.

ਭੱਟ ਬਾਣੀ-29

ਬਲਦੇਵ ਸਿੰਘ ਟੋਰਾਂਟੋ

ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ।।

ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ।।

ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ।।

ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ।।

ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ ਸੁ ਮਤਿ ਜਲ੍ਯ੍ਯ ਜਾਣੀ ਜੁਗਤਿ।।

ਗੁਰੁ ਅਮਰਦਾਸੁ ਨਿਜ ਭਗਤੁ ਹੈ ਦੇਖਿ ਦਰਸੁ ਪਾਵਉ ਮੁਕਤਿ।। ੪।। ੧੩।।

(ਪੰਨਾ ੧੩੯੪)

ਪਦ ਅਰਥ:- ਜਿ – ਜਿਹੜੀ। ਮਤਿ – ਮੱਤ। ਗਹੀ – ਅਪਣਾਈ। ਜੈਦੇਵਿ – ਜੈ ਦੇਵ ਜੀ ਨੇ। ਸੰਮਾਣੀ – ਅਪਣਾਉਣੀ, ਅਪਣਾਈ। ਜਿ ਮਤਿ ਨਾਮੈ ਸੰਮਾਣੀ – ਜਿਹੜੀ ਮੱਤ ਨਾਮ ਦੇਵ ਜੀ ਨੇ ਅਪਣਾਈ। ਜਿ ਮਤਿ ਤ੍ਰਿਲੋਚਨ ਚਿਤਿ ਭਗਤ – ਜਿਹੜੀ ਮੱਤ ਭਗਤ ਤ੍ਰਿਲੋਚਨ ਜੀ ਨੇ ਆਪਣੇ ਚਿੱਤ `ਚ ਅਪਣਾਈ। ਕੰਬੀਰਹਿ ਜਾਣੀ – ਉਸੇ ਮੱਤ ਨੂੰ ਕਬੀਰ ਜੀ ਨੇ ਜਾਣ ਕੇ ਅਪਣਾਇਆ। ਰੁਕਮਾਂਗਦ – ਹੋਰਨਾਂ ਸਾਰੇ ਪਾਸਿਆਂ ਤੋਂ ਆਪਣੇ ਆਪ ਨੂੰ ਰੋਕ ਕੇ। ਕਰਤੂਤਿ – ਕਰਣੀ, ਜੀਵਨ ਵਿੱਚ ਅਪਣਾਉਣਾ। ਰਾਮੁ ਜੰਪਹੁ ਨਿਤ ਭਾਈ – ਹੇ ਭਾਈ! ਰੰਮੇ ਹੋਇ ਸੱਚ ਨੂੰ ਹੀ ਹਮੇਸ਼ਾ ਜਪੋ ਭਾਵ ਅਪਣਾਉ। ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ – ਇਸੇ ਤਰ੍ਹਾਂ ਅੰਮਰੀਕ ਅਤੇ ਪ੍ਰਹਿਲਾਦ ਨੇ ਗੋਬਿੰਦ ਦੀ ਸ਼ਰਨ ਆਉਣ ਨਾਲ ਹੀ (ਅਵਤਾਰਵਾਦ) ਤੋਂ ਗਤਿ/ਮੁਕਤੀ ਪ੍ਰਾਪਤ ਕੀਤੀ ਸੀ। ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ – ਜਿਸ ਮਤਿ ਨੂੰ ਅਪਣਾਉਣ ਨਾਲ ਲੋਭੁ, ਕ੍ਰੋਧੁ ਅਤੇ ਤ੍ਰਿਸ਼ਨਾ ਇਨ੍ਹਾਂ ਭਗਤਾਂ-ਇਨਕਲਾਬੀ ਪੁਰਸ਼ਾਂ ਨੇ ਛੱਡੀ। ਜਲ੍ਯ੍ਯ – ਭੱਟ ਜਾਲਪ ਜੀ। ਸੁ ਮਤਿ ਜਲ੍ਯ੍ਯ ਜਾਣੀ ਜੁਗਤਿ – ਉਹੀ ਮੱਤ, ਉਹੀ ਜੁਗਤ ਜਾਲਪ ਨੇ ਜਾਣੀ ਹੈ ਭਾਵ ਅਪਣਾਈ ਹੈ। ਸੁ – ਉਹ। ਗੁਰੁ – ਮੱਤ ਗਿਆਨ ਨੂੰ ਗੁਰੂ ਕਰਕੇ ਜੀਵਨ ਵਿੱਚ ਅਪਣਾਉਣਾ। ਅਮਰਦਾਸੁ ਨਿਜ ਭਗਤੁ ਹੈ – ਅਮਰਦਾਸ ਜੀ ਨਿਜ-ਖ਼ੁਦ ਆਪ ਉਸ (ਇਕੁ ਦੀ ਬਖ਼ਸ਼ਿਸ਼) ਗਿਆਨ ਗੁਰੂ ਦਾ ਭਗਤ (follower) ਹੈ। ਦੇਖਿ ਦਰਸੁ ਪਾਵਉ ਮੁਕਤਿ – ਜਿਸ ਦਾ ਜੀਵਨ ਦੇਖ ਕੇ (ਅਵਤਾਰਵਾਦ) ਤੋਂ ਮੁਕਤੀ ਪ੍ਰਾਪਤ ਕਰ ਲਈ ਹੈ। ਦੇਖ ਦਰਸ – ਜੀਵਨ ਦੇਖ ਕੇ।

