ਸਿੱਖ ਕੌਮ ਨੂੰ ਦਰਪੇਸ਼ ਮਸਲੇ ਅਤੇ ਉਨ੍ਹਾਂ ਦੇ ਹੱਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
੧੯੨੫ ਬਸੰਤ ਐਵੇਨਿਊ, ਲੁਧਿਆਣਾ
(ਕਿਸ਼ਤ ਨੰ: 2)
ਧਾਰਮਿਕ
ਮੋਲਿਕ ਕਦਰਾਂ-ਕੀਮਤਾਂ ਉਹ ਥੰਮ ਹਨ ਜਿਨ੍ਹਾਂ ਉੱਤੇ ਸਿੱਖ ਅਧਿਆਤਮਕਤਾ ਖੜ੍ਹੀ ਹੈ। ਸਿੱਖ ਨੂੰ
ਇਨ੍ਹਾਂ ਕਦਰਾਂ ਕੀਮਤਾਂ ਨੂੰ ਸਮਝ ਕੇ, ਅਪਣਾ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਘਰ ਅਤੇ
ਸਕੂਲ ਦੀ ਸਿੱਖਿਆ ਅਤੇ ਸਾਡੇ ਕਰਮ-ਸਥਾਨ ਇਨ੍ਹਾਂ ਕਦਰਾਂ-ਕੀਮਤਾਂ ਨਾਲ ਜੋੜ ਕੇ ਰੱਖਦੇ ਹਨ ਪਰ ਸਾਡੀ
ਤਤਕਾਲੀ ਸਿੱਖਿਆ ਅਤੇ ਕੰਮ ਕਰਨ ਦੀ ਥਾਂ ਇਨ੍ਹਾਂ ਸਿੱਖੀ ਕੀਮਤਾਂ ਨੂੰ ਕੋਈ ਮੱਹਤਤਾ ਨਹੀਂ ਦਿੰਦੀ।
ਬਹੁਤੇ ਸਿੱਖ ਖਾਸ ਕਰਕੇ ਅਮੀਰ ਵਰਗ ਦੇ ਸਿੱਖ ਆਪਣੇ ਬੱਚਿਆਂ ਨੂੰ ਕੋਨਵੈਂਟ ਜਾਂ ਡੀ. ਏ. ਵੀ.
ਸੰਸਥਾਵਾਂ ਵਿੱਚ ਭੇਜਣਾ ਪਸੰਦ ਕਰਦੇ ਹਨ। ਇਨ੍ਹਾਂ ਸੰਸਥਾਵਾਂ ਵਿੱਚ ਈਸਾਈ ਅਤੇ ਹਿੰਦੂ ਧਾਰਮਿਕ
ਕਦਰਾਂ-ਕੀਮਤਾਂ ਬੱਚਿਆਂ ਦੇ ਕੋਮਲ ਮਨਾਂ ਵਿੱਚ ਕੁੱਟ-ਕੁੱਟ ਕੇ ਭਰ ਦਿੱਤੀਆਂ ਜਾਂਦੀਆਂ ਹਨ ਜਿਸਦਾ
ਨਤੀਜਾ ਇਹ ਹੈ ਕਿ ਨੋਜਵਾਨ ਪੀੜ੍ਹੀ ਹੋਲੀ ਹੋਲੀ ਸਿੱਖੀ ਦੇ ਵਾਧੇ ਵਿੱਚ ਕੋਈ ਯੋਗਦਾਨ ਨਹੀਂ ਦੇ
ਰਹੀ। ਸਿਰਫ਼ ਕੁੱਝ ਇੱਕ ਸੰਸਥਾਵਾਂ ਜਿਵੇਂ ਕਿ ਬੜੂ ਸਾਹਿਬ ਸੰਸਥਾ ਹੈ, ਇਹ ਵਿਸ਼ੇ ਤੇ ਕਾਫੀ ਸਫਲ ਰਹੀ
ਹੈ ਪਰ ਇਹ ਦੂਜੇ ਧਰਮਾਂ ਦੀਆਂ ਸੰਸਥਾਵਾਂ ਦੇ ਮੁਕਾਬਲੇ ਬਹੁਤ ਘੱਟ ਹਨ। ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੀਆਂ ਸੰਸਥਾਂਵਾਂ ਜੋ ਕਿ ਸਿੱਖੀ ਕਦਰਾਂ-ਕੀਮਤਾਂ ਦੀ ਉਸਾਰੀ ਲਈ ਬਣਾਈਆਂ ਗਈਆਂ ਸਨ
ਬਾਕੀ ਧਰਮਾਂ ਦੇ ਬਰਾਬਰ ਸਿੱਖ ਧਰਮ ਦੇ ਪ੍ਰਚਾਰ ਵਿੱਚ ਅਸਫਲ ਰਹੀਆਂ ਹਨ। ਸਾਨੂੰ ਸਿੱਖ ਸੰਸਥਾਂਵਾਂ
ਵਿੱਚ ਸਿੱਖੀ ਕਦਰਾਂ ਕੀਮਤਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ ਤੇ ਫਿਰ ਇਸੇ ਹੀ ਸਿਧਾਂਤ ਤੇ
ਹੋਰ ਨਵੀਆਂ ਸੰਸਥਾਵਾਂ ਖੋਲ੍ਹਣੀਆਂ ਚਾਹੀਦੀਆਂ ਹਨ ਇਸ ਲਈ ਸਾਨੂੰ ਸਮਰਪਣ ਦੀ ਭਾਵਨਾ ਰੱਖਣ ਵਾਲੇ
ਸਿੱਖ ਅਧਿਆਪਕਾਂ ਦੀ ਲੋੜ ਹੈ।
ਰਾਜਨੀਤਕ
