ਤਿ ਨਰ
ਦੁਖ ਨਹ ਭੁਖ ਤਿ ਨਰ ਨਿਧਨ ਨਹੁ ਕਹੀਅਹਿ।।
ਤਿ ਨਰ ਸੋਕੁ ਨਹੁ ਹੂਐ ਤਿ ਨਰ ਸੇ ਅੰਤੁ ਨ ਲਹੀਅਹਿ।।
ਤਿ ਨਰ ਸੇਵ ਨਹੁ ਕਰਹਿ ਤਿ ਨਰ ਸਯ ਸਹਸ ਸਮਪਹਿ।।
ਤਿ ਨਰ ਦੁਲੀਚੈ ਬਹਹਿ ਤਿ ਨਰ ਉਥਪਿ ਬਿਥਪਹਿ।।
ਸੁਖ ਲਹਹਿ ਤਿ ਨਰ ਸੰਸਾਰ ਮਹਿ ਅਭੈ ਪਟੁ ਰਿਪ ਮਧਿ ਤਿਹ।।
ਸਕਯਥ ਤਿ ਨਰ ਜਾਲਪੁ ਭਣੈ ਗੁਰ ਅਮਰਦਾਸੁ ਸੁਪ੍ਰਸੰਨੁ ਜਿਹ।। ੨।। ੧੧।।
(ਪੰਨਾ ੧੩੯੪)
ਪਦ ਅਰਥ:- ਤਿ ਨਰ ਦੁਖ ਨਹ ਭੁਖ – ਜਿਸ ਨਰ ਦਾ ਸਿਰ ਜਗਤ ਦੇ ਪਿਤਾ
ਸੁਆਮੀ ਇਕੁ ਅਕਾਲ ਪੁਰਖ ਤੋਂ ਸਵਾਏ ਕਿਸੇ ਹੋਰ ਅੱਗੇ ਨਹੀਂ ਝੁਕਦਾ। ਤਿ ਨਰ - ਉਹ ਨਰ।
ਦੁਖ ਨਹ ਭੁਖ – ਉਸ ਮਨੁੱਖ ਨੂੰ ਦੁੱਖ ਅਤੇ ਭੁੱਖ-ਤੰਗੀ ਨਹੀਂ ਸਤਾਉਂਦੀ। ਤਿ ਨਰ ਨਿਧਨ ਨਹੁ
ਕਹੀਅਹਿ – ਅਜਿਹੇ ਮਨੁੱਖਾਂ ਨੂੰ ਨਿਰਧਨ ਨਹੀਂ ਕਹਿਆ ਜਾ ਸਕਦਾ ਭਾਵ ਉਹ ਧਨਵਾਨ ਹੈ, ਨਿਰਧਨ
ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਪੱਲੇ ਗੁਰਮਤਿ ਹੈ। ਤਿ ਨਰ ਸੋਕੁ ਨਹੁ ਹੂਐ – ਨਾ ਹੀ
ਉਨ੍ਹਾਂ ਮਨੁੱਖਾਂ ਨੂੰ ਕੋਈ ਚਿੰਤਾ ਸਤਾਉਂਦੀ ਹੈ। ਤਿ ਨਰ ਸੇ ਅੰਤੁ ਨਾ ਲਹੀਅਹਿ – ਉਹ
ਮਨੁੱਖ ਹੀ ਫਿਰ (ਅਮਰਦਾਸ ਜੀ ਵਾਂਗ) ਇਹ ਗੱਲ ਕਹਿੰਦੇ ਹਨ ਕਿ ਉਸ (ਅਕਾਲ ਪੁਰਖ ਜਗਤ ਦੇ ਪਿਤਾ
ਸੁਆਮੀ) ਦਾ ਅੰਤ ਨਹੀਂ ਲਿਆ ਜਾ ਸਕਦਾ ਭਾਵ ਨਾ ਹੀ ਆਪਣੇ ਆਪ ਨੂੰ ਅਵਤਾਰਵਾਦੀਆਂ ਵਾਂਗੂ ਰੱਬ ਹੀ
ਅਖਵਾਉਂਦੇ ਹਨ। ਤਿ ਨਰ ਸੇਵ ਨ ਕਰਹਿ – ਉਹ ਮਨੁੱਖ ਫਿਰ ਕਿਸੇ (ਅਵਤਾਰਵਾਦੀ) ਦੀ
