ਸਿੱਖ, ਗੁਰਸਿੱਖ, ਸਿੰਘ ਤੇ ਖਾਲਸਾ
ਡਾ. ਦਲਵਿੰਦਰ ਸਿੰਘ ਗ੍ਰੇਵਾਲ
੧੯੨੫, ਬਸੰਤ ਐਵਿਨਿਊ, ਲੁਧਿਆਣਾ- ਮੁਬਾਈਲ ੯੮੧੫੩੬੬੭੨੬
ਅੱਜ ਕੱਲ ਸਿੱਖ ਧਰਮ ਵਿੱਚ ਸਿੱਖੀ
ਪ੍ਰਤੀ ਕਾਫੀ ਸੰਸੇ ਹਨ, ਕਾਫੀ ਚਿੰਤਾਵਾਂ ਹਨ। ਕੁੱਝ ਲੋਕ ਚਿੰਤਾ ਪ੍ਰਗਟਾਉਂਦੇ ਹਨ ਕਿ ਸਿੱਖ ਪਤਿਤ
ਹੋ ਰਹੇ ਹਨ, ‘ਦਾੜੀ ਮੁੱਛ ਨਹੀਂ ਰਖਦੇ’, ‘ਪੰਜ ਕਕਾਰ ਨਹੀਂ ਪਹਿਨਦੇ, ‘ਖੰਡੇ ਦੀ ਪਾਹੁਲ ਨਹੀਂ
ਛਕਦੇ’, ਆਦਿ ਆਦਿ। ਕੁੱਝ ਲੋਕਾਂ ਨੂੰ ਇਹ ਸੰਸਾ ਹੈ ਕਿ ਅਸੀਂ ਸਿੱਖ ਨਹੀਂ?’ ‘ਜੋ ਅਸੀਂ ਕਕਾਰ ਨਹੀਂ
ਰੱਖੇ ਤਾਂ ਕੀ ਅਸੀਂ ਸਿੱਖ ਨਹੀਂ?’ ਆਦਿ ਆਦਿ।
ਇਨ੍ਹਾਂ ਚਿੰਤਾਵਾਂ, ਸਮੱਸਿਆਵਾਂ, ਸੰਸਿਆਂ ਦਾ ਹੱਲ ਲੱਭਣ ਲਈ ਸਾਨੂੰ ਇਹ ਵੇਖਣਾ, ਸਮਝਣਾ ਪਵੇਗਾ ਕਿ
ਸਿੱਖ ਧਰਮ ਕੀ ਹੈ? ਸਿੱਖ ਕੋਣ ਹੈ? ਸਿੱਖ ਬਣਨ ਲਈ ਕੀ ਕੀ ਹੋਣਾ ਜਰੂਰੀ ਹੈ? , ‘ਕੀ ਕੀ ਗੱਲਾਂ ਹਨ
ਜੋ ਸਾਨੂੰ ਸੱਚਾ ਗੁਰਸਿੱਖ ਬਣਨੋਂ ਰੋਕਦੀਆਂ ਹਨ’ ? ਆਦਿ। ਇਨ੍ਹਾਂ ਹੀ ਸਵਾਲਾਂ ਦੇ ਜਵਾਬ ਲੱਭਣ ਦੀ
ਕੋਸ਼ਿਸ਼ ਹੈ ਇਹ ਲੇਖ।
ਸਿੱਖ
‘ਸਿੱਖ’ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਸ਼ਿਸ਼’ ਦਾ ਹੀ ਧੁੰਨੀ ਤਬਦੀਲਿਆ ਰੂਪ ਹੈ ਜਿਸ ਨੂੰ ਪੰਜਾਂ ਪਾਣੀਆਂ
ਦੀ ਧਰਤੀ ਵਿੱਚ ਅਪਣਾਇਆ ਗਿਆ। ‘ਸ਼ਿਸ਼’ ਜਾਂ ਸਿੱਖ ਦਾ ਅਰਥ ਹੈ ਜੋ ਸ਼ਾਸਨ (ਉਪਦੇਸ਼) ਯੋਗ ਹੋਵੇ,
`ਚੇਲਾ’, ‘ਅਨੁਗਾਮੀ’ (ਕਾਹਨ ਸਿੰਘ ਨਾਭਾ: ਮਹਾਨ ਕੋਸ਼, ਪੰਨਾ ੧੯੨)।
ਧਰਮ ਦਾ ਭਾਵ ‘ਜੋ ਸੰਸਾਰ ਨੂੰ ਧਾਰਨ ਕਰਦਾ ਹੈ ਜਿਸ ਦਾ ਆਧਾਰ ਵਿਸ਼ਵ ਹੈ ਉਹ ਪਵਿੱਤਰ ਨਿਯਮ (ਉਹੀ
ਪੰਨਾ ੬੬੨) ਮਨੁੱਖਾ ਜੀਵਨ ਦੇ ਮਨੋਰਥ ਦੀ ਸਿਧੀ ਲਈ ਜੋ ਮਹਾਂਪੁਰਸ਼ਾਂ ਨੇ ਰਸਤਾ ਦਸਿਆ ਹੈ ਉਸ ਨੂੰ
ਧਰਮ ਕਹਿੰਦੇ ਹਨ (ਮਹਾਨ ਕੋਸ਼ ਪੰਨਾ ੧੯੨)। ਧਰਮ ਦੇ ਅਨੇਕ ਰਸਤਿਆਂ ਵਿਚੋਂ ਇੱਕ ਸ਼੍ਰੋਮਣੀ ਰਸਤਾ ਉਹ
ਹੈ ਜੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਦਸ ਗੁਰੂਆਂ ਨੇ ਦੱਸਿਆ ਹੈ।
ਇਸ ਦਾ ਨਾਉਂ ਸਿੱਖ ਧਰਮ ਹੈ। (ਮਹਾਨ ਕੋਸ਼ ਪੰਨਾ ੧੯੨)।
ਗੁਰਸਿੱਖ
ਸਿੱਖ ਸਿੱਖਿਆ ਸ਼ਬਦ ਨਾਲ ਅਟੁੱਟ ਹੈ। ਜੋ ਸਿੱਖ ਸਿੱਖੀ ਦੀ ਸਿਖਿਆ ਨਹੀਂ ਪ੍ਰਾਪਤ ਕਰਦਾ, ਉਹ ਸਿੱਖ
ਨਹੀਂ। ਸਿੱਖੀ ਸਿਖਿਆ ਗੁਰ ਵੀਚਾਰੁ” ਗੁਰੂ ਦੇ ਵੀਚਾਰ ਦੀ ਸਿੱਖ ਗੁਰੂ ਪ੍ਰਾਪਤ ਕਰਦਾ ਹੈ। ਗੁਰੂ
ਵੀਚਾਰ ਤੇ ਸਿੱਖ ਦਾ ਇਹ ਨਾਤਾ ਦੁਵੱਲਾ ਹੈ। ਸਿੱਖ ਇੱਕ ਪਾਸੜ ਨਹੀਂ ਹੁੰਦਾ। ਉਸ ਦਾ ਉਤਲਾ ਪਾਸਾ