ਅੱਜ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਹਨ ਪਰ ਇਹ ਵੀ ਹੁਣ ਸ਼੍ਰੋਮਣੀ
ਨਹੀਂ ਰਹੇ ਇਨ੍ਹਾਂ ਨੇ ਆਪਣਾਂ ਸ਼੍ਰੋਮਣੀ ਰੁਤਬਾ ਜੋ ਇਨ੍ਹਾਂ ਦਾ ੧੯੨੦-੨੫ ਤੋਂ ਕਾਇਮ ਸੀ ਗਵਾ ਲਿਆ
ਹੈ। ਅੱਜ ਸਾਡੇ ਕੋਲ ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹਨ। ਅੱਜ ਸਾਡੇ ਕੋਲ ਅਕਾਲੀ ਦਲ (ਬਾਦਲ), ਅਕਾਲੀ ਦਲ (ਮਾਨ),
ਅਕਾਲੀ ਦਲ (ਲੋਗੋਂਵਾਲ), ਅਕਾਲੀ ਦਲ (ਸਰਨਾ), ਅਕਾਲੀ ਦਲ (੧੯੨੦) ਅਤੇ ਹੋਰ ਇਸ ਤਰ੍ਹਾਂ ਦੀਆਂ
ਸ਼੍ਰੋਮਣੀ ਸੰਸਥਾਵਾਂ ਹਨ ਜਿਨ੍ਹਾਂ ਦਾ ਇੱਕ ਸ਼੍ਰੋਮਣੀ ਸਿੱਖ ਸੰਸਥਾ ਵਰਗਾ ਕੋਈ ਚਰਿੱਤਰ ਨਹੀਂ ਹੈ।
ਅਕਾਲ ਤਖਤ ਸਿੱਖ ਸ਼ਕਤੀ ਦਾ ਧੁਰਾ ਰਿਹਾ ਹੈ ਪਰ ਹੁਣ ਨਹੀਂ। ਅਕਾਲ ਤਖਤ ਦੇ ਹੁਕਮਨਾਮੇ ਹੁਣ ਪੰਥ ਲਈ
ਪੱਕੇ ਹੁਕਮ ਨਹੀਂ ਰਹੇ। ਸ਼੍ਰੀ ਗੁਰੁ ਗਰੰਥ ਸਾਹਿਬ ਨੂੰ ਪੂਜਿਆ ਤਾਂ ਜਾਂਦਾ ਹੈ ਪਰ ਸਮਝਿਆ-ਮੰਨਿਆ
ਬੜਾ ਘੱਟ ਜਾਂਦਾ ਹੈ। ਤਖਤ ਪਟਨਾ ਸਾਹਿਬ ਅਤੇ ਤਖਤ ਸੱਚਖੰਡ ਨਾਂਦੇੜ ਹੁਣ ਆਪਣਾ ਵਿਰੋਧ ਦਿਖਾਉਣ
ਵਿੱਚ ਲੱਗੇ ਹੋਏ ਹਨ। ਖਾਲਸਾ ਪੰਥ ਨੂੰ ਜੋੜਨ ਵਾਲੀਆ ਕੜੀਆਂ ਹੁਣ ਆਪ ਹੀ ਟੁੱਟ ਚੁੱਕੀਆਂ ਹਨ। ਇਹ
ਤਾਕਤਾਂ ਸਾਰੇ ਵਿਸ਼ਵ ਦੇ ਸਿੱਖਾਂ ਨੂੰ ਜੋੜਨ ਦੀ ਥਾਂ ਤੇ ਘਰੇਲੂ ਸਮੱਮਿਆਵਾਂ ਵਿੱਚ ਹੀ ਉਲਝੀਆਂ
ਹੋਈਆਂ ਹਨ। ਸਾਡੇ ਕੋਲ ਸ੍ਰ: ਖੜਕ ਸਿੰਘ ਵਰਗਾ ਰਾਜਨੀਤਕ ਲੀਡਰ ਜੋ ਸਿੱਖਾਂ ਨੂੰ ਜੋੜਦਾ ਜਾਂ ਸਾਂਝਾ
ਅਧਿਆਤਮਕ ਮਾਰਗ ਦਰਸ਼ਕ ਜਿਵੇਂ ਭਾਈ ਰਣਧੀਰ ਸਿੰਘ ਜੋ ਸਾਨੂੰ ਅਧਿਆਤਮਕ ਤੋਰ ਤੇ ਜੋੜਦਾ, ਹੁਣ ਨਹੀਂ
ਦਿੱਸਦਾ। ਸਾਡੇ ਕੋਲ ਕੋਈ ਕੇਂਦਰੀ ਸਿੰਘ ਸਭਾ ਨਹੀਂ ਹੈ ਜੋ ਸਾਰੀਆਂ ਅਧਿਆਤਮਕ ਲਹਿਰਾਂ ਨੂੰ ਇੱਕ
ਮੁੱਠ ਕਰਦੀ। ਅੱਜਕਲ ਸੰਤ-ਸਮਾਜ, ਨਿਰੰਕਾਰੀ, ਰਾਧਾ-ਸੁਆਮੀ, ਸੱਚਾ ਸੌਦਾ ਹੋਰ ਕਈ ਡੇਰੇ ਤਾਕਤ
ਇੱਕਠੀ ਕਰਨ ਅਤੇ ਅਜਮਾਉਣ ਵਿੱਚ ਲੱਗੇ ਹੋਏ ਹਨ। ਇਹ ਮਾਡਰਨ ਮਹੰਤ ਸਿੱਖ ਧਰਮ ਦੀਆਂ ਕਿਤਾਬਾਂ
ਵਿੱਚੋਂ ਗਿਆਨ ਚੋਰੀ ਕਰਕੇ ਆਪਣੀ ਵੱਖਰੀ ਸ਼ਖਸ਼ੀਅਤ ਬਣਾ ਕੇ ਰੱਖਦੇ ਹਨ। ਅੱਜ ਹਾਲਾਤ ਉਹੀ ਹਨ ਜੋ
ਮਾਹਾਰਾਜਾ ਰਣਜੀਤ ਸਿੰਘ ਦੀ ਮੋਤ ਤੋਂ ਬਾਅਦ ਸਨ। ਮਾਹਾਰਾਜਾ ਰਣਜੀਤ ਸਿੰਘ ਨੇ ਇਹੋ ਜਿਹੀਆਂ ਸਿੱਖ