ਸੇਵ-ਮੁਥਾਜੀ ਵੀ ਨਹੀਂ ਕਰਦੇ। ਸੇਵ – ਮੁਥਾਜੀ (ਗੁ: ਗ੍ਰ: ਦਰਪਣ)। ਤਿ ਨਰ ਸਯ
ਸਹਸ ਸਮਪਹਿ – ਸੈਂਕੜੇ, ਹਜ਼ਾਰਾਂ (ਅਵਤਾਰਵਾਦੀ) ਮਨੁੱਖ ਜੋ ਆਪਣੀ ਸਮ-ਤੁਲਨਾ ਸਮਪਹਿ-ਉਸ ਦੇ
ਸਮਾਨ ਕਰਦੇ ਹਨ। ਸਯ – ਸੌ. ਸੈਂਕੜਾ (ਮ: ਕੋਸ਼)। ਸਹਸ – ਹਜ਼ਾਰਾਂ। ਤਿ
ਨਰ ਦੁਲੀਚੈ ਬਹਹਿ – ਉਹ ਨਰ-ਮਰਦ ਮਨੁੱਖ ਉਸ ਅਕਾਲ ਪੁਰਖ ਦੇ। ਦੁਲੀਚੈ - ਦਹਿਲੀਜ਼, ਦਲੀਚ,
ਦਰ-ਦਰ `ਤੇ ਹੀ ਟਿਕਦੇ ਹਨ ਭਾਵ ਉਸ ਉੱਪਰ ਹੀ ਭਰੋਸਾ ਰੱਖਦੇ ਹਨ। ਤਿ ਨਰ ਉਥਪਿ ਬਿਥਪਹਿ –
ਉਹ ਨਰ ਉਥਪਿ-ਪੁੱਟ ਕੇ ਭਾਵ (ਅਵਤਾਰਵਾਦ ਦੇ ਭਰਮ ਨੂੰ ਹਿਰਦੇ ਵਿੱਚੋਂ ਪੁੱਟ ਕੇ) ਬਿਥਪਹਿ-ਚੰਗੀ
ਤਰ੍ਹਾਂ (ਮ: ਕੋਸ਼) ਦੇਖੋ ਬਿਥਪਨ। ਚੰਗੀ ਤਰ੍ਹਾਂ ਸੱਚ ਦੇ ਮਾਰਗ ਨੂੰ ਹੀ ਆਪਣੇ ਹਿਰਦੇ
ਵਿੱਚ ਵਸਾਉਂਦੇ ਹਨ। ਸੁਖ ਲਹਹਿ – ਸੁਖ ਲੈਂਦੇ ਹਨ, ਪਾਉਂਦੇ ਹਨ। ਸੁਖ ਲਹਹਿ ਤਿ ਨਰ
ਸੰਸਾਰ ਮਹਿ – ਉਹ ਨਰ ਸੰਸਾਰ ਵਿੱਚ ਸੁਖ ਪਾਉਂਦੇ ਹਨ। ਅਭੈ ਪਟੁ – ਅਭੈ ਪਦੁ। ਅਭੈ
ਪਦਵੀ ਭਾਵ (ਅਵਤਾਰਵਾਦੀਆਂ ਦੇ) ਡਰ ਤੋਂ ਭੈ ਰਹਿਤ ਹੋ ਜਾਂਦੇ ਹਨ। ਰਿਪ – ਸੰ: ਛਲ ਕਰਨਾ,
ਛਲ ਕਰਨ ਵਾਲੇ ਭਾਵ ਧੋਖੇਬਾਜ਼ (ਮ: ਕੋਸ਼)। ਰਿਪ ਮਧਿ – ਧੋਖੇਬਾਜ਼ਾਂ ਦੇ ਧੋਖੇ ਵਿੱਚ
ਨਹੀਂ ਆਉਂਦੇ। ਸਕਥਯ ਤਿ ਨਰ ਜਾਲਪੁ ਭਣੈ – ਹੇ ਭਾਈ! ਜਾਲਪੁ ਆਖਦਾ ਹੈ ਕਿ ਦਰਅਸਲ ਉਹ ਨਰ
ਹੀ ਆਪਣੇ ਜੀਵਨ ਵਿੱਚ ਸਫਲ ਹੈ। ਗੁਰ – ਅਕਾਲ ਪੁਰਖ ਦੀ ਬਖ਼ਸ਼ਿਸ਼ ਗਿਆਨ ਗੁਰੂ। ਜੋ ਮੂਲ
