.

ਜਪੁ ਬਾਣੀ ਅਰਥ ਭਾਵ ਉਚਾਰਣ ਸੇਧਾਂ ਸਹਿਤ-6

ਗਾਵੈ ਕੋ, ਜਾਪੈ ਦਿਸੈ ਦੂਰਿ

ਜਾਪੈ- ਜਾਪਦਾ ਹੈ

ਦਿਸੈ- ਦਿਸਦਾ ਹੈ

ਅਰਥ

ਕੋਈ ਵਿਆਪਕ ਬ੍ਰਹਮ ਨੂੰ ਗਾਉਂਦਾ ਹੈ ਕਿ ਉਹ ਦੂਰ ਦਿਸਦਾ ਜਾਪਦਾ ਹੈ

“ ਗਾਵੈ ਕੋ, ਵੇਖੈ ਹਾਦਰਾ ਹਦੂਰਿ”

ਹਾਦਰਾ ਹਦੂਰਿ- ਹਾਜ਼ਰ-ਨਾਜ਼ਰ

ਅਰਥ:

ਕੋਈ ਵਿਆਪਕ ਬ੍ਰਹਮ ਨੂੰ ਗਾਉਂਦਾ ਹੈ ਕਿ ਉਸ ਨੂੰ ਹਰ ਥਾਵੇਂ ਅਤੇ ਹਰ ਸਮੇਂ ਹਾਜ਼ਰ ਨਾਜ਼ਰ ਵੇਖਦਾ ਹੈ|

“ ਕਥਨਾ ਕਥੀ, ਨ ਆਵੈ ਤੋਟਿ”

ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ”

ਉਚਾਰਣ ਸੇਧ :

ਬਿੰਦੀ ਸਹਿਤ : ਕੋਟੀਂ

ਬਿੰਦੀ ਰਹਿਤ : ਕਥੀ

ਕਥਨਾ- ਕਥਾ ਕਹਾਣੀ

ਕਥੀ- ਬਿਆਨ ਕੀਤੀ

ਨ- ਮੁੱਕਣ ਵਿਚ ਨਹੀਂ ਆਉਂਦੀ

ਕਥਿ- ਨਿਰੰਤਰ ਕਥਨ ਕੀਤੀ ਗਈ ਹੈ

ਕੋਟੀ- ਕਰੋੜਾਂ ਜੀਵਾਂ ਵਲੋਂ

ਕੋਟਿ ਕੋਟਿ- ਅਨਿਸਚਿਤ ਸੰਖਿਅਕ ਵਿਸ਼ੇਸ਼ਣ, ਕ੍ਰੋੜਾਂ ਕ੍ਰੋੜਾਂ ਵਾਰੀ

ਅਰਥ:

ਹਰੇਕ ਕਥਨਹਾਰੇ ਨੇ ਸਮੇਂ ਸਮੇਂ ਆਪੋ ਆਪਣੇ ਦ੍ਰਿਸ਼ਟੀ ਕੋਣ ਤੋਂ ਉਸ ਵਿਆਪਕ ਬ੍ਰਹਮ ਦੀ ਕਥਾ ਕਹਾਣੀ ਬਿਆਨ ਕੀਤੀ ਹੈ ਪਰ ਉਸ ਦੀ ਕਥਾ ਕਹਾਣੀ ਅਮੁੱਕ ਹੋਣ ਕਰਕੇ ਮੁੱਕਣ ਵਿਚ ਨਹੀਂ ਆਉਂਦੀ; ਭਾਵੇਂ ਇਹ ਕਥਾ ਕਹਾਣੀ ਕ੍ਰੋੜਾਂ ਜੀਵਾਂ ਨੇ ਕ੍ਰੋੜਾਂ ਕ੍ਰੋੜਾਂ ਵਾਰੀ ਵਖ ਵਖ ਤਰੀਕਿਆਂ ਨਾਲ ਨਿਰਤੰਰ ਬਿਆਨ ਕੀਤੀ ਹੈ|

