ਸਿੱਖ ਕੌਮ ਨੂੰ ਦਰਪੇਸ਼ ਮਸਲੇ ਅਤੇ ਉਨ੍ਹਾਂ ਦੇ ਹੱਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
੧੯੨੫ ਬਸੰਤ ਐਵੇਨਿਊ, ਲੁਧਿਆਣਾ
(ਕਿਸ਼ਤ ਨੰ: 3)
੧. ਅਧਿਆਤਮਕ ਰਹਿਨੁਮਾਈ
ਸਿੱਖਾਂ ਦੀ ਸਭ ਤੋਂ ਵੱਡੀ ਤਰਾਸਦੀ ਹੈ ਗੁਰੂਆਂ ਦੇ ਦੱਸੇ ਰਸਤੇ ਤੋਂ ਭਟਕਣਾਂ ਤੇ ਬਾਣੀ ਤੋਂ ਸ਼ਾਂਤੀ
ਪ੍ਰਾਪਤ ਕਰਨ ਤੋਂ ਅਸਮਰੱਥਤਾ। ਇਸ ਦਾ ਮੁੱਖ ਕਾਰਨ ਸਾਡੇ ਕੋਲ ਇਸ ਸੰਬੰਧੀ ਯੋਗ ਰਹਿਨੁਮਾਈ ਦੀ ਘਾਟ
ਹੈ। ਸਾਨੂੰ ਨਾਂ ਤਾਂ ਕੋਈ ਸ਼ੁੱਧ ਪਾਠ ਕਰਨ ਦੀ ਵਿਧੀ ਸਮਝਾਉੰਦਾ ਹੈ ਅਤੇ ਨਾ ਹੀ ਗੁਰਬਾਣੀ ਦੀ
ਵਿਆਖਿਆ ਕਰਕੇ ਗੁਰਮਤਿ ਮਾਰਗ ਬਾਰੇ ਚਾਨਣਾਂ ਪਾਉੰਦਾ ਹੈ। ਘਰਾਂ ਵਿੱਚ ਜੇ ਗੁਰੁ ਗਰੰਥ ਸਾਹਿਬ
ਪਹੁੰਚਦਾ ਹੈ ਤਾਂ ੪੮ ਘੰਟੇ ਵਿੱਚ ਆਖੰਡ ਪਾਠ ਸੰਪੂਰਨ ਕਰਨ ਲਈ। ਸਾਰਾ ਪਰਿਵਾਰ ਪਾਠੀਆਂ ਦੀ
ਚਾਹ-ਪਾਣੀ, ਖਾਣੇ ਦੀ ਸੇਵਾ ਵਿੱਚ ਹੀ ਜੁਟਿਆ ਰਹਿੰਦਾ ਹੈ। ਕੋਈ ਵਿਰਲਾ ਹੀ ਬਾਣੀ ਵੱਲ ਕੰਨ ਕਰਦਾ
ਹੈ। ਜਿਸ ਰਫ਼ਤਾਰ ਨਾਲ ਪਾਠ ਹੁੰਦਾ ਹੈ ਉਸ ਵਿੱਚ ਜ਼ਿਆਦਾ ਸਮਝ ਪੈਣ ਦੀ ਸਮਰੱਥਾ ਨਹੀਂ ਹੁੰਦੀ। ਆਮ
ਲੋਕ ਅਖੰਡ ਪਾਠ ਦੀ ਸਮਾਪਤੀ ਵੇਲੇ ਪ੍ਰਸ਼ਾਦ ਲੈਣ ਤੇ ਲੰਗਰ ਛਕਣ ਹੀ ਆਉੰਦੇ ਹਨ। ਇਹੋ ਹਾਲ ਗੁਰਦੁਆਰੇ
ਵਿੱਚ ਮਨਾਏ ਗੁਰਪੂਰਬਾਂ ਦਾ ਹੁੰਦਾ ਹੈ। ਮਹਿੰਗੇ ਭਾਈ ਕੀਰਤਨੀਏ ਇੱਕ ਦਿਨ ਵਿੱਚ ੮-੧੦ ਥਾਂ ਤੋਂ
ਆਪਣੀ-ਆਪਣੀ ਕਮਾਈ ਕਰਕੇ ਥੱਕੇ ਹੁੰਦੇ ਹਨ ਤੇ ਸ਼ੁੱਧ ਕੀਰਤਨ ਦਾ ਰਸ ਸੰਗਤਾਂ ਨੂੰ ਨਹੀਂ ਪਹੁੰਚਦਾ।
ਕੀਰਤਨ ਹੁੰਦਾ ਵੀ ਹੈ ਤਾਂ ਬੜੀ ਮੁਸ਼ਕਿਲ ਨਾਲ ੫-੧੦% ਉਸਨੂੰ ਸਮਝ ਸਕਦੇ ਹਨ। ਜ਼ਰੂਰੀ ਹੈ ਕਿ ਅਸੀਂ
ਗੁਰਬਾਣੀ ਨੂੰ ਸਮਝਣ ਲਈ ਸਹਿਜ-ਪਾਠ, ਗੁਰਬਾਣੀ ਵਿਆਖਿਆ ਲੜੀਆਂ ਅਤੇ ਇਤਿਹਾਸਿਕ ਬਿਰਤਾਂਤਾਂ ਰਾਹੀਂ
ਨਵੀਂ ਪੀੜ੍ਹੀ ਨੂੰ ਸਿੱਖੀ ਦੀ ਅਧਿਆਤਮਕਤਾ ਨਾਲ ਜੋੜੀਏ, ਅਰਾਧਨਾਂ ਰਾਹੀਂ ਲਿਵ ਜੋੜੀਏ ਅਤੇ ਸਿੱਖੀ
ਦੀ ਅਸਲ ਰੂਹ ਭਰੀਏ। ਇਸ ਨਾਲ ਮਨਾਂ ਨੂੰ ਸ਼ਾਂਤੀ ਵੀ ਮਿਲੇਗੀ, ਲੋਕਾਂ ਵਿੱਚ ਕੰਮ ਕਰਨ ਦੀ ਸ਼ਕਤੀ ਵੀ
ਵਧੇਗੀ ਤੇ ਨਸ਼ਿਆਂ ਤੋਂ ਛੁਟਕਾਰਾ ਵੀ ਹੋਵੇਗਾ। ਇੱਕ ਸਰਵੇ ਅਨੁਸਾਰ ਅਧਿਆਤਮ ਨਾਲ ਜੁੜੇ ਹੋਏ, ਹੋਰ
ਦੁਨਿਆਵੀ ਨਸ਼ਿਆਂ ਨਾਲ ਨਹੀਂ ਜੁੜਦੇ। ਸਾਨੂੰ ਉੱਚ ਅਧਿਆਤਮਕਤਾ ਦਾ ਗਿਆਨ ਦੇਣ ਲਈ ਉੱਚੇ ਅਧਿਆਤਮਕ
ਪੱਧਰ ਦੇ ਆਗੂ ਵੀ ਲੋੜੀਂਦੇ ਹਨ ਜੋ ਆਪਣੇ ਅਧਿਆਤਮ ਗਿਆਨ ਨੂੰ ਬਿਖੇਰ ਕੇ ਖਿੱਚਾਂ ਪਾਉਣ ਤੇ ਡੇਰੇ
ਵਾਲਿਆਂ ਤੋਂ ਸੰਗਤਾਂ ਨੂੰ ਤੋੜਨ ਇਸ ਦੀ ਜ਼ਿਆਦਾ ਲੋੜ ਪਿੰਡਾਂ ਵਿੱਚ ਹੈ।
੨. ਭੂਗੋਲਿਕ
ਸਾਨੂੰ ਗੁਆਇਆ ਹੋਇਆ ਭੂਗੋਲਿਕ ਭਾਗ ਪ੍ਰਾਪਤ ਕਰਨ ਲਈ ਜਲਦੀ ਤੋਂ ਜਲਦੀ ਉਪਰਾਲਾ ਕਰਨਾ ਚਾਹੀਦਾ ਹੈ।
ਸਾਨੂੰ ਥੋਪੇ ਹੋਏ ਸਮਝੌਤਿਆਂ ਨੂੰ ਖਾਰਿਜ ਕਰਕੇ ਆਪਣੇ ਪਾਣੀਆਂ ਅਤੇ ਜ਼ਮੀਨਾਂ ਤੇ ਕਾਨੂੰਨੀ ਅਧਿਕਾਰ
ਪ੍ਰਾਪਤ ਕਰਨਾ ਚਾਹੀਦਾ ਹੈ। ਜਿਸ ਖੇਤਰ ਦੀ ਅਸੀਂ ਉਪਜ ਹਾਂ ਉਸ ਉਤੇ ਸਾਡਾ ਪੂਰਨ ਅਧਿਕਾਰ ਹੋਣਾ
ਚਾਹੀਦਾ ਹੈ। ਸਾਨੂੰ ਕੇਂਦਰੀ ਸੇਵਾਵਾਂ ਵਿੱਚ ਆਪਣਾ ਬਣਦਾ ਹੱਕ ਅਤੇ ਤਾਕਤ ਦੇ ਖੇਤਰ ਵਿੱਚ ਆਪਣਾ
ਪ੍ਰਭਾਵ ਹਾਸਿਲ ਕਰਨਾ ਚਾਹੀਦਾ ਹੈ। ਸਾਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਬਾਹਰਲਿਆਂ ਨੂੰ ਵੋਟਾਂ
ਦਾ ਅਧਿਕਾਰ ਜਾਂ ਪੱਕਾ ਰਾਸ਼ਨ ਕਾਰਡ ਸੌਖੀ ਤਰ੍ਹਾਂ ਨਾ ਮਿਲੇ। ਮਹਾਰਾਸ਼ਟਰ ਵਿੱਚ ਲਾਗੂ ਹਦਾਇਤ
ਅਨੁਸਾਰ ਪੱਕਾ ਰਾਸ਼ਨ ਕਾਰਡ ਅਤੇ ਵੋਟ ਪੰਦਰਾਂ ਸਾਲ ਲਗਾਤਾਰ ਰਹਿਣ ਤੇ ਮਿਲਦਾ ਹੈ ਇਹੋ ਕਾਨੂੰਨ
ਸਾਨੂੰ ਵੀ ਅਪਣਾਉਣਾ ਚਾਹੀਦਾ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਿੱਖਾਂ ਦੀਆਂ ਵੋਟਾਂ
ਕੱਟੀਆਂ ਨਾ ਜਾਣ ਅਤੇ ਜੋ ਅਫਸਰ ਇਸ ਤਰ੍ਹਾਂ ਕਰਦੇ ਹਨ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ। ਸਾਨੂੰ
ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਨੂੰ ਆਪਣੇ ਭਰਾ ਸਮਝ ਕੇ ਉਹਨਾਂ ਦੀ ਉਨਤੀ ਲਈ ਮਦਦ ਕਰਨੀ
ਚਾਹੀਦੀ ਹੈ। ਸਿਕਲੀਗਰ, ਵਣਜਾਰੇ, ਜੌਹਰੀ ਅਤੇ ਸਤਨਾਮੀ ਸਾਰਿਆਂ ਨੂੰ ਹੀ ਸਿੱਖੀ ਦੇ ਵਿੱਚ ਲਿਆਂਦਾ
ਜਾਣਾ ਚਾਹੀਦਾ ਹੈ। ਸਾਡੀ ਏਕਤਾ ਸਾਡੀ ਸ਼ਕਤੀ ਹੋਣੀ ਚਾਹੀਦੀ ਹੈ। ਅਸੀਂ ਸਾਰੇ ੧੨ ਕਰੋੜ ਤੋਂ ਉਪਰ
ਹਾਂ ਅਤੇ ਇਹ ਸਾਡੀ ਵੱਡੀ ਸ਼ਕਤੀ ਹੈ। ਇਹ ਬੜੇ ਦੁੱਖ ਦੀ ਗੱਲ ਹੈ ਕਿ ਸਿਕਲੀਗਰਾਂ ਅਤੇ ਵਣਜਾਰਿਆਂ ਨੇ
ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਪਰ ਉਨ੍ਹਾਂ ਨੂੰ ਬਦਲੇ ਵਿੱਚ ਗੁਮਨਾਮੀਂ ਹੀ ਮਿਲੀ। ਦੂਜੇ ਪਾਸੇ
ਉਹ ਜਿਨ੍ਹਾਂ ਨੇ ਕੋਈ ਕੁਰਬਾਨੀਂ ਨਹੀ ਦਿੱਤੀ, ਇਥੋਂ ਤੱਕ ਕਿ ਗੁਰੂਆਂ ਨੂੰ ਅੱਧਵਾਟੇ ਧੋਖਾ ਦੇ ਗਏ
ਉਨ੍ਹਾਂ ਕੋਲ ਸ਼ਕਤੀ ਅਤੇ ਧਨ ਦੋਵੇਂ ਹਨ ਅਤੇ ਸਿੱਖੀ ਨੂੰ ਖਾਤਮੇ ਵੱਲ ਲਿਜਾ ਰਹੇ ਹਨ। ਸਾਨੂੰ ਇਸ
ਅਵਸਥਾ ਨੂੰ ਪਲਟਾਉਣ ਲਈ ਜਲਦ ਤੋਂ ਜਲਦ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸਾਡੀ ਸਭ ਤੋਂ ਵੱਡੀ ਸਮੱਸਿਆ ਸਿੱਖਾਂ ਦਾ ਗੁਰੂਆਂ ਦੇ ਦੱਸੇ ਮਾਰਗ ਤੋਂ ਭਟਕਣਾ ਹੈ ਜਿਸ ਦਾ ਕਾਰਨ
ਰਹਿਨੁਮਾਈ ਦੀ ਕਮੀਂ ਅਤੇ ਅਜੋਕੀ ਧਾਰਮਿਕ ਪ੍ਰਣਾਲੀ ਵਿੱਚ ਸ਼ਾਂਤੀ ਦੀ ਕਮੀ ਹੈ। ਸਾਡੇ ਗੁਰੂਆਂ ਦਾ
ਉਪਦੇਸ਼ ਸਾਫ-ਸਾਫ ਇਹ ਦੱਸਦਾ ਹੈ ਕਿ ਸਮਾਜਿਕ, ਮੌਲਿਕ ਅਤੇ ਅਧਿਆਤਮ ਜੀਵਨ ਸ਼ੈਲੀ ਕਿਸ ਤਰ੍ਹਾਂ ਅਪਣਾਈ
ਜਾਵੇ ਅਤੇ ਕਿਸ ਤਰ੍ਹਾਂ ਨਿਰੰਕਾਰ ਨਾਲ ਲਿਵ ਜੋੜੀ ਜਾਵੇ। ਫਿਰ ਵੀ ਜੇ ਅਸੀਂ ਅਜੋਕੇ ਪ੍ਰਭਾਵ ਵੇਖੀਏ
ਤਾਂ ਪਤਾ ਲੱਗਦਾ ਹੈ ਕਿ ਚੰਗੀਆਂ ਕਦਰਾਂ ਕੀਮਤਾਂ ਜੋ ਇਸ ਜੀਵਨ ਸ਼ੈਲੀ ਵਿੱਚ ਹੋਣੀਆਂ ਚਾਹੀਦੀਆਂ ਹਨ
ਬਿਲਕੁਲ ਨਾਂਮਾਤਰ ਹਨ। ਜਦੋਂ ਵੀ ਕੋਈ ਸਿੱਖ ਸਿੱਖੀ ਕਦਰਾਂ ਕੀਮਤਾਂ ਦੀ ਉਲੰਘਣਾਂ ਕਰਦਾ ਹੈ ਤਾਂ
ਸਿੱਖ ਧਰਮ ਅਤੇ ਸਿੱਖੀ ਸਖਸ਼ੀਅਤ ਨੂੰ ਧੱਕਾ ਲੱਗਦਾ ਹੈ। ਸੋ ਜਦੋਂ ਵੀ ਕੋਈ ਸਿੱਖ ਆਪਣੀ ਨਿੱਜੀ
ਜ਼ਿੰਦਗੀ ਬਾਰੇ ਕੋਈ ਫੈਸਲਾ ਲੈਂਦਾ ਹੈ ਤਾਂ ਉਸਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਇਹ
ਸਿੱਖੀ ਲਈ ਸਹੀ ਅਤੇ ਸਤਿਕਾਰਯੋਗ ਹੈ? ਸਾਨੂੰ ਸਭ ਨੂੰ ਗੁਰੂਆਂ ਦੇ ਸੱਚੇ ਭਗਤ ਬਣਨਾ ਹੋਵੇਗਾ। ਸਾਡੇ
ਗੁਰੂ ਸਾਹਿਬਾਨ ਦੇ ਉਪਦੇਸ਼ ਦੀ ਇਹ ਮੌਲਿਕ ਗੱਲ ਹੈ। ਇਸ ਤੋਂ ਬਾਅਦ ਹੀ ਤੁਸੀਂ ਰੋਲ ਮਾਡਲ ਜਾਂ ਨਵੀਂ
ਪੀੜ੍ਹੀ ਲਈ ਰਹਿਨੁਮਾਂ ਬਣ ਸਕਦੇ ਹੋ। ਸ਼ਾਇਦ ਆਮ ਸਿੱਖ ਦੂਜਿਆਂ ਲਈ ਚੰਗੀਆਂ ਉਦਾਹਰਣਾਂ ਨਹੀ ਬਣ
ਸਕੇ। ਸਾਰੇ ਸਿੱਖ ਵੀਰਾਂ ਅਤੇ ਬੀਬੀਆਂ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਗੁਰੂ ਨਾਲ ਕੀਤੇ ਇਸ
ਵਾਅਦੇ ਨੂੰ ਜੋ ਸਾਨੂੰ ਵਿਰਾਸਤ ਵਿੱਚ ਮਿਲਿਆ ਹੈ ਨੂੰ ਪੂਰਾ ਕਰੀਏ। ਸਾਡੀ ਸ਼ਰਧਾ ਸਿਰਫ ਗੁਰਦੁਆਰੇ
ਜਾਣ ਤੱਕ ਹੀ ਸੀਮਤ ਹੈ। ਸ਼ਰੀਰਕ ਤੌਰ ਤੇ ਭਾਂਵੇਂ ਅਸੀਂ ਗੁਰਦੁਆਰੇ ਹੋਈਏ ਪਰ ਸਾਡੀ ਸੁਰਤੀ ਭਟਕਦੀ
ਰਹਿੰਦੀ ਹੈ ਅਤੇ ਉਸ ਅਕਾਲ ਪੁਰਖ ਨਾਲ ਲਿਵ ਨਹੀਂ ਜੁੜਦੀ। ਇਹ ਅਵਸਥਾ ਨਵੀ ਪੀੜ੍ਹੀ ਵਿੱਚ ਹੋਰ ਵੀ
ਚਿੰਤਾਯੋਗ ਹੈ, ਨਾਲ ਹੀ ਵਿਦੇਸ਼ਾਂ ਵਿੱਚ ਜਿਥੋਂ ਦੇ ਨੌਜੁਆਨ ਪੰਜਾਬੀ ਨਹੀ ਸਮਝ ਸਕਦੇ ਕੋਈ ਅਚੰਭੇ
ਦੀ ਗੱਲ ਨਹੀਂ ਕਿ ਨੌਜਵਾਨ ਸਾਲ ਵਿੱਚ ਇੱਕ ਅੱਧੀ ਵਾਰ ਗੁਰਪੁਰਬ ਮੌਕੇ ਹੀ ਗੁਰਦੁਆਰੇ ਜਾਂਦੇ ਹਨ।
੩. ਆਰਥਿਕ
ਵਿਸ਼ਵ ਪੱਧਰ ਤੇ ਸਿੱਖਾਂ ਦੀ ਆਰਥਿਕਤਾ ਨੂੰ ਸਹੀ ਮਾਇਨੇ ਵਿੱਚ ਉੱਚਾ ਨਹੀਂ ਕਿਹਾ ਜਾ ਸਕਦਾ। ਸਿੱਖੀ
ਆਰਥਿਕਤਾ ਹੁਣ ਦੋਰਾਹੇ ਤੇ ਹੈ। ਸਿੱਖ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਤੇਜ਼ੀ ਨਾਲ ਵਧ ਰਹੀ ਹੈ।