‘ਗੁਰੂ’ ਹੁੰਦਾ ਹੈ। ਗੁਰੂ ਬਿਨਾਂ ਸਿੱਖ ਨਹੀਂ ਹੁੰਦਾ। ਗੁਰੂ ਹੀ ਸਿੱਖੀ ਦਾ ਅਸਲੀ ਗਿਆਨ ਦਿੰਦਾ
ਹੈ, ਅਸਲੀ ਚਾਨਣ ਗੁਰੂ ਰਾਹੀਂ ਹੀ ਮਿਲਦਾ ਹੈ “ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ”। ਘੋਰ
ਹਨੇਰੇ ਵਿੱਚੋਂ ਨਿਕਲਣ ਲਈ ਹੀ ਤਾਂ ਸਿੱਖ ਗੁਰੂ ਕੋਲੋਂ ਸਿਖਿਆ ਲੈਂਦਾ ਹੈ। ਗੁਰੂ ਬਿਨਾਂ ਗਤੀ ਨਹੀਂ
ਹੁੰਦੀ। ਗਤੀ ਗੁਰੂ ਹੀ ਦਿਵਾਉਂਦਾ ਹੈ। ਗਤੀ ਭਾਵ ਆਉਣ ਜਾਣ ਤੋਂ ਮੁਕਤੀ ਉਸ ਸੱਚੇ ਸੰਗ ਸਦੀਵੀ
ਮੇਲਾ, ਉਹ ਸੱਚਾ ਈਸ਼ਵਰ ਜਿਸ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਵਿੱਚ ਇਸ ਤਰ੍ਹਾਂ ਕੀਤਾ
ਹੈ। ‘ੴ ਸਤਿਨਾਮੁ ਕਰਤਾ ਪੁਰਖੁ ਨਿਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ ਉਸ ਸੱਚੇ
ਪ੍ਰਮਾਤਮਾ ਨੂੰ ਗੁਰਪ੍ਰਸਾਦਿ ਭਾਵ ਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਗੁਰ ਬਚਨੀ ਅਵਿਗਤਿ ਸਮਾਈਐ, ਤਤੂ ਨਿਰੰਜਨੁ ਸਹਜਿ ਲਹੈ।
(ਸਿਧ ਗੋਸਟਿ ਪੰਨਾ ੯੪੦)
ਸਤਿਗੁਰ ਮਿਲੈ ਅੰਧੇਰਾ ਜਾਇ
(ਸਿਧ ਗੋਸਟਿ ਪੰਨਾ ੯੩੯)
ਨਾਨਕ ਗੁਰਮੁਖਿ ਉਤਰਸਿ ਪਾਰੇ।
(ਸਿਧ ਗੋਸਟਿ ਪੰਨਾ ੯੩੯)
ਧਰਮ ਦਾ ਮੁੱਖ ਮਨੋਰਥ ਪਰਮ ਪ੍ਰਮੇਸ਼ਵਰ ਵਾਹਿਗੁਰੂ ਨਾਲ ਅਖੰਡ ਲਿਵ ਲਾ ਕੇ ਇੱਕ-ਮਿੱਕ ਹੋ ਜਾਣਾ ਹੈ।
ਇੱਕ-ਮਿੱਕ ਹੋਣ ਲਈ ਗੁਰੂ ਹੀ ਰਾਹ ਦਰਸਾਉਂਦਾ ਹੈ। ਸਿੱਖ ਧਰਮ ਵਿੱਚ ਗੁਰੂ ਦਸ ਸਤਿਗੁਰੂ ਹਨ
ਜਿਨ੍ਹਾਂ ਦਾ ਸਮੁੱਚਾ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸਿੱਖ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ
ਸਾਹਿਬ ਤੋਂ ਸਿਖਿਆ ਪ੍ਰਾਪਤ ਕਰਦਾ ਹੈ, ਜੀਵਨ ਸੇਧ ਲੈਂਦਾ ਹੈ। ਗੁਰਬਾਣੀ ਦੀ ਮਹੱਤਤਾ ਦਸਦਿਆਂ ਗੁਰੂ
ਨਾਨਕ ਦੇਵ ਜੀ ਨੇ ਲਿਖਿਆ ਹੈ:
ਗੁਰ ਕੈ ਸਬਦਿ ਹਉਮੈ ਬਿਖੁ ਮਾਰੈ, ਤਾ ਨਿਜ ਘਰਿ ਹੋਵੈ ਵਾਸੋ।
ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਾਕੁ ਤਾ ਕਾ ਦਾਸੋ।
(ਪੰਨਾ ੯੪੦)
ਸਿੱਖ ਧਰਮ ਆਤਮਿਕ, ਆਚਰਣਕ ਅਤੇ ਰਹਿਤ-ਬਹਿਤ ਦੇ ਉੱਚ ਅਸੂਲਾਂ ਦਾ ਧਾਰਨੀ ਹੈ। ਆਤਮਿਕ ਉੱਚਤਾ ਲਈ ਉਹ
ਗੁਰੂ ਸਾਹਿਬਾਨ ਦੇ ਦੱਸੇ ਰਾਹ ਅਨੁਸਾਰ ਅਖੰਡ ਲਿਵ ਲਾ ਕੇ ਪਰਮ ਪਰਮੇਸ਼ਵਰ ਵਾਹਿਗੁਰੂ ਨਾਲ ਇੱਕ-ਮਿੱਕ
