕਿ `ਚਰਣ` ਸ਼ਬਦ ਨਾਲ ਜਦੋਂ ਸਬੰਧਤ ਸ਼ਬਦ ਗੁਰ ਜੁੜੇਗਾ ਤਾਂ ਇਸ ਨੂੰ ਵਾਰਤਕ ਵਿੱਚ ਪੇਸ਼ ਕਰਨ ਸਮੇਂ ਇਸ ਦੇ ਅਰਥ ਗਿਆਨ ਦੀਆਂ ਪੈੜਾਂ/ਪੂਰਨੇ ਹੀ ਬਣਨਗੇ। ਜਦੋਂ ਚਰਨਾਂ ਨਾਲ ਚਿਤ ਸ਼ਬਦ ਜੁੜੇਗਾ ਤਾਂ ਅਰਥ ਇਖ਼ਲਾਕੀ ਵੀਚਾਰਧਾਰਾ ਵਾਲੇ ਹੋਣਗੇ। ਜਦੋਂ ਕੋਈ ਇਨਸਾਨ ਕਿਸੇ ਪਖੰਡੀ ਸਾਧ ਦੇ ਚਰਨਾਂ ਨਾਲ ਜੁੜਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਉਸ ਦੇ ਪੈਰਾਂ ਨਾਲ ਜੁੜਿਆ ਰਹਿੰਦਾ ਹੈ। ਇਹ ਇੱਕ ਮੁਹਾਵਰਾ ਹੈ ਕਿ ਕਿਸੇ ਪਖੰਡੀ ਦੇ ਨਾਲ ਜੁੜਨ ਵਾਲੇ ਦਾ ਮਤਲਬ ਹੁੰਦਾ ਹੈ ਕਿ ਉਹ ਉਸ ਦੇ ਨਕਸ਼ੇ-ਕਦਮ ਭਾਵ ਦਿੱਤੀ ਹੋਈ ਕਰਮ-ਕਾਂਡੀ ਸਿੱਖਿਆ ਅਗਿਆਨ ਨਾਲ ਜੁੜਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਮਨੁੱਖ ਹਰੀ ਚਰਨਾਂ ਨਾਲ ਜੁੜਦਾ ਹੈ ਤਾਂ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਕਰਤੇ ਦੀ ਬਖ਼ਸ਼ਿਸ਼ ਗਿਆਨ ਦੀਆਂ ਪੈੜਾਂ ਉੱਪਰ ਚੱਲਣ ਵਾਲਾ ਕਿਸੇ ਰੰਗ, ਨਸਲ, ਜਾਤ-ਪਾਤ, ਭੇਦ ਭਾਵ ਵਿੱਚ ਯਕੀਨ ਨਹੀਂ ਰੱਖਦਾ, ਕਿਸੇ ਦੇਹਧਾਰੀ ਨੂੰ ਕਰਤਾ ਨਹੀਂ ਮੰਨਦਾ ਅਤੇ ਆਪਣਾ ਜੀਵਨ ਸੱਚ ਦੇ ਆਧਾਰਤ ਜੀਉਂਦਾ ਹੈ। ਉਥੇ ਇਹ ਨਹੀਂ ਸਮਝਣਾ ਕਿ ਹਰੀ ਦੇ ਕਿਹੜੇ ਚਰਨ ਹਨ।

ਚਰਣ ਚਲਉ ਮਾਰਗ ਗੋਬਿੰਦ।। (ਪੰਨਾ ੨੮੨)