ਪਹਿਲਾਂ ਫੌਜ ਅਤੇ ਪੁਲਿਸ ਸਿੱਖਾਂ ਲਈ ਰੁਜ਼ਗਾਰ ਮੁਹੱਈਆ ਕਰਦੇ ਸਨ। ਹੁਣ ਕੇਂਦਰੀ ਸੇਵਾਵਾਂ ਵਿੱਚ
ਸਿੱਖਾਂ ਦਾ ਹਿੱਸਾ ਘੱਟ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਲਈ ਕੋਈ ਹੋਰ ਰਸਤਾ ਨਹੀਂ ਰਹਿ ਗਿਆ। ਖੇਤੀ
ਵੀ ਹੁਣ ਕਮਾਈ ਦਾ ਸਾਧਨ ਨਹੀਂ ਰਹੀ। ਯੋਗਤਾ ਨਾ ਹੋਣ ਕਾਰਣ ਅਤੇ ਹੱਥੀਂ ਕੰਮ ਤੋਂ ਕਤਰਾਉਣ ਕਾਰਣ
ਸਿੱਖ ਨੌਜਵਾਨ ਬਾਹਰਲੇ ਦੇਸ਼ਾਂ ਵੱਲ ਦੌੜ ਰਹੇ ਹਨ। ਉੱਥੇ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਜਿਵੇਂ
ਸ਼ੋਸ਼ਣ, ਜੇਲ੍ਹ, ਅਤੇ ਕਈ ਵਾਰ ਧਰਮ ਬਦਲੀ ਵੀ ਸਹਿਣਾ ਪੈਂਦਾ ਹੈ। ਇਸ ਪੱਖ ਨੂੰ ਗੰਭੀਰਤਾ ਨਾਲ
ਵਿਚਾਰਨ ਦੀ ਲੋੜ ਹੈ। ਸਾਨੂੰ ਖੇਤੀ ਨੂੰ ਇੱਕ ਲਾਹੇਵੰਦ ਧੰਦਾ ਬਣਾਉਣਾ ਚਾਹੀਦਾ ਹੈ। ਸਾਨੂੰ
ਨੌਜਵਾਨਾਂ ਨੂੰ ਕਿੱਤੇ ਬਾਰੇ ਗਿਆਨ ਦੇਣ ਲਈ ਅਤੇ ਹੁਨਰ ਸਿਖਾਉਣ ਲਈ ਸੰਸਥਾਂਵਾਂ ਖੋਲ੍ਹਣੀਆਂ
ਚਾਹੀਦੀਆਂ ਹਨ। ਵਿਦੇਸ਼ਾਂ ਵਿੱਚ ਜਾ ਰਹੇ ਨੌਜਵਾਨਾਂ ਦਾ ਲੇਖਾ ਜੋਖਾ ਰੱਖਿਆ ਜਾਣਾ ਚਾਹੀਦਾ ਹੈ।
ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਨ੍ਹਾਂ ਸਿੱਖ ਨੋਜਵਾਨਾਂ ਦੀ ਮਦਦ ਕਰਨੀਂ
ਚਾਹੀਦੀ ਹੈ। ਇਹੋ ਜਿਹੀਆਂ ਹੀ ਸੰਸਥਾਂਵਾਂ ਵਿਦੇਸ਼ ਜਾ ਰਹੇ ਨੌਜਵਾਨਾਂ ਦੀ ਮਦਦ ਲਈ ਖੋਲ੍ਹਣੀਆਂ
ਚਾਹੀਦੀਆਂ ਹਨ। ਗੰਭੀਰ ਸਮੱਸਿਆ ਇਹ ਹੈ ਕਿ ਪੇਂਡੂ ਸਿੱਖਾਂ ਵਿੱਚ ਕੰਮ ਕਰਨ ਦੀ ਇਛਾ ਹੁਣ ਮਰਦੀ ਜਾ
ਰਹੀ ਹੈ। ਉੱਨਤ ਦੇਸ਼ਾਂ ਵਿੱਚ ਇਨ੍ਹਾਂ ਦੀ ਸਥਿਤੀ ਕੁੱਝ ਠੀਕ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ
ਪ੍ਰਭਾਵਿਤ ਗਰੀਬ ਤਬਕੇ ਦੇ ਕਬੀਲੇ ਸਿਕਲੀਗਰ, ਵਣਜਾਰੇ ਆਦਿ ਹਨ। ਘਾਟੇ ਵਿੱਚ ਜਾ ਰਿਹਾ ਖੇਤੀ ਦਾ
ਕੰਮ, ਖੇਤੀ ਲਈ ਘਟਦੀ ਜ਼ਮੀਨ, ਘਟਦਾ ਪਾਣੀ ਅਤੇ ਬਿਜਲੀ, ਰੀਤੀ ਰਿਵਾਜਾਂ ਤੇ ਵਧਦਾ ਖਰਚਾ, ਭੂਮੀਂ ਦੀ
ਵੰਡ, ਕੰਮ ਪ੍ਰਤੀ ਘੱਟ ਰੁਝਾਨ, ਖੇਤੀਬਾੜੀ ਦੀ ਵਧ ਰਹੀ ਕੀਮਤ, ਮਸ਼ੀਨਰੀ, ਖਾਦਾਂ, ਬੀਜ ਅਤੇ ਆਮਦਨ
ਦੇ ਘੱਟ ਸਾਧਨਾਂ ਨੇ ਖੇਤੀਬਾੜੀ ਦਾ ਪੱਧਰ ਨੀਵਾਂ ਕਰ ਦਿੱਤਾ ਹੈ। ਇਨ੍ਹਾਂ ਖਰਚਿਆਂ ਕਾਰਨ ਵਧ ਰਹੇ
ਕਰਜ਼ਿਆਂ ਅਤੇ ਮਹਿੰਗੇ ਰਸਮਾਂ ਰਿਵਾਜਾਂ ਨੇ ਕਿਸਾਨਾਂ ਨੂੰ ਆਤਮਹੱਤਿਆ ਲਈ ਮਜ਼ਬੂਰ ਕਰ ਦਿੱਤਾ ਹੈ। ਇਹ
ਹਾਲਤ ਬਹੁਤ ਹੀ ਤਰਸਯੋਗ ਹੈ ਜਿਸ ਉਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਹਾਲਾਂਕਿ ਬਹੁਤ ਸਾਰੀਆਂ ਆਤਮ
ਹਤਿਆਵਾਂ ਮਾਲਵਾ ਖੇਤਰ ਵਿੱਚ ਹੀ ਹੋਈਆਂ ਹਨ ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਇਸੇ
ਤਰ੍ਹਾਂ ਹੀ ਰੁਜ਼ਗਾਰ ਦੇ ਸਾਧਨ ਘਟ ਰਹੇ ਹਨ ਅਤੇ ਕੋਈ ਵੀ ਇਸਦੇ ਹੱਲ ਨਹੀਂ ਲੱਭ ਰਹੇ ਜਿਸਦੇ ਕਾਰਨ
ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵੱਲ ਨਿਕਲ ਰਹੇ ਹਨ। ਰਿਹਾਇਸ਼ੀ ਖੇਤਰ ਵਧਣ, ਕਮਾਈ ਦੇ ਸਾਧਨ ਘਟਣ,
ਕਰਕੇ ਖੇਤੀਬਾੜੀ ਲਈ ਭੂਮੀਂ ਬਹੁਤ ਘਟ ਰਹੀ ਹੈ। ਪ੍ਰਵਾਸੀ ਕਾਮਿਆਂ ਜਾਂ ਮਜ਼ਦੂਰਾਂ ਦੁਆਰਾ ਘੱਟ ਕੀਮਤ
ਤੇ ਕੰਮ ਕਰਨ ਕਰਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਚੰਗੇ ਰੁਜ਼ਗਾਰ ਦੇ ਸਾਧਨ ਘਟ ਗਏ ਹਨ। ਅਪਣੇ ਪਾਣੀ
ਦੇ ਸ੍ਰੋਤਾਂ ਨੂੰ ਬਚਾਉਣ ਲਈ ਸਾਨੂੰ ਪਹਿਲਾਂ ਕੀਤੇ ਸਮਝੌਤੇ ਰੱਦ ਕਰਕੇ ਕੇਂਦਰੀ ਸਰਕਾਰ ਤੇ ਦਬਾਅ
ਬਣਾਉਣਾ ਚਾਹੀਦਾ ਹੈ ਤਾਂ ਕਿ ਚੰਡੀਗੜ ਮੁੜ ਪੰਜਾਬ ਦੇ ਸਮੁੱਚੇ ਅਧਿਕਾਰ ਵਿੱਚ ਹੋਵੇ। ਖੇਤੀ ਦੇ
ਵਧੀਆ ਬੀਜ ਮਿਲਣੇ ਚਾਹੀਦੇ ਹਨ ਅਤੇ ਖੇਤੀ ਦਾ ਨਵੀਨੀਕਰਨ ਹੋਣਾ ਚਾਹੀਦਾ ਹੈ। ਕਰਜ਼ਾ ਵਾਪਸ ਨਾ ਕਰਨ
ਦੀ ਸੂਰਤ ਵਿੱਚ ਜੇਲ੍ਹ ਭੇਜਣ ਦੇ ਕਾਨੂੰਨ ਵਿੱਚ ਸੋਧ ਹੋਣੀ ਚਾਹੀਦੀ ਹੈ। ਕਰਜ਼ੇ ਲਈ ਕਿਸਾਨ ਦੇ ਖੇਤ