ਅਰਥ:- ਹੇ ਭਾਈ! ਜਿਹੜੀ ਮੱਤ ਭਗਤ-ਇਨਕਲਾਬੀ ਪੁਰਸ਼ ਜੈ ਦੇਵ ਜੀ, ਭਗਤ ਨਾਮ ਦੇਵ ਜੀ, ਭਗਤ ਤ੍ਰਿਲੋਚਨ ਜੀ ਅਤੇ ਭਗਤ ਕਬੀਰ ਜੀ ਨੇ ਅਪਣਾਈ ਸੀ, ਹੇ ਭਾਈ! ਉਨ੍ਹਾਂ ਵਾਂਗ ਆਪਣੇ ਆਪ ਨੂੰ ਹੋਰਨਾਂ ਸਾਰਿਆਂ ਪਾਸਿਆਂ ਤੋਂ ਰੋਕ ਕੇ ਆਪਣੇ-ਆਪਣੇ ਜੀਵਨ ਵਿੱਚ ਉਸੇ (ਗਿਆਨ ਗੁਰੂ) ਦੇ ਮੱਤ ਨਾਲ ਹਮੇਸ਼ਾ ਰੰਮੇ ਹੋਏ ਦੇ ਸੱਚ ਨੂੰ ਹੀ ਆਪਣੇ ਜੀਵਨ ਵਿੱਚ ਅਪਣਾਉ। ਜਿਸ ਮੱਤ ਨੂੰ ਅਪਣਾ ਕੇ ਭਗਤ ਅੰਮਰੀਕ ਅਤੇ ਭਗਤ-ਇਨਕਲਾਬੀ ਪੁਰਸ਼ ਪ੍ਰਹਿਲਾਦ, ਗੋਬਿੰਦ ਦੀ ਸ਼ਰਨ ਆ ਕੇ (ਅਵਤਾਰਵਾਦੀ ਦੇਹਧਾਰੀ ਪਰੰਪਰਾ) ਤੋਂ ਗਤਿ ਭਾਵ ਮੁਕਤੀ ਪ੍ਰਾਪਤ ਕੀਤੀ ਸੀ। ਜਿਸ ਮੱਤ ਗਿਆਨ ਨੂੰ ਜੀਵਨ ਵਿੱਚ ਅਪਣਾਉਣ ਨਾਲ ਲੋਭ, ਕ੍ਰੋਧ ਅਤੇ ਤ੍ਰਿਸ਼ਨਾ ਦੀ ਮੱਤ ਇਨ੍ਹਾਂ ਭਗਤਾਂ-ਇਨਕਲਾਬੀ ਪੁਰਸ਼ਾਂ ਨੇ ਛੱਡੀ ਹੈ, ਉਹੀ ਮੱਤ, ਉਹੀ ਜੁਗਤ ਜਾਲਪ ਨੇ ਵੀ ਜਾਣੀ ਭਾਵ ਅਪਣਾਈ ਹੈ। ਜਿਸ ਗਿਆਨ ਗੁਰੂ ਦਾ ਅਮਰਦਾਸ ਜੀ ਨਿਜ-ਖ਼ੁਦ ਆਪ ਵੀ ਭਗਤ (follower) ਹੈ। ਹੇ ਭਾਈ! ਗਿਆਨ ਗੁਰੂ ਨੂੰ ਹੀ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ।