ਏਜੰਸੀਆਂ ਤੋਂ ਡਰ ਕੇ ਇਨ੍ਹਾਂ ਨੂੰ ਨਸ਼ਟ ਕਰ ਦਿੱਤਾ। ਇਹੀ ਹੁਣ ਵੀ ਹੋ ਰਿਹਾ ਹੈ। ਸਿੱਖ ਵਿਰੋਧੀ
ਤੱਤਾਂ ਨੂੰ ਠੱਲ ਪਾਉਣ ਵਿੱਚ ਅਸਮਰੱਥ ਹੋ ਕੇ ਇਹ ਕੇਂਦਰੀ ਏਜੰਸੀਆਂ ਰਾਜਨੀਤਕ ਕਾਰਨਾਂ ਨੇ ਦੱਬ
ਲਈਆਂ ਹਨ। ਕਮਜ਼ੋਰ ਲੋਕ ਇਨ੍ਹਾਂ ਨੂੰ ਚਲਾ ਰਹੇ ਹਨ, ਲੀਡਰ ਜਾਣ-ਬੁਝ ਕੇ ਇਨ੍ਹਾਂ ਦੀ ਹਸਤੀ ਦੀ
ਉਲੰਘਣਾ ਕਰਦੇ ਹਨ ਅਤੇ ਇਨ੍ਹਾਂ ਸੰਸਥਾਵਾਂ ਦੀ ਰਾਜਨੀਤਕ ਲਾਭ ਲਈ ਕੁਵਰਤੋਂ ਕਰਦੇ ਹਨ। ਤਰਕ ਹੀਣ
ਫੈਸਲਿਆਂ ਨੇ ਇਨ੍ਹਾਂ ਸੰਸਥਾਵਾਂ ਨੂੰ ਬਦਨਾਮ ਕਰ ਦਿੱਤਾ ਹੈ ਅਤੇ ਇਹ ਝਗੜਿਆਂ-ਝਮੇਲਿਆਂ ਦੇ ਕੇਂਦਰ
ਬਣ ਗਈਆਂ ਹਨ। ਇਹ ਬਹੁਤ ਹੀ ਚਿੰਤਾ ਯੋਗ ਘੜੀ ਹੈ। ਇੱਕ ਸੱਚਾ ਸਿੱਖ ਇਨ੍ਹਾਂ ਗੱਲਾਂ ਤੋਂ ਬਹੁਤ ਹੀ
ਵਿਚਲਿਤ ਹੋਵੇਗਾ। ਇਸ ਤੋਂ ਪਹਿਲਾਂ ਕਿ ਸਿੱਖ ਪੰਥ ਦਾ ਹੋਰ ਨੁਕਸਾਨ ਹੋਵੇ ਇਹ ਜ਼ਰੂਰੀ ਹੈ ਕਿ
ਇਨ੍ਹਾਂ ਸੰਸਥਾਵਾਂ ਨੂੰ ਸਰਵਹਿਤਕਾਰੀ ਬਣਾਇਆ ਜਾਵੇ ਅਤੇ ਇਨ੍ਹਾਂ ਦੀ ਵਾਗਡੋਰ ਇੱਕ ਸੱਚੇ ਸਿੱਖ ਦੇ
ਹੱਥ ਵਿੱਚ ਦਿੱਤੀ ਜਾਵੇ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨਿਆਂ ਤੇ ਚੱਲੇ। ਵਿਸ਼ਵ
ਪੱਧਰ ਤੇ ਸਿੱਖਾਂ ਦਾ ਤਾਲਮੇਲ, ਇਕਜੁੱਟਤਾ ਅਤੇ ਸਹਿਮਤੀ ਬਹੁਤ ਜ਼ਰੂਰੀ ਹੈ। ਇਹ ਸੰਸਥਾਵਾਂ ਵਿਸ਼ਵ
ਪੱਧਰ ਤੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਜਾਨਣ ਅਤੇ ਇਨ੍ਹਾਂ ਦਾ ਹੱਲ ਕਰਨ ਦੇ ਯੋਗ ਹੋਣ। ਇਹ
ਸੁਤੰਤਰ ਤੌਰ ਤੇ ਕੰਮ ਕਰਨ ਦੇ ਯੋਗ ਹੋਣ। ਇੱਕ ਵਾਰ ਕੇਂਦਰੀ ਸ਼ਕਤੀਆਂ ਫਿਰ ਤੋਂ ਸਥਾਪਿਤ ਹੋ ਜਾਣ ਤੇ
ਸਰਵ ਪ੍ਰਵਾਨਿਤ ਹੋ ਜਾਣ ਤਾਂ ਇਨ੍ਹਾਂ ਨੂੰ ਤੋੜਨ ਵਾਲੀਆਂ ਤਾਕਤਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ।
ਇਹ ਸਾਰੇ ਰਾਜਨੀਤਕ ਲੀਡਰਾਂ ਦੁਆਰਾ ਲਿਆ ਗਿਆ ਉਤਸ਼ਾਹਪੂਰਵਕ ਫੈਸਲਾ ਹੋਵੇਗਾ ਕਿਉਂਕਿ ਉਹ ਯਾਦ ਰੱਖਣ
ਕਿ ਜੇਕਰ ਉਹ ਹੁਣ ਇਸ ਲਈ ਅੱਗੇ ਨਾ ਆਏ ਤਾਂ ਇੱਕ ਆਮ ਸਿੱਖ ਨਾਗਰਿਕ ਨੂੰ ਅੱਗੇ ਆ ਕੇ ਇਸ ਮਸਲੇ ਨੂੰ
ਸੁਲਝਾਉਣਾ ਪਵੇਗਾ। ਇਸ ਉਦੇਸ਼ ਲਈ ਸਾਰਿਆਂ ਨੂੰ ਆਪਣੀ ਵਿਅਕਤੀਗਤ ਰੁਚੀ ਤੋਂ ਉਪਰ ਉੱਠ ਕੇ ਸਿੱਖ ਪੰਥ