ਅਤੇ ਉਸਦੀ ਜਾਇਦਾਦ ਜ਼ਬਤ ਨਹੀ ਹੋਣੀ ਚਾਹੀਦੀ। ਪੰਜਵੀ ਜਮਾਤ ਤੋਂ ਕਿੱਤਾ ਮੁਖੀ ਸਿਖਲਾਈ ਦੇਣੀ
ਚਾਹੀਦੀ ਹੈ। ਪੰਚਾਇਤਾਂ ਨੂੰ ਪਿੰਡਾਂ ਵਿੱਚ ੧੦੦% ਸਿੱਖਿਆ ਸੁਨਿਸ਼ਚਿਤ ਕਰਨੀਂ ਚਾਹੀਦੀ ਹੈ। ਵਿਦੇਸ਼
ਜਾਣ ਲਈ ਠੱਗ ਏਜੰਟਾਂ ਨੂੰ ਪੰਚਾਇਤ ਪੱਧਰ ਤੇ ਹੀ ਨੱਜਿਠਣਾ ਚਾਹੀਦਾ ਹੈ। ਵਿਸ਼ਵ ਪੱਧਰ ਤੇ ਸਿੱਖਾਂ
ਦੀ ਦੇਖ ਰੇਖ ਕਰਨ ਲਈ ਇੱਕ ਸੰਸਥਾ ਹੋਣੀ ਚਾਹੀਦੀ ਹੈ ਜੋ ਵਿਦੇਸ਼ਾਂ ਵਿੱਚ ਜਾ ਰਹੇ ਸਿੱਖਾਂ ਨੂੰ
ਸ਼ੋਸ਼ਣ ਤੋਂ ਬਚਾਵੇ। ਪ੍ਰਾਪਰਟੀ ਡੀਲਰਾਂ ਨੂੰ ਰਜਿਸਟਰ ਕੀਤਾ ਜਾਣਾ ਚਾਹੀਦਾ ਹੈ ਅਤੇ ਰਿਕਾਰਡਾਂ ਦਾ
ਲੇਖਾ ਜੋਖਾ ਰੱਖਿਆ ਜਾਣਾ ਚਾਹੀਦਾ ਹੈ। ਘਰ ਦੀ ਉਸਾਰੀ ਲਈ ਖੇਤੀਬਾੜੀ ਦੀ ਜ਼ਮੀਨ ਨੂੰ ਨਹੀਂ ਵਰਤਿਆ
ਜਾਣਾ ਚਾਹੀਦਾ ਹੈ। ਜ਼ਮੀਨੀ ਰਿਕਾਰਡ ਕੰਪਿਊਟਰ ਵਿੱਚ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਮੁਫਤ
ਬਿਜਲੀ, ਆਟਾ, ਦਾਲ ਰਾਜਨੀਤਕ ਚਾਲਾਂ ਹਨ। ਸਾਨੂੰ ਸਾਰੀਆਂ ਮੁਫਤ ਸਕੀਮਾਂ ਅਤੇ ਸਬਸਿਡੀ ਬੰਦ ਕਰਨੀ
ਚਾਹੀਦੀ ਹੈ। ਇਹ ਫੰਡ ਉਸਾਰੀ ਲਈ ਵਰਤੇ ਜਾ ਸਕਦੇ ਹਨ। ਸਰਕਾਰ ਦੀਆਂ ਪਾਲਸੀਆਂ ਵੋਟਾਂ ਲਈ ਨਹੀਂ,
ਉੱਨਤੀ ਲਈ ਹੋਣੀਆਂ ਚਾਹੀਦੀਆਂ ਹਨ। ਕਿਸਾਨ ਜੋ ਕਿ ਹਰੀ ਕ੍ਰਾਂਤੀ ਲਈ ਜ਼ਿਮੇਵਾਰ ਸਨ ਅਤੇ ਸਾਡੇ ਦੇਸ਼
ਦੇ ਅੰਨਦਾਤਾ ਸਨ ਉਹ ਹੁਣ ਅਣਦੱਸੀਆਂ ਥਾਂਵਾਂ ਤੇ ਜਾ ਵਸੇ ਹਨ ਜੋ ਕਿ ਬੜੀ ਹੀ ਸ਼ਰਮ ਦੀ ਗੱਲ ਹੈ ਇਸ
ਨੂੰ ਠੱਲ੍ਹ ਪਾਉਣੀ ਚਾਹੀਦੀ ਹੈ।
੪. ਸ਼ਖਸ਼ੀ
ਮਨੁੱਖੀ ਸ਼ਖਸ਼ੀਅਤ ਵਿੱਚ ਕਮਜ਼ੋਰੀ, ਦੁਚਿੱਤੀ ਅਤੇ ਡਰਪੋਕਪੁਣੇ ਨੇ ਆਤਮਵਿਸ਼ਵਾਸ਼, ਅਗਾਂਹਵਧੂ ਅਤੇ
ਵਿਲੱਖਣ ਪਛਾਣ ਦੀ ਥਾਂ ਲੈ ਲਈ ਹੈ। ਅਪਣੇ ਆਤਮਿਕ ਬਲ ਨੂੰ ਛੱਡ ਕੇ ਮਨੁੱਖ ਮਾਇਆ ਦੀ ਦੁਨੀਆਂ ਵਿੱਚ
ਗੁਆਚ ਗਿਆ ਹੈ। ਜਦੋਂ ਉਹ ਧਾਰਮਿਕ ਸੰਸਥਾਂਵਾਂ ਨੂੰ ਵੀ ਮਾਇਆ ਦੀ ਨਗਰੀ ਵਿੱਚ ਗੁਆਚਿਆ ਦੇਖਦਾ ਹੈ
ਤਾਂ ਨਸ਼ਿਆਂ ਦਾ ਸਹਾਰਾ ਲੈਣ ਲੱਗ ਪੈਂਦਾ ਹੈ। ਜਦੋਂ ਉਸ ਨੂੰ ਕੋਈ ਗਿਆਨ ਅਤੇ ਕਮਾਈ ਨਹੀਂ ਹੁੰਦੀ
ਤਾਂ ਉਹ ਹੌਲੀ ਹੌਲੀ ਇੱਕਲੇਪਣ ਅਤੇ ਨਸ਼ਿਆਂ ਵੱਲ ਹੋਰ ਵਧਦਾ ਹੈ। ਉਹ ਆਪਣੇ ਦਾਦੇ-ਦਾਦੀ ਤੋਂ ਸਿੱਖ
ਇਤਿਹਾਸ ਦੀਆਂ ਪਿਰਤਾਂ ਨਹੀਂ ਪ੍ਰਾਪਤ ਕਰਦਾ। ਉਸਨੂੰ ਇਤਿਹਾਸ ਬਾਰੇ ਗਿਆਨ ਹੀ ਨਹੀਂ ਹੁੰਦਾ। ਉਹ
ਫਿਲਮਾਂ, ਟੀ. ਵੀ. , ਅਖਬਾਰਾਂ ਵਿੱਚ ਜੋ ਕੁੱਝ ਵੀ ਦੇਖਦਾ ਹੈ ਉਸਨੂੰ ਅਪਨਾਉਣ ਦੀ ਕੋਸ਼ਿਸ਼ ਕਰਦਾ
ਹੈ। ਇਥੋਂ ਤੱਕ ਕਿ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਜਾਂ ਵੱਡੇ ਰੁਤਬੇ ਵਾਲੇ ਬੰਦੇ ਵੀ ਅਪਣੀ
ਸਿੱਖੀ ਹੋਂਦ ਨੂੰ ਕਾਇਮ ਨਹੀਂ ਰੱਖ ਸਕੇ ਜਿਸਦੇ ਕਿ ਬੜੇ ਗਲਤ ਪ੍ਰਭਾਵ ਪੈ ਰਹੇ ਹਨ। ਮਿਸਾਲ ਦੇ ਤੌਰ
ਤੇ ਅੰਤਰ-ਰਾਸ਼ਟਰੀ ਖਿਡਾਰੀ ਹਰਭਜਨ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਟੋਪੀ ਲੈਣ ਅਤੇ ਦਾੜ੍ਹੀ ਕਟਵਾਉਣ
ਨੂੰ ਪਹਿਲ ਦਿੰਦੇ ਹਨ। ਹਾਕੀ ਖਿਡਾਰੀ, ਅਥਲੀਟ, ਪਹਿਲਵਾਨ ਸਾਰੇ ਬਿਨ੍ਹਾਂ ਕੇਸਾਂ ਅਤੇ ਪਗੜੀ ਤੋਂ
ਹੁੰਦੇ ਹਨ। ਇਸੇ ਤਰ੍ਹਾਂ ਹੀ ਬਹੁਤ ਸਾਰੇ ਆਈ. ਏ. ਐਸ. , ਆਈ. ਪੀ. ਐਸ. , ਆਈ. ਐਫ. ਐਸ. ਅਤੇ ਹੋਰ
ਵੱਡੇ ਰੁਤਬੇ ਦੇ ਬੰਦਿਆਂ ਨੂੰ ਬਿਨ੍ਹਾਂ ਕੇਸ, ਪੱਗ ਅਤੇ ਕੱਟੀ ਦਾੜ੍ਹੀ ਵਿੱਚ ਵੇਖਿਆ ਜਾ ਸਕਦਾ ਹੈ।
ਲਗਭਗ ੮੦% ਸਿੱਖਾਂ ਨੇ ਪੁਲਿਸ ਦੀ ਨੌਕਰੀ ਵਿੱਚ ਦਾੜ੍ਹੀ ਅਤੇ ਕੇਸ ਕੱਟੇ ਹੋਏ ਹਨ ਇਥੋਂ ਤਕ ਕਿ ਫੌਜ
ਵਿੱਚ ਜਿਥੇ ਕਿ ਕੇਸ, ਦਾੜ੍ਹੀ ਅਤੇ ਪਗੜੀ ਜੋ ਕਿ ਜ਼ਰੂਰੀ ਹਨ ਹੁਣ ਕਿਤੇ ਵਿਖਾਈ ਨਹੀਂ ਦੇ ਰਹੇ।
ਸਿੱਖ ਗਭਰੂਆਂ ਵਿੱਚ ਪੰਜ ਕਕਾਰਾਂ ਦੀ ਕੋਈ ਅਹਿਮੀਅਤ ਨਹੀਂ ਰਹੀ। ਮਾਲਵਾ ਇਲਾਕੇ ਵਿੱਚ ਲਗਭਗ ੮੦%