ਮੰਤ੍ਰ ਅੰਦਰ ਦਰਸਾਇਆ “ਗੁਰ ਪ੍ਰਸਾਦਿ।। “ ਗੁਰ ਉਸ ਅਕਾਲ ਪੁਰਖ ਦੀ ਬਖ਼ਸ਼ਿਸ਼, ਪ੍ਰਸਾਦਿ ਦਾ
ਨਾਮ ਹੈ। ਗੁਰ ਅਮਰਦਾਸੁ – ਅਮਰਦਾਸ ਜੀ ਦੇ ਵਾਂਗ ਗਿਆਨ ਗੁਰੂ। ਅਮਰਦਾਸੁ ਜੀ ਦੇ ਸੱਸੇ ਨੂੰ
ਔਂਕੜ (ੁ) ਹੈ ਜਿਸ ਦੇ ਗੁਰਮੁਖੀ ਵਿਆਕਰਣ ਅਨੁਸਾਰ ਅਰਥ-ਨੂੰ, ਨੇ, ਦਾ, ਦੇ, ਦੀ ਬਣਦੇ ਹਨ। ਗਿਆਨ
ਗੁਰੂ ਅੱਗੇ ਹੀ ਨਿਵੈ ਭਾਵ ਝੁਕੇ ਜੋ ਅਤਿ ਨਿਰਮਲ ਹੈ। ਭਣੈ – ਜਾਣੈ। ਜਿਹ – ਜੋ।
ਸੁਪ੍ਰਸੰਨੁ - ਅਤਿ ਨਿਰਮਲ (ਮ: ਕੋਸ਼)।
ਅਰਥ:- ਹੇ ਭਾਈ! ਜਿਸ ਮਨੁੱਖ ਦਾ ਸਿਰ ਜਗਤ ਦੇ ਪਿਤਾ ਸੁਆਮੀ ਇਕੁ ਅਕਾਲ
ਪੁਰਖ ਤੋਂ ਸਵਾਏ ਕਿਸੇ ਹੋਰ ਅੱਗੇ ਨਹੀਂ ਝੁਕਦਾ, ਉਸ ਮਨੁੱਖ ਨੂੰ ਕਿਸੇ ਹੋਰ ਤਰ੍ਹਾਂ ਦੇ
ਕਰਮ-ਕਾਂਡਾਂ ਦੇ ਦੁੱਖ ਵਾਲੀ ਭੁੱਖ ਨਹੀਂ ਸਤਾਉਂਦੀ। ਅਜਿਹੇ ਮਨੁੱਖ ਨੂੰ ਨਿਰਧਨ ਨਹੀਂ, ਭਾਵ ਧਨਵਾਨ
ਕਹਿਆ ਜਾ ਸਕਦਾ ਹੈ। ਅਜਿਹੇ ਮਨੁੱਖਾਂ ਨੂੰ ਕੋਈ (ਅਵਤਾਰਵਾਦ ਦੇ ਕਰਮ-ਕਾਂਡ) ਦੀ ਕੋਈ ਚਿੰਤਾ ਵੀ
ਨਹੀਂ ਸਤਾਉਂਦੀ। ਫਿਰ ਉਹ ਮਨੁੱਖ ਹੀ (ਅਮਰਦਾਸ ਜੀ) ਵਾਂਗ ਇਹ ਗੱਲ ਕਹਿੰਦੇ ਹਨ ਕਿ ਉਸ (ਅਕਾਲ ਪੁਰਖ
ਜਗਤ ਦੇ ਪਿਤਾ ਸੁਆਮੀ) ਦਾ ਅੰਤ ਨਹੀਂ ਪਾਇਆ ਜਾ ਸਕਦਾ (ਭਾਵ ਆਪਣੇ ਆਪ ਨੂੰ ਅਵਤਾਰਵਾਦੀਆਂ ਵਾਂਗੂ
ਰੱਬ ਨਹੀਂ ਅਖਵਾਉਂਦੇ)। ਉਹ ਜੋ ਕਈ ਸੈਂਕੜੇ, ਹਜ਼ਾਰਾਂ (ਅਵਤਾਰਵਾਦੀ) ਮਨੁੱਖ ਜੋ ਆਪਣੀ ਤੁਲਨਾ ਉਸ