ਦੇ ਭਲੇ ਲਈ ਅੱਗੇ ਆਉਣਾ ਚਾਹੀਦਾ ਹੈ।
ਇਹ ਤਾਂ ਸਿੱਖਾਂ ਦੀ ਘਰੋਗੀ ਸਥਿਤੀ ਹੈ ਸਿੱਖਾਂ ਦੇ ਬਾਹਰ ਵੀ ਵਾਤਾਵਰਣ ਉਤਸਾਹਜਨਕ ਨਹੀਂ ਹੈ। ਬਹੁਤ
ਸਾਰੀਆਂ ਤਾਕਤਾਂ ਸਾਨੂੰ ਕਮਜ਼ੋਰ ਕਰਨ ਤੇ ਲੱਗੀਆਂ ਹੋਇਆਂ ਹਨ। ਇਹ ਤਾਕਤਾਂ ਸਿੱਖਾਂ ਦੀ ਤਰੱਕੀ ਤੋਂ
ਡਰਦੀਆਂ ਹਨ ਅਤੇ ਹਰ ਸੰਭਵ ਹੀਲਾ ਕਰਕੇ ਸਾਡੀ ਤਾਕਤ ਘਟਾਉਣਾ ਚਾਹੁੰਦੀਆਂ ਹਨ। ਸਿੱਖਾਂ ਨੂੰ ਪਾੜਨ
ਵਾਲੀਆਂ ਤਾਕਤਾਂ ਨੂੰ ਉਤਸ਼ਾਹਿਤ ਕਰਨਾ ਅਤੇ ਵਿਰੋਧੀ ਤਾਕਤਾਂ ਨੂੰ ਵਾਧਾ ਦੇਣਾ, ਕਮਜ਼ੋਰੀਆਂ ਨੂੰ
ਫੈਲਾਉਣਾ, ਅਦੰਰੂਨੀ ਸਮੱਸਿਆਵਾਂ ਨੂੰ ਪੈਦਾ ਕਰਨਾ, ਸਿੱਖੀ ਸ਼ਨਾਖਤ ਨੂੰ ਵਿਗਾੜਨਾ ਇਨ੍ਹਾਂ ਦੁਆਰਾ
ਅਪਣਾਏ ਗਏ ਕੁੱਝ ਤਰੀਕੇ ਹਨ। ਪਹੁੰਚ ਤੋਂ ਬਾਹਰ ਸਿੱਖ ਖੇਤਰਾਂ ਵਿੱਚ ਡੇਰਿਆਂ ਅਤੇ ਆਰ. ਐਸ. ਐਸ.
ਦੀ ਸਥਾਪਨਾ ਇਨ੍ਹਾਂ ਬਾਹਰਲੀਆਂ ਤਾਕਤਾਂ ਦੇ ਉਦਮਾਂ ਦਾ ਹੀ ਨਤੀਜਾ ਹੈ ਜੋ ਕਿ ਸਿੱਖਾਂ ਨੂੰ ਲਗਾਤਾਰ
ਵਿਵਾਦਾਂ ਵਿੱਚ ਪਾਈ ਰੱਖਧੇ ਹਨ। ਕਾਂਗਰਸ ਵਲੋਂ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ
ਤੇ ਆਰ ਐਸ ਐਸ ਤੇ ਕਾਂਗਰਸ ਦੇ ਅੰਦਰਖਾਤੇ ਅਸਰ ਕਰਕੇ ਸਹਾਰਨਪੁਰ ਦਾ ਵਿਵਾਦ ਤਾਜ਼ੀਆਂ ਘਟਨਾਵਾਂ ਹਨ।
ਸਿੱਖਾਂ ਦੇ ਵਿਰੁੱਧ ਸਾਜਿਸ਼ਾਂ ਲਗਾਤਾਰ ਚੱਲ ਰਹੀਆਂ ਹਨ ਸੰਨ ੧੯੮੪ ਦਾ ਘਲੂਗਾਰਾ ਭੁਲਾਇਆ ਨਹੀਨ ਜਾ
ਸਕਦਾ। ਪਰ ਸਿੱਖੀ ਸ਼ਖਸ਼ੀਅਤ ਲਈ ਸਭ ਤੋਂ ਮਾਰੂ ਲਹਿਰ ਜੋ ਕਿ ੧੯੮੪ ਤੋਂ ਪਹਿਲਾਂ ਤੀਬਰ ਹੋਈ ਅਤੇ ਹੁਣ
ਵੀ ਹੈ ਉਹ ਹੈ ਖਾਲਸਿਆਂ ਉੱਪਰ ਬਣਾਏ ਗਏ ਚੁਟਕਲੇ। ਸਿੱਖਾਂ ਨੂੰ ਫਿਲਮਾਂ ਗੀਤਾਂ ਦੇ ਫਿਲਮਾਂਕਨ,
ਮੀਡੀਆ, ਪਰਚੇ ਅਤੇ ਪਾਰਟੀ ਵਾਰਤਾਲਾਪ ਵਿੱਚ ਭੱਦੇ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਲੱਚਰ
ਗੀਤਾਂ ਨੇ ਵੀ ਬਹੁਤ ਨੁਕਸਾਨ ਪਹੁੰਚਾਇਆ ਹੈ। ਇਹ ਚਾਲਾਂ ਸਾਡੀ ਹੀ ਕਮਜ਼ੋਰੀ ਕਾਰਨ ਸਫਲ ਹੋਈਆਂ ਹਨ
ਨਾ ਕਿ ਉਨ੍ਹਾ ਦੀ ਆਪਣੀ ਤਾਕਤ ਕਾਰਨ। ਇੱਥੇ ਸਾਨੂੰ ਇਹ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਇੱਕ
ਜੁੱਟ ਹੋ ਕੇ ਇਨ੍ਹਾਂ ਚਾਲਾਂ ਦਾ ਟਾਕਰਾ ਕਰਨ ਦੀ ਲੋੜ ਹੈ ਨਹੀਂ ਤਾਂ ਸਾਡਾ ਖਾਤਮਾ ਨਿਸ਼ਚਿਤ ਹੈ।
