ਦਾ ਸਮਾਨਅਰਥੀ ਹੈ। ਇਸ ਤੱਥ ਤੋਂ ਇਉਂ ਲਗਦਾ ਹੈ ਕਿ, ਸ਼ਾਇਦ, ਗੁਰੂ ਨਾਨਕ ਦੇਵ ਜੀ ਨੂੰ ਯੋਰਪੀ
ਭਾਸ਼ਾਵਾਂ ਦਾ ਵੀ ਥੋੜਾ ਬਹੁਤ ਗਿਆਨ ਸੀ!) ਓਇ: ਤੋਤੇ ਆਦਿ ਪੰਛੀ ਜਿਨ੍ਹਾਂ ਦਾ ਅਹਾਰ ਫੁੱਲ
ਫਲ ਆਦਿ ਹੈ। ਪਤ: ਪਤ੍ਰੇ, ਪੱਤੇ। ਮਿਠਤੁ: ਮਿੱਠਾ ਸੁਭਾਉ; ਹਲੀਮੀ,
ਨਮ੍ਰਤਾ ਤੇ ਪਰਉਪਕਾਰਤਾ ਆਦਿ ਮਾਨਵੀ ਗੁਣਾਂ ਦੀ ਮਿਠਾਸ। ਨੀਵੀ: ਵਿਨੀਤ ਜਾਂ ਨਮ੍ਰ ਹੋਣ
ਵਿੱਚ, ਨਿਮਾਣੇ ਨਿਰਹੰਕਾਰ ਮਨੁੱਖਾਂ ਵਿੱਚ। ਤਤੁ: ਨਿਚੋੜ, ਸਾਰ। ਸਭੁ ਕੋ: ਸਭ
ਕੋਈ, ਹਰ ਇੱਕ ਮਨੁੱਖ। ਆਪ ਕਉ: ਆਪਣੇ ਫ਼ਾਇਦੇ ਵਾਸਤੇ, ਸਵਾਰਥ ਵਾਸਤੇ। ਪਰ ਕਉ:
ਪਰਾਇਆਂ ਜਾਂ ਦੂਜਿਆਂ ਦੇ ਭਲੇ ਲਈ। ਗਉਰਾ: (ਗੁਣਾਂ ਨਾਲ) ਭਾਰਾ।
ਹੰਤਾ: ਹਨਨ (ਮਾਰਨ) ਵਾਲਾ, ਸ਼ਿਕਾਰੀ। ਮਿਰਗਾਹਿ: ਮ੍ਰਿਗ, ਹਰਿਨ, ਚੌਪਾਏ ਜਾਨਵਰ ਨੂੰ।
ਰਿਦੈ: ਹਿਰਦਾ, ਮਨ। ਕੁਸੁਧੇ: ਪੁੱਠੇ ਪਾਸੇ, ਪਾਪਾਂ ਵੱਲ।
ਭਾਵ ਅਰਥ:- ਸਿੰਮਲ ਦਾ ਦਰਖ਼ਤ ਸਿੱਧਾ, ਹਰਾ ਭਰਾ, ਬਹੁਤ ਜ਼ਿਆਦਾ ਲੰਬਾ
ਚੌੜਾ, ਉੱਚਾ ਤੇ ਆਕਾਰ ਵਿੱਚ ਵਿਸ਼ਾਲ ਤੇ ਫੈਲਾਓ ਵਾਲਾ ਹੁੰਦਾ ਹੈ।
(ਫੁੱਲਾਂ ਫਲਾਂ ਦਾ ਅਹਾਰ ਕਰਨ ਤੇ ਦਰਖ਼ਤਾਂ ਵਿੱਚ ਆਲਨਾ ਬਣਾ ਕੇ ਬਸੇਰਾ ਕਰਨ
ਵਾਲੇ) ਪੰਛੀ ਅਹਾਰ ਤੇ ਆਲ੍ਹਨੇ ਵਾਸਤੇ ਯੋਗ ਥਾਂ ਦੀ ਭਾਲ ਵਿੱਚ ਸਿੰਮਲ ਦੇ ਦਰਖ਼ਤ ਵੱਲ ਖਿਚੇ ਚਲੇ
ਜਾਂਦੇ ਹਨ। (ਪਰੰਤੂ ਸਿੰਮਲ ਦੀ ਭਰਮਪੂਰਨ ਦਿੱਖ ਤੋਂ) ਨਿਰਾਸ ਹੋਕੇ ਉਨ੍ਹਾਂ ਨੂੰ (ਖਾਜੇ ਅਤੇ