ਅਕਾਲ ਪੁਰਖ ਦੇ ਬਰਾਬਰ ਕਰਦੇ ਹਨ, ਪ੍ਰਭੂ ਦੀ ਸ਼ਰਨ ਆਉਣ ਵਾਲੇ ਉਨ੍ਹਾਂ (ਅਵਤਾਰਵਾਦੀਆਂ) ਦੀ ਮੁਥਾਜੀ
ਨਹੀਂ ਕਰਦੇ। ਉਹ ਨਰ ਆਪਣੇ ਹਿਰਦੇ ਵਿੱਚੋਂ (ਅਵਤਾਰਵਾਦ) ਦੇ ਭਰਮ ਨੂੰ ਪੁੱਟ ਕੇ ਇਕੁ ਅਕਾਲ ਪੁਰਖ
ਦੇ ਦੁਲੀਚੈ-ਦਰ `ਤੇ ਹੀ ਟਿਕਦੇ ਹਨ ਅਤੇ ਬਿਥਪਨ-ਚੰਗੀ ਤਰ੍ਹਾਂ ਸੱਚ ਦੇ ਮਾਰਗ ਨੂੰ ਹੀ ਆਪਣੇ ਹਿਰਦੇ
ਵਿੱਚ ਵਸਾਉਂਦੇ ਹਨ। ਇਕੁ ਅਕਾਲ ਪੁਰਖ ਦੇ ਦਰ `ਤੇ ਟਿਕਣ ਵਾਲੇ, (ਅਵਤਾਰਵਾਦੀ) ਧੋਖੇਬਾਜ਼ਾਂ ਦੇ
ਧੋਖੇ ਵਿੱਚ ਨਹੀਂ ਆਉਂਦੇ, ਉਹ (ਅਵਤਾਰਵਾਦ) ਦੇ ਡਰ ਤੋਂ, ਅਭੈ ਪਟੁ-ਭੈ ਰਹਿਤ ਹੋਣ ਨਾਲ ਸੁਖ
ਪਾਉਂਦੇ ਹਨ। ਇਸ ਵਾਸਤੇ ਜਾਲਪ ਆਖਦਾ ਹੈ ਕਿ ਉਹ ਮਨੁੱਖ ਹੀ ਆਪਣੇ ਜੀਵਨ ਵਿੱਚ ਸਫਲ ਹੈ ਜੋ ਅਮਰਦਾਸ
ਜੀ ਦੇ ਵਾਂਗ ਅਤਿ ਨਿਰਮਲ (ਕਰਤੇ ਦੀ ਬਖ਼ਸ਼ਿਸ਼) ਗਿਆਨ ਨੂੰ ਹੀ ਗੁਰੂ ਜਾਣਦੇ ਹਨ।
ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ।।
ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਣਿਓ।।
ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ ਲੀਣਉ।।
ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ।।
ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ।।
ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ।। ੩।। ੧੨।।
(ਪੰਨਾ ੧੩੯੪)