ਨੋਟ:-ਇਥੋਂ ਇਹ ਗੱਲ ਆਪਣੇ ਆਪ ਹੀ ਸਿੱਧ ਹੁੰਦੀ ਹੈ ਕਿ ਜਿਨ੍ਹਾਂ ਨੇ ਇਸ ਸੱਚ ਨੂੰ ਪ੍ਰਚਾਰਿਆ, ਉਨ੍ਹਾਂ ਨੇ ਇਹ ਸੱਚ ਆਪਣੇ ਜੀਵਨ ਵਿੱਚ ਆਪ ਵੀ ਅਪਣਾਇਆ ਸੀ। ਭਾਵ ਕਹਿਣੀ ਤੇ ਕਥਨੀ ਦੇ ਸੂਰੇ ਸਨ।

ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ।।

ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ।।

ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ।।

ਗੁਰੁ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ।।

ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ।।

ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ।। ੫।। ੧੪।।

(ਪੰਨਾ ੧੩੯੪-੯੫)

ਪਦ ਅਰਥ:- ਗੁਰੁ – ਗਿਆਨ ਨੂੰ ਜੀਵਨ ਵਿੱਚ ਅਪਣਾਉਣਾ। ਪਰਸੀਐ – ਜੁੜ ਕੇ ਜੁੜਨ ਨਾਲ। ਪੁਹਮਿ – ਭੂਮੀ, ਧਰਤੀ। ਪਾਤਿਕ – ਪਾਤਕੀ, ਪਾਪ ਕਰਨ ਵਾਲਾ, ਪਾਤਕ-ਕਰਮ ਦਾ ਕਰਤਾ (ਮ: ਕੋਸ਼)। ਪੁਹਮਿ ਪਾਤਿਕ – ਭੂਮੀ ਪਾਤਿਕ, ਧਰਤੀ ਉੱਪਰ ਪਾਪ ਜ਼ੁਲਮ ਕਮਾਉਣ ਵਾਲੇ (ਅਵਤਾਰਵਾਦੀ) ਬਿਨਾਸਹਿ – ਬਿਨਸ ਜਾਣਾ, ਖ਼ਤਮ ਹੋ ਜਾਣਾ। ਸਿਧ – ਸ੍ਰੇਸ਼ਟ। ਸਾਧਿਕ ਆਸਾਸਹਿ – ਸ੍ਰੇਸ਼ਟ ਵੀਚਾਰਧਾਰਾ ਨੂੰ ਅਪਣਾਉਣ ਲਈ ਲੋਚਦੇ ਹਨ। ਆਸਾਸਹਿ – ਮੰਗਦੇ ਹਨ, ਲੋਚਦੇ ਹਨ। (ਗੁ: ਗ੍ਰੰ: ਦਰਪਣ)। ਧਿਆਨੁ ਲਹੀਐ – ਧਿਆਨ ਦੇਈਏ। ਪਉ – ਪਹੁ (ਸੂਰਜ ਦੇ ਚੜ੍ਹਨ ਤੋਂ ਪਹਿਲਾਂ ਦਾ ਸਮਾਂ ਜਦੋਂ ਹਨੇਰਾ ਅਲੋਪ ਹੋਣਾ ਸ਼ੁਰੂ ਹੋ ਜਾਂਦਾ ਹੈ, ਉਸ ਸਮੇਂ ਨੂੰ ਕਹਿੰਦੇ ਹਨ) ਪਹੁ ਭਾਵ ਪਹੁ ਫੁੱਟਣਾ। ਪਉ ਮੁਕਹਿ – ਪਹੁ ਵੀ ਖ਼ਤਮ ਹੋ ਜਾਏ ਭਾਵ ਹਨੇਰਾ ਖ਼ਤਮ ਹੋ ਜਾਣਾ ਅਤੇ ਪੂਰਨ ਤੌਰ `ਤੇ ਪ੍ਰਕਾਸ਼ ਹੋ ਜਾਣਾ। ਅਭਉ ਲਭੈ – ਭੈਅ ਰਹਿਤ ਹੋ ਜਾਂਦੇ ਹਨ। ਗਉ – ਸੰ: ਗਮਨ ਜਾਣਾ ਭਾਵ ਮਰਨਾ, ਆਵਾਗਮਨ ਭਾਵ ਆਪ ਆਵਾਗਮਨ ਦੇ ਚੱਕਰ ਵਿੱਚ ਪਏ (ਅਵਤਾਰਵਾਦੀ) ਜੋ ਆਪਣੇ ਆਪ ਨੂੰ ਰੱਬ ਬਣਾ ਕੇ ਪੇਸ਼ ਕਰਦੇ ਹਨ। ਅਭਉ ਲਭੈ – ਭੈ ਰਹਿਤ। ਚੁਕਿਹਿ – ਚੁੱਕਿਆ ਜਾਂਦਾ ਹੈ। ਇਕੁ ਬਿੰਨਿ – ਇਕੁ ਅਕਾਲ ਪੁਰਖ ਤੋਂ ਬਿਨਾਂ। ਦੁਗਣ – ਦੂਜਾ। ਜੁ – ਜਿਹੜੀ। ਤਉ – ਤਦ, ਤਾਂ ਹੀ। ਤਉ ਰਹੈ – ਤਾਂ ਹੀ ਰਹਿਆ ਜਾ ਸਕਦਾ ਹੈ। ਜਾ – ਜਦੋਂ, ਜੇਕਰ। ਸੁਮੰਤ੍ਰਿ - ਸ੍ਰੇਸ਼ਟ ਮੰਤ੍ਰ, ਭਾਵ ਮੂਲ ਮੰਤ੍ਰ ਵਲ ਇਸ਼ਾਰਾ ਹੈ। ਮਾਨਵਹਿ ਲਹਿ – ਅਪਣਾ ਲਵੇ ਤਾਂ। ਜਾਲਪਾ – ਜਾਲਪ ਜੀ। ਪਦਾਰਥ – ਅਮੋਲਕ ਵਸਤ। ਇਤੜੇ – ਇਤਨੀ, ਇਤਨੇ। ਗੁਰ – ਗਿਆਨ ਗੁਰੂ। ਅਮਰਦਾਸਿ – ਅਮਰਦਾਸ ਜੀ ਨੂੰ। ਡਿਠੈ – ਪ੍ਰਾਪਤ। ਮਿਲਹਿ – ਮਿਲ ਕੇ, ਮਿਲਣ ਉਪਰੰਤ।