ਇਹਨਾਂ ਪਉੜੀਆਂ ਵਿਚ ਹਉਮੈ ਦਾ ਅਭਾਵ ਕਰਨ ਅਤੇ ਹੁਕਮ ਦੀ ਸੋਝੀ ਪ੍ਰਾਪਤ ਕਰਨ ਦਾ ਜਿਕਰ ਹੈ ਜੀਵ ਵਖ ਵਖ ਦ੍ਰਿਸ਼ਟੀ ਤੋਂ ਵਖ ਵਖ ਭਾਵਨਾ ਅਧੀਨ ਉਸ ਦਾ ਗੁਣਾਨਵਾਦ ਕਰਦੇ ਹਨ,

“ ਦੇਦਾ ਦੇ, ਲੈਦੇ ਥਕਿ ਪਾਹਿ” ਜੁਗਾ ਜੁਗੰਤਰਿ, ਖਾਹੀ ਖਾਹਿ”

ਉਚਾਰਣ ਸੇਧ

ਬਿੰਦੀ ਸਹਿਤ: ਦੇਂਦਾ, ਲੇਂਦੇ, ਪਾਹਿਂ, ਖਾਹਿਂ

ਬਿੰਦੀ ਰਹਿਤ: ਖਾਹੀ, ਇਸ ਤੇ ਬਿੰਦੀ ਦਾ ਪ੍ਰਯੋਗ ਕਰਨਾ ਗਲਤ ਹੈ

ਦੇਦਾ-ਦੇਂਦਾ, ਦੇਣ ਵਾਲਾ ਦਾਤਾਰ ਪ੍ਰਭੂ

ਲੈਦੇ-ਲੈਂਦੇ, ਲੈਣ ਵਾਲੇ ਜੀਵ

ਥਕਿ ਪਾਹਿ- ਥੱਕ ਪੈਂਦੇ ਹਨ

ਜੁਗਾਂ ਜੁਗੰਤਰਿ- ਸੰਧੀ, ਜੁਗਾਂ ਜੁਗਾਂ ਵਿਚ

ਖਾਹੀ ਖਾਹਿ- ਖਾਹੀ ਹੀ ਖਾਹੀ ਜਾ ਰਹੇ ਹਨ (ਕਿਰਦੰਤ)

ਅਰਥ :

ਦੇਣ ਵਾਲਾ ਦਾਤਾਰ ਪ੍ਰਭੂ ਅਮੋਲਕ ਦਾਤਾਂ ਨਿਰੰਤਰ ਦੇਈ ਜਾਂਦਾ ਹੈ, ਲੈਣ ਵਾਲੇ ਜੀਵ ਦਾਤਾਂ ਲੈ ਲੈ ਕੇ ਥੱਕ ਜਾਂਦੇ ਹਨ, ਜੁਗਾਂ ਜੁਗਾਂਤਰਾ ਤੋਂ ਜੀਵ ਦਾਤਾਰ ਪ੍ਰਭੂ ਦੀਆਂ ਦਾਤਾਂ ਖਾਹੀ ਖਾਹੀ ਜਾ ਰਹੇ ਹਨ , ਨਿਰੰਤਰ ਭੋਗ ਰਹੇ ਹਨ|

“ਹੁਕਮੀ ਹੁਕਮੁ ਚਲਾਏ ਰਾਹੁ “ ਨਾਨਕ, ਵਿਗਸੈ ਵੇਪਰਵਾਹੁ”

ਉਚਾਰਣ ਸੇਧ :

ਰਾਹੁ ਅਤੇ ਵੇਪਰਵਾਹੁ ਨੂੰ ਰਾਹੋ ,ਵੇਪਰਵਾਹੋ ਬੋਲਣਾ ਅਸ਼ੁਧ ਹੈ ਇਹਨਾ ਸ਼ਬਦਾਂ ਨੂੰ ਲੱਗਾ ਔਂਕੜ ਇਕ ਵਚਨ ਪੁਲਿੰਗ ਦਾ ਲਖਾਇਕ ਹੈ, ਸ਼ੁਧ ਉਚਾਰਣ ਹੈ ‘ਰਾਹ’ ਅਤੇ ‘ਵੇਪਰਵਾਹ ‘ ਹੈ