ਸਮਾਜਿਕ
ਸਿੱਖਾਂ ਦਾ ਸਮਾਜਿਕ ਤਾਣਾ-ਬਾਣਾ ਹੋਲੀ-ਹੋਲੀ ਟੁੱਟ ਰਿਹਾ ਹੈ। ਅੱਜ ਕੱਲ੍ਹ ਬੱਚਿਆਂ ਨੂੰ ਆਪਣੇ
ਦਾਦੇ-ਦਾਦੀਆਂ ਦੁਆਰਾ ਸਿੱਖ ਇਤਿਹਾਸ ਅਤੇ ਕਦਰਾਂ-ਕੀਮਤਾਂ ਦੀਆਂ ਕਹਾਣੀਆਂ ਨਹੀਂ ਸੁਣਾਈਆਂ ਜਾਂਦੀਆਂ
ਅਤੇ ਨਾ ਹੀ ਮਾਵਾਂ ਵਲੋਂ ਗੁਰਬਾਣੀ ਦਾ ਪਾਠ ਯਾਦ ਕਰਵਾਇਆ ਜਾਂਦਾ ਹੈ। ਮੈਨੂੰ ਯਾਦ ਹੈ ਕਿ ਮੇਰੀ
ਦਾਦੀ ਜੀ ਸਾਨੂੰ ਜਪੁਜੀ ਸਾਹਿਬ ਬਿਨਾਂ ਗਲਤੀ ਤੋਂ ਸੁਣਾਉਣ ਤੇ ਇੱਕ ਪੈਸਾ ਇਨਾਮ ਦਿੰਦੀ ਸੀ। ਅਸੀਂ
ਪੰਦਰਾ ਬੱਚੇ ਅਤੇ ਆਂਢ-ਗੁਆਂਢ ਦੇ ਮੁਸਲਿਮ ਬੱਚੇ ਇਸ ਇੱਕ ਪੇਸੈ ਨੂੰ ਜਿੱਤਣ ਦੀ ਹੋੜ ਵਿੱਚ ਲੱਗ
ਜਾਂਦੇ। ਇਸੇ ਤਰ੍ਹਾਂ ਸਾਡੇ ਦਾਦਾ ਜੀ ਉਸ ਬੱਚੇ ਨੂੰ ਇੱਕ ਪੈਸਾ ਇਨਾਮ ਦਿੰਦੇ ਜਿਸਦੇ ਕੇਸ ਸਾਫ
ਸੁਥਰੇ ਕੰਘੀ ਕਰਕੇ ਬੰਨ੍ਹੇ ਹੁੰਦੇ ਜਾਂ ਸੋਹਣੀ ਪੱਗ ਬੰਨ੍ਹੀ ਹੁੰਦੀ। ਹੁਣ ਇਸ ਤਰ੍ਹਾਂ ਨਹੀ ਹੁੰਦਾ
ਅਸੀਂ ਤੇਜ਼ ਰਫਤਾਰ ਨਾਲ ਹੁੰਦਿ ਤਰੱਕੀ ਵਿੱਚ ਸਿੱਖੀ ਦੇ ਇਸ ਪੰਘੂੜੇ ਨੂੰ ਗਵਾ ਚੁੱਕੇ ਹਾਂ। ਸਾਡੇ
ਬੱਚੇ ਪੰਜਾਬੀ ਭੁੱਲ ਕੇ ਹਿੰਦੀ ਬੋਲਣ ਲੱਗ ਪਏ ਹਨ। ਉਹ ਨਾ ਤਾਂ ਜਪੁਜੀ ਸਾਹਿਬ ਸਮਝਦੇ ਹਨ ਅਤੇ ਨਾ
ਹੀ ਉਸ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦ ਕੇਸ ਹੀ ਨਹੀਂ ਹਨ ਇਸ ਲਈ ਉਹ ਕੇਸਾਂ ਨੂੰ
ਬੰਨ੍ਹਣਾ ਜਾ ਪਗੜੀ ਬੰਨਣਾਂ ਭੁੱਲ ਚੁੱਕੇ ਹਨ। ਉਹ ਗੁਰਦੁਆਰੇ ਨਹੀਂ ਜਾਂਦੇ ਕਿਉਂਕਿ ਉਹ ਨਹੀਂ
ਸਮਝਦੇ ਕਿ ਭਾਈ ਜੀ ਕੀ ਕਹਿ ਰਹੇ ਹਨ। ਗੁਰਦੁਆਰੇ ਵਿੱਚ ਪਾਠ ਕਰਮ-ਕਾਂਡ ਬਣ ਗਿਆ ਹੈ। ਗੁਰਦੁਆਰਿਆਂ
ਦੇ ਚਲਾਉਣ ਲਈ ਸਿੱਖੀ ਦੀ ਸਿੱਖਿਆ ਘੱਟ, ਪੈਸਾ ਮੁੱਖ ਲੋੜ ਬਣ ਗਿਆ ਹੈ। ਜੋ ਵੱਧ ਪੈਸੇ ਦੇ ਸਕਦਾ ਹੈ
ਉਸਨੂੰ ਪਹਿਲ ਦਿੱਤੀ ਜਾਦੀ ਹੈ। ਅੱਜਕਲ ਕੋਈ ਗੁਰਬਾਣੀ ਵਿਚਾਰ ਨਹੀਂ ਹੁੰਦਾ। ਸਿੱਖ ਸਵੇਰੇ ਜਲਦੀ
ਉੱਠ ਕੇ ਪੰਜ ਬਾਣੀਆਂ ਦਾ ਪਾਠ ਨਹੀਂ ਕਰਦੇ। ਅੱਜਕਲ ਦੀਆਂ ਮਾਡਰਨ ਨੂੰਹਾਂ ਸਵੇਰੇ ੭ ਵਜੇ ਹੀ
ਉੱਠਦੀਆਂ ਹਨ ਤੇ ਉੱਠ ਕੇ ਬੱਚਿਆ ਨੂੰ ਤਿਆਰ ਕਰਨ ਵਿੱਚ ਲੱਗ ਜਾਂਦੀਆਂ ਹਨ। ਉਨ੍ਹਾਂ ਕੋਲ ਪੰਜ
ਬਾਣੀਆਂ ਦਾ ਪਾਠ ਕਰਨ ਦਾ ਸਮਾਂ ਕਿਥੇਂ? ਸ਼ਾਮ ਨੂੰ ਪਤੀ ਪਤਨੀ ਕੰਮ ਤੋਂ ਥੱਕੇ ਟੁੱਟੇ ਘਰ ਵਾਪਸ