ਬਸੇਰੇ ਦੀ ਭਾਲ ਵਿੱਚ) ਕਿਤੇ ਹੋਰ ਜਾਣਾ ਪੈਂਦਾ ਹੈ।
(ਉਨਹਾਂ ਦੀ ਨਿਰਾਸਾ ਦਾ ਕਾਰਣ ਇਹ ਹੈ ਕਿ ਇਸ ਰੁੱਖ ਦੇ) ਫੁੱਲ ਬੇਸਵਾਦ, ਫਲ
ਨੀਰਸ ਤੇ ਜੀਅ ਨੂੰ ਕੱਚਾ ਕਰਨ ਵਾਲੇ ਹੁੰਦੇ ਹਨ, ਅਤੇ ਇਸ ਦੇ ਪੱਤੇ ਵੀ ਆਲਨਾ ਬਣਾ ਕੇ ਰਹਿਣ ਦੇ
ਕੰਮ ਨਹੀਂ ਆਉਂਦੇ।
ਹੇ ਨਾਨਕ! ਨਮਰਤਾ ਤੇ ਹਲੀਮੀ (ਮਿੱਠਤ) ਜੋ ਕਿ ਸਾਰੇ ਨੈਤਿਕ ਗੁਣਾਂ ਤੇ
ਨੇਕੀਆਂ ਦਾ ਨਿਚੋੜ ਹੈ, ਉਹ ਝੁਕਨ ਵਾਲੇ ਨਿਰਹੰਕਾਰ ਨਿਮਾਣੇ ਨੀਵਿਆਂ ਵਿੱਚ ਹੀ ਹੁੰਦੀ ਹੈ। (ਨੋਟ:-
ਮਿੱਠੇ ਫਲ ਦੇਣ ਵਾਲੇ ਰੁੱਖ ਆਮਤੌਰ ਤੇ ਨੀਂਵੇਂ ਹੀ ਹੁੰਦੇ ਹਨ। ਤਰਬੂਜ਼ ਤੇ ਖ਼ਰਬੂਜ਼ੇ ਆਦਿ ਵੱਡੇ ਤੇ
ਮਿੱਠੇ ਫਲ ਦੇਣ ਵਾਲੀਆਂ ਵੇਲਾਂ ਤਾਂ ਇਤਨੀਆਂ ਨਿਮਾਣੀਆਂ ਹਨ ਕਿ ਧਰਤੀ ਤੋਂ ਉੱਠਦੀਆਂ ਹੀ ਨਹੀਂ!)
(ਇਹ ਵੀ ਇੱਕ ਸੱਚਾਈ ਹੈ ਕਿ ਮਨੁੱਖਾ ਸਮਾਜ ਵਿੱਚ) ਹਰ ਕੋਈ ਆਪਣੇ ਸੁਆਰਥ ਲਈ
ਹੀ ਝੁਕਦਾ ਹੈ; ਪਰਾਇਆਂ ਦੇ ਭਲੇ ਜਾਂ ਪਰਸੁਆਰਥ ਵਾਸਤੇ ਕੋਈ ਨਹੀਂ ਝੁਕਦਾ।
(ਇਹ ਵੀ ਇੱਕ ਅਟਲ ਸੱਚਾਈ ਹੈ ਕਿ ਜਿਵੇਂ) ਤੱਕੜੀ ਦਾ ਓਹੀ ਪੱਲੜਾ ਭਾਰਾ
ਹੁੰਦਾ ਹੈ ਜਿਹੜਾ ਦੂਜੇ ਨਾਲੋਂ ਨੀਵਾਂ ਹੋਵੇ। ਇਸੇ ਤਰ੍ਹਾਂ ਮਨੋਂ ਝੁਕਨ ਵਾਲਾ ਨਿਮਾਣਾ ਪਰ ਗੁਣਵਾਨ
ਮਨੁੱਖ ਹੰਕਾਰੀ ਤੇ ਸਵਾਰਥੀ ਬੰਦੇ ਨਾਲੋਂ ਚੰਗੇਰਾ ਹੁੰਦਾ ਹੈ।
(ਕੇਵਲ ਝੁਕਨਾ ਹੀ ਕਾਫ਼ੀ ਨਹੀਂ ਕਿਉਂਕਿ) ਹਰਿਨ ਆਦਿ ਜੀਵਾਂ ਦਾ ਸ਼ਿਕਾਰ ਕਰਕੇ
ਮਾਰਨ ਵਾਲੇ ਪਾਪੀ ਵੀ ਪੂਰਾ ਝੁਕ ਕੇ ਸ਼ਿਕਾਰ `ਤੇ ਸ਼ਿਸਤ (ਨਿਸ਼ਾਨਾ) ਲਾਉਂਦੇ ਹਨ।
