. |
|
ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੨੬)
Gurmat and science in present scenario (Part-26)
ਚੰਦਰਮਾ ਸੂਰਜ ਕੋਲੋ ਚਾਨਣ ਲੈਂਦਾ ਹੈ
Sun lights up the Moon
ਗੁਰਬਾਣੀ ਨੂੰ ਧਿਆਨ ਨਾਲ ਵਿਚਾਰੀਏ ਤਾਂ ਪਤਾ ਲਗਦਾ ਹੈ ਕਿ ਭਾਵੇਂ ਗੁਰੂ
ਸਾਹਿਬਾਂ ਦਾ ਮੰਤਵ ਸਾਇੰਸ ਪੜ੍ਹਾਣਾ ਨਹੀਂ ਸੀ, ਪਰੰਤੂ ਉਦਾਹਰਣਾ ਦੇ ਕੇ ਸਮਝਾਉਂਣ ਲਈ ਬਹੁਤ
ਸਾਰੀਆਂ ਸਚਾਈਆਂ ਵੀ ਦਸ ਦਿਤੀਆਂ, ਜਿਹੜੀਆਂ ਕਿ ਅੱਜ ਦੀ ਸਾਇੰਸ ਨਾਲ ਹੁਣ ਸਮਝ ਆ ਰਹੀਆਂ ਹਨ।
ਹੇਠ ਲਿਖੇ ਸਬਦ ਵਿੱਚ ਗੁਰੂ ਸਾਹਿਬ ਬੜੀ ਸੁੰਦਰ ਸੱਚਾਈ ਤੇ ਉਸ ਦੀ ਉਦਾਰਹਣ
ਦੇ ਕੇ ਸਮਝਾਉਂਦੇ ਹਨ। ਰਾਤ ਵੇਲੇ ਅਸੀਂ ਚੰਦਰਮੇ ਦੀ ਰੌਸ਼ਨੀ ਨਾਲ ਵੇਖ ਸਕਦੇ ਹਾਂ, ਪਰੰਤੂ ਇਹ
ਰੌਸ਼ਨੀ ਚੰਦਰਮੇ ਦੀ ਆਪਣੀ ਨਹੀਂ ਹੁੰਦੀ, ਕਿਉਂਕਿ ਚੰਦਰਮੇ ਦੇ ਅੰਦਰ ਰੌਸ਼ਨੀ ਸੂਰਜ ਦੀ ਹੁੰਦੀ ਹੈ।
ਸਾਨੂੰ ਰਾਤ ਵੇਲੇ ਚਾਨਣ ਲਈ ਚੰਦਰਮੇ ਦੀ ਰੌਸ਼ਨੀ ਸਹਾਈ ਹੁੰਦੀ ਹੈ, ਇਸੇ ਤਰ੍ਹਾਂ ਮਨੁੱਖਾ ਜੀਵਨ
ਵਿੱਚ ਅਗਿਆਨਤਾ ਦੂਰ ਕਰਨ ਲਈ ਸਬਦ ਗੁਰੂ ਦਾ ਗਿਆਨ ਸਹਾਈ ਹੁੰਦਾ ਹੈ, ਜਿਸ ਦਾ ਸੰਬੰਧ ਗਿਆਨ ਦੇ
ਸੋਮੇ ਅਕਾਲ ਪੁਰਖ ਨਾਲ ਹੈ। ਜੇਹੜਾ ਮਨੁੱਖ ਸ਼ਬਦ ਗੁਰੂ ਅਨੁਸਾਰ ਜੀਵਨ ਵਿੱਚ ਵਿਚਰਦਾ ਹੈ, ਉਹ ਸਬਦ
ਗੁਰੂ ਦੁਆਰਾ ਆਤਮਕ ਜੀਵਨ ਦੇਣ ਵਾਲਾ ਨਾਮੁ ਪ੍ਰਾਪਤ ਕਰਦਾ ਹੈ, ਤੇ ਉਸ ਦਾ ਹਉਮੈ ਘਟਨਾ ਸ਼ੁਰੂ ਹੋ
ਜਾਂਦਾ ਹੈ, ਅੰਦਰ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਤੇ ਦੁਨਿਆਵੀ ਡਰ ਦੂਰ ਹੋ ਜਾਂਦਾ ਹੈ। ਅਜੇਹੇ
ਮਨੁੱਖ ਨੂੰ ਉਹ ਆਤਮਕ ਅਵਸਥਾ ਮਿਲ ਜਾਂਦੀ ਹੈ, ਜਿਥੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਤੇ ਉਹ ਉੱਚੇ
ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ।
ਸਤਿਗੁਰ ਮਿਲਹੁ ਆਪੇ ਪ੍ਰਭੂ ਤਾਰੇ॥
ਸਸਿ ਘਰਿ ਸੂਰੁ ਦੀਪਕੁ ਗੈਣਾਰੇ॥
ਦੇਖਿ ਅਦਿਸਟੁ ਰਹਹੁ ਲਿਵ ਲਾਗੀ ਸਭੁ ਤ੍ਰਿਭਵਣਿ ਬ੍ਰਹਮੁ ਸਬਾਇਆ॥ ੩॥ (੧੦੪੧)
ਜਿਸ ਤਰ੍ਹਾਂ ਧਰਤੀ ਆਪਣੇ ਧੁਰੇ ਦੁਆਲੇ (੨੪ ਘੰਟੇ) ਘੁੰਮਦੀ ਹੈ ਤੇ ਸੂਰਜ
ਦੇ ਗਿਰਦ (੩੬੫. ੨੪ ਦਿਨ) ਵੀ ਚੱਕਰ ਲਗਾਉਂਦੀ ਹੈ। ਠੀਕ ਉਸੇ ਤਰ੍ਹਾਂ ਚੰਦਰਮਾ ਵੀ ਆਪਣੇ ਧੁਰੇ
ਦੁਆਲੇ (੨੭. ੩ ਦਿਨ) ਵੀ ਘੁੰਮਦਾ ਹੈ ਤੇ ਧਰਤੀ ਦੇ ਗਿਰਦ (੨੭. ੩ ਦਿਨ) ਵੀ ਚੱਕਰ ਲਗਾਉਂਦਾ ਹੈ।
ਸੂਰਜ ਤੋਂ ਬਾਅਦ ਦੂਸਰਾ ਚੰਦਰਮਾ ਹੀ ਹੈ, ਜਿਸ ਦੀ ਰੌਸ਼ਨੀ ਧਰਤੀ ਤੇ ਪਹੁੰਚਦੀ ਹੈ। ਸੂਰਜ ਕੋਲ ਆਪਣੀ
ਰੌਸ਼ਨੀ ਹੈ, ਪਰੰਤੂ ਚੰਦਰਮੇ ਕੋਲ ਆਪਣੀ ਰੌਸ਼ਨੀ ਨਹੀਂ ਹੈ। ਚੰਦਰਮਾ ਸੂਰਜ ਦੀ ਰੌਸ਼ਨੀ ਮੋੜ ਕੇ ਧਰਤੀ
ਤੇ ਭੇਜਦਾ ਹੈ। ਜਿਸ ਤਰ੍ਹਾਂ ਚੰਦਰਮੇ ਦੀ ਧਰਤੀ ਤੋਂ ਦੂਰੀ ਤੇ ਦਿਸ਼ਾ ਬਦਲਦੀ ਰਹਿੰਦੀ ਹੈ, ਉਸ
ਅਨੁਸਾਰ ਚੰਦਰਮੇ ਦਾ ਆਕਾਰ ( phases)
ਤੇ ਰੌਸ਼ਨੀ ਬਦਲਦੀ ਰਹਿੰਦੀ ਹੈ।
ਗਰੀਕ ਦੇ ਦਾਰਸ਼ਨਿਕ ਐਨਾਕਸਾਗੋਰਸ ( Anaxagoras)
ਨੇ 428 BC
ਵਿਚ ਕਿਹਾ ਸੀ, ਕਿ
ਚੰਦਰਮਾ ਸੂਰਜ ਦੀ ਰੌਸ਼ਨੀ ਮੋੜ ਕੇ ਧਰਤੀ ਤੇ ਭੇਜਦਾ ਹੈ।
499 AD ਵਿਚ
ਭਾਰਤੀ ਆਸਟਰੌਨਮਰ ਆਰਿਆ
ਭੱਟ (Aryabhata)
ਨੇ ਵੀ ਕਿਹਾ ਸੀ, ਕਿ ਚੰਦਰਮਾ ਸੂਰਜ ਦੀ ਰੌਸ਼ਨੀ
ਮੋੜ ਕੇ ਧਰਤੀ ਤੇ ਭੇਜਦਾ ਹੈ। ਅੱਲਹਜ਼ਨ (Alhazen (965–1039))
ਨੇ ਦੱਸਿਆ ਸੀ, ਕਿ ਚੰਦਰਮਾ ਸੂਰਜ ਦੀ ਰੌਸ਼ਨੀ ਨੂੰ
ਇੱਕ ਸ਼ੀਸ਼ੇ ਦੀ ਤਰ੍ਹਾਂ ਨਹੀਂ ਮੋੜਦਾ ਹੈ, ਬਲਕਿ ਚੰਦਰਮੇ ਦੇ ਹਰੇਕ ਭਾਗ ਤੋਂ ਰੌਸ਼ਨੀ ਮੋੜੀ ਜਾਂਦੀ
ਹੈ। ਸੈਲਿਊਕਸ (2nd
century BC, Seleucus)