ਆਉੰਦੇ ਹਨ ਉਨ੍ਹਾਂ ਕੋਲ ਆਪਣੇ ਬੱਚਿਆਂ ਨੁੰ ਧਾਰਮਿਕ ਸਿੱਖਿਆਵਾ ਦੇਣ ਦਾ ਸਮਾਂ ਨਹੀਂ ਹੈ ਕਿਉਂਕਿ
ਉਹ ਮੰਨਦੇ ਹਨ ਕਿ ਸਵੈ ਸਿੱਖਿਆ ਹੀ ਉਤੱਮ ਸਿੱਖਿਆ ਹੈ। ਉਹ ਛੋਟੀਆਂ- ਛੋਟੀਆਂ ਸਮੱਸਿਆਵਾਂ ਵਿੱਚ ਹੀ
ਉਲਝੇ ਹੋਏ ਹਨ, ਬੱਚਿਆ ਲਈ ਸਮਾਂ ਕਿੱਥੇ? ਜੇ ਸਮਾ ਮਿਲਦਾ ਵੀ ਹੈ ਤਾਂ ਟੀ ਵੀ ਸੀਰੀਅਲ ਵੇਖਣ ਵਿੱਚ
ਲੱਗ ਜਾਂਦੇ ਹਨ। ਮਾਂ-ਬਾਪ ਤੋ ਵਾਂਝੇ ਬੱਚੇ ਇਸ ਖਲਬਲੀ ਤੋਂ ਬਾਹਰ ਰਹਿਣ ਦੀ ਕੋਸ਼ਿਸ਼ ਕਰਦੇ ਹਨ ਅਤੇ
ਬੁਰੀ ਸੰਗਤ ਵਿੱਚ ਪੈ ਜਾਂਦੇ ਹਨ ਜਿਵੇਂ ਕਿ ਨਸ਼ੇ, ਕੇਸ ਕਟਾਉਣਾ ਆਦਿ। ਹੋਲੀ- ਹੋਲੀ ਉਹ ਸਿੱਖੀ
ਕਦਰਾ ਕੀਮਤਾ ਭੁਲਾ ਦਿੰਦੇ ਹਨ। ਉਹ ਚੰਗੀ ਸਕੂਲੀ ਸਿੱਖਿਆਂ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ
ਹਨ। ਸਿੱਟੇ ਵਜੋਂ ਉਨ੍ਹਾਂ ਕੋਲ ਕੋਈ ਚੰਗੇ ਰੁਜ਼ਗਾਰ ਦਾ ਅਵਸਰ ਨਹੀਂ ਰਹਿੰਦਾ। ਤੁਸੀਂ ਪਿੰਡਾਂ ਦੀਆ
ਸੱਥਾਂ ਵਿੱਚ ਨੌਜਵਾਨਾਂ, ਅੱਧਖੜ ਅਤੇ ਬੁੱਢਿਆਂ ਨੁੰ ਤਾਸ਼ ਖੇਡਦੇ ਆਮ ਵੇਖ ਸਕਦੇ ਹੋ ਜਦੋਂ ਕਿ
ਉਨ੍ਹਾਂ ਨੂੰ ਉਸ ਵੇਲੇ ਖੇਤਾਂ ਵਿੱਚ ਹੋਣਾ ਚਾਹੀਦਾ ਹੈ। ਉਹ ਕੰਮ ਕਰਨ ਦੀ ਰੀਤ ਭੁੱਲ ਗਏ ਹਨ
ਕਿਉਂਕਿ ਉਨ੍ਹਾਂ ਦਾ ਕੰਮ ਬਿਹਾਰੀ ਭਈਆ ਨੇ ਸੰਭਾਲ ਲਿਆ ਹੈ ਅਤੇ ਪੰਜਾਬੀਆਂ ਤੋਂ ਕਿਰਤ ਦੀ ਭਾਵਨਾ
ਖੋਹ ਕੇ ਉਨ੍ਹਾ ਨੂੰ ਭਿਖਾਰੀ ਬਣਾ ਦਿੱਤਾ ਹੈ। ਇਹ ਜੰਮਣ, ਮਰਨ ਅਤੇ ਵਿਆਹ ਦੇ ਮੌਕਿਆਂ ਤੇ ਕਰਜ਼ਾ
ਲੈਂਦੇ ਹਨ, ਕਮਾਈ ਨਾ ਹੋਣ ਕਾਰਨ ਕਰਜ਼ਾ ਵਾਪਸ ਨਹੀਂ ਕਰ ਸਕਦੇ ਅਤੇ ਫਿਰ ਆਤਮਹੱਤਿਆ ਕਰ ਲੈਂਦੇ ਹਨ।
ਕਈ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਆਪਣੀ ਜ਼ਮੀਨ ਅਤੇ ਘਰ ਬਾਰ ਵੇਚ ਕੇ ਉਨ੍ਹਾਂ ਨੂੰ ਵਿਦੇਸ਼
ਵਿੱਚ ਭੇਜ ਦਿੰਦੇ ਹਨ ਏਜੰਟ ਇਨ੍ਹਾਂ ਨਾਲ ਠੱਗੀ ਮਾਰਦੇ ਹਨ। ਜਿਸ ਕਰਕੇ ਬਹੁਤੇ ਅਣਜਾਣ ਥਾਵਾਂ ਤੇ
ਪਹੁੰਚ ਜਾਂਦੇ ਹਨ ਜਿੱਥੇ ਉਨ੍ਹਾਂ ਦਾ ਨਾ ਕੇਵਲ ਸ਼ੋਸ਼ਣ ਹੁੰਦਾ ਹੈ। ਸਗੋਂ ਉਨ੍ਹਾਂ ਨੂੰ ਜੇਲਾਂ ਵਿੱਚ
ਵੀ ਬੰਦ ਰਹਿਣਾ ਪੈਂਦਾ ਹੈ। ਫਿਲਪੀਨ ਆਦਿ ਦੇਸ਼ਾਂ ਵਿੱਚ ਤਾਂ ਹਰ ਹਫਤੇ ਇੱਕ ਦੋ ਸਿੱਖਾਂ ਦੇ ਕਤਲ