ਗਭਰੂਆਂ ਨੇ ਪਗੜੀ ਨੂੰ ਅਲਵਿਦਾ ਕਹਿ ਕੇ ਕੇਸ ਕਟਵਾ ਕੇ ਅਪਣੀ ਸ਼ਨਾਖਤ ਗਵਾ ਲਈ ਹੈ। ਅਪਣੀ ਜੜ੍ਹ ਤੋਂ
ਉਖੜਿਆ ਮਨੁੱਖ ਨਾ ਤਾਂ ਚੰਗਾ ਖਿਡਾਰੀ ਹੋ ਸਕਦਾ ਹੈ ਅਤੇ ਨਾ ਹੀ ਉਹ ਰਾਸ਼ਟਰੀ ਜਾਂ ਅੰਤਰ-ਰਾਸ਼ਟਰੀ
ਪੱਧਰ ਤੇ ਜਿੱਤ ਦਾ ਹੱਕਦਾਰ ਹੈ। ਸਿੱਖਾਂ ਦੀ ਉਨ੍ਹਾਂ ਦੀਆਂ ਮਨਪਸੰਦ ਖੇਡਾਂ ਹਾਕੀ, ਕਬੱਡੀ ਵਿੱਚ
ਪ੍ਰਧਾਨਗੀ ਨਹੀ ਰਹਿ ਗਈ ਨਾ ਹੀ ਕੋਈ ਮਿਲਖਾ ਸਿੰਘ ਦਿਖਾਈ ਦਿੰਦਾ ਹੈ। ਅੱਧਖੜ ਉਮਰ ਦੇ ਇਸਤਰੀ-ਪੁਰਸ਼
ਮੋਟਾਪੇ ਦਾ ਸ਼ਿਕਾਰ ਹਨ। ਬਿਮਾਰੀਆਂ ਜਿਵੇਂ ਕਿ ਕੈਂਸਰ, ਸ਼ੂਗਰ, ਏਡਜ਼ ਵਧ ਰਹੀਆਂ ਹਨ। ਸਿੱਖ ਜੋ
ਪਹਿਲਾਂ ਅ੍ਰਮਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਸਨ ਉਹ ਕਿਤੇ ਵੀ ਵਿਖਾਈ ਨਹੀਂ ਦੇ ਰਹੇ।
ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦਾ ਸਿੱਖੀ ਸਿਧਾਂਤ ਕਾਗਜ਼ਾਂ ਤੇ ਹੀ ਰਹਿ ਗਿਆ ਹੈ, ਉਹ ਕਾਗਜ਼ ਜੋ
ਕਦੇ ਹੀ ਪੜ੍ਹੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਅਪਨਾਉਣ ਦੀ ਕੋਸ਼ਿਸ਼ ਤਾਂ ਕੀ ਕਰਨੀ ਹੈ।
ਗੁਰੁ ਗੋਬਿੰਦ ਸਿੰਘ ਨੇ ਸਿੱਖਾਂ ਦੀ ਵੱਖਰੀ ਪਛਾਣ ਲਈ ਸਿੱਖੀ ਬਾਣਾ ਲਾਗੂ ਕੀਤਾ ਸੀ ਜੋ ਕਿ
ਅੱਜਕਲ੍ਹ ਬਹੁਤ ਘੱਟ ਵੇਖਣ ਨੂੰ ਮਿਲ ਰਿਹਾ ਹੈ। ਹੁਣ ਤਾਂ ਮਾਪੇ ਆਪਣੀਆਂ ਸਿੱਖ ਸਪੁੱਤਰੀਆਂ ਲਈ
ਵਿਆਹ ਦੇ ਇਸ਼ਤਿਹਾਰ ਦਿੰਦੇ ਹਨ “ਲੋੜ ਹੈ ਲਾੜੇ ਦੀ ਜੋ ਕੇਸ ਰਹਿਤ ਹੋਵੇ”। ਕਕਾਰਾਂ ਅਤੇ ਪਗੜੀ ਦੀ
ਲੋੜ ਤੇ ਕਿੰਤੂ ਪਰੰਤੂ ਕੀਤਾ ਜਾਂਦਾ ਹੈ। ਕਿਰਪਾਨ ਅਤੇ ਪਗੜੀ ਅੰਤਰ-ਰਾਸ਼ਟਰੀ ਮਸਲਾ ਬਣ ਗਿਆ ਹੈ।
ਫਰਾਂਸ ਵਰਗੇ ਦੇਸ਼ ਵਿੱਚ ਪਗੜੀਧਾਰੀ ਸਿੱਖ ਵਿਦਿਆਰਥੀਆਂ ਨੂੰ ਸਕੂਲਾਂ-ਕਾਲਜਾਂ ਵਿੱਚ ਦਾਖਲ ਨਹੀਂ
ਹੋਣ ਦਿੱਤਾ ਜਾਂਦਾ। ਇਹ ਸਮੇਂ ਦੀ ਲੋੜ ਹੈ ਕਿ ਅਸੀਂ ਸਿੱਖੀ, ਸਿੱਖ-ਬਾਣਾ, ਸਿੱਖ-ਰਹਿਤ ਅਤੇ ਸਿੱਖ
ਪਹਿਚਾਣ ਦਾ ਸਮੁੱਚੇ ਵਿਸ਼ਵ ਵਿੱਚ ਭਰਵਾਂ ਪ੍ਰਚਾਰ ਕਰੀਏ ਤੇ ਲੋਕਾਂ ਨੂੰ ਸਮਝਾਈਏ ਕਿ ਸਿੱਖਾਂ ਵਿੱਚ
ਇਸ ਦਾ ਕੀ ਮਹੱਤਵ ਹੈ।
੫. ਵਿਦਿਅਕ
ਸਾਡਾ ਸਿੱਖੀ ਵਿਦਿਅਕ ਢਾਂਚਾ ਬੜਾ ਕਮਜ਼ੋਰ ਹੈ। ਪਰਿਵਾਰਕ ਸੰਗਠਨਾਤਮਕ ਤੇ ਵਿਦਿਅਕ ਅਦਾਰਿਆਂ ਵਿੱਚ
ਸਿੱਖੀ ਦੀ ਸਹੀ ਸਿੱਖਿਆ ਦੀ ਘਾਟ ਹੈ। ਸਾਡੇ ਮਿਸ਼ਨਰੀ ਕਾਲਜਾਂ ਵਿੱਚ ਜ਼ਿਆਦਾਤਰ ਵਿਦਿਆ ਮਾਇਆ ਕਮਾਉਣ
ਨਾਲ ਸਬੰਧਤ ਢੰਗਾਂ ਦੀ ਹੋ ਗਈ ਹੈ। ਅਧਿਆਤਮਕ ਅਤੇ ਸ਼ਖਸ਼ੀ ਉੱਚਤਾ ਦੀ ਵਿਦਿਆ ਨਾਮਾਤਰ ਹੀ ਹੁੰਦੀ ਹੈ।
ਸਾਡੇ ਰਾਗੀ, ਢਾਡੀ ਤੇ ਵਿਆਖਿਆਕਾਰ ਮਿਸ਼ਨਰੀ ਸਿੱਖਿਆ ਨੂੰ ਕਮਾਈ ਦਾ ਸਾਧਨ ਸਮਝ ਕੇ ਚੱਲਦੇ ਹਨ।
ਜ਼ਰੂਰੀ ਹੈ ਕਿ ਸਾਨੂੰ ਪਰਿਵਾਰਕ ਪੱਧਰ, ਸੰਗਤੀ ਪੱਧਰ ਤੇ ਮਿਸ਼ਨਰੀ ਪੱਧਰ ਉੱਤੇ ਸਿੱਖੀ ਦੀ ਅਧਿਆਤਮਕ
ਅਤੇ ਸ਼ਖਸ਼ੀ ਸਿੱਖਿਆ ਨੂੰ ਵਿਧੀਵਤ ਭਰਿਆ ਜਾਵੇ। ਜਦ ਅਸੀਂ ਸਿੱਖ ਇਸਤਰੀ ਵਿਦਿਆ ਦੇ ਸੰਸਥਾਪਕ ਭਾਈ
ਤਖਤ ਸਿੰਘ ਜ਼ਿੰਦਾ ਸ਼ਹੀਦ ਦੀਆਂ ਸਿਖਿਆ ਪ੍ਰਤੀ ਕੀਤੀਆਂ ਕੁਰਬਾਨੀਆਂ ਦੇਖਦੇ ਹਾਂ ਤਾਂ ਇਹ ਮਹਿਸੂਸ
ਹੁੰਦਾ ਹੈ ਸੁਲਝੇ, ਸੁਚੱਜੇ ਗੁਰਸਿੱਖਾਂ ਨੂੰ ਸਿੱਖੀ ਸਿਖਿਆਂ ਨੂੰ ਉਚਤਾ ਵਲ ਲਿਜਾਣ ਲਈ ਅੱਗੇ ਆਉਣਾ
ਚਾਹੀਦਾ ਹੈ। ਸਿੱਖ ਕਦਰਾਂ ਕੀਮਤਾਂ ਸਮਝਾਈਆਂ ਹੀ ਨਾ ਜਾਣ ਸਗੋਂ ਉਨ੍ਹਾਂ ਉੱਪਰ ਚੱਲਣ ਦੀ ਪ੍ਰਕਿਰਿਆ
ਹੋਵੇ। ਸਕੂਲਾਂ ਵਿੱਚ ਸਿੱਖਿਆ ਦਾ ਮੁੱਢ ਗੁਰਬਾਣੀ ਸ਼ਬਦ ਤੋਂ ਸ਼ੁਰੂ ਹੋ ਕੇ ਵਿਆਖਿਆ ਨਾਲ ਜੁੜੇ ਤੇ
ਇਤਿਹਾਸ ਦੇ ਕੁੱਝ ਅੰਸ਼ ਵੀ ਇਸ ਵਿੱਚ ਸ਼ਾਮਿਲ ਕੀਤੇ ਜਾਣ। ਸਿੱਖ ਸੰਸਥਾਂਵਾਂ ਆਮ ਤੌਰ ਤੇ
ਗੁਰਦੁਆਰਿਆਂ ਨਾਲ ਸਬੰਧਿਤ ਹੋਣ। ਵਿਦਿਆਰਥੀਆਂ ਲਈ ਹਰ ਗੁਰਪੁਰਬ ਵਿੱਚ ਸ਼ਾਮਲ ਹੋਣਾ ਜਰੂਰੀ ਹੋਵੇ ਤੇ
ਹਰ ਗੁਰਪੁਰਬ ਵਿੱਚ ਉਸ ਦੀ ਮਹੱਤਤਾ ਦਾ ਗਿਆਨ ਦਿਤਾ ਜਾਵੇ, ਹਰ ਜਮਾਤ ਵਿੱਚ ਘੱਟੋ ਘੱਟ ਇੱਕ ਧਾਰਮਿਕ