ਨੇ ਦੱਸਿਆ ਕਿ ਸਮੁੰਦਰ ਵਿੱਚ ਜਵਾਰ ਭਾਟਾ ਚੰਦਰਮੇ ਦੀ ਖਿਚ
ਕਰਕੇ ਹੁੰਦਾ ਹੈ, ਤੇ ਇਸ ਦੀ ਉਚਾਈ ਚੰਦਰਮੇ ਦੀ ਸਥਿਤੀ ਤੇ ਨਿਰਭਰ ਕਰਦੀ ਹੈ।
ਚੰਦਰਮੇ, ਗ੍ਰਹਿ ਤੇ ਤਾਰਿਆਂ ਸਬੰਧੀ ਬਹੁਤ ਸਾਰੀਆਂ ਖੋਜਾਂ ਗੈਲੀਲੀਓ ਦੀ
ਟੈਲੀਸਕੋਪ ( Galileo, 1609)
ਦੀ ਕਾਢ ਨਾਲ ਸਾਬਤ ਹੋਈਆਂ। ਵੀਨਸ ਗ੍ਰਹਿ ਸੂਰਜ
ਤੋਂ ਦੂਰੀ ਅਨੁਸਾਰ ਦੂਸਰਾ ਗ੍ਰਹਿ ਹੈ, ਤੇ ਚੰਦਰਮੇ ਤੋਂ ਬਾਅਦ ਇਸ ਦੀ ਰੌਸ਼ਨੀ ਹੀ ਹੈ, ਜੋ ਕਿ ਆਕਾਸ਼
ਵਿੱਚ ਦਿਖਾਈ ਦਿੰਦੀ ਹੈ। ਗੈਲੀਲੀਓ ਨੇ ਚੰਦਰਮੇ ਦੀ ਤਰ੍ਹਾਂ ਵੀਨਸ ਗ੍ਰਹਿ ਦੀਆਂ ਫੇਜ਼ਿਜ਼ (phases
of Venus) ਵੀ ਆਪਣੀ ਟੈਲੀਸਕੋਪ ਰਾਹੀ ਰਿਕਾਰਡ
ਕੀਤੀਆਂ। ਗੈਲੀਲੀਓ ਨੇ ਟੈਲੀਸਕੋਪ ਰਾਹੀ ਯੂਪੀਟਰ ਗ੍ਰਹਿ (Jupiter)
ਦੇ ਚਾਰ ਚੰਦਰਮਿਆਂ ਬਾਰੇ ਖੋਜ ਕੀਤੀ। ਉਸ ਸਮੇਂ ਆਮ ਇਹੀ ਕਿਹਾ ਜਾਂਦਾ ਸੀ, ਕਿ ਸੂਰਜ ਤੇ ਸਾਰੇ
ਤਾਰੇ ਧਰਤੀ ਦੇ ਦੁਆਲੇ ਘੁੰਮਦੇ ਹਨ, ਪਰੰਤੂ ਗੈਲੀਲੀਓ ਨੇ ਇਸ ਦੇ ਉਲਟ ਕਿਹਾ ਸੀ, ਕਿ ਧਰਤੀ ਸਮੇਤ
ਸਾਰੇ ਗ੍ਰਹਿ ਸੂਰਜ ਦੇ ਦੁਆਲੇ ਘੁੰਮਦੇ ਹਨ। ਸਮੇਂ ਦੇ ਹਾਕਮਾਂ ਨੇ ਅਜੇਹਾ ਕਹਿਣ ਤੇ ਗੈਲੀਲੀਓ ਨੂੰ
ਉਸ ਦੇ ਘਰ ਵਿੱਚ ਕੈਦ ਕਰ ਦਿਤਾ ਸੀ।
ਗੁਰੂ ਨਾਨਕ ਸਾਹਿਬ ( 1469-1539)
ਕੋਲ ਕੋਈ ਟੈਲੀਸਕੋਪ ਨਹੀਂ ਸੀ, ਪਰੰਤੂ ਉਨ੍ਹਾਂ ਨੇ ਆਪਣੀ ਬਾਣੀ ਵਿਚ
ਸਪੱਸ਼ਟ ਕਹਿ ਦਿਤਾ ਸੀ, ਕਿ ਜੋ ਅਸੀਂ ਚੰਦਰਮੇ ਦੀ ਰੌਸ਼ਨੀ ਨਾਲ ਰਾਤ ਵੇਲੇ ਵੇਖਦੇ ਹਾਂ, ਉਹ ਰੌਸ਼ਨੀ
ਚੰਦਰਮੇ ਦੀ ਆਪਣੀ ਨਹੀਂ ਹੁੰਦੀ ਹੈ, ਬਲਕਿ ਚੰਦਰਮੇ ਦੇ ਅੰਦਰ ਸੂਰਜ ਦੀ ਰੌਸ਼ਨੀ ਸਮਾਈ ਹੁੰਦੀ ਹੈ।
ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ ਤੁਰੀਆ ਅਵਸਥਾ ਨੂੰ ਲੱਭ ਲੈਂਦਾ ਹੈ, ਉਸ
ਸਮੇਂ ਰਜੋ ਗੁਣ ਤਮੋ ਗੁਣ ਸਤੋ ਗੁਣ, ਮਾਇਆ ਦਾ ਇਹ ਹਰੇਕ ਗੁਣ, ਉਸ ਚੌਥੇ ਪਦ (ਗੁਰਮੁਖਿ ਅਵਸਥਾ)
ਵਿੱਚ ਲੀਨ ਹੋ ਜਾਂਦਾ ਹੈ। ਹੇਠ ਲਿਖਿਆ ਸਬਦ ਇਹੀ ਸਮਝਾਂਉਂਦਾ ਹੈ ਕਿ ਚੰਦਰਮੇ ਦੇ ਅੰਦਰ ਸੂਰਜ ਦੀ
ਗਰਮੀ ਸਮਾ ਜਾਂਦੀ ਹੈ। ਭਾਵ ਸ਼ਾਂਤੀ ਦੇ ਘਰ (ਅਕਾਲ ਪੁਰਖ) ਵਿੱਚ ਮਨੁੱਖ ਦੇ ਮਨ ਦੀ ਤਪਸ਼ ਸਮਾ ਜਾਂਦੀ
ਹੈ, ਉਸ ਵੇਲੇ ਮਨੁੱਖ ਅਕਾਲ ਪੁਰਖ ਨਾਲ ਮਿਲਾਪ ਕਰਵਾਉਂਣ ਵਾਲੀ ਜੁਗਤੀ ਦੀ ਕਦਰ ਸਮਝਦਾ ਹੈ। ਫਿਰ
ਮਨੁੱਖ ਉਸ ਅਕਾਲ ਪੁਰਖ ਵਿੱਚ ਆਪਣੀ ਸੁਰਤਿ ਜੋੜੀ ਰੱਖਦਾ ਹੈ, ਜਿਹੜਾ ਸਾਰੀ ਸ੍ਰਿਸ਼ਟੀ ਵਿੱਚ ਅਤੇ
ਹਰੇਕ ਥਾਂ ਸਮਾਇਆ ਹੋਇਆ ਹੈ।
ਚਉਦਸਿ ਚਉਥੇ ਥਾਵਹਿ ਲਹਿ ਪਾਵੈ॥ ਰਾਜਸ ਤਾਮਸ ਸਤ ਕਾਲ ਸਮਾਵੈ॥
ਸਸੀਅਰ ਕੈ ਘਰਿ ਸੂਰੁ ਸਮਾਵੈ॥
(੮੪੦)
ਸਤਿਗੁਰੂ ਦਾ ਸ਼ਬਦ ਉੱਚਾਰਨ ਨਾਲ ਮਨੁੱਖ ਦੇ ਹਿਰਦੇ ਵਿੱਚ ਚੰਦਰਮੇ ਦੀ ਅਪਾਰ
ਜੋਤਿ ਪਰਗਟ ਹੋ ਜਾਂਦੀ ਹੈ, ਭਾਵ, ਮਨੁੱਖ ਦੇ ਹਿਰਦੇ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ। ਜਦੋਂ
ਮਨੁੱਖ ਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਤਾਂ ਫਿਰ ਅਗਿਆਨਤਾ ਦਾ ਹਨੇਰਾ ਮਿਟ
ਜਾਂਦਾ ਹੈ। ਚੰਦਰਮਾ ਦੇ ਘਰ ਵਿੱਚ ਸੂਰਜ ਆ ਵੱਸਦਾ ਹੈ ਭਾਵ, ਸ਼ਾਂਤ ਹਿਰਦੇ ਵਿੱਚ ਗਿਆਨ ਦਾ ਸੂਰਜ
ਚੜ੍ਹ ਪੈਂਦਾ ਹੈ। ਸ਼ਬਦ ਗੁਰੂ ਦੀ ਬਰਕਤਿ ਨਾਲ ਜਦੋਂ ਗੁਰਮੁਖਿ ਸੁਖ ਤੇ ਦੁੱਖ ਨੂੰ ਇਕੋ ਜਿਹਾ ਜਾਣ
ਕੇ ਅਕਾਲ ਪੁਰਖ ਦੇ ਨਾਮੁ ਨੂੰ ਆਪਣੇ ਜੀਵਨ ਦਾ ਆਧਾਰ ਬਣਾਂਦਾ ਹੈ, ਫਿਰ ਭਾਂਵੇ ਸੁਖ ਹੋਵੇ ਜਾਂ
ਦੁੱਖ ਉਹ ਹਰ ਵੇਲੇ ਅਕਾਲ ਪੁਰਖ ਨੂੰ ਯਾਦ ਰੱਖਦਾ ਹੈ, ਤੇ ਅਕਾਲ ਪੁਰਖ ਆਪ ਹੀ ਮਨੁੱਖ ਨੂੰ ਇਸ
ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।
ਸਬਦੁ ਭਾਖਤ ਸਸਿ ਜੋਤਿ ਅਪਾਰਾ॥
ਸਸਿ ਘਰਿ ਸੂਰੁ ਵਸੈ ਮਿਟੈ