ਹੋ ਜਾਂਦਾ ਹੈ। ਸਹੀ ਆਚਰਣ ਸਦਕਾ ਉਹ ਆਪਣਾ ਆਪ ਜੱਗ ਤੋਂ ਨਿਰਾਲਾ ਬਣਾਉਂਦਾ ਹੈ ਤੇ ਉੱਚ-ਰਹਿਤ-ਬਹਿਤ
ਅਨੁਸਾਰ ਉਹ ਆਪਣੀ ਦਿੱਖ ਦਰਸਾਉਂਦਾ ਹੈ। ਗੁਰੂ ਨਾਨਕ ਦੇਵ ਜੀ ਸਿੱਖ ਦੀ ਆਤਮਕ ਤੇ ਆਚਰਣਕ ਪ੍ਰਾਪਤੀ
ਬਾਰੇ ਇਉਂ ਲਿਖਦੇ ਹਨ:
ਬੋਲਹਿ ਸਾਚੁ ਮਿਥਿਆ ਨਹੀਂ ਰਾਈ।
ਚਾਲਹਿ ਗੁਰਮੁਖਿ ਹੁਕਮਿ ਰਜਾਈ॥
ਰਹਹਿ ਅਤੀਤ ਸਚੇ ਸਰਣਾਈ॥
ਸਤਿਗੁਰੁ ਦੇਖਿਆ ਦੀਖਿਆ ਲੀਨੀ।
ਮਨੁ ਤਨੁ ਅਰਪਿਓ ਅੰਤਰ ਗਤਿ ਕੀਨੀ।
ਸਾਚ ਮਹਲਿ ਗੁਰਿ ਅਲਖੁ ਲਖਾਇਆ॥
ਸਾਚੀ ਸੰਤੋਖੇ ਭਰਮੁ ਚੁਕਾਇਆ॥
ਜਿਨ ਕੈ ਮਨਿ ਵਸਿਆ ਸਚੁ ਸੋਈ॥
ਤਿਨ ਕੀ ਸੰਗਤਿ ਗੁਰਮੁਖਿ ਹੋਈ॥
ਨਾਨਕ ਸਾਚਿ ਨਾਮਿ ਮਲੁ ਖੇਈ॥
(ਗਉੜੀ ਮ: ੧ ਅਸਟਪਦੀ ੧੫, ਪੰਨਾ ੨੨੨੭)
ਸਿੱਖ ਪੰਥ ਦੀ ਵਿਆਖਿਆ ਗੁਰੂ ਨਾਨਕ ਦੇਵ ਜੀ ਸਿਧ ਗੋਸਟਿ ਵਿੱਚ ਬੜੀ ਚੰਗੀ ਤਰ੍ਹਾਂ ਕਰਦੇ ਹਨ
‘ਗੁਰਮੁਖਿ ਬੂਝੈ ਆਪੁ ਪਛਾਣੈ, ਸਚੇ ਸਚਿ ਸਮਾਇ” (ਪੰਨਾ - ੯੩੮) ਭਾਵ ‘ਗੁਰਾਂ ਦੀ ਦਇਆ ਦੁਆਰਾ ਆਪਣਾ
ਆਪ ਜਾਣ ਕੇ, ਸਿਆਣਕੇ, ਪਰਮ ਸੱਚੇ ਪ੍ਰਮੇਸ਼ਵਰ ਵਿੱਚ ਲੀਨ ਹੋਣਾ, ਸਮਾ ਜਾਣਾ” ਹੀ ਸੱਚਾ ਧਰਮ ਹੈ। ਇਸ
ਦੁਨੀਆਂ ਵਿੱਚ ਰਹਿਕੇ ਇਸ ਦੁਨੀਆਂ ਦਾ ਭਵ ਸਾਗਰ ਪਾਰ ਕਰਨ ਦਾ ਰਸਤਾ ਗੁਰੂ ਨਾਨਕ ਦੇਵ ਜੀ ਨੇ ਇਸ
ਤਰ੍ਹਾਂ ਦਸਿਆ ਹੈ:
ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ।
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੈ।
(ਪੰਨਾ ੯੩੮)
ਵਾਹਿਗੁਰੂ ਨਾਮ ਦਾ ਆਧਾਰ ਲੈ ਕੇ ਹੀ ਇਸ ਭਵ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ:
ਇਹੁ ਮਨੁ ਚਲਤਉ ਸਚ ਘਰਿ ਬੈਸੇ, ਨਾਨਕ ਨਾਮੁ ਅਧਾਰੋ।
ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ॥
(ਪੰਨਾ ੯੩੮)
ਦੁਨਿਆਵੀ ਲਾਲਸਾਵਾਂ ਵਿੱਚ ਫਸੇ ਮਨ ਨੂੰ ਈਸ਼ਵਰ ਵਲ ਲਾਉਣ ਬਾਰੇ ਗੁਰੂ ਨਾਨਾਕ ਦੇਵ ਜੀ ਲਿਖਦੇ ਹਨ:
ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ।
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ।
ਖਿੰਬਾ ਝੋਲੀ ਭਰਿਪੁਰਿ ਰਹਿਆ ਨਾਨਕ ਤਾਰੈ ਏਕੁ ਹਰੀ।
ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ।
(ਪੰਨਾ ੯੩੯)
ਸਿੱਖ ਧਰਮ ਦੀ ਮੁੱਖ ਦਿਸ਼ਾ ਈਸ਼ਵਰ ਪ੍ਰਾਪਤੀ ਹੈ ਜੋ ਗੁਰੂ ਤੋਂ ਪਾਏ ਗਿਆਨ ਅਨੁਸਾਰ ਹੀ ਹੋ ਸਕਦੀ ਹੈ।