ਪੀਰਡ ਹੋਵੇ ਜਿਸ ਵਿੱਚ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖੀ ਕਦਰਾਂ ਕੀਮਤਾਂ ਦੀ ਸਿੱਖਿਆ ਦਿੱਤੀ
ਜਾਵੇ। ਸਿੱਖਾਂ ਵਿੱਚ ਡੇਰਿਆਂ ਬਾਰੇ ਸਹੀ ਜਾਣਕਾਰੀ ਵੰਡੀ ਜਾਵੇ ਤੇ ਉੰਨ੍ਹਾਂ ਦੀਆਂ ਕਮੀਆਂ ਨੂੰ
ਲੋਕਾਂ ਅੱਗੇ ਲਿਆਂਦਾ ਜਾਵੇ ਅਤੇ ਉੰਨ੍ਹਾਂ ਦੇ ਮੁਕਾਬਲੇ ਸਿੱਖੀ ਦੀਆਂ ਉੱਚ ਕਦਰਾਂ ਕੀਮਤਾਂ ਦੀ
ਸਿੱਖਿਆ ਦਿੱਤੀ ਜਾਵੇ।
ਘਰ ਮੌਲਿਕ ਅਤੇ ਧਾਰਮਿਕ ਸਿੱਖਿਆ ਦਾ ਪੰਘੂੜਾ ਹੈ। ਸਿੱਖਿਆ ਦੀ ਪਰਿਵਾਰਿਕ ਪ੍ਰਣਾਲੀ ਦਾ ਵੀ
ਨਵੀਨੀਕਰਨ ਹੋਣਾ ਚਾਹੀਦਾ ਹੈ। ਸਮਾਜਿਕ ਬੰਧਨਾਂ ਨੂੰ ਮਜ਼ਬੂਤ ਕੀਤਾ ਜਾਵੇ। ਮਾਂ ਸਭ ਤੌਂ ਵਧੀਆ
ਅਧਿਆਪਕ ਹੈ ਇਸ ਲਈ ਸਾਨੂੰ ਅਜਿਹੇ ਕੇਂਦਰ ਖੋਲਣੇ ਚਾਹੀਦੇ ਹਨ ਜੋ ਮਾਂਵਾਂ ਨੂੰ ਸਿੱਖਿਅਤ ਕਰਨ ਤਾਂ
ਕਿ ਮਾਂਵਾਂ ਅਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸਿੱਖੀ ਦੀ ਰਾਹ ਤੇ ਚਲਣ ਲਈ ਸਿੱਖਿਆ ਦੇਣ ਅਤੇ
ਪ੍ਰੇਰਿਤ ਕਰਨ। ਸਾਡੇ ਬਜ਼ੁਰਗਾਂ ਅਤੇ ਦਾਦੇ-ਦਾਦੀਆਂ ਨੂੰ ਧਾਰਮਿਕ ਕਦਰਾਂ ਕੀਮਤਾਂ ਰਾਹੀਂ ਆਪਣੇ
ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਲਈ ਸਾਡੀ ਸੋਚ ਦੂਹਰੀ ਹੋਣੀ ਚਾਹੀਦੀ ਹੈ; ਪਹਿਲਾਂ
ਸਾਨੂੰ ਚੰਗੇ ਰੋਲ ਮਾਡਲਾਂ (ਉਦਾਹਰਣਾਂ) ਦੀ ਜ਼ਰੂਰਤ ਹੈ ਅਤੇ ਦੂਸਰਾ ਸਾਨੂੰ ਅਜਿਹੀ ਬੋਲੀ ਅਤੇ
ਵਾਤਾਵਰਨ ਵਿੱਚ ਸਿੱਖੀ ਦਾ ਸੁਨੇਹਾ ਦਿੱਤਾ ਜਾਵੇ ਜੋ ਸਾਡੀ ਨਵੀਂ ਪੀੜ੍ਹੀ ਸਮਝ ਸਕੇ ਅਤੇ ਵਿਚਰ
ਸਕੇ। ਸਿੱਖ ਬੱਚਿਆਂ ਨੂੰ ਗੁਰਮੁਖੀ ਅਤੇ ਗੁਰਬਾਣੀ ਸਮਝਣੀਂ ਚਾਹੀਦੀ ਹੈ। ਗੁਰਦੁਆਰੇ ਇਸ ਵਿੱਚ ਵੱਡੀ
ਭੂਮਿਕਾ ਅਦਾ ਕਰ ਸਕਦੇ ਹਨ। ਇਹ ਨਿਰਾਸ਼ਾਯੋਗ ਗੱਲ ਹੈ ਕਿ ਸਾਡੇ ਗੁਰਦੁਆਰੇ ਅਧਿਆਤਮਕਤਾ ਦੀ ਥਾਂ
ਸ਼ਕਤੀ ਦੇ ਅਖਾੜੇ ਬਣਦੇ ਜਾ ਰਹੇ ਹਨ। ਸਾਡੇ ਗੁਰਦੁਆਰਿਆਂ ਵਿੱਚ ਪ੍ਰਬੰਧਕੀ ਚੋਣਾਂ ਕਰਕੇ ਹਰਦਮ
ਸੰਘਰਸ਼ ਚਲਦਾ ਰਹਿੰਦਾ ਹੈ ਅਤੇ ਲਾਲਚੀ ਪ੍ਰਬੰਧਕ ਹਮੇਸ਼ਾਂ ਗੁਰਦੁਆਰੇ ਨੂੰ ਅਪਣੇ ਕਬਜ਼ੇ ਵਿੱਚ ਲੈਣ ਲਈ
ਭਿਆਨਕ ਮੌਖਿਕ ਅਤੇ ਸਰੀਰਕ ਝੜਪਾਂ ਕਰਦੇ ਰਹਿੰਦੇ ਹਨ। ਇਸਦਾ ਸਿੱਟਾ ਹੈ ਕਿ ਉਹ ਨਵੀਂ ਪੀੜ੍ਹੀ ਦੇ
ਸਿੱਖਾਂ ਲਈ ਘਟੀਆ ਰੋਲ ਮਾਡਲ ਹੋਕੇ ਸਿੱਖੀ ਦੀ ਬੜੀ ਕੋਝੀ ਤਸਵੀਰ ਪੇਸ਼ ਕਰਦੇ ਹਨ। ਸਿੱਖ ਨੌਜਵਾਨ
ਇਸੇ ਲਈ ਬੇਉਤਸ਼ਾਹੀ ਹੋ ਗਏ ਹਨ ਅਤੇ ਗੁਰਦੁਆਰੇ ਜਾਣ ਤੋਂ ਕਤਰਾਉਂਦੇ ਹਨ।
ਸੋ ਜ਼ਰੂਰੀ ਹੈ ਕਿ ਨੌਜਵਾਨਾਂ ਵਿੱਚ ਉਤਸ਼ਾਹ ਪੈਦਾ ਕੀਤਾ ਜਾਵੇ। ਇਸ ਲਈ ਬਜ਼ੁਰਗਾਂ ਅਤੇ ਮਾਪਿਆਂ ਨੂੰ
ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਗੁਰੂਆਂ ਪ੍ਰਤੀ ਗੈਰ ਜ਼ਿੰਮੇਵਾਰੀ ਹੋਵੇਗੀ। ਇਸ ਲਈ
ਸਾਨੂੰ ਆਤਮ ਚਿੰਤਨ ਦੀ ਲੋੜ ਹੈ ਪਰ ਸਾਨੂੰ ਪਹਿਲਾਂ ਇਹ ਨਿਸ਼ਚਿਤ ਕਰਨਾ ਪਵੇਗਾ ਕਿ ਸਾਡੇ ਗੁਰਦੁਆਰੇ
ਹੇਠ ਲਿਖੇ ਤਰੀਕਿਆਂ ਨਾਲ ਸਿੱਖੀ ਦੀ ਸੇਵਾ ਕਰ ਸਕਦੇ ਹਨ:-
1. ਸਾਡੀ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਗੁਰੂਆਂ, ਪਰਮਾਤਮਾਂ ਅਤੇ ਅਧਿਆਤਮਕਤਾ ਦੇ ਨੇੜੇ ਲਿਆਉਣ
ਲਈ ਖੁੱਲਾ ਨਜ਼ਰੀਆ।
2. ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਹਰ ਇੱਕ ਨੂੰ ਸਹੀ ਸਿੱਖੀ ਜੀਵਨ ਬਤੀਤ
ਕਰਨ ਲਈ ਰਹਿਨੁਮਾਈ ਦੇਣੀ।
3. ਨਵੇਂ ਢੰਗ ਜਿਵੇਂ ਸੈਮੀਨਾਰ, ਵਰਕਸ਼ਾਪ ਅਤੇ ਖੁੱਲੇ ਆਚਾਰ ਵਿਚਾਰ ਕਰਨੇ ਅਤੇ ਸਿੱਖੀ ਦੇ ਫੈਲਾਅ
ਲਈ ਨਵੇਂ ਤਰੀਕੇ ਖੋਜਣੇ ਅਤੇ ਸੁਝਾਉਣੇ। ਇੱਥੇ ਹੀ ਸਿੱਖੀ ਦੇ ਤਿੰਨ ਮੂਲ ਸਿਧਾਂਤ ਨਾਮ ਜਪਣਾ, ਵੰਡ
ਛਕਣਾ ਅਤੇ ਕਿਰਤ ਕਰਨਾ ਸਿਖਾਉਣੇ ਚਾਹੀਦੇ ਹਨ। ਗੁਰਦੁਆਰਿਆਂ ਦੀ ਪ੍ਰਬੰਧਕੀ ਚੋਣ ਲਈ ਪੰਚ ਪ੍ਰਧਾਨੀ
ਪ੍ਰਣਾਲੀ ਸਹੀ ਰਹੇਗੀ।
ਅਗਲਾ ਕਦਮ ਸਕੂਲੀ ਪੱਧਰ ਅਤੇ ਉੱਚ ਸਿੱਖਿਆ ਦਾ ਹੈ। ਸਿੱਖਿਆ ਨਾ ਕੇਵਲ ਸਿੱਖੀ ਸਿਧਾਂਤਾਂ ਅਤੇ