ਹੁਕਮੀ- ਨਾਂਵ ਸਬੰਧਕਾਰਕ ਇਕਵਚਨ, ਹੁਕਮ ਵਾਲੇ ਪ੍ਰਭੂ ਦਾ

ਹੁਕਮੁ- ਹੁਕਮ

ਵਿਗਸੈ- ਪ੍ਰਸੰਨ ਹੁੰਦਾ ਹੈ

ਅਰਥ :

ਹੁਕਮ ਵਾਲੇ ਵਿਆਪਕ ਬ੍ਰਹਮ ਦਾ ਹੁਕਮ ਸਮੁੱਚੀ ਸੰਸਾਰਕ ਪ੍ਰਕ੍ਰਿਆ ਦਾ ਸਿਲਸਿਲਾ ਚਲਾਅ ਰਿਹਾ ਹੈ, ਨਾਨਕ (ਮੁਹਰ ਛਾਪ) ਉਹ ਬੇਪਰਵਾਹ ਵਿਆਪਕ ਬ੍ਰਹਮ ਆਪਣੀ ਰਚੀ ਜਗਤ ਖੇਡ ਨੂੰ ਵੇਖ ਵੇਖ ਕੇ ਪ੍ਰਸੰਨ ਹੋ ਰਿਹਾ ਹੈ|

ਫੁਟਕਲ :

ਪ੍ਰੋ. ਸੋਹਣ ਸਿੰਘ ਜੀ ਅਤੇ ਹੋਰ ਕਈ ਟੀਕਾਕਾਰ ‘ਰਾਹੁ’ ਦਾ ਅਰਥ ਮਰਯਾਦਾ ਕਰਦੇ ਹਨ ਜੋ ਕਿ ਠੀਕ ਨਹੀਂ ਹੈ

“ ਸਾਚਾ ਸਾਹਿਬੁ, ਸਾਚੁ ਨਾਇ, ਭਾਖਿਆ ਭਾਉ ਅਪਾਰ”

ਉਚਾਰਣ ਸੇਧ :

ਬਿੰਦੀ ਸਹਿਤ : ਨਾਇਂ

ਸਾਚਾ ਸਾਹਿਬੁ- ਸਾਹਿਬੁ’ ਨਾਂਵ ਹੈ ਅਤੇ ‘ਸਾਚਾ’ ਵਿਸ਼ੇਸ਼ਣ ਹੈ, ਸਦਾ ਥਿਰ ਸੱਚ ਸਰੂਪ ਪ੍ਰਭੂ|

ਸਾਚੁ ਨਾਇ- ਨਾਂਵ, ਵਿਸ਼ੇਸ਼ਣ ਅਧਿਕਰਨ ਕਾਰਕ, ਸਚੇ ਨਾਮ ਕਰਕੇ

ਭਾਖਿਆ-ਬੋਲੀ (ਇਸਤਰੀ ਲਿੰਗ)

ਭਾਉ- ਪੁਲਿੰਗ, ਪ੍ਰੇਮ

ਅਪਾਰੁ- ਪਾਰ ਰਹਿਤ ਬੇਅੰਤ

ਅਰਥ :

ਮਾਲਕ ਪ੍ਰਭੂ ਸਚਾ ਸਦੀਵੀ ਹੋਂਦ ਵਾਲਾ ਹੈ, ‘ ਸਚ ਸਰੂਪ’ ਸਚੇ ਨਾਉਂ ਕਰਕੇ ਸਦਾ ਥਿਰ ਰਹਿਣ ਵਾਲਾ ਹੈ, ਉਸ ਦੀ ਬੋਲੀ ਪ੍ਰੇਮ ਹੈ ਜਿਸਦਾ ਹੱਦ ਬੰਨਾ ਕੋਈ ਨਹੀਂ

“ ਆਖਹਿ , ਮੰਗਹਿ, ਦੇਹਿ ਦੇਹਿ, ਦਾਤਿ ਕਰੇ ਦਾਤਾਰੁ”

ਉਚਾਰਣ ਸੇਧ :