ਇਹ ਗਿਆਨ ਦਸਾਂ ਗੁਰੂਆਂ ਦੀ ਬਾਣੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂਆਂ ਦੀ ਇਸ ਬਾਣੀ ਦਾ
ਸੰਕਲਿਤ ਰੂਪ ਗੁਰੂ ਗ੍ਰੰਥ ਸਾਹਿਬ ਜੀ ਹੈ ਜਿਸ ਵਿੱਚ ਈਸ਼ਵਰ ਪ੍ਰਾਪਤੀ ਦਾ ਸਹੀ ਰਾਹ ਦਰਸਾਇਆ ਗਿਆ
ਹੈ।
ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ।
ਸਤਿਗੁਰ ਕੀ ਬਾਣੀ, ਸਤਿ ਸਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਏ।
(ਪੰਨਾ ੩੦੮)
ਦਸਮ ਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰ-ਗੱਦੀ ਦੇ ਕੇ ਸਦਾ-ਸਥਾਪਿਤ ਗੁਰੂ ਘੋਸ਼ਿਤ ਕੀਤਾ।
ਆਚਰਣ:
ਗੁਰੂ ਦੇ ਸਿੱਖ ਦਾ ਆਚਰਣ ਕਿਹੋ ਜਿਹਾ ਹੋਵੇ ਇਸ ਬਾਰੇ ਗੁਰੂ ਰਾਮਦਾਸ ਜੀ ਇਉਂ ਲਿਖਦੇ ਹਨ। ਇਹ ਆਚਰਣ
ਗੁਰਬਾਣੀ ਪੜ੍ਹਨ ਸੁਣਨ ਬਾਰੇ ਹੈ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ, ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ, ਸਭਿ ਕਿਲਵਿਖ ਪਾਪ ਦੇਖ ਲਹਿ ਜਾਵੈ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ, ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ, ਸੋ ਗੁਰਸਿਖੁ ਗੁਰੂ ਮਨਿ ਭਾਵੇ॥
ਜਨ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ, ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥
(ਮ: ੪, ਪੰਨਾ ੩੦੫: ੧੬)
ਗੁਰੂ ਪ੍ਰਤੀ ਸ੍ਰਧਾ ਬਾਰੇ ਗੁਰੂ ਰਾਮਦਾਸ ਜੀ ਇਉਂ ਲਿਖਦੇ ਹਨ:
ਉਪਦੇਸੁ ਜਿ ਦਿਤਾ ਸਤਿਗੁਰੂ, ਸੋ ਸੁਣਿਆ ਸਿਖੀ ਕੰਨੇ।
ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ।
ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣਿ ਮਨੁ ਭਿੰਨੇ॥
(ਪੰਨਾ ੩੧੪)
ਧੰਨ ਧੰਨੁ ਸੋ ਗੁਰਸਿਖੁ ਕਹੀਐ, ਜੋ ਸਤਿਗੁਰ ਚਰਣੀ ਜਾਇ ਪਇਆ॥
ਧੰਨੁ ਧੰਨੁ ਸੋ ਗੁਰਸਿਖੁ ਕਹੀਐ, ਜਿਨਿ ਹਰਿ ਨਾਮ ਮੁਖਿ ਰਾਮੁ ਕਹਿਆ॥
ਧੰਨੁ ਧੰਨੁ ਸੋ ਗੁਰਸਿਖੁ ਕਹੀਐ, ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ॥
ਧੰਨੁ ਧੰਨੁ ਸੋ ਗੁਰਸਿਖੁ ਕਹੀਐ, ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ॥
ਤਿਸੁ ਗੁਰਸਿੱਖ ਕਉ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ॥
(ਪੰਨਾ ੫੯੩)