ਕਰਤੇ ਦੀ ਬਖ਼ਸ਼ਿਸ਼, ਗਿਆਨ ਦੀਆਂ ਪੈੜਾਂ, ਮਾਰਗ ਉੱਪਰ ਚੱਲਣਾ।

ਅਰਥ:- ਹੇ ਭਾਈ! ਜੀਵਨ ਵਿੱਚ ਕਦਮ ਤਾਂ ਉਹ ਹੀ ਪੁੱਟੇ ਸਫਲ ਹਨ ਜੋ ਅਮਰਦਾਸ ਜੀ ਦੇ ਆਪਣੇ ਵਾਂਗ ਉਨ੍ਹਾਂ ਵੱਲੋਂ ਦਰਸਾਏ ਗਿਆਨ ਦੇ ਨਕਸ਼ੇ-ਕਦਮ-ਪੈੜਾਂ ਉੱਪਰ ਭਲੀ ਪ੍ਰਕਾਰ ਆਪ ਹੀ ਚਲਦੇ ਹਨ। ਹੱਥ ਵੀ ਉਹ ਹੀ ਸਫਲ ਹਨ ਜਿਹੜੇ ਅਮਰਦਾਸ ਜੀ ਦੇ ਦਰਸਾਏ ਮਾਰਗ ਗਿਆਨ ਗੁਰੂ ਦੇ ਅੱਗੇ ਭਲੀ ਪ੍ਰਕਾਰ ਜੁੜਦੇ ਹਨ (ਭਾਵ ਕਿਰਤ ਕਰਨ ਵਿੱਚ ਯਕੀਨ ਰੱਖਦੇ ਹਨ)। ਜੀਭ ਵੀ ਉਹ ਹੀ ਸਫਲ ਹੈ ਜੋ ਅਮਰਦਾਸ ਜੀ ਦੇ ਦਰਸਾਏ ਗਿਆਨ ਗੁਰੂ ਦੇ ਪ੍ਰਚਾਰ ਲਈ ਭਲੀ ਪ੍ਰਕਾਰ ਤਤਪਰ ਹੈ। ਨੈਣ ਵੀ ਉਹ ਹੀ ਸਫਲ ਹਨ ਜੋ ਅਮਰਦਾਸ ਜੀ ਦੇ ਤਰ੍ਹਾਂ ਗਿਆਨ ਗੁਰੂ ਦੀ ਨਦਰਿ-ਬਖ਼ਸ਼ਿਸ਼ ਨਾਲ ਭਲੀ ਪ੍ਰਕਾਰ ਤੱਕਦੇ ਹਨ (ਭਾਵ ਜੋ ਮਾਨਵਤਾ ਨੂੰ ਬਗ਼ੈਰ ਰੰਗ, ਨਸਲ, ਜਾਤ-ਪਾਤ, ਲਿੰਗ ਭੇਦ ਦੇ ਵੇਖਦੇ ਹਨ)। ਸ੍ਰਵਣ-ਕੰਨ ਵੀ ਉਹ ਹੀ ਸਫਲ ਹਨ ਜੋ ਭਲੀ ਪ੍ਰਕਾਰ ਗਿਆਨ ਸੱਚ ਦੀ ਗੱਲ ਸੁਣਦੇ ਹਨ ਅਤੇ ਅਮਰਦਾਸ ਜੀ ਵਾਂਗ ਅੱਗੇ ਹੋਰਨਾਂ ਨੂੰ ਵੀ ਸੁਣਾਉਂਦੇ ਭਾਵ (ਆਪਣੀ ਜ਼ਿੰਮੇਵਾਰੀ ਸਮਝ ਕੇ) ਪ੍ਰਚਾਰਦੇ ਹਨ। ਇਸ ਵਾਸਤੇ ਸਫਲ ਉਹ ਹੀ ਹਨ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਜਗਤ ਦੇ ਪਿਤਾ ਨੂੰ ਆਪਣਾ ਪਿਤਾ ਅਤੇ ਉਸ ਦੀ ਬਖ਼ਸ਼ਿਸ਼ ਗਿਆਨ ਨੂੰ ਗੁਰੂ ਜਾਣ ਕੇ ਅਮਰਦਾਸ ਜੀ ਤਰ੍ਹਾਂ ਆਪਣੇ ਹਿਰਦੇ ਵਿੱਚ ਟਿਕਾਅ ਲਿਆ ਹੈ। ਇਸ ਵਾਸਤੇ ਜਾਲਪ ਵੀ ਇਹੀ ਆਖਦਾ ਹੈ ਕਿ ਹੇ ਭਾਈ! ਉਹੀ ਸਿਰ ਸਫਲ ਹੈ ਜਿਹੜਾ ਸਿਰ ਅਮਰਦਾਸ ਜੀ ਦੇ ਵਾਂਗ ਹਮੇਸ਼ਾ ਜਗਤ ਦੇ ਪਿਤਾ (ਇਕੁ ਅਕਾਲ ਪੁਰਖੁ) ਅੱਗੇ ਹੀ ਝੁਕਦਾ ਹੈ)।




.