ਬਿੰਦੀ ਸਹਿਤ :ਆਖਹਿਂ (ਆਖ੍ਹੈਂ) ਮੰਗਹਿਂ ( ਮੰਗ੍ਹੈਂ)

ਆਖਹਿ- ਕਿਰਿਆ ਵਰਤਮਾਨ ਕਾਲ ਬਹੁਵਚਨ ਅਨਪੁਰਖ, ਆਖਦੇ ਹਨ

ਮੰਗਹਿ- ਮੰਗਦੇ ਹਨ

ਅਰਥ :

ਜੀਵ ਆਪੋ ਆਪਣੀਆਂ ਬੇਨਤੀਆਂ ਪ੍ਰਭੂ ਅੱਗੇ ਆਖਦੇ ਹਨ, ਉਸ ਪਾਸੋਂ ਦਾਤਾਂ ਮੰਗਦੇ ਹਨ, ਆਖਦੇ ਹਨ ਐਹ ਦੇਹ, ਓਹ ਦੇਹ, ਦਾਤਾਰ ਪ੍ਰਭੂ ਸਭਨਾਂ ਨੂੰ ਦਾਤਾਂ ਦੇਂਦਾ ਹੈ|

ਫੁਟਕਲ : ਲਫ਼ਜ਼ ‘ਨਾਇ’ ਦਾ ਅਰਥ ‘ਇਨਸਾਫ’ ਕਰਨਾ ਢੁਕਵਾਂ ਨਹੀਂ ਹੈ, ਗੁਰਬਾਣੀ ਵਿਚ ‘ਨਾਇ’ ਲਫ਼ਜ਼ ‘ਨਾਮ’ ਅਰਥਾਂ ਵਿਚ ਹੀ ਵਰਤਿਆ ਹੈ , ‘ਭਾਖਿਆ’ ਦੇ ਅਰਥ ਕਿਰਿਆ ਰੂਪ ਵਿਚ ਕਰਣੇ ‘ਆਖਿਆ ਜਾਂਦਾ ਹੈ’ ਭੀ ਠੀਕ ਨਹੀਂ

‘ ਭਾਉ’ ਦਾ ਅਰਥ ‘ਭਾਵ ਜਾਂ ਖਿਆਲ ਨਹੀਂ ਹੋ ਸਕਦਾ ਕਿਉਂਕਿ ਜਦੋਂ ‘ਭਾਉ’ ਦਾ ਅਰਥ ‘ਭਾਵ’ ਹੋਵੇ ਤਾਂ ਨਾਲ ‘ਅਭਾਉ’ ਪਦ ਜਰੂਰ ਆਵੇਗਾ

“ ਜਉ ਲਉ ਭਾਉ ਅਭਾਉ ਇਹੁ ਮਾਨੈ, ਤਉ ਲਉ ਮਿਲਣੁ ਦੁਰਾਈ”

‘ਭਾਖਿ’ ਅਤੇ ‘ਭਾਖਿਆ’ ਪਦ ਦੋਨੋ ਅੱਲਗ ਅਲੱਗ ਸ਼ਬਦ ਹਨ, ‘ਭਾਖਿ’ ਮਧਮਪੁਰਖੀ ਕਿਰਿਆ ਹੈ ਅਤੇ ‘ਭਾਖਿਆ’ ਇਸਤਰੀਲਿੰਗ ਨਾਂਵ ਹੈ ਦੋਨਾ ਦੇ ਅਰਥਾਂ ਵਿਚ ਬਹੁਤ ਅੰਤਰ ਹੈ

‘ਭਾਖਿਆ’ ਦਾ ਅਰਥ ‘ਬੋਲੀ’ ਭਾਈ ਗੁਰਦਾਸ ਜੀ ਦੀਆਂ ਵਾਰਾ ਤੋਂ ਹੋਰ ਸਪਸ਼ੱਟ ਹੋ ਜਾਂਦਾ ਹੈ

“ ਪਸੁ ਪੰਖੀ ਮਿਰਗਾਵਲੀ ਭਾਖਿਆ ਭਾਉ ਅਲਾਉ ਸੁਣਾਏ” ਵਾਰ 17 ਪਉੜੀ 6

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ’

[email protected]




.