ਭਾਈ ਗੁਰਦਾਸ ਜੀ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ ਰਚਿਤਾ ਮੰਨਿਆ ਜਾਂਦਾ
ਹੈ, ਲਿਖਦੇ ਹਨ:
ਗੁਰਮੁਖਿ ਜਨਮੁ ਸਕਾਰਥਾ, ਗੁਰਸਿਖ ਮਿਲਿ ਗੁਰਸਰਣੀ ਆਇਆ॥
ਆਦਿ ਪੁਰਖ ਆਦੇਸ਼ ਕਰਿ, ਸਫਲ ਮੂਰਤਿ ਗੁਰਦਰਸ਼ਨ ਪਾਇਆ॥
ਪਰਦਖਣਾ ਡੰਡਉਤ ਕਰਿ ਮਸਤਕੁ ਚਰਣ ਕਵਲ ਗੁਰ ਲਾਇਆ॥
ਸਤਿਗੁਰੂ ਪੁਰਖ ਦਇਆਲੂ ਹੋਇ ‘ਵਾਹਿਗੁਰੂ’ ਸਚੁ ਮੰਤ੍ਰ ਸੁਣਾਇਆ॥
ਸਚ ਰਾਇ ਰਹਰਾਸਿ ਦੇ ਪੈਰੀ ਪੈ ਜਗ ਪੈਰੀ ਪਾਇਆ॥
ਕਾਮੁ ਕਰੋਧੁ ਵਿਰੋਧੁ ਹਰਿ ਲੋਭੁ ਮੇਹੁ ਅਹੰਕਾਰੁ ਤਜਾਇਆ।
ਸਤੁ ਸੰਤੋਖੁ ਦਇਆ ਧਰਮੁ, ਨਾਮੁ ਦਾਨੁ ਇਸਨਾਨ ਦ੍ਰਿੜਾਇਆ
ਗੁਰਸਿਖ ਲੈ ਗੁਰਸਿਖੁ ਸਦਾਇਆ॥
ਗੁਰੂ ਦੇ ਸਿੱਖਾਂ ਦਾ ਮਨੁੱਖੀ ਜਨਮ ਸਫਲ ਹੈ, ਜੋ ਗੁਰੂ ਦੇ ਸਿੱਖਾਂ ਦੀ ਸੰਗਤ ਕਰਦੇ ਹਨ, ਗੁਰੂ ਦੇ
ਦੁਆਰੇ ਸਾਧ ਸੰਗਤ ਵਿੱਚ ਟੁਰ ਜਾਂਦੇ ਹਨ, ਗੁਰੂ ਦੇ ਸ਼ਬਦ ਅੱਗੇ ਮੱਥਾ ਟੇਕ ਕੇ ਗੁਰਮੁਖ ਸਿਖਾਂ ਦਾ
ਦਰਸ਼ਨ ਕਰਦੇ ਹਨ ਤੇ ਪੱਖੇ ਪਾਣੀ ਦੀ ਟਹਿਲ ਕਰਦੇ ਹਨ ਤੇ ਗੁਰੂ ਦੇ ਦਰਬਾਰ ਦੀ ਪਰਦੱਖਣਾ ਕਰਕੇ ਚਰਨ
ਧੂੜ ਮਸਤਕ ਤੇ ਲਾਉਂਦੇ ਹਨ। ਵਾਹਿਗੁਰੂ ਦਾ ਮੰਤਰ ਸ਼ਬਦ ਧਿਆਨ ਲਾ ਕੇ ਸੁਣਦੇ ਹਨ ਤੇ ਸੱਚੀ ਰਹਿਰਾਸ
ਸੁਣਨ ਦਾ ਨੇਮ ਕਰਦੇ ਹਨ ਤੇ ਗੁਰੂ ਦੇ ਸਿੱਖਾਂ ਦੇ ਪੈਰੀਂ ਪੈਂਦੇ ਹਨ - ਧੰਨ ਵਾਹਿਗੁਰੂ ਹੈ ਜੋ
ਅਸਾਨੂੰ ਸ਼ਬਦ ਦੇ ਲੜ ਲਾ ਕੇ ਉਧਾਰ ਕੀਤਾ ਹੈ। ਉਨ੍ਹਾਂ ਦੀ ਪ੍ਰੀਤ ਵੇਖ ਕੇ ਸਾਰਾ ਜਗਤ ਉਨ੍ਹਾਂ ਦੇ
ਪੈਰੀਂ ਪੈਂਦਾ ਹੈ। ਗੁਰੂ ਕੇ ਸਿੱਖ ਕਾਮ ਨੂੰ ਤਿਆਗਦੇ ਹਨ, ਜੋ ਆਪਣੀ ਧਰਮ ਦੀ ਇਸਤ੍ਰੀ ਬਿਨਾਂ ਹੋਰ
ਕਿਧਰੇ ਧਿਆਨ ਨਹੀਂ ਕਰਦੇ, ਕਿਸੇ ਨਾਲ ਕ੍ਰੋਧ ਨਹੀਂ ਕਰਦੇ ਤੇ ਕਹਿੰਦੇ ਹਨ ਜੋ ਕ੍ਰੋਧ ਚੰਡਾਲ ਹੈ ਇਸ
ਦੇ ਨਾਲ ਛੂਹਿਆਂ ਨਹੀਂ ਜਾਣਾ ਚਾਹੀਦਾ, ਜੋ ਕੋਈ ਹੋਰ ਕ੍ਰੋਧ ਕਰਦਾ ਹੈ ਤਾਂ ਸਹਿੰਦੇ ਹਨ, ਅੱਗੋਂ
ਮਿੱਠਾ ਬੋਲਦੇ ਹਨ ਤੇ ਹੰਕਾਰ ਨਹੀਂ ਕਰਦੇ, ਕਹਿੰਦੇ ਹਨ ਜੋ ਅਸੀਂ ਇਨ੍ਹਾਂ ਸਭਨਾਂ ਤੋਂ ਨੀਚ ਹਾਂ,
ਗੁਰੂ ਦੇ ਸਿੱਖ ਸਭ ਆਸਾਂ ਤੋਂ ਵਿਸ਼ੇਸ਼ ਹਨ ਤੇ ਜਤ ਕਰਦੇ ਹਨ, ਪਰਾਈ ਇਸਤ੍ਰੀ ਨੂੰ ਮਾਂ ਭੈਣ ਸਮਾਨ
ਜਾਣਦੇ ਹਨ, ਲੜਕੀ ਨੂੰ ਪੁੱਤਰ ਸਮਾਨ ਜਾਣਦੇ ਹਨ। ਧਰਮ ਦੀ ਕਿਰਤ ਕਰਕੇ ਵੰਡ ਖਾਂਦੇ ਹਨ, ਗੁਰੂ ਦਾ
ਦਸਵੰਧ ਕੱਢਦੇ ਹਨ, ਗਰੀਬਾਂ ਤੋਂ ਅਗਿਆਨੀਆਂ ਉਤੇ ਦਇਆ ਕਰਦੇ ਹਨ। ਆਪਣੇ ਗੁਰਾਂ ਦੇ ਧਰਮ ਤੇ ਦ੍ਰਿੜ