ਪਦ ਅਰਥ:- ਪਢਿਅਉ – ਪੜ੍ਹਨਾ, ਪੜ੍ਹਿਆ, ਪੜ੍ਹ ਲੈਣਾ ਭਾਵ ਜਾਣ ਲੈਣਾ।
ਤੈ - ਜਿਨ੍ਹਾਂ ਨੇ। ਤੈ ਪਢਿਅਉ ਇਕੁ – ਜਿਨ੍ਹਾਂ ਨੇ ਇਕੁ ਨੂੰ ਜਾਣਿਆ। ਮਨਿ
ਧਰਿਅਉ ਇਕੁ – ਆਪਣੇ ਮਨਿ ਵਿੱਚ ਇਕੁ ਨੂੰ ਹੀ ਟਿਕਾਇਆ। ਕਰਿ ਇਕੁ ਪਛਾਣਿਓ – ਇਕੁ ਨੂੰ
ਇਕੁ ਕਰਕੇ ਹੀ ਪਛਾਣਿਆਂ। ਭਾਵ ਦਵੈਤ ਨੂੰ ਤਾਂ ਉਨ੍ਹਾਂ ਮਨ ਵਿੱਚ ਥਾਂ ਹੀ ਨਹੀਂ ਦਿੱਤੀ।
(ਨੋਟ-ਗੁਰਮੁਖੀ ਵਿਆਕਰਣ ਅਨੁਸਾਰ ਜਿੱਥੇ ਵੀ ਕਿਤੇ ਇੱਕ ਦੇ ਕੱਕੇ ਨੂੰ ਔਂਕੜ ਆਏਗਾ, ਉਸ ਦਾ ਮਤਲਬ
ਹੈ ਇਕੁ ਵਚਨ ਭਾਵ ਅਕਾਲ ਪੁਰਖ) ਜਿੱਥੇ ਕਿਤੇ ਇੱਕ ਦਾ ਕੱਕਾ ਮੁਕਤਾ ਆਏਗਾ, ਉਹ ਬਹੁ ਵਚਨ ਹੈ, ਭਾਵ
ਬਹੁਤਿਆਂ ਵਿੱਚੋਂ ਇਕ)। ਨਯਣਿ – ਨੈਣਾਂ। ਬਯਣਿ ਮੁਹਿ - ਮੂੰਹ ਦੇ ਬੋਲਣ ਵਿੱਚ।
ਇਕੁ – ਇਕੁ ਅਕਾਲ ਪੁਰਖ। ਇਕੁ ਇਕੁ – ਇਕੁ ਨੂੰ ਹੀ ਇਕੁ ਕਰਕੇ ਜਾਨਣਾ। ਦੁਹੁ ਠਾਂਇ ਨ
ਜਾਣਿਓ – ਇਕੁ ਤੋਂ ਸਵਾਏ ਕੋਈ ਹੋਰ ਦੂਜਾ ਥਾਂ ਨਹੀਂ ਜਾਣਿਆ। ਸੁਪਨਿ – ਸੁਪਨਾ।
ਸੁਪਨਿ ਇਕੁ – ਭਾਵ ਉਨ੍ਹਾਂ ਦੇ ਸੁਪਨੇ ਵਿੱਚ ਵੀ ਇਕੁ। ਪਰਤਖਿ ਇਕੁ – ਜਾਗਦਿਆਂ ਵੀ
ਇਕੁ ਨੂੰ ਹੀ ਜਾਣਦੇ ਹਨ। ਇਕਸ ਮਹਿ – ਇਕੁ ਵਿੱਚ ਹੀ। ਲੀਣਉ – ਲੀਨ ਹੋ ਜਾਂਦੇ ਹਨ।
ਤੀਸ – ਤੀਹ, ਸੰਖਿਆ ਬੋਧਿਕ ਸ਼ਬਦ। ਤੀਸ ਇਕੁ – ਉਹ ਕਿਸੇ ਤੀਹਾਂ ਵਿੱਚੋਂ ਇੱਕ ਨੂੰ
ਇਕੁ। ਪੰਜਿ – ਸੰਖਿਆ ਬੋਧਕਿ ਸ਼ਬਦ। ਅਰੁ ਪੰਜਿ – ਅਤੇ ਨਾ ਹੀ ਕਿਸੇ ਪੰਜਾਂ
ਵਿੱਚੋਂ ਕਿਸੇ ਇੱਕ ਨੂੰ ਇਕ। ਸਿਧੁ – ਸ੍ਰੇਸ਼ਟ। ਪੈਤੀਸ – ਸੰਖਿਆ ਬੋਧਿਕ ਸ਼ਬਦ। ਸਿਧੁ