ਅੰਧਿਆਰਾ॥ (੯੪੩)
ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਉਦਾਸੀ ਲੋਕਾਂ ਬਾਰੇ ਸਮਝਾਂਉਂਦੇ ਹਨ,
ਕਿ ਅਸਲ ਉਦਾਸੀ ਉਹ ਹੈ, ਜੋ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਤੇ ਆਪਣੀ ਉਪਰਾਮਤਾ ਨੂੰ ਸਦਾ ਕਾਇਮ
ਰੱਖਦਾ ਹੈ। ਉਹ ਹਰ ਥਾਂ ਤੇ ਮਾਇਆ ਰਹਿਤ ਅਕਾਲ ਪੁਰਖ ਦਾ ਨਿਵਾਸ ਜਾਣਦਾ ਹੈ। ਆਪਣੇ ਹਿਰਦੇ ਵਿੱਚ
ਸ਼ਾਂਤੀ (ਚੰਦਰਮਾ) ਤੇ ਗਿਆਨ (ਸੂਰਜ) ਦੋਹਾਂ ਨੂੰ ਇਕੱਠਾ ਕਰਦਾ ਹੈ, ਫਿਰ ਅਜੇਹੇ ਮਨੁੱਖ ਦਾ ਸਰੀਰ
ਵਿਕਾਰਾਂ ਵਿੱਚ ਨਹੀਂ ਡੁਬਦਾ।
ਮਃ ੧॥ ਸੋ ਉਦਾਸੀ ਜਿ ਪਾਲੇ ਉਦਾਸੁ॥ ਅਰਧ ਉਰਧ ਕਰੇ ਨਿਰੰਜਨ ਵਾਸੁ॥
ਚੰਦ ਸੂਰਜ ਕੀ ਪਾਏ ਗੰਢਿ॥ ਤਿਸੁ
ਉਦਾਸੀ ਕਾ ਪੜੈ ਨ ਕੰਧੁ॥ (੯੫੨)
ਅਕਾਲ ਪੁਰਖ ਸ੍ਰਿਸ਼ਟੀ ਦੇ ਸ਼ੁਰੂ ਤੋਂ ਅਖ਼ੀਰ ਤਕ ਤੇ ਵਿਚਕਾਰਲੇ ਸਮੇਂ ਵਿਚ,
ਭਾਵ, ਸਦਾ ਹੀ ਮੌਜੂਦ ਹੈ। ਜੇ ਕਰ ਉਸ ਸੁਖਾਂ ਦੇ ਸਮੁੰਦਰ ਅਕਾਲ ਪੁਰਖ ਦੀ ਯਾਦ ਨੂੰ ਆਪਣੀ ਮਨ ਵਿੱਚ
ਵਸਾ ਲਏਗਾ, ਤਾਂ ਜਿਸ ਤਰ੍ਹਾਂ ਪੂਰਨਮਾਸ਼ੀ ਦੇ ਦਿਨ ਅਕਾਸ਼ ਵਿੱਚ ਪੂਰਾ ਚੰਦ ਚੜ੍ਹਦਾ ਹੈ ਤੇ ਚੰਦ
ਦੀਆਂ ਸਾਰੀਆਂ ਹੀ ਕਲਾਂ ਪਰਗਟ ਹੁੰਦੀਆਂ ਹਨ, ਠੀਕ ਉਸੇ ਤਰ੍ਹਾਂ ਮਨੁੱਖ ਦੇ ਹਿਰਦੇ ਅੰਦਰ ਵੀ ਗਿਆਨ
ਦੇ ਪਰਕਾਸ਼ ਨਾਲ ਅਡੋਲ ਅਵਸਥਾ ਕਾਇਮ ਹੋ ਸਕਦੀ ਹੈ।
ਪੂਨਿਉ ਪੂਰਾ ਚੰਦ ਅਕਾਸ॥ ਪਸਰਹਿ ਕਲਾ ਸਹਜ ਪਰਗਾਸ ॥
ਆਦਿ ਅੰਤਿ ਮਧਿ ਹੋਇ ਰਹਿਆ ਥੀਰ॥ ਸੁਖ ਸਾਗਰ ਮਹਿ ਰਮਹਿ ਕਬੀਰ॥ ੧੬॥ (੩੪੪)
ਸਿਰਫ਼ ਅਕਾਲ ਪੁਰਖ ਹੀ ਸਾਰੇ ਗੁਣਾਂ ਨਾਲ ਭਰਪੂਰ ਹੈ, ਸਾਰੇ ਜਗਤ ਦਾ ਮੂਲ ਹੈ
ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ। ਉਹ ਸਰਬ ਵਿਆਪਕ ਅਕਾਲ ਪੁਰਖ ਸਭ ਜੀਵਾਂ ਉਤੇ ਦਇਆਵਾਨ ਰਹਿੰਦਾ
ਹੈ, ਸਭ ਜੀਵਾਂ ਉਤੇ ਉਸ ਦੀ ਮਿਹਰ ਦਾ ਹੱਥ ਹੈ। ਉਹ ਅਕਾਲ ਪੁਰਖ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ
ਸ੍ਰਿਸ਼ਟੀ ਦਾ ਪਾਲਕ ਹੈ, ਸਭ ਤੋਂ ਵੱਡਾ ਹੈ, ਸਭ ਕੁੱਝ ਉਸੇ ਦਾ ਕੀਤਾ ਹੀ ਵਾਪਰ ਰਿਹਾ ਹੈ। ਅਕਾਲ
ਪੁਰਖ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਸਿਆਣਾ ਹੈ, ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ
ਸਕਦਾ, ਤੇ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਉਹ ਅਕਾਲ ਪੁਰਖ ਸਭ ਤੋਂ ਵੱਡਾ ਮਾਲਕ ਹੈ, ਜੀਵਾਂ
ਦੇ ਭਲੇ ਦਾ ਹਰੇਕ ਢੰਗ ਜਾਣਨ ਵਾਲਾ ਹੈ, ਸੰਤਾਂ ਦਾ ਰਾਖਾ ਹੈ, ਸਰਨ ਆਏ ਦੀ ਸਹਾਇਤਾ ਕਰਨ ਦੇ ਸਮਰਥ
ਹੈ, ਇਸ ਲਈ ਉਸ ਅਕਾਲ ਪੁਰਖ ਨੂੰ ਸਦਾ ਨਮਸਕਾਰ ਕਰਨਾ ਚਾਹੀਦਾ ਹੈ। ਅਕਾਲ ਪੁਰਖ ਦੇ ਸਾਰੇ ਗੁਣ ਬਿਆਨ
ਨਹੀਂ ਕੀਤੇ ਜਾ ਸਕਦੇ, ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ, ਇਸ ਲਈ ਹਮੇਸ਼ਾਂ ਉਸ ਅਕਾਲ ਪੁਰਖ
ਦਾ ਆਪਣੇ ਮਨ ਵਿੱਚ ਧਿਆਨ ਰੱਖੋ। ਉਹ ਅਕਾਲ ਪੁਰਖ ਵਿਕਾਰਾਂ ਵਿੱਚ ਡਿੱਗੇ ਹੋਏ ਮਨੁੱਖਾਂ ਨੂੰ
ਵਿਕਾਰਾਂ ਤੋਂ ਬਚਾਣ ਵਾਲਾ ਹੈ, ਉਹ ਨਿਖਸਮਿਆਂ ਦਾ ਖਸਮ ਹੈ, ਇਸ ਲਈ ਹਮੇਸ਼ਾਂ ਉਸ ਅਕਾਲ ਪੁਰਖ ਦਾ ਓਟ
ਆਸਰਾ ਲੈ ਕੇ, ਉਸ ਦੇ ਹੁਕਮੁ ਤੇ ਰਜ਼ਾ ਅਨੁਸਾਰ ਆਪਣਾ ਜੀਵਨ ਬਤੀਤ ਕਰੋ।
ਪੂਰਨਮਾ ਪੂਰਨ ਪ੍ਰਭ ਏਕੁ ਕਰਣ ਕਾਰਣ ਸਮਰਥੁ॥
ਜੀਅ ਜੰਤ ਦਇਆਲ ਪੁਰਖੁ ਸਭ ਊਪਰਿ ਜਾ ਕਾ ਹਥੁ॥ ਗੁਣ ਨਿਧਾਨ
ਗੋਬਿੰਦ ਗੁਰ ਕੀਆ ਜਾ ਕਾ ਹੋਇ॥ (੩੦੦)
ਪੁਰਾਤਨ ਸਮਿਆਂ ਵਿੱਚ ਇੱਕ ਭਾਰ ਦਾ ਵਜ਼ਨ ਲਗਭਗ ੫ੰਜ ਮਣ ਦਾ ਗਿਣਿਆ ਜਾਂਦਾ
ਸੀ, “ਅਠਾਰਹ ਭਾਰ ਮੇਵਾ”
ਦਾ ਭਾਵ ਹੈ, ਕਿ ਜੇਕਰ ਸਾਰੀ ਬਨਸਪਤੀ ਮੇਵਾ ਬਣ ਜਾਏ, ਜਿਸ ਦਾ ਸੁਆਦ ਬਹੁਤ ਮਿਠਾ ਤੇ ਰਸ ਵਾਲਾ