ਸਿਰਫ਼ ਸਿਰ ਝੁਕਾਉਣ ਦਾ ਕੋਈ ਫ਼ਾਇਦਾ ਨਹੀਂ ਜਦ ਮਨ ਦਾ ਝੁਕਾਅ ਪਾਪ ਕਮਾਉਣ
ਵੱਲ ਹੀ ਹੋਵੇ॥ ੧॥
ਗੁਰੂ ਨਾਨਕ ਦੇਵ ਜੀ ਦੇ ਉਕਤ ਸ਼ਬਦ ਦੀ ਵਿਚਾਰ ਤੋਂ ਸਾਨੂੰ ਨਿਮਨ ਲਿਖਤ
ਸਿੱਖਿਆਵਾਂ ਮਿਲਦੀਆਂ ਹਨ:-
ਪਹਿਲੀ, ਗੁਰੂ ਦੇ ਸਿੱਖਾਂ ਨੂੰ ਆਪਣੀ ਦੁਰਲਭ ਮਾਨਵ ਹੋਂਦ ਨੂੰ ਆਪਣੇ
ਸੁਵਾਰਥ ਦੀ ਖ਼ਾਤਿਰ ਗੁਣ-ਹੀਣ ਸਿੰਮਲ ਰੁੱਖ ਵਾਂਙ ਛਲ ਪੂਰਨ ਨਹੀਂ ਬਣਾਉਣਾ ਚਾਹੀਦਾ।
ਦੂਜੀ, ਭੋਲੇ ਪੰਛੀਆਂ ਵਾਂਙ, ਇਨਸਾਨੀ ਜਾਮੇ ਵਿੱਚ ਵਿਚਰਦੇ ਗੁਣ-ਹੀਣ ਸਿੰਬਲ
ਰੁੱਖਾਂ ਮਗਰ ਲੱਗਿ ਆਪਣਾ ਕੀਮਤੀ ਜੀਵਨ ਵਿਅਰਥ ਗਵਾਉਣ ਦੀ ਬਜਾਏ ਸਾਨੂੰ ਗੁਰੂ ਦੇ ਬਖ਼ਸ਼ੇ ਗਿਆਨ ਦੇ
ਭੰਡਾਰੇ ਗੁਰੂ ਗ੍ਰੰਥ ਵਿੱਚੋਂ ਆਪਣੇ ਮਨ ਤੇ ਆਤਮਾ ਦੀ ਖ਼ੁਰਾਕ/ਅਹਾਰ ਦੀ ਭਾਲ ਕਰਨੀ ਚਾਹੀਦੀ ਹੈ।
ਤੀਜੀ ਸਿੱਖਿਆ ਇਹ ਹੈ ਕਿ ਮਿੱਠਤ ਅਥਵਾ ਨਮਰਤਾ ਸਰਵਸ੍ਰੇਸ਼ਟ ਨੈਤਿਕ ਗੁਣ ਹੈ;
ਅਤੇ ਹਲੀਮ ਤੇ ਨਮ੍ਰ ਸੁਭਾਉ ਵਾਲਾ ਪਰਉਪਕਾਰੀ ਮਨੁੱਖ ਅੱਖੜ, ਹੰਕਾਰੀ ਤੇ ਸੁਆਰਥੀ ਮਨੁੱਖ ਨਾਲੋਂ
ਚੰਗੇਰਾ ਹੁੰਦਾ ਹੈ। ਸੋ, ਸਾਨੂੰ ਨਿਰਹੰਕਾਰ ਰਹਿੰਦਿਆਂ ਸੁਆਰਥ ਤਿਆਗ ਕੇ ਨਿਮਾਣੇ ਪਰਸੁਆਰਥੀ ਬਣਨਾ
ਚਾਹੀਦਾ ਹੈ।
ਚੌਥੀ, ਨਿਰਾ ਸਿਰ ਝੁਕਾ ਕੇ ਮਿੱਠਤ ਜਾਂ ਨਮ੍ਰਤਾ ਦਾ ਦਿਖਾਵਾ ਕਰਨ ਦਾ ਕੋਈ
ਫ਼ਾਇਦਾ ਨਹੀਂ ਜੇ ਮਨ ਦਾ ਝੁਕਾਅ ਪਾਪ ਕਰਮ ਕਮਾ ਕੇ ਸੰਸਾਰਕ ਸਵਾਰਥ ਪੂਰਾ ਕਰਨ ਵੱਲ ਹੀ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਨਾਨਕ-ਪੰਥੀਏ ਹੋਣ ਦਾ ਦਾਅਵਾ ਕਰਨ ਵਾਲੇ ਅਸੀਂ