ਹੋਣ ਦੀਆਂ ਖਬਰਾਂ ਪੜ੍ਹਣ ਨੂੰ ਮਿਲਦੀਆਂ ਹਨ। ਅਰਬ ਮੁਲਕਾਂ ਵਿੱਚ ਪੰਜਾਬੀਆਂ ਦਾ ਜੋ ਬੁਰਾ ਹਾਲ ਹੋ
ਰਿਹਾ ਹੈ ਉਸ ਦੀ ਦੁਹਾਈ ਚਾਰੇ ਪਾਸੇ ਹੈ। ਕਈਆਂ ਦੀ ਅਸੁਰੱਖਿਅਤ ਜਹਾਜ਼-ਕਿਸ਼ਤੀਆਂ ਵਿੱਚ ਸਫਰ ਕਰਦੇ
ਸਮੇਂ ਮੌਤ ਵੀ ਹੋ ਜਾਂਦੀ ਹੈ।
ਮਾਲਵਾ ਖੇਤਰ ਵਿੱਚ ਸਾਨੂੰ ਕਦੇ ਹੀ ਕੋਈ ਕੋਈ ਸਿੱਖ ਕੇਸਾਧਾਰੀ ਪਗੜੀ ਵਾਲਾ ਗੱਭਰੂ ਨਜ਼ਰ ਆਵੇਗਾ।
ਸਿੱਖਾਂ ਦੀ ਸ਼ਖਸ਼ੀਅਤ ਖਤਰੇ ਵਿੱਚ ਹੈ। ਕੰਮ ਕਰਨ ਦੀ ਪ੍ਰਥਾ ਘਟ ਰਹੀ ਹੈ। ਪਰਦੇਸੀਆਂ ਦੇ ਆਉਣ ਨਾਲ
ਅਤੇ ਪੰਜਾਬੀਅਤ ਗਵਾਚਣ ਨਾਲ ਪਿੰਡਾਂ ਵਿੱਚ ਸਿੱਖੀ ਖਤਮ ਹੁੰਦੀ ਜਾ ਰਹੀ ਹੈ। ੭੦% ਤੋਂ ਵੱਧ ਨੋਜਵਾਨ
ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਹਨ। ਲੀਡਰ ਹੀ ਨਸ਼ਿਆਂ ਦਾ ਸ਼ਰੇ ਆਮ ਵਪਾਰ ਕਰ ਰਹੇ ਹਨ ਪਰ ਉਨ੍ਹਾਂ
ਨੂੰ ਰੋਕਣ ਵਾਲਾ ਕੋਈ ਨਹੀਂ। ਧਰਮ ਅਤੇ ਨਸ਼ੇ ਦੋਵੇਂ ਇੱਕਠੇ ਨਹੀਂ ਚੱਲ ਸਕਦੇ। ਸਿਰਫ ਸਿੱਖੀ ਧਾਰਮਿਕ
ਕਦਰਾਂ ਕੀਮਤਾਂ ਨਾਲ ਹੀ ਮਨੁੱਖੀ ਸ਼ਖਸ਼ੀਅਤ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ। ਨਾਮ ਜਪਣ, ਕਿਰਤ ਕਰਨ
ਅਤੇ ਵੰਡ ਛੱਕਣ ਨਾਲ ਹੀ ਅਸੀਂ ਇਸ ਸਮੱਸਿਆ ਤੋਂ ਬਚ ਸਕਦੇ ਹਾਂ।
ਦੂਜੀ ਸਮਾਜਿਕ ਸਮੱਸਿਆ ਵਾਧੂ ਖਰਚੇ ਦੀ ਹੈ ਜੋ ਕਿ ਜਨਮ, ਮੌਤ, ਵਿਆਹ ਅਤੇ ਹੋਰ ਰਸਮਾਂ ਰਿਵਾਜਾਂ
ਨਾਲ ਜੁੜੀ ਹੋਈ ਹੈ। ਸਮਾਜਿਕ ਪਾਰਟੀਆਂ ਦੇ ਆਉਣ ਨਾਲ ਪੰਗਤ ਪ੍ਰਥਾ ਖਤਮ ਹੁੰਦੀ ਜਾ ਰਹੀ ਹੈ। ਘਰ
ਨੂੰ ਛੱਡ ਕੇ ਮੈਰਿਜ ਪੈਲੇਸਾਂ ਵਿੱਚ ਲੰਬੀਆਂ ਚੌੜੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ। ਮਹਿਮਾਨਾਂ ਦੀ
ਭੀੜ ਲੱਗੀ ਹੁੰਦੀ ਹੈ ਭਾਵੇਂ ਕੋਈ ਪੁੱਛਣ ਵਾਲਾ ਨਹੀਂ ਹੁੰਦਾ। ਅੰਧਾ ਧੁੰਦ ਖਰਚ ਕੀਤਾ ਜਾਂਦਾ ਹੈ
ਤੇ ਫਿਰ ਦਾਜ ਵਿੱਚ ਕਰਜ਼ੇ ਚੁੱਕ ਕੇ ਲਾਏ ਬਾਕੀ ਪੈਸੇ ਲੱਗ ਜਾਂਦੇ ਹਨ। ਸਹੀ ਵਿਆਹ ਦੀ ਰਸਮ ਵਿੱਚ
ਥੋੜ੍ਹੇ ਹੀ ਲੋਕ ਸ਼ਾਮਲ ਹੁੰਦੇ ਹਨ ਉਹ ਵੀ ਕੁੱਝ ਕੁ ਸਮੇਂ ਲਈ ਅਤੇ ਕੋਈ ਵੀ ਧਾਰਮਿਕ ਜਾਂ ਅਧਿਆਤਮਕ
ਰਿਵਾਜ ਦਾ ਧਿਆਨ ਨਹੀਂ ਕੀਤਾ ਜਾਂਦਾ। ਭਾਈ ਜੀ ਬਸ ਇਤਨਾਂ ਕਹਿ ਕੇ ਸਾਰ ਦਿੰਦਾ ਹੈ “ਭਾਈ ਤੁਸੀਂ