ਹੋਵੇ। ਜੇ ਮੇਰੀ ਰਹਿਣ ਦੀ ਥਾਂ ਵੀ ਸਦਾ ਕਾਇਮ ਰਹਿਣ ਵਾਲੀ ਬਣ ਜਾਏ ਤੇ ਚੰਦਰਮਾ ਅਤੇ ਸੂਰਜ ਦੋਵੇਂ,
ਮੇਰੀ ਰਿਹਾਇਸ਼ ਤੇ ਸੇਵਾ ਕਰਨ ਲਈ ਲਾਏ ਜਾਣ। ਹੇ ਅਕਾਲ ਪੁਰਖ ਮੈਂ ਤਾਂ ਵੀ ਇਨ੍ਹਾਂ ਦਾਤਾਂ ਵਿੱਚ ਨਾ
ਫਸਾਂ ਤੇ ਹਮੇਸ਼ਾਂ ਤੇਰੀ ਸਿਫ਼ਤਿ ਸਾਲਾਹ ਕਰਦਾ ਰਹਾਂ, ਅਤੇ ਮੇਰੇ ਮਨ ਅੰਦਰ ਅਕਾਲ ਪੁਰਖ ਦੀ ਵਡਿਆਈ
ਕਰਨ ਦਾ ਚਾਅ ਕਦੇ ਵੀ ਨਾ ਖਤਮ ਹੋਵੇ।
ਮਃ ੧॥ ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ॥
ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ
ਨਿਹਚਲੁ ਹੋਵੈ ਥਾਉ॥ ਭੀ ਤੂੰਹੈ ਸਾਲਾਹਣਾ
ਆਖਣ ਲਹੈ ਨ ਚਾਉ॥ ੨॥ (੧੪੨)
ਉਪਰ ਲਿਖੇ ਸਬਦ ਦਾ ਭਾਵ ਇਹ ਹੈ, ਕਿ ਭਾਵੇਂ ਅਣਗਿਣਤ ਦਾਤਾਂ ਮਿਲ ਜਾਣ,
ਪਰੰਤੂ ਉਸ ਦਾਤਾ ਦੇਣ ਵਾਲੇ ਦਾਤਾਰ ਅਕਾਲ ਪੁਰਖ ਨੂੰ ਕਦੇ ਵੀ ਭੁਲਣਾ ਨਹੀਂ ਚਾਹੀਦਾ। ਮਨੁੱਖ ਨੂੰ
ਕਦੇ ਵੀ ਅਕਿਰਤਘਣ ਨਹੀਂ ਬਣਨਾ ਚਾਹੀਦਾ ਹੈ, ਤੇ ਸਦਾ ਉਸ ਦਾਤਾਰ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ
ਹੈ।
ਇਸ ਲਈ ਇੱਕ ਅਕਾਲ ਪੁਰਖ ਨੂੰ ਹੀ ਜਪ, ਤੇ ਇੱਕ ਅਕਾਲ ਪੁਰਖ ਦੀ ਹੀ ਸਿਫ਼ਤ
ਸਾਲਾਹ ਕਰਿਆ ਕਰ, ਇੱਕ ਨੂੰ ਹੀ ਹਮੇਸ਼ਾਂ ਯਾਦ ਰੱਖ, ਤੇ, ਇੱਕ ਅਕਾਲ ਪੁਰਖ ਦੇ ਮਿਲਣ ਦੀ ਤਾਂਘ ਆਪਣੇ
ਚਿਤ ਵਿੱਚ ਹਮੇਸ਼ਾਂ ਰੱਖਿਆ ਕਰ। ਇੱਕ ਅਕਾਲ ਪੁਰਖ ਦੇ ਹੀ ਗੁਣ ਗਾਇਨ ਕਰਿਆ ਕਰ ਤਾਂ ਜੋ ਤੇਰੇ ਅੰਦਰ
ਵੀ ਅਜੇਹੇ ਗੁਣ ਪੈਦਾ ਹੋ ਜਾਣ। ਜੀਵਨ ਦਾ ਹਰੇਕ ਕਾਰਜ ਕਰਦੇ ਸਮੇਂ ਆਪਣੇ ਮਨ ਵਿੱਚ ਤੇ ਸਰੀਰਕ
ਇੰਦ੍ਰਿਆਂ ਦੁਆਰਾ ਸਦਾ ਇੱਕ ਅਕਾਲ ਪੁਰਖ ਨੂੰ ਹੀ ਆਪਣੇ ਧਿਆਨ ਵਿੱਚ ਰੱਖਿਆ ਕਰ। ਕਿਉਂਕਿ, ਸਭ
ਜੀਵਾਂ ਵਿੱਚ ਅਕਾਲ ਪੁਰਖ ਆਪ ਹੀ ਵਸ ਰਿਹਾ ਹੈ ਤੇ ਸਭ ਥਾਵਾਂ ਤੇ ਵੀ ਅਕਾਲ ਪੁਰਖ ਆਪ ਹੀ ਵਸ ਰਿਹਾ
ਹੈ। ਜਗਤ ਦੇ ਅਨੇਕਾਂ ਖਿਲਾਰੇ ਇੱਕ ਅਕਾਲ ਪੁਰਖ ਤੋਂ ਹੀ ਹੋਏ ਹਨ। ਇੱਕ ਅਕਾਲ ਪੁਰਖ ਨੂੰ ਆਪਣੇ ਚਿਤ
ਵਿੱਚ ਵਸਾਣ ਨਾਲ ਸਾਰੇ ਪਾਪ ਨਾਸ ਹੋ ਜਾਂਦੇ ਹਨ। ਜਿਹੜਾ ਮਨੁੱਖ ਆਪਣੇ ਮਨ ਤੇ ਸਰੀਰ ਵਿੱਚ ਇੱਕ
ਅਕਾਲ ਪੁਰਖ ਨੂੰ ਵਸਾ ਲੈਂਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਇੱਕ ਅਕਾਲ ਪੁਰਖ ਨੂੰ ਪਛਾਣ ਲੈਂਦਾ
ਹੈ।
ਏਕੋ ਜਪਿ ਏਕੋ ਸਾਲਾਹਿ॥ ਏਕੁ ਸਿਮਰਿ ਏਕੋ ਮਨ ਆਹਿ॥ ਏਕਸ ਕੇ ਗੁਨ ਗਾਉ
ਅਨੰਤ॥ ਮਨਿ ਤਨਿ ਜਾਪਿ ਏਕ ਭਗਵੰਤ॥ ਏਕੋ ਏਕੁ ਏਕੁ ਹਰਿ ਆਪਿ॥ ਪੂਰਨ ਪੂਰਿ ਰਹਿਓ ਪ੍ਰਭੂ ਬਿਆਪਿ॥
ਅਨਿਕ ਬਿਸਥਾਰ ਏਕ ਤੇ ਭਏ॥
ਏਕੁ ਅਰਾਧਿ ਪਰਾਛਤ ਗਏ॥ ਮਨ ਤਨ ਅੰਤਰਿ ਏਕੁ
ਪ੍ਰਭੂ ਰਾਤਾ॥ ਗੁਰ ਪ੍ਰਸਾਦਿ ਨਾਨਕ ਇਕੁ ਜਾਤਾ॥ ੮॥ ੧੯॥ (੨੮੯)
ਜਗਤ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਆਪ ਸਦਾ ਥਿਰ ਰਹਿਣ ਵਾਲਾ ਹੈ, ਤੇ
ਜੀਵਾਂ ਦੀ ਪਾਲਣਾ ਕਰਨ ਵਾਲਾ ਵੀ ਅਕਾਲ ਪੁਰਖ ਆਪ ਹੀ ਹੈ। ਜਿਸ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ
ਨੂੰ ਜਗਤ ਦੇ ਰੂਪ ਵਿੱਚ ਪਰਗਟ ਕੀਤਾ ਹੋਇਆ ਹੈ, ਉਹ ਅਦ੍ਰਿਸ਼ਟ ਤੇ ਬੇਅੰਤ ਹੈ। ਧਰਤੀ ਤੇ ਆਕਾਸ਼ ਜਗਤ
ਦੇ ਦੋਵੇਂ ਪੁੜ ਜੋੜ ਕੇ ਭਾਵ, ਜਗਤ ਦੀ ਰਚਨਾ ਕਰ ਕੇ ਅਕਾਲ ਪੁਰਖ ਨੇ ਜੀਵਾਂ ਨੂੰ ਮਾਇਆ ਦੇ ਮੋਹ
ਵਿੱਚ ਫਸਾ ਕੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ ਭਾਵ, ਇਹ ਅਕਾਲ ਪੁਰਖ ਦੀ ਰਜ਼ਾ ਹੈ ਕਿ ਜੀਵ ਮੋਹ
ਵਿੱਚ ਫਸ ਕੇ ਅਕਾਲ ਪੁਰਖ ਨੂੰ ਭੁਲਾ ਬੈਠੇ ਹਨ। ਗੁਰੂ ਤੋਂ ਬਿਨਾ ਜਗਤ ਵਿੱਚ ਮਾਇਆ ਦੇ ਮੋਹ ਕਰਕੇ