ਰਹਿੰਦੇ ਹਨ। ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹਦੇ ਹਨ। ਪ੍ਰਸ਼ਾਦ ਗੁਰੂ ਕੇ ਨਮਿਤ ਦੇ
ਕੇ ਖਾਂਦੇ ਹਨ। ਬਸਤ੍ਰ ਗੁਰੂ ਕੇ ਨਮਿਤ ਦੇ ਕੇ ਪਹਿਨਦੇ ਹਨ ਤੇ ਗੁਰੂ ਕੇ ਸ਼ਬਦ ਨੂੰ ਅੱਠੇ ਪਹਿਰ
ਵਿਚਾਰਦੇ ਹਨ।
(ਭਾਈ ਮਨੀ ਸਿੰਘ ਰਚਿਤ ਗੁਰੂ ਕੇ ਕਰਮ ਵਿਚੋਂ ਭਾਈ ਗੁਰਦਾਸ ਜੀ ਕੀ ਵਾਰ ੧੧ ਦਾ ਟੀਕਾ)
ਭਾਈ ਗੁਰਦਾਸ ਜੀ ਨੇ ਵਾਰ ੧੨, ੧੬, ਤੇ ੩੯ ਵਿੱਚ ਗੁਰਸਿਖ ਦੀ ਵਿਆਖਿਆ ਹੋਰ ਦੀ ਵਧੇਰੀ ਕੀਤੀ ਹੈ।
ਸਿੰਘ
‘ਸਿੰਘ’ ਸ਼ਬਦ ਦਾ ਮਤਲਬ ‘ਸ਼ੇਰ’ ਹੁੰਦਾ ਹੈ ਪਰ ਸਿੱਖ ਧਰਮ ਵਿੱਚ ਸਿੰਘ ਦਾ ਮਤਲਬ ‘ਖੰਡੇ ਦਾ
ਅੰਮ੍ਰਿਤਧਾਰੀ ਗੁਰੂ ਨਾਨਕ ਪੰਥੀ ਖਾਲਸਾ (ਭਾਈ ਕਾਹਨ ਸਿੰਘ ਨਾਭਾ, ਮਹਾਨ ਕੋਸ਼ ਪੰਨਾ ੧੯੩) ‘ਜੋ
ਖੰਡੇ ਦਾ ਅੰਮ੍ਰਿਤ ਛਕ ਕੇ ‘ਕੇਸ, ਕ੍ਰਿਪਾਨ, ਕੱਛ, ਕੜਾ, ਕੰਘਾ’ ਦੀ ਰਹਿਤ ਰਖਦਾ ਹੋਇਆ ਸੂਰਬੀਰ,
ਪਰੋਪਕਾਰੀ, ਨਿਰਭਯ, ਨਿਰਵੈਰ, ਉਦਮੀ, ਉਦਾਰ, ਸਦਾਚਾਰੀ ਗੁਰਸਿੰਘ ਹੈ, ਉਸ ਦੀ ਸਿੰਘ ਸੰਗਿਆ ਹੁੰਦੀ
ਹੈ। ‘(ਗੁਰਮਤਿ ਮਾਰਤੰਡ ਭਾਗ ੧ ਪੰਨਾ: ੧੬੨)
ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਾਹੁਲ ਛਕੋ
ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਏ।
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਇਕ ‘ਸਿੰਘ’ ਸਜਣ ਲਈ ਸਭ ਤੋਂ ਪਹਿਲਾਂ ਇੱਕ ਗੁਰਸਿੱਖ ਦਾ ਅੰਮ੍ਰਿਤਧਾਰੀ ਹੋਣਾ ਤੇ ਪੰਜ ਕਕਾਰ
ਪਹਿਨਣੇ ਜ਼ਰੂਰੀ ਹਨ ਇਸ ਤੋਂ ਇਲਾਵਾ ਉਹ ਸੂਰਬੀਰ, ਪਰੋਪਕਾਰੀ, ਨਿਰਭੈ, ਨਿਰਵੈਰ, ਉਦਮੀ, ਉਦਾਰ ਤੇ
ਸਦਾਚਾਰੀ ਹੋਣਾ ਵੀ ਜਰੂਰੀ ਹੈ।
ਗੁਰਸਿੱਖ ਤੋਂ ਅਗਲੀ ਪੋੜੀ ‘ਸਿੰਘ’ ਦੀ ਹੈ
ਖਾਲਸਾ
‘ਖਾਲਸਾ’ ਦਾ ਅਖਰੀ ਮਤਲਬ ‘ਸ਼ੁੱਧ’, ਬਿਨਾਂ ਮਿਲਾਵਟ’, ਨਿਰੋਲ’ ਹੈ (ਮਹਾਨ ਕੋਸ਼ ਪੰਨਾ ੩੭੪) ਸਿੱਖ
ਧਰਮ ਅਨੁਸਾਰ ਖਾਲਸਾ ਅਕਾਲੀ ਧਰਮ ਹੈ ਸਿੰਘ ਪੰਥ ਹੈ, ਖਾਲਸਾ ਧਰਮਧਾਰੀ ਜਾਂ ਗੁਰੂ ਨਾਨਕ ਪੰਥੀ ਹੈ’
(ਮਹਾਨ ਕੋਸ਼ ਪੰਨਾ ੩੩੪)
ਸਿੱਖੀ ਦੇ ਨਿਰਮਲ ਪੰਥ ਜਾਂ ‘ਸਿੱਖ-ਪੰਥ’ ਜਾਂ ‘ਸਿੱਖ ਧਰਮ’ ਦੀ ਬੁਨਿਆਦ ਸਾਹਿਬ ਸ੍ਰੀ ਗੁਰੂ ਨਾਨਕ
ਦੇਵ ਜੀ ਮਹਾਰਾਜ ਨੇ ਰੱਖੀ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਣ-ਸਰੂਪਤਾ ਬਖਸ਼ਦਿਆਂ
ਗੁਰੂ ਸੰਗਤ ਨੂੰ ‘ਖਾਲਸਾ’ ਬਣਾ ‘ਗੁਰੂ-ਪੰਥ’ ਦਾ ਨਿੱਜ ਸਮਾਨ ਰੁਤਬਾ ਬਖਸ਼ ਦਿੱਤਾ।