ਪੈਤੀਸ ਨਾ ਖੀਣਉ - ਪੈਂਤੀਆਂ ਵਿੱਚੋਂ ਕਿਸੇ ਇੱਕ ਨੂੰ ਸ੍ਰੇਸ਼ਟ ਤੇ ਨਾਸ਼ ਹੋਣ ਵਾਲਾ ਨਹੀਂ
ਜਾਣਦੇ। ਖੀਣਉ – ਨਾਸ਼ ਹੋਣਾ, ਹੋ ਜਾਣ ਵਾਲਾ। ਇਕੁ ਅਕਾਲ ਪੁਰਖ ਵਿੱਚ ਲੀਨ ਹੋਣ ਵਾਲੇ
ਪੰਜਾਂ, ਤੀਹਾਂ ਜਾਂ ਪੈਂਤੀਆਂ ਭਾਵ ਸੰਖਿਆ ਵਿੱਚੋਂ ਕਿਸੇ ਇੱਕ ਨੂੰ ਇਕੁ ਨਹੀਂ ਮੰਨਦੇ, ਉਹ ਸਿਰਫ
ਤੇ ਸਿਰਫ ਇਕੁ ਅਕਾਲ ਪੁਰਖ ਨੂੰ ਹੀ ਇਕੁ ਮੰਨਦੇ ਹਨ। ਇਕਹੁ – ਉਹ ਇਕੁ ਹੀ ਹੈ। ਜਿ ਲਾਖੁ ਲਖਹੁ
– ਜੇਕਰ ਕੋਈ ਲੱਖਾਂ ਵਿੱਚੋਂ ਵੀ ਕਿਸੇ ਇੱਕ ਨੂੰ ਆਖੇ, ਉਹ ਫਿਰ ਵੀ ਅਲਖੁ ਹੈ। ਭਾਵ ਉਹ ਆਪਣੇ
ਵਰਗਾ ਆਪ ਹੀ ਹੈ। ਗੱਲ ਕੀ, ਕਿਸੇ ਨਾਲ ਉਸ ਦੀ ਤੁਲਨਾ ਹੋ ਹੀ ਨਹੀਂ ਸਕਦੀ। ਇਕੁ ਇਕੁ ਕਰਿ
ਵਰਨਿਅਉ – ਉਸ ਇਕੁ ਅਕਾਲ ਪੁਰਖ ਦਾ ਵਰਨਣ ਉਸ ਦੇ ਇਕੁ ਹੋਣ ਕਰਕੇ, ਉਸ ਦੇ ਇਕੁ, ਆਪਣੇ ਆਪ ਨਾਲ
ਹੀ ਹੋ ਸਕਦਾ ਹੈ। ਗੁਰ – ਗਿਆਨ ਦੀ ਬਖ਼ਸ਼ਿਸ਼ ਗੁਰੂ। ਜਾਲਪੁ ਭਣੈ ਤੂ ਇਕੁ ਲੋੜਹਿ ਇਕੁ
ਮੰਨਿਅਉ – ਜਾਲਪ ਨੇ ਜਾਣ ਕੇ। ਇਸ ਕਰਕੇ ਜਾਲਪ ਨੇ ਵੀ ਅਮਰਦਾਸ ਜੀ ਵਾਂਗ ਗਿਆਨ ਗੁਰੂ ਦੀ
ਬਖ਼ਸ਼ਿਸ਼ ਨੂੰ ਗੁਰੂ ਜਾਣ ਕੇ, ਅਪਣਾ ਕੇ ਤੈਨੂੰ ਇਕੁ ਨੂੰ ਹੀ ਮੰਨਿਆ ਹੈ।
ਅਰਥ:- ਹੇ ਭਾਈ! ਜਿਨ੍ਹਾਂ ਨੇ ਇਕੁ ਅਕਾਲ ਪੁਰਖ ਨੂੰ ਹੀ ਇਕੁ ਜਾਣ ਕੇ
ਆਪਣੇ ਮਨ ਵਿੱਚ ਟਿਕਾਇਆ ਅਤੇ ਇਕੁ ਨੂੰ ਇਕੁ ਕਰਕੇ ਹੀ ਪਛਾਣਿਆ ਭਾਵ ਦਵੈਤ ਲਈ ਤਾਂ ਉਨ੍ਹਾਂ ਦੇ ਮਨ