ਅਰਥ:- ਹੇ ਭਾਈ! ਅਮਰਦਾਸ ਜੀ ਦੇ ਦਰਸਾਏ ਗਿਆਨ ਗੁਰੂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਇਸ ਨਾਲ ਜੁੜਨ ਨਾਲ ਧਰਤੀ ਉੱਪਰ ਪਾਪ ਕਮਾਉਣ ਵਾਲੇ (ਅਵਤਾਰਵਾਦੀ) ਰਾਜਿਆਂ ਦਾ ਭੈ ਖ਼ਤਮ ਹੋ ਜਾਂਦਾ ਹੈ। ਜਿਨ੍ਹਾਂ ਦਾ ਭੈ ਖ਼ਤਮ ਹੋ ਜਾਂਦਾ ਹੈ, ਉਹ ਗਿਆਨ ਗੁਰੂ ਦੀ ਬਖ਼ਸ਼ਿਸ਼ ਸ੍ਰੇਸ਼ਟ ਵੀਚਾਰਧਾਰਾ ਨੂੰ ਹੀ ਆਪਣੇ ਜੀਵਨ ਵਿੱਚ ਅਪਣਾਉਣਾ ਮੰਗਦੇ ਹਨ। ਜੇਕਰ ਉਨ੍ਹਾਂ ਦੇ ਵਾਂਗ ਧਿਆਨ ਦੇਈਏ ਤਾਂ ਅਮਰਦਾਸ ਜੀ ਦੇ ਵਾਂਗ ਗਿਆਨ ਗੁਰੂ ਨੂੰ ਅਪਣਾਉਣ ਨਾਲ ਅੰਦਰੋਂ ਪਹੁ ਵੀ ਖ਼ਤਮ ਹੋ ਜਾਂਦੀ ਭਾਵ ਪੂਰਨ ਤੌਰ `ਤੇ ਪ੍ਰਕਾਸ਼ ਹੋ ਜਾਂਦਾ ਹੈ। ਜਿਨ੍ਹਾਂ ਦੇ ਅੰਦਰ ਅਮਰਦਾਸ ਜੀ ਦੇ ਵਾਂਗ ਪੂਰਨ ਤੌਰ `ਤੇ ਗਿਆਨ ਗੁਰੂ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਨ੍ਹਾਂ ਦੇ ਅੰਦਰੋਂ ਆਪ ਆਵਾਗਵਣ ਵਿੱਚ ਪਏ ਹੋਏ (ਅਵਤਾਰਵਾਦੀਆਂ) ਦੇ ਡਰ ਦਾ ਭਰਮ ਚੁੱਕਿਆ ਜਾਂਦਾ ਹੈ। ਗਿਆਨ ਗੁਰੂ ਨੂੰ ਆਪਣੇ ਜੀਵਨ ਵਿੱਚ ਅਪਣਾਉ ਤਦ ਹੀ ਇਕੁ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਦੁਚਿੱਤੀਪਣ ਤੋਂ ਸ੍ਰੇਸ਼ਟ ਮੰਤ੍ਰ-ਮੂਲ ਮੰਤ੍ਰ ਦਾ ਸਿਧਾਂਤ ਅਪਣਾ ਕੇ ਹੀ ਦੂਰ ਰਿਹਾ ਜਾ ਸਕਦਾ ਹੈ। ਹੇ ਭਾਈ! ਜਾਲਪ ਨੇ ਗਿਆਨ ਗੁਰੂ ਦਾ ਇਤਨਾ ਕੀਮਤੀ-ਅਮੋਲਕ ਗਿਆਨ ਰੂਪੀ-ਪਦਾਰਥ ਅਮਰਦਾਸ ਜੀ ਨੂੰ ਮਿਲਣ ਉਪਰੰਤ ਹੀ ਪ੍ਰਾਪਤ ਕੀਤਾ ਹੈ।