ਘੁੱਪ ਹਨੇਰਾ ਹੈ। ਉਸ ਅਕਾਲ ਪੁਰਖ ਨੇ ਹੀ ਸੂਰਜ ਤੇ ਚੰਦਰਮਾ ਬਣਾਏ ਹਨ, ਸੂਰਜ ਦਿਨ ਵੇਲੇ, ਤੇ
ਚੰਦਰਮਾ ਰਾਤ ਵੇਲੇ ਚਾਨਣ ਦੇਂਦਾ ਹੈ। ਸੂਰਜ ਤੇ ਚੰਦਰਮਾ ਦੋਵੇਂ ਬਾਹਰੀ ਚਾਨਣ ਤਾਂ ਦੇ ਸਕਦੇ ਹਨ,
ਪਰੰਤੂ ਮਨ ਵਿੱਚ ਚਾਨਣ ਪੈਦਾ ਕਰਨ ਲਈ ਸਬਦ ਗੁਰੂ ਕੋਲ ਜਾਣਾ ਪਵੇਗਾ। ਇਹ ਹਮੇਸ਼ਾਂ ਚੇਤੇ ਰੱਖਣਾਂ
ਚਾਹੀਦਾ ਹੈ, ਕਿ ਇਹ ਜਗਤ ਇੱਕ ਤਮਾਸ਼ਾ ਹੈ, ਜਿਸ ਨੂੰ ਅਕਾਲ ਪੁਰਖ ਨੇ ਆਪ ਬਣਾਇਆ ਹੈ ਤੇ ਸਦਾ ਲਈ
ਥਿਰ ਰਹਿਣ ਵਾਲਾ ਮਾਲਕ ਸਿਰਫ ਉਹ ਅਕਾਲ ਪੁਰਖ ਆਪ ਹੀ ਹੈ। ਅਕਾਲ ਪੁਰਖ ਆਪ ਹੀ ਸਭ ਜੀਵਾਂ ਨੂੰ ਸਦਾ
ਥਿਰ ਰਹਿਣ ਵਾਲੇ ਪਿਆਰ ਦੀ ਦਾਤ ਦੇਂਦਾ ਹੈ। ਅਕਾਲ ਪੁਰਖ ਨੇ ਆਪ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ
ਜੀਵਾਂ ਨੂੰ ਦੁੱਖ ਤੇ ਸੁਖ ਦੇਣ ਵਾਲਾ ਵੀ ਉਹ ਆਪ ਹੀ ਹੈ। ਜਗਤ ਵਿੱਚ ਇਸਤ੍ਰੀਆਂ ਤੇ ਮਰਦ ਵੀ ਅਕਾਲ
ਪੁਰਖ ਨੇ ਹੀ ਪੈਦਾ ਕੀਤੇ ਹਨ, ਮਾਇਆ ਲਈ ਮੋਹ ਤੇ ਪਿਆਰ ਵੀ ਉਸ ਨੇ ਹੀ ਬਣਾਇਆ ਹੈ। ਜੀਵ ਉਤਪਤੀ
ਦੀਆਂ ਖਾਣੀਆਂ ਤੇ ਜੀਵਾਂ ਦੀਆਂ ਬੋਲੀਆਂ ਵੀ ਅਕਾਲ ਪੁਰਖ ਨੇ ਆਪ ਹੀ ਰਚੀਆਂ ਹਨ। ਸਭ ਜੀਵਾਂ ਨੂੰ
ਅਕਾਲ ਪੁਰਖ ਆਪ ਹੀ ਆਸਰਾ ਦੇਣ ਵਾਲਾ ਹੈ। ਇਹ ਸਾਰੀ ਰਚਨਾ ਤੇ ਤਖ਼ਤ ਅਕਾਲ ਪੁਰਖ ਨੇ ਆਪਣੇ ਬੈਠਣ
ਵਾਸਤੇ ਬਣਾਇਆ ਹੈ, ਆਪਣੇ ਸਦਾ ਥਿਰ ਨਾਮੁ ਨਾਲ ਜੋੜ ਕੇ ਜੀਵਾਂ ਦੇ ਕਰਮਾਂ ਦੇ ਲੇਖ ਵੀ ਅਕਾਲ ਪੁਰਖ
ਆਪ ਹੀ ਮੁਕਾਣ ਵਾਲਾ ਹੈ।
ਵਡਹੰਸੁ ਮਹਲਾ ੧ ਦਖਣੀ॥ ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ॥ ਜਿਨਿ
ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ॥ ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ॥
ਸੂਰਜ ਚੰਦੁ ਸਿਰਜਿਅਨੁ
ਅਹਿਨਿਸਿ ਚਲਤੁ ਵੀਚਾਰੋ॥ ੧॥
ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ॥ ਰਹਾਉ॥
(੫੮੦)
ਇਸ ਜਗਤ ਵਿੱਚ ਹਰੇਕ ਚੀਜ਼ ਉਸ ਅਕਾਲ ਪੁਰਖ ਦਾ ਆਪਣਾ ਹੀ ਸਰੂਪ ਹੈ। ਇਹ ਸਾਰੀ
ਕੁਦਰਤ ਉਸ ਅਕਾਲ ਪੁਰਖ ਨੇ ਆਪ ਹੀ ਪੈਦਾ ਕੀਤੀ ਹੈ, ਕੁਦਰਤ ਦੇ ਸਾਰੇ ਰੁੱਖ ਬਿਰਖ, ਤੇ ਰਹਿਣ ਲਈ
ਮਹਲ ਮਾੜੀਆਂ ਆਦਿ ਸਭ ਅਕਾਲ ਪੁਰਖ ਨੇ ਆਪ ਬਣਾਏ ਹਨ। ਇਨ੍ਹਾਂ ਸਾਰੇ ਮਹਲ ਮਾੜੀਆਂ ਵਿੱਚ ਚਾਨਣ ਕਰਨ
ਲਈ, ਉਸ ਅਕਾਲ ਪੁਰਖ ਨੇ ਚੰਦ ਤੇ ਸੂਰਜ ਦੋ ਦੀਵੇ ਜਗਾਏ ਹੋਏ ਹਨ। ਅਕਾਲ ਪੁਰਖ ਨੇ ਕੁਦਰਤ ਦੀ ਸਾਰੀ
ਬਣਤਰ ਮੁਕੰਮਲ ਬਣਾਈ ਹੋਈ ਹੈ, ਤੇ ਇਸ ਵਿੱਚ ਬੈਠ ਕੇ ਆਪ ਹੀ ਵੇਖ ਰਿਹਾ ਹੈ, ਆਪ ਹੀ ਸੁਣ ਰਿਹਾ ਹੈ,
ਪਰੰਤੂ ਉਸ ਅਕਾਲ ਪੁਰਖ ਨੂੰ ਸਤਿਗੁਰੂ ਦੇ ਸ਼ਬਦ ਰਾਹੀਂ ਹੀ ਸਮਝਿਆ ਤੇ ਧਿਆਇਆ ਜਾ ਸਕਦਾ ਹੈ।
ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥
ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ॥ ੧॥ (੯੪੭)
ਆਮ ਮਨੁੱਖ ਤਾਂ
ਚੰਦਰਮਾ ਤੇ ਸੂਰਜ ਵਰਗੀਆਂ ਨੂਰੀ ਚੀਜ਼ਾਂ ਨੂੰ ਵੇਖ ਕੇ, ਸਿਰਫ ਇਨ੍ਹਾਂ ਨੂੰ ਹੀ ਸਲਾਹੀ ਜਾ ਰਿਹਾ
ਹੈ, ਪਰੰਤੂ ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਹੇ ਜੀਵ ਤੂੰ ਇਨ੍ਹਾਂ ਸਭ ਨੂੰ ਨੂਰ ਦੇਣ ਵਾਲੇ ਅਕਾਲ
ਪੁਰਖ ਦੀ ਵਡਿਆਈ ਕਰ ਤੇ ਉਸ ਬਾਰੇ ਵਿਚਾਰ ਕਰ, ਕਿਉਂਕਿ ਉਸ ਅਕਾਲ ਪੁਰਖ ਨੇ ਇਹ ਸਾਰਾ ਸੰਸਾਰ ਤੇ
ਸਾਨੂੰ ਦਿਸ ਰਿਹਾ ਨੂਰ ਆਪਣੇ ਵਿਚੋਂ ਹੀ ਪੈਦਾ ਕੀਤਾ ਹੈ। ਇਹ ਚੰਦ ਤੇ ਸੂਰਜ ਦੋਵੇਂ ਉਸ ਅਕਾਲ ਪੁਰਖ
ਦੀ ਜੋਤ ਦਾ ਬਾਹਰਲਾ ਦਿਸਦਾ ਸਰੂਪ ਹਨ, ਹਰੇਕ ਪ੍ਰਕਾਸ਼ ਵਿੱਚ ਸੁੰਦਰ ਅਕਾਲ ਪੁਰਖ ਆਪ ਵੱਸ ਰਿਹਾ ਹੈ।