ਵਿੱਚ ਥਾਂ ਹੀ ਨਹੀਂ। ਉਨ੍ਹਾਂ ਦੇ ਨੈਣਾਂ ਵਿੱਚ ਵੀ ਇਕੁ, ਉਨ੍ਹਾਂ ਦੇ ਬੋਲਣ ਵਿੱਚ ਵੀ ਇਕੁ, ਉਹ
ਇਕੁ ਨੂੰ ਹੀ ਇਕੁ ਕਰਕੇ ਜਾਣਦੇ ਹਨ। ਉਹ ਇਕੁ ਤੋਂ ਸਵਾਏ ਕੋਈ ਹੋਰ ਦੂਜਾ ਥਾਂਉਂ ਜਾਣਦੇ ਹੀ ਨਹੀਂ।
ਉਨ੍ਹਾਂ ਦੇ ਸੁਪਨੇ ਵਿੱਚ ਵੀ ਇਕੁ, ਉਨ੍ਹਾਂ ਦੇ ਜਾਗਣ ਵਿੱਚ ਵੀ ਇਕੁ, ਉਹ ਇਸ ਤਰ੍ਹਾਂ ਉਸ ਇਕੁ
ਵਿੱਚ ਹੀ ਲੀਨ ਹੋ ਜਾਂਦੇ ਹਨ। ਉਹ ਇਕੁ ਅਕਾਲ ਪੁਰਖ ਦੇ ਵਿੱਚ ਲੀਨ ਹੋਣ ਵਾਲੇ, ਕਿਸੇ ਪੰਜਾਂ,
ਤੀਹਾਂ ਜਾਂ ਪੈਂਤੀਆਂ ਵਿੱਚੋਂ ਕਿਸੇ ਇੱਕ ਨੂੰ ਸ੍ਰੇਸ਼ਟ ਨਹੀਂ ਜਾਣਦੇ। ਉਹ ਸਿਰਫ਼ ਤੇ ਸਿਰਫ਼ ਇਕੁ
ਅਕਾਲ ਪੁਰਖ ਨੂੰ ਹੀ ਸ੍ਰੇਸ਼ਟ ਮੰਨਦੇ ਹਨ। ਉਹ ਇਕੁ ਹੀ ਹੈ, ਜੇਕਰ ਲੱਖਾਂ ਵਿੱਚੋਂ ਵੀ ਕੋਈ ਕਿਸੇ
ਇੱਕ ਨੂੰ ਇੱਕ ਆਖੇ, ਉਹ ਫਿਰ ਵੀ ਅਲਖੁ ਹੈ। ਭਾਵ ਉਹ ਆਪਣੇ ਵਰਗਾ ਆਪ ਹੀ ਹੈ। ਗੱਲ ਕੀ, ਕਿਸੇ ਨਾਲ
ਉਸ ਦੀ ਤੁਲਨਾ ਹੋ ਹੀ ਨਹੀਂ ਸਕਦੀ। ਇਸ ਕਰਕੇ ਉਸ ਇਕੁ ਅਕਾਲ ਪੁਰਖ ਦਾ ਵਰਨਣ ਉਸ ਦੇ ਇਕੁ ਹੋਣ
ਕਰਕੇ, ਉਸ ਦੇ ਇਕੁ, ਆਪਣੇ ਆਪ ਨਾਲ ਹੀ ਹੋ ਸਕਦਾ ਹੈ। ਇਸ ਕਰਕੇ ਜਾਲਪ ਨੇ ਵੀ ਅਮਰਦਾਸ ਜੀ ਵਾਂਗ
ਗਿਆਨ ਗੁਰੂ ਦੀ ਬਖ਼ਸ਼ਿਸ਼ ਨੂੰ ਗੁਰੂ ਜਾਣ ਕੇ, ਅਪਣਾ ਕੇ ਤੈਨੂੰ ਇਕੁ ਨੂੰ ਹੀ ਇਕੁ ਕਰਕੇ ਮੰਨਿਆ ਹੈ।
ਨੋਟ:- ਉਪਰਲੇ ਸ਼ਬਦ ਵਿੱਚ ਭੱਟ ਸਾਹਿਬਾਨ ਨੇ ਇਹ ਸਿੱਧ ਕੀਤਾ ਹੈ ਕਿ ਉਹ
ਕਰਤਾ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ, ਉਹ ਸਿਰਫ਼ ਤੇ ਸਿਰਫ਼ ਇਕੁ ਹੈ।