ਭਾਈ ਨੰਦ ਲਾਲ ਜੀ ਨੇ ਤਨਖਾਹ ਨਾਮਾ ਵਿੱਚ ‘ਖਾਲਸੇ’ ਦੇ ਤੱਤ ਇਸ ਤਰਾਂ ਬਿਆਨੇ:
ਖਲਾਸਾ ਸੋਇ ਜੋ ਨਿੰਦਾ ਤਿਆਗੈ।
ਖਾਲਸਾ ਸੋਇ ਜੋ ਲੜੇ ਹੋਇ ਆਗੈ।
ਖਾਲਸਾ ਸੋਇ ਪੰਚ ਕਉ ਮਾਰੈ।
ਖਾਲਸਾ ਸੋਇ ਭਰਮ ਕਉ ਸਾੜੈ।
ਖਾਲਸਾ ਸੋਇ ਮਾਨ ਕੇ ਤਿਆਗੈ।
ਖਾਲਸਾ ਸੋਇ ਨਾਮ ਰਤ ਲਾਗੈ।
ਖਾਲਸਾ ਸੋ ਪਰ ਦ੍ਰਿਸ਼ਟ ਤਿਆਗੈ।
ਖਾਲਸਾ ਸੋਇ ਪਰਤ੍ਰਿਆ ਤੇ ਭਾਗੈ।
ਖਾਲਸਾ ਸੋ ਬਾਣੀ ਹਿਤ ਲਾਏ।
ਖਾਲਸਾ ਸੋਇ ਸਾਰ ਮੁਹ ਖਾਏ।
ਖਾਲਸਾ ਸੋਇ ਸ਼ਸਤ੍ਰ ਕੋਉ ਧਾਰੈ।
ਖਾਲਸਾ ਸੋਇ ਦੁਸ਼ਟ ਕਉ ਮਾਰੈ।
ਖਾਲਸਾ ਸੰਤ-ਸਿਪਾਹੀ ਦਾ ਰੂਪ ਹੈ। ਉਸ ਦੇ ਜੀਵਨ ਦਾ ਆਧਾਰ ਪ੍ਰਮਾਤਮਾ ਦਾ ਨਾਮ ਸਿਮਰਨ ਹੈ। ਉਹ
ਦੀਨਾਂ ਦਾ ਦਰਦਵੰਦ ਤੇ ਸਹਾਰਾ ਹੈ। ਆਚਰਣ ਪੱਖੋਂ ਉੱਚਾ ਤੇ ਸੁੱਚਾ ਹੈ। ਦੁਸ਼ਟਾਂ ਦਾ ਦਮਨ ਕਰਨਾ ਉਸ
ਦਾ ਸ਼ੁਭ ਕਾਰਜ ਹੈ ਤੇ ਇਸ ਖਾਤਰ ਉਹ ਸ਼ਸਤ੍ਰ-ਬੱਧ ਹੋਣ ਦੇ ਨਾਲ ਬਚਨ-ਬੱਧ ਵੀ ਹੈ।
ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ
ਜੋ ਸਿਖ ਮੋਂ ਮਿਲਬੋ ਚਹਹਿ, ਖੋਜ ਇਨਹੁ ਮਹਿ ਲੇਹੁ।
(ਰਹਿਤਨਾਮਾ ਪ੍ਰਹਿਲਾਦ ਸਿੰਘ ਦਾ)
‘ਗੁਰੂ ਖਾਲਸਾ’ ਦਾ ਦਰਜਾ ਗੁਰੂ ਕੀ ਪ੍ਰਗਟ ਦੇਹ ਬਰਾਬਰ ਦਰਸਾਇਆ ਤੇ ਸਿੱਖਾਂ ਨੂੰ ਹਿਦਾਇਤ ਕੀਤੀ ਕਿ
ਜੋ ਸਿੱਖ ਗੁਰੂ ਨੂੰ ਮਿਲਣਾ ਚਾਹੇ ਗੁਰੂ ਨੂੰ ਖਾਲਸੇ ਵਿਚੋਂ ਲੱਭ ਲਵੇ। ਭਾਵ ਕਿ ਸਿੱਖ -
ਗੁਰ-ਸਿੱਖ-ਸਿੰਘ-ਖਾਲਸਾ ਇਹ ਸਭ ਉਹ ਪੌੜੀਆਂ ਹਨ ਜੋ ਸਿੱਖ ਨੂੰ ਖਾਲਸਾ ਬਣਨ ਲਈ ਜ਼ਰੂਰੀ ਹਨ। ਜਦ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ‘ਸਿੱਖ’ ਦੀ ਸਹੀ ਸੰਗਿਆ ਦੇਣੀ ਚਾਹੀ ਤਾਂ ਇਹ
ਸੰਗਿਆ ‘ਸਿੰਘ’ ਦੀ ਸੰਗਿਆ ਦੇ ਨਾਲ ਮਿਲਦੀ ਜੁਲਦੀ ਸੀ ਤੇ ‘ਖਾਲਸੇ’ ਦੀ ਸੰਗਿਆ ਦੇ ਵੀ ਬੜੀ ਨੇੜੇ
ਸੀ।
ਸਿੱਖ ਦੀ ਤਾਰੀਫ
ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਾਕ ਦੇਵ ਜੀ ਤੋਂ ਲੈ
ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ
ਬਾਣੀ ਤੇ ਸਿਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸਚਾ ਰਖਦਾ ਅਤੇ ਹੋਰ ਕਿਸੇ ਧਰਮ ਨੂੰ ਨਹੀਂ
ਮੰਨਦਾ, ਉਹ ਸਿੱਖ ਹੈ।
(ਸਿੱਖ ਰਹਿਤ ਮਰਯਾਦਾ, ਪੰਨਾ ੮)
ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਦਸੀ ਗੲੈ ਹੈ, ਸ਼ਖਸੀ ਤੇ ਪੰਥਕ। ਸ਼ਖਸੀ ਰਹਿਣੀ, ਨਾਮ ਬਾਣੀ ਦਾ