ਆਮ ਮਨੁੱਖ ਹੀਰੇ ਆਦਿਕ ਸੁਹਣੇ ਕੀਮਤੀ ਚਮਕਦੇ ਪਦਾਰਥ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ਤੇ ਉਸ
ਹੀਰੇ ਨੂੰ ਸਿਰ ਨਿਵਾਉਂਦਾ ਹਾਂ। ਪਰੰਤੂ ਗੁਰੂ ਸਾਹਿਬ ਨੇ ਚੰਦਰਮਾ, ਸੂਰਜ ਜਾਂ ਹੀਰੇ ਨੂੰ ਮੱਥੇ
ਟੇਕਣ ਲਈ ਨਹੀਂ ਕਿਹਾ ਹੈ, ਬਲਕਿ ਉਸ ਅਕਾਲ ਪੁਰਖ ਨੂੰ ਆਪਣੇ ਅੰਦਰ ਵਸਾਣ ਲਈ ਕਿਹਾ ਹੈ, ਜਿਸ ਨੇ
ਇਨ੍ਹਾਂ ਸਭ ਨੂੰ ਇਹ ਗੁਣ ਬਖ਼ਸ਼ੇ ਹਨ, ਤੇ ਜੋ ਇਨ੍ਹਾਂ ਵਿੱਚ ਸਭ ਵਿੱਚ ਵੱਸਦਾ ਹੋਇਆ ਵੀ ਮਾਇਆ ਦੇ
ਪ੍ਰਭਾਵ ਤੋਂ ਨਿਰਲੇਪ ਹੈ, ਤੇ ਉਸ ਦੇ ਬੇਅੰਤ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ।
ਚੰਦੁ ਸੂਰਜੁ ਦੁਇ ਜੋਤਿ ਸਰੂਪੁ॥ ਜੋਤੀ ਅੰਤਰਿ ਬ੍ਰਹਮੁ ਅਨੂਪੁ ॥
੧॥ ਕਹੁ ਰੇ ਗਿਆਨੀ ਬ੍ਰਹਮ
ਬੀਚਾਰੁ॥ ਜੋਤੀ ਅੰਤਰਿ ਧਰਿਆ ਪਸਾਰੁ॥ ੧॥ ਰਹਾਉ॥
ਹੀਰਾ ਦੇਖਿ ਹੀਰੇ ਕਰਉ ਆਦੇਸੁ॥ ਕਹੈ ਕਬੀਰੁ ਨਿਰੰਜਨ
ਅਲੇਖੁ॥ ੨॥ ੨॥ ੧੧॥ (੯੭੨)
ਸਵਾਲ ਪੈਦਾ ਹੁੰਦਾ ਹੈ ਕਿ ਇਹ ਸਾਰੇ ਤਾਰੇ ਜੋ ਅਕਾਸ਼ ਵਿੱਚ ਦਿਸ ਰਹੇ ਹਨ,
ਕਿਸ ਚਿੱਤ੍ਰਕਾਰ ਨੇ ਬਣਾਏ ਹਨ? ਇਹ ਸਾਰਾ ਅਕਾਸ਼ ਕਿਸ ਦੇ ਸਹਾਰੇ ਨਾਲ ਟਿਕਿਆ ਹੋਇਆ ਹੈ? ਕੋਈ ਭਾਗਾਂ
ਵਾਲਾ ਸਿਆਣਾ ਬੰਦਾ ਹੀ ਕੁਦਰਤ ਦੀ ਇਸ ਰਮਜ਼ ਨੂੰ ਸਮਝ ਸਕਦਾ ਹੈ। ਇਹ ਜੋ ਸੂਰਜ ਤੇ ਚੰਦ੍ਰਮਾ ਜਗਤ
ਵਿੱਚ ਚਾਨਣ ਕਰ ਰਹੇ ਹਨ, ਇਨ੍ਹਾਂ ਸਭ ਵਿੱਚ ਅਕਾਲ ਪੁਰਖ ਦੀ ਜੋਤਿ ਦਾ ਹੀ ਪ੍ਰਕਾਸ਼ ਹੈ। ਇਸ ਭੇਤ
ਨੂੰ ਓਹੀ ਮਨੁੱਖ ਸਮਝ ਸਕਦਾ ਹੈ, ਜਿਸ ਦੇ ਹਿਰਦੇ ਵਿੱਚ ਅਕਾਲ ਪੁਰਖ ਵੱਸ ਰਿਹਾ ਹੈ, ਤੇ ਮੂੰਹ ਵਿੱਚ
ਵੀ ਕੇਵਲ ਅਕਾਲ ਪੁਰਖ ਹੀ ਹੈ, ਭਾਵ, ਜੋ ਮੂੰਹੋਂ ਵੀ ਅਕਾਲ ਪੁਰਖ ਦੇ ਗੁਣ ਉਚਾਰ ਰਿਹਾ ਹੈ ਤੇ ਅਕਾਲ
ਪੁਰਖ ਦੇ ਨਾਮੁ ਵਿੱਚ ਰੰਗਿਆ ਹੋਇਆ ਹੈ।
ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ॥ ਬੂਝੈ ਬੂਝਨਹਾਰੁ ਸਭਾਗਾ॥ ੧॥ ਰਹਾਉ ॥
ਸੂਰਜ ਚੰਦੁ ਕਰਹਿ
ਉਜੀਆਰਾ॥ ਸਭ ਮਹਿ ਪਸਰਿਆ ਬ੍ਰਹਮ ਪਸਾਰਾ॥ ੨॥
(੩੨੯)
ਕਬੀਰ ਜੀ ਸਮਝਾਂਉਂਦੇ ਹਨ ਕਿ ਹੇ ਪੰਡਿਤ ਜੀ! ਤੁਸੀ ਸਾਰੇ ਮੈਨੂੰ ‘ਜੁਲਾਹਾ
ਜੁਲਾਹਾ’ ਆਖ ਕੇ ਨੀਵਾਂ ਵਖਾਣ ਦਾ ਜਤਨ ਕਰਦੇ ਹੋ, ਪਰ ਤੁਹਾਨੂੰ ਪਤਾ ਨਹੀਂ ਕਿ ਅਕਾਲ ਪੁਰਖ ਵੀ
ਜੁਲਾਹਾ ਹੀ ਹੈ। ਤੁਸੀਂ ਕਿਸੇ ਨੇ ਉਸ ਮਹਾਨ ਜੁਲਾਹੇ ਦਾ ਭੇਤ ਨਹੀਂ ਜਾਣਿਆ, ਜਿਸ ਨੇ ਇਹ ਸਾਰਾ ਜਗਤ
ਪੈਦਾ ਕਰ ਕੇ ਮਾਨੋ ਤਾਣਾ ਤਣ ਦਿੱਤਾ ਹੈ। ਜਿਤਨਾ ਚਿਰ ਤੁਸੀਂ ਵੇਦ ਪੁਰਾਣ ਸੁਣਦੇ ਰਹੇ, ਮੈਂ ਉਤਨਾ
ਚਿਰ ਥੋੜ੍ਹਾ ਜਿਹਾ ਤਾਣਾ ਤਣਦਾ ਰਿਹਾ, ਭਾਵ, ਤੁਸੀਂ ਵੇਦ ਪੁਰਾਨਾਂ ਦੇ ਪਾਠ ਕਰਨ ਦਾ ਮਾਣ ਕਰਦੇ
ਰਹੇ। ਪਰੰਤੂ ਤੁਸਾਂ ਇਸ ਵਿੱਦਿਆ ਨੂੰ ਉਸੇ ਤਰ੍ਹਾਂ ਰੋਜ਼ੀ ਲਈ ਵਰਤਿਆ ਹੈ, ਜਿਸ ਤਰ੍ਹਾਂ ਮੈਂ ਤਾਣਾ
ਤਾਣ ਕੇ ਕਪੜਾ ਬਣਾਨ ਦੇ ਕੰਮ ਲਈ ਵਰਤਦਾ ਹਾਂ। ਦੋਹਾਂ ਵਿੱਚ ਕੋਈ ਫ਼ਰਕ ਨਹੀਂ, ਕਿਉਂਕਿ ਦੋਵੇ ਰੋਜੀ
ਰੋਟੀ ਲਈ ਕੰਮ ਕਰ ਰਹੇ ਹਾਂ, ਪਰੰਤੂ ਤੁਹਾਡਾ ਵਿਦਵਾਨ ਹੋਣ ਦਾ ਹੰਕਾਰ ਤੇ ਬਰਾਹਮਣ ਹੋਣ ਦਾ ਮਾਣ
ਕੂੜ ਹੈ। ਧਿਆਨ ਨਾਲ ਵੇਖੋ ਤੇ ਵੀਚਾਰੋ ਤਾਂ ਸਮਝ ਆਉਂਦੀ ਹੈ ਕਿ ਉਸ ਅਕਾਲ ਪੁਰਖ ਜੁਲਾਹੇ ਨੇ ਧਰਤੀ
ਤੇ ਅਕਾਸ਼ ਦੀ ਇੱਕ ਤਰ੍ਹਾਂ ਦੀ ਕੰਘੀ ਬਣਾ ਦਿੱਤੀ ਹੈ, ਚੰਦਰਮਾ ਤੇ ਸੂਰਜ ਨੂੰ ਉਹ ਅਕਾਲ ਪੁਰਖ ਉਸ
ਕੰਘੀ ਦੇ ਨਾਲ ਨਾਲਾਂ ਬਣਾ ਕੇ ਵਰਤ ਰਿਹਾ ਹੈ। ਜੁਲਾਹੇ ਦੇ ਪਊਇਆਂ ਦੀ ਜੋੜੀ ਦੀ ਤਰ੍ਹਾਂ ਉਸ ਅਕਾਲ
ਪੁਰਖ ਨੇ ਜਗਤ ਵਿੱਚ ਜਨਮ ਮਰਨ ਦੀ ਖੇਡ ਰਚ ਦਿੱਤੀ ਹੈ। ਹੁਣ ਮੇਰੇ ਵਰਗੇ ਨਿਮਾਣੇ ਜੁਲਾਹੇ ਦਾ ਮਨ,
ਉਸ ਅਕਾਲ ਪੁਰਖ ਵਿੱਚ ਟਿਕ ਗਿਆ ਹੈ, ਜਿਸ ਮਹਾਨ ਜੁਲਾਹੇ ਨੇ ਇਹ ਸਾਰੀ ਖੇਡ ਰਚੀ ਹੈ। ਮੈਂ ਹੁਣ ਉਸ
ਮਹਾਨ ਜੁਲਾਹੇ (ਅਕਾਲ ਪੁਰਖ) ਦੇ ਚਰਨਾਂ ਵਿੱਚ ਜੁੜ ਕੇ ਆਪਣਾ ਟਿਕਾਣਾ ਲੱਭ ਲਿਆ ਹੈ, ਤੇ ਮੈਂ ਆਪਣੇ
ਹਿਰਦੇ ਵਿੱਚ ਹੀ ਉਸ ਅਕਾਲ ਪੁਰਖ ਨੂੰ ਵਸਿਆ ਹੋਇਆ ਪਛਾਣ ਲਿਆ ਹੈ। ਕਬੀਰ ਜੀ ਸਮਝਾਂਉਂਦੇ ਹਨ, ਕਿ
ਜਦੋਂ ਉਹ ਮਹਾਨ ਜੁਲਾਹਾ, ਇਸ ਜਗਤ ਰੂਪੀ ਕੰਘੀ ਨੂੰ ਤੋੜ ਦੇਂਦਾ ਹੈ, ਤਾਂ ਸੂਤਰ ਵਿੱਚ ਸੂਤਰ ਰਲਾ
ਦੇਂਦਾ ਹੈ, ਭਾਵ, ਸਾਰੇ ਜਗਤ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ।
ਆਸਾ॥
ਕੋਰੀ ਕੋ ਕਾਹੂ ਮਰਮੁ ਨ ਜਾਨਾਂ॥ ਸਭੁ ਜਗੁ ਆਨਿ ਤਨਾਇਓ ਤਾਨਾਂ॥ ੧॥ ਰਹਾਉ॥
ਜਬ ਤੁਮ ਸੁਨਿ ਲੇ ਬੇਦ ਪੁਰਾਨਾਂ॥ ਤਬ ਹਮ ਇਤਨਕੁ ਪਸਰਿਓ
ਤਾਨਾਂ॥ ੧॥ ਧਰਨਿ ਅਕਾਸ
ਕੀ ਕਰਗਹ ਬਨਾਈ॥ ਚੰਦੁ ਸੂਰਜੁ ਦੁਇ ਸਾਥ ਚਲਾਈ॥
੨॥ (੪੮੪)
ਗੁਰੂ ਸਾਹਿਬ ਗੁਰਬਾਣੀ ਵਿਚ
ਸਮਝਾਂਦੇ ਹਨ ਕਿ ਜੇ ਕਰ ਆਪਣੇ ਅੰਦਰੋਂ ਕਾਮ, ਕ੍ਰੋਧ, ਪਰਾਈ ਨਿੰਦਿਆ, ਲੱਬ ਅਤੇ ਲੋਭ ਦੂਰ ਕਰ ਲਈਏ,
ਤਾਂ ਮਨ ਹਰ ਵੇਲੇ ਸ਼ਾਂਤ ਹੋ ਸਕਦਾ ਹੈ। ਜੇਹੜਾ ਮਨੁੱਖ ਇਨ੍ਹਾਂ ਵਿਕਾਰਾਂ ਦੀ ਜ਼ੰਜੀਰ ਤੋੜ ਕੇ
ਨਿਰਲੇਪ ਹੋ ਜਾਂਦਾ ਹੈ, ਉਹ ਅਕਾਲ ਪੁਰਖ ਨੂੰ ਆਪਣੇ ਅੰਦਰੋਂ ਹੀ ਲੱਭ ਲੈਂਦਾ ਹੈ, ਉਹ ਮਨੁੱਖ ਸਬਦ
ਗੁਰੂ ਦੇ ਗਿਆਨ ਦੁਆਰਾ ਅਕਾਲ ਪੁਰਖ ਦੇ ਨਾਮੁ ਦਾ ਰਸ ਪ੍ਰਾਪਤ ਕਰਦਾ ਹੈ। ਜਿਵੇਂ ਰਾਤ ਵੇਲੇ ਬਿਜਲੀ
ਦੀ ਚਮਕ ਨਾਲ ਮਨੁੱਖ ਹਨੇਰੇ ਵਿੱਚ ਚਾਨਣ ਵੇਖ ਲੈਂਦਾ ਹੈ, ਇਸੇ ਤਰ੍ਹਾਂ ਗੁਰੂ ਦੀ ਸਰਨ ਵਿੱਚ ਆ ਕੇ
ਹਰ ਵੇਲੇ ਅਕਾਲ ਪੁਰਖ ਦੀ ਜੋਤਿ ਨੂੰ ਹਰ ਥਾਂ ਵਿਆਪਕ ਵੇਖਿਆ ਜਾ ਸਕਦਾ ਹੈ। ਉਸ ਸੁੰਦਰ ਤੇ ਆਨੰਦ
ਰੂਪੀ ਅਕਾਲ ਪੁਰਖ ਨੂੰ ਜਿਸ ਨੇ ਵੀ ਵੇਖਿਆ ਹੈ, ਉਸ ਨੂੰ ਪੂਰੇ ਗੁਰੂ ਨੇ ਹੀ ਵਿਖਾਇਆ ਹੈ। ਇਸ ਲਈ
ਸਤਿਗੁਰੂ ਦੀ ਸਰਨ ਵਿੱਚ ਆ ਜਾਓ, ਕਿਉਂਕਿ ਜੇਹੜਾ ਮਨੁੱਖ ਗੁਰੂ ਨੂੰ ਮਿਲਦਾ ਹੈ, ਉਸ ਨੂੰ ਅਕਾਲ
ਪੁਰਖ ਆਪ ਸੰਸਾਰ ਰੁਪੀ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ, ਤੇ ਉਸ ਦੇ ਸ਼ਾਂਤ ਹਿਰਦੇ ਵਿੱਚ ਗਿਆਨ
ਦਾ ਪ੍ਰਕਾਸ਼ ਹੋ ਜਾਂਦਾ ਹੈ। ਜੇਹੜਾ ਮਨੁੱਖ ਅਜੇਹਾ ਉੱਦਮ ਕਰਦਾ ਹੈ, ਉਸ ਨੂੰ ਹਰ ਥਾਂ ਸਾਰੇ ਜਗਤ
ਵਿੱਚ ਅਕਾਲ ਪੁਰਖ ਹੀ ਵਿਖਾਈ ਦਿੰਦਾ ਹੈ।
ਮਾਰੂ ਮਹਲਾ ੧॥ ਕਾਮੁ ਕ੍ਰੋਧੁ ਪਰਹਰੁ ਪਰ ਨਿੰਦਾ॥ ਲਬੁ ਲੋਭੁ ਤਜਿ ਹੋਹੁ
ਨਿਚਿੰਦਾ॥ ਭ੍ਰਮ ਕਾ
ਸੰਗਲੁ ਤੋੜਿ ਨਿਰਾਲਾ ਹਰਿ ਅੰਤਰਿ ਹਰਿ ਰਸੁ ਪਾਇਆ॥
੧॥ ਨਿਸਿ ਦਾਮਨਿ ਜਿਉ ਚਮਕਿ ਚੰਦਾਇਣੁ ਦੇਖੈ॥ ਅਹਿਨਿਸਿ ਜੋਤਿ ਨਿਰੰਤਰਿ ਪੇਖੈ॥ ਆਨੰਦ ਰੂਪੁ ਅਨੂਪੁ
ਸਰੂਪਾ ਗੁਰਿ ਪੂਰੈ ਦੇਖਾਇਆ॥ ੨॥ (੧੦੪੧)
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ
ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਜਿਥੇ ਮਨੁੱਖਾ ਜੀਵਨ
ਨੂੰ ਸਫਲ ਕਰਨ ਲਈ ਸਿਖਿਆ ਦਿੱਤੀ ਹੈ, ਉਥੇ ਨਾਲ ਨਾਲ ਸਾਇੰਸ ਦੀ ਇਹ ਸਚਾਈ ਵੀ ਸਮਝਾਂ ਦਿਤੀ ਹੈ ਕਿ
ਚੰਦਰਮਾ ਸੂਰਜ ਕੋਲੋ ਚਾਨਣ ਲੈਂਦਾ ਹੈ, ਤੇ ਧਰਤੀ ਤੇ ਭੇਜਦਾ ਹੈ।
ਜੇਹੜਾ ਮਨੁੱਖ ਸ਼ਬਦ ਗੁਰੂ ਅਨੁਸਾਰ ਜੀਵਨ ਵਿੱਚ ਵਿਚਰਦਾ ਹੈ, ਉਹ ਸਬਦ ਗੁਰੂ
ਦੁਆਰਾ ਆਤਮਕ ਜੀਵਨ ਦੇਣ ਵਾਲਾ ਨਾਮੁ ਪ੍ਰਾਪਤ ਕਰਦਾ ਹੈ, ਤੇ ਉਸ ਦਾ ਹਉਮੈ ਘਟਨਾ ਸ਼ੁਰੂ ਹੋ ਜਾਂਦਾ
ਹੈ, ਅੰਦਰ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਤੇ ਦੁਨਿਆਵੀ ਡਰ ਦੂਰ ਹੋ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ
ਸਪੱਸ਼ਟ ਕਹਿ ਦਿਤਾ ਸੀ, ਕਿ ਜੋ ਅਸੀਂ ਚੰਦਰਮੇ ਦੀ ਰੌਸ਼ਨੀ ਨਾਲ ਰਾਤ ਵੇਲੇ ਵੇਖਦੇ ਹਾਂ, ਉਹ ਰੌਸ਼ਨੀ
ਚੰਦਰਮੇ ਦੀ ਆਪਣੀ ਨਹੀਂ ਹੁੰਦੀ ਹੈ, ਬਲਕਿ ਚੰਦਰਮੇ ਦੇ ਅੰਦਰ ਸੂਰਜ ਦੀ ਰੌਸ਼ਨੀ ਸਮਾਈ ਹੁੰਦੀ ਹੈ।
ਜਿਸ ਤਰ੍ਹਾਂ ਚੰਦਰਮੇ ਦੇ ਅੰਦਰ ਸੂਰਜ ਦੀ ਗਰਮੀ ਸਮਾ ਜਾਂਦੀ ਹੈ, ਉਸੇ
ਤਰ੍ਹਾਂ ਸ਼ਾਂਤੀ ਦੇ ਘਰ ਅਕਾਲ ਪੁਰਖ ਵਿੱਚ ਮਨੁੱਖ ਦੇ ਮਨ ਦੀ ਤਪਸ਼ ਸਮਾ ਜਾਂਦੀ ਹੈ।
ਸਤਿਗੁਰੂ ਦਾ ਸ਼ਬਦ ਉੱਚਾਰਨ ਨਾਲ ਮਨੁੱਖ ਦੇ ਹਿਰਦੇ ਵਿੱਚ ਸ਼ਾਂਤੀ ਪੈਦਾ ਹੋ
ਜਾਂਦੀ ਹੈ।
ਸ਼ਬਦ ਗੁਰੂ ਦੀ ਬਰਕਤਿ ਨਾਲ ਗੁਰਮੁਖਿ ਸੁਖ ਤੇ ਦੁੱਖ ਨੂੰ ਇਕੋ ਜਿਹਾ ਜਾਣ ਕੇ
ਅਕਾਲ ਪੁਰਖ ਦੇ ਨਾਮੁ ਨੂੰ ਆਪਣੇ ਜੀਵਨ ਦਾ ਆਧਾਰ ਬਣਾਂਦਾ ਹੈ।
ਅਸਲ ਉਦਾਸੀ ਉਹ ਹੈ, ਜੋ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਤੇ ਆਪਣੀ ਉਪਰਾਮਤਾ
ਨੂੰ ਸਦਾ ਕਾਇਮ ਰੱਖਦਾ ਹੈ।
ਅਕਾਲ ਪੁਰਖ ਵਿਕਾਰਾਂ ਵਿੱਚ ਡਿੱਗੇ ਹੋਏ ਮਨੁੱਖਾਂ ਨੂੰ ਵਿਕਾਰਾਂ ਤੋਂ ਬਚਾਣ
ਵਾਲਾ ਹੈ, ਨਿਖਸਮਿਆਂ ਦਾ ਖਸਮ ਹੈ, ਇਸ ਲਈ ਹਮੇਸ਼ਾਂ ਉਸ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਉਸ ਦੇ
ਹੁਕਮੁ ਤੇ ਰਜਾ ਅਨੁਸਾਰ ਆਪਣਾ ਜੀਵਨ ਬਤੀਤ ਕਰੋ।
ਮਨੁੱਖ ਨੂੰ ਕਦੇ ਵੀ ਅਕਿਰਤਘਣ ਨਹੀਂ ਬਣਨਾ ਚਾਹੀਦਾ ਹੈ, ਤੇ ਸਦਾ ਉਸ ਦਾਤਾਰ
ਦਾ ਸ਼ੁਕਰਾਨਾ ਕਰਦੇ ਰਹਿੰਣਾ ਚਾਹੀਦਾ ਹੈ।
ਜਿਹੜਾ ਮਨੁੱਖ ਆਪਣੇ ਮਨ ਤੇ ਸਰੀਰ ਵਿੱਚ ਇੱਕ ਅਕਾਲ ਪੁਰਖ ਨੂੰ ਵਸਾ ਲੈਂਦਾ
ਹੈ, ਉਹ ਗੁਰੂ ਦੀ ਕਿਰਪਾ ਨਾਲ ਇੱਕ ਅਕਾਲ ਪੁਰਖ ਨੂੰ ਪਛਾਣ ਲੈਂਦਾ ਹੈ।
ਸੂਰਜ ਤੇ ਚੰਦਰਮਾ ਦੋਵੇਂ ਬਾਹਰੀ ਚਾਨਣ ਤਾਂ ਦੇ ਸਕਦੇ ਹਨ, ਪਰੰਤੂ ਮਨ ਵਿੱਚ
ਚਾਨਣ ਪੈਦਾ ਕਰਨ ਲਈ ਸਬਦ ਗੁਰੂ ਕੋਲ ਜਾਣਾ ਪਵੇਗਾ।
ਅਕਾਲ ਪੁਰਖ ਨੇ ਕੁਦਰਤ ਦੀ ਸਾਰੀ ਬਣਤਰ ਮੁਕੰਮਲ ਬਣਾਈ ਹੋਈ ਹੈ, ਤੇ ਇਸ
ਵਿੱਚ ਬੈਠ ਕੇ ਆਪ ਹੀ ਵੇਖ ਤੇ ਸੁਣ ਰਿਹਾ ਹੈ, ਪਰੰਤੂ ਉਸ ਅਕਾਲ ਪੁਰਖ ਨੂੰ ਸਤਿਗੁਰੂ ਦੇ ਸ਼ਬਦ
ਰਾਹੀਂ ਹੀ ਸਮਝਿਆ ਤੇ ਧਿਆਇਆ ਜਾ ਸਕਦਾ ਹੈ।
ਗੁਰੂ ਸਾਹਿਬ ਨੇ ਚੰਦਰਮਾ, ਸੂਰਜ ਜਾਂ ਹੀਰੇ ਨੂੰ ਮੱਥੇ ਟੇਕਣ ਲਈ ਨਹੀਂ
ਕਿਹਾ, ਬਲਕਿ ਉਸ ਅਕਾਲ ਪੁਰਖ ਨੂੰ ਆਪਣੇ ਅੰਦਰ ਵਸਾਣ ਲਈ ਕਿਹਾ ਹੈ, ਜਿਸ ਨੇ ਇਨ੍ਹਾਂ ਸਭ ਨੂੰ ਇਹ
ਗੁਣ ਬਖ਼ਸ਼ੇ ਹਨ।
ਇਹ ਜੋ ਸੂਰਜ ਤੇ ਚੰਦ੍ਰਮਾ ਜਗਤ ਵਿੱਚ ਚਾਨਣ ਕਰ ਰਹੇ ਹਨ, ਇਨ੍ਹਾਂ ਸਭ ਵਿੱਚ
ਅਕਾਲ ਪੁਰਖ ਦੀ ਜੋਤਿ ਦਾ ਹੀ ਪ੍ਰਕਾਸ਼ ਹੈ। ਇਸ ਭੇਤ ਨੂੰ ਓਹੀ ਮਨੁੱਖ ਸਮਝ ਸਕਦਾ ਹੈ, ਜਿਸ ਦੇ
ਹਿਰਦੇ ਵਿੱਚ ਅਕਾਲ ਪੁਰਖ ਵੱਸ ਰਿਹਾ ਹੈ।
ਗੁਰੂ ਸਾਹਿਬ ਗੁਰਬਾਣੀ ਵਿਚ
ਸਮਝਾਂਦੇ ਹਨ ਕਿ ਜੇ ਕਰ ਆਪਣੇ ਅੰਦਰੋਂ ਕਾਮ, ਕ੍ਰੋਧ, ਪਰਾਈ ਨਿੰਦਿਆ, ਲੱਬ ਅਤੇ ਲੋਭ ਦੂਰ ਕਰ ਲਈਏ,
ਤਾਂ ਮਨ ਹਰ ਵੇਲੇ ਸ਼ਾਂਤ ਹੋ ਸਕਦਾ ਹੈ।
ਜੇਹੜਾ ਮਨੁੱਖ ਗੁਰੂ ਨੂੰ ਮਿਲਦਾ ਹੈ, ਉਸ ਨੂੰ ਅਕਾਲ ਪੁਰਖ ਆਪ ਸੰਸਾਰ ਰੁਪੀ
ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ, ਤੇ ਉਸ ਦੇ ਸ਼ਾਂਤ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ
ਹੈ।
ਇਸ ਲਈ ਆਓ ਸਾਰੇ ਜਾਣੇ ਗੁਰਬਾਣੀ ਦੁਆਰਾ ਆਪਣੇ ਅੰਦਰੋਂ ਭਰਮ ਤੇ ਵਿਕਾਰ ਦੂਰ
ਕਰਕੇ ਅਕਾਲ ਪੁਰਖੁ ਦੇ ਗੁਣਾਂ ਵਰਗਾ ਚਾਨਣ ਪੈਦਾ ਕਰਈਏ ਤੇ ਅਪਾਣਾ ਮਨੁੱਖਾ ਜਨਮ ਸਫਲ ਕਰੀਏ।
“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”
(ਡਾ: ਸਰਬਜੀਤ ਸਿੰਘ)
(Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮, RH1 / E-8,
Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩. Vashi, Navi
Mumbai - 400703.
Email =
[email protected]
http://www.sikhmarg.com/article-dr-sarbjit.html
|
. |