‘ਸਿੱਖਾਂ’ ਨੇ ਪੰਜ ਸੌ ਸਾਲਾਂ ਵਿੱਚ ਇਸ ਸ਼ਬਦ ਵਿੱਚੋਂ ਮਿਲਦੀ ਸਿੱਖਿਆ `ਤੇ ਕਿਤਨਾ ਕੁ ਅਮਲ ਕੀਤਾ
ਹੈ ਜਾਂ ਕਰ ਰਹੇ ਹਾਂ? ਇਸ ਜਾਇਜ਼ ਸਵਾਲ ਦਾ ਸਰਲ ਤੇ ਸਪਸ਼ਟ ਜਵਾਬ ਇਹ ਹੈ ਕਿ ਇਸ ਸ਼ਬਦ ਨੂੰ ਸਮਝਣ ਦਾ
ਅਸੀਂ ਕਦੀ ਯਤਨ ਹੀ ਨਹੀਂ ਕੀਤਾ ਤੇ ਨਾ ਹੀ ਇਸ ਉੱਤੇ ਅਮਲ ਕਰਨ ਦੀ ਕਦੇ ਖੇਚਲ ਹੀ ਕੀਤੀ ਹੈ!
ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਚੇਤਾਵਨੀ ਦੇ ਬਾਵਜੂਦ ਵੀ, ਗੁਰਸਿੱਖੀ
ਦਾ ਪ੍ਰਚਾਰ ਕਰਨ ਦਾ ਢੌਂਗ ਕਰਨ ਵਾਲੇ ਸਿੰਮਲ ਰੁੱਖ ਮਨੁੱਖਾ ਸਮਾਜ ਵਿੱਚ ਮਾਰੂ ਨਦੀਨ ਦੀ ਤਰ੍ਹਾਂ
ਫੈਲ ਚੁੱਕੇ ਹਨ। ਇਹ ਛਲੀਏ ਆਪਣੇ ਭਰਮਪੂਰਨ ਸਿੰਮਲ ਰੁੱਖੀ ‘ਸਰੂਪਾਂ’ ਨਾਲ ਭੋਲੇ ਪੰਛੀਆਂ (ਅਗਿਆਨੀ,
ਅੰਧਵਿਸ਼ਵਾਸੀ ਤੇ ਭਟਕੇ ਹੋਏ ਸ਼੍ਰੱਧਾਲੂਆਂ) ਨੂੰ ਮਗਰ ਲਾਈ ਫਿਰਦੇ ਹਨ। ਇਹ ਛੂਛੇ ਪਾਖੰਡੀ ਸਿੰਮਲ
ਰੁੱਖ ਤੋਂ ਵੀ ਬਦਤਰ ਹਨ, ਕਿਉਂਕਿ ਸਿੰਬਲ ਦੇ ਦਰਖ਼ਤ ਨੂੰ ਤਾਂ ਸਿਰਜਨਹਾਰ ਨੇ ਸਿਰਜਿਆ ਹੀ ਅਜਿਹਾ
ਹੈ; ਪਰੰਤੂ ਮਨੁੱਖੀ ਜਾਮੇ ਵਿੱਚ ਵਿਚਰਦੇ ਸਿੰਬਲ ਰੁੱਖ ਆਪਣੀ ਭਰਮਾਊ ਬਣਾਵਟੀ ਦਿੱਖ ਆਪ ਬਣਾਉਂਦੇ
ਹਨ! ਦੂਜਾ, ਸਿੰਬਲ ਦਾ ਦਰਖ਼ਤ ਤਾਂ ਇੱਕ ਥਾਂ ਖੜਾ ਹੈ; ਅਤੇ ਜੇ ਉਹ ਭੋਲੇ ਪੰਛੀਆਂ ਨੂੰ ਕੁੱਝ ਦਿੰਦਾ