ਅਭਿਆਸ, ਗੁਰਮਤਿ ਦੀ ਰਹਿਣੀ ਅਤੇ ਸੇਵਾ ਨਾਲ ਸਬੰਧਤ ਹੈ ਤੇ ਪੰਥਕ ਰਹਿਣੀ ਦੇ ਮੁੱਖ ਤੱਤ ਗੁਰੂ ਪੰਥ,
ਅੰਮ੍ਰਿਤ ਸੰਸਕਾਰ, ਤਨਖਾਹ, ਗੁਰਮਤਾਂ ਤੇ ਸਥਾਨਕ ਅਪੀਲਾਂ ਹਨ।
ਨਾਮ ਬਾਣੀ ਦਾ ਅਭਿਆਸ ਕਰਦੇ ਹੋਏ ਸਿੱਖ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ
ਦਾ ਧਿਆਨ ਕਰਦਿਆਂ ਹੋਇਆ ‘ਵਾਹਿਗੁਰੂ’ ਨਾਮ ਜਪੇ, ਨਿਤਨੇਮ ਦਾ ਪਾਠ ਕਰੇ, ਅਰਦਾਸ ਕਰੇ, ਗੁਰਦੁਆਰੇ
ਜਾਵੇ ਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ ਤੇ ਬਾਣੀ ਦਾ ਅਭਿਆਸ ਕਰੇ ਤੇ
ਗੁਰਬਾਣੀ ਦੀ ਕਥਾ ਕਰੇ, ਸੁਣੇ। ਸਿੱਖ ਦੀ ਆਮ ਰਹਿਣੀ ਕਿਰਤ, ਵਿਰਤ, ਗੁਰਮਤਿ ਅਨੁਸਾਰ ਹੋਵੇ, ਸਿੱਖ
ਪੰਥ ਦਾ ਅੰਗ ਹੋ ਕੇ ਆਪਣਾ ਧਰਮ ਨਿਭਾਵੇ, ਅੰਮ੍ਰਿਤ ਛਕੇ, ਅਕਾਲ ਪੁਰਖ ਨੂੰ ਹੀ ਮੰਨੇ, ਦਸਾਂ ਗੁਰੂ
ਸਾਹਿਬਾਨ ਨੂੰ ਤੇ ਉਨ੍ਹਾਂ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਾ ਮੰਨੇ।
ਗੁਰਮੁਖੀ ਸਿੱਖੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਜਾਂ ਸੁਣੇ, ਪੰਜ ਕਕਾਰ ‘ਕੇਸ
ਕ੍ਰਿਪਾਨ, ਕਛਹਿਰਾ, ਕੰਘਾ, ਕੜਾ’ ਹਰ ਵੇਲੇ ਅੰਗ ਸੰਗ ਰੱਖੇ, ਕੇਸਾਂ ਦੀ ਬੇਅਦਬੀ ਨਾ ਕਰੇ, ਕੁੱਠਾ
ਨਾ ਖਾਵੇ, ਪਰ ਇਸਤ੍ਰੀ ਜਾਂ ਪੁਰਸ਼ ਨੂੰ ਨਾ ਭੋਗੇ ਤੇ ਤਮਾਕੂ ਨਾ ਵਰਤੋ, ਦਸਵੰਧ ਦੇਵੇ। ਸਾਰੇ ਕੰਮ
ਗੁਰਮਤਿ ਅਨੁਸਾਰ ਕਰੇ, ਰਹਿਤ ਦੀ ਕੋਈ ਭੁੱਲ ਹੋਵੇ ਤਾਂ ਸੰਗਤ ਸਨਮੁਖ ਹੋ ਕੇ ਤਨਖਾਹ ਲਗਵਾਵੇ।
ਪੁਰਸ ਅਕਾਲ ਸੁ ਮੂਰਤ ਏਹਾ।
ਪ੍ਰਗਟ ਅਕਾਲ ਖਾਲਸਾ ਦੇਹਾ।
(ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ)
‘ਖਾਲਸਾ ਬਣਨ ਤੋਂ ਪਹਿਲਾਂ ‘ਸਿੰਘ’ ਸਜਣਾ ਜਰੂਰੀ ਹੈ, ਸਿੰਘ ਬਣਨ ਲਈ ‘ਗੁਰਸਿੱਖ’ ਹੋਣਾ ਇਹ ਉਹ
ਸਿੱਖ ਹੀ ਕਰ ਸਕਦਾ ਹੈ ਜੋ ਸੱਚੇ ਗੁਰੂ ਸਾਹਿਬਾਨ ਭਾਵ ਦਸਾਂ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ
ਸਾਹਿਬ ਨੂੰ ਮੰਨੇ।
(ਨੋਟ:- ਇਸ ਲਿਖਤ ਵਿਚੋਂ
ਸਾਨੂੰ ਦਸਮ ਗ੍ਰੰਥ ਦੇ ਹਵਾਲੇ ਕੱਟਣੇ ਪਏ ਹਨ ਕਿਉਂਕਿ ‘ਸਿੱਖ ਮਾਰਗ’ ਵਲੋਂ ਇਹ ਫੈਸਲਾ ਕੀਤਾ ਜਾ
ਚੁੱਕਾ ਹੈ ਕਿ ਦਸਮ ਗ੍ਰੰਥ ਦੀ ਕੋਈ ਵੀ ਲਿਖਤ ਗੁਰੂ ਕਿਰਤ ਨਹੀਂ ਹੈ ਇਸ ਲਈ ਇੱਥੇ ‘ਸਿੱਖ ਮਾਰਗ’ ਤੇ
ਦਸਮ ਗ੍ਰੰਥ ਦੀ ਕਿਸੇ ਵੀ ਲਿਖਤ ਦਾ ਕੋਈ ਵੀ ਹਵਾਲਾ ਗੁਰੂ ਦੀ ਬਾਣੀ ਜਾਣ ਕੇ ਨਹੀਂ ਦਿੱਤਾ ਜਾ ਸਕਦਾ-ਸੰਪਾਦਕ)