ਇਹ ੧੪ ਸਵਈਏ ਭੱਟ ਜਾਲਪ ਜੀ ਦੇ ਉਚਾਰਣ ਕੀਤੇ ਹੋਏ ਹਨ, ਜਿੱਥੇ ੯ ਨੰ: ਸਵਈਏ ਤੋਂ ਬਾਅਦ ਜਦੋਂ ਨੰਬਰ।। ੧।। ਸ਼ੁਰੂ ਹੁੰਦੀ ਹੈ ਤਾਂ ਰਚੇਤਾ ਨਹੀਂ ਬਦਲਿਆ, ਪ੍ਰਕਰਣ ਬਦਲਿਆ ਹੈ। ਇਸ ਤੋਂ ਅੱਗੇ ਵੀ ਰਚੇਤਾ ਨਹੀਂ ਬਦਲੇ, ਪ੍ਰਕਰਣ ਹੀ ਬਦਲਿਆ ਹੈ। ਇਸ ਤੋਂ ਅਗਲੇ ੪ ਸਵਈਏ ਵੀ ਜਾਲਪ ਜੀ ਦੇ ਹੀ ਹਨ।

ਨੋਟ:- ਪਹੁ ਤੋਂ ਭਾਵ ਜੋ ਸੂਰਜ ਦੇ ਉਦੇ ਹੋਣ ਤੋਂ ਪਹਿਲਾਂ ਥੋੜ੍ਹਾ ਜਿਹਾ ਹਨੇਰਾ ਹੁੰਦਾ ਹੈ। ਜਦੋਂ ਸੂਰਜ ਪੂਰਨ ਰੂਪ ਵਿੱਚ ਉਦੇ ਹੁੰਦਾ ਹੈ ਤਾਂ ਪੂਰਣ ਪ੍ਰਕਾਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਪੂਰਣ ਗਿਆਨ ਪ੍ਰਾਪਤ ਹੁੰਦਾ ਹੈ ਤਾਂ ਪਹੁ ਵੀ ਅਲੋਪ ਹੋ ਜਾਂਦੀ ਹੈ।




.