ਨਹੀਂ ਤਾਂ ਉਨ੍ਹਾਂ ਤੋਂ ਲੈਂਦਾ ਵੀ ਕੁਛ ਨਹੀਂ! ਪਰੰਤੂ ਮਨੁੱਖੀ ਜਾਮੇ ਵਿੱਚ ਚਲਦੇ-ਫਿਰਦੇ
ਗੁਰੂ ਨਾਨਕ ਦੇਵ ਜੀ ਦੀ ਅਨਮੋਲ ਸਿੱਖਿਆ ਦੇ ਬਾਵਜੂਦ ਵੀ ਸਾਡੀ ਭੋਲੇ
ਪੰਛੀਆਂ ਦੀ ਮਾਨਸਿਕ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਸਿੰਬਲ ਰੁੱਖਾਂ ਦੀ ਘਾਤਿਕ ਨਦੀਨ ਨੂੰ ਹੋਰ
ਫੈਲਣ ਤੋਂ ਰੋਕਨ ਦੀ ਬਜਾਏ ਅਸੀਂ ਆਪ ਇਸ ਦੇ ਵੱਧਣ ਫੁਲਣ ਵਿੱਚ ਸਹਾਈ ਹੋ ਰਹੇ ਹਾਂ। ਇਹ
ਚਲਦੇ-ਫਿਰਦੇ ਠੱਗ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਆਪਣੀ ਆਮਦ ਦਾ ਢੰਡੋਰਾ ਪਿੱਟਵਾਉਂਦੇ ਹਨ। ਇਨ੍ਹਾਂ
ਦੇ ਜੁੰਡੀਦਾਰ ਇਨ੍ਹਾਂ ਦੇ ਸ਼ਾਹੀ ਸਵਾਗਤ ਦਾ ਅਜਿਹਾ ਪ੍ਰਬੰਧ ਕਰਦੇ ਹਨ ਕਿ ਜਿਸ ਨੂੰ ਦੇਖ ਕੇ ਸਾਡੇ
ਵਰਗੇ ਅਗਿਆਨੀ ਸ਼੍ਰੱਧਾਲੂਆਂ ਨੂੰ ਰੱਬ ਵੀ ਭੁੱਲ ਜਾਂਦਾ ਹੈ! ਅਸੀਂ ਸਿਧਾਏ ਹੋਏ ਪਸ਼ੂਆਂ ਦੀ ਤਰ੍ਹਾਂ
ਹੇੜ੍ਹਾਂ ਬਣਾ ਬਣਾ ਕੇ ਇਨ੍ਹਾਂ ਸਿੰਬਲ ਰੁੱਖਾਂ ਦੇ ‘ਦਰਸ਼ਨ’ ਕਰਨ ਜਾ ਪਹੁੰਚਦੇ ਹਾਂ ਤੇ ਆਪਣੀ
ਕਿਰਤ-ਕਮਾਈ ਤੇ ਸਮਾਂ ਬਰਬਾਦ ਕਰਕੇ ਛਿੱਥੇ ਹੋ ਮੂੰਹ ਲਟਕਾਈ ਪਰਤ ਆਉਂਦੇ ਹਾਂ। ਆਪਣਾ ਛਿੱਥਾਪਣ ਤੇ
ਸ਼ਰਮਿੰਦਗੀ ਛੁਪਾਉਣ ਵਾਸਤੇ ਹਰ ਇੱਕ ਕਹਿੰਦਾ ਸੁਣੀਂਦਾ ਹੈ, “ਵਾਹ ਬਈ ਵਾਹ! ਅਨੰਦ ਆ ਗਿਆ!” ਓਧਰ
ਸਿੰਬਲ ਰੁੱਖ ਦੇ ਬੇ-ਗ਼ੈਰਤ ਚਮਚੇ ਮੀਡੀਏ ਵਿੱਚ ਮੋਟੀਆਂ ਮੋਟੀਆਂ ਸੁਰਖ਼ੀਆਂ ਵਾਲੀਆਂ ਸਚਿਤ੍ਰ ਖ਼ਬਰਾਂ
ਦੇ ਕੇ ਉਸ ਦੀ ਹੋਰ ਝੂਠੀ ਮਸ਼ਹੂਰੀ ਕਰਦਿਆਂ ਕਹਿੰਦੇ ਹਨ ਕਿ ਫ਼ਲਾਂ ਫ਼ਲਾਂ ‘ਜਗਤ-ਪ੍ਰਸਿੱਧ ਪੰਥ-ਸੇਵਕ