ਚੇਤੰਨਤਾ ਭਰਦੀ ਹੈ ਬਲਕਿ ਆਤਮ ਵਿਸ਼ਵਾਸ, ਸਵਾਧੀਨਤਾ ਅਤੇ ਸਵੈਮਾਨ ਵੀ ਜਗਾਉਂਦੀ ਹੈ। ਸਮੇਂ ਦੀ ਮੰਗ
ਉੱਚ ਮਿਆਰੀ ਨਵੇਂ ਕਿੱਤੇਮੁਖੀ ਅਤੇ ਸੰਤੁਲਿਤ ਸਿੱਖਿਆ ਪ੍ਰਣਾਲੀ ਜੋ ਸਤਿਕਾਰਯੋਗ ਜੀਵਨੀਂ ਪ੍ਰਦਾਨ
ਕਰ ਸਕੇ ਅਤੇ ਨਾਲ ਹੀ ਸਿੱਖ ਕਦਰਾਂ ਕੀਮਤਾਂ, ਸੱਭਿਆਚਾਰ ਅਤੇ ਬੋਲੀ ਦਾ ਫੈਲਾਅ ਕਰ ਸਕੇ।
ਇਹ ਬੜੇ ਦੁੱਖ ਦੀ ਗੱਲ ਹੈ ਸਿੰਘ ਸਭਾ ਲਹਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਖਾਲਸਾ
ਦੀਵਾਨ ਦੁਆਰਾ ਸਥਾਪਿਤ ਕੀਤੀਆਂ ਗਈਆਂ ਸਿੱਖਿਆ ਸੰਸਥਾਂਵਾਂ ਚੱਲ ਤਾਂ ਰਹੀਆਂ ਹਨ ਪਰ ਇਹਨਾਂ
ਸੰਸਥਾਂਵਾਂ ਦਾ ਮਿਆਰ, ਭਰੋਸੇਯੋਗਤਾ ਅਤੇ ਸਿੱਖੀ ਕਦਰਾਂ ਕੀਮਤਾਂ ਲਈ ਦਿਨ ਪ੍ਰਤੀ ਦਿਨ ਇਸ ਹੱਦ ਤੱਕ
ਗਿਰਦੇ ਜਾ ਰਹੇ ਹਨ ਕਿ ਇਹ ਲੋਕਾਂ ਲਈ ਅਖੀਰਲਾ ਰਸਤਾ ਹੀ ਰਹਿ ਗਏ ਹਨ। ਇਸ ਦਾ ਮੁੱਖ ਕਾਰਨ ਸੰਪੂਰਨ
ਅਤੇ ਸ਼ਰੇਆਮ ਪ੍ਰਬੰਧਕੀ ਕਬਜ਼ੇ ਅਤੇ ਸਕੂਲਾਂ ਦਾ ਰਾਜਨੀਤੀਕਰਨ ਹੈ। ਪ੍ਰਬੰਧਕ ਦਿਸ਼ਾਹੀਨ ਵਿਅਕਤੀ ਹਨ
ਜੋ ਨਾਂ ਕਿੱਤੇ ਦੇ ਮਾਹਰ ਤੇ ਨਾਂ ਹੀ ਤਜਰਬੇਕਾਰ ਹਨ।
ਚੋਣਾਂ ਸਮੇਂ ਸਾਡੇ ਉੱਘੇ ਵਿਦਵਾਨਾਂ ਅਤੇ ਤਜਰਬੇਕਾਰ ਪ੍ਰਬੰਧਕਾਂ ਨੇ ਸਿੱਖਿਆ ਡਾਇਰੈਕਟੋਰੇਟ ਅਤੇ
ਵਿਸ਼ਵ ਸਿੱਖ ਯੁਨੀਵਰਸਿਟੀ ਦੀ ਸਥਾਪਨਾ ਦਾ ਵਾਅਦਾ ਤਾਂ ਕੀਤਾ ਪਰ ਜੋ ਸੰਗਠਨ ਸਾਹਮਣੇ ਆਏ ਹਨ ਉਹ
ਸਿੱਖੀ ਕਦਰਾਂ ਕੀਮਤਾਂ ਤੋਂ ਕਿਤੇ ਦੂਰ ਜਾਪਦੇ ਹਨ। ਇਸ ਤਰ੍ਹਾਂ ਮੈਨੇਜਮੈਂਟ, ਪਾਲਿਸੀ ਬਣਾਉਣਾਂ
ਅਤੇ ਇਹਨਾਂ ਸਕੂਲਾਂ ਲਈ ਫੈਸਲੇ ਲੈਣ ਦਾ ਕੰਮ ਸਿਰਫ ਦਫਤਰੀ ਬਾਬੂਆਂ ਜਾਂ ਰਾਜਨੀਤਕਾਂ ਦੇ ਹੱਥ ਹੀ
ਹੈ।
ਤਜਵੀਜ਼ ਕੀਤੀ ਜਾਂਦੀ ਹੈ ਕਿ:-
1. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ
ਆਟੋਨੌਮਸ ਸਿੱਖਿਆ ਡਾਇਰੈਕਟੋਰੇਟਾਂ ਦੀ ਸਥਾਪਨਾਂ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ। ਆਟੋਨੋਮਸ
ਸਿੱਖਿਆ ਡਾਇਰੈਕਟੋਰੇਟ ਵਿੱਚ ਉੱਘੇ ਸਿੱਖ, ਸਿਖਿਆਕਾਰ, ਤਜਰਬੇਕਾਰ ਪ੍ਰਬੰਧਕ, ਜਾਣੇ ਪਛਾਣੇ
ਕਿੱਤਾਕਾਰ ਅਤੇ ਗੁਰਦੁਆਰਾ ਕਮੇਟੀ ਦੇ ਨੁਮਾਇੰਦੇ ਹੋਣੇ ਚਾਹੀਦੇ ਹਨ। ਚੇਅਰਮੈਨ ਅਤੇ ਕਾਊਂਸਲ ਦੇ
ਵਧੇਰੇ ਮੈਂਬਰਾਂ ਕੋਲ ਸਕੂਲਾਂ ਦੇ ਪ੍ਰਬੰਧ, ਅਧਿਆਪਕਾਂ ਦੀ ਚੋਣ ਅਤੇ ਬਦਲੀ, ਦਾਖਲਾ ਸਬੰਧੀ
ਕਾਨੂੰਨ, ਸਿੱਖਿਆ ਦਾ ਢਾਂਚਾ ਘੜਣ ਆਦਿ ਦੇ ਗਿਣੇ ਮਿਥੇ ਅਧਿਕਾਰ ਹੋਣੇ ਚਾਹੀਦੇ ਹਨ। ਸਿੱਖਿਆ
ਕਾਉਂਸਲ ਦਾ ਇੱਕ ਹੋਰ ਮਹੱਤਵਪੂਰਨ ਕੰਮ ਕਿੱਤਾ ਮੁਖੀ ਸਿਖਲਾਈ ਦੀ ਜਰੂਰਤ ਅਤੇ ਮੰਗ ਅਨੁਸਾਰ ਕਲਾ,
ਵਿਗਿਆਨ ਅਤੇ ਵਣਜ-ਵਪਾਰ ਵਿੱਦਿਆ ਨੂੰ ਕਿੱਤਾਮੁਖੀ ਸਿੱਖਿਆ ਨਾਲ ਜੋੜਨਾ ਹੈ। ਇਸੇ ਤਰ੍ਹਾਂ ਸਿੱਖੀ
ਉੱਤੇ ਖੋਜ ਕਰਨ ਲਈ ਵਧੇਰੇ ਉਚੇਰੀ ਖੌਜ ਸੰਸਥਾ ਹੋਣੀ ਚਾਹੀਦੀ ਹੈ।
2. ਵਿਸ਼ਵ ਸਿੱਖ ਵਿਸ਼ਵ ਵਿਦਿਆਲਿਆ ਸਮੇਂ ਦੀ ਮੰਗ ਸੀ। ਵਿਸ਼ਵ ਪੱਧਰ ਤੇ ਸਿੱਖਿਆ ਨਾਲ ਸਬੰਧਿਤ ਅਤੇ
ਸਿੱਖੀ ਸਿਧਾਂਤਾਂ ਤੇ ਖਰੇ ਉਤਰਨ ਵਾਲੇ ਵਿਅਕਤੀ ਨੂੰ ਇਸ ਦਾ ਵਾਇਸ ਚਾਂਸਲਰ ਨਿਯੁਕਤ ਕੀਤਾ ਜਾਣਾ
ਚਾਹੀਦਾ ਸੀ ਪਰ ਇਸ ਨੂੰ ਆਮ ਯੂਨੀਵਰਸਿਟੀ ਵਾਂਗ ਹੀ ਬਣਾ ਲਿਆ ਗਿਆ ਜੋ ਬਾਅਦ ਵਿੱਚ ਲੜਾਈ ਝਗੜੇ ਦਾ
ਕਾਰਨ ਬਣ ਗਏ। ਯੁਨੀਵਰਸਿਟੀ ਵਿੱਚ ਸਿੱਖ ਵਿਦਿਆਰਥੀਆਂ ਲਈ ਸਿੱਖੀ ਦੇ ਵੱਖਰੇ-ਵੱਖਰੇ ਪੱਖ ਜਿਵੇਂ
ਸਿੱਖੀ ਅਧਿਆਤਮ, ਸਿੱਖ ਇਤਿਹਾਸ, ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਣੀ-ਬਾਣਾ, ਗੁਰਬਾਣੀ ਦੇ ਵਿਕਾਸ ਦੇ
ਪੱਖ, ਸਿੱਖੀ ਪ੍ਰਬੰਧ, ਸਿੱਖੀ ਕਾਨੂੰਨ, ਸਿੱਖ ਯੁੱਧ, ਸਿੱਖੀ ਦਾ ਵਿਸ਼ਵ ਤੇ ਅਸਰ, ਸਿੱਖ ਭੁਗੋਲਿਕ
ਹੱਦਾਂ, ਸਿੱਖ ਆਰਥਿਕਤਾ, ਸਿੱਖ ਸਿਆਸਤ, ਸਿੱਖ ਪ੍ਰਬੰਧਕੀ ਢਾਂਚਾ, ਮਿਸਲ ਪ੍ਰਣਾਲੀ, ਕੀਰਤਨ,