ਦੋਵਾਂ ਨੇ ਅੰਮ੍ਰਿਤ ਜ਼ਰੂਰ ਛਕਣਾ ਹੈ”। ਇਸ ਤਰਾਂ ਦੀਆਂ ਪਾਰਟੀਆਂ ਦੇ ਫਾਲਤੂ ਖਰਚ ਨਾਲ ਕਰਜ਼ਾ ਹੋਰ
ਵਧ ਜਾਂਦਾ ਹੈ।
ਗੁਰਬਾਣੀ ਸਾਨੂੰ ਏਕਤਾ ਅਤੇ ਭਾਈਚਾਰਾ ਸਿਖਾਉਂਦੀ ਹੈ। ਸਾਡਾ ਸਮਾਜ ਪੁਰਸ਼ ਪ੍ਰਧਾਨ ਅਤੇ ਜਾਤੀ
ਪ੍ਰਧਾਨ ਹੈ ਜਿਸ ਕਰਕੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਸਮਾਜ ਦੇ ਪੁਰਸ਼ ਪ੍ਰਧਾਨ ਹੋਣ ਨਾਲ
ਨਾ ਸਿਰਫ ਔਰਤਾਂ ਦਾ ਵਿਕਾਸ ਬਲਕਿ ਪੁਰਸ਼-ਇਸਤਰੀ ਅਨੁਪਾਤ ਵੀ ਪ੍ਰਭਾਵਿਤ ਹੋਇਆ ਹੈ। ਇਸੇ ਤਰਾਂ ਜਾਤੀ
ਅਤੇ ਭੁਗੋਲਿਕ ਪ੍ਰਧਾਨਤਾ ਨੇ ਸਿੱਖਾਂ ਵਿੱਚ ਫੁੱਟ ਪਾ ਦਿੱਤੀ ਹੈ। ਹਾਲਾਂਕਿ ਪੰਜਾਬ ਵਿੱਚ ਸਿੱਖ
ਸਿਰਫ ੨ ਕਰੋੜ ਹਨ ਪਰ ਉਹ ਸਾਰੇ ਸਿੱਖਾਂ ਉੱਪਰ ਕਾਬਜ਼ ਹੋਣਾ ਲੋਚਦੇ ਹਨ। ਜ਼ਿਆਦਾ ਗਿਣਤੀ ਸਿੱਖ
ਸਿਕਲੀਗਰ, ਵਣਜਾਰੇ, ਸਤਿਨਾਮੀ, ਜੌਹਰੀ ਆਦਿ ਨੂੰ ਪੂਰੀ ਤਰ੍ਹਾਂ ਸਿੱਖ ਨਹੀਂ ਮੰਨਿਆ ਜਾਂਦਾ। ਉੱਚ
ਜਾਤੀ ਦੇ ਅਤੇ ਨੀਵੀਂ ਜਾਤੀ ਦੇ ਸਿੱਖਾਂ ਨੇ ਵੀ ਹਾਲੇ ਤੱਕ ਏਕਤਾ ਤੇ ਭਾਈਚਾਰੇ ਦੇ ਸਿਧਾਂਤਾਂ ਨੂੰ
ਨਹੀਂ ਸਿੱਖਿਆ।
ਨੈਸ਼ਨਲ ਕਮਿਸ਼ਨ ਫਾਰ ਮਾਈਨਾਰਿਟੀਜ਼ ਦੇ ਇੱਕ ਅਧਿਅਨ ਅਨਸਾਰ ਸਿੱਖ ਕਬੀਲਿਆਂ ਦੀ ਰਹਿਣ ਅਵਸਥਾ ਇਸ
ਤਰ੍ਹਾਂ ਸੀ
ਸਹੂਲਤਾਂ ਤੋਂ ਵਾਂਝੇ ਸਿਕਲੀਗਰ, ਵਣਜਾਰੇ ਤੇ ਸਤਨਾਮੀ ਪ੍ਰਤੀਸ਼ਤ
ਉਨ੍ਹਾਂ ਦੇ ਨਾਮ ਘਰ ਨਹੀਂ -54%
ਘਰ ਕੱਚੇ ਹਨ -75.8%
ਗਰੀਬੀ ਰੇਖਾ ਤੋਂ ਥੱਲੇ ਹੋਣ ਦਾ ਸਰਟੀਫਿਕੇਟ ਨਹੀਂ -78.3%
ਸਵੱਛ ਪੀਣ ਯੋਗ ਪਾਣੀ ਤਕ ਪਹੁੰਚ ਨਹੀਂ -52.1%
ਦੂਰ ਤੋਂ ਪੀਣ ਦਾ ਪਾਣੀ ਢੋਣਾ ਪੈਂਦਾ ਹੈ -47.9%
ਖੁਲ੍ਹੇ ਵਿੱਚ ਨਹਾਉਣਾ ਜਾਂ ਹਾਜਤ ਕਰਨੀ ਪੈਂਦੀ ਹੈ -83.3%
ਗੰਦਗੀ ਨੂੰ ਬਾਹਰ ਸੁੱਟਣ ਦਾ ਇਤਜ਼ਾਮ ਨਹੀਂ- 81%
ਅਣਪੜ੍ਹਤਾ -78%
ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਨਹੀਂ ਮਿਲਦੀ -85.4%
ਸੁਝਾਅ
ਇਨ੍ਹਾਂ ਸਮੱਸਿਆਵਾਂ ਨੂੰ ਦੋ ਭਾਗਾਂ ਵਿੱਚ ਨੌਜਵਾਨ ਪੱਧਰ ਅਤੇ ਬਜ਼ੁਰਗ ਪੱਧਰ ਤੇ ਵੰਡਿਆ ਜਾ ਸਕਦਾ
ਹੈ ਜਿਨ੍ਹਾਂ ਨੂੰ ਅੰਤਰ-ਰਾਸ਼ਟਰੀ, ਰਾਸ਼ਟਰੀ ਅਤੇ ਸਥਾਨਕ ਪੱਧਰ ਤੇ ਸੁਲਝਾਇਆ ਜਾ ਸਕਦਾ ਹੈ।