ਮਹਾਂਪੁਰਖ’ ਨੇ ਗਿਆਨ ਦੀ ਵਰਖਾ ਕਰਕੇ ਸਥਾਨਕ ਸੰਗਤਾਂ ਨੂੰ ‘ਨਿਹਾਲ’ ਕੀਤਾ ਤੇ ਜੁੜੀ ਸੰਗਤ ਨੇ ਉਸ
ਮਹਾਨ ਹਸਤੀ ਨੂੰ ਸਿਰੋਪੇ, ਮਾਇਆ ਤੇ ਸੋਨੇ ਦੇ ਤਮਗੇ ਆਦਿ ਭੇਟ ਕਰਕੇ ਸਨਮਾਨਿਤ ਕੀਤਾ! ਇਸ ਖ਼ਬਰ ਦੇ
ਪ੍ਰਸਾਰਨ ਵਿੱਚ ਇੱਕ ਛਲਪੂਰਨ ਇਸ਼ਾਰਾ ਹੈ, ਜਿਸ ਦਾ ਗੁੱਝਾ ਮਤਲਬ ਇਹ ਹੈ ਕਿ ਜੇ ਕੋਈ ਸਜਨ ਜਾਂ
ਸੰਸਥਾ ਉਸ ਸਿੰਮਲ ਰੁੱਖ ਨੂੰ ‘ਸੰਗਤਾਂ ਨੂੰ ਨਿਹਾਲ’ ਕਰਨ ਲਈ ਬੁਲਾਏ, ਤਾਂ ਉਹ ਉਸ ‘ਮਹਾਂਪੁਰਖ’
ਵਾਸਤੇ ਮਾਇਆ ਦੇ ਗੱਫੇ ਤੇ ਸੋਨੇ ਦਾ ਤਮਗ਼ਾ ਜਾਂ ਸੋਨੇ ਦਾ ਸਿੱਕਾ ‘ਭੇਟਾ’ ਵਾਸਤੇ ਤਿਆਰ ਰੱਖੇ!
ਪਾਠਕ ਸੱਜਨੋਂ! ਜੇ ਅਸੀਂ ਗੁਰੁ-ਗਿਆਨ ਦੀ ਰੌਸ਼ਨੀ ਵਿੱਚ ਇਨ੍ਹਾਂ ਦੰਭੀ
ਸਿੰਬਲ ਰੁੱਖਾਂ ਨੂੰ ਵਕਤ ਸਿਰ ਪਛਾਣਿਆ ਹੁੰਦਾ ਤਾਂ ਅੱਜ ਇਹ ਫਫੇਕੁੱਟ ਠੱਗ ਸਾਨੂੰ ਬੁੱਧੂ ਬਣਾ ਕੇ
ਠੱਗਦੇ ਨਾ ਹੁੰਦੇ!
ਉਪਰੋਕਤ ਤੱਥਾਂ ਤੋਂ ਸਪਸ਼ਟ ਹੈ ਕਿ ਮਾਨਵ ਹੋਂਦ ਵਿੱਚ ਵਿਚਰਦੇ ਸਿੰਮਲ ਰੁੱਖ
ਚੰਟ ਸ਼ਿਕਾਰੀ ਹਨ, ਜੋ ਰੱਬ ਦੇ ਭੋਲੇ ਬੰਦਿਆਂ ਨੂੰ ਆਪਣੇ ਵਿਛਾਏ ਭਰਮ-ਜਾਲ ਵਿੱਚ ਫਸਾ ਕੇ ਉਨ੍ਹਾਂ
ਦਾ ਸ਼ਿਕਾਰ ਕਰਨ ਦਾ ਪਾਪ ਕਮਾਉਂਦੇ ਫਿਰਦੇ ਹਨ! ਅਤੇ ਗੁਰੂਆਂ ਦੀ ਚੇਤਾਵਨੀ ਦੇ ਬਾਵਜੂਦ ਵੀ ਅਸੀਂ ਆਪ
ਇਨ੍ਹਾਂ ਫ਼ਰੇਬੀਆਂ ਦੇ ਵਿਛਾਏ ਭਰਮ-ਜਾਲ ਵਿੱਚ ਜਾ ਫਸਦੇ ਹਾਂ। ਇਹੋ ਜਿਹੀ ਨਿਰਾਸ਼ਾਜਨਕ ਸਥਿਤੀ `ਚ
ਤਾਂ ਇਹੋ ਕਹਿਣਾ ਬਣਦਾ ਹੈ ਕਿ,