ਅਧਿਆਤਮ, ਸਿੱਖੀ ਕਦਰਾਂ ਕੀਮਤਾਂ ਨੂੰ ਖਤਰਾ ਅਤੇ ਹੋਰ ਅਨੇਕਾਂ ਹੀ ਵਿਸ਼ੇ ਹਨ ਜਿਨ੍ਹਾਂ ਦੇ ਖੋਜ
ਅਧਿਐਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਜੋ ਅਜੇ ਤਕ ਨਹੀਂ।
3. ਸਕੂਲ ਪ੍ਰਬੰਧਕਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪਾਠਕ੍ਰਮ ਵਿੱਚ ਸਿੱਖੀ ਦਾ ਭਵਿੱਖ,
ਕਦਰਾਂ ਕੀਮਤਾਂ ਨੂੰ ਸਹੀ ਤਰੀਕੇ ਨਾਲ ਸ਼ਾਮਿਲ ਕੀਤਾ ਜਾਵੇ। ਇਸ ਮੰਤਵ ਲਈ ਯੋਗ ਅਧਿਆਪਕਾਂ ਨੂੰ ਲੈਣਾ
ਚਾਹੀਦਾ ਹੈ ਜੋ ਸਿੱਖ ਧਰਮ ਦੀਆਂ ਪ੍ਰੰਪਰਾਵਾਂ; ਪੰਜਾਬੀ ਬੋਲੀ ਅਤੇ ਸਿੱਖੀ ਦੇ ਮੂਲ ਸਿਧਾਂਤਾਂ
ਵਿੱਚ ਪਰਪੱਕ ਹੋਣ।
4. ਸਿੱਖ ਸਕੂਲਾਂ/ਕਾਲਜਾਂ ਵਿੱਚ ਉਨ੍ਹਾਂ ਸਿੱਖ ਬੱਚਿਆਂ ਲਈ ਜੋ ਬਦਕਿਸਮਤੀ ਨਾਲ ਸ਼ਰਾਬ, ਨਸ਼ੇ,
ਤੰਬਾਕੂ ਦਾ ਸੇਵਨ ਕਰਦੇ ਹਨ ਜਾਂ ਏਡਜ਼ ਦੇ ਸ਼ਿਕੰਜੇ ਵਿੱਚ ਫਸ ਗਏ ਹਨ ਦੇ ਇਲਾਜ ਦਾ ਬੰਦੋਬਸਤ ਹੋਵੇ
ਤੇ ਮੁਢਲੀ ਸਿੱਖਿਆ ਦਿੱਤੀ ਜਾਵੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸੰਸਥਾਂਵਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ
ਹੈ ਕਿ ਸਿੱਖੀ ਵਿੱਚ ਪਰਪੱਕ ਅਧਿਆਪਕ ਹੀ ਰੱਖੇ ਜਾਣ। ਸਕੂਲ ਦੇ ਪਾਠਕ੍ਰਮ ਵਿੱਚ ਸਿੱਖ ਧਰਮ ਦੀਆਂ
ਸਿੱਖਿਆਵਾਂ ਅਤੇ ਧਿਆਨ ਲਾਉਣ ਦੇ ਤਰੀਕੇ ਪਾਏ ਜਾਣ। ਦਿਨ ਦੀ ਸ਼ੁਰੂਆਤ ਢੁਕਦੇ ਸ਼ਬਦ ਨਾਲ ਹੋਣੀ
ਚਾਹੀਦੀ ਹੈ, ਇਸ ਤੋਂ ਬਾਅਦ ਸਿੱਖ ਇਤਿਹਾਸ ਜਾਂ ਸਿੱਖ ਸਿਧਾਂਤਾਂ ਤੇ ਲੈਕਚਰ ਹੋਣਾ ਚਾਹੀਦਾ ਹੈ।
ਸਾਰੀਆਂ ਹੀ ਸਿੱਖ ਸੰਸਥਾਂਵਾਂ ਨਾਲ ਸੰਬੰਧਿਤ ਗੁਰਦੁਆਰੇ ਹਨ। ਸਾਰੇ ਵਿਦਿਆਰਥੀਆਂ ਨੂੰ ਸਾਰੇ
ਗੁਰਪੁਰਬ ਮਨਾਉਣਾ ਜ਼ਰੂਰੀ ਹੋਵੇ। ਸਾਰੇ ਸਿੱਖ ਸਿਧਾਂਤਾਂ ਦੀ ਸਿੱਖਿਆ ਦਿੱਤੀ ਜਾਵੇ। ਅਧਿਆਪਕ ਖੁਦ
ਉਦਾਹਰਣ ਬਣਨ। ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਧਿਆਪਕ ਨਿਯੁਕਤ ਹੋਣ ਜਾਂ ਉਨ੍ਹਾਂ ਦੀ
ਤਨਖਾਹ ਦਾ ਪ੍ਰਬੰਧ ਕੀਤਾ ਜਾਵੇ। ਦੂਰ ਦੁਰਾਡੇ ਦੇ ਖੇਤਰਾਂ ਵਿੱਚ ਸਿੱਖੀ ਸਿਧਾਂਤਾਂ ਵੱਲ ਖਾਸ ਧਿਆਨ
ਦਿੱਤਾ ਜਾਵੇ। ਇਸ ਮੰਤਵ ਲਈ ਇੱਕਜੁਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ।
ਸਿੱਖੀ ਸਿਧਾਂਤਾਂ ਪ੍ਰਤੀ ਉਦਾਸੀਨਤਾ ਸਿੱਖਾਂ ਨੂੰ ਡੇਰਿਆਂ ਵੱਲ ਖਿੱਚ ਰਹੀ ਹੈ। ਇਹ ਡੇਰੇ ਆਪਣੇ ਆਪ
ਨੂੰ ਸਿੱਖੀ ਦੇ ਪ੍ਰਚਾਰਕ ਕਹਿੰਦੇ ਹਨ ਜਦ ਕਿ ਇਹ ਸਿੱਖੀ ਦੇ ਨਾਂ ਤੇ ਆਪਣਾ ਉੱਲੂ ਸਿੱਧਾ ਕਰ ਰਹੇ
ਹਨ। ਸਮੇਂ ਦੀ ਲੋੜ ਹੈ ਕਿ ਇੱਕ ਯੋਜਨਾਬੱਧ ਤਰੀਕੇ ਨਾਲ ਇੱਕ ਮੁਹਿੰਮ ਚਲਾਈ ਜਾਵੇ ਤਾਂ ਜੋ ਇਨ੍ਹਾਂ
ਡੇਰਿਆਂ ਦਾ ਪਰਦਾ ਫਾਸ਼ ਕੀਤਾ ਜਾ ਸਕੇ। ਕੇਂਦਰੀ ਅਤੇ ਸੁਰੱਖਿਆ ਸੇਵਾਵਾਂ ਵਿੱਚ ਸਿੱਖਾਂ ਦੀ ਗਿਣਤੀ
ਦਿਨੋਂ ਦਿਨ ਘਟ ਰਹੀ ਹੈ। ਸਾਨੂੰ ਸਾਰੇ ਨੌਜਵਾਨਾਂ ਨੂੰ ਟ੍ਰੇਂਿਨੰਗ ਦੇ ਕੇ ਸਫਲ ਹੋਣ ਲਈ ਪ੍ਰੇਰਿਤ
ਕਰਨਾ ਚਾਹੀਦਾ ਹੈ। ਉਸੇ ਤਰ੍ਹਾਂ ਆਈ ਆਈ ਟੀ, ਆਈ ਆਈ ਐਮ ਤੇ ਆਈ ਆਈ ਐਸ ਵਰਗੇ ਸੰਸਥਾਨਾਂ ਵਿੱਚ ਵੀ
ਸਿੱਖ ਵਿਦਿਆਰਥੀਆਂ ਦੀ ਸੰਖਿਆ ਘਟ ਰਹੀ ਹੈ। ਸਾਨੂੰ ਖਾਸ ਤੌਰ ਤੇ ਸਿੱਖ ਵਿਦਿਆਰਥੀਆਂ ਨੂੰ ਇਸ ਮੰਤਵ
ਦੀ ਪੂਰਤੀ ਲਈ ਸਿਖਲਾਈ ਦੇਣੀ ਚਾਹੀਦੀ ਹੈ। ਇਸ ਲਈ ਸਾਨੂੰ ਨਿਵੇਕਲੀ ਸੰਸਥਾ ਕਾਇਮ ਕਰਨੀ ਚਾਹੀਦੀ
ਹੈ।
ਸਾਡੇ ਕੋਲ ਸੂਝਵਾਨ ਵਿਅਕਤੀਆਂ ਦੀ ਕਮੀ ਹੈ। ਮਿਸ਼ਨਰੀ ਸਿੱਖਿਆ ਦੀ ਪ੍ਰਣਾਲੀ ਹੁਣ ਨੌਕਰੀ ਅਤੇ ਪੈਸੇ
ਦਾ ਸ੍ਰੋਤ ਬਣਕੇ ਰਹਿ ਗਈ ਹੈ। ਬਹੁਤ ਥੋੜ੍ਹੇ ਵਿਦਿਆਰਥੀ ਸਹੀ ਪ੍ਰਚਾਰਕ ਸਿੱਧ ਹੁੰਦੇ ਹਨ। ਰਾਗੀ
ਅਤੇ ਪ੍ਰਚਾਰਕ ਹੁਣ ਅਧਿਆਤਮਕ ਪ੍ਰਾਪਤੀਆਂ ਦੀ ਥਾਂ ਤੇ ਸੰਸਾਰਕ ਪ੍ਰਾਪਤੀਆਂ ਵਿੱਚ ਪੈ ਗਏ ਹਨ।
ਸਾਨੂੰ ਮਿਸ਼ਨਰੀ ਸਿੱਖਿਆ ਵਿੱਚ ਪੂਰਾ ਬਦਲਾਉ ਲਿਆਉਣ ਦੀ ਲੋੜ ਹੈ।