.

“ਜਪੁ ਬਾਣੀ ਅਰਥ ਭਾਵ ਉਚਾਰਣ ਸੇਧਾਂ ਸਹਿਤ”...

“ਫੇਰਿ, ਕਿ ਅਗੈ ਰਖੀਐ, ਜਿਤੁ ਦਿਸੈ ਦਰਬਾਰੁ”

ਉਚਾਰਣ ਸੇਧ : ਕਿ ਦੀ ਧੁਨੀ ‘ਕੇ ਨਾਂ ਬਣੇ

ਜਿਤੁ ਦਾ ਉਚਾਰਣ ਪੋਲਾ ਜਿਹਾ

ਅਗੈ- ਵਰਤਮਾਨ ਕਾਲ, ਸਨਮੁਖ ਰਖਿਆ ਜਾਏ

ਕੀ-{ਪ੍ਰਸ਼ਨਵਾਚੀ ਪੜਨਾਉਂ, ਇਸਤਰੀਲਿੰਗ, ਇਕਵਚਨ} ਕਿਹੜੀ, ਕੀ

ਅਰਥ :

ਪ੍ਰਸ਼ਨ : ਤਾਂ ਫਿਰ ਕੀ ਜੀਵਨ ਲਕਸ਼ ਸਨਮੁਖ ਰਖਿਆ ਜਾਏ, ਜਿਸ ਸਦਕਾ ੳਸ ਦਾ ਦਰਬਾਰ ਸਦਾ ਦਿਸਦਾ ਰਵ੍ਹੇ ? ਭਾਵ ਉਸ ਦੀ ਸਰਬ ਵਿਆਪੀ ਹੋਂਦ, ਯਾਦ, ਸਤਾ ਹਿਰਦੇ ਵਿਚ ਵਸੀ ਰਵ੍ਹੇ ?

“ਮੁਹੌ ਕਿ ਬੋਲਣੁ ਬੋਲੀਐ, ਜਿਤੁ ਸੁਣਿ ਧਰੇ ਪਿਆਰੁ”

ਉਚਾਰਣ ਸੇਧ :

ਮੁਹੌ ਦਾ ਉਚਾਰਣ ‘ਮੁਹੌਂ’ {ਮੁਹੋਂ} ਹੈ -: ਅਸਲ ਵਿਚ ਹੱਥ ਲਿਖਤ ਬੀੜਾਂ ਵਿਚ ‘ਮੁਹੋਂ’ ਸਰੂਪ ਮਿਲਦਾ ਹੈ, ਹੋੜੇ ਦੇ ਪਿਛੋਂ ਬਿੰਦੀ ਸੀ, ਅਨਜਾਨ ਵਪਾਰੀ ਪ੍ਰਕਾਸ਼ਕਾਂ ਵਲੋਂ ਭੁਲੇਖੇ ਕਾਰਣ ‘ਕਨੌੜਾ’ ਛਾਪ ਦਿੱਤਾ ਜੋ ਅਗੇ ਦੀ ਅਗੇ ਪ੍ਰਚਲਤ ਹੋ ਗਿਆ, ਪੰਥ ਪ੍ਰਤੀਨਿਧੀ ਸੰਸਥਾ ਨੂੰ ਏਧਰ ਧਿਆਨ ਦੇਣ ਦੀ ਲੋੜ ਹੈ|

ਮੁਹੌ- ਮੁਹੋਂ{ਨਾਂਵ ਅਪਾਦਾਨ ਕਾਰਕ} ਮੂੰਹ ਤੋਂ

ਬੋਲਣੁ- ਨਾਂਵ, ਬੋਲ, ਬਚਨ

ਸੁਣਿ- {ਕਰਮ ਕਾਰਕ} ਸੁਣਨ ਨਾਲ

ਅਰਥ :

ਪ੍ਰਸ਼ਨ : ਮੂੰਹ ਤੋਂ ਕਿਹੜਾ ਸ੍ਰੇਸ਼ਟ ਬੋਲ ਬੋਲਿਆ ਜਾਏ, ਜਿਸ ਨੂੰ ਸੁਣਨ ਨਾਲ ਪ੍ਰਭੂ ਪਿਆਰ ਕਰੇ?

ਇਹ ਦੋ ਤੁਕਾਂ ਵਿਚ ਪ੍ਸ਼ਨ ਹੈ ਅਤੇ ਅਗਲੇਰੀ ਤੁਕ ਵਿਚ ਸਾਂਝਾ ਉਤਰ ਹੈ

“ਅੰਮ੍ਰਿਤ ਵੇਲਾ ਸਚੁ ਨਾਉ, ਵਡਿਆਈ ਵੀਚਾਰੁ”

ਉਚਾਰਣ ਸੇਧ:

ਅੰਮ੍ਰਿਤ ਦਾ ਉਚਾਰਣ ‘ਅੰਮਰਿਤ’ ਕਰਨਾ ਅਸ਼ੁਧ ਹੈ, ਪੈਰ ਵਿਚ ਸ੍ਵਰ ਅੱਖਰ ‘ਰ’ ਤੇਜੀ ਨਾਲ ਬੋਲੋ, ਲਘੂ ਸ੍ਵਰ ਸਿਹਾਰੀ ‘ਰ’ ਨਾਲ ਉਚਾਰਣੀ ਹੈ , ‘ਮ’ ਨਾਲ ਨਹੀਂ

ਅੰਮ੍ਰਿਤ ਵੇਲਾ- {ਇਕੱਠਵਾਚਕ ਨਾਂਵ} ਅੰਮ੍ਰਿਤ ਵੇਲਾ, ਜੀਵਨ ਅੰਮ੍ਰਿਤ

ਸਚੁ ਨਾਉ- {ਵਿਸ਼ੇਸ਼ਣ +ਨਾਂਵ} ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਯਾਦ,ਗੁਣ

ਅਰਥ:

ਇਸ ਤੁਕ ਦਾ ਅਰਥ ਅਨ੍ਵੈ ਕਰਕੇ ਕੀਤਾ ਹੈ

ਸਾਂਝਾ ਉੱਤਰ: ਜੀਵਨ ਨੂੰ ਅੰਮ੍ਰਿਤ ਬਣਾਈਏ, ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ (ਸਰਬ ਵਿਆਪਕਤਾ ਵਾਲੇ)ਗੁਣ, ਯਾਦ ਦ੍ਰਿੜ ਕਰੀਏ, ਉਸ ਦੀ ਵਡਿਆਈ ਸਿਫ਼ਤਿ-ਸਾਲਾਹ ਦੀ ਵੀਚਾਰ ਕਰੀਏ| ਇਸ ਤਰਾਂ ਰੱਬੀ ਦਰਬਾਰ ਦੇ ਦੀਦਾਰ ਅਤੇ ਰੱਬੀ ਪਿਆਰ ਦੇ ਪਾਤਰ ਬਣੀਏ|

ਪ੍ਰਸ਼ਣ : ਇਸ ਤੁਕ ਦੇ ਅਰਥ ਇਸ ਤਰਾਂ ਕਿਉਂ ਕੀਤੇ ਹਨ ?

ਉੱਤਰ: ਗੁਰਬਾਣੀ ਦਾ ਗਹੁ ਨਾਲ ਅਧਿਐਨ ਕਰਨ ਨਾਲ ਪਤਾ ਚਲਦਾ ਹੈ ਕਿ ਗੁਰਬਾਣੀ ਵਿਚ ਪ੍ਰਭੂ ਦੇ ਗੁਣ, ਵਡਿਆਈਆਂ, ਯਾਦ ਨੂੰ ਚਿੰਤਣ ਕਰਣ ਦਾ ਕੋਈ ਸਮਾ ਨਿਸ਼ਚਿਤ ਨਹੀਂ ਹੈ, ਬਲਕਿ ਜਦੋਂ ਤੋਂ ਉਸ ਦੀ ਹੋਂਦ ਮਹਿਸੂਸ ਕਰਨ ਲੱਗ ਗਏ, ਉਹ ਸਮਾਂ ਹੀ ਅੰਮ੍ਰਿਤ ਬਣ ਜਾਂਦਾ ਹੈ| ਅਖੌਉਤੀ ਸਾਧਾਂ ਸੰਤਾ ਵੱਲੋਂ ਗਿਣਤੀਆਂ ਮਿਣਤੀਆਂ ਵਿਚ ਪਾ ਕੇ ਇਕ ਪਹਿਰ ਰਾਤ ਰਹਿੰਦੀ ਜਾਗਣ ਨੂੰ ਅੰਮ੍ਰਿਤ ਵੇਲਾ ਮਿਥ ਦਿਤਾ ਹੈ ਪਰ ਗੁਰਬਾਣੀ ਅਨੁਸਾਰੀ ਅੰਮ੍ਰਿਤ ਜੀਵਨ ਜਿਉਣਾ ਹੀ ‘ਅੰਮ੍ਰਿਤ ਵੇਲਾ’ ਸੰਭਾਲਣਾ ਹੈ -:

‘ ਸਭੇ ਵਖਤ ਸਭੇ ਕਰਿ ਵੇਲਾ ਖਾਲਕ ਯਾਦਿ ਦਿਲੈ ਮਹਿ ਮਉਲਾ’ 1084

‘ ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ‘ 35

ਅਨਦਿਨੁ ਨਾਮੇ ਰਤਿਆ, ਸਚੇ ਸਚੀ ਸੋਇ

ਇਕੁ ਤਿਲੁ ਪਿਆਰਾ ਵੀਸਰੈ ਭਗਤਿ ਕਿਨੇਹੀ ਹੋਇ

ਮਨ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ

ਮੇਰੇ ਮਨ ਹਰਿ ਕਾ ਨਾਮੁ ਧਿਆਇ

ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ਰਹਾਉ

ਜੇ-{ਪ੍ਰਸ਼ਨਵਾਚੀ ਪੜਨਾਉਂ-}

ਵੇਲਾ- {ਪੁਲਿੰਗ, ਇਹ ਇਸਤਰੀਲਿੰਗ ਭੀ ਹੁੰਦਾ ਹੈ ਜਿਵੇ-: ਵੇਲ}

ਕਿਤੁ-{ਨਾਂਵ ਅਧਿਕਰਨ ਕਾਰਕ ਇਕਵਚਨ}

ਵਖਤੁ- {ਪੁਲਿੰਗ ਨਾਂਵ ਕਰਮ ਕਾਰਕ ਇਕਵਚਨ}

ਸ਼ਬਦ ਦੇ ਅਰਥ ਕਰਣ ਸਮੇਂ ਵਿਆਕਰਣਿਕ ਨਿਯਮਾਂ ਨੂੰ ਪੂਰਾ ਧਿਆਨ ਵਿਚ ਰਖਿਆ ਗਿਆ ਹੈ।

“ਨਾਨਕ, ਏਵੈ ਜਾਣੀਐ, ਸਭੁ ਆਪੇ ਸਚਿਆਰੁ”

ਉਚਾਰਣ ਸੇਧ:

ਬਿੰਦੀ ਸਹਿਤ: ਏਵੈਂ

ਏਵੈ- ਇਸ ਤਰਾਂ

ਸਚਿਆਰੁ-{ਭਾਵ ਵਾਚਕ ਨਾਂਵ} ਸੱਚ ਦਾ ਪੁੰਜ

ਅਰਥ :

ਨਾਨਕ, (ਮੁਹਰ ਛਾਪ) ਇਸ ਤਰ੍ਹਾਂ {ਉਪਰੋਕਤ ਰਹੱਸ ਨੂੰ ਜਾਣ ਲਈਦਾ ਹੈ ਕਿ ਸੱਚ ਦਾ ਪੁੰਜ (ਵਾਹਿਗੁਰੂ) ਆਪ ਹੀ ਸਭ ਕੁਝ ਹੈ|੩।

“ਥਾਪਿਆ ਨ ਜਾਇ, ਕੀਤਾ ਨ ਹੋਇ”

ਆਪੇ ਆਪਿ, ਨਿਰਜੰਨੁ ਸੋਇ”

ਥਾਪਿਆ- ਕਲਪਤ ਜਾਂ ਨਿਯਤ ਕੀਤਾ, ਟਿਕਾਇਆ

ਕੀਤਾ-ਬਣਾਇਆ

ਨਿਰੰਜਨ-{ਸੰਧੀ ਨਿਰ+ਅੰਜਨੁ} ਮਾਇਆ ਤੋਂ ਮੁਕਤ

ਅਰਥ:

ਵਿਆਪਕ ਬ੍ਰਹਮ ਕਿਸੇ ਮੂਰਤੀ ਵਾਂਗ ) ਨਾ ਬਣਾਇਆ ਜਾ ਸਕਦਾ ਹੈ,

ਨਾ ਹੀ ਕਿਧਰੇ ਕਿਸੇ ਧਰਮ ਅਸਥਾਨ ‘ਤੇ) ਸਥਾਪਿਤ ਕੀਤਾ ਜਾ ਸਕਦਾ ਹੈ| ਬ੍ਰਹਮ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ , ਕੇਵਲ ਉਹ ਹੀ ਮਾਇਆ ਦੇ ਪਰਭਾਵ (ਲੇਪ ਛੇਪ) ਤੋਂ ਮੁਕਤ ਹੈ|

“ਜਿਨਿ ਸੇਵਿਆ ਤਿਨਿ ਪਾਇਆ ਮਾਨੁ”

ਜਿਨਿ-{ਪੜਨਾਂਵ, ਇਕ ਵਚਨ ਸੰਬਧਕੀ ਰੂਪ} ਜਿਸ ਨੇ

ਤਿਨਿ- ਉਸ ਨੇ

ਮਾਨੁ- ਸਤਿਕਾਰ {ਪੁਲਿੰਗ}

ਅਰਥ :

ਜਿਸ ਜੀਵ ਨੇ ਉਸ ਨੂੰ ਸੇਵਿਆ {ਸਿਮਰਿਆ, ਚਿੰਤਣ,ਯਾਦ, ਦ੍ਰਿੜ} ਕੀਤਾ ਹੈ ਉਸ ਨੇ ਮਾਨ ਸਤਿਕਾਰ ਪ੍ਰਾਪਤ ਕੀਤਾ ਹੈ

“ਨਾਨਕ, ਗਾਵੀਐ ਗੁਣੀ ਨਿਧਾਨੁ”

ਗੁਣੀ ਨਿਧਾਨੁ-{ਬਹੁਵਚਨ ਨਾਂਵ ਸਬੰਵ ਕਾਰਕ} ਗੁਣਾਂ ਦਾ ਖ਼ਜ਼ਾਨਾ

ਅਰਥ :

ਨਾਨਕ, (ਮੁਹਰ ਛਾਪ) ਉਸ ਗੁਣਾ ਦੇ ਖ਼ਜ਼ਾਨੇ ਬ੍ਰਹਮ ਦੇ ਗੁਣਾਂ ਨੂੰ ਸਦਾ ਗਾਉਣਾ {ਸਮਝਣਾ, ਵਸਾਉਣਾ} ਚਾਹੀਦਾ ਹੈ, ਉਸ ਦੀ ਸਿਫਤਿ-ਸਾਲਾਹ ਕਰਨੀ ਚਾਹੀਦੀ ਹੈ

ਫੁਟਕਲ: ਮਹਾਨ ਕੋਸ਼ ਵਿਚ ਇਹ ਪੰਕਤੀ “ਜਿਨਿ ਸੇਵਿਆ ਤਿਨਿ ਪਾਇਆ ਮਾਨੁ” ਦੇ ਅਰਥ ‘ਜਿਹਨਾਂ ਮਨੁੱਖਾ ਨੇ’ ਕੀਤਾ ਹੈ ਜੋ ਕਿ ਗੁਰਬਾਣੀ ਵਿਆਕਰਣ ਅਨੁਸਾਰ ਠੀਕ ਨਹੀਂ ਕਿਉਂਕਿ ਜਦੋਂ ਇਹ ਪਦ ਬਹੁਵਚਨ ਹੋਵਣ ਤਾਂ ਰੂਪ ‘ਜਿਨ’ ਹੁੰਦਾ ਹੈ, ਏਥੇ ਇਕ ਨਿਯਮ ਹੋਰ ਭੀ ਹੈ ਕਿ ਜਦੋਂ ਦੋ ਵਾਰ ‘ਜਿਨਿ ਜਿਨਿ’ ਪਦ ਇਸ ਰੂਪ ਵਿਚ ਇਕੱਠੇ ਆ ਜਾਣ ਤਾਂ ਭੀ ਬਹੁਵਚਨ ਦੇ ਸੂਚਕ ਹੁੰਦੇ ਹਨ

ਉਪਰੋਕਤ ਪੰਕਤੀ ਦਾ ਕੀਤਾ ਅਰਥ ਭਾਈ ਵੀਰ ਸਿੰਘ ਜੀ ਵੱਲੋਂ ਪ੍ਰਕਰਣ ਨਾਲ ਮੇਲ ਨਹੀਂ ਖਾ ਰਿਹਾ ਹੈ

ਸਿਧਾਂਤ:

ਕੋਈ ਪੰਜ ਭੂਤਕੀ ਅਕਾਰ ਮੂਰਤੀ ਬਣਾ ਕੇ ਉਸ ਨੂੰ ਨਿਰੰਕਾਰ ਦਾ ਸਰੂਪ ਆਕਾਰ ਮਿਥ ਲੈਣਾ ਅਤੇ ਉਸ ਦੀ ਪੂਜਾ ਕਰਨੀ ਕੋਰੀ ਅਗਿਆਨਤਾ ਹੈ

“ਗਾਵੀਐ, ਸੁਣੀਐ, ਮਨਿ ਰਖੀਐ ਭਾਉ

ਦੁਖੁ ਪਰਹਰਿ, ਸੁਖੁ, ਘਰਿ ਲੈ ਜਾਇ”

ਉਚਾਰਣ ਸੇਧ :

ਜਦੋਂ ਇਕ ਜਾਂ ਦੋ ਤੋਂ ਜਿਆਦਾ ਕਿਸੇ ਤੁਕ ਵਿਚ ‘ਕਿਰਿਆਵਾਂ’ ਆ ਜਾਣ ਤਾਂ ਹਰ ‘ਕਿਰਿਆ’ ਤੇ ਥੋੜ੍ਹਾ ‘ਕੁ ਵਿਸਰਾਮ ਦੇ ਕੇ ਬੋਲਣਾ ਚਾਹੀਦਾ ਹੈ|

ਗਾਵੀਐ-{ ਕਿਰਿਆ ਅਨਪੁਰਖ ਇਕਵਚਨ ਵਰਤਮਾਨ ਕਾਲ} ਗਾਉਣਾ ਚਾਹੀਦਾ ਹੈ {ਪ੍ਰੋ. ਸਾਹਿਬ ਸਿੰਘ ਜੀ ਦੁਆਰਾ ਕੀਤੇ ਅਰਥ ਕਾਲ ਤੋਂ ਉਲਟ ਹਨ}

{ਗਾਵੀਐ, ਸੁਣੀਐ, ਰਖੀਐ ਇੱਕੋ ਹੀ ਸ਼੍ਰੇਣੀ ਦੇ ਸ਼ਬਦ ਹਨ}

ਮਨਿ- {ਨਾਂਵ ਅਧਿਕਰਨ ਕਾਰਕ} ਮਨ ਵਿਚ

ਭਾਉ-{ਪੁਲਿੰਗ,ਭਾਵ ਵਾਚਕ} ਪਿਆਰ

ਪਰਹਰਿ-{ਪੂਰਬ-ਪੂਰਣ ਕਿਰਦੰਤ} ਦੂਰ ਕਰ ਕੇ, ਪਰਹਰਣ ਕਰ ਕੇ{ ਨੋਟ: ਪਰਹਰਿ ਜੁੜਤਪਦ ਹੈ}

ਅਰਥ :

ਗੁਣਾਂ ਦੇ ਖ਼ਜਾਨੇ ਵਿਆਪਕ ਬ੍ਰਹਮ ਦਾ ਜਸ) ਗਾਉਣਾ ਚਾਹੀਦਾ ਹੈ, ਸੁਣਨਾ ਚਾਹੀਦਾ ਹੈ ਅਤੇ ਮਨ ਵਿਚ ਉਸ ਦਾ ਪਿਆਰ ਧਾਰਨ ਕਰਨਾ ਚਾਹੀਦਾ ਹੈ ਭਾਵ ਉਸ ਦੇ ਗੁਣਾਂ ਨੂੰ (ਸਿਫਤਿ-ਸਾਲਾਹ) ਨੂੰ ਪਿਆਰ ਨਾਲ ਗਾਉਣਾ ਚਾਹੀਦਾ ਹੈ, ਗੁਣੀ ਨਿਧਾਨ ਦਾ ਜਸ ਪਿਆਰ ਨਾਲ ਗਾਉਣਾ, ਸੁਣਨਾ, ਜਗਿਆਸੂ ਦਾ ਦੁਖ ਦੂਰ ਕਰ ਕੇ ਉਸ ਨੂੰ ਆਤਮਿਕ ਸੁਖ ਦੇਂਦਾ ਹੈ ਅਤੇ ਨਿਜ-ਘਰ ਸ੍ਵੈ-ਸਰੂਪ ਵਿਚ ਲੈ ਜਾਂਦਾ ਹੈ

ਸਿਧਾਂਤ : ਵਿਆਪਕ ਅਕਾਲ ਪੁਰਖ ਦੀ ਪੂਜਾ ਦਾ ਇਕੋ ਇਕ ਸਾਧਨ ਪੂਰਨ ਸ਼ਰਧਾ ਇਹ ਹੈ ਕਿ ਗੁਰਬਾਣੀ ਗਿਆਨ ਨੂੰ ਪ੍ਰੇਮ ਨਾਲ ਗਾਏ, ਗੁਣੀ ਨਿਧਾਨ ਦੀ ਮਹਿਮਾ ਦਾ ਗਾਇਨ ਕਰੇ ਅਤੇ ਸ੍ਰਵਣ ਕਰੇ ਇਹ ਸਫਲ ਸਾਧਨ ਜੀਵ ਦਾ ਦੁਖਾਂ ਤੋਂ ਛੁਟਕਾਰਾ ਕਰਾ ਕੇ, ਉਸ ਨੂੰ ਆਤਮ ਸੁਖ ਪ੍ਰਦਾਨ ਕਰਦਾ ਹੈ|

{ ਪਿੰਗਲ ਮੁਤਾਬਕ ਇਹ ‘ਦਵਯਾ’ ਛੰਦ ਹੈ ਇਸ ਦੀਆਂ ਮਾਤਰਾਂ 16-ਦੂਜਾ ਚਰਣ 12 ਬਾਰਾਂ ਹੁੰਦੀਆਂ ਹਨ ਪਹਿਲਾ ਵਿਸਰਾਮ 16 ਮਾਤਰਾਂ ਤੇ ਲਗਦਾ ਹੈ,

ਭੁੱਲ-ਚੁਕ ਮੁਆਫ

ਹਰਜਿੰਦਰ ਸਿੰਘ ‘ਘੜਸਾਣਾ